Site icon Unlock the treasure of Punjabi Language, Culture & History with Punjabi Library – where every page tells a story.

ਮੂਹਰਲਾ ਬਲਦ-ਅਮਨ ਪਾਲ ਸਾਰਾ

-ਕਹਾਣੀ-
ਮੂਹਰਲਾ ਬਲਦ
-ਅਮਨ ਪਾਲ ਸਾਰਾ (ਬਰਨਬੀ, ਬੀ.ਸੀ., ਕੈਨੇਡਾ)

“ਖਿੱਚ, ਖਿੱਚ … ਸ਼ੇਰਾ” ਵਿਸਕੀ ਦੇ ਪੈੱਗ ਵਿੱਚ ਪਾਣੀ ਪਾ ਕੇ ਰਣਜੀਤ ਦੇ ਹੱਥ ਵਿੱਚ ਗਲਾਸ ਫੜਾਉਂਦਿਆਂ ਸੁਖਦੇਵ ਨੇ ਕਿਹਾ ਤੇ ਪੋਲੇ ਜਿਹੇ ਹੱਥ ਨਾਲ ਰਣਜੀਤ ਦੀ ਪਿੱਠ ਥਾਪੜੀ। ਪਤਾ ਨਹੀਂ ਕਿਉਂ ਰਣਜੀਤ ਨੂੰ ਉਸਦਾ ਅਜਿਹਾ ਕਰਨਾ ਜ਼ਰਾ ਨਹੀਂ ਭਾਇਆ। ਪੌਣੇ ਕੁ ਘੰਟੇ ਵਿੱਚ ਉਹ ਦੋ ਦੋ ਭਾਰੇ ਜਿਹੇ ਪੈੱਗ ਲਗਾ ਕੇ ਕੱਚੇ ਭੁੰਨੇ ਜਿਹੇ ਹੋ ਚੁੱਕੇ ਸਨ। ਕੋਈ ਹੋਰ ਮੌਕਾ ਹੁੰਦਾ ਤਾਂ ਰਣਜੀਤ ਸੁਖਦੇਵ ਦੇ ਅਜਿਹੀ ਅਪਣੱਤ ਦਿਖਾਉਣ ਦੇ ਬਦਲੇ ਉਸਦਾ ਮਾਣ ਰੱਖਦਾ: “ਲੈ ਇਹ ਕਿਹੜੀ ਚਿੱਥਣੀ ਆ,” ਕਹਿ ਕੇ ਦੋ ਘੁੱਟਾਂ ਵਿੱਚ ਗਲਾਸ ਖਾਲੀ ਕਰ ਕੌਫ਼ੀ ਟੇਬਲ ਉਪਰ ਰੱਖਦਾ ਕਹਿੰਦਾ, “ਤੂੰ ਕਹਿ ਦਿੱਤੀ ਆਪਾਂ ਪੁਗਾ ਦਿੱਤੀ।” ਅਤੇ ਸੁਖਦੇਵ ਉਸਦੀ ਗੱਲ ਸੁਣ ਕੇ ਕਹਿ ਉੱਠਦਾ, “ਇਹ ਹੋਈ ਨਾ ਗੱਲ … ਯਾਰੀ ਆ … ਕੋਈ ਛੋਲਿਆਂ ਦਾ ਵੱਢ ਨਹੀਂ।”

ਪਰ ਅੱਜ ਰਣਜੀਤ ਨੂੰ ਉਸਦਾ ਇਉਂ ਕਰਨਾ ਠੀਕ ਜਿਹਾ ਨਹੀਂ ਲੱਗਾ। ਉਹ ਤਾਂ ਸੁਖਦੇਵ ਕੋਲ ਆਪਣਾ ਦੁੱਖ ਹਲਕਾ ਕਰਨ ਲਈ ਆਇਆ ਸੀ ਤੇ ਪੌਣਾ ਘੰਟਾ ਲਾ ਕੇ ਵੀ ਆਪਣੇ ਦਿਲ ਦਾ ਗੁਬਾਰ ਪੂਰੀ ਤਰ੍ਹਾਂ ਕੱਢ ਨਹੀਂ ਸੀ ਸਕਿਆ। ਸੁਖਦੇਵ ਨੇ ਵੀ ਉਸਨੂੰ ਕੋਈ ਹੋਰ ਸਵਾਲ ਪੁੱਛਣ ਜਾਂ ਕੋਈ ਧਰਵਾਸ ਦੇਣ ਦੀ ਬਜਾਇ ਪੈੱਗ ਉਹਦੇ ਮੋਹਰੇ ਲਿਆ ਧਰਿਆ ਸੀ। ਰਣਜੀਤ ਨੇ ਵੀ ਪੂਰਾ ਪੈੱਗ ਅੰਦਰ ਸਿੱਟਣ ਦੀ ਬਜਾਇ ਇੱਕ ਘੁੱਟ ਭਰ ਕੇ ਗਲਾਸ ਕੌਫ਼ੀ ਟੇਬਲ ਉੱਪਰ ਰੱਖ ਦਿੱਤਾ ਤੇ ਸੁਖਦੇਵ ਦੇ ਕੁੱਝ ਕਹਿਣ ਦੀ ਉਡੀਕ ਕਰਨ ਲੱਗਾ ਸੀ।

“ਖਿੱਚ ਖਿੱਚ … ਸ਼ੇਰਾ,” ਸੁਣ ਕੇ ਰਣਜੀਤ ਦੀ ਸੁਰਤੀ ਕੋਈ ਪੰਦਰਾਂ ਕੁ ਸਾਲ ਪਿੱਛੇ ਜਾ ਜੁੜੀ। ਉਦੋਂ ਉਹ ਪਿੰਡ ਹੀ ਹੁੰਦਾ ਸੀ ਤੇ ਉਸਦੇ ਕਾਲਜ ਪੜ੍ਹਨ ਲੱਗਣ ਤੋਂ ਕੋਈ ਸਾਲ ਕੁ ਪਹਿਲਾਂ ਦੀ ਗੱਲ ਜਦੋਂ ਉਨ੍ਹਾਂ ਨੇ ਅਜੇ ਟ੍ਰੈਕਟਰ ਨਹੀਂ ਲਿਆ ਸੀ। ਸਵਰਨੇ ਕੱਛੂਖੋਰੇ ਦੀ ਰ੍ਹੇੜੀ ਉੱਪਰ ਉਹ ਆਪਣੇ ਦਾਣੇ ਮੰਡੀ ਵੇਚਣ ਵਾਸਤੇ ਭੇਜਦੇ ਹੁੰਦੇ ਸਨ। ਦਾਣਿਆਂ ਨਾਲ ਤੂੜ ਕੇ ਭਰੀਆਂ ਤੀਹ ਬੱਤੀ ਬੋਰੀਆਂ ਦੀ ਲੱਦ ਸਵਰਨੇ ਦੀ ਰ੍ਹੇੜੀ ਨੂੰ ਮਾਅਰ ਅੱਧ ਅਸਮਾਨ ਤੱਕ ਲੱਦ ਦਿੰਦੀ।

ਇੱਕ ਵਾਰੀ ਰਣਜੀਤ ਵੀ ਆਪਣੇ ਦਾਣਿਆਂ ਦੇ ਨਾਲ ਸਵਰਨੇ ਦੀ ਰ੍ਹੇੜੀ ਉੱਪਰ ਮੰਡੀ ਨੂੰ ਗਿਆ ਸੀ। ਪਿੰਡ ਤੋਂ ਸ਼ਹਿਰ ਤੱਕ ਗਿਆਰਾਂ ਬਾਰਾਂ ਮੀਲ ਦਾ ਫ਼ਾਸਲਾ ਪਸੂ ਰਾਤੋ ਰਾਤ ਮੁਕਾ ਲੈਂਦੇ ਸਨ। ਰਣਜੀਤ ਲੱਦੇ ਹੋਏ ਗੱਡੇ ਦੇ ਸਿਖਰ ਬੋਰੀਆਂ ਦੇ ਵਿਚਕਾਰ ਲੰਮਾ ਪਿਆ ਤਾਰਿਆਂ ਭਰੇ ਆਕਾਸ਼ ਨੂੰ ਨਿਹਾਰਦਾ ਰ੍ਹੇੜੀ ਦੇ ਮਜ਼ੇਦਾਰ ਝੂਟਿਆਂ ਨਾਲ ਸੌਂ ਗਿਆ। ਰ੍ਹੇੜੀ ਦੇ ਹੇਠਾਂ ਦੋਹਾਂ ਪਹੀਆਂ ਦੇ ਵਿਚਕਾਰ ਧੁਰੇ ਨਾਲ ਇੱਕ ਜਗਦੀ ਹੋਈ ਲਾਲਟੈਣ ਟੰਗੀ ਹੋਈ ਸੀ ਜਿਸ ਨਾਲ ਰਾਤ ਨੂੰ ਸੜਕ ਉੱਪਰ ਹੋਰ ਇੱਕਾ ਦੁੱਕਾ, ਖਾਸਕਰ ਪਿੱਛੋਂ ਆਉਣ ਵਾਲੀਆਂ ਗੱਡੀਆਂ ਨੂੰ ਰਾਤ ਦੇ ਨ੍ਹੇਰੇ ਵਿੱਚ ਜਾਂਦਾ ਗੱਡਾ ਦਿਸ ਪੈਂਦਾ ਤੇ ਉਹ ਗੱਡੀ ਨੂੰ ਸੜਕ ਤੋਂ ਕੱਚੇ ਲਾਹ ਕੇ ਗੱਡੇ ਨੂੰ ਪਾਸ ਕਰ ਲੰਘ ਜਾਂਦੇ ਅਤੇ ਪਸੂ ਆਰਾਮ ਨਾਲ ਪੱਕੀ ਸੜਕੇ ਤੁਰਦੇ ਜਾਂਦੇ।

ਸ਼ਾਮੀ ਰ੍ਹੇੜੀ ਜੋੜਨ ਵੇਲੇ ਦੋਨੋਂ ਪਾਸੇ ਦੋਂਹ ਝੋਟਿਆਂ ਤੋਂ ਇਲਾਵਾ ਮੂਹਰੇ ਇੱਕ ਤੀਸਰਾ ਬਲਦ ਜੋੜਦੇ ਦੇਖ ਰਣਜੀਤ ਨੇ ਸਵਰਨੇ ਨੂੰ ਪੁੱਛ ਲਿਆ ਕਿ ਇਹ ਗੱਡੇ ਦੇ ਮੂਹਰੇ ਇਹ ਤੀਸਰਾ ਪਸੂ ਕਿਉਂ ਜੋੜਿਆ ਹੈ?

“ਸੌ ਮਣ ਪੱਕੇ ਦੇ ਲਾਗੇ ਭਾਰ ਲੈ ਕੇ ਇਕੱਲੇ ਝੋਟੇ ਤਾਂ ਕੱਲ੍ਹ ਲੌਢੇ ਵੇਲੇ ਤੱਕ ਮਸੀਂ ਮੰਡੀ ਪਹੁੰਚਣਗੇ। ਮੇਰੇ ਏਸ ਬੱਗੇ ਸ਼ੇਰ ਨੇ ਨਾਲੇ ਤਾਂ ਆਪ ਪੈਰ ਤੇਜ਼ ਪੱਟੀ ਜਾਣਾ ਤੇ ਨਾਲੇ ਝੋਟਿਆਂ ਨੂੰ ਤੇਜ਼ ਤੋਰ ਰੱਖਣਾ … ਤੇ ਤੜਕਾ ਹੁੰਦੇ ਤੱਕ ਸ਼ਹਿਰ ਦੀ ਚੁੰਗੀ ਦੇ ਨੇੜੇ ਤੇੜੇ ਪਹੁੰਚ ਜਾਣਾ,” ਬਲਦ ਉੱਪਰ ਜੋਤ ਪਾ ਕੇ ਝੋਟਿਆ ਤੋਂ ਅਗਾਂਹ ਬੱਗੇ ਨੂੰ ਰ੍ਹੇੜੀ ਨਾਲ ਜੋੜਦਾ ਸਵਰਨਾ ਬੋਲਿਆ।

ਅੱਧੀ ਕੁ ਵਾਟ ਮੁੱਕਣ ਤੇ ਰਣਜੀਤ ਦੀ ਜਾਗ ਖੁੱਲ੍ਹੀ। ਰਾਹ ਵਿੱਚ ਜੱਟਪੁਰ ਦੇ ਭੱਠੇ ਲਾਗੇ ਥੋੜ੍ਹੀ ਜਿਹੀ ਚੜ੍ਹਾਈ ਪੈਂਦੀ ਸੀ।ਪਿਛਲੇ ਪਾਸਿਉਂ ਇੱਕ ਬੁਰੀ ਤਰ੍ਹਾਂ ਤੂੜੀ ਨਾਲ ਲੱਦਿਆ ਹੋਇਆ ਟਰੱਕ ਆਇਆ। ਫੁੱਲਵੀਂ ਲੱਦ ਹੋਣ ਕਾਰਨ ਉਸਨੇ ਟਰੱਕ ਗੱਡੇ ਨੂੰ ਪਾਸ ਕਰਨ ਲਈ ਸੜਕ ਤੋਂ ਥੱਲੇ ਨਾ ਲਾਹਿਆ ਬਲਕਿ ਲੰਬੇ ਲੰਬੇ ਹਾਰਨ ਮਾਰ ਕੇ ਗੱਡੇ ਨੂੰ ਸੜਕ ਤੋਂ ਉਤਾਰ ਦਿੱਤਾ। ਟਰੱਕ ਲੰਘ ਜਾਣ ਤੋਂ ਬਾਅਦ ਗੱਡਾ ਮੁੜ ਸੜਕ ਤੇ ਨਾ ਚੜ੍ਹ ਸਕਿਆ ਤੇ ਸੜਕ ਤੋਂ ਥੱਲੇ ਜ਼ਰਾ ਰੇਤਲੇ ਰਾਹ ਵਿੱਚ ਅੜਨ ਲੱਗਾ। ਸਵਰਨਾ ਜ਼ਰਾ ਉੱਚੀ ਉੱਚੀ “ਤਾਂਹਾਂ, ਤਾਂਹਾਂ” ਕਹਿੰਦਾ ਹੋਇਆ ਝੋਟਿਆਂ ਦੇ ਪਰੈਣਾਂ ਮਾਰ ਰਿਹਾ ਸੀ। ਕਦੇ ਕਦੇ ਉਹ ਪਰੈਣ ਦੇ ਮੋਹਰੇ ਲੱਗੀ ਹੋਈ ਆਰ ਪੋਲੀ ਜਿਹੀ ਬੱਗੇ ਦੇ ਵੀ ਲਗਾ ਦਿੰਦਾ, ਪਰ ਕੰਮ ਬਣਦਾ ਨਹੀਂ ਸੀ ਜਾਪ ਰਿਹਾ। ਦਿਨ ਭਰ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਰਾਤ ਨੂੰ ਥੱਕ ਗਏ ਜਾਪਦੇ ਸਨ। ਸਵਰਨਾ ਛਾਲ ਮਾਰ ਕੇ ਰ੍ਹੇੜੀ ਤੋਂ ਉੱਤਰ ਆਇਆ ਤੇ ਬੱਗੇ ਦੇ ਰੱਸੇ ਨੂੰ ਹੱਥ ਪਾਕੇ ਰ੍ਹੇੜੀ ਨੂੰ ਪੂਰੇ ਜ਼ੋਰ ਨਾਲ ਅਗਾਂਹ ਵੱਲ ਖਿੱਚਣ ਲੱਗਾ ਐਨੇ ਨੂੰ ਰਣਜੀਤ ਵੀ ਉੱਠ ਕੇ ਰ੍ਹੇੜੀ ਤੋਂ ਥੱਲੇ ਆ ਗਿਆ। ਗੱਡਾ ਚੜ੍ਹਾਈ ਦੇ ਐਨ੍ਹ ਸਿਰੇ ’ਤੇ ਪਹੁੰਚ ਰੁਕ ਗਿਆ। ਜ਼ੋਰ ਨਾਲ ਰੱਸਾ ਅਗਾਂਹ ਵੱਲ ਖਿੱਚ ਰਹੇ ਸਵਰਨੇ ਨੇ ਰਣਜੀਤ ਨੂੰ ਲਾਗਿਉਂ ਇੱਟ ਚੁੱਕ ਕੇ ਰੇੜ੍ਹੀ ਦੇ ਪਹੀਏ ਦੇ ਪਿਛਲੇ ਪਾਸੇ ਰੱਖਣ ਨੂੰ ਕਿਹਾ। ਰਣਜੀਤ ਨੇ ਦਵਾ ਦਵ ਲਾਗਿਉਂ ਦੋ ਇੱਟਾਂ ਚੁੱਕ ਕੇ ਪਹੀਆਂ ਦੇ ਪਿਛਲੇ ਪਾਸੇ ਧਰ ਰੋਕ ਲਾ ਦਿੱਤੀ।

“ਹੁਣ ਕੀ ਹੋਊ ਚਾਚਾ?” ਆਲੇ ਦਵਾਲੇ ਨ੍ਹੇਰ ਘੁੱਪ ਦੇਖ ਰਣਜੀਤ ਨੇ ਜ਼ਰਾ ਚਿੰਤਤ ਹੁੰਦਿਆਂ ਪੁੱਛਿਆ।

“ਕੋਈ ਨੀ ਪੁੱਤਰਾ ਇਹ ਮੇਰਾ ਬੱਗਾ ਸ਼ੇਰ ਨੀ ਮੇਰੀ ਕਦੇ ਪਿੱਠ ਲੱਗਣ ਦਿੰਦਾ,” ਕਹਿਕੇ ਸਵਰਨਾ ਗੱਡੇ ਉੱਪਰ ਚੜ੍ਹ ਗਿਆ ਤੇ ਲੱਦ ਦੇ ਪਿਛਲੇ ਪਾਸਿਉਂ ਦੋ ਬੋਰੀਆਂ ਉਸ ਨੇ ਔਖਾ ਸੌਖਾ ਹੋ ਕੇ ਮੂਹਰਲੇ ਪਾਸੇ ਲੈ ਆਂਦੀਆਂ। ਸ਼ਾਇਦ ਰਣਜੀਤ ਤੇ ਸਵਰਨਾ ਦੋਨਾਂ ਦੇ ਉੱਤਰ ਜਾਣ ਕਾਰਨ ਗੱਡਾ ਕੁੱਝ ਉਲਾਰ ਹੋ ਗਿਆ ਸੀ ਤੇ ਇਸ ਲਈ ਪਸੂਆਂ ਦਾ ਜ਼ੋਰ ਪੂਰਾ ਨਹੀਂ ਸੀ ਪੈ ਰਿਹਾ ਗੱਡੇ ਨੂੰ ਅਗਾਂਹ ਵੱਲ ਖਿੱਚਣ ਲਈ। ਅੱਠ ਦਸ ਮਿੰਟ ਵਿੱਚ ਪਸੂਆਂ ਨੇ ਜ਼ਰਾ ਸਾਹ ਵੀ ਲੈ ਲਿਆ ਤੇ ਸਵਰਨੇ ਨੇ ਵੀ ਕੁੱਝ ਹੱਥ ਵਿੱਚ ਰਗੜ ਕੇ ਹੇਠਲੇ ਬੁੱਲ੍ਹ ਦੇ ਅੰਦਰਲੇ ਪਾਸੇ ਰੱਖ ਲਿਆ। ਦੋ ਕੁ ਵਾਰੀ ਗਲਾ ਘਰੋੜ ਕੇ ਸਵਰਨਾ ਥੁੱਕਿਆ ਤੇ ਫਿਰ ਕੁੜਤੀ ਦੇ ਖੀਸੇ ਵਿੱਚੋਂ ਇੱਕ ਗੁੜ ਦੀ ਪੇਸੀ ਕੱਢ ਕੇ ਬੱਗੇ ਨੂੰ ਚਟਾ ਦਿੱਤੀ ਤੇ ਰਣਜੀਤ ਨੂੰ ਵੀ ਪਿੱਛੋਂ ਅਗਾਂਹ ਵੱਲ ਧੱਕਾ ਲਾਉਣ ਅਤੇ ਲੋੜ ਪੈਣ ਤੇ ਫਿਰ ਇੱਟਾਂ ਰ੍ਹੇੜੀ ਦੇ ਪਹੀਆਂ ਪਿੱਛੇ ਦੇਣ ਦੀ ਤਾਕੀਦ ਕਰਦਾ ਹੋਇਆ ਸਵਰਨਾ ਇੱਕ ਵਾਰੀ ਫਿਰ ਗਲਾ ਘਰੋੜ ਕੇ ਥੁੱਕਿਆ ਤੇ ਫਿਰ ਬੱਗੇ ਦੇ ਰੱਸੇ ਨੂੰ ਹੱਥ ਵਿੱਚ ਫੜ ਕੇ ਜ਼ੋਰ ਨਾਲ ਖਿੱਚ ਕੇ ਲਲਕਾਰਿਆ: “ਉਏ ਚੱਲ ਸ਼ਾਵਾ ਮੇਰੇ ਬੱਗੇ ਸ਼ੇਰ ਦੇ … ਸ਼ਾਵਾ ਸ਼ਾਵਾ … ਖਿੱਚ ਸ਼ੇਰਾ ਖਿੱਚ,” ਤੇ ਪਲਾਂ ਵਿੱਚ ਹੀ ਗੱਡਾ ਮੁੜ ਪੱਧਰੀ ਸੜਕ ਤੇ ਆ ਗਿਆ। ਦੋਵੇਂ ਜਣੇ ਫਿਰ ਗੱਡੇ ਉੱਪਰ ਚੜ੍ਹ ਕੇ ਬੋਰੀਆਂ ਦੇ ਵਿਚਕਾਰ ਘੁਰਨੇ ਜਿਹੇ ਬਣਾ ਚਾਦਰਾਂ ਤਾਣ ਨੀਂਦ ਦੀ ਗੋਦੀ ਉੱਤਰ ਗਏ।

ਸਵੇਰ ਸਾਰ ਮੰਡੀ ਵਿੱਚ ਦਾਣੇ ਲਾਹ ਕੇ ਤੇ ਰਣਜੀਤ ਨੂੰ ਦਾਣਿਆਂ ਦੀ ਰਾਖੀ ਛੱਡ ਖੁਦ ਸਵਰਨਾ ਲਾਗਲੇ ਪਿੰਡ ਦੇ ਕਿਸੇ ਵਿਉਪਾਰੀ ਦਾ ਸਮਾਨ ਲੱਦ ਉਹਨੀ ਪੈਰੀਂ ਪਰਤ ਗਿਆ। ਦਾਣਿਆਂ ਦੀ ਬੋਲੀ ਦੁਪਹਿਰੋਂ ਬਾਅਦ ਹੋਣੀ ਸੀ। ਦੁਪਹਿਰ ਤੱਕ ਰਣਜੀਤ ਦਾ ਬਾਪੂ ਵੀ ਪਿੰਡੋਂ ਆ ਗਿਆ। ਬੋਲੀ ਤੋਂ ਬਾਅਦ ਦਾਣੇ ਤੁਲਾਉਂਦਿਆਂ ਤੇ ਪੈਸੇ ਮਿਲਦਿਆਂ ਸ਼ਾਮ ਹੋ ਗਈ ਤੇ ਦੋਵੇਂ ਪਿਉ ਪੁੱਤਰ ਸ਼ਹਿਰੋਂ ਥੋੜ੍ਹੀ ਬਹੁਤ ਖ੍ਰ੍ਰੀਦਦਾਰੀ ਕਰ ਤੇ ਬੱਸ ਬੈਠ ਪਿੰਡ ਨੂੰ ਆ ਗਏ। ਬੱਸੋਂ ਉੱਤਰ ਘਰ ਜਾਂਦਿਆਂ ਰਾਹ ਵਿੱਚ ਟੋਭੇ ਦੇ ਕੰਢੇ ਸਵਰਨੇ ਦਾ ਵਾੜਾ ਸੀ। ਤੁਰੇ ਆਉਂਦਿਆਂ ਰਣਜੀਤ ਨੇ ਦੇਖਿਆ ਕਿ ਸਵਰਨੇ ਦੇ ਦੋਵੇਂ ਝੋਟੇ ਬੈਠੇ ਆਰਾਮ ਨਾਲ ਜੁਗਾਲੀ ਪਏ ਹੋਏ ਸਨ ਤੇ ਬੱਗਾ ਇਕੱਲਾ ਪੱਠੇ ਕੁਤਰਨ ਵਾਲੀ ਮਸ਼ੀਨ ਦੀ ਲੱਠ ਘੁਮਾਉਣ ਲਈ ਜੁਟਿਆ ਹੋਇਆ ਸੀ। ਸਵਰਨਾ ਖੁਦ ਰੁੱਗਾਂ ਦੇ ਰੁੱਗ ਭਰ ਭਰ ਕੇ ਗਾਅਲ਼ੇ ਲਗਾ ਰਿਹਾ ਸੀ। ਨਾਲੇ ਤਾਂ ਇੱਕ ਮੋਟਾ ਰੁੱਗ ਗਾਅਲ਼ੇ ਦਾ ਉਹ ਮਸ਼ੀਨ ਵਿੱਚ ਤੁੰਨ ਦਿੰਦਾ ਤੇ ਨਾਲੇ ਕਹਿ ਉੱਠਦਾ, “ਸ਼ਾਵਾ ਬੱਗੇ ਸ਼ੇਰ ਦੇ … ਖਿੱਚ ਸ਼ੇਰਾ ਖਿੱਚ,” ਤੇ ਉਹਦੀ ਆਵਾਜ਼ ਸੁਣਦਿਆਂ ਹੀ ਬੱਗਾ ਮੁੜ ਤੇਜ਼ ਹੋ ਜਾਂਦਾ। ਪਤਾ ਨਹੀਂ ਕਿਉਂ ਇਹ ਦੇਖ ਰਣਜੀਤ ਨੂੰ ਸਵਰਨੇ ਉੱਪਰ ਗੁੱਸਾ ਆ ਗਿਆ।

ਬਿਲਕੁਲ ਉਸੇ ਤਰ੍ਹਾਂ ਦਾ ਗੁੱਸਾ ਅੱਜ ਰਣਜੀਤ ਨੂੰ ਸੁਖਦੇਵ ਉੱਪਰ ਆ ਰਿਹਾ ਸੀ ਜਿਸ ਨੇ ਉਹਦੇ ਮਨ ਵਿੱਚ ਜਮ੍ਹਾਂ ਹੋਈਆਂ ਅੱਧੀਆਂ ਕੁ ਗੱਲਾਂ ਮਸੀਂ ਅੱਧ ਪਚੱਦੇ ਧਿਆਨ ਨਾਲ ਸੁਣੀਆਂ ਸਨ ਤੇ ਬਿਨਾਂ ਕੁੱਝ ਕਹੇ ਸੁਣੇ ਜਾਂ ਕੋਈ ਹਮਦਰਦੀ ਜਤਾਇਆਂ ਠਾਹ ਕਰਦੀ ਸਕਾਚ ਦੀ ਬੋਤਲ ਕੌਫ਼ੀ ਟੇਬਲ ਉੱਪਰ ਟਿਕਾ ਦਿੱਤੀ ਅਤੇ ਅਗਲੇ ਗੇੜੇ ਪਾਣੀ ਦਾ ਜੱਗ, ਬਰਫ਼ ਦੇ ਡਲਿਆਂ ਦੀ ਕੌਲੀ ਅਤੇ ਲੂਣ ਵਾਲੇ ਚਿੱਪਸ ਪਲੇਟ ਵਿੱਚ ਪਾ ਕੌਫ਼ੀ ਟੇਬਲ ਉੱਪਰ ਧਰ ਦਿੱਤੇ ਤੇ ਬਿਨਾਂ ਕੁਝ ਕਹੇ ਗਲਾਸਾਂ ਵਿੱਚ ਸਕਾਚ, ਬਰਫ਼ ਅਤੇ ਪਾਣੀ ਪਾ ਕੇ ਪੈੱਗ ਤਿਆਰ ਕਰ ਦਿੱਤੇ। ਕੋਈ ਹੋਰ ਮੌਕਾ ਹੁੰਦਾ ਤਾਂ ਅਕਸਰ ਰਣਜੀਤ ਕਿਸੇ ਦੇ ਘਰ ਦਾਰੂ ਪੀਣੀ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਨਾ ਕੋਈ ਸ਼ਰਾਬ ਪੀਣ ਦੇ ਨਾਲ ਜੁੜੀ ਹੋਈ ਹਲਕੇ ਫੁਲਕੇ ਹਾਸੇ ਦੀ ਗੱਲ ਸੁਣਾ ਮਹੌਲ ਅਜਿਹਾ ਬੰਨ੍ਹਦਾ ਕਿ ਮਹਿਫ਼ਲ ਵਿੱਚ ਬੋਤਲ ਦੇ ਉੱਡਣ ਦਾ ਪਤਾ ਹੀ ਨਾ ਲੱਗਦਾ। ਜਿਵੇਂ ਪੈੱਗ ਬਣਾਉਣ ਵਾਲਾ ਜੇ ਉਸਨੂੰ ਉਸਦੇ ਪੈੱਗ ਵਿੱਚ ਬਰਫ਼ ਦੀ ਡਲ਼ੀ ਪਾਉਣ ਤੋਂ ਪਹਿਲਾਂ ਕਿਧਰੇ ਪੁੱਛ ਬਹਿੰਦਾ ਕਿ ਰਣਜੀਤ ਦੇ ਪੈੱਗ ਵਿੱਚ ਬਰਫ਼ ਪਾਵੇ ਕਿ ਨਾ, ਤਾਂ ਰਣਜੀਤ ਦਾ ਜੁਆਬ ਜਿਵੇਂ ਪਹਿਲਾਂ ਹੀ ਤਿਆਰ ਹੁੰਦਾ: “ਵੀਰਾ! ਬਰਫ਼ ਪਾ ਭਾਵੇਂ ਦੇਹ, ਪਰ ਆਪਾਂ ਖੁਰਨ ਤਾਂ ਇਹ ਦੇਣੀ ਨੀ।”

ਬੱਸ ਮਹਿਫ਼ਲ ਵਿੱਚ ਨਿਖਾਰ ਆ ਜਾਂਦਾ। ਭਾਵੇਂ ਕਿੰਨੀ ਦੇਰ ਵੀ ਮਹਿਫ਼ਲ ਚਲਦੀ ਉਹ ਗੱਲਾਂ ਨਾ ਬੰਦ ਹੋਣ ਦਿੰਦਾ। ਅਕਸਰ ਉਸਦੀ ਸ਼ਰਾਬ ਪੀਣ ਦੀ ਸਮਰੱਥਾ ਨੂੰ ਦੇਖ ਯਾਰ ਬੇਲੀ ਕਹਿ ਉੱਠਦੇ ਕਿ ਰਣਜੀਤ ਨੂੰ ਗੱਲਾਂ ਸ਼ਰਾਬ ਨਹੀਂ ਚੜ੍ਹਨ ਦਿੰਦੀਆਂ। ਪਰ ਅੱਜ ਤਾਂ ਸੁਖਦੇਵ ਦਾ ਬੋਤਲ ਇਉਂ ਲਿਆ ਰੱਖਣਾ ਉਸਨੂੰ ਬਿਲਕੁਲ ਨਾ ਭਾਇਆ। ਇੱਕ ਪਲ ਤਾਂ ਉਸਦੇ ਮਨ ਵਿੱਚ ਆਈ ਕਿ ਬਿਨਾਂ ਕੁੱਝ ਕਹੇ ਪੱਤਰਾ ਵਾਚ ਜਾਵੇ, ਪਰ ਫਿਰ ਐਸ ਵੇਲੇ ਕਿੱਥੇ ਜਾਵਾਂਗਾ? ਇਸ ਸੁਆਲ ਦੇ ਜਵਾਬ ਨੇ ਉਸਨੂੰ ਬਿਠਾਈ ਰੱਖਿਆ ਕਿ ਘਰ ਵੀ ਅਜੇ ਜਾ ਕੇ ਕੀ ਕਰਨਾ ਹੈ, ਘਰ ਦੇ ਝਮੇਲਿਆਂ ਤੋਂ ਸਤਿਆ ਪਿਆਂ। ਹੋਰ ਕਿਸੇ ਕੋਲ ਬੈਠ ਕੇ ਅਜਿਹੀਆਂ ਗੱਲਾਂ ਕਰਨ ਦਾ ਤੁੱਕ ਨਹੀਂ ਬਣਦਾ। ਇਹ ਤਾਂ ਸੁਖਦੇਵ ਵਰਗੇ ਪੇਂਡੂ ਅਤੇ ਜਿਗਰੀ ਯਾਰ ਕੋਲ ਹੀ ਅਜਿਹੀ ਗੱਲ ਕੀਤੀ ਜਾ ਸਕਦੀ ਹੈ ਜਿਸਨੂੰ ਇਸ ਗੱਲ ਬਾਰੇ ਥੋੜ੍ਹਾ ਬਹੁਤ ਪਹਿਲਾਂ ਗਿਆਨ ਤਾਂ ਹੈ। ਸ਼ਾਇਦ ਇੱਕ, ਦੋ ਪੈੱਗ ਪੀਕੇ ਮੂਡ ਬਦਲ ਜਾਵੇ ਤੇ ਸੁਖਦੇਵ ਵੀ ਉਸਦੀ ਰਾਮ ਕਹਾਣੀ ਜ਼ਰਾ ਧਿਆਨ ਨਾਲ ਸੁਣੇ, ਉਸ ਨਾਲ ਸਹਿਮਤ ਹੋਵੇ ਅਤੇ ਦੋ ਚਾਰ ਤਜੁਰਬੇ ਆਪਣੇ ਵੀ ਸਾਂਝੇ ਕਰੇ ਤੇ ਫਿਰ ਅਗਾਂਹ ਗਲਬਾਤ ਦਾ ਸਿਲਸਿਲਾ ਚੱਲੇ। ਇੱਕ ਦੂਜੇ ਨਾਲ ਸਹਿਮਤ ਹੋਣ, ਦੋਵੇਂ ਮਨ ਹੌਲਾ ਕਰਨ ਤੇ ਰਣਜੀਤ ਦਾ ਮਨ ਹੌਲਾ ਹੋਵੇ। ਪਰ ਪਤਾ ਨਹੀਂ ਕਿਉਂ ਸੁਖਦੇਵ ਵੱਲੋਂ, ‘ਖਿੱਚ ਖਿੱਚ’ ਸੁਣ ਕੇ ਉਸਦਾ ਮਨ ਹੋਰ ਈ ਤਰ੍ਹਾਂ ਦਾ ਹੋ ਗਿਆ ਤੇ ਦੂਜਾ ਪੈੱਗ ਅੰਦਰ ਸਿੱਟ ਉਹ ਸੁਖਦੇਵ ਦੇ ਰੋਕਣ ਦੇ ਬਾਵਯੂਦ ਘਰ ਆ ਗਿਆ।

ਘਰ ਆ ਕੇ ਉਸਨੇ ਇੱਕ ਵੱਡਾ ਸਾਰਾ ਹਾੜਾ ਲਾਇਆ ਤੇ ਬਿਨਾਂ ਕਿਸੇ ਨੂੰ ਕੁੱਝ ਕਹੇ ਆਪਣੇ ਕਮਰੇ ਵਿੱਚ ਸੌਣ ਵਾਸਤੇ ਲੰਮਾ ਪੈ ਗਿਆ। ਪਿਤਾ ਜੀ ਨੇ ਇੱਕ ਵਾਰੀ ਬਾਹਰੋਂ ਆਉਂਦੇ ਰਣਜੀਤ ਦੇ ਮੂੰਹ ਵੱਲ ਦੇਖਿਆ ਤੇ ਉਨ੍ਹਾਂ ਦੇ ਭਰਵੱਟੇ ਤਣ ਗਏ। ਉਸਦੀ ਪਤਨੀ ਪਰਮਿੰਦਰ ਕੁੱਝ ਦੇਰ ਬਾਅਦ ਕਮਰੇ ਵਿੱਚ ਆਈ ਤੇ ਬਿਨਾਂ ਕੁੱਝ ਬੋਲੇ ਉਸਦੇ ਮੰਜੇ ਦੀ ਬਾਹੀ ਉਪਰ ਬੈਠ ਗਈ। ਕੁੱਝ ਦੇਰ ਬਾਅਦ ਉਹ ਚਿੰਤਾਤੁਰ ਲਹਿਜ਼ੇ ਵਿੱਚ ਬੋਲੀ, “ਤੁਸੀਂ ਹੁਣ ਰੋਜ਼ ਈ ਪੀਣ ਲੱਗ ਪਏ ਆਂ।”

“ਹੋਰ ਦੱਸ ਫੇ ਕੀ ਕਰਾਂ? … ਸਾਲੀ ਨੀਂਦ ਕਿਹੜੀ ਆਉਂਦੀ ਆ, … ਸਵੇਰ ਨੂੰ ਫੇਰ ਸਾਲੀ ਉਹੀ ਚੱਲ ਸੋ ਚੱਲ, … ਕਿਹੜੀ ਗੱਲ ਮੈਂ ਗਲਤ ਕੀਤੀ … ਜਾਂ ਕਿਹੜਾ ਕਰਨ ਵਾਲਾ ਕੰਮ ਮੈਂ ਨੀ ਕੀਤਾ ਘਰ ਦਾ?” ਡੂੰਘੀ ਖਿਝ ਨਾਲ ਰਣਜੀਤ ਨੇ ਕਿਹਾ।

ਪਰਮਿੰਦਰ ਕੁੱਝ ਨਾ ਬੋਲੀ ਤੇ ਬਾਹੀ ਤੇ ਬੈਠੀ ਹੀ ਰਣਜੀਤ ਦੀ ਕਹੀ ਗੱਲ ਬਾਰੇ ਸੋਚਣ ਲੱਗ ਪਈ। ਤੇਰਾਂ ਚੌਦਾਂ ਸਾਲ ਪਹਿਲਾਂ ਜਦੋਂ ਉਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਤਾਂ ਕਿੰਨਾ ਸ਼ੌਕ ਸੀ ਰਣਜੀਤ ਨੂੰ ਦੇਰ ਤੱਕ ਸੌਣ ਦਾ, ਉਹ ਸੌਣ ਦਾ ਮਾਰਾ ਵੀਕ ਐਂਡ ਹੀ ਉਡੀਕਦਾ ਰਹਿੰਦਾ। ਜੇ ਕਿਸੇ ਵੀਕ ਐਂਡ ਕਿਤੇ ਵਿਆਹ ਸ਼ਾਦੀ ਜਾਂ ਭੋਗ ਆਦਿ ਉੱਪਰ ਪਹੁੰਚਣ ਲਈ ਰਣਜੀਤ ਨੂੰ ਵੀਕ ਐਂਡ ਸਵੇਰੇ ਜਲਦੀ ਉੱਠਣਾ ਪੈ ਜਾਂਦਾ ਤਾਂ ਅੱਵਲ ਤਾਂ ਉੱਠ ਕੇ ਫਿਰ ਸੌਂ ਜਾਂਦਾ ਤੇ ਪਰਮਿੰਦਰ ਨੂੰ ਇੱਕਲੀ ਨੂੰ ਅਗਲੇ ਦੇ ਪ੍ਰੋਗਰਾਮ ਉੱਪਰ ਪਹੁੰਚ ਬਹਾਨਾ ਲਗਾਉਣਾ ਪੈਂਦਾ ਉਸਦੇ ਨਾ ਪਹੁੰਚ ਸਕਣ ਦਾ ਤੇ ਜੇਕਰ ਕਿਤੇ ਦੁਬਾਰਾ ਸੌਣ ਤੋਂ ਘੰਟੇ ਦੋ ਘੰਟੇ ਦੇ ਵਿੱਚ ਵਿੱਚ ਉਹ ਉੱਠ ਖੜ੍ਹਦਾ ਤਾਂ ਔਖਾ ਸੌਖਾ ਤਿਆਰ ਹੋ ਕੇ ਲੰਗਰ ਵੇਲੇ ਪਹੁੰਚ ਜਾਂਦਾ। ਜਿਉਂ ਜਿਉਂ ਕਬੀਲਦਾਰੀ ਦਾ ਜੂਲਾ ਭਾਰਾ ਹੁੰਦਾ ਗਿਆ, ਤਿਉਂ ਤਿਉਂ ਉਸਦੀ ਨੀਂਦ ਉੱਡਦੀ ਗਈ। ਇੱਧਰਲੀ ਕਬੀਲਦਾਰੀ ਤਾਂ ਛੋਟੀ ਜਿਹੀ ਹੀ ਸੀ, ਵਿਆਹ ਤੋਂ ਦੋ ਕੁ ਸਾਲ ਬਾਅਦ ਨੀਤੂ ਜੰਮੀ ਸੀ। ਕਿੰਨਾ ਖੁਸ਼ ਸੀ ਨੀਤੂ ਦੇ ਜੰਮਣ ਤੇ ਰਣਜੀਤ। ਪਰ ਉਦੋਂ ਅਤੇ ਹੁਣ ਵਾਲੇ ਰਣਜੀਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ।

“ਕਿੱਥੇ ਸਾਡੇ ਕੋਲੋਂ ਕੀ ਗ਼ਲਤੀ ਹੋ ਗਈ ਕਿ ਆਹ ਹਾਲ ਹੋ ਗਿਆ?” ਸੋਚਦੀ ਸੋਚਦੀ ਪਤਾ ਨਹੀਂ ਪਰਮਿੰਦਰ ਕਦੋਂ ਸੌਂ ਗਈ।

ਅੱਧੀ ਕੁ ਰਾਤ ਤੋਂ ਬਾਅਦ ਪਰਮਿੰਦਰ ਦੀ ਜਾਗ ਕਿਸੇ ਖੜਾਕੇ ਕਾਰਨ ਖੁੱਲ੍ਹੀ। ਕਮਰੇ ਦੀ ਬੱਤੀ ਜਗ ਰਹੀ ਸੀ ਤੇ ਰਣਜੀਤ ਪਿੱਠ ਵਿੱਚ ਅਚਾਨਕ ਉੱਠੇ ਦਰਦ ਨਾਲ ਕਰਾਹ ਰਿਹਾ ਸੀ। ਘਬਰਾ ਕੇ ਉੱਠੀ ਪਰਮਿੰਦਰ ਨੇ ਜ਼ਰਾ ਹੌਸਲਾ ਬਟੋਰ ਕੇ ਕੁੱਝ ਦੇਰ ਕੇ ਉਸਦੀ ਪਿੱਠ ਮਲੀ ਪਰ ਵਧ ਰਹੇ ਦਰਦ ਨਾਲ ਰਣਜੀਤ ਪਲਸੇਟੇ ਮਾਰਨ ਲੱਗ ਪਿਆ। ਪਰਮਿੰਦਰ ਕਾਹਲੀ ਨਾਲ ਕਿਚਨ ਵਿੱਚ ਗਈ ਅਤੇ ਕੁੱਝ ਪਾਣੀ ਪਤੀਲੇ ਵਿੱਚ ਗਰਮ ਹੋਣ ਵਾਸਤੇ ਰੱਖ ਕੇ ਗਰਮ ਪਾਣੀ ਪਾਉਣ ਲਈ ਪਲਾਸਟਿਕ ਦੀ ਬੋਤਲ ਢੂੰਡਣ ਲੱਗੀ।

“ਹਾਅ … ਹੈਥੋਂ ਪੇਨ ਕਿਲਰ ਦੇਵੀਂ ਦੋ ਕੁ …”

ਬੋਤਲ ਢੂੰਡਣੀ ਵਿੱਚੇ ਛੱਡ ਉਹ ਰਣਜੀਤ ਦੀ ਆਵਾਜ਼ ਸੁਣ ਉਹ ਗੋਲੀਆਂ ਦੇਣ ਉਸ ਨੂੰ ਕਮਰੇ ਅੰਦਰ ਗਈ ਤਾਂ ਰਣਜੀਤ ਲਿਵਿੰਗ ਰੂਮ ਵੱਲ ਨੂੰ ਆ ਰਿਹਾ ਸੀ। ਸੋਫੇ ਉੱਪਰ ਬੈਠ ਕੇ ਉਸਨੇ ਦੋਵੇਂ ਗੋਲ਼ੀਆਂ ਪਾਣੀ ਦੇ ਗਲਾਸ ਨਾਲ ਹਲਕ ਤੋਂ ਥੱਲੇ ਕਰ ਲਈਆਂ। ਕਿਚਨ ਵਿੱਚ ਸੇਕ ਦੇਣ ਵਾਲੀ ਪਲਾਸਟਿਕ ਦੀ ਬੋਤਲ ਪਾਣੀ ਦੀ ਭਰਨ ਤੋਂ ਬਾਅਦ ਖਾਲੀ ਪਤੀਲਾ ਪਰਮਿੰਦਰ ਤੋਂ ਸਿੰਕ ਵਿੱਚ ਡਿੱਗ ਪਿਆ। ਖੜਾਕਾ ਸੁਣ ਪਿਤਾ ਜੀ ਲਿਵਿੰਗ ਰੂਮ ਵਿੱਚ ਆ ਗਏ ਅਤੇ ਜ਼ਰਾ ਫਿਕਰ ਨਾਲ ਪੁੱਛਿਆ ਕਿ ਕੀ ਹੋਇਆ?

ਰਣਜੀਤ ਦੀ ਪਿੱਠ ਉਪਰ ਬੋਤਲ ਦਾ ਸੇਕ ਦੇ ਰਹੀ ਪਰਮਿੰਦਰ ਨੇ ਅਚਾਨਕ ਰਣਜੀਤ ਦੀ ਪਿੱਠ ਵਿੱਚ ਉੱਠੇ ਦਰਦ ਬਾਰੇ ਦੱਸਿਆ।
“ਪਹਿਲਾਂ ਵੀ ਕਦੇ ਇੱਦਾਂ ਹੋਇਆ?” ਪਿਤਾ ਜੀ ਨੇ ਚਿੰਤਾਜਨਕ ਲਹਿਜ਼ੇ ਵਿੱਚ ਪੁੱਛਿਆ।

“ਪਿਛਲੇ ਸਾਲ ਸੁਰਮੀਤ ਦਾ ਬਰਥਡੇਅ ਮਨਾਉਣ ਤੋਂ ਬਾਅਦ ਹੋਈ ਸੀ, ਫੇਰ ਵਿੱਚ ਵਿਚਾਲੇ ਕਦੇ ਕਦੇ ਵੀਕ ਐਂਡ ਤੇ ਹੋ ਜਾਂਦੀ ਹੈ।”

“ਥੋੜ੍ਹੀ ਪੀਆ ਕਰ,” ਕਹਿੰਦੇ ਹੋਏ ਪਿਤਾ ਜੀ ਨਾਲ ਦੇ ਸੋਫ਼ੇ ਉੱਪਰ ਬੈਠ ਗਏ, “ਡਾਕਟਰ ਨੇ ਕੀ ਕਿਹਾ ਸੀ?”

“ਕਿਹਾ ਤਾਂ ਕੁਸ਼ ਨੀ ਸੀ ਕਹਿੰਦਾ ਹੋ ਸਕਦਾ ਕੰਮ ਕੁੰਮ ਤੇ ਕੋਈ ਮੱਸਲ ਵਗੈਰਾ ਖਿੱਚ ਹੋ ਗਿਆ ਹੋਣਾ, ਸਟਰੌਂਗ ਜਿਹੀਆਂ ਪੇਨ ਕਿੱਲਰ ਲਿਖ ਦਿੱਤੀਆਂ ਕਿੰਨੀਆਂ ਸਾਰੀਆਂ।”

ਤੇ ਪਿਤਾ ਜੀ ਹੱਥ ਵਧਾ ਕੇ ਰਣਜੀਤ ਦਾ ਮੱਥਾ ਛੂੰਹਦੇਂ ਹੋਏ ਬੋਲੇ, “ਕਾਕਾ ਸਿਹਤ ਦਾ ਖਿਆਲ ਕਰ ਜ਼ਰਾ।”

ਰਣਜੀਤ ਦਾ ਦਿਲ ਕੀਤਾ ਕਿ ਕਹਿ ਉੱਠੇ ਕਿ ਪਿਤਾ ਜੀ ਮੈਂ ਕਿਹੜੀ ਸੁਖ ਨੂੰ ਪੀਨਾ, ਜਿਸ ਦਿਨ ਦਾ ਟੱਬਰ ਮੰਗਵਾਇਆ ਉਸ ਦਿਨ ਤੋਂ ਹੀ ਮੈਂ ਸੂਲੀ ਉੱਪਰ ਟੰਗਿਆ ਪਿਆਂ, ਸੱਭ ਤੋਂ ਵੱਧ ਗੁੱਸਾ ਤਾਂ ਮੈਨੂੰ ਇਸ ਗੱਲ ਦਾ ਕਿ ਤੁਹਾਨੂੰ ਲੈਕਚਰ ਕਰਨ ਨੂੰ ਮੈਂ ਹੀ ਲੱਭਦਾਂ। ਅੱਜ ਦਿਲ ਹੌਲਾ ਕਰਨ ਸੁਖਦੇਵ ਕੋਲ ਗਿਆ ਸੀ … ਪਰ ਲੱਗਦਾ ਕਿ ਮਾਤਾ ਨੇ ਅਗਾਊ ਹੀ ਉਸਨੂੰ ਵੀ ਪੱਟੀ ਪੜ੍ਹਾ ਦਿੱਤੀ। ਪਰ ਇੱਕ ਤਾਂ ਦਰਦ ਹੋਣ ਕਰਕੇ ਤੇ ਦੂਸਰੇ ਕੰਧ ਉੱਪਰ ਘੜੀ ਦਾ ਟਾਇਮ ਦੇਖ ਕੇ ਉਹ ਚੁੱਪ ਹੀ ਰਿਹਾ … ਹੋਰ ਤਿੰਨਾਂ ਕੁ ਘੰਟਿਆਂ ਨੂੰ ਅਲਾਰਮ ਵੀ ਵੱਜ ਜਾਣਾ ਸੀ।

“ਦਿਨ ਨੂੰ ਟਾਈਮ ਕੱਢ ਕੇ ਡਾਕਟਰ ਦੇ ਜ਼ਰੂਰ ਜਾ ਆਵੀਂ,” ਕਹਿੰਦੇ ਹੋਏ ਪਿਤਾ ਜੀ ਆਪਣੇ ਕਮਰੇ ਵੱਲ ਚਲੇ ਗਏ।

ਅਗਲੇ ਦਿਨ ਰਣਜੀਤ ਕੰਮ ਵਿੱਚੋਂ ਵਕਤ ਕੱਢ ਕੇ ਡਾਕਟਰ ਦੇ ਜਾ ਆਇਆ। ਡਾਕਟਰ ਨੇ ਉਸ ਨੂੰ ਕੁੱਝ ਹੋਰ ਟੈਸਟ ਕਰਵਾਉਣ ਲਈ ਕਿਹਾ ਅਤੇ ਰਣਜੀਤ ਲਗਦੇ ਹੱਥ ਉਹ ਵੀ ਕਰਵਾ ਆਇਆ।

ਚੌਥੇ ਦਿਨ ਪਰਮਿੰਦਰ ਨੇ ਰਣਜੀਤ ਨੂੰ ਕੰਮ ਉੱਪਰ ਫੋਨ ਕਰਕੇ ਦੱਸਿਆ ਕਿ ਡਾਕਟਰ ਦੇ ਦਫ਼ਤਰੋਂ ਫੋਨ ਆਇਆ ਸੀ ਤੇ ਉਸਨੇ ਜਲਦੀ ਹੀ ਰਣਜੀਤ ਨੂੰ ਫਿਰ ਆਪਣੇ ਦਫ਼ਤਰ ਸੱਦਿਆ ਸੀ। ਪਰਮਿੰਦਰ ਨੇ ਅਗਲੇ ਦਿਨ ਦੀ ਹੀ ਅਪੁਆਇੰਟਮੈਂਟ ਬਣਵਾ ਲਈ ਸੀ। ਫੋਨ ਸੁਣਕੇ ਰਣਜੀਤ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਜ਼ਰੂਰ ਕੋਈ ਗੰਭੀਰ ਸਮੱਸਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਉਸਨੂੰ ਭੁੱਖ ਨਾ ਲੱਗਣ, ਸਿਰ ਦੁਖਦਾ ਰਹਿਣ ਅਤੇ ਕਬਜ਼ ਦੀ ਸ਼ਿਕਾਇਤ ਚੱਲ ਰਹੀ ਸੀ। ਅੱਜ ਪਰਮਿੰਦਰ ਦੀ ਗੱਲ ਸੁਣਕੇ ਉਹ ਕੰਮ ਤੋਂ ਜ਼ਰਾ ਜਲਦੀ ਘਰ ਆ ਗਿਆ ਤੇ ਵੜਦਿਆਂ ਹੀ ਇੱਕ ਮੋਟਾ ਸਾਰਾ ਪੈੱਗ ਪਾ ਲਿਆ। ਪੈੱਗ ਪੀਂਦੇ ਪੀਂਦੇ ਪਿਤਾ ਜੀ ਆ ਗਏ। ਰਣਜੀਤ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਕਿ ਉਹ ਦੂਸਰਾ ਪੈੱਗ ਕਾਹਲੀ ਕਾਹਲੀ ਮੁਕਾ ਕੇ ਆਪਣੇ ਕਮਰੇ ਵਿੱਚ ਆ ਗਿਆ। ਨਵਰੀਤ ਤੇ ਸੁਰਮੀਤ ਉੱਥੇ ਬੈਠੇ ਹੋਮ ਵਰਕ ਕਰ ਰਹੇ ਸਨ।

“ਬੇਟੇ ਤੁਸੀਂ ਬਾਹਰ ਬਹਿ ਕੇ ਹੋਮ ਵਰਕ ਕਰ ਲਉ,” ਕਹਿਕੇ ਰਣਜੀਤ ਲੱਗ ਭੱਗ ਮੰਜੇ ਉੱਪਰ ਡਿੱਗ ਹੀ ਪਿਆ, ਨਵਰੀਤ ਤੇ ਸੁਰਮੀਤ ਦੋਵੇਂ ਠਠੰਬਰ ਕੇ ਬਾਹਰ ਨਿਕਲ ਗਏ।

ਰਣਜੀਤ ਨੂੰ ਆਪਣੇ ਕਮਰੇ ਵਿੱਚ ਪਏ ਨੂੰ ਬਾਹਰ ਆਪਣੀ ਮਾਂ ਦੀ ਆਵਾਜ਼ ਸੁਣ ਰਹੀ ਸੀ ਜੋ ਜ਼ਰਾ ਉੱਚੀ ਆਵਾਜ਼ ਵਿੱਚ ਪਰਮਿੰਦਰ ਨੂੰ ਸੁਣਾਕੇ ਇਉਂ ਕਹਿ ਰਹੀ ਸੀ ਜਿਵੇਂ ਰਣਜੀਤ ਦੇ ਐਨੀ ਸ਼ਰਾਬ ਪੀਣ ਵਿੱਚ ਪਰਮਿੰਦਰ ਦਾ ਹੀ ਹੱਥ ਹੋਵੇ, “ਉੱਥੇ ਕਦੀ ਮੂੰਹ ਤੱਕ ਨਹੀਂ ਸੀ ਲਾਇਆ ਸ਼ਰਾਬ ਨੂੰ … ਪਰ ਜਦੋਂ ਦਾ ਵਿਆਹ ਹੋਇਆ ਉਦੋਂ ਤੋਂ ਹੀ ਪੀਣ ਲੱਗ ਪਿਆ ਇਹ … ਤੇ ਪੀ ਪੀ ਕੇ ਆਹ ਹਾਲ ਕਰ ਲਿਆ।” ਫਿਰ ਜਿਵੇਂ ਸਟੇਜ ਉੱਪਰ ਨਕਲਾਂ ਹੁੰਦੀਆਂ ਹੋਣ, ਇੱਕ ਦਮ ਰੋਣੀ ਜਿਹੀ ਆਵਾਜ਼ ਬਣਾ ਕੇ ਬੋਲੀ: “ਹੈ ਹਾ ਰੱਬਾ … ਜੇ ਮੈਨੂੰ ਇਹ ਪਤਾ ਹੁੰਦਾ ਕਿ ਕਨੇਡਾ ਐਦਾਂ ਦਾ ਆ ਤਾਂ ਮੈਂ ਕਾਹਨੂੰ ਆਪਣੇ ਸੌ ਸੁੱਖਾਂ ਦੇ ਪੁੱਤ ਨੂੰ ਲੋਕਾਂ ਦੀ ਕਬੀਲਦਾਰੀ ਨਜਿੱਠਣ ਲਈ ਕਨੇਡੇ ਭੇਜਦੀ?”

‘ਲੋਕਾਂ ਦੀ ਕਬੀਲਦਾਰੀ ਨਜਿੱਠਣ’ ਦਾ ਲੁਕਵਾਂ ਤਾਨ੍ਹਾ ਉਹ ਪਰਮਿੰਦਰ ਨੂੰ ਅਕਸਰ ਮਾਰ ਦਿੰਦੀ ਜਿਸਦੀ ਇੱਕ ਛੋਟੀ ਭੈਣ ਤੇ ਭਰਾ ਰਣਜੀਤ ਹੁਰਾਂ ਦੇ ਵਿਆਹ ਵੇਲੇ ਅਜੇ ਸਕੂਲ ਹੀ ਪੜ੍ਹਦੇ ਸਨ ਅਤੇ ਉਨ੍ਹਾਂ ਦੇ ਮਾਂ ਬਾਪ ਦੋਨੋਂ ਜ਼ਰਾ ਢਿੱਲੇ ਮਿੱਸੇ ਰਹਿੰਦੇ ਸਨ ਤੇ ਕੋਈ ਕੰਮ ਪੱਕੇ ਤੌਰ ਤੇ ਕਰਨੋ ਲੱਗ ਭੱਗ ਅਸਮਰੱਥ ਹੀ ਸਨ। ਦਰਅਸਲ ਰਣਜੀਤ ਦੇ ਸਹੁਰੇ ਦੀ ਸ਼ਾਦੀ ਕਾਫ਼ੀ ਲੇਟ ਹੋਈ ਸੀ। ਇੱਕ ਪਰਮਿੰਦਰ ਤੋਂ ਵੱਡੀ ਭੈਣ ਸੀ ਜੋ ਸੱਭ ਤੋਂ ਪਹਿਲਾਂ ਕੈਨੇਡਾ ਵਿਆਹੀ ਗਈ ਸੀ ਤੇ ਉਸੇ ਦੀ ਬਦੌਲਤ ਬਾਕੀ ਪੰਜੇ ਜਣੇ ਕੈਨੇਡਾ ਆ ਸਕੇ ਸਨ। ਵੱਡੀ ਭੈਣ ਕਿਸੇ ਦੁਰੇਡੇ ਛੋਟੇ ਜਿਹੇ ਸ਼ਹਿਰ ਵਸਦੀ ਸੀ ਤੇ ਪ੍ਰਾਹੁਣਾ ਜ਼ਰਾ ਅਲੱਗ ਸੁਭਾਉ ਦਾ ਮਾਲਕ ਸੀ।

ਖੈਰ! ਵਿਆਹ ਤੋਂ ਬਾਅਦ ਰਣਜੀਤ, ਪਰਮਿੰਦਰ ਤੇ ਬਾਕੀ ਮੈਂਬਰ ਇਕੱਠੇ ਹੀ ਰਹਿਣ ਲੱਗੇ ਸਨ। ਇਕੱਲੇ ਰਹਿਣਾ ਸੰਭਵ ਹੀ ਨਹੀਂ ਸੀ ਕਿਉਂਕਿ ਕੰਮ ਤਾਂ ਕੇਵਲ ਪਰਮਿੰਦਰ ਹੀ ਕਰਦੀ ਸੀ। ਹੁਣ ਰਣਜੀਤ ਆ ਗਿਆ ਸੀ ਉਸਦਾ ਹੱਥ ਵਟਾਉਣ ਲਈ। ਪਰਮਿੰਦਰ ਦੇ ਵਿਆਹ ਤੋਂ ਬਾਅਦ ਉਸਦੇ ਪਿਤਾ ਦੀ ਸਿਹਤ ਵਿੱਚ ਕੁੱਝ ਸੁਧਾਰ ਹੋਣਾ ਸ਼ੁਰੂ ਹੋ ਗਿਆ। ਰਣਜੀਤ ਆਪਣੇ ਲਈ ਕੰਮ ਲੱਭਣ ਘਰੋਂ ਨਿਕਲਦਾ ਤਾਂ ਉਸਦਾ ਸਹੁਰਾ ਵੀ ਨਾਲ ਹੀ ਚਲ ਪੈਂਦਾ। ਇੱਕ ਤਾਂ ਉਸਨੂੰ ਰਣਜੀਤ ਦਾ ਸਾਥ ਬੜਾ ਵਧੀਆ ਲੱਗਦਾ ਤੇ ਦੂਸਰੇ ਉਹ ਖੁਦ ਵੀ ਆਪਣੇ ਆਪ ਨੂੰ ਕੰਮ ਕਰ ਸਕਣ ਦੇ ਯੋਗ ਮਹਿਸੂਸ ਕਰਦਾ ਸੀ ਤੇ ਆਪਣੇ ਲਈ ਕੰਮ ਲੱਭਣ ਦਾ ਇੱਛੁਕ ਸੀ। ਜਲਦੀ ਹੀ ਰਣਜੀਤ ਨੂੰ ਲਾਗਲੇ ਸ਼ਹਿਰ ਇੱਕ ਲੱਕੜੀ ਦੀ ਮਿੱਲ ਵਿੱਚ ਕੰਮ ਮਿਲ ਗਿਆ। ਕੰਮ ਜ਼ਰਾ ਸੀ ਤਾਂ ਭਾਰਾ ਅਤੇ ਯੂਨੀਅਨ ਵੀ ਨਹੀਂ ਸੀ ਉੱਥੇ ਕੰਮ ਕਰਨ ਵਾਲਿਆਂ ਦੀ ਪਰ ਪੈਸੇ ਕਾਫ਼ੀ ਵਾਜਬ ਸਨ। ਸਹੁਰਾ ਸਾਹਿਬ ਨੂੰ ਵੀ ਏਅਰ ਪੋਰਟ ਉੱਪਰ ਸਮਾਨ ਵਾਲੀਆਂ ਖਾਲੀ ਬੱਘੀਆਂ ਇਕੱਠੀਆਂ ਕਰਨ ਦਾ ਕੰਮ ਮਿਲ ਗਿਆ। ਘਰ ਵਿੱਚ ਖੁਸ਼ੀ ਦਾ ਵਾਤਾਵਰਣ ਬਣ ਗਿਆ।

ਸਾਲ ਕੁ ਦੇ ਅੰਦਰ ਅੰਦਰ ਪਰਮਿੰਦਰ ਦੀ ਛੋਟੀ ਭੈਣ ਸੁਰਿੰਦਰ ਨੇ ਪੜ੍ਹਾਈ ਖਤਮ ਕਰ ਲਈ ਤੇ ਆਪਣੇ ਲਈ ਬੈਂਕ ਵਿੱਚ ਨੌਕਰੀ ਵੀ ਲੱਭ ਲਈ। ਕੁਝ ਕੁ ਮਹੀਨਿਆਂ ਬਾਅਦ ਹੀ ਉਸਨੇ ਘਰਦਿਆਂ ਨੂੰ ਵਰਿੰਦਰ ਬਾਰੇ ਦੱਸਿਆ ਜੋ ਉਸ ਦੇ ਨਾਲ ਹੀ ਬੈਂਕ ਵਿੱਚ ਕੰਮ ਕਰਦਾ ਸੀ। ਵਰਿੰਦਰ ਦਾ ਵੱਡਾ ਭਰਾ ਰਣਜੀਤ ਦਾ ਵਾਕਿਫ਼ ਸੀ। ਰਣਜੀਤ ਵੱਲੋਂ ਵਰਿੰਦਰ ਨੂੰ ਪੂਰੀ ਹਮਾਇਤ ਹਾਸਿਲ ਸੀ ਤੇ ਹੋਰ ਕਿਸੇ ਨੂੰ ਕੀ ਵਿਰੋਧ ਹੋ ਸਕਦਾ ਸੀ। ਸਹੁਰਾ ਸਾਹਿਬ ਨੂੰ ਵੀ ਕੁਝ ਨੱਠ ਭੱਜ ਕਰ ਕੇ ਹੁਣ ਇੱਕ ਪਾਰਕਿੰਗ ਲਾਟ ਵਿੱਚ ਟਿਕਟਾਂ ਕੱਟਣ ਦਾ ਕੰਮ ਮਿਲ ਗਿਆ। ਗੱਲ ਕੀ ਰਣਜੀਤ ਦੇ ਵਿਆਹ ਤੋਂ ਦੋ ਕੁ ਸਾਲ ਬਾਅਦ ਹੀ ਸੁਰਿੰਦਰ ਦਾ ਵਿਆਹ ਹੋ ਗਿਆ ਤੇ ਸੱਸ ਸਹੁਰਾ ਕੁੜੀਆਂ ਵੱਲੋਂ ਸੁਰਖਰੂ ਹੋਇਆ ਮਹਿਸੂਸ ਕਰਦੇ ਰਣਜੀਤ ਦੀਆਂ ਤਾਰੀਫ਼ਾਂ ਕਰਦੇ ਨਾ ਥੱਕਦੇ। ਉਦੋਂ ਕੁ ਹੀ ਨਵਰੀਤ ਦਾ ਜਨਮ ਹੋਇਆ ਸੀ। ਜਿੱਥੇ ਰਣਜੀਤ ਦਾ ਸਹੁਰਾ ਪ੍ਰੀਵਾਰ ਉਸਨੂੰ ਇੰਨਾਂ ਪਿਆਰਦਾ ਤੇ ਸਤਿਕਾਰਦਾ ਸੀ ਉੱਥੇ ਰਣਜੀਤ ਦੇ ਆਪਣੇ ਘਰੋਂ ਕੋਈ ਖਾਸ ਖਰੀ ਖਬਰ ਨਹੀਂ ਆ ਰਹੀ ਸੀ। ਰਣਜੀਤ ਦੀ ਮਾਤਾ ਦੀ ਚਿੱਠੀ ਕਦੇ ਕਦੇ ਆਉਂਦੀ ਪਰ ਪੂਰੀ ਚਿੱਠੀ ਨਹੋਰਿਆਂ ਨਾਲ ਹੀ ਭਰੀ ਹੋਈ ਹੁੰਦੀ, “ਅਸੀਂ ਮੁੰਡਾ ਕਾਹਦਾ ਵਿਆਹਿਆ, ਨੂੰਹ ਸਾਰੀ ਆਪਣੀ ਚੀਂਗੜ ਪੋਟ ਵੀ ਦਾਜ ਵਿੱਚ ਲੈ ਆਈ ਤੇ ਉੱਤੋਂ ਆਹ ਕੁੜੀ ਜੰਮ ਦਿੱਤੀ।”

ਰਣਜੀਤ ਨੇ ਕਦੀ ਕੋਈ ਖਾਸ ਜਵਾਬ ਨਹੀਂ ਦਿੱਤਾ ਸੀ ਕਦੀ ਕਿਸੇ ਖਤ ਦਾ, ਸਗੋਂ ਖਤ ਪੜ੍ਹਨ ਤੋਂ ਬਾਅਦ ਬੋਤਲ ਖੋਲ੍ਹ ਲੈਂਦਾ ਮੂਡ ਠੀਕ ਕਰਨ ਲਈ।ਇੱਕ ਦਿਨ ਘਰੋਂ ਚਿੱਠੀ ਆਈ ਕਿ ਪਿੰਡ ਵਿੱਚ ਕੁੱਝ ਜ਼ਮੀਨ ਵਿਕਾਊ ਹੈ ਤੇ ਆਪਣੇ ਖੇਤਾਂ ਦੇ ਨੇੜੇ ਹੈ। ਰਣਜੀਤ ਕੋਲ ਜੋ ਕੁੱਝ ਬੈਂਕ ਵਿੱਚ ਸੀ ਉਸਨੇ ਝੱਟ ਭੇਜ ਦਿੱਤਾ। ਉੱਧਰ ਸਹੁਰਾ ਸਾਹਿਬ ਘਰ ਦੇਖ ਰਹੇ ਸਨ ਖ੍ਰੀਦਣ ਲਈ, ਭਵਿੱਖ ਵਿੱਚ ਘਰਾਂ ਦੀਆਂ ਕੀਮਤਾਂ ਵੱਧ ਜਾਣ ਦਾ ਖਦਸ਼ਾ ਸੀ। ਉਨ੍ਹਾਂ ਨੇ ਇੱਕ ਪੁਰਾਣਾ ਪਰ ਸਾਫ਼ ਸੁਥਰਾ ਘਰ ਲੈ ਲਿਆ। ਕੁੱਝ ਪੈਸੇ ਤਾਂ ਸਹੁਰਾ ਸਾਹਿਬ ਨੇ ਬਚਾਏ ਹੋਏ ਸਨ, ਕੁਝ ਪਰਮਿੰਦਰ ਨੇ ਜੋੜੇ ਹੋਏ ਸਨ ਤੇ ਕੁੱਝ ਕੁ ਰਣਜੀਤ ਨੇ ਇੱਧਰੋਂ ਉੱਧਰੋਂ ਦੋਸਤਾਂ ਤੋਂ ਹੱਥ ਉਧਾਰ ਫੜ ਕੇ ਪਾ ਦਿੱਤੇ। ਉਧਾਰ ਜਲਦੀ ਉਤਾਰ ਸਕਣ ਨੂੰ ਮੁੱਖ ਰੱਖ ਕੇ ਰਣਜੀਤ ਨੇ ਆਮਦਨ ਵਧਾਉਣ ਲਈ ਵੀਕ ਐਂਡ ਉੱਪਰ ਦੋ ਦਿਨ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ। ਪਰਮਿੰਦਰ ਵੀ ਡੱਟ ਕੇ ਕੰਮ ਕਰ ਰਹੀ ਸੀ ਕਿਉਂਕਿ ਨਵਰੀਤ ਨੂੰ ਪਰਮਿੰਦਰ ਦੀ ਮਾਂ ਸੰਭਾਲ ਲੈਂਦੀ ਸੀ।

ਕੁਦਰਤੀ ਉਹਨਾਂ ਹੀ ਦਿਨਾਂ ਵਿੱਚ ਸੁਰਿੰਦਰ ਤੇ ਵਰਿੰਦਰ ਨੇ ਘਰ ਖ੍ਰੀਦਣ ਦਾ ਸੌਦਾ ਕਰ ਲਿਆ। ਸਹੁਰਾ ਸਾਹਿਬ ਨੇ ਰਣਜੀਤ ਨਾਲ ਗੱਲ ਕੀਤੀ। ਘਰ ਖ੍ਰੀਦਣ ਬਾਰੇ ਵਿਚਾਰ ਤਾਂ ਰਣਜੀਤ ਹੁਰੀਂ ਵੀ ਕਰ ਰਹੇ ਸਨ, ਪਰ ਰਣਜੀਤ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਕਿ ਉਸ ਨੇ ਸਹੁਰਾ ਸਾਹਿਬ ਦੇ ਪੁੱਛਣ ਤੋਂ ਪਹਿਲਾਂ ਆਪ ਹੀ ਕਹਿ ਦਿੱਤਾ ਕਿ ਉਹ ਜੋ ਪੈਸੇ ਰਣਜੀਤ ਨੂੰ ਮੋੜਨਾ ਚਾਹੁੰਦੇ ਸਨ ਉਹ ਸੁਰਿੰਦਰ ਹੁਰਾਂ ਨੂੰ ਦੇ ਦੇਣ। ਸੁਰਿੰਦਰ ਹੁਰੀਂ ਹੌਲੀ ਹੌਲੀ ਰਣਜੀਤ ਨੂੰ ਮੋੜ ਦੇਣਗੇ। ਥੋੜ੍ਹੇ ਬਹੁਤ ਪੱਲਿਉਂ ਹੋਰ ਪਾ ਕੇ ਉਨ੍ਹਾਂ ਨੇ ਸੁਰਿੰਦਰ ਅਤੇ ਵਰਿੰਦਰ ਹੁਰਾਂ ਨੁੰ ਜ਼ਰਾ ਚੰਗੇਰੀ ਹਾਲਤ ਵਿੱਚ ਘਰ ਲੈ ਦਿੱਤਾ। ਇਸ ਤੋਂ ਕੁਝ ਦਿਨ ਬਾਅਦ ਰਣਜੀਤ ਦੇ ਛੋਟੇ ਭਰਾ ਮਨਮੀਤ ਦੀ ਚਿੱਠੀ ਰਣਜੀਤ ਨੂੰ ਆ ਗਈ। ਉਸ ਨੇ ਪਿੰਡ ਦੇ ਲਾਗੇ ਸ਼ਹਿਰ ਦੇ ਕਾਲਜ ਦੀ ਬਜਾਇ ਯੂਨੀਵਰਸਿਟੀ ਵਿੱਚ ਦਾਖਲਾ ਲ਼ਿਆ ਸੀ ਅਤੇ ਦੋ ਸਕੂਟਰ ਲੈਣੇ ਚਹੁੰਦਾ ਸੀ। ਇੱਕ ਯੂਨੀਵਰਸਿਟੀ ਵਾਸਤੇ ਤੇ ਦੂਸਰਾ ਪਿੰਡ ਵਾਸਤੇ। ਜੇਕਰ ਵਿਦੇਸ਼ ਤੋਂ ਵਿਦੇਸ਼ੀ ਕਰੰਸੀ ਵਿੱਚ ਪੈਸਾ ਜਮ੍ਹਾਂ ਕਰਵਾਇਆ ਜਾਵੇ ਤਾਂ ਸਕੂਟਰ ਕੰਟਰੋਲ ਰੇਟ ਉੱਪਰ ਤੇ ਬਹੁਤ ਜਲਦੀ ਮਿਲ ਜਾਂਦੇ ਸਨ ਵਰਨਾ ਕਿੰਨੇ ਹੀ ਸਾਲਾਂ ਦੀ ਵੇਟਿੰਗ ਲਿਸਟ ਸੀ ਜਲਦੀ ਬਲੈਕ ਵਿੱਚ ਲੈਣ ਲਈ ਦੁੱਗਣੀ ਕੀਮਤ ਤਾਰਨੀ ਪੈਂਦੀ ਸੀ।

ਰਣਜੀਤ ਨੇ ਫਿਰ ਉਧਾਰ ਪੈਸੇ ਫੜ ਕੇ ਡਰਾਫਟ ਬਣਵਾ ਪੈਸੇ ਭੇਜ ਦਿੱਤੇ। ਅੱਗੇ ਕਦੀ ਕਦਾਈਂ ਰਣਜੀਤ ਵੀਕ ਐਂਡ ਦੇ ਦੋਵੇਂ ਦਿਨਾਂ ਵਿੱਚੋਂ ਇੱਕ ਅੱਧਾ ਦਿਨ ਟੈਕਸੀ ਚਲਾਉਣ ਵਲੋਂ ਛੁੱਟੀ ਕਰ ਲੈਂਦਾ, ਪਰ ਹੁਣ ਨਹੀਂ ਕਰਦਾ ਸੀ। ਮਾਤਾ ਦੀ ਚਿੱਠੀ ਆਈ। ਪਤਾ ਨਹੀਂ ਕਿਵੇਂ ਉਸ ਨੂੰ ਰਣਜੀਤ ਦੇ ਆਪਣੇ ਸਹੁਰੇ ਅਤੇ ਸਾਂਢੂ ਵਰਿੰਦਰ ਹੁਰਾਂ ਨੂੰ ਘਰ ਲੈਣ ਵਾਸਤੇ ਉਧਾਰੇ ਦਿੱਤੇ ਪੈਸਿਆਂ ਬਾਰੇ ਪਤਾ ਲੱਗ ਗਿਆ ਸੀ ਤੇ ਉਸਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲਿਖਵਾ ਭੇਜੀਆਂ ਸਨ, “ਸਾਡਾ ਮੁੰਡਾ ਤਾਂ ਕਨੇਡੇ ਲਿਜਾ ਕੇ ਸਹੁਰਿਆਂ ਨੇ ਚੱਟ ਲਿਆ। ਭੁੱਖੜਾਂ ਨੇ ਦਾਜ ਤਾਂ ਕੀ ਦੇਣਾ ਸੀ ਉਲਟਾ ਉਹਦੀ ਕਮਾਈ ਹੜੱਪੀ ਜਾਂਦੇ ਆ ਕਾਕਾ ਕੁਛ ਪਿੱਛੇ ਦਾ ਵੀ ਸੋਚ, ਭੈਣ ਤੇਰੀ ਵਿਆਹੁਣ ਯੋਗ ਹੋਈ ਜਾਂਦੀ ਆ। ਇਹਦੇ ਲਈ ਵੀ ਚਾਰ ਟੂੰਬਾਂ ਬਣਾਉਣੀਆਂ, … ਕੁੱਛ ਹੋਸ਼ ਕਰ ਲੱਗਾ ਹੋਇਆਂ ਭੁੱਖੜਾਂ ਨੂੰ ਰਜਾਉਣ।”

ਉਦੋਂ ਤੋਂ ਬਾਅਦ ਰਣਜੀਤ ਨੇ ਕਦੀ ਪਰਮਿੰਦਰ ਨੂੰ ਨਹੀਂ ਕਿਹਾ ਕਿ ਉਹ ਚਿੱਠੀ ਲਿਖ ਦੇਵੇ। ਦੋ ਤਿੰਨ ਕੁ ਇਹੋ ਜਿਹੀਆਂ ਚਿੱਠੀਆਂ ਹੋਰ ਆਈਆਂ ਪਰ ਰਣਜੀਤ ਨੇ ਪਰਮਿੰਦਰ ਨੂੰ ਰੋਕ ਰੱਖਿਆ ਜਵਾਬ ਦੇਣ ਤੋਂ। ਉਦੋਂ ਕੁ ਹੀ ਸੁਰਮੀਤ ਜੰਮਿਆਂ ਸੀ ਉਨ੍ਹਾਂ ਦੇ ਘਰ। ਅੰਤ ਜਦੋਂ ਸੁਖਦੇਵ ਦੇਸ਼ ਤੋਂ ਛੁੱਟੀਆਂ ਕੱਟ ਕੇ ਪਰਤਿਆ ਤਾਂ ਉਸ ਨੇ ਰਣਜੀਤ ਨੂੰ ਸਮਝਾਇਆ ਕਿ ਪਿਤਾ ਜੀ ਚਾਹੁੰਦੇ ਹਨ ਕਿ ਰਣਜੀਤ ਇਨ੍ਹਾਂ ਨੂੰ ਇੱਧਰ ਕੈਨੇਡਾ ਮੰਗਵਾ ਲਵੇ – ਇੱਧਰ ਆ ਕੇ ਦੋਵੇਂ ਭੈਣ ਭਰਾ ਆਪਣਾ ਕਮਾਉਣਗੇ ਤੇ ਖਾਣਗੇ। ਪਿੱਛੇ ਰਹਿੰਦਿਆਂ ਤਾਂ ਉਨ੍ਹਾਂ ਨੇ ਰਣਜੀਤ ਨੂੰ ਸੁਖ ਦਾ ਸਾਹ ਨਹੀਂ ਲੈਣ ਦੇਣਾ, ਸਾਰੀ ਉਮਰ ਇਨ੍ਹਾਂ ਦੀਆਂ ਫਰਮਾਇਸ਼ਾਂ ਹੀ ਪੂਰੀਆਂ ਨਹੀਂ ਹੋਣੀਆਂ ਕਿਉਂਕਿ ਰਣਜੀਤ ਦੀ ਮਾਤਾ ਦਾ ਸੁਭਾਅ ਵੀ ਜ਼ਰਾ ਲਾਲਚੀ ਸੀ, ਇਹ ਦੋਵੇਂ ਭੈਣ ਭਰਾ ਇਸ ਪੱਖੋਂ ਆਪਣੀ ਮਾਂ ਉੱਪਰ ਹੀ ਗਏ ਸਨ।

ਰਣਜੀਤ ਅਜੇ ਕੈਨੇਡਾ ਦਾ ਸਿਟੀਜ਼ਨ ਨਹੀਂ ਸੀ ਬਣਿਆ, ਇਸ ਲਈ ਘਰਦਿਆਂ ਨੂੰ ਕੈਨੇਡਾ ਮੰਗਵਾਉਣ ਦੀ ਅਰਜ਼ੀ ਤਾਂ ਉਹ ਅਜੇ ਕਰ ਹੀ ਨਹੀਂ ਸਕਦਾ ਸੀ, ਪਰ ਸੱਭ ਤੋਂ ਪਹਿਲਾਂ ਘਰ ਖ੍ਰੀਦਣਾ ਵੀ ਜ਼ਰੂਰੀ ਸੀ। ਕੁੱਝ ਮਹੀਨਿਆਂ ਵਿੱਚ ਹੀ ਘਰਾਂ ਦੀਆਂ ਕੀਮਤਾਂ ਪਹਿਲਾਂ ਨਾਲੋਂ ਲਗਭੱਗ ਦੁੱਗਣੀਆਂ ਹੋ ਗਈਆਂ ਸਨ।

‘ਬੰਦੇ ਦੀਆਂ ਲੋੜਾਂ ਈ ਨੀ ਮੁੱਕਦੀਆਂ, ਬੰਦਾ ਮੁੱਕ ਜਾਂਦਾ … ਪਰ ਮੇਰੀਆਂ ਆਪਣੀਆਂ ਲੋੜਾਂ ਤਾਂ ਕੋਈ ਐਡੀਆਂ ਜੱਗੋਂ ਬਾਹਰੀਆਂ ਸਿਗੀਆਂ ਵੀ ਨਹੀਂ … ਬੱਸ ਟੱਬਰ ਦੀਆਂ ਲੋੜਾਂ ਈ ਨੀ ਪੂਰੀਆਂ ਹੋਣ ’ਚ ਆਈਆਂ’ ਡਾਕਟਰ ਦੇ ਦਫ਼ਤਰ ਦੇ ਬਾਹਰ ਵੇਟਿੰਗ ਰੂਮ ਵਿੱਚ ਆਪਣੀ ਵਾਰੀ ਉਡੀਕਦਾ ਰਣਜੀਤ ਸੋਚ ਰਿਹਾ ਸੀ। ਵੇਟਿੰਗ ਰੂਮ ਦੀ ਸ਼ੈਲ਼ਫ਼ ਵਿੱਚ ਚਿਣੇ ਹੋਏ ਵੱਖ ਵੱਖ ਬੀਮਾਰੀਆਂ ਦੀ ਜਾਣਕਾਰੀ ਦਿੰਦੇ ਬ੍ਰੋਸ਼ਰ ਉਹ ਪੜ੍ਹ ਚੁੱਕਾ ਸੀ। ਜਿੰਨੇ ਜ਼ਿਆਦਾ ਕਾਗਜ਼ ਪੜ੍ਹਦਾ ਉੰਨਾ ਹੀ ਭੰਬਲ ਭੂਸੇ ਵਿੱਚ ਹੋਰ ਪੈ ਜਾਂਦਾ। ਹਰ ਬੀਮਾਰੀ ਦਾ ਕੋਈ ਨਾ ਕੋਈ ਲੱਛਣ ਉਸ ਨੂੰ ਆਪਣੇ ਵਿੱਚ ਮੌਜੂਦ ਜਾਪਦਾ। ਅੰਤ ਉਹ ਡਾਕਟਰ ਦੀ ਸੈਕਟਰੀ ਨੂੰ ਪੁੱਛ ਵੇਟਿੰਗ ਰੂਮ ਤੋਂ ਬਾਹਰ ਟਹਿਲਣ ਲੱਗਾ। ਸੈਕਟਰੀ ਦੇ ਦੱਸਣ ਅਨੁਸਾਰ ਅਜੇ ਵੀਹਾਂ ਕੁ ਮਿੰਟਾਂ ਤੱਕ ਉਸਦੀ ਵਾਰੀ ਆਉਣੀ ਸੀ। ਮਨ ਵਿੱਚ ਆਇਆ ਕਿ ਕੁੱਛ ਸਾਹਮਣਲੇ ਰੈਸਟੋਰੈਂਟ ਤੋਂ ਲੈ ਕੇ ਖਾ ਲਿਆ ਜਾਵੇ। ਪਰ ਭੁੱਖ ਤਾਂ ਉਸਦੇ ਲਾਗੇ ਵੀ ਨਹੀਂ ਸੀ ਤੇ ਕਾਫ਼ੀ ਪੀਣ ਦਾ ਸੋਚ ਉਂਜ ਹੀ ਉਸਦੇ ਢਿੱਡ ਵਿੱਚ ਜਲਣ ਹੋਣ ਲੱਗੀ। ਵੇਟਿੰਗ ਰੂਮ ਦੇ ਨਾਲ ਲੱਗਦੀ ਹੀ ਫ਼ਾਰਮੇਸੀ ਸੀ, ਸੋਚਿਆ ਕਿ ਮਿਹਦੇ ਦੀ ਜਲਣ ਠੀਕ ਕਰਨ ਲਈ ਕੋਈ ਐਂਟੀ ਐਸਿਡ ਵਰਗੀ ਕੋਈ ਗੋਲੀ ਜਾਂ ਪੀਣ ਦੀ ਦਵਾ ਲੈ ਲਵੇ ਜੋ ਕਿ ਪਿਛਲੇ ਕੁੱਝ ਹਫ਼ਤਿਆ ਤੋਂ ਉਸਦੀ ਲੋੜ ਹੀ ਬਣ ਗਈ ਜਾਪਦੀ ਸੀ।

ਫ਼ਾਰਮੇਸੀ ਦੀਆਂ ਕੰਧਾਂ ਉੱਪਰ ਵੱਖ ਬੀਮਾਰੀਆਂ ਤੇ ਦਵਾਈਆਂ ਨਾਲ ਸਬੰਧਿਤ ਵੱਡੇ ਵੱਡੇ ਇਸ਼ਤਿਹਾਰ ਲੱਗੇ ਹੋਏ ਸਨ। ‘ਕੀ ਹਰ ਕੋਈ ਬੰਦਾ ਬੀਮਾਰ ਹੀ ਤੁਰਿਆ ਫਿਰਦਾ ਇੱਥੇ? ਇਹ ਐਨੀਆਂ ਦਵਾਈਆਂ ਕੌਣ ਖਾਂਦਾ ਹੋਵੇਗਾ?’ ਆਪਣੇ ਲਈ ਐਂਟੀ ਐਸਿਡ ਸ਼ੈਲਫ ਉੱਪਰ ਲੱਭਦਾ ਉਹ ਸੋਚ ਰਿਹਾ ਸੀ। ਤਦੇ ਉਸ ਨੂੰ ਸ਼ੈਲਫ਼ ਦੇ ਇੱਕ ਸਿਰੇ ਉਪਰ ਕੈਨੇਡੀਅਨ ਮਿਲਟਰੀ ਵਿੱਚ ਭਰਤੀ ਹੋਣ ਲਈ ਬੁਲਾਵਾ ਦਿੰਦੇ ਇਸ਼ਤਿਹਾਰ ਨਜ਼ਰ ਆਏ। ਉਨ੍ਹਾਂ ਉੱਪਰ ਦੋ ਕੁ ਕਾਲੇ ਵਾਲਾਂ ਵਾਲੇ ਜਾਪਦੇ ਜਵਾਨਾਂ ਅਤੇ ਇੱਕ ਫੌਜਣ ਦੀ ਤਸਵੀਰ ਸੀ। ਇੱਕ ਜਵਾਨ ਦੀ ਤਸਵੀਰ ਤੋਂ ਉਸਨੂੰ ਆਪਣੇ ਪਿੰਡ ਦੇ ਪੰਡਿਤਾਂ ਦੇ ਵਿਸ਼ਵੇ ਦੀ ਯਾਦ ਆ ਗਈ।

ਰਣਜੀਤ ਤੋਂ ਕਈ ਵਰ੍ਹੇ ਵੱਡਾ ਸੀ ਵਿਸ਼ਵਾ ਤੇ ਰਣਜੀਤ ਹੁਰਾਂ ਦੀ ਸੁਰਤ ਤੋਂ ਪਹਿਲਾਂ ਦਾ ਫੌਜ ਵਿੱਚ ਭਰਤੀ ਹੋਇਆ ਸੀ। ਘਰ ਵਿੱਚ ਸੱਭ ਤੋਂ ਵੱਡਾ ਸੀ ਤੇ ਉਸ ਤੋਂ ਛੋਟੇ ਤਿੰਨ ਭਰਾ ਤੇ ਦੋ ਭੈਣਾਂ ਸਨ। ਉਸ ਦੇ ਪਿਤਾ ਕਿਸ਼ਨ ਲਾਲ ਦੇ ਹਿੱਸੇ ਭਰਾ ਨਾਲ ਵੰਡ ਹੋਣ ਬਾਅਦ ਮਸੀਂ ਤਿੰਨ ਚਾਰ ਏਕੜ ਪਿੰਡ ਦੇ ਤਿੰਨਾਂ ਪਾਸਿਆਂ ਤੇ ਖਿੱਲਰੀ ਹੋਈ ਦਰਮਿਆਨੀ ਜਿਹੀ ਜ਼ਮੀਨ ਆਈ ਸੀ। ਉਸਦਾ ਤਾਇਆ ਲਛਮਣ ਲਾਲ ਆਪਣੇ ਹਿੱਸੇ ਦਾ ਇੱਕ ਟੱਕ ਵਧੀਆ ਜ਼ਮੀਨ ਦੇ ਦੋ ਖੇਤ ਲੈ ਕੇ ਸੁਖਦੇਵ ਹੁਰਾਂ ਦੇ ਟੱਬਰ ਨੂੰ ਵੇਚ ਟੱਬਰ ਲੈ ਕੇ ਸ਼ਹਿਰ ਜਾ ਵਸਿਆ ਸੀ। ਪਰ ਕਿਸ਼ਨ ਲਾਲ ਦਾ ਟੱਬਰ ਵੱਡਾ ਹੋਣ ਕਾਰਨ ਪਿੰਡ ਵਿੱਚ ਰਹਿਣਾ ਹੀ ਉਨ੍ਹਾਂ ਲਈ ਮੁਨਾਸਿਬ ਸੀ।

ਵਿਸ਼ਵੇ ਦੇ ਭਰਤੀ ਹੋਣ ਨਾਲ ਟੱਬਰ ਦਾ ਗੁਜ਼ਾਰਾ ਸੌਖਾ ਰਿੜ੍ਹ ਪਿਆ ਸੀ। ਵਿਸ਼ਵਾ ਕਦੀ ਸਾਲ ਬਾਅਦ ਛੁੱਟੀ ਆਉਂਦਾ ਤੇ ਛੁੱਟੀ ਆ ਕੇ ਵੀ ਭਰਾਵਾਂ ਨਾਲ ਖੇਤੀ ਦਾ ਕੰਮ ਕਰਵਾਉਂਦਾ ਰਹਿੰਦਾ। ਹੌਲੀ ਹੌਲੀ ਦੋਵੇਂ ਭੈਣਾਂ ਦੇ ਵਿਆਹ ਹੋ ਗਏ, ਬਾਕੀ ਦੇ ਤਿੰਨਾਂ ਭਰਾਵਾਂ ਵਿੱਚੋਂ ਵੱਡਾ ਅਸ਼ੋਕ ਪਿੰਡ ਖੇਤੀ ਸੰਭਾਲਣ ਲੱਗਾ ਤੇ ਛੋਟੇ ਦੋਵੇਂ ਪੜ੍ਹ ਰਹੇ ਸਨ। ਵਿਸ਼ਵੇ ਦਾ ਵਿਆਹ ਭੀ ਕਾਫੀ ਦੇਰ ਨਾਲ ਹੋਇਆ ਸੀ, ਸਗੋਂ ਵਿਸ਼ਵੇ ਤੋਂ ਛੋਟਾ ਅਸ਼ੋਕ ਪਹਿਲਾਂ ਵਿਆਹਿਆ ਗਿਆ ਸੀ। ਵਿਸ਼ਵਾ ਕੋਈ ਬੱਤੀ ਤੇਤੀ ਵਰ੍ਹੇ ਦਾ ਸੀ ਜਦੋਂ ਆਪਣੇ ਕਿਸੇ ਸਾਥੀ ਫੌਜੀ ਦੀ ਭੈਣ ਨਾਲ ਉਸਦਾ ਲਗਨ ਹੋਇਆ। ਪਹਾੜ ਦੇ ਪਿੰਡ ’ਚੋਂ ਕੁੜੀ ਬੜੀ ਨਾਜ਼ੁਕ ਜਿਹੀ ਵਿਆਹ ਕੇ ਆਈ ਸੀ ਪਰ ਉਸਦੀ ਦਿਉਰਾਣੀ ਸੁਮਨ ਬੜੀ ਚੁਸਤ ਤੇ ਉਸਦੇ ਪੇਕੇ ਵੀ ਨੇੜਲੇ ਪਿੰਡ ’ਚ ਸਨ। ਸ਼ਹਿਰ ਦੇ ਕਿਸੇ ਸਰਕਾਰੀ ਦਫਤਰ ਵਿੱਚ ਕਲਰਕ ਲੱਗੀ ਹੋਣ ਕਰਕੇ ਉਸਦੀ ਘਰ ਵਿੱਚ ਵੀ ਚਲਦੀ ਸੀ। ਅਸ਼ੋਕ ਵੀ ਖੁਦ ਨੂੰ ਪੂਰਾ ਖੱਬੀ ਖਾਨ ਸਮਝਦਾ ਸੀ। ਥੋੜ੍ਹੀ ਜਿਹੀ ਦੌੜ ਭੱਜ ਕਰਕੇ ਉਸਨੇ ਸ਼ਹਿਰ ਦੀ ਮਿਊਂਸਿਪਲ ਕਮੇਟੀ ਵਿੱਚ ਮਹਿਸੂਲ ਵਸੂਲ ਕਰਨ ਦੀ ਚੁੰਗੀ ਉੱਪਰ ਨੌਕਰੀ ਹਥਿਆ ਲਈ। ਉਨ੍ਹਾਂ ਦਿਨਾਂ ਵਿੱਚ ਕੁੱਝ ਅਜਿਹੀਆਂ ਆਸਾਮੀਆਂ ਮਿਲਟਰੀ ਵਾਲਿਆਂ ਦੇ ਪ੍ਰੀਵਾਰਾਂ ਲਈ ਰਾਖਵੀਆਂ ਸਨ।

ਜਦੋਂ ਕੁ ਰਣਜੀਤ ਨੇ ਕੈਨੇਡਾ ਆਉਣਾ ਸੀ ਤਾਂ ਵਿਸ਼ਵਾ ਪਿੰਡ ਹੀ ਸੀ। ਉਨ੍ਹਾਂ ਦਾ ਸੱਭ ਤੋਂ ਛੋਟਾ ਭਰਾ ਰਮੇਸ਼ ਰਣਜੀਤ ਨਾਲ ਪੜ੍ਹਦਾ ਸੀ। ਉਸੇ ਨੂੰ ਮਿਲਣ ਰਣਜੀਤ ਉਨ੍ਹਾਂ ਦੇ ਘਰ ਗਿਆ ਤਾਂ ਅੱਗੋਂ ਵਿਸ਼ਵਾ ਮਿਲ ਪਿਆ।

“ਭਾਅ ਮੇਛੀ ਘਰ ਈ ਆ?” ਰਣਜੀਤ ਨੇ ਪੁੱਛਿਆ।

“ਨਹੀਂ, ਘਰ ਤਾਂ ਹੈ ਨੀ,” ਵਿਸ਼ਵੇ ਨੇ ਦੱਸਿਆ।

“ਕਿੱਧਰ ਗਿਆ?”

“ਮੈਨੂੰ ਬੜਾ ਕੋਈ ਦੱਸਦਾ ਪਈ ਘਰ ’ਚ ਕੀ ਹੁੰਦਾ,” ਓਦਰਿਆ ਜਿਹਾ ਜਵਾਬ ਸੀ ਵਿਸ਼ਵੇ ਦਾ, “ਮੈਂ ਤਾਂ ਬੱਸ ਤਨਖਾਹ ਲਿਆ ਕੇ ਰੱਖੀ ਜਾਵਾਂ ਇਨ੍ਹਾਂ ਦੇ ਹੱਥ ਤੇ ਠੀਕ ਆ, ਨਹੀਂ ਤਾਂ …” ਆਪਣੀ ਗੱਲ ਵਿੱਚੋਂ ਹੀ ਕੱਟਦਾ ਬੋਲਿਆ, “ਉਹ ਜੀਤਿਆ, ਮੈਂ ਸੁਣਿਆਂ ਤੂੰ ਵੀ ਤਿਆਰੀ ਕੱਸ ਲਈ ਕਿਤੇ ਬਾਹਰ ਦੀ?”

“ਹਾਂ ਭਾਅ, ਥੋੜ੍ਹੇ ਦਿਨਾਂ ਨੂੰ ਫਲਾਈਟ ਆ ਮੇਰੀ।”

“ਚੰਗਾ ਮਿੱਤਰਾ ਜੁੜਨ ਲੱਗਾਂ ਤੂੰ ਵੀ ਬੀਂਡੀ ਬੌਲਦ ਵਾਂਗ … ਚੱਲ ਸੋ ਚੱਲ”

ਉਸ ਵੇਲੇ ਰਣਜੀਤ ਨੇ ਵਿਸ਼ਵੇ ਦੀ ਗੱਲ ਨੂੰ ਜ਼ਿਆਦਾ ਨਹੀਂ ਗੌਲਿਆ, ਸ਼ਾਇਦ ਕਨੇਡੇ ਦੇ ਚਾਅ ਵਿੱਚ, ਪਰ ਇੱਧਰ ਆ ਕੇ ਉਸਨੂੰ ਵਿਸ਼ਵੇ ਦੀ ਇਹ ਗੱਲ ਬੜੀ ਯਾਦ ਆਉਂਦੀ ਤੇ ਨਾਲ ਹੀ ਯਾਦ ਆਉਂਦਾ ਸਵਰਨੇ ਕੱਛੂ ਖੋਰੇ ਦਾ ਬੱਗਾ ਬੌਲਦ ਜਿਸਨੂੰ ਆਮ ਕਰਕੇ ਉਹ ਗੱਡੇ ਦੇ ਮੋਹਰੇ ਜੋੜਦਾ ਤਾਂ ਕਿ ਝੋਟੇ ਜ਼ਰਾ ਸੌਖੇ ਰਹਿਣ।

ਉਸਦੇ ਖਿਆਲਾਂ ਦੀ ਲੜੀ ਉਸ ਦੀ ਡਾਕਟਰ ਕੋਲ ਵਾਰੀ ਆਉਣ ਲਈ ਸੈਕਟਰੀ ਵੱਲੋਂ ਉਸਦਾ ਨਾਮ ਲੈ ਕੇ ਮਾਰੀ ਆਵਾਜ਼ ਨਾਲ ਟੁੱਟੀ। ਡਾਕਟਰ ਨੇ ਖੂਨ ਟੈਸਟ ਦੀ ਰੀਪੋਰਟ ਨੂੰ ਗਹੁ ਨਾਲ ਪੜ੍ਹਿਆ ਅਤੇ ਉਸਦੇ ਸਰੀਰ ਦੀ ਜਾਂਚ ਕੀਤੀ। ਉਸਦੀ ਭੁੱਖ, ਨੀਂਦ, ਕਬਜ਼ ਅਤੇ ਹਾਜ਼ਮੇਂ ਸਬੰਧੀ ਕਈ ਸਾਰੇ ਸਵਾਲ ਪੁੱਛੇ ਤੇ ਬਿਨਾਂ ਕੁਝ ਬੋਲੇ ਆਪਣੇ ਲੰਬੇ ਚਿੱਟੇ ਕੋਟ ਜਿਹੇ ਦੀ ਜੇਬ ਵਿੱਚੋਂ ਪਰਚੀ ਕੱਢ ਕੁਝ ਲਿਖਣ ਲੱਗ ਪਿਆ।

“ਕੋਈ ਸੀਰੀਅਸ ਗੱਲ ਤਾਂ ਨਹੀਂ ਡਾਕਟਰ?” ਰਣਜੀਤ ਨੇ ਜ਼ਰਾ ਡਰਦਿਆਂ ਪੁੱਛਿਆ।

“ਮੈਂ ਤਾਂ ਚਹੁੰਨਾਂ ਪਈ ਕੋਈ ਸੀਰੀਅਸ ਗੱਲ ਨਾ ਹੋਵੇ ਪਰ ਰੀਪੋਰਟਾਂ ਝੂਠ ਨਹੀਂ ਬੋਲ ਸਕਦੀਆਂ,” ਡਾਕਟਰ ਨੇ ਆਪਣੀ ਐਨਕ ਨੂੰ ਥਾਂ ਸਿਰ ਕਰਦਿਆਂ ਕਿਹਾ।

“ਢਿੱਡ ਵਿੱਚ … ਆਹ ਛਾਤੀ ਦੇ ਉੱਪਰ ਜਲਣ ਜਿਹੀ ਬਹੁਤ ਰਹਿੰਦੀ ਆ। ਰੋਜ਼ ਰੋਜ਼ ਕਈ ਐਂਟੀ ਐਸਿਡ ਖਾ ਕੇ ਮਸੀਂ ਥੋੜ੍ਹਾ ਜਿਹਾ ਆਰਾਮ ਆਉਂਦਾ, ਪਰ ਜਿਉਂ ਹੀ ਕੁਝ ਖਾਨਾਂ ਉਹੀ ਹਾਲ ਫੇਰ ਹੋ ਜਾਂਦਾ,” ਆਪਣਾ ਡਰ ਮਿਟਾਉਣ ਲਈ ਰਣਜੀਤ ਨੇ ਪੁੱਛਿਆ, ਪਰ ਡਾਕਟਰ ਨੇ ਤੁਰੰਤ ਕੋਈ ਜਵਾਬ ਨਾ ਦਿੱਤਾ ਤੇ ਦਵਾਈ ਦੇ ਵਰਤਣ ਬਾਰੇ ਨਿਰਦੇਸ਼ ਦਿੰਦਾ ਹੋਇਆ ਅਗਾਂਹ ਕਿਸੇ ਹੋਰ ਖਾਸ ਟੈਸਟ ਕਰਵਾਉਣ ਲਈ ਪਰਚੀ ਲਿਖਣ ਲੱਗਾ ਤੇ ਅਖੀਰ ਵਿੱਚ ਅੱਗੇ ਵਾਲੀਆਂ ਪੇਨ ਕਿੱਲਰ ਲਿਖ ਕੇ ਦਿੰਦਾ ਹੋਇਆ ਐਗਜ਼ਾਮੀਨੇਸ਼ਨ ਰੂਮ ਵਿੱਚੋਂ ਬਾਹਰ ਨਿਕਲਣ ਲੱਗਿਆ ਬੋਲਿਆ ਕਿ ਪੇਨ ਕਿੱਲਰ ਤੱਦ ਹੀ ਲੈਣੀ ਜੇ ਬਹੁਤ ਜ਼ਰੂਰੀ ਹੋਵੇ, ਕਿਡਨੀ ਦਾ ਕੰਮ ਬੜਾ ਕਸੂਤਾ ਹੁੰਦਾ ਇਸ ਲਈ ਰਣਜੀਤ ਨੂੰ ਦਵਾਈ ਵਕਤ ਸਿਰ ਲੈਣ ਅਤੇ ਸ਼ਰਾਬ ਤੋਂ ਖਾਸ ਪ੍ਰਹੇਜ਼ ਕਰਨ ਕਈ ਤਾਕੀਦ ਕਰਦਾ ਹੋਇਆ ਅਗਲਾ ਮਰੀਜ਼ ਦੇਖਣ ਲੱਗਾ।

ਰਣਜੀਤ ਨੇ ਘਰ ਪਹੁੰਚਣ ਤੋਂ ਪਹਿਲਾਂ ਇਹ ਫੈਸਲਾ ਕੀਤਾ ਕਿ ਘਰ ਕਿਸੇ ਨੂੰ ਨਹੀਂ ਦੱਸੇਗਾ ਆਪਣੀ ਸਿਹਤ ਬਾਰੇ, ਇੱਕ ਤਾਂ ਜਿੰਨੀ ਦੇਰ ਡਾਕਟਰ ਦਾ ਦੱਸਿਆ ਨਵਾਂ ਟੈਸਟ ਹੋ ਕੇ ਰੀਜ਼ਲਟ ਨਹੀਂ ਆਉਂਦਾ ਉੰਨੀ ਦੇਰ ਕਿਉਂ ਸੱਭ ਦੀ ਚਿੰਤਾ ਵਧਾਉਣੀ ਆਂ ਤੇ ਦੂਸਰਾ ਘਰ ਵਿੱਚ ਪਰਮਿੰਦਰ ਤੋਂ ਬਿਨਾਂ ਹੋਰ ਕਿਸਨੂੰ ਉਸਦੀ ਪ੍ਰਵਾਹ ਸੀ। ਪਿਤਾ ਜੀ ਨੂੰ ਸ਼ਾਇਦ ਥੋੜ੍ਹੀ ਬਹੁਤ ਉਸਦੀ ਫਿਕਰ ਹੋਵੇ, ਪਰ ਅਗਲੇ ਹੀ ਪਲ ਇਹ ਵਿਚਾਰ ਉਸਨੇ ਰੱਦ ਕਰ ਦਿੱਤਾ, ਜੇ ਫਿਕਰ ਹੋਵੇ ਤਾਂ ਪਰਮਿੰਦਰ ਤੋਂ ਸਿਵਾ ਬਾਕੀ ਮੈਂਬਰਾਂ ਨੂੰ ਘਰ ਦੇ ਕੰਮਾਂ ਜਾਂ ਖਰਚਿਆਂ ਵਿੱਚ ਹੱਥ ਵਟਾਉਣ ਨੂੰ ਨਾ ਕਹਿਣ। ਪਰ ਬਾਪੂ ਹੋਰੀਂ ਤਾਂ ਮਾਤਾ ਦੇ ਸਾਹਮਣੇ ਕੁੱਝ ਨਹੀਂ ਕਹਿੰਦੇ। ਤੇ ਮਾਤਾ ਜੀ ਵਾਸਤੇ ਘਰ ਦਾ ਹਰ ਉਹ ਮਾਮਲਾ ਬੇਕਾਰ ਸੀ ਜਿਸ ਵਿੱਚੋਂ ਉਨ੍ਹਾਂ ਨੂੰ ਪਰਮਿੰਦਰ ਦੇ ਖਿਲਾਫ਼ ਕੋਈ ਗੱਲ ਨਾ ਲੱਭੇ। ਛੋਟੇ ਭਰਾ ਅਤੇ ਭੈਣ ਨੂੰ ਜਿਵੇਂ ਹਰ ਚੀਜ਼ ਵਿੱਚ ਹੀ ਨੁਕਸ ਨਜ਼ਰ ਆਉਂਦੇ ਸਨ। ਖੁਦ ਨਾ ਤਾਂ ਕੋਈ ਪੜ੍ਹਾਈ ਪੂਰੀ ਕੀਤੀ ਸੀ ਤੇ ਨਾ ਹੀ ਕੋਈ ਟੈਕਨੀਕਲ ਕੰਮ ਸਿੱਖਿਆ। ਖਾਣਾ, ਪਹਿਨਣਾ ਤੇ ਗੱਪਾਂ ਮਾਰਨੀਆਂ ਤੋਂ ਇਲਾਵਾ ਕੋਈ ਹੋਰ ਕੰਮ ਕਰਕੇ ਉਹ ਰਾਜ਼ੀ ਨਹੀਂ ਸਨ।

ਛੋਟੇ ਭਰਾ ਮਨਮੀਤ ਨੂੰ ਇਤਰਾਜ਼ ਸੀ ਕਿ ਰਣਜੀਤ ਨੂੰ ਕੱਪੜੇ ਪਹਿਨਣ ਦਾ ਨਹੀਂ ਸੀ ਪਤਾ, ਹਰ ਵੇਲੇ ਇੱਕ ਜੈਕਟ ਜਿਹੀ ਪਾ ਕੇ ਤੁਰਿਆ ਫਿਰਦਾ। ਬਦਲਦੇ ਹੋਏ ਫੈਸ਼ਨਾ ਤੇ ਨਵੇਂ ਟਰੈਂਡ ਦੀ ਉਸ ਨੂੰ ਕੋਈ ਖਬਰ ਨਹੀਂ। ਦੋਹਾਂ ਮਾਵਾਂ ਧੀਆਂ ਨੂੰ ਪਰਮਿੰਦਰ ਦੇ ਕੱਪੜੇ ਪਾਉਣ ਤੇ ਹੋਰਨਾਂ ਤੌਰ ਤਰੀਕਿਆ ਵਿੱਚ ਢੇਰ ਸਾਰੇ ਨੁਕਸ ਆਉਂਦੇ। ਇੱਥੇ ਹੀ ਬੱਸ ਨਹੀਂ ਤਿੰਨਾਂ ਵਿੱਚੋਂ ਕੋਈ ਨਾ ਕੋਈ ਜਣਾ ਹਰ ਹਫ਼ਤੇ ਕਿਸੇ ਨਾ ਕਿਸੇ ਕੱਪੜੇ ਲੀੜੇ ਦੀ ਫਰਮਾਇਸ਼ ਕਰ ਦਿੰਦਾ ਤੇ ਬਿੱਲ ਰਣਜੀਤ ਨੂੰ ਭਰਨਾ ਪੈਂਦਾ। ਘਰ ਦੇ ਕੰਮ ਵਿੱਚ ਹੱਥ ਵਟਾਉਣ ਦੇ ਨਾਮ ਤੇ ਕੰਮ ਨਾ ਕਰਨ ਦੇ ਬਹਾਨੇ ਹਾਜ਼ਿਰ ਰਹਿੰਦੇ। ਕਿਚਨ ਵਿੱਚ ਜੂਠੇ ਭਾਂਡੇ ਧਵਾਉਣ ਵੇਲੇ ਮਾਤਾ ਕਹਿ ਉੱਠਦੀ, ਅਸੀਂ ਤਾਂ ਆਪਣੇ ਘਰ ਨਹੀਂ ਭਾਂਡੇ ਮਾਂਜੇ ਕਦੀ, ਰੁਕਮਣ ਝਿਊਰੀ ਹੀ ਰੋਜ਼ ਮਾਂਜਦੀ ਹੁੰਦੀ ਸੀ। ਕੱਪੜੇ ਧੋਣ ਵਾਲੀ ਮਸ਼ੀਨ ਵਿੱਚੋਂ ਧੋਤੇ ਹੋਏ ਕੱਪੜੇ ਕੱਢ ਕੇ ਤਾਰ ਤੇ ਸੁੱਕਣੇ ਪਾਉਣ ਵੇਲੇ ਕੁੜੀ ਅਰਸ਼ੀ ਕਹਿ ਛੱਡਦੀ, ‘ ਕੱਪੜੇ ਸੁਕਾਉਣ ਵਾਲਾ ਡਰਾਇਰ ਲਉ ਤਾਂ ਐਵੀਂ ਵਾਧੂ ਦਾ ਕੰਮ ਵਧਾਇਆ ਹੋਇਆ।’ ਘਰ ਦੇ ਬਾਹਰ ਕੱਚੇ ਵਿਹੜੇ ਵਿਚਲਾ ਘਾਹ ਕੱਟਣ ਲਈ ਜੇ ਕਦੀ ਮਨਮੀਤ ਨੂੰ ਕਹਿੰਦੇ ਤਾਂ ਉਹਦਾ ਜਵਾਬ ਹੁੰਦਾ, ‘ਮੈਂ ਤਾਂ ਸਾਕਰ ਖੇਲ੍ਹਣ ਚੱਲਿਆਂ, ਹਾਅ ਵੀਹ ਇੱਥੇ ਤੁਰੇ ਫਿਰਦੇ ਆ ਮਸ਼ੀਨਾਂ ਜਿਹੀਆਂ ਚੁੱਕੀ, ਵੀਹ ਡਾਲਰ ਦਿਉ ਕਿਸੇ ਨੂੰ ਅਗਲੇ ਹੱਸ ਸੱਭ ਕੁਸ਼ ਕੱਟ ਹੂੰਝ ਕੇ ਲੈ ਜਾਂਦੇ ਆ।’ ਜਵਾਬ ਸੁਣ ਰਣਜੀਤ ਕੁੱਝ ਕਹਿਣ ਦੀ ਬਜਾਇ ਖੁਦ ਘਾਹ ਕੱਟਣ ਦੀ ਮਸ਼ੀਨ ਲੈ ਕੇ ਜੁੜ ਜਾਂਦਾ ਗੇੜੇ ਲਾਉਣ, ਪਿਤਾ ਜੀ ਸੱਭ ਕੁਝ ਦੇਖ ਸੁਣ ਕੇ ਵੀ ਚੁੱਪ ਚਾਪ ਅਖਬਾਰ ਵਿੱਚ ਅੱਖਾਂ ਗੱਡੀ ਰੱਖਦੇ।

ਵੱਡੇ ਸਾਰੇ ਯਾਰਡ ਦਾ ਘਾਹ ਕੱਟਦਿਆਂ ਰਣਜੀਤ ਦੀ ਸੁਰਤ ਫਿਰ ਪਿੰਡ ਜਾ ਜੁੜਦੀ। ਇੱਕ ਦਿਨ ਉਸਨੂੰ ਸਵਰਨੇ ਕੱਛੂਖੋਰੇ ਨੂੰ ਲੱਭਣ ਲਈ ਭੇਜਿਆ ਕਿ ਸ਼ਾਮ ਨੂੰ ਗੱਡਾ ਲੈ ਕੇ ਸ਼ਹਿਰ ਨੂੰ ਚੱਲੇ ਤੇ ਕੱਲ੍ਹ ਸਵੇਰ ਨੂੰ ਸ਼ਹਿਰੋਂ ਨਵਾਂ ਇੰਜਣ ਟਿਊਬਵੈੱਲ ’ਤੇ ਫਿੱਟ ਕਰਨ ਵਾਸਤੇ ਲਿਆਉਣਾ ਸੀ। ਸਵਰਨੇ ਦੇ ਘਰੋਂ ਪਤਾ ਲੱਗਾ ਕਿ ਉਹ ਗੁਰਦਿਆਲੀ ਦੇ ਖੇਤਾਂ ਵੱਲ ਪਸ਼ੂ ਲੈ ਕੇ ਗਿਆ ਹੋਇਆ ਹੈ ਸਵੇਰੇ ਸਾਝਰੇ ਦਾ। ਦੁਪਹਿਰਾ ਹੋਣ ਵਾਲਾ ਸੀ ਪਰ ਸਵਰਨੇ ਬਾਰੇ ਮਸ਼ਹੂਰ ਸੀ ਕਿ ਜਦੋਂ ਤੱਕ ਕੰਮ ਨਹੀਂ ਨਿਬੜਦਾ ਸਵਰਨੇ ਨੂੰ ਦਿਨ ਚੜ੍ਹਦੇ ਢਲਦੇ ਦਾ ਕੋਈ ਪਤਾ ਨਾ ਲੱਗਦਾ। ਗੁਰਦਿਆਲੀ ਦੇ ਖੇਤਾਂ ਵਿੱਚ ਪਹੁੰਚ ਰਣਜੀਤ ਨੇ ਦੇਖਿਆ ਕਿ ਸਵਰਨਾ ਇੱਕ ਤਾਜ਼ੇ ਬੀਜੇ ਹੋਏ ਖੇਤ ਨੂੰ ਪੋਲੀ ਪੋਲੀ ਜਿਹੀ ਸੁਹਾਗੀ ਮਾਰ ਕੇ ਹਟਿਆ ਹੈ, ਦੋਵੇਂ ਝੋਟੇ ਪੰਜਾਲੀ ਵਿੱਚੋਂ ਨਿਕਲ ਡੇਕਾਂ ਦੀ ਛਾਂਵੇਂ ਬੈਠੇ ਜੁਗਾਲੀ ਕਰ ਰਹੇ ਹਨ ਤੇ ਬੱਗਾ ਇਕੱਲਾ ਹੀ ਹਲਟ ਦੀ ਗਾਧੀ ਉਪਰ ਜੁੜਿਆ ਹੋਇਆ ਹੈ, ਬੱਗੇ ਦੀਆਂ ਅੱਖਾਂ ਉੱਪਰ ਖੋਪੇ ਪਾਏ ਹੋਏ ਹਨ ਤੇ ਸਵਰਨਾ ਪਿੱਛੇ ਬੈਠਾ ਨਾਲੇ ਤਾਂ ‘ਸ਼ਾਵਾ ਬੱਗੇ ਸ਼ੇਰ ਦੇ, ਸ਼ਾਵਾ … ਸ਼ਾਵਾ’ ਕਰੀ ਜਾ ਰਿਹਾ ਹੈ ਤੇ ਨਾਲੇ ਦੁਪਹਿਰ ਲਈ ਲਿਆਂਦੀਆਂ ਮਿੱਸੀਆਂ ਰੋਟੀਆਂ ਛਕੀ ਜਾ ਰਿਹਾ ਹੈ, ਆਪਣੀ ਖੱਦਰ ਦੀ ਫਤੂਹੀ ਦੀ ਇੱਕ ਪਾਸੇ ਦੀ ਜੇਬ ਵਿੱਚੋਂ ਗੰਢਾ ਕੱਢ ਕੇ ਇੱਕ ਦੰਦੀ ਉਸਨੂੰ ਵੱਢ ਲੈਂਦਾ ਹੈ ਤੇ ਦੂਸਰੇ ਪਾਸੇ ਦੀ ਜੇਬ ਵਿੱਚੋਂ ਅੰਬ ਦੇ ਆਚਾਰ ਦੀ ਫਾੜੀ ਨੂੰ ਜੀਭ ਨਾਲ ਚੱਟ ਲੈਂਦਾ ਹੈ। ਰਣਜੀਤ ਦੇ ਪਹੁੰਚਣ ਤੇ ਉਹ ਰੋਟੀਆਂ ਖਤਮ ਕਰ ਕੇ ਹਲਟ ਦੇ ਪਾੜਛੇ ਵਿੱਚੋਂ ਢਿੱਡ ਭਰ ਪਾਣੀ ਪੀ ਤੇ ਗਾਧੀ ਨਾਲ ਜੁਟੇ ਹੋਏ ਬੱਗੇ ਨੂੰ ਹਲਕੀ ਜਿਹੀ ਪ੍ਰੈਣ ਨਾਲ ਤੁਰੇ ਰਹਿਣ ਦਾ ਇਸ਼ਾਰਾ ਕਰ ਰਣਜੀਤ ਕੋਲ ਆ ਗਿਆ।

ਰਣਜੀਤ ਦੇ ਆਉਣ ਦਾ ਮੰਤਵ ਸੁਣ ਬੋਲਿਆ, ‘ਚਲ ਠੀਕ ਆ, ਸ਼ਾਮ ਤੱਕ ਬੱਗੇ ਨੇ ਆਹ ਕਿੱਲੇ ਦੀ ਰੌਣੀ ਮੁਕਾ ਲੈਣੀ ਆਂ ਤੇ ਮੈਂ ਔਹ ਤਿੰਨ ਕਨਾਲ ਦੀ ਖੱਤੀ ਨੂੰ ਪਾੜ ਪਾ ਕੇ ਤਕਾਲਾਂ ਨੂੰ ਭਜਨੇ ਦੇ ਆਲੂ ਲੱਦ ਲਿਜਾਣੇ ਆਂ ਸ਼ਹਿਰ ਨੂੰ ਤੇ ਸਵੇਰੇ ਦਿਨ ਚੜ੍ਹੇ ਦੁਕਾਨਾਂ ਖੁੱਲ੍ਹੀਆਂ ਤੇ ਇੰਜਣ ਰੱਖ ਲਿਆਉਣਾ ਤੇ ਲੌਢੇ ਵੇਲੇ ਦੁਆਲੇ ਪਹੁੰਚ ਕੇ ਬੱਗੇ ਨੂੰ ਜੋੜ ਕੇ ਦੋਹਰ ਪਾ ਦੇਣੀ ਆਂ ਤਿੰਨ ਕਨਾਲੀਂ ਖੇਤ ਨੂੰ … ਸ਼ਾਵਾ ਬੱਗੇ ਸ਼ੇਰ ਦੇ … ਖਿੱਚ ਖਿੱਚ ਸ਼ੇਰਾ … ਖਿੱਚ … ਆਪਾਂ ਤਕਾਲਾਂ ਨੂੰ ਫੇਰ ਸ਼ਹਿਰ ਨੂੰ ਜਾਣਾਂ’ ਕਹਿੰਦਾ ਹੋਇਆ ਸਵਰਨਾ ਮੁੜ ਗਾਧੀ ਤੇ ਜਾ ਬੈਠਾ। ਰਣਜੀਤ ਨੂੰ ਉਸ ਉੱਪਰ ਬੜਾ ਕ੍ਰੋਧ ਆਇਆ ਤੇ ਉਹ ਚੁੱਪਚਾਪ ਉੱਥੋਂ ਪਰਤ ਆਇਆ।

ਅੱਜ ਉਹਨੂੰ ਆਪਣੇ ਘਰਦਿਆਂ ਉੱਪਰ ਵੀ ਉਸੇ ਤਰ੍ਹਾਂ ਦਾ ਕ੍ਰੋਧ ਆ ਰਿਹਾ ਸੀ। ਉਸਨੂੰ ਜਾਪਦਾ ਸੀ ਕਿ ਮਨਮੀਤ ਅਤੇ ਅਰਸ਼ੀ ਆਉਂਦਿਆਂ ਹੀ ਕਿਸੇ ਨਾ ਕਿਸੇ ਕੰਮ ਤੇ ਲੱਗ ਜਾਣਗੇ ਤੇ ਘਰ ਦੇ ਖਰਚੇ ਵਿੱਚ ਹੱਥ ਵਟਾਉਣਗੇ, ਪਰ ਹੋ ਕੁੱਝ ਹੋਰ ਈ ਰਿਹਾ ਸੀ। ਉਹ ਤਾਂ ਜਿਵੇਂ ਸੋਚ ਕੇ ਆਏ ਸਨ ਕਿ ਕੈਨੇਡਾ ਸੜਕਾਂ ਉਪਰ ਪੈਸੇ ਖਿਲਰੇ ਹੋਣ। ਉਹ ਉਸ ਘੜੀ ਨੂੰ ਕੋਸਣ ਲੱਗਾ ਜਦੋਂ ਉਸ ਨੇ ਕੈਨੇਡਾ ਦੀ ਸਿਟੀਜ਼ਨਸ਼ਿਪ ਮਿਲਦਿਆਂ ਹੀ ਉਨ੍ਹਾਂ ਨੂੰ ਮੰਗਵਾਉਣ ਦੀ ਅਰਜ਼ੀ ਭਰਨ ਲਈ ਇੰਮੀਗ੍ਰੇਸ਼ਨ ਦਫ਼ਤਰ ਨਾਲ ਟਾਇਮ ਨੀਯਤ ਕਰ ਲਿਆ ਤੇ ਮਿੱਥੇ ਦਿਨ ਉਹ ਤੇ ਪ੍ਰਮਿੰਦਰ ਦੋਵੇਂ ਆਪਣੇ ਕੰਮਾਂ ਅਤੇ ਬੈਂਕ ਆਦਿ ਤੋਂ ਲੋੜੀਂਦੇ ਕਾਗਜ਼ ਪੱਤਰ ਲੈ ਕੇ ਇੰਮੀਗ੍ਰੇਸ਼ਨ ਦਫ਼ਤਰ ਪਹੁੰਚੇ। ਖਿਝੂ ਜਿਹੇ ਦਿਸਦੇ ਅਫ਼ਸਰ ਨੇ ਕਾਗਜ਼ ਆਦਿ ਚੈੱਕ ਕੀਤੇ ਤੇ ਉਨ੍ਹਾਂ ਨੂੰ ਉੱਥੇ ਹੀ ਬੈਠਿਆਂ ਛੱਡ ਨਾਲ ਦੇ ਕਮਰੇ ਵਿੱਚ ਚਲਾ ਗਿਆ। ਬੈਠੇ ਬੈਠੇ ਦੋਵੇਂ ਜਣੇ ਕਾਫ਼ੀ ਉਕਤਾ ਗਏ ਤੇ ਅਖੀਰ ਉਹ ਖਿਝੂ ਜਿਹਾ ਅਫ਼ਸਰ ਹੱਥ ਵਿੱਚ ਕੁੱਝ ਕਾਗਜ਼ ਤੇ ਕੈਲਕੂਲੇਟਰ ਜਿਹਾ ਫੜੀ ਪਰਤਿਆ। ਕਾਗਜ਼ ਮੇਜ਼ ਉੱਪਰ ਖਿਲਾਰਦਾ ਹੋਇਆ ਬੋਲਿਆ ਕਿ ਸੌਰੀ ਮੈਂ ਇਹ ਅਰਜ਼ੀ ਨਹੀਂ ਲੈ ਸਕਦਾ ਕਿਉਂਕਿ ਤੁਹਾਡੇ ਕੋਲ ਨਾ ਤਾਂ ਕੋਈ ਸੇਵਿੰਗ ਹੈ ਕੀਤੀ ਹੋਈ ਤੇ ਘਰ ਉੱਪਰ ਮਾਰਗੇਜ਼ ਦੀ ਕਿਸ਼ਤ ਤੁਹਾਡੀ ਤਨਖਾਹ ਦਾ ਭਾਰੀ ਹਿੱਸਾ ਹੜੱਪ ਲੈਂਦੀ ਹੈ। ਦੋ ਤੁਹਾਡੇ ਆਪਣੇ ਬੱਚੇ ਹਨ, ਤੁਸੀਂ ਕਿਵੇਂ ਚਾਰ ਹੋਰਨਾਂ ਜੀਆਂ ਦੇ ਖਰਚੇ ਦੀ ਗਰੰਟੀ ਲੈ ਸਕਦੇ ਹੋ? ਇੰਨਾ ਕੁ ਕਹਿ ਕੇ ਉਹ ਬਗੈਰ ਕੋਈ ਹੋਰ ਸੂਚਨਾ ਦਿੱਤਿਆਂ ਕਮਰੇ ’ਚੋਂ ਬਾਹਰ ਹੋ ਗਿਆ।

‘ਸਾਲਾ ਮਾਰਗੇਜ਼ ਦਾ, ਪਈ ਸਾਲਿਆ ਅਸੀਂ ਆਪੇ ਰੱਖਾਂਗੇ ਆਪਣੇ ਕੋਲ ਜਿਵੇਂ ਮਰਜ਼ੀ ਔਖੇ ਹੋਈਏ, ਤੈਨੂੰ ਦੱਸ ਕੀ … ਭੈਣ ਦਿਆ ਖਸਮਾਂ …? ਸਾਲੀ ਸਾਰੀ ਦਿਹਾੜੀ ਇੰਨੀ ਗੱਲ ਸੁਣਨ ਦੀ ਖਾਤਿਰ ਗੁੱਲ ਹੋ ਗਈ।’

ਦੋਂਹ ਕੁ ਬੰਦਿਆ ਨੇ ਇੱਕ ਵਕੀਲ ਦੀ ਦੱਸ ਪਾਈ ਕਿ ਉਹ ਇੰਮੀਗ੍ਰੇਸ਼ਨ ਦੇ ਕੇਸਾਂ ਦਾ ਮਾਹਿਰ ਹੈ। ਮੋਟੀ ਫੀਸ ਤਾਰ ਕੇ ਵਕੀਲ ਕੀਤਾ। ਵਕੀਲ ਨੇ ਸਲਾਹ ਦਿੱਤੀ ਕਿ ਇੱਕ ਤਾਂ ਕਿਸੇ ਤਰ੍ਹਾਂ ਘਰ ਦੀ ਮਾਰਗੇਜ਼ ਘਟਾਉ, ਦੂਸਰੇ ਆਪਣੀ ਆਮਦਨ ਦਾ ਨਾਲ ਕੋਈ ਹੋਰ ਸਾਧਨ ਬਣਾਉ। ਸੁਨੇਹਾ ਲਿਆਉਣ ਵਾਲੇ ਸੁਖਦੇਵ ਤੋਂ ਹੀ ਹੱਥ ਉਧਾਰ ਫੜ ਕੇ ਘਰ ਉੱਪਰਲੀ ਮਾਰਗੇਜ਼ ਦਾ ਕੁੱਝ ਹਿੱਸਾ ਤਾਰਿਆ ਤੇ ਕਿਸ਼ਤ ਘਟਾਈ। ਦੂਸਰੇ ਇੱਕ ਭਾਈਵੰਦ ਦੇ ਰੈਸਟੋਰੈਂਟ ਵਿੱਚ ਪਰਮਿੰਦਰ ਨੂੰ ਸ਼ਾਮ ਨੂੰ ਚਾਰ ਘੰਟੇ ਕੰਮ ਕਰਦੀ ਸਾਬਿਤ ਕਰਨ ਲਈ ਪਿਛਲੇ ਸਾਲ ਦਾ ਕੁੱਝ ਹਿੱਸਾ ਤੇ ਚਾਲੂ ਸਾਲ ਵਿਚ ਉਸਦੀ ਕਮਾਈ ਹੋਈ ਰਕਮ ਤੇ ਬਣਦਾ ਇਨਕਮ ਟੈਕਸ ਰੈਸਟੋਰੈਂਟ ਦੇ ਅਕਾਊਂਟੈਂਟ ਰਾਹੀਂ ਕਟਵਾਇਆ ਗਿਆ ਤੇ ਸਿੱਟੇ ਵਜੋਂ ਪਰਮਿੰਦਰ ਦੀ ਜ਼ਾਹਰਾ ਤੌਰ ਤੇ ਵਧੀ ਹੋਈ ਇਨਕਮ ਜੋ ਕਿ ਉਸਨੂੰ ਹੋਈ ਹੀ ਨਹੀਂ ਕਾਰਨ ਪਰਮਿੰਦਰ ਦੇ ਬਣਦੇ ਟੈਕਸ ਦਾ ਬਕਾਇਆ ਵੀ ਜੁਰਮਾਨੇ ਸਮੇਤ ਤਾਰਿਆ। ਰਣਜੀਤ ਅੱਗੇ ਆਪਣੀ ਟੈਕਸੀ ਦੀ ਆਮਦਨ ਦਾ ਇਨਕਮ ਟੈਕਸ ਦੇ ਕਾਗਜ਼ਾਂ ਵਿੱਚ ਜ਼ਿਕਰ ਨਹੀਂ ਸੀ ਕਰਦਾ ਪਰ ਹੁਣ ਉਸਦੀ ਵੀ ਆਮਦਨ ਵਧਾਉਣ ਦੀ ਖਾਤਿਰ ਉਸਦਾ ਪਿਛਲੇ ਸਾਲ ਦਾ ਬਕਾਇਆ ਇਨਕਮ ਟੈਕਸ ਜੁਰਮਾਨੇ ਸਮੇਤ ਟੈਕਸ ਵਿਭਾਗ ਨੂੰ ਭੇਜਿਆ ਗਿਆ। ਤਦ ਕਿਧਰੇ ਜਾ ਕੇ ਇੰਮੀਗ੍ਰੇਸ਼ਨ ਦੇ ਕਾਗਜ਼ ਪੱਤਰ ਸਿੱਧੇ ਹੋਏ ਤੇ ਪ੍ਰੀਵਾਰ ਇੱਧਰ ਪਹੁੰਚਿਆ।

ਪਰ ਪ੍ਰੀਵਾਰ ਦੇ ਪਹੁੰਚਣ ਨਾਲ ਰਣਜੀਤ ਨੂੰ ਕੋਈ ਫਾਇਦਾ ਨਾ ਹੋਇਆ, ਸਗੋਂ ਵਡੇਰੇ ਪ੍ਰੀਵਾਰ ਦੀ ਪਾਲਣਾ ਕਰਨ ਲਈ ਉਸਦੀ ਜੇਬ ਉੱਪਰ ਹੋਰ ਭਾਰ ਪੈ ਗਿਆ। ਜੇ ਕੋਈ ਸਥਿਤੀ ਨੂੰ ਸਮਝਦਾ ਸੀ ਤਾਂ ਉਹ ਪਿਤਾ ਜੀ ਹੀ ਸਨ, ਪਰ ਉਹ ਤਾਂ ਜਿਵੇਂ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹੋਣ। ਬਹੁਤ ਗੱਲ ਹੁੰਦੀ ਤਾਂ ਉਹ ਪੈਦਲ ਹੀ ਦੋਂਹ ਕੁ ਮੀਲਾਂ ਦੇ ਫਾਸਲੇ ’ਤੇ ਸਥਿਤ ਸੁਖਦੇਵ ਹੁਰਾਂ ਦੇ ਘਰ ਵੱਲ ਤੁਰ ਪੈਂਦੇ। ਪਿਤਾ ਜੀ ਦਾ ਜਿਉਂ ਜਿਉਂ ਸੁਖਦੇਵ ਨਾਲ ਮੇਲ ਮਿਲਾਪ ਵਧਦਾ ਗਿਆ ਤਿਉਂ ਤਿਉਂ ਰਣਜੀਤ ਸੁਖਦੇਵ ਤੋਂ ਪਿੱਛੇ ਹਟਦਾ ਗਿਆ।

ਘਰ ਪਹੁੰਚ ਉਹ ਮੰਜੇ ਤੇ ਪੈ ਗਿਆ। ਕੁੱਝ ਦੇਰ ਬਾਅਦ ਪ੍ਰਮਿੰਦਰ ਉਸ ਕੋਲ ਆਈ ਤੇ ਡਾਕਟਰ ਬਾਰੇ ਪੁੱਛਣ ਲੱਗੀ ਕਿ ਉਸਨੇ ਕੀ ਕਿਹਾ ਹੈ। ਰਣਜੀਤ ਨੇ ਗੋਲ ਮੋਲ ਜਿਹੀ ਗੱਲ ਕਰ ਦਿੱਤੀ ਕਿ ਐਵੇਂ ਦਿਮਾਗੀ ਟੈਨਸ਼ਨ ਹੈ ਕੋਈ ਫਿਕਰ ਵਾਲੀ ਗੱਲ ਨਹੀਂ। ਉਹ ਕਹਿੰਦਾ ਪਈ ਕੰਮ ਘਟਾਵੇ ਤੇ ਆਰਾਮ ਵਧਾਵੇ। ਕੋਈ ਥੋੜ੍ਹੀ ਬਹੁਤ ਵਰਜਿਸ਼ ਕਰਿਆ ਕਰੇ। ਕਹਿਣ ਨੂੰ ਤਾਂ ਰਣਜੀਤ ਕਹਿ ਗਿਆ ਪਰ ਉਸਨੇ ਸੋਚਿਆ ਕਿ ਮੇਰੀ ਤਾਂ ਮੰਜੇ ਤੋਂ ਉੱਠਣ ਲਈ ਰੂਹ ਨੀ ਮੰਨਦੀ ਵਰਜਿਸ਼ ਕਾਹਦੇ ਨਾਲ ਕਰਾਂ। ਏਨਾ ਵੀ ਸ਼ੁਕਰ ਸੀ ਕਿ ਜਿਹੜੀ ਮਿੱਲ ਵਿੱਚ ਉਹ ਕੰਮ ਕਰਦਾ ਸੀ ਕੁੱਝ ਮਹੀਨੇ ਪਹਿਲਾਂ ਉਸਦੇ ਮਾਲਕਾਂ ਨੇ ਉਸਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਸੀ। ਸਰਕਾਰਾਂ ਦੇ ਆਪਸੀ ਫੈਸਲਿਆਂ ਕਾਰਨ ਹੁਣ ਅਮਰੀਕਾ ਵਿੱਚ ਇਮਾਰਤੀ ਲੱਕੜੀ ਕੈਨੇਡਾ ਤੋਂ ਜਾਣੀ ਬਹੁਤ ਘਟ ਗਈ ਸੀ। ਅਜਿਹੀਆਂ ਹੋਰ ਕਈ ਮਿੱਲਾਂ ਬੰਦ ਹੋਈਆਂ ਸਨ, ਤੇ ਰਣਜੀਤ ਹੁਰਾਂ ਦੀ ਮਿੱਲ ਵੀ ਬੰਦ ਕਰ ਦਿੱਤੀ ਗਈ ਸੀ। ਬੰਦ ਕਰਨ ਵੇਲੇ ਕੁੱਝ ਮਹੀਨਿਆਂ ਦੀ ਤਨਖਾਹ ਉਨ੍ਹਾਂ ਨੂੰ ਸੈਵਰਨਜ਼ ਪੇਅ ਵਜੋਂ ਮਿਲੀ ਸੀ ਜਿਸ ਨਾਲ ਉਸਨੇ ਪ੍ਰੀਵਾਰ ਮੰਗਵਾੳਣ ਵੇਲੇ ਹੱਥੀਂ ਫੜੇ ਉਧਾਰ ਦਾ ਹਿੱਸਾ ਵਾਪਿਸ ਕੀਤਾ ਤੇ ਹੁਣ ਰਣਜੀਤ ਸੱਤੇ ਦਿਨ ਟੈਕਸੀ ਚਲਾਉਂਦਾ ਸੀ।

ਕਮਰੇ ਤੋਂ ਬਾਹਰ ਪਿਤਾ ਜੀ ਦੀ ਆਵਾਜ਼ ਸੁਣਾਈ ਦਿੱਤੀ, ਉਹ ਵੀ ਡਾਕਟਰ ਬਾਰੇ ਹੀ ਪ੍ਰਮਿੰਦਰ ਨੂੰ ਪੁੱਛ ਰਹੇ ਸਨ। ਪਰਮਿੰਦਰ ਨੂੰ ਜਿਵੇਂ ਰਣਜੀਤ ਨੇ ਦੱਸਿਆ ਸੀ ਉਸਨੇ ਉਵੇਂ ਹੀ ਪਿਤਾ ਜੀ ਨੂੰ ਦੱਸ ਦਿੱਤਾ। ਪ੍ਰਮਿੰਦਰ ਦਾ ਜੁਆਬ ਸੁਣ ਕੇ ਦੂਸਰੇ ਕਮਰੇ ਦੇ ਦਰਵਾਜ਼ੇ ਉਹਲਿਉਂ ਨਿਕਲਦੀ ਹੋਈ ਰਣਜੀਤ ਦੀ ਮਾਂ ਕਹਿਣ ਲੱਗੀ: “ਲੈ ਟੈਂਸ਼ਨ ਇਹਨੂੰ ਕਾਹਦੀ ਆ, ਸੁੱਖ ਨਾਲ ਪ੍ਰੀਵਾਰ ਸਾਰਾ ਇਹਦੇ ਕੋਲ ਆ …। ਹੈਦਾਂ ਟੈਂਸ਼ਨਾਂ ਟੂੰਸ਼ਨਾਂ ਨਾਲ ਨੀ ਸਰਨਾ … ਐਡਾ ਛੇ ਫੁੱਟਾ ਭਲਾ ਮੰਜੇ ਤੇ ਪਿਆ ਸਜਦਾ ਕਿਤੇ? ਅੱਗੇ ਤਾਂ ਸਾਰੀ ਉਮਰ ਲੋਕਾਂ ਦਾ ਹੀ ਕਰਦਾ ਰਿਹਾਂ … ਆਪਣੇ ਟੱਬਰ ਦਾ ਕੁਸ਼ ਕਰਨ ਦੀ ਵਾਰੀ ਤਾਂ ਹੁਣੇ ਆਈ ਆ … ਗਾਹਾਂ ਅਰਸ਼ੀ ਦਾ ਵਿਆਹ ਕਰਨਾ ਪੂਰਾ ਠੋਕ ਵਜਾ ਕੇ … ਮੁੰਡੇ ਵਾਲਿਆਂ ਨੂੰ ਇੱਕ ਵਾਰੀ ਦਖਾਲ ਦੇਣਾ ਪਈ ਵਿਆਹ ਕੀ ਹੁੰਦਾ …”

“ਤੂੰ ਵੇਲਾ ਕੁਵੇਲਾ ਤਾਂ ਦੇਖ ਲਿਆ ਕਰ, ਐਵੀਂ ਜੋ ਮੂੰਹ ਆਇਆ ਬੋਲੀ ਜਾਂਦੀ ਆਂ,” ਪਿਤਾ ਜੀ ਮਾਤਾ ਦੀ ਗੱਲ ਕੱਟਦੇ ਬੋਲੇ।

“ਮੁੰਡੇ ਨੂੰ ਕਿਤੇ ਚਾਅ ਆ ਲੰਮੇ ਪੈਣ ਦਾ?” ਪਿਤਾ ਜੀ ਦੀ ਆਵਾਜ਼ ਵਿੱਚੋਂ ਚਿੰਤਾ ਝਲਕਦੀ ਸੀ। ਰਣਜੀਤ ਨੇ ਡਾਕਟਰ ਦੀ ਦਿੱਤੀ ਦਵਾਈ ਖਾਣ ਲਈ ਪਾਣੀ ਮੰਗਵਾਇਆ। ਦਵਾਈ ਖਾਣ ਤੋਂ ਪਹਿਲਾਂ ਪੇਨ ਕਿੱਲਰ ਗੋਲੀ ਖਾਧੀ। ਦਵਾਈ ਖਾਣ ਤੋਂ ਕੁੱਝ ਦੇਰ ਬਾਅਦ ਉਸਨੇ ਇਧਰੋਂ ਉੱਧਰੋਂ ਬਿੜਕ ਲੈ ਕੇ ਦਵਾਈ ਤੋਂ ਬਚਦੇ ਪਾਣੀ ਵਿੱਚ ਲੱਗ ਭੱਗ ਤੀਸਰਾ ਹਿੱਸਾ ਬੋਤਲ ਉਲੱਦ ਲਈ ਤੇ ਇੱਕੋ ਸਾਹੇ ਚਾੜ੍ਹ ਮੁੜ ਮੰਜੇ ਤੇ ਪੈ ਗਿਆ ਤੇ ਜਦੋਂ ਤੱਕ ਪ੍ਰਮਿੰਦਰ ਰੋਟੀ ਵਾਸਤੇ ਕਹਿਣ ਲਈ ਕਮਰੇ ਵਿੱਚ ਆਈ ਤਾਂ ਉਹ ਘੁਰਾੜੇ ਮਾਰ ਰਿਹਾ ਸੀ। ਪ੍ਰਮਿੰਦਰ ਨੇ ਉਸਨੂੰ ਜਗਾਉਣਾ ਠੀਕ ਨਾ ਸਮਝਿਆ। ਉਹ ਉੱਥੇ ਹੀ ਉਸਦੇ ਮੰਜੇ ਦੀ ਬਾਹੀ ਉੱਪਰ ਬੈਠ ਸੋਚਾਂ ਦੇ ਵਹਿਣ ਵਿੱਚ ਵਹਿ ਗਈ …

ਕਿੰਨਾ ਫਰਕ ਸੀ ਦੋਹਾਂ ਭਰਾਵਾਂ ਦਾ, ਮਨਮੀਤ ਨੂੰ ਕੋਈ ਕੰਮ ਲੱਭਣ ਦੀ ਕਾਹਲ ਨਹੀਂ ਸੀ। ਉਸ ਦੇ ਦੋ ਕੁ ਪੁਰਾਣੇ ਯਾਰ ਬੇਲੀ ਉਹਦੇ ਤੋਂ ਜ਼ਰਾ ਕੁ ਪਹਿਲਾਂ ਦੇ ਇੱਧਰ ਆਏ ਹੋਏ ਸਨ, ਤੇ ਉਨ੍ਹਾਂ ਵਿੱਚੋਂ ਹੀ ਕੋਈ ਨਾ ਕੋਈ ਉਸਨੂੰ ਸਵੇਰੇ ਕਾਰ ਤੇ ਲੈ ਜਾਂਦਾ ਤੇ ਸ਼ਾਮ ਨੂੰ ਸਾਕਰ ਖੇਡਣ ਤੋਂ ਬਾਅਦ ਘਰ ਛੱਡ ਜਾਂਦਾ। ਕੰਮ ਦੇ ਨਾਮ ਤੇ ਉਹਨੇ ਕਿਹਾ ਸੀ ਕਿ ਮੈਨੂੰ ਕਾਰਾਂ ਦੀ ਏਜੰਸੀ ਲੈ ਦਿਉ, ਮਾਤਾ ਨੇ ਹੀ ਇਹ ਪ੍ਰਸਤਾਵ ਰੱਖਿਆ ਸੀ ਜਦੋਂ ਕੁ ਰਣਜੀਤ ਦਾ ਮਿੱਲ ਵਿੱਚੋਂ ਕੰਮ ਟੁੱਟਿਆ ਸੀ ਤੇ ਉਸਨੂੰ ਮਿਲਣ ਵਾਲੇ ਪੈਸਿਆਂ ਦੀ ਭਿਣਕ ਘਰ ਪਈ ਸੀ।

