Site icon Unlock the treasure of Punjabi Language, Culture & History with Punjabi Library – where every page tells a story.

ਭਾਵਨਾਵਾਂ ਅਤੇ ਠੇਸ (ਮਿੰਨੀ ਕਹਾਣੀ)

ਪ੍ਰੋਫੈਸਰ ਸਾਹਿਬ ਆਪਣੇ ਕਮਰੇ ਵਿੱਚ ਬੈਠੇ ਕੋਈ ਕਿਤਾਬ ਪੜ੍ਹ ਰਹੇ ਸਨ ਕਿ ਉਹਨਾਂ ਦੀ ਪਤਨੀ ਨੇ ਕਮਰੇ ਵਿੱਚ ਆ ਕੇ ਘਬਰਾਹਟ ਨਾਲ ਦੱਸਿਆ,
“ਅਜੀ ਸੁਣਦੇ ਓ ਕੁਝ ? ਉਪਰੋਂ ਚੁਬਾਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਹਨ, ਮੈਨੂੰ ਲੱਗਦਾ ਜੁਆਕ ਲੜ ਪਏ। ਜਰਾ ਜਾ ਕੇ ਦੇਖੋ ਉਹਨਾਂ ਨੂੰ ਕੀ ਹੋਇਆ ?”
ਪ੍ਰੋਫੈਸਰ ਸਾਹਿਬ ਕਿਤਾਬ ਦਾ ਪੰਨਾ ਮੋੜ ਕੇ ਉਸਨੂੰ ਮੇਜ ਉੱਪਰ ਰੱਖ ਕੇ ਜਲਦੀ ਨਾਲ ਛੱਤ ਦੀਆਂ ਪੌੜੀਆਂ ਚੜ੍ਹ ਗਏ ਅਤੇ ਚੁਬਾਰੇ ਵਿੱਚ ਜਾ ਕੇ ਦੇਖਿਆ ਤਾਂ ਦੋਵੇਂ ਬੱਚੇ ਲੜ ਰਹੇ ਸਨ, ਤਾਂ ਪ੍ਰੋਫੈਸਰ ਸਾਹਿਬ ਬੱਚਿਆਂ ਨੂੰ ਬੋਲੇ,
“ਪੁੱਤਰੋ ਕੀ ਹੋਇਆ ਤੁਹਾਨੂੰ, ਕਿਉਂ ਰੌਲਾ ਪਾਇਆ ?”
ਤਾਂ ਡੈਡੀ ਨੂੰ ਦੇਖ ਕੇ ਉਹਨਾਂ ਦੇ ਦਸ ਕੁ ਸਾਲ ਦੇ ਵੱਡੇ ਲੜਕੇ ਤਰਕਜੋਤ ਨੇ ਰੋਣਹਾਕੀ ਆਵਾਜ਼ ਵਿੱਚ ਆਖਿਆ,
“ਡੈਡੀ ਜੀ ਤੁਸੀਂ ਕੱਲ੍ਹ ਮੈਨੂੰ ਭਗਤ ਸਿੰਘ ਦੀ ਜਿਹੜੀ ਕਿਤਾਬ ਪੁਸਤਕ ਮੇਲੇ ਵਿੱਚੋਂ ਲਿਆ ਕੇ ਦਿੱਤੀ ਸੀ ਉਹ ਅਨਮੋਲ ਨੇ ਮੇਰੇ ਨਾਲ ਲੜ ਕੇ ਪਾੜ ਦਿੱਤੀ ।”
ਤਾਂ ਪ੍ਰੋਫੈਸਰ ਸਾਹਿਬ ਨੇ ਦੋਵਾਂ ਬੱਚਿਆਂ ਨੂੰ ਫੜ੍ਹ ਕੇ ਮੰਜੇ ਉੱਪਰ ਬਿਠਾਇਆ ਅਤੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਬੋਲੇ, “ਬੱਚਿਓ ਇੱਕ ਗੱਲ ਆਪਣੀ ਜਿੰਦਗੀ ਵਿੱਚ ਹਮੇਸ਼ਾ ਯਾਦ ਰੱਖੋ,
