ਆਪਣੇ ਭਾਰ ਨਾਲ ਲਿਫ਼ਿਆ ਬੂਟਾ

ਆਪਣੇ ਭਾਰ ਨਾਲ ਲਿਫ਼ਿਆ ਬੂਟਾ
If you like it , Please share it with your friends.Tks.
FacebookWhatsAppPinterestTelegramTwitterCopy LinkInstapaper

ਕਹਾਣੀ
{ਆਪਣੇ ਭਾਰ ਨਾਲ ਲਿਫ਼ਿਆ ਬੂਟਾ}
ਪਿਛਲੇ ਕੁਝ ਕੁ ਦਿਨਾਂ ਤੋਂ ਕੁਝ ਜ਼ਿਆਦਾ ਹੀ ਉਹਦੇ ਕਾਲਜੇ ਵਿੱਚ ਹੌਲ ਜਿਹੇ ਪੈ ਰਹੇ ਸਨ,ਉਸਦਾ ਇਸ ਦੁਨੀਆਂ ਵਿਚ ਬਿਲਕੁਲ ਵੀ ਦਿਲ ਨਹੀਂ ਸੀ ਲੱਗ ਰਿਹਾ/ਅਜਮੇਰ ਪਾਗਲਾਂ ਵਾਂਗ ਤੁਰਿਆ ਫਿਰਦਾ,ਕਦੇ ਖੇਤ,ਕਦੇ ਘਰੇ ਤੇ ਕਦੇ ਕਿਸੇ ਨਾ ਕਿਸੇ ਡੇਰੇ ਵਿੱਚ/ਜਦ ਸ਼ਹਿਰ ਜਾਂਦਾ ਤਾਂ ਰੇਲ ਦੀ ਲੀਹ ਤੇ ਬੈਠ ਜਾਂਦਾ,ਉੱਥੋਂ ਕੋਈ ਉਹਨੂੰ ਉਠਾ ਦਿੰਦਾ ਤਾਂ ਉਹ ਨਹਿਰ ਦੇ ਕੰਢੇ ਆ ਕੇ ਬੈਠ ਜਾਂਦਾ,ਪਾਣੀ ਦਾ ਤੇਜ ਵਹਾ ਤੇ ਡਿਗਦੀ ਧਾਰ ਦਾ ਖੜਕਾ ਉਸਨੂੰ ਕਿਸੇ ਦੈਂਤ ਵਾਂਗ ਜੀਭ ਕੱਢ ਕੇ ਡਰਾਉਂਦਾ ਲਗਦਾ/ਉੱਥੋਂ ਉੱਠ ਉਹ ਖੇਤ ਆ ਜਾਂਦਾ ਤੇ ਕੋਠੜੀ’ਚ ਪਈ ਜ਼ਹਿਰ ਦੀ ਬੋਤਲ ਨੂੰ ਸੁੰਘ ਕੇ ਵੇਖਦਾ ਤਾਂ ਉਸਦਾ ਚਿੱਤ ਘਿਰਣ ਲੱਗ ਜਾਂਦਾ/ਅਸਲ ਵਿੱਚ ਅਜਮੇਰ ਆਤਮ ਹੱਤਿਆ ਕਰਨੀ ਚਾਹੁੰਦਾ ਸੀ,ਪਰ ਥੋੜ੍ਹਾ ਜਿਹਾ ਮਰਨ ਤੋਂ ਪਹਿਲਾਂ ਹੋਣ ਵਾਲੀ ਤਕਲੀਫ਼ ਨੂੰ ਅਤੇ ਬਹੁਤਾ ਆਪਣੀ ਮੌਤ ਪਿੱਛੋਂ,ਆਪਣੇ ਪਰਿਵਾਰ ਤੇ ਆਉਣ ਵਾਲੇ ਦੁੱਖ,ਕਸ਼ਟ ਨੂੰ ਮਹਿਸੂਸ ਕਰਕੇ ਉਹ ਕੰਬ ਜਾਂਦਾ/