“ਕਿਤੇ ਥਾਂ ਸਿਰ ਖਰਚੇ … ਹੋਰ ਈ ਨਾ ਕਿਸੇ ਮੰਗਣ ਵਾਲੇ ਨੂੰ ਫੜਾ ਦੇਵੇ …” ਮਾਤਾ ਪ੍ਰਮਿੰਦਰ ਦੀ ਹੇਠੀ ਕਰਨ ਦਾ ਮੌਕਾ ਖੁੰਝਣ ਨਹੀਂ ਸੀ ਦਿੰਦੀ। ਰਣਜੀਤ ਵੀ ਉਸ ਦਿਨ ਗੁੱਸੇ ਵਿੱਚ ਆ ਗਿਆ ਤੇ ਜ਼ਰਾ ਉੱਚੀ ਆਵਾਜ਼ ਵਿੱਚ ਬੋਲਿਆ, “ਕਦੀ ਚੱਜ ਦੀ ਗੱਲ ਵੀ ਕਰ ਲਿਆ ਕਰੋ, ਸਾਰਾ ਈ ਦਿਨ ਤੁਸੀਂ ਇਹਦੀਆਂ ਨੁਕਸਾਂ ਈ ਕੱਢਦੇ ਰਹਿੰਦੇ ਆਂ … ਫੁੱਲ ਟੈਮ ਉਹ ਕੰਮ ਕਰਦੀ ਆ ਘਰ ਆ ਕੇ ਤੁਹਾਡੇ ਸਾਰਿਆਂ ਦੇ ਪ੍ਰਸ਼ਾਦੇ ਪਕਾਉਂਦੀ ਆ …ਕਦੀ ਆਪਣਿਆਂ ਵੱਲ ਵੀ ਨਜ਼ਰ ਮਾਰ ਲਿਆ ਕਰੋ … ਤੁਹਾਡੇ ਵਿੱਚੋਂ ਕਿਸੇ ਨੇ ਕਿਚਨ ’ਚ ਵੜਕੇ ਵੀ ਦੇਖਿਆ ਕਦੀ? … ਹੋਰ ਨੀ ਕੁਸ਼ ਤਾਂ ਆਟਾ ਤਾਂ ਗੁੰਨ੍ਹ ਸਕਦੀਆਂ ਕਿ ਨਹੀਂ … ਜਾਂ ਬੰਦਾ ਭਾਂਡੇ ਈ ਧੁਆ ਦਿੰਦਾ … ਪਰ ਤੁਹਾਡਾ ਮਾਵਾਂ ਧੀਆਂ ਦਾ ਚੁਗਲੀਆਂ ਤੋਂ ਵਿਹਲ ਲੱਗੇ”

“ਲੈ ਅਸੀਂ ਇੱਥੇ ਤੁਹਾਡੇ ਭਾਂਡੇ ਧੋਣ ਆਏ ਆਂ? ਨਾਲੇ ਤੇਰੇ ਨਿਆਣੇ ਸਾਂਭੀਏ … ਤੇ ਨਾਲੇ ਤੁਹਾਡੀਆਂ ਗੱਲਾਂ ਸੁਣੀਏਂ” ਮਾਤਾ ਗੱਲ ਪੁੱਠੀ ਪਾਉਣ ਦੀ ਮਾਹਰ ਸੀ।

“ਨਿਆਣੇ ਤੁਹਾਡੇ ਵੀ ਤਾਂ ਕੁਸ਼ ਲਗਦੇ ਆ ਕਿ ਨਹੀਂ? ਨਾਲੇ ਨਿਆਣੇ ਤਾਂ ਸਾਰਾ ਦਿਨ ਸਕੂਲ ਰਹਿੰਦੇ ਆ, ਤੁਸੀਂ ਕੀ ਚੂਹਿਆਂ ਨੂੰ ਲੂਣ ਦਿੰਨੀਆਂ ਸਾਰਾ ਦਿਨ?” ਰਣਜੀਤ ਵੀ ਹਾਰ ਮੰਨਣ ਵਾਲਾ ਨਹੀਂ ਸੀ।

“ਉੱਥੇ ਇਹਦੇ ਮੂੰਹ ‘ਚ ਜਬਾਨ ਨੀ ਸੀ ਜਾਣੀ … ਐਥੇ ਰੰਨ ਨੇ ਸਖਾਲ ‘ਤਾ ਸਾਰਾ ਕੁਸ਼ …” ਮਾਤਾ ਨੇ ਲੁਕਵਾਂ ਵਾਰ ਕੀਤਾ।

“ਉਹ ਜਿਹਨੂੰ ਐਵੀਂ ਅਵਾ ਤਵਾ ਬੋਲਦੇ ਰਹਿੰਨੇ ਆਂ ਉਹਨੇ ਈ ਸਾਰਾ ਟੱਬਰ ਮੰਗਾਇਆ ਇੱਥੇ … ਇਹ ਨਾ ਹੁੰਦੀ ਤਾਂ ਅੱਜ ਨੂੰ …”

“ਲੈ ਦੋ ਫਾਰਮ ਕੀ ਸੈਨ ਕਰ ਦਿੱਤੇ … ਮਾਅਰ ਕਿਤੇ …” ਮਾਤਾ ਨੇ ਰਣਜੀਤ ਦੀ ਗੱਲ ਪੂਰੀ ਨਾ ਹੋਣ ਦਿੱਤੀ।

“ਕੱਲੇ ਫਾਰਮ ਈ ਸੈਨ ਨੀ, ਉਹਨੇ ਆਪਣੇ ਗਹਿਣੇ ਵੀ ਵੇਚ ਦਿੱਤੇ ਤੁਹਾਡਾ ਕੇਸ ਲੜਨ ਵਾਲੇ ਵਕੀਲ ਦੀ ਫੀਸ ਦੇਣ ਲਈ,” ਸਤੇ ਹੋਏ ਰਣਜੀਤ ਨੇ ਉਹ ਗੱਲ ਵੀ ਕਹਿ ਦਿੱਤੀ ਜੋ ਉਨ੍ਹਾਂ ਨੇ ਸੋਚਿਆ ਸੀ ਕਿ ਕਦੀ ਕਿਸੇ ਕੋਲ ਇਹ ਭੇਤ ਨਾ ਖੋਲ੍ਹਣਗੇ।

ਮਾਤਾ ਲਈ ਇਹ ਗੱਲ ਨਵੀਂ ਸੀ ਪਰ ਉਹ ਢੈਲ਼ੀ ਪੈਣ ਦੇ ਰੌਂਅ ਵਿੱਚ ਨਹੀਂ ਜਾਪਦੀ ਸੀ, ਪਲ ਕੁ ਚੁੱਪ ਰਹਿ ਕੇ ਨਵੇਂ ਹਥਿਆਰ ਨਾਲ ਵਾਰ ਕਰਦੀ ਬੋਲੀ, “ਭੁੱਖੜਾਂ ਨੇ ਪਾਇਆ ਈ ਕੀ ਸੀ ਜਿਹੜਾ ਇਹਨੇ ਵੇਚ ‘ਤਾ, ਸਾਨੂੰ ਕੀ ਪਤਾ ਉਨ੍ਹਾਂ ਨੂੰ ਈ ਪੂਜ ਦਿੱਤਾ ਹੋਵੇ ਕਿਸੇ ਹੋਰ ਨੂੰ ਘਰ ਲੈ ਕੇ ਦੇਣ ਲਈ?”

ਮਾਂ ਪੁੱਤ ਦਾ ਮਹਾਭਾਰਤ ਪਤਾ ਨਹੀਂ ਹੋਰ ਕਿੰਨੀ ਦੇਰ ਚਲਦਾ ਜੇ ਪਿਤਾ ਜੀ ਵਿੱਚ ਨਾ ਆਉਂਦੇ,” ਤੂੰ ਹੀ ਅਕਲ ਕਰ ਲੈ ਮਾੜੀ ਮੋਟੀ,” ਰਣਜੀਤ ਨੂੰ ਕਹਿ ਕੇ ਆਪਣੇ ਨਾਲ ਬਾਹਰ ਨੂੰ ਲੈ ਤੁਰੇ।

ਬਾਹਰ ਲਿਜਾ ਕੇ ਰਣਜੀਤ ਨੂੰ ਦੱਸਿਆ ਕਿ ਉਹਨਾਂ ਨੂੰ ਪ੍ਰਮਿੰਦਰ ਦੇ ਪਿਤਾ ਰਾਹੀਂ ਕਿਧਰੇ ਸਕਿਊਰਟੀ ਦਾ ਕੰਮ ਮਿਲ ਗਿਆ ਹੈ ਪਰ ਇਸ ਗੱਲ ਦੀ ਖਬਰ ਮਾਂ ਤੱਕ ਨਾ ਪਹੁੰਚੇ ਕਿ ਕਿਵੇਂ ਮਿਲਿਆ ਹੈ ਕੰਮ। ਰਣਜੀਤ ਪਿਤਾ ਜੀ ਦੇ ਕੰਮ ਕਰਨ ਦੇ ਹੱਕ ਵਿਚ ਨਹੀਂ ਸੀ: “ਪਰ ਮੈਂ ਸੋਚਦਾਂ ਪਈ ਮੇਰੇ ਵੱਲ ਦੇਖ ਕੇ ਇਹ ਭੈਣ ਭਰਾ ਵੀ ਕੋਈ ਹੀਲਾ ਵਸੀਲਾ ਕਰਨਗੇ।” ਪਿਤਾ ਜੀ ਦਾ ਜਵਾਬ ਸੁਣ ਉਹ ਨਿਰਉੱਤਰ ਹੋ ਗਿਆ।

ਅਰਸ਼ੀ ਤੇ ਤਾਂ ਪਿਤਾ ਜੀ ਦੇ ਕੰਮ ਕਰਨ ਦਾ ਕੀ ਅਸਰ ਹੋਣਾ ਸੀ ਪਰ ਮਨਮੀਤ ਨੇ ਜ਼ਰੂਰ ਕੁੱਝ ਹਫਤਿਆਂ ਬਾਅਦ ਇੱਕ ਪੁਰਾਣੀਆਂ ਕਾਰਾਂ ਵੇਚਣ ਵਾਲੀ ਕੰਪਨੀ ਵਿੱਚ ਸੇਲਜ਼ਮੈਨ ਦਾ ਕੰਮ ਲੱਭ ਲਿਆ।

‘ਬੱਸ ਹੁਣ ਅਰਸ਼ੀ ਦਾ ਵਿਆਹ ਕਰ ਕੇ ਜ਼ਰਾ ਸੁੱਖ ਦਾ ਸਾਹ ਲਵਾਂਗੇ।’ ਸੋਚਾਂ ਸੋਚਦੀ ਪ੍ਰਮਿੰਦਰ ਨੂੰ ਵੀ ਨੀਂਦ ਆ ਗਈ। ਪਰ ਸੁੱਖ ਦਾ ਸਾਹ ਲੈਣਾ ਸ਼ਾਇਦ ਉਸਦੀ ਕਿਸਮਤ ਵਿੱਚ ਨਹੀਂ ਸੀ। ਰਣਜੀਤ ਸਵੇਰੇ ਜ਼ਰਾ ਸਵਖਤੇ ਉੱਠ ਪਿਆ। ਰਾਤ ਦੇ ਆਪਣੇ ਹਿੱਸੇ ਦੇ ਬਚੇ ਹੋਏ ਖਾਣੇ ਵਿੱਚੋਂ ਠੰਡਾ ਹੀ ਅੱਧ ਪਚੱਦਾ ਖਾਧਾ ਤੇ ਕੰਮ ਤੇ ਨਿਕਲ ਗਿਆ। ਸ਼ਾਮੀ ਆਮ ਨਾਲੋਂ ਪਹਿਲਾਂ ਹੀ ਘਰ ਆ ਗਿਆ ਤੇ ਸਿੱਧਾ ਮੰਜੇ ਉੱਪਰ ਪੈ ਗਿਆ। ਥਕੇਵੇਂ ਨਾਲ ਨੀਂਦ ਝੱਟ ਆ ਗਈ ਰਾਤ ਨੂੰ ਪ੍ਰਮਿੰਦਰ ਨੇ ਖਾਣੇ ਵਾਸਤੇ ਉਠਾਇਆ ਤੇ ਅੱਧ ਪਚੱਧਾ ਖਾ ਕੇ ਮੁੜ ਸੌਂ ਗਿਆ। ਕੁੱਝ ਦਿਨ ਇਸੇ ਤਰ੍ਹਾਂ ਚਲਦਾ ਰਿਹਾ। ਨਵਰੀਤ ਤੇ ਸੁਰਮੀਤ ਡੈਡੀ ਨਾਲ ਗੱਲਾਂ ਕਰਨ ਨੂੰ ਤਰਸ ਗਏ ਤੇ ਪ੍ਰਮਿੰਦਰ ਵੀ।

ਸਵੇਰੇ ਕੰਮ ਤੇ ਜਾਣ ਲੱਗੇ ਨਾਲ ਹੀ ਕੁੱਝ ਗੱਲ ਬਾਤ ਕਰ ਸਕਦੀ। ਹਫਤਿਆਂ ਵਿੱਚ ਹੀ ਰਣਜੀਤ ਦਾ ਭਾਰ ਘਟਣ ਲੱਗ ਪਿਆ। ਪਿਤਾ ਜੀ ਵਾਰ ਵਾਰ ਪ੍ਰਮਿੰਦਰ ਨੁੰ ਪੁੱਛਦੇ ਕਿ ਕੀ ਕਿਹਾ ਹੈ ਡਾਕਟਰ ਨੇ? ਪ੍ਰਮਿੰਦਰ ਵੀ ਉੰਨਾ ਕੁ ਹੀ ਜਾਣਦੀ ਸੀ ਕਿ ਡਾਕਟਰ ਨੇ ਕੋਈ ਸਕੈਨ ਵਗੈਰਾ ਕਰਾਉਣ ਲਈ ਵਕਤ ਨੀਯਤ ਕੀਤਾ ਹੈ।

ਸਕੈਨ ਦਾ ਦਿਨ ਆਉਣ ਤੋਂ ਕੁੱਝ ਦਿਨ ਪਹਿਲਾਂ ਰਾਤ ਨੂੰ ਸੁੱਤੇ ਪਏ ਰਣਜੀਤ ਦੇ ਢਿੱਡ ਵਿੱਚ ਜ਼ਬਰਦਸਤ ਤਕਲੀਫ ਹੋਈ ਤੇ ਉਹ ਉੱਠ ਕੇ ਵਾਸ਼ਰੂਮ ਵੱਲ ਭੱਜਾ। ਕੁੱਝ ਮਿੰਟਾਂ ਬਾਅਦ ਉਸਨੇ ਵਾਸ਼ਰੂਮ ਵਿੱਚੋਂ ਹੀ ਪ੍ਰਮਿੰਦਰ ਨੂੰ ਆਵਾਜ਼ ਮਾਰੀ। ਰਣਜੀਤ ਦਾ ਪਿਸ਼ਾਬ ਬੰਦ ਹੋ ਗਿਆ ਸੀ। ਸ਼ੋਰ ਸੁਣ ਪਿਤਾ ਜੀ ਵੀ ਉੱਠ ਆਏ। ਪ੍ਰਮਿੰਦਰ ਨੇ ਐਮਬੂਲੈਂਸ ਨੂੰ ਫੋਨ ਕਰ ਦਿੱਤਾ ਤੇ ਉਹ ਦਵਾ ਦਵ ਉਸਨੂੰ ਹਸਪਤਾਲ ਲੈ ਗਏ। ਉਸਦਾ ਐਮਰਜੈਂਸੀ ਗੁਰਦੇ ਵਿੱਚੋਂ ਪੱਥਰ ਕੱਢਣ ਲਈ ਅਪ੍ਰੇਸ਼ਨ ਕਰਨਾ ਪਿਆ। ਅਪ੍ਰੇਸ਼ਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਦੋਵੇਂ ਗੁਰਦੇ ਕਾਫੀ ਹੱਦ ਤੱਕ ਨਾਕਾਰਾ ਹੋ ਚੁੱਕੇ ਹਨ। ਹਾਲ ਦੀ ਘੜੀ ਤਾਂ ਕੁੱਝ ਸਮਾਂ ਲੰਘਾ ਦੇਣਗੇ ਪਰ ਜਲਦੀ ਹੀ ਉਸਨੂੰ ਨਵੇਂ ਗੁਰਦੇ ਦੀ ਲੋੜ ਪੈ ਸਕਦੀ ਹੈ। ਇਸ ਲਈ ਨਾਲੇ ਤਾਂ ਰਜਿਸਟਰ ਹੋ ਜਾਵੇ ਤੇ ਆਪਣੇ ਤੌਰ ਤੇ ਵੀ ਗੁਰਦਾ ਦਾਨ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿਉ। ਹਫਤੇ ਬਾਅਦ ਉਸਨੂੰ ਡਾਇਐਲਸਿਸ ਕਰਵਾਉਣ ਹਸਪਤਾਲ ਜਾਣਾ ਪਵੇਗਾ।

ਜਦੋਂ ਰਣਜੀਤ ਹਸਪਤਾਲੋਂ ਘਰ ਆਇਆ ਤਾਂ ਕਾਫੀ ਲੋਕ ਘਰ ਉਸਦੀ ਖਬਰ ਲੈਣ ਆਏ। ਜਦੋਂ ਗੁਰਦਾ ਦਾਨ ਕਰਨ ਵਾਲੇ ਦਾ ਜ਼ਿਕਰ ਆਉਂਦਾ ਤਾਂ ਹਰ ਕੋਈ ਜਲਦੀ ਕੋਈ ਨਾ ਕੋਈ ਬਹਾਨਾ ਬਣਾ ਕੇ ਖਿਸਕਣ ਦੀ ਕਰਦਾ ਨਾਲੇ ਕਹਿ ਦਿੰਦਾ, “ਕੋਈ ਫਿਕਰ ਨਾ ਕਰੀਂ, ਡੋਨਰ ਛੇਤੀਂ ਮਿਲ ਜਾਣਾ … ਇਹ ਗੋਰੇ ਤਾਂ ਫੱਟ ਇੱਦਾਂ ਦੇ ਕੰਮਾਂ ਨੂੰ ਤਿਆਰ ਹੋ ਰਹਿੰਦੇ ਆ। ਕਿਡਨੀ ਦਾ ਕੀ ਆ, ਇੱਕੋ ਕਿਡਨੀ ਨਾਲ ਬੜਾ ਸੁਹਣਾ ਕੰਮ ਚੱਲੀ ਜਾਂਦਾ … ਵਗੈਰਾ ਵਗੈਰਾ … ਪਰ ਇਹ ਕਿਸੇ ਨੇ ਨਾ ਕਿਹਾ ਕਿ ਮੇਰਾ ਗੁਰਦਾ ਟੈਸਟ ਕਰਵਾ ਲਵੋ, ਮੈਂ ਗੁਰਦਾ ਦੇਣ ਲਈ ਤਿਆਰ ਹਾਂ। ਸਲਾਹਾਂ ਦੇਣ ਨੂੰ ਹਰ ਕੋਈ ਸ਼ੇਰ ਸੀ, ਸਿਵਾਏ ਪ੍ਰਮਿੰਦਰ ਦੇ ਮਾਪਿਆਂ ਦੇ। ਰਣਜੀਤ ਦਾ ਸਹੁਰਾ ਕਹੇ ਕਿ ਮੈਂ ਬਥੇਰੀ ਦੇਰ ਜੀ ਲਿਆ, ਰਣਜੀਤ ਦੇ ਟੱਬਰ ਵਿੱਚ ਆਉਣ ਨਾਲ ਘਰ ਦਾ ਨਖਸ਼ਾ ਹੀ ਬਦਲ ਗਿਆ … ਮੈਂ ਇਹ ਨੂੰ ਮੰਜੇ ਤੇ ਪਿਆ ਨਹੀਂ ਦੇਖ ਸਕਦਾ, ਮੇਰਾ ਕਿਡਨੀ ਲੈ ਲਵੋ। ਪ੍ਰਮਿੰਦਰ ਦੀ ਮਾਂ ਉਸ ਨਾਲੋਂ ਕਾਹਲੀ ਸੀ, “ਨੀ ਮੈਂ ਹੁਣ ਦੋ ਕਿਸ਼ਨੀ ਕੀ ਕਰਨੇ ਆ, ਜੇ ਇੱਕ ਮੇਰੇ ਪੁੱਤ ਦੇ ਕੰਮ ਆ ਸਕਦਾ ਤਾਂ ਹੁਣੇ ਕਢਾ ਲਵੋ। ਔਹ ਸਾਡੇ ਪਿੰਡ ਵਾਲੇ ਦੌਲਤੂ ਦਾ ਗਭਲਾ, ਮੱਘਰ ਪਤਾ ਨੀ ਕਿਧਰਲੇ ਮੁਲਕ ਟਰੱਕ ਚਲਾਉਣ ਗਿਆ ਸੀ … ਛੇਈਂ ਮਹੀਨੀ ਮੁੜ ਆਇਆ ਤੇ ਮੰਜਾ ਮੱਲ ਲਿਆ … ਕਹਿੰਦੇ ਉਹਨੂੰ ਪਾਣੀ ਉੱਥੇ ਦਾ ਮਾਫਕ ਨਹੀਂ ਬੈਠਾ। ਪਿੰਡੋ ਗਿਆ ਤਾਂ ਗੋਰਾ ਚਿੱਟਾ ਸੀ ਜਦ ਮੁੜਿਆ ਤਾਂ ਔਂਤ ਦੇ ਮੂੰਹ ਨੂੰ ਦੇਖ ਕੇ ਡਰ ਲੱਗਦਾ ਸੀ, ਜਿੱਦਾਂ ਕੋਲੇ ਖਾਂਦਾ ਆਇਆ ਹੋਵੇ। ਇਹ ਵੀ ਜਦੋਂ ਦੇਸੋਂ ਆਇਆ ਤਾ ਮਲਾਈ ਵਰਗਾ ਰੰਗ ਸੀ … ਆਹ ਕਿਸ਼ਨੀਆਂ ਨੇ ਸਾਰਾ ਨਾਸ ਪੱਟ ਦਿੱਤਾ … ਬਾਜੇ ਥੈਂਹ ਦਾ ਪਾਣੀ ਰਾਸ ਨੀ ਔਂਦਾ ਬੰਦੇ ਨੂੰ …” ਪਰ ਇਹ ਤਾਂ ਸੱਭ ਨੂੰ ਪਤਾ ਸੀ ਕਿ ਰਣਜੀਤ ਨੂੰ ਕਿਹੜਾ ਪਾਣੀ ਰਾਸ ਨਹੀਂ ਸੀ ਬੈਠਾ। ਡਾਕਟਰ ਨੇ ਦੱਸਿਆ ਸੀ ਕਿ ਪੇਨ ਕਿੱਲਰ ਗੋਲੀਆਂ ਤੇ ਸ਼ਰਾਬ ਦੀ ਵਰਤੋਂ ਨਿੱਤ ਕਰਦੇ ਰਹਿਣ ਨਾਲ ਕਿਡਨੀ ਜਾਂ ਲਿਵਰ ਦੇ ਖਰਾਬ ਹੋਣ ਦੇ ਚਾਂਸ ਬਹੁਤ ਵਧ ਜਾਂਦੇ ਹਨ।

ਸਹੁਰਾ ਸਾਹਿਬ ਦਾ ਬਲੱਡ ਗਰੁੱਪ ਹੀ ਮੈਚ ਨਹੀਂ ਕੀਤਾ ਰਣਜੀਤ ਨਾਲ ਤੇ ਮਾਤਾ ਦੀ ਸਿਹਤ ਦੇਖ ਕੇ ਡਾਕਟਰ ਨੇ ਨਾਂਹ ਕਰ ਦਿੱਤੀ। ਸੁਖਦੇਵ ਵੀ ਖਬਰ ਨੂੰ ਆਇਆ, ਸੁੱਤੇ ਪਏ ਰਣਜੀਤ ਕੋਲ ਕਈ ਦੇਰ ਬੈਠਾ ਰਿਹਾ। ਰਣਜੀਤ ਦੀ ਮਾਤਾ ਜਾਂ ਅਰਸ਼ੀ ਨੂੰ ਆਲੇ ਦਵਾਲੇ ਨਾ ਦੇਖ ਕੇ ਕੋਈ ਗੱਲ ਪਿਤਾ ਜੀ ਨਾਲ ਕਰ ਲੈਂਦਾ। ਉਹ ਵੀ ਆਪਣਾ ਗੁਰਦਾ ਚੈੱਕ ਕਰਵਾ ਆਇਆ ਸੀ ਬਿਨਾਂ ਕਿਸੇ ਨੂੰ ਦੱਸੇ। ਰਣਜੀਤ ਹੁਰਾਂ ਦਾ ਪੇਂਡੂ ਪਾਖਰ ਸਿੰਘ ਵੀ ਪਤਾ ਲੱਗਣ ਤੇ ਉਸਦੀ ਖਬਰ ਨੂੰ ਆਇਆ ਤੇ ਕਈ ਦੇਰ ਬੈਠਾ ਪਿੰਡ ਦੀਆਂ ਗੱਲਾਂ ਕਰਦਾ ਰਿਹਾ। ਉਹ ਤਾਜ਼ਾ ਤਾਜ਼ਾ ਦੇਸੋਂ ਹੋ ਕੇ ਪਰਤਿਆ ਸੀ।

ਪਾਖਰ ਸਿੰਘ ਮੂੰਹੋਂ ਜਿਉਂ ਇੱਕ ਵਾਰੀ ਪਿੰਡ ਦੀਆਂ ਗੱਲਾਂ ਸ਼ੁਰੂ ਹੋਈਆਂ ਬੱਸ ਮੁੱਕਣ ’ਚ ਈ ਨਾ ਆਉਣ। ਐਸ ਘਰ ਦੀਆਂ, ਔਸ ਬੀਹੀ ਦੀਆਂ, ਐਸ ਟੱਬਰ ਦੀਆਂ ਤੇ ਔਸ ਪੱਤੀ ਦੀਆਂ …। ਪਿੰਡ ਦੇ ਬਹੁਤੇ ਲੋਕ ਤਾਂ ਬਾਹਰਲੇ ਮੁਲਕੀਂ ਜਾ ਵਸੇ ਸਨ। ਸਰਪੰਚ ਦੀ ਧੀ ਅਮ੍ਰੀਕਾ ਵਿਆਹੀ ਗਈ ਸੀ। ਜ਼ੈਲਦਾਰਾਂ ਦੇ ਮੀਕੇ ਨੇ ਸਾਰਾ ਟੱਬਰ ਅਸਟ੍ਰੇਲੀਆ ਲੰਘਾ ਲਿਆ ਸੀ। ਬਿਸ਼ਨੇ ਹੌਲਦਾਰ ਦਾ ਪੋਤਾ ਵੀ ਕਨੇਡੇ ਵਿਆਹ ਹੋ ਗਿਆ ਸੀ। ਸਵਰਨੇ ਕੱਛੂਖੋਰੇ ਦੇ ਦੋ ਪੁੱਤ ਡਬਈ ਜਾ ਵਸੇ ਸਨ ਤੇ ਉਨ੍ਹਾਂ ਦਾ ਚੋਖਾ ਕਾਰੋਬਾਰ ਸੀ। … ਵਤਨੇ ਲੁਹਾਰ ਦਾ ਮੁੰਡਾ ਵੀ ਕਿਸੇ ਬਾਹਰਲੇ ਮੁਲਕ ਵੈਲਡਿੰਗ ਦਾ ਕੰਮ ਕਰਦਾ ਸੀ ਤੇ ਪਿੱਛੇ ਨੂੰ ਚੋਖਾ ਪੈਸਾ ਭੇਜਿਆ ਸੀ।