ਜੇਕਰ ਤੁਸੀਂ ਵੱਡੇ ਹੋ ਕੇ ਦਲੀਲ ਅਤੇ ਤਰਕ ਨਾਲ ਸੋਚਣ ਅਤੇ ਗੱਲ ਕਰਨ ਵਾਲੇ ਤਰਕਸ਼ੀਲ ਵਿਅਕਤੀ ਬਣਨਾ ਚਹੁੰਦੇ ਹੋ ਤਾਂ ਇਹ ਯਾਦ ਰੱਖੋ ਕਿ ਕਿਸੇ ਤਰਕਸ਼ੀਲ ਵਿਅਕਤੀ ਦੀਆਂ ਭਾਵਨਾਵਾਂ ਇੰਨੀਆਂ ਕਮਜ਼ੋਰ ਨਹੀਂ ਹੁੰਦੀਆਂ ਕਿ ਕਿਸੇ ਕਿਤਾਬ ਦੇ ਪਾਟਣ ਜਾਂ ਨਸ਼ਟ ਹੋਣ ਨਾਲ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਲੱਗੇ। ਕਿਉਂਕਿ ਹਰ ਕਿਤਾਬ ਨੂੰ ਕਿਸੇ ਵਿਅਕਤੀ ਨੇ ਹੀ ਲਿਖਿਆ ਹੈ ਅਤੇ ਉਸਦਾ ਕੋਈ ਮੁੱਲ ਹੁੰਦਾ ਹੈ । ਪਰ ਇਹ ਮੁੱਲ ਕਿਤਾਬ ਦੇ ਕਾਗਜ਼ ਅਤੇ ਛਪਵਾਈ ਦਾ ਹੁੰਦਾ ਹੈ ਉਸ ਲੇਖਕ ਦੇ ਚੰਗੇ ਵਿਚਾਰਾਂ ਦਾ ਕੋਈ ਮੁੱਲ ਨਹੀਂ ਹੁੰਦਾ, ਕਿਉਂਕਿ ਉਹ ਵਿਚਾਰ ਅਣਮੁੱਲੇ ਹੁੰਦੇ ਹਨ । ਅਤੇ ਕਿਸੇ ਕਿਤਾਬ ਦੇ ਖਤਮ ਹੋ ਜਾਣ ਨਾਲ ਉਸ ਲੇਖਕ ਦੇ ਵਿਚਾਰ ਖਤਮ ਨਹੀਂ ਹੋ ਜਾਂਦੇ । ਉਹ ਵਿਚਾਰ ਉਸ ਲੇਖਕ ਦੀਆਂ ਹੋਰ ਕਿਤਾਬਾਂ ਅਤੇ ਉਸਦੇ ਪਾਠਕਾਂ ਦੇ ਦਿਮਾਗ ਵਿੱਚ ਹਮੇਸ਼ਾ ਲਈ ਰਹਿੰਦੇ ਹਨ। ਜੇਕਰ ਕਿਤਾਬ ਦਾ ਖਤਮ ਹੋਣਾ ਉਸਦੇ ਵਿਚਾਰ ਦਾ ਖਤਮ ਹੋਣਾ ਨਹੀਂ ਹੁੰਦਾ ਤਾਂ ਇਸਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਕਿਤਾਬਾਂ ਨੂੰ ਜਾਣ ਬੁੱਝ ਕੇ ਪਾੜ ਕੇ ਖਤਮ ਕਰੀਏ ।”
ਉਹਨਾਂ ਨੇ ਆਪਣੇ ਛੋਟੇ ਪੁੱਤਰ ਨੂੰ ਵੀ ਸਮਝਾਉਂਦਿਆਂ ਆਖਿਆ ਕਿ ਪੁੱਤਰ ਕਦੇ ਵੀ ਕਿਸੇ ਵਿਅਕਤੀ ਦੀ ਦੁਸ਼ਮਣੀ ਕਿਤਾਬਾਂ ਉੱਪਰ ਨਾ ਕੱਢੋ, ਕਿਉਂਕਿ ਕਿਤਾਬਾਂ ਹੀ ਸਾਡੀਆਂ ਸੱਚੀਆਂ ਦੋਸਤ ਹੁੰਦੀਆਂ ਹਨ, ਜੋ ਸਾਡੀ ਜਿੰਦਗੀ ਨੂੰ ਸੇਧ ਦੇ ਕੇ ਇੱਕ ਚੰਗੀ ਜੀਵਨ ਜਾਂਚ ਸਿਖਾਉਂਦੀਆਂ ਹਨ।
ਇਹ ਕਹਿ ਕੇ ਪ੍ਰੋਫੈਸਰ ਸਾਹਿਬ ਆਪਣੇ ਕਮਰੇ ਵਿੱਚ ਆ ਗਏ। ਅਤੇ ਜਦੋਂ ਉਹ ਸ਼ਾਮ ਨੂੰ ਬਾਜ਼ਾਰ ਵਿੱਚ ਗਏ ਤਾਂ ਉਹਨਾਂ ਨੇ ਭਗਤ ਸਿੰਘ ਦੀ ਉਹੀ ਕਿਤਾਬ ਲਿਆ ਕੇ ਆਪਣੇ ਪੁੱਤਰ ਨੂੰ ਫੜਾਉਂਦਿਆਂ ਆਖਿਆ,
“ਪੁੱਤਰ ਯਾਦ ਰੱਖੋ, ਕਿਸੇ ਕਿਤਾਬ ਦੇ ਖਤਮ ਹੋਣ ਨਾਲ ਉਸਦੇ ਵਿਚਾਰ ਖਤਮ ਨਹੀਂ ਹੁੰਦੇ ।”
-ਤੇਜਿੰਦਰ ਗਿੱਲ

Exit mobile version