ਅਜਮੇਰ ਨੇ ਆਪਣੀਆਂ ਦੋਹੇ ਧੀਆਂ ਦਾ ਤੇ ਪੁੱਤਰ ਦਾ ਵਿਆਹ ਬੜਾ ਗੱਜ ਵੱਜ ਕੇ ਚੰਗੇ ਘਰ ਕੀਤਾ ਸੀ,ਹੋਰ ਤਾਂ ਹੋਰ ਆਪਣੇ ਦੋਹਾਂ ਭਰਾਵਾਂ ਨਾਲ ਮਿਲ ਕੇ ਆਪਣੇ ਪਿਉ ਦੇ ਮਰਨੇ ਤੇ ਵੀ ਕਾਫੀ ਖਰਚ ਕੀਤਾ/ਉਹਦੇ ਭਰਾਵਾਂ ਦੀ ਆਮਦਨ ਜ਼ਿਆਦਾ ਹੋਣ ਕਾਰਨ ਉਹ ਠਾਠ ਬਾਠ ਨਾਲ ਰਹਿੰਦੇ ਸਨ/ਵੱਡਾ ਭਰਾ ਪਿੰਡ ਵਾਲੀ ਜ਼ਮੀਨ ਠੇਕੇ ਤੇ ਦੇ ਕੇ ਸ਼ਹਿਰ ਵਿੱਚ ਸਰਕਾਰੀ ਨੌਕਰੀ ਕਰਦਾ ਸੀ ਤੇ ਉੱਥੇ ਹੀ ਉਸਦੀ ਰਹਿਸ ਸੀ,ਉਸਦੀ ਪਤਨੀ ਤੇ ਉਹਨਾਂ ਦੇ ਪੁੱਤ ਨੂਹਾਂ ਵੀ ਕਿਸੇ ਨਾ ਕਿਸੇ ਨੌਕਰੀ ਤੇ ਲੱਗੇ ਹੋਏ ਸਨ/ਅਜਮੇਰ ਦਾ ਦੂਜਾ ਵੱਡਾ ਭਰਾ ਪਿੰਡ ਵਿੱਚ ਹੀ ਉਹਦੇ ਘਰ ਨਾਲ ਹੀ ਆਪਣੇ ਘਰ ਵਿੱਚ ਰਹਿੰਦਾ ਸੀ,ਉਹ ਆਪਣੀ ਖੇਤੀ ਦੇ ਛੇ ਕੁ ਏਕੜ ਦੇ ਨਾਲ ਨਾਲ ਹੋਰ ਵੀ ਕਈ ਆਮਦਨੀ ਵਾਲੇ ਚੰਗੇ ਕਿੱਤੇ ਕਰਦਾ ਸੀ,ਤੇ ਉਹਦੇ ਬੱਚੇ ਵੀ ਚੰਗੇ ਕਾਲਜਾਂ ਵਿੱਚ ਪੜ੍ਹਦੇ ਸਨ,ਜਿਸ ਕਾਰਨ ਉਸਦੀ ਆਰਥਿਕ ਸਥਿਤੀ ਕਾਫੀ ਚੰਗੀ ਸੀ/ਪਰ ਉਹਨਾਂ ਦੋਹਾਂ ਦੇ ਮੁਕਾਬਲੇ ਅਮਜੇਰ ਦੀ ਆਰਥਿਕ ਹਾਲਤ ਕਾਫੀ ਨਾਜ਼ੁਕ ਸੀ,ਦੋਹੇ ਪਿਉ ਪੁੱਤਰ ਆਪਣੀ ਛੇ ਏਕੜ ਜ਼ਮੀਨ ਉੱਪਰ ਹੀ ਨਿਰਭਰ ਹੋਣ ਕਾਰਨ,ਖਰਚਾ ਆਮਦਨ ਤੋਂ ਜ਼ਿਆਦਾ ਹੋਣ ਕਰਕੇ ਅਤੇ ਦੂਜੇ ਚੌਥੇ ਸਾਲ ਫ਼ਸਲ ਦਾ ਨੁਕਸਾਨ ਹੋ ਜਾਣ ਸਦਕਾ ਉਹ ਕਰਜਾਈ ਹੋ ਗਏ ਸਨ/ਉਸ ਦੇ ਪੁੱਤਰ ਦਾ ਬਚਪਨ ਤੋਂ ਹੀ ਖੇਤੀ ਵੱਲ ਧਿਆਨ ਜ਼ਿਆਦਾ ਹੋਣ ਕਾਰਨ ਬਹੁਤਾ ਪੜ੍ਹ ਲਿਖ ਨਹੀਂ ਸਕਿਆ ਤੇ ਅਜਮੇਰ ਨੇ ਵੀ ਉਹਨੂੰ ਪੜਾਉਣ ਲਈ ਬਹੁਤਾ ਜੋਰ ਨਾ ਪਾਇਆ/ਉਹਨਾਂ ਨੇ ਠੇਕੇ ਉੱਤੇ ਦਸ ਪੰਦਰਾਂ ਕਿੱਲੇ ਲੈ ਕੇ ਵੀ ਖੇਤੀ ਕੀਤੀ,ਮਿੱਟੀ ਨਾਲ ਮਿੱਟੀ ਹੋਏ,ਖਾਸੀ ਮਿਹਨਤ ਵੀ ਕੀਤੀ,ਪਰ ਕਈ ਵਾਰ ਮਾੜੀਆਂ ਸਪਰੇਆਂ ਕਾਰਨ ਨਰਮੇਂ ਦੀ ਫਸ਼ਲ ਤਬਾਅ ਹੋ ਜਾਂਦੀ ਤੇ ਕਈ ਵਾਰ ਵਾਹਣ ਨੀਵੇਂ ਥਾ ਹੋਣ ਕਰਕੇ ਮੀਂਹ ਜ਼ਿਆਦਾ ਪੈ ਜਾਂਦੇ ਤਾਂ ਹੋਰਾਂ ਫ਼ਸਲਾਂ ਨੂੰ ਵੀ ਕਾਫੀ ਨੁਕਸਾਨ ਹੁੰਦਾ,ਅੱਧ ਪਚੱਦੀ ਹੀ ਹੱਥ ਲੱਗਦੀ,ਬਾਕੀ ਸਿਰ ਕਰਜ਼ਾ ਜ਼ਿਆਦਾ ਹੋਣ ਕਰਕੇ ਜਿੱਥੇ ਮਸਾਂ ਵਿਆਜ ਹੀ ਮੁੜਦਾ ਉੱਥੇ ਹਰ ਸਾਲ ਘਰ ਦੇ ਖਰਚੇ ਵਾਸਤੇ ਹੋਰ ਕਰਜ਼ਾ ਚੁੱਕਣਾ ਪੈਦਾਂ/
ਜਦ ਉਹਦਾ ਪੁੱਤਰ ਉਸ ਨੂੰ ਵਿਦੇਸ਼ ਜਾਣ ਲਈ ਕਹਿੰਦਾ ਤਾਂ ਅਜਮੇਰ ਦੇ ਸਾਹ ਸੁੱਕ ਜਾਂਦੇ/ਉਹ ਨਹੀਂ ਸੀ ਚਾਹੁੰਦਾ ਕਿ ਆਪਣੇ ਇੱਕੋ ਇੱਕ ਪੁੱਤਰ ਨੂੰ ਜੋ ਸੁੱਖਾਂ ਸੁੱਖ ਕੇ ਲਿਆ ਸੀ,ਉਸਨੂੰ ਆਪਣੀਆਂ ਅੱਖਾਂ ਤੋਂ ਦੂਰ ਕਰੇ/ਕਦੇ ਕਦੇ ਉਹਦਾ ਦਿਲ ਕਰਦਾ ਕਿ ਜ਼ਮੀਨ ਦਾ ਇੱਕ ਕਿੱਲਾ ਵੇਚ ਦੇਵੇ ਪਰ ਉਹਨੂੰ ਆਪਣਾ ਪਿਉ ਚੇਤੇ ਆ ਜਾਂਦਾ ਜਿਸ ਨੇ ਬਹੁਤ ਸੰਜ਼ਮ ਨਾਲ ਜ਼ਿੰਦਗੀ ਬਤੀਤ ਕਰਦੇ ਹੋਏ ਖ਼ੂਨ ਪਸ਼ੀਨੇ ਦੀ ਕਮਾਈ ਨਾਲ ਇਹ ਜ਼ਮੀਨ ਬਣਾਈ ਸੀ,ਬਾਕੀ ਜ਼ਮੀਨਾਂ ਦੇ ਰੇਟ ਘੱਟ ਜਾਣ ਕਰਕੇ ਇੱਕ ਕਿੱਲਾ ਵੇਚ ਕੇ ਵੀ ਕਰਜ਼ੇ ਤੋਂ ਖਹਿੜਾ ਨਹੀਂ ਸੀ ਛੁੱਟਦਾ/ਕਦੇ ਕਦੇ ਉਹ ਪਛਤਾਵਾ ਕਰਦਾ ਤੇ ਸੋਚਦਾ ਕਿ ਉਸਨੇ ਚਾਦਰ ਦੇ ਹਿਸਾਬ ਤੋਂ ਜ਼ਿਆਦਾ ਹੀ ਪੈਰ ਪਸਾਰ ਲਏ,ਭਲਾ ਕੁੜੀਆਂ ਦੇ ਵਿਆਹ ਤੇ ਐਨਾਂ ਖਰਚ ਕਰਨ ਦੀ ਕੀ ਲੋੜ ਸੀ/ਫੇਰ ਉਹ ਸੋਚਦਾ,ਵਧੀਆ ਘਰੇ ਉਹ ਸੁੱਖੀਂ ਸਾਂਦੀ ਵਸਦੀਆਂ ਨੇ,ਐਨਾ ਤਾਂ ਉਹਨਾਂ ਦਾ ਹੱਕ ਬਣਦਾ ਹੀ ਸੀ,ਜੇ ਇੱਕ ਪੁੱਤ ਹੋਰ ਹੁੰਦਾ ਤਾਂ ਉਹਨੇ ਵੀ ਆਪਣਾ ਹਿੱਸਾ ਲੈਣਾ ਸੀ/ ਨਾਲੇ ਸੁੱਖ ਨਾਲ ਜਿੰਨ੍ਹੀ ਮਿਹਨਤ ਕਰਦੇ ਆਂ,ਵਿਆਹਾਂ, ਭੋਗਾਂ ਤੇ ਕੀਤੇ ਖਰਚੇ ਦਾ ਕਰਜਾ ਤਾਂ ਦੋ ਚੌਂਹ ਸਾਲਾਂ ਵਿੱਚ ਲਾ ਦੇਣਾ ਸੀ ਜੇ ਕਿਤੇ ਆਹ ਦੂਜੇ ਚੌਥੇ ਸਾਲ ਫ਼ਸਲ ਨਾ ਮਰਦੀ/
ਜਦੋਂ ਚੱਕੇ ਕਰਜ਼ੇ ਦਾ ਵਿਆਜ ਵੀ ਮੁੜਨੋਂ ਹਟ ਗਿਆ ਤਾਂ ਬੈਂਕ ਵਾਲਿਆਂ ਦੇ ਨਾਲ ਨਾਲ ਪਿੰਡ ਵਿੱਚੋਂ ਜਿੰਨ੍ਹਾਂ ਘਰਾਂ ਤੋਂ ਕਰਜ਼ਾ ਲਿਆ ਸੀ ਉਹ ਵੀ ਉਹਦੇ ਘਰ ਗੇੜੇ ਮਾਰਨ ਲੱਗ ਪਏ,ਆਖਰ ਉਹ ਕਿੰਨਾ ਕੁ ਚਿਰ ਉਹਨਾਂ ਨੂੰ ਲਾਰੇ ਲਾ ਕੇ ਮੋੜਦਾ/ਉਹ ਸੱਥ ਵਿੱਚ ਵੀ ਖੜ੍ਹਨੋਂ ਹਟ ਗਿਆ/ਜਦ ਪੈਸੇ ਲੈਣ ਵਾਲੇ ਉਹਦੇ ਘਰ ਵਾਰ ਵਾਰ ਗੇੜੇ ਮਾਰਦੇ ਤਾਂ ਉਹ ਬੜੀ ਸ਼ਰਮ ਮਹਿਸੂਸ ਕਰਦਾ,ਉਸਨੂੰ ਕੁਝ ਸਮਝ ਨਹੀਂ ਸੀ ਆਉਦੀ ਉਹ ਕੀ ਕਰੇ/ਨਾ ਹੀ ਜ਼ਮੀਨ ਵੇਚੇ ਬਿਨਾਂ ਕੋਈ ਹੋਰ ਰਾਹ ਦਿਸ ਰਿਹਾ ਸੀ ਕਿ ਉਹ ਅਜਿਹਾ ਕੀ ਕਰੇ ਜਿਸ ਨਾਲ ਪੈਸਿਆਂ ਦਾ ਹੱਲ ਹੋ ਜਾਵੇ/ਇਸ ਕਰਕੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ,ਜਿੱਧਰ ਨੂੰ ਦਿਲ ਕਰਦਾ ਉਧਰ ਹੀ ਤੁਰ ਪੈਂਦਾ/
ਅਜਮੇਰ ਦੀ ਘਰ ਵਾਲੀ ਜੋ ਅੱਠ ਜਮਾਤਾਂ ਪੜ੍ਹੀ ਸੀ,ਹਮੇਸ਼ਾਂ ਦੀ ਤਰਾਂ ਗੁਆਂਢੀਆਂ ਦੇ ਘਰੋਂ ਅਖ਼ਬਾਰ ਲਿਆ ਕੇ ਅਜਮੇਰ ਕੋਲ ਆ ਕੇ ਪੜ੍ਹਨ ਲੱਗ ਪਈ/ਉਹ ਸਹਿ ਸੁਭਾਅ ਹੀ ਖ਼ਬਰ ਪੜ੍ਹ ਬੋਲਣ ਲੱਗ ਪਈ,”ਪਹਿਲਾਂ ਤਾਂ ਹੱਥ ਜੋੜ ਵੋਟਾਂ ਲੈ ਜਾਂਦੇ ਨੇ…, ਅਖੇ ਸਾਡੀ ਸਰਕਾਰ ਆ ਲੈਣ ਦਿਉ ਸਾਰੇ ਕਰਜੇ ਮੁਆਫ ਕਰਾਂਗੇ…..,ਸੁਆਮੀ ਨਾਥਨ ਰਿਪੋਰਟ ਲਾਗੂ ਕਰਾਂਗੇ…., ਕਿਸਾਨਾਂ ਦੀ ਭਲਾਈ ਲਈ ਨਵੀਆਂ ਸ਼ਕੀਮਾਂ ਲੈ ਕੇ ਆਵਾਂਗੇ…..,ਕਣਕ,ਝੋਨੇ ਦੇ ਭਾਅ ਵਾਂਗ ਬਾਕੀ ਫਸ਼ਲਾਂ ਦਾ ਵੀ ਰੇਟ ਪੱਕਾ ਕਰਾਂਗੇ…..,ਜਦੋਂ ਜਿੱਤ ਜਾਂਦੇ ਨੇ ਮਗਰੋਂ ਕਿਸੇ ਦੀ ਬਾਤ ਨੀਂ ਪੁੱਛਦੇ….,”ਆ ਰਹਿੰਦਾ ਹੋਰ ਡਰਾਮਾਂ ਚਲਾਤਾ….,”’ਅਖੇ ਜਿਹੜਾ ਕਿਸਾਨ ਕਰਜ਼ੇ ਤੋਂ ਦੁਖੀ ਹੋ ਕੇ ਮਰਦਾ,ਉਹਦੇ ਵਾਰਸਾਂ ਨੂੰ ਸਰਕਾਰ ਪੰਜ ਸੱਤ ਲੱਖ ਰੁਪਏ ਦਿਉ….,”ਜਿਉਂਦੇ ਜੀ ਨਾਂ ਉਹਨਾਂ ਦੀਆਂ ਮਰੀਆਂ ਫਸ਼ਲਾਂ ਦਾ ਮੁਆਵਜ਼ਾ ਦਿਉ…,ਪਹਿਲਾਂ ਉਹਨੂੰ ਮਰਨ ਲਈ ਮਜ਼ਬੂਰ ਕਰੋ,… ਫੇਰ ਜੇ ਉਹ ਮਰਨ ਵਾਲਾ ਆਵਦੀ ਪਾਰਟੀ ਨਾਲ ਸਬੰਧ ਰੱਖਦਾ ਸੀ ਤਾਂ ਪੈਸੇ ਦੇ ਦਿਉ ਨਹੀ ਬੱਸ ਐਲਾਨ ਕਰ ਕੇ ਛੱਡ ਦਿਉ….,ਇੱਥੇ ਕਿਹੜਾ ਕੋਈ ਕਿਸੇ ਨੂੰ ਪੁੱਛਦਾ/ਪਤਾ ਨਹੀਂ ਕਿੰਨੇ ਹੀ ਸਾਡੇ ਵਰਗੇ ਹੋਰ ਜ਼ਿੰਮੀਦਾਰਾਂ ਦਾ,ਕਿੰਨੇ ਹੀ ਸਾਲਾਂ ਤੋਂ ਗੰਨੇ ਦਾ ਬਕਾਇਆ ਖੜਾ ਇੰਨਾਂ ਵੱਲ,ਉਹ ਦਿੱਤਾ ਨੀਂ ਜਾਂਦਾ…..,ਕਰਜ਼ਾ ਮੁਆਫ਼ ਬਹੁਤ ਹੀ ਕਰਨਗੇ ਇਹ…./ਕੋਲ ਹੀ ਬੈਠਾ ਅਜਮੇਰ ਸਭ ਸੁਣੀ ਜਾ ਰਿਹਾ ਸੀ,ਨਾਲ ਹੀ ਉਹਨੂੰ ਆਪਣੇ ਆਪ ਤੇ ਗੁੱਸਾ ਵੀ ਆ ਰਿਹਾ ਸੀ/ਕਿਉਕਿ ਉਸਨੇ ਆਪਣੀ ਸਵੈ ਇੱਛਾ ਦੇ ਵਿਰੁੱਧ ਜਾ ਕੇ,ਸਾਰਾ ਕਰਜਾ ਮੁਆਫ਼ ਕਰਨ ਵਾਲੀ ਪਾਰਟੀ ਦੇ ਝਾਂਸੇ ਵਿੱਚ ਆ ਕੇ ਉਹਨਾਂ ਨੂੰ ਵੋਟਾਂ ਪਾਈਆਂ ਸਨ,ਪਰ ਹੁਣ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਸੀ/
ਸ਼ਾਮ ਵੇਲੇ ਖੇਤ ਜਾਂਦੇ ਅਜਮੇਰ ਨੂੰ ਆਪਣੀ ਘਰ ਵਾਲੀ ਦੇ ਮੂੰਹੋਂ ਨਿਕਲੇ ਸਹਿ ਸੁਭਾਅ ਇਹ ਸ਼ਬਦ ਕਿ ਮਰਨ ਤੋਂ ਬਾਅਦ ਵਾਰਸਾਂ ਨੂੰ ਸਰਕਾਰ ਪੰਜ ਸੱਤ ਲੱਖ ਰੁਪਾਏ ਦਿੰਦੀ ਹੈ,ਵਾਰ ਵਾਰ ਕੰਨਾਂ ਵਿੱਚ ਸੁਣਾਈ ਦੇ ਰਹੇ ਸਨ/ਇਹਨਾਂ ਸ