ਕਰਦੇ ਕਰਾਉਂਦੇ ਗੱਲ ਪੰਡਿਤ ਕਿਸ਼ਨ ਲਾਲ ਦੇ ਟੱਬਰ ‘ਤੇ ਆ ਗਈ। ਪੰਡਿਤ ਕਿਸ਼ਨ ਲਾਲ ਹੁਰਾਂ ਦਾ ਦਿਹਾਂਤ ਤਾਂ ਪਿਤਾ ਜੀ ਹੁਰਾਂ ਦੇ ਪਿੰਡ ਹੁੰਦੇ ਹੀ ਹੋ ਗਿਆ ਸੀ, ਬੱਸ ਪੰਡਿਤ ਹੁਰਾਂ ਦੇ ਜਾਣ ਦੀ ਦੇਰ ਸੀ ਕਿ ਘਰ ਖੇਰੂੰ ਖੇਰੂੰ ਹੋ ਗਿਆ। ਦਰਅਸਲ ਵੱਡਾ ਵਿਸ਼ਵਾ ਫੌਜ ਵਿੱਚ ਹੀ ਕਿਸੇ ਤਰ੍ਹਾਂ ਗਲਤੀ ਨਾਲ ਲੱਤ ਉਪਰ ਗੋਲੀ ਲੱਗਣ ਕਾਰਨ ਪੈਨਸ਼ਨ ਲੈ ਪਿੰਡ ਨੂੰ ਆ ਗਿਆ ਸੀ ਤੇ ਲੱਤ ਪੱਖੋਂ ਉਹ ਬੈਸਾਖੀ ਨਾਲ ਹੀ ਤੁਰਨ ਜੋਗਾ ਰਹਿ ਗਿਆ ਸੀ। ਉੱਪਰੋਂ ਉਹਦੇ ਲਗਾਤਾਰ ਤਿੰਨ ਬੇਟੀਆਂ ਜੰਮ ਪਈਆਂ ਸਨ। ਪਿੰਡ ਆ ਕੇ ਕਾਫੀ ਮਾਯੂਸ ਰਹਿਣ ਲੱਗ ਪਿਆ ਸੀ। ਘਰ ਦੀ ਖੇਤੀ ਬਾੜੀ ਦਾ ਅਸ਼ੋਕ ਕੋਈ ਕਿਸੇ ਨੂੰ ਹਿਸਾਬ ਨਹੀਂ ਦਿੰਦਾ ਸੀ। ਅਸ਼ੋਕ ਤੋਂ ਛੋਟਾ ਸੱਤਪਾਲ ਬੀ. ਐੱਸ ਸੀ. ਤੋਂ ਬਾਅਦ ਬੀ. ਐੱਡ. ਕਰਕੇ ਸ਼ਹਿਰ ਦੇ ਹਾਈ ਸਕੂਲ ਵਿੱਚ ਸਾਇੰਸ ਮਾਸਟਰ ਬਣ ਗਿਆ ਸੀ ਤੇ ਉਸ ਦੀ ਘਰ ਵਾਲੀ ਵੀ ਸ਼ਹਿਰ ਦੇ ਲਾਗੇ ਹਾਈ ਸਕੂਲ ਵਿੱਚ ਹਿਸਾਬ ਦੀ ਅਧਿਆਪਕਾ ਸੀ। ਚੰਗੀਆਂ ਤਨਖਾਹਾਂ ਤੇ ਦੋਨੋਂ ਮੀਆਂ ਬੀਵੀ ਡਟ ਕੇ ਟਿਊਸ਼ਨਾਂ ਪੜਾਉਂਦੇ ਸਨ ਤੇ ਸ਼ਹਿਰ ਦੇ ਵਧੀਆ ਹਿੱਸੇ ਵਿੱਚ ਆਪਣਾ ਮਕਾਨ ਛੱਤ ਕੇ ਰਹਿੰਦੇ ਸਨ। ਸੱਭ ਤੋਂ ਛੋਟਾ ਮੇਛੀ ਜੋ ਕਿ ਰਣਜੀਤ ਦਾ ਆੜੀ ਸੀ, ਉਹ ਵੀ ਪੜ੍ਹਨ ਤੋਂ ਬਾਅਦ ਕਿਸੇ ਚੰਗੇ ਦਰਜ਼ੇ ਦੀ ਸਰਕਾਰੀ ਨੌਕਰੀ ਕਰਦਾ ਸੀ ਤੇ ਘਰੋਂ ਕਾਫੀ ਘੰਟਿਆਂ ਦੀ ਵਾਟ ਤੇ ਸਰਕਾਰੀ ਮਕਾਨ ਵਿੱਚ ਰਹਿੰਦਾ ਸੀ ਤੇ ਆਪਣੇ ਘਰ ਖਸ਼ ਸੀ। ਕਦੀ ਦਿਨ ਸੁਦ ਤੇ ਹੀ ਭਰਾ ਨੂੰ ਮਿਲਣ ਪਿੰਡ ਆਉਂਦਾ ਸੀ।

ਅਸ਼ੋਕ ਜੋ ਕਿ ਆਪਣੀਆਂ ਤਿਕੜਮ ਬਾਜ਼ੀਆਂ ਕਰਕੇ ਸ਼ਹਿਰ ਸਰਕਾਰੇ ਦਰਬਾਰੇ ਵੀ ਪਹੁੰਚ ਰੱਖਦਾ ਸੀ, ਦੁਨੀਆਂਦਾਰੀ ਪੱਖੋਂ ਕਿਸਮਤ ਦਾ ਵੀ ਧਨੀ ਸੀ। ਉਸਦੇ ਸਹੁਰਾ ਸਾਹਿਬ ਪੰਡਿਤ ਹਰੀ ਪ੍ਰਸਾਦ ਜੀ ਦਾ ਅਚਾਨਕ ਦਿਲ ਦੇ ਦੌਰੇ ਕਾਰਨ ਦਿਹਾਂਤ ਹੋ ਗਿਆ। ਕੁੱਝ ਸਾਲ ਪਹਿਲਾਂ ਉਹਨਾਂ ਦਾ ਇਕਲੌਤਾ ਪੁੱਤਰ ਸੜਕ ਤੇ ਵਾਪਰੇ ਸਕੂਟਰ ਹਾਦਸੇ ਵਿੱਚ ਚੱਲ ਵਸਿਆ ਸੀ। ਅਸ਼ੋਕ ਲਈ ਇਹ ਦੋਵੇਂ ਮੌਤਾਂ ਵਰਦਾਨ ਸਿੱਧ ਹੋਈਆਂ। ਪੰਡਿਤ ਹਰੀ ਪ੍ਰਸਾਦ ਜੀ ਕੋਲ ਕਾਫੀ ਜ਼ਮੀਨ ਸੀ ਜੋ ਹੁਣ ਸਾਰੀ ਅਸ਼ੋਕ ਦੇ ਘਰਵਾਲੀ ਸੁਮਨ ਦੇ ਹਿੱਸੇ ਆਉਂਦੀ ਸੀ। ਇਹ ਸਾਰੇ ਹਾਲਾਤ ਮੁੱਖ ਰੱਖ ਕੇ ਪੰਡਿਤ ਕਿਸ਼ਨ ਲਾਲ ਹੁਰਾਂ ਨੇ ਆਪਣੀ ਸਾਰੀ ਜਾਇਦਾਦ ਵਿਸ਼ਵੇ ਦੇ ਨਾਮ ਕਰ ਦਿੱਤੀ ਸੀ। ਅਸ਼ੋਕ ਤੋਂ ਇਹ ਬ੍ਰਦਾਸ਼ਤ ਨਾ ਕਰ ਹੋਇਆ ਅਤੇ ਉਸਨੇ ਕੋਰਟ ਕਚਹਿਰੀ ਦਾ ਚੱਕਰ ਪਾ ਲਿਆ। ਵਿਸ਼ਵਾ ਜੋ ਪਹਿਲਾਂ ਹੀ ਜ਼ਿੰਦਗੀ ਤੋਂ ਮਾਯੂਸ ਸੀ ਭਰਾ ਦੇ ਵਰਤਾਰੇ ਤੋਂ ਦੁਖੀ ਹੋ ਬਹੁਤ ਸ਼ਰਾਬ ਪੀਣ ਲੱਗ ਪਿਆ ਸੀ। ਹਾਲਾਂ ਕਿ ਅਸ਼ੋਕ ਤੋਂ ਛੋਟੇ ਦੋਵੇਂ ਵਿਸ਼ਵੇ ਦਾ ਪੱਖ ਪੂਰਦੇ ਸਨ ਪਰ ਅਸ਼ੋਕ ਦੇ ਸਿਰ ਤੇ ਲਾਲਚ ਸਵਾਰ ਸੀ ਅਤੇ ਇਸੇ ਕਾਰਨ ਉਹ ਹਰ ਗੱਲ ਵਿੱਚ ਵਿਸ਼ਵੇ ਨਾਲ ਆਢ੍ਹਾ ਲੈਂਦਾ ਸੀ।

ਕੁੱਝ ਸਮਾਂ ਪਹਿਲਾਂ ਵਿਸ਼ਵੇ ਦੇ ਦੋਵੇਂ ਗੁਰਦੇ ਖਰਾਬ ਹੋਣ ਦਾ ਪਤਾ ਲੱਗਾ ਸੀ, ਛੋਟੇ ਦੋਹਾਂ ਮੇਛੀ ਤੇ ਸੱਤਪਾਲ ਨੇ ਬੜੀ ਕੋਸ਼ਿਸ਼ ਕੀਤੀ ਗੁਰਦਾ ਦਾਨ ਕਰਨ ਵਾਲਾ ਲੱਭਣ ਲਈ। ਜਿੱਥੇ ਕਿਤੇ ਵੀ ਦੱਸ ਪੈਂਦੀ ਕਿ ਫਲਾਨਾ ਹਸਪਤਾਲ ਜਾਂ ਫਲਾਨਾ ਡਾਕਟਰ ਗੁਰਦੇ ਬਦਲਣ ਦਾ ਕੰਮ ਕਰਦਾ ਹੈ ਉਹ ਉੱਥੇ ਪਹੁੰਚ ਕਰਦੇ ਪਰ ਵਿਸ਼ਵੇ ਦਾ ਬਲੱਡ ਗਰੁੱਪ ਥੋੜ੍ਹੇ ਕੀਤੇ ਰਲਣ ਵਾਲਾ ਨਹੀਂ ਸੀ। ਅਖੀਰ ਉਸਦੇ ਸਾਲੇ ਨੇ ਹੀ ਕਿਸੇ ਮਿਲਟਰੀ ਦੇ ਰਿਟਾਇਰ ਹੋ ਰਹੇ ਜਵਾਨ ਨਾਲ ਗਲਬਾਤ ਕਰ ਕੇ ਵਿਸ਼ਵੇ ਲਈ ਗੁਰਦੇ ਦਾ ਪ੍ਰਬੰਧ ਕੀਤਾ ਤੇ ਮੇਛੀ ਉਸਨੂੰ ਕਿਧਰੇ ਦੂਰ ਦੁਰਾਡੇ ਲਿਜਾ ਕੇ ਉਸਦਾ ਗੁਰਦਾ ਬਦਲਵਾ ਆਇਆ ਸੀ ਤੇ ਹੁਣ ਵਿਸ਼ਵੇ ਦੀ ਹਾਲਤ ਸੁਧਰ ਰਹੀ ਸੀ।

ਪਾਖਰ ਸਿੰਘ ਤਾਂ ਚਲਾ ਗਿਆ ਪਰ ਰਣਜੀਤ ਨੂੰ ਉਹ ਕੁੱਝ ਵਿਚਾਰਨ ਜੋਗਾ ਕਰ ਗਿਆ। ਦੋ ਤਿੰਨ ਕੁ ਮਹੀਨੇ ਹੋਰ ਗੁਜ਼ਰ ਗਏ। ਰਣਜੀਤ ਭਾਵੇਂ ਮੁੜ ਜ਼ਰਾ ਵੱਲ ਹੋ ਕੇ ਟੈਕਸੀ ਚਲਾਉਣ ਲੱਗ ਪਿਆ ਸੀ ਪਰ ਥਕਾਵਟ ਉਸਦਾ ਪਿੱਛਾ ਨਹੀਂ ਛੱਡਦੀ ਸੀ। ਗੁਰਦਾ ਦਾਨ ਲੈਣ ਵਾਲਿਆਂ ਦੀ ਲਿਸਟ ਤੋਂ ਪਿਛਲੇ ਚਹੁੰ ਮਹੀਨਿਆਂ ਵਿੱਚ ਉਸਤੋਂ ਮੂਹਰੇ ਸਿਰਫ ਦੋ ਨਾਮ ਹੀ ਘਟੇ ਸਨ ਜਿਨ੍ਹਾਂ ਵਿੱਚੋਂ ਸਿਰਫ ਇੱਕ ਦਾ ਹੀ ਟਰਾਂਸਪਲਾਂਟ ਹੋਇਆ ਸੀ ਤੇ ਦੂਸਰਾ ਬਜ਼ੁਰਗ ਸੀ ਜੋ ਗੁਰਦੇ ਦਾ ਦਾਨੀ ਉਡੀਕਦਾ ਚੱਲ ਵਸਿਆ ਸੀ। ਅਜੇ ਸੌ ਦੇ ਕਰੀਬ ਹੋਰ ਲੋੜਵੰਦ ਸਨ ਗੁਰਦੇ ਦੇ ਰਣਜੀਤ ਤੋਂ ਪਹਿਲਾਂ।

ਉੱਧਰ ਅਰਸ਼ੀ ਜਿੱਥੇ ਮੰਗੀ ਹੋਈ ਸੀ ਉਹ ਮੁੰਡੇ ਵਾਲੇ ਵਿਆਹ ਮੰਗ ਰਹੇ ਸਨ ਤੇ ਮਾਤਾ ਅਰਸ਼ੀ ਦਾ ਵਿਆਹ ਕਰਨ ਲਈ ਤਰਲੋ ਮੱਛੀ ਹੋ ਰਹੀ ਸੀ। ਰਣਜੀਤ ਚਾਹੁੰਦਾ ਸੀ ਕਿ ਅਰਸ਼ੀ ਕੋਈ ਕੋਰਸ ਵਗੈਰਾ ਕਰ ਕੇ ਕੰਮ ਉੱਪਰ ਲੱਗ ਜਾਵੇ ਤੇ ਫੇਰ ਉਸਦਾ ਵਿਆਹ ਹੋਵੇ। ਪਰ ਮਾਤਾ ਨੂੰ ਇਹ ਗੱਲ ਭਾਉਂਦੀ ਨਹੀਂ ਸੀ, “ਮਸੀਂ ਤਾਂ ਚੰਗੇ ਖਾਂਦੇ ਪੀਂਦੇ ਟੱਬਰ ’ਚ ਕੁੜੀ ਦਾ ਸਾਕ ਹੋਣ ਲੱਗਾ … ਐਦਾਂ ਦੇ ਰਿਸ਼ਤੇ ਕਿਤੇ ਲੱਭਦੇ ਆ?”

“ਜਿੱਦਾਂ ਦੇ ਥਾਂ ਇਹਦਾ ਆਪਣਾ ਹੋਇਆ, ਇਹ ਉਹੋ ਜਿਹਾ ਹੀ ਕੁੜੀ ਲਈ ਚਾਹੁੰਦੇ ਹੋਣੇ ਆਂ।”

“ਪਰ ਪਿਤਾ ਜੀ ਦੇ ਸਖਤੀ ਨਾਲ ਮਨ੍ਹਾਂ ਕੀਤੇ ਹੋਣ ਕਰਕੇ ਕੋਈ ਮਾਤਾ ਦਾ ਹੁੰਗਾਰਾ ਨਾ ਭਰਦਾ, ਬਹੁਤੀ ਗੱਲ ਵਧਦੀ ਤਾਂ ਉਹ ਬੱਸ ਇੰਨਾ ਹੀ ਕਹਿੰਦੇ, “ਮੈਂ ਹੈਗਾਂ ਹੱਲੇ।”

ਰਣਜੀਤ ਸੋਚਦਾ ਕਿ ਹੁਣ ਇਸ ਉਮਰੇ ਪਿਤਾ ਜੀ ਕੀ ਕੀ ਕਰਨਗੇ, ਸਕਿਉਰਿਟੀ ਗਾਰਡ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਉਹ ਬਿਨਾਂ ਕਿਸੇ ਨੂੰ ਦੱਸਿਆਂ ਮਹੀਨੇ ਦੀ ਅੱਧੀ ਤਨਖਾਹ ਪ੍ਰਮਿੰਦਰ ਦੇ ਹੱਥ ਉੱਪਰ ਧਰ ਦਿੰਦੇ। ਉਨ੍ਹਾਂ ਦੀ ਕੰਪਨੀ ਕੋਲ ਕੰਮ ਕਾਫੀ ਸੀ ਤੇ ਪਿਤਾ ਜੀ ਦਾ ਓਵਰ ਟਾਈਮ ਵੀ ਲੱਗੀ ਜਾਂਦਾ ਸੀ। ਮਨਮੀਤ ਵੀ ਆਪਣੇ ਜੋਗਾ ਸਾਰਨ ਲੱਗ ਪਿਆ ਸੀ। ਗੱਡੀ ਜ਼ਰਾ ਚਾਲੇ ਪਈ ਹੋਈ ਦੇਖ ਰਣਜੀਤ ਨੇ ਆਪਣੀ ਸਕੀਮ ਨੂੰ ਅਮਲੀ ਰੂਪ ਦੇ ਦਿੱਤਾ। ਇੱਕ ਛੋਟੀ ਜਿਹੀ ਡਾਈਐਲਸਿਸ ਕਰਨ ਵਾਲੀ ਮਸ਼ੀਨ ਉਸਨੇ ਖਰੀਦ ਲਈ ਸੀ।

ਉਸਨੇ ਪਿੰਡੋਂ ਕਿਸੇ ਤਰ੍ਹਾਂ ਆਪਣੇ ਆੜੀ ਮੇਛੀ ਦਾ ਪਤਾ ਕਰਵਾ ਕੇ ਉਸਦਾ ਫੋਨ ਨੰਬਰ ਲੈ ਲਿਆ ਤੇ ਇਸ ਹਸਪਤਾਲੋਂ ਪਰਤਣ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੌਰਾਨ ਉਸਨੇ ਚੁੱਪ ਚਪੀਤੇ ਪਾਸਪੋਰਟ ਤੇ ਵੀਜ਼ਾ ਤਿਆਰ ਕਰਵਾ ਲਏ ਤੇ ਕੁੱਝ ਪੈਸੇ ਸਹੁਰਾ ਸਾਹਿਬ ਤੋਂ ਤੇ ਕੁੱਝ ਇੱਧਰੋਂ ਉੱਧਰੋਂ ਫੜ ਕੇ ਜਹਾਜ਼ ਚੜ੍ਹ ਭਾਰਤ ਪਹੁੰਚ ਗਿਆ। ਸਿੱਧਾ ਮੇਛੀ ਕੋਲ ਪਹੁੰਚਾ। ਮੇਛੀ ਨੂੰ ਵਿਸ਼ਵੇ ਵੇਲੇ ਦੀ ਇਸ ਕੰਮ ਦੀ ਕਾਫੀ ਵਾਕਫੀਅਤ ਹੋ ਗਈ ਸੀ। ਕੁੱਝ ਲੱਖ ਰੁਪੈ ਦੇਣੇ ਕਰ ਕੇ ਉਸਨੇ ਡਾਕਟਰ ਅਤੇ ਗੁਰਦਾ ਦੇਣ ਵਾਲੇ ਦਾ ਪ੍ਰਬੰਧ ਕਰ ਲਿਆ ਸੀ। ਸਫਰ ਅਤੇ ਜਲ ਵਾਯੂ ਤੇ ਵਾਤਾਵਰਣ ਦੀ ਇਕ ਦਮ ਤਬਦੀਲ਼ੀ ਕਾਰਨ ਰਣਜੀਤ ਦੀ ਸਿਹਤ ਮੁੜ ਵਿਗੜਨੀ ਸ਼ੁਰੂ ਹੋ ਗਈ। ਪਰ ਹੁਣ ਤਾਂ ਸ਼ੁਕਰ ਸੀ ਕਿ ਸਾਰੇ ਪ੍ਰਬੰਧ ਹੋ ਚੁੱਕੇ ਸਨ, ਗੁਰਦਾ ਵੀ ਲੱਗ ਭੱਗ ਪੂਰੀ ਤਰ੍ਹਾਂ ਮੈਚ ਕਰਦਾ ਮਿਲ ਰਿਹਾ ਸੀ। ਕਿੰਤੂ ਇਹ ਰਣਜੀਤ ਦੀ ਕਿਸਮਤ ਹੀ ਕਹੀ ਜਾ ਸਕਦੀ ਸੀ ਕਿ ਉਸਦੇ ਅਪ੍ਰੇਸ਼ਨ ਲਈ ਨੀਯਤ ਕੀਤੇ ਦਿਨ ਤੋਂ ਸਿਰਫ ਦੋ ਦਿਨ ਪਹਿਲਾਂ ਉਸ ਸੂਬੇ ਜਿੱਥੇ ਇਹ ਅਪ੍ਰੇਸ਼ਨ ਹੋ ਰਿਹਾ ਸੀ ਉਸ ਸੂਬੇ ਦੀ ਸਰਕਾਰ ਨੇ ਅੰਗ ਦਾਨ ਉੱਪਰ ਸਖਤ ਪਾਬੰਦੀਆਂ ਲਗਾ ਦਿੱਤੀਆਂ ਸਨ।

ਡਾਕਟਰਾਂ ਨੇ ਕਾਨੂੰਨ ਤੋਂ ਡਰਦਿਆਂ ਅਪ੍ਰੈਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ। ਮੇਛੀ ਲਈ ਬੜੀ ਮੁਸ਼ਕਲ ਬਣੀ ਕਿ ਕੀ ਕਰੇ। ਰਣਜੀਤ ਵਰਗੇ ਪੰਜ ਛੇ ਮਰੀਜ਼ ਹੋਰ ਦਾਖਲ ਸਨ ਜਿਨ੍ਹਾਂ ਦੇ ਅਗਲੇ ਕੁੱਝ ਦਿਨਾਂ ਦੌਰਾਨ ਅਪ੍ਰੇਸ਼ਨ ਹੋਣੇ ਸਨ। ਉਨ੍ਹਾਂ ਸਾਰਿਆਂ ਦੇ ਰਿਸ਼ਤੇਦਾਰਾਂ ਨੇ ਮਿਲ ਕੇ ਸਲਾਹ ਕੀਤੀ ਕਿ ਇਸ ਸਬੰਧ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ। ਮੇਛੀ ਨੇ ਸਾਰੀ ਖਬਰ ਕੈਨੇਡਾ ਰਣਜੀਤ ਦੇ ਘਰ ਪਹੁੰਚਾ ਦਿੱਤੀ ਤੇ ਇਹ ਵੀ ਇਸ਼ਾਰਾ ਕਰ ਦਿੱਤਾ ਕਿ ਅਦਾਲਤ ਪਤਾ ਨਹੀਂ ਕਿੰਨੇ ਦਿਨ ਲਗਾ ਦੇਵੇ ਤੇ ਰਣਜੀਤ ਪਤਾ ਨਹੀਂ ਉੰਨਾ ਇੰਤਜ਼ਾਰ ਕਰ ਸਕੇ ਕਿ ਨਾ।

ਦੋ ਕੁ ਦਿਨਾਂ ਬਾਅਦ ਰਣਜੀਤ ਦੀ ਸਥਿਤੀ ਵਿਗੜ ਗਈ। ਮਸ਼ੀਨ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ। ਹਸਪਤਾਲ ਦੇ ਮੰਜੇ ਉੱਪਰ ਪਏ ਨੂੰ ਆਪਣੀ ਸੁਰਤ ਜਾਂਦੀ ਹੋਈ ਮਹਿਸੂਸ ਹੋਈ। ਇੱਕ ਇੱਕ ਕਰਕੇ ਉਸਦੇ ਜੀਵਨ ਦੀਆਂ ਘਟਨਾਵਾਂ ਉਸਦੇ ਸਾਹਮਣਿਉਂ ਗੁਜ਼ਰਨ ਲੱਗੀਆਂ। ਨਵਰੀਤ ਤੇ ਸੁਰਮੀਤ ਦੇ ਜਨਮ ਯਾਦ ਆਉਂਦਿਆਂ ਹੀ ਉਸਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਉਸਦਾ ਜੀਅ ਕਰੇ ਕਿ ਕਿਸੇ ਤਰ੍ਹਾਂ ਉੱਡ ਕੇ ਆਪਣੇ ਬੱਚਿਆਂ ਕੋਲ ਜਾਵੇ ਤੇ ਉਨ੍ਹਾਂ ਨੂੰ ਘੁੱਟ ਕੇ ਢਿੱਡ ਨਾਲ ਲਗਾ ਲਵੇ। ਬੱਚਿਆਂ ਤੋਂ ਪਿਛਾਂਹ ਤੁਰਦੀ ਤੁਰਦੀ ਸੋਚ ਪਿੱਛੇ ਪਿੰਡ ਜਾ ਪਹੁੰਚੀ … ਮੇਛੀ, ਸੱਤੀ ਤੇ ਸੁਖਦੇਵ ਤੇ ਪਿੰਡ ਦੇ ਹੋਰ ਆੜੀ। ਕਾਲਜ ਦੇ ਹੋਰ ਸਾਥੀ ਤੇ ਕਈ ਕੁੱਝ ਹੋਰ ਇੱਕ ਫਿਲਮ ਦੀ ਰੀਲ ਵਾਂਗ ਅੱਖਾਂ ਸਾਹਵਿਉਂ ਵਾਰੀ ਵਾਰੀ ਗੁਜ਼ਰ ਰਿਹਾ ਸੀ।

ਪਿੰਡ ਦਾ ਘਰ, ਸੁਖਦੇਵ ਕਾ ਘਰ, ਮੇਛੀ ਹੁਰਾਂ ਦੀ ਬੈਠਕ … ਪਿੰਡ ਦੇ ਖੇਤ, ਟਿਊਬਵੈੱਲ ਦੇ ਚਲ੍ਹੇ ਵਿੱਚ ਨਹਾਉਣਾ … ਟਰੈਕਟਰ, ਫਸਲਾਂ, ਦਾਣੇ … ਤੇ ਸਵਰਨੇ ਕੱਛੂਖੋਰੇ ਦਾ ਗੱਡਾ। ਗੱਡੇ ਦਾ ਯਾਦ ਆਉਂਦਿਆਂ ਹੀ ਉਸਦੀ ਸੁਰਤ ਗੱਡੇ ਮੂਹਰੇ ਜੁੜੇ ਹੋਏ ਬੱਗੇ ਬੌਲਦ ਵੱਲ ਜਾ ਜੁੜੀ। ਕਦੀ ਹਲ਼ ਵਾਹੁੰਦਾ ਬੱਗਾ ਬੌਲਦ, ਕਦੀ ਹਲਟ ਤੇ ਜੁੜਿਆ ਬੱਗਾ, ਕਦੀ ਪੱਠੇ ਕੁਤਰਦਾ ਤੇ ਕਦੇ ਗੱਡਾ ਖਿੱਚਦਾ ਬੱਗਾ ਤੇ ਹਰ ਵਾਰ ਸਵਰਨਾ ਉਸਦੀ ਪਿਛਲੀ ਲੱਤ ਦੇ ਪਿੱਛੇ ਆਰ ਲਾਉਂਦਾ ਦਿਸਦਾ। … ਹਰ ਵਾਰ ਆਰ ਲੱਗਣ ਤੇ ਰਣਜੀਤ ਨੂੰ ਆਪਣੇ ਪੱਟ ਦੇ ਪਿਛਲੇ ਪਾਸੇ ਪੋਲੀ ਜਿਹੀ ਚੋਭ ਮਹਿਸੂਸ ਹੁੰਦੀ ਜੋ ਹਰ ਵਾਰ ਪਹਿਲਾਂ ਨਾਲੋਂ ਧੀਮੀ ਜਾਪਦੀ। ਅੰਤ ਰਣਜੀਤ ਨੂੰ ਚੋਭ ਮਹਿਸੂਸ ਹੋਣ ਤੋਂ ਬਿਲਕੁਲ ਹਟ ਗਈ ਤੇ ਉਹ ਨੀਂਦ ਦੀ ਗੋਦੀ ਡੂੰਘਾ ਉੱਤਰ ਗਿਆ।

ਜਦੋਂ ਉਸਦੀ ਸੁਰਤ ਪਲਟੀ ਤਾਂ ਉਸਨੂੰ ਜਾਪਿਆ ਜਿਵੇਂ ਕੋਈ ਉਸ ਦੀਆਂ ਗੱਲ੍ਹਾਂ ਥਾਪੜ ਰਿਹਾ ਹੋਵੇ ਤੇ ਹੌਲੀ ਹੌਲੀ ਜ਼ੋਰ ਨਾਲ ਥਾਪੜਨ ਲੱਗਾ ਹੋਵੇ। ਕੁੱਝ ਦੇਰ ਬਾਅਦ ੳਸ ਦੀਆਂ ਅੱਖਾਂ ਖੁੱਲ੍ਹ ਗਈਆਂ। ਇਹ ਨਰਸ ਸੀ, ਜੋ ਉਸ ਨੂੰ ਵਾਪਿਸ ਹੋਸ਼ ਵਿੱਚ ਲਿਆਉਣ ਦਾ ਯਤਨ ਕਰ ਰਹੀ ਸੀ। ਉਹ ਸੋਚਣ ਲੱਗਾ ਕਿ ਉਹ ਕਿੱਥੇ ਹੈ। ਮੰਜੇ ਤੋਂ ਥੋੜ੍ਹੀ ਦੂਰ ਉਸਨੂੰ ਸ਼ੀਸ਼ਿਆਂ ਪਿੱਛੇ ਦੋ ਜਾਣੇ ਪਛਾਣੇ ਚਿਹਰੇ ਨਜ਼ਰ ਆਏ। ਪਿਤਾ ਜੀ ਤੇ ਸੁਖਦੇਵ ਦੋਨੋਂ ਉਸਨੂੰ ਸੁਰਤ ਆ ਜਾਣ ਕਾਰਨ ਮੁਸਕਰਾ ਰਹੇ ਸਨ। ਉਸਨੇ ਆਪਣੇ ਆਲੇ ਦਵਾਲੇ ਦੇਖਿਆ ਤਾਂ ਉਸਨੂੰ ਯਾਦ ਆਇਆ ਕਿ ਉਹ ਹਸਪਤਾਲ ਵਿੱਚ ਬੇਹੋਸ਼ ਹੋ ਗਿਆ ਸੀ, ਪਰ ਉਹ ਕੈਨੇਡਾ ਕਿਵੇਂ ਪਹੁੰਚਾ ਇਹ ਗੱਲ ਉਸਨੂੰ ਸਮਝ ਨਹੀਂ ਪੈ ਰਹੀ ਸੀ। ਉਸਨੇ ਮੰਜੇ ਉੱਪਰ ਉੱਠ ਕੇ ਬੈਠਣਾ ਚਾਹਿਆ ਤਾਂ ਨਰਸ ਨੇ ਉਸਨੂੰ ਸਹਾਰਾ ਦੇ ਕੇ ਤੇ ਮੰਜੇ ਦਾ ਸਿਰ੍ਹਾਣਾ ਉੱਚਾ ਕਰ ਕੇ ਸਿਰ੍ਹਾਣੇ ਦੇ ਆਸਰੇ ਹੌਲੀ ਹੌਲੀ ਅੱਧ ਲਿਟਿਆ ਜਿਹਾ ਕਰ ਦਿੱਤਾ। ਤਦ ਹੀ ਉਸਨੂੰ ਮਹਿਸੂਸ ਹੋਇਆ ਕਿ ਉਸਦੇ ਸਰੀਰ ਉੱਪਰ ਕਾਫੀ ਸਾਰੀਆਂ ਪੱਟੀਆਂ ਬੱਝੀਆਂ ਪਈਆਂ ਸਨ। ਹਿੱਲਣ ਵੇਲੇ ਥੋੜ੍ਹੀ ਵੱਖੀ ਵਿੱਚ ਤਕਲੀਫ ਹੋਈ। ਤਾਂ ਕੀ ਉਹਦਾ ਅਪ੍ਰੇਸ਼ਨ ਹੋ ਗਿਆ ਹੈ? ਪਰ ਕਿਵੇਂ? ਉਹ ਤਾਂ ਭਾਰਤ ਵਿੱਚ ਕਿਸੇ ਹਸਪਤਾਲ ਵਿੱਚ ਦਾਖਲ ਹੋਇਆ ਸੀ।

ਤਦੇ ਉਸ ਦੀ ਸੋਚ ਨੇ ਪਲਟਾ ਖਾਧਾ। ਇਹ ਹਸਪਤਾਲ ਤਾਂ ਕੈਨੇਡਾ ਦਾ ਨਹੀਂ ਸੀ ਜਾਪਦਾ। ਨਰਸਾਂ ਤੇ ਡਾਕਟਰ ਵੀ ਗੋਰੇ ਨਹੀਂ ਸਨ ਤੇ ਆਲੇ ਦਵਾਲੇ ਦੇ ਹੋਰ ਰੋਗੀ ਵੀ ਦੇਖਣ ਨੂੰ ਉਸਦੇ ਆਪਣੇ ਵਰਗੇ ਸਨ।

ਤਦ ਹੀ ਨਰਸ ਡਾਕਟਰ ਨੂੰ ਲੈ ਕੇ ਆ ਗਈ। ਡਾਕਟਰ ਨੇ ਮੁਸਕਰਾ ਕੇ ਉਸ ਨੂੰ ਦੇਖਿਆ ਤੇ ਸਾਫ ਸੁਥਰੀ ਅੰਗ੍ਰੇਜ਼ੀ ਵਿੱਚ ਉਸਦੀ ਤਬੀਅਤ ਬਾਰੇ ਪੁੱਛਣ ਲੱਗਾ। ਫਿਰ ਡਾਕਟਰ ਦੀਆਂ ਗੱਲਾਂ ਤੋਂ ਉਸਨੂੰ ਪਤਾ ਲੱਗਾ ਕਿ ਉਹ ਉਸੇ ਹਸਪਤਾਲ ਵਿੱਚ ਹੈ ਜਿੱਥੇ ਉਹ ਦਾਖਲ ਹੋਇਆ ਸੀ ਤੇ ਹੁਣ ਉਸਦਾ ਅਪ੍ਰੇਸ਼ਨ ਇਸੇ ਡਾਕਟਰ ਹੱਥੋਂ ਹੋ ਚੁੱਕਾ ਸੀ ਤੇ ਹੁਣ ਤੱਕ ਤਾਂ ਜਾਪਦਾ ਸੀ ਕਿ ਅਪ੍ਰੇਸ਼ਨ ਕਾਮਯਾਬ ਰਿਹਾ। ਭਾਵੇਂ ਉਸਨੂੰ ਹੋਸ਼ ਆਮ ਨਾਲੋਂ ਕਈ ਦਿਨਾਂ ਬਾਅਦ ਆਈ ਪਰ ‘ਦੇਰ ਆਈ ਦਰੁਸਤ ਆਈ।’ ਉਸਨੇ ਡਾਕਟਰ ਦੇ ਵਾਪਿਸ ਜਾਣ ਤੋਂ ਪਹਿਲਾਂ ਘੁੱਟ ਕੇ ਉਸਦਾ ਹੱਥ ਫੜ ਲਿਆ ਤੇ ਗਲਾ ਭਰ ਆਉਣ ਤੋਂ ਪਹਿਲਾਂ ਮਸੀਂ ਉਸਨੂੰ “ਥੈਂਕ ਯੂ” ਹੀ ਕਹਿ ਸਕਿਆ। ਡਾਕਟਰ ਨੇ ਬੜੇ ਸਲੀਕੇ ਨਾਲ ਉਸਨੂੰ ਕਿਹਾ ਕਿ ਅਸਲੀ ਧੰਨਵਾਦ ਦਾ ਪਾਤਰ ਤਾਂ ਉਹ ਸ਼ਖਸ ਹੈ ਜਿਸਨੇ ਆਪਣਾ ਗੁਰਦਾ ਦਾਨ ਕੀਤਾ ਹੈ ਤੇ ਇਸ ਕੰਮ ਦੀ ਖਾਤਿਰ ਉਹ ਕੈਨੇਡਾ ਤੋਂ ਇੱਥੇ ਆਇਆ ਹੈ। ਫਿਰ ਉੱਧਰ ਜਿੱਥੇ ਸੁਖਦੇਵ ਤੇ ਪਿਤਾ ਜੀ ਹੁਰੀਂ ਖੜ੍ਹੇ ਰਣਜੀਤ ਨੂੰ ਦੇਖ ਰਹੇ ਸਨ ਉੱਧਰ ਸ਼ੀਸ਼ਿਆਂ ਵੱਲ ਇਸ਼ਾਰਾ ਕਰਦਾ ਬੋਲਿਆ ਕਿ ਉਹ ਉੱਧਰ ਖੜ੍ਹਾ ਹੈ ਤੇ ਜਲਦੀ ਹੀ ਉਸਨੂੰ ਰਣਜੀਤ ਨਾਲ ਮਿਲਵਾ ਦਿੱਤਾ ਜਾਵੇਗਾ।

ਕੁੱਝ ਦੇਰ ਬਾਅਦ ਨਰਸ ਰਣਜੀਤ ਨੂੰ ਸਰਜੀਕਲ ਵਾਰਡ ਦੇ ਇੱਕ ਪ੍ਰਾਈਵੇਟ ਕਮਰੇ ਵਿੱਚ ਛੱਡ ਗਈ। ਨਰਸ ਨੇ ਪਹਿਲਾਂ ਉਸਦੀਆਂ ਪੱਟੀਆਂ ਵਗੈਰਾ ਬਦਲੀਆਂ ਤੇ ਬਾਅਦ ਵਿੱਚ ਦਵਾਈਆਂ ਦੇ ਕੇ ਚਲੇ ਗਈ। ਉਸ ਦੇ ਜਾਂਦਿਆਂ ਹੀ ਮੇਛੀ ਕਮਰੇ ਵਿੱਚ ਆਇਆ ਤੇ ਰਣਜੀਤ ਦਾ ਉਸ ਨੂੰ ਦੇਖ ਗੱਚ ਭਰ ਆਇਆ। ਕੁੱਝ ਦੇਰ ਬਾਅਦ ਸੁਖਦੇਵ ਤੇ ਪਿਤਾ ਜੀ ਕਮਰੇ ਵਿੱਚ ਆਏ। ਪਿਤਾ ਜੀ ਜ਼ਰਾ ਕੰਮਜ਼ੋਰ ਹੋ ਗਏ ਜਾਪਦੇ ਸਨ ਤੇ ਸੁਖਦੇਵ ਦਾ ਸਹਾਰਾ ਲੈ ਕੇ ਚੱਲ ਰਹੇ ਸਨ। ਸ਼ਾਇਦ ਸਫਰ ਦੀ ਥਕਾਵਟ ਅਤੇ ਪੁੱਤਰ ਦੀ ਸਿਹਤ ਦੀ ਚਿੰਤਾ ਦਾ ਮਿਲਵਾਂ ਅਸਰ ਸੀ। ਸੁਖਦੇਵ ਨੇ ਰਣਜੀਤ ਦਾ ਹੱਥ ਫੜ ਕੇ ਉਸਦਾ ਹਾਲ ਪੁੱਛਿਆ।

“ਸੁੱਖੇ ਤੇਰਾ ਇਹ ਅਹਸਾਨ ਮੈਂ ਕਿੱਦਾਂ …” ਅਗਾਂਹ ਫਿਰ ਰਣਜੀਤ ਦਾ ਗੱਚ ਭਰ ਗਿਆ।

“ਮੈਂ ਤਾਂ ਕੁਸ਼ ਵੀ ਨੀ ਕੀਤਾ। ਮਹੀਨੇ ਕੁ ਤਾਈਂ ਉੱਦਾਂ ਵੀ ਮੈਂ ਇੱਥੇ ਆਉਣਾ ਸੀ। ਤੇਰੇ ਬਹਾਨੇ ਜ਼ਰਾ ਪਹਿਲਾਂ ਆ ਗਿਆ।

“ਤੇ ਕਿਡਨੀ …?”

“ਦੇਣਾ ਤਾਂ ਮੈਂ ਚਾਹੁੰਦਾ ਸੀ ਪਰ ਮੇਰਾ ਮੈਚ ਈ ਨੀ ਕੀਤਾ। ਪਰ ਮੇਰੇ ਤੋਂ ਪਹਿਲਾਂ ਚਾਚੇ ਹੁਣੀਂ ਆਪਣਾ ਸੱਭ ਕੁਸ਼ ਚੈੱਕ ਕਰਵਾਇਆ ਹੋਇਆ ਸੀ ਤੇ ਉਦਾਂ ਵੀ ਡਾਕਟਰ ਕਹਿੰਦਾ ਸੀ ਕਿ ਜੇ ਟੱਬਰ ’ਚੋਂ ਈ ਕੋਈ ਡੋਨਰ ਮਿਲ ਜਾਵੇ ਤਾਂ ਰਜ਼ਲਟ ਵਧੀਆ ਹੁੰਦਾ … ਤੇਰੀ ਕਹਿ ਲਾ ਜਾਂ ਸਾਡੀ ਸਾਰਿਆਂ ਦੀ ਕਹਿ ਲਾ ਕਿ ਕਿਸਮਤ ਚੰਗੀ ਨੂੰ ਤੁਹਾਡਾ ਪੇਅ ਪੁੱਤ ਦਾ ਮੈਚ ਵਧੀਆ ਹੋ ਗਿਆ ਤੇ ਕਾਨੂੰਨੀ ਕੰਮ ਸਾਰਾ ਮੇਛੀ ਨੇ ਬੜੀ ਨੱਠ ਭੱਜ ਨਾਲ ਸਾਂਭਿਆ।” ਸੁੱਖਾ ਜਿਵੇਂ ਇੱਕੋ ਸਾਹੇ ਕਹਿ ਗਿਆ।

ਰਣਜੀਤ ਨੇ ਪਿਤਾ ਜੀ ਨੂੰ ਜੱਫੀ ਪਾਉਣੀ ਚਾਹੀ ਪਰ ਦੋਨਾਂ ਦੇ ਪੱਟੀਆਂ ਬੱਝੀਆਂ ਹੋਣ ਕਾਰਨ ਸਿਰਫ ਉਨ੍ਹਾਂ ਦਾ ਹੱਥ ਹੀ ਘੁੱਟ ਕੇ ਫੜ ਲਿਆ। ਤਦੇ ਈ ਐਨੀ ਔਖਿਆਈ ਨਾਲ ਤੁਰਦੇ ਸੀ ਤੇ ਐਨੇ ਕਮਜ਼ੋਰ ਹੋ ਗਏ ਜਾਪਦੇ ਸਨ ਤੇ ਹੱਥ ਫੜ ਕੇ ਇਸੇ ਤਰ੍ਹਾਂ ਬੈਠੇ ਬੈਠੇ ਉਸ ਨੂੰ ਫਿਰ ਨੀਂਦ ਆ ਗਈ। ਕੁੱਝ ਕੁ ਦਿਨਾਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਕੇ ਮੇਛੀ ਤੋਂ ਸਿਵਾਇ ਬਾਕੀ ਜਣੇ ਪਿੰਡ ਨੂੰ ਆ ਗਏ। ਕਈ ਕੰਮ ਸਨ ਜ਼ਮੀਨ ਸਬੰਧੀ ਕਰਨ ਵਾਲੇ। ਪਿਤਾ ਜੀ ਨੇ ਜੋ ਖੇਤ ਰਣਜੀਤ ਦੇ ਪੈਸਿਆਂ ਨਾਲ ਲਏ ਸਨ ਉਹ ਚੰਗੀ ਕੀਮਤ ਤੇ ਸੁੱਖੇ ਹੁਰਾਂ ਨੂੰ ਵੇਚਣ ਦਾ ਫੈਸਲਾ ਕੀਤਾ ਸੀ। ਅੱਧੇ ਤੋਂ ਵੱਧ ਪੈਸੇ ਸੁੱਖੇ ਨੇ ਉੱਧਰੋਂ ਆਉਣ ਤੋਂ ਪਹਿਲਾਂ ਹੀ ਤਾਰ ਦਿੱਤੇ ਸਨ ਤੇ ਪਿਤਾ ਜੀ ਪ੍ਰਮਿੰਦਰ ਨੂੰ ਪੈਸੇ ਫੜਾ ਘਰ ਦੀ ਬਾਕੀ ਬਚਦੀ ਮੌਰਗੇਜ਼ ਤਾਰ ਦੇਣ ਲਈ ਕਹਿ ਆਏ ਸਨ।

ਮੇਛੀ ਨੇ ਵਿਸ਼ਵੇ ਦੇ ਨਿਆਣਿਆਂ ਲਈ ਆ ਰਹੀ ਦੀਵਾਲੀ ਦੇ ਤਿਉਹਾਰ ਦੇ ਤੁਹਫੇ ਵਜੋਂ ਕੁੱਝ ਸਮਾਨ ਭੇਜਿਆ ਸੀ ਤੇ ਰਣਜੀਤ ਉਹ ਫੜਾਉਣ ਵਾਸਤੇ ਵਿਸ਼ਵੇ ਦੇ ਘਰ ਆਇਆ ਤਾਂ ਦੋਵੇਂ ਜਣੇ ਗੁਰਦਿਆਂ ਬਾਰੇ ਆਪਣੇ ਆਪਣੇ ਤਜਰਬੇ ਸਾਂਝੇ ਕਰਨ ਲੱਗੇ। ਗੱਲਾਂ ਕਰਦਿਆਂ ਕਰਦਿਆਂ ਭੈਣਾਂ ਭਰਾਵਾਂ ਨਾਲ ਗੁੱਸੇ ਰਾਜ਼ੀਆਂ ਦਾ ਜ਼ਿਕਰ ਹੁੰਦਾ ਹੁੰਦਾ ਮਾਂ ਬਾਪ ਤੇ ਆ ਗਿਆ। ਸਾਡੇ ਬਾਪ ਨੇ ਇਸ ਚੀਜ਼ ਦਾ ਪੂਰਾ ਹਿਸਾਬ ਰੱਖਿਆ ਕਿ ਘਰ ਨੂੰ ਚਲਾਉਣ ਵਿੱਚ ਕਿਹਦਾ ਕੀ ਲੱਗਾ ਤੇ ਕਿਹਦਾ ਨਹੀਂ ਲੱਗਾ। ਭਾਵੇਂ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਭਾਈਆ ਹਰ ਕੰਮ ਮੇਰੇ ਕੋਲੋਂ ਈ ਆਸ ਰੱਖਦਾ ਕਰਵਾਉਣ ਦੀ, ਪਰ ਹੁਣ ਮੈਨੂੰ ਸਮਝ ਆਉਂਦੀ ਆ ਕਿ ਸਿਆਣੇ ਮਾਂ ਬਾਪ ਨੂੰ ਆਪਣੇ ਬੱਚਿਆਂ ਦੇ ਸੁਭਾਅ ਦਾ ਪਤਾ ਹੁੰਦਾ ਕਿ ਕੌਣ ਕਿੰਨਾ ਕੁ ਕਰਨ ਜੋਗਾ, ਤਦੇ ਕਹਿੰਦੇ ਆ ਪਈ ਪੁੱਤ ਭਾਵੇਂ ਕਪੁੱਤ ਹੋ ਜਾਣ ਮਾਪੇ ਕਦੀ ਕੁਮਾਪੇ ਨਹੀਂ ਹੁੰਦੇ। ਰਣਜੀਤ ਇਹੀ ਗੱਲਾਂ ਸੋਚਦਾ ਘਰ ਵੱਲ ਤੁਰੀ ਆ ਰਿਹਾ ਸੀ ਕਿ ਭਾਵੇਂ ਪਿਤਾ ਜੀ ਨੇ ਇਹ ਖੇਤ ਵੇਚਣ ਦਾ ਫੈਸਲਾ ਕੈਨੇਡਾ ਆਉਂਦੇ ਹੀ ਕਰ ਲਿਆ ਸੀ ਪਰ ਉਨ੍ਹਾਂ ਨੇ ਸੁਖਦੇਵ ਨੂੰ ਇਸ ਬਾਰੇ ਕੋਈ ਵੀ ਗੱਲ ਮੂੰਹੋਂ ਕੱਢਣੋਂ ਰੋਕ ਰੱਖਿਆ ਸੀ, ਸ਼ਾਇਦ ਮਾਤਾ ਦੇ ਸੁਭਾਅ ਕਾਰਨ।

ਰਣਜੀਤ ਦਾ ਦਿਲ ਕੀਤਾ ਕਿ ਪਿਤਾ ਜੀ ਜੇ ਉਹਦੇ ਸਾਹਮਣੇ ਹੋਣ ਤਾਂ ਉਹ ਉਨ੍ਹਾਂ ਨੂੰ ਘੁੱਟ ਕੇ ਜੱਫੀ ਪਾ ਲਵੇ। ਪਿਤਾ ਜੀ ਨੂੰ ਆਖਰੀ ਵਾਰੀ ਘੁੱਟ ਕੇ ਜੱਫੀ ਕਦੋਂ ਪਾਈ ਸੀ, ਉਸਨੂੰ ਯਾਦ ਨਹੀਂ ਆ ਰਿਹਾ ਸੀ … ਸ਼ਾਇਦ ਪਹਿਲੀ ਵਾਰ ਘਰੋਂ ਕੈਨੇਡਾ ਨੂੰ ਤੁਰਨ ਲੱਗੇ ਪਾਈ ਸੀ …।

ਤੁਰੇ ਜਾਂਦਿਆਂ ਰਾਹ ਵਿੱਚ ਪਿੰਡ ਦਾ ਛੱਪੜ ਆਇਆ। ਰਣਜੀਤ ਚਾਚੇ ਸਵਰਨੇ ਦਾ ਕੱਖਾਂ ਕਾਨ੍ਹਾਂ ਦੇ ਕੋਠਿਆਂ ਵਾਲਾ ਵਾੜਾ ਤਲਾਸ਼ ਕਰਨ ਲੱਗਾ, ਪਰ ਉਸਨੂੰ ਕਿਧਰੇ ਉਸਦਾ ਵਾੜਾ ਨਜ਼ਰ ਨਾ ਆਇਆ। ਰਾਹ ਜਾਂਦੇ ਕਿਸੇ ਕੋਲੋਂ ਪੁੱਛਿਆ ਤਾਂ ਉਸ ਨੇ ਇੱਕ ਵੱਡੇ ਸਾਰੇ ਬਾਗਲੇ ਵਾਲੇ ਘਰ ਵੱਲ ਇਸ਼ਾਰਾ ਕੀਤਾ। ਝਕਦਾ ਜਿਹਾ ਰਣਜੀਤ ਉਸ ਘਰ ਜਾ ਵੜਿਆ। ਚਾਚਾ ਸਵਰਨਾ ਘਰ ਹੀ ਸੀ। ਵਿਹੜੇ ਵਿੱਚ ਉਸਦੇ ਪੋਤਰੇ ਪੋਤੀਆਂ ਖੇਡ ਰਹੇ ਸਨ ਤੇ ਉਹ ਆਪ ਬੜਾ ਸਾਫ ਸੁਥਰਾ ਕੁੜਤਾ ਪਜਾਮਾ ਪਾਈ ਵਰਾਂਡੇ ਵਿੱਚ ਬੈਠਾ ਦੁਪਹਿਰਾ ਛੱਕ ਰਿਹਾ ਸੀ। ਰਣਜੀਤ ਨੂੰ ਦੇਖਦੇ ਸਾਰ ਹੀ ਉਸ ਨੇ ਪਛਾਣ ਲਿਆ ਤੇ ਆਪਣੀਆਂ ਨੋਹਾਂ ਨੂੰ ਉਸ ਲਈ ਮੱਕੀ ਦੀ ਰੋਟੀ ਸਰੋਂ ਦੇ ਸਾਗ ਦੇ ਨਾਲ ਮੱਖਣ ਤੇ ਨਿੰਬੂ ਦੇ ਆਚਾਰ ਨਾਲ ਲਿਆਉਣ ਲਈ ਕਿਹਾ। ਚਾਚੇ ਦੇ ਦੋਵੇਂ ਪੁੱਤਰ ਡਬਈ ਵਿੱਚ ਰਾਜਗਿਰੀ ਦਾ ਕੰਮ ਕਰਦੇ ਕਰਦੇ ਹੁਣ ਆਪਣੇ ਠੇਕੇ ਲੈਣ ਲੱਗ ਪਏ ਸਨ। ਚਾਚੇ ਤੋਂ ਉਹਨਾਂ ਹਰ ਕੋਈ ਵੀ ਕੰਮ ਕਰਾਉਣਾ ਛੁਡਵਾ ਦਿੱਤਾ ਸੀ। ਐਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਅਚਾਨਕ ਰਣਜੀਤ ਨੇ ਸਵਰਨੇ ਨੂੰ ਪੁੱਛਿਆ, “ਕੋਈ ਪਸੂ ਵੀ ਰੱਖਿਉ ਆ ਚਾਚਾ?”

“ਤਾਂ ਹੋਰ ਕੀ, ਨਹੀਂ … ਮੇਰਾ ਤਾਂ ਪਸੂਆਂ ਬਗੈਰ ਦਿਲ ਈ ਨੀ ਲੱਗਦਾ,” ਤੇ ਇਹ ਕਹਿ ਉਹ ਰਣਜੀਤ ਨੂੰ ਲੈ ਕੇ ਘਰ ਦੇ ਪਿਛਵਾੜੇ ਆ ਗਿਆ। ਤਿੰਨ ਚਾਰ ਹੱਟੀਆਂ ਕੱਟੀਆਂ ਮੱਝਾਂ ਵੱਡੀ ਸਾਰੀ ਖੁਰਲੀ ’ਤੇ ਪੱਠੇ ਖਾ ਰਹੀਆ ਸਨ।

“ ਤੇ ਚਾਚਾ ਇੱਕ ਤੇਰੇ ਕੋਲ ਬੱਗਾ ਬੌਲਦ ਹੁੰਦਾ ਸੀ?”

“ਤੈਨੂੰ ਚੇਤਾ ਈ ਆ ਉਹਦਾ ਅਜੇ? ਔਹ ਤਾਂ ਅੰਬ ਦੇ ਬੂਟੇ ਹੇਠ ਬੈਠਾ,” ਸਵਰਨੇ ਨੇ ਪਰ੍ਹਾਂ ਦਰਖਤ ਕੋਲ ਬੈਠੇ ਜੁਗਾਲੀ ਪਏ ਬੌਲਦ ਵੱਲ ਇਸ਼ਾਰਾ ਕੀਤਾ।

“ਇਹ ਕੋਈ ਬੌਲਦ ਥੋੜ੍ਹੋ ਆ … ਇਹ ਤਾਂ ਮੇਰਾ ਪੁੱਤ ਆ,” ਕਹਿੰਦਾ ਹੋਇਆ ਸਵਰਨਾ ਉਸ ਵੱਲ ਤੁਰ ਪਿਆ।

“ਇਹ ਜੀਂਦਾ ਈ ਆ ਅਜੇ? ਐਨਾ ਤੂੰ ਇਹ ਤੋਂ ਕੰਮ ਲਿਆ, ਜਿੱਥੇ ਦੇਖਿਆ ਚੱਲ ਡਾਹ ਦਿਉ ਬੱਗੇ ਨੂੰ,” ਰਣਜੀਤ ਨੇ ਜ਼ਰਾ ਹੈਰਾਨੀ ਨਾਲ ਕਿਹਾ।

“ਆਹੋ ਕੰਮ ਲੈਂਦਾ ਤਾਂ ਹਰ ਕਿਸੇ ਨੂੰ ਦਿਸਦਾ ਸੀ ਤੇ ਜਿਹੜਾ ਮੈਂ ਇੱਕ ਦਿਨ ਛੱਡ ਰਾਤ ਨੂੰ ਅਲਸੀ ਤੇ ਮਿੱਠੀ ਸੌਂਫ ਦਾ ਇਹਨੂੰ ਬਣਾ ਕੇ ਕਾੜ੍ਹਾ ਦਿੰਦਾ ਤੇ ਤਾਰਾਮੀਰਾ ਚਾਰਦਾ ਜਾਂ ਰੋਜ਼ ਗੁਤਾਵੇ ਚਾਰਦਾ ਸੀ ਉਹ ਥੋੜ੍ਹੋ ਕਿਸੇ ਨੇ ਦੇਖਿਆ। ਮਾੜਾ ਪੱਠਾ ਇਹਨੂੰ ਕਦੇ ਅੱਜ ਤਾਂਈਂ ਨੀ ਪਾਇਆ। ਪਿੰਡੇ ਇਹਦੇ ਤੇ ਕਦੀ ਮੱਖੀ ਨੀ ਬੈਠਣ ਦਿੱਤੀ। ਇਹਦੇ ਸਿਰ ਤੇ ਈ ਤਾਂ ਟੱਬਰ ਪਾਲਿਆ ਮੈਂ। ਹੁਣ ਵੀ ਮੈਨੂੰ ਕੰਮ ਛੱਡੇ ਨੂੰ ਪੰਜਮਾ ਸਾਲ ਆ … ਪਰ ਮੈਂ ਨੀ ਵੇਚਿਆ ਇਹਨੂੰ। ਬਾਕੀ ਝੋਟੇ ਝਾਟੇ ਮਰ ਮੁਰ ਗਏ … ਵੀਹਾਂ ਤੋਂ ਉੱਪਰ ਹੋ ਗਿਆ ਇਹ ਮੇਰਾ ਸ਼ੇਰ … ਜਿੰਨਾ ਚਿਰ ਵੀ ਹੋਰ ਸਹੀ ਮੇਰਾ ਪੁੱਤ ਬਣ ਕੇ ਈ ਰਹੂ।”

ਬੱਗੇ ਦੇ ਕੋਲ ਜਾ ਕੇ ਸਵਰਨੇ ਨੇ ਪਹਿਲਾਂ ਵਾਂਗ ਲਲਕਾਰਾ ਮਾਰਿਆ, “ਸ਼ਾਵਾ ਬੱਗੇ ਸ਼ੇਰ ਦੇ …” ਤੇ ਬੱਗਾ ਝੱਟ ਉੱਠ ਕੇ ਖਲੋ ਗਿਆ। ਸਵਰਨੇ ਨੇ ਕੁੜਤੇ ਦੀ ਜੇਬ ਵਿੱਚੋਂ ਹੱਥ ਨਾਲ ਕੱਢ ਕੇ ਗੁੜ ਦੀ ਪੇਸੀ ਚੱਟਣ ਨੂੰ ਦਿੱਤੀ। ਬੱਗਾ ਕੁਝ ਦੇਰ ਪੇਸੀ ਚੱਟਣ ਤੋਂ ਬਾਅਦ ਪੇਸੀ ਛੱਡ ਆਪਣੀ ਲੰਬੀ ਜੀਭ ਨਾਲ ਸਵਰਨੇ ਦੀ ਬਾਂਹ ਪੋਲੇ ਪੋਲੇ ਚੱਟਣ ਲੱਗ ਪਿਆ।

Exit mobile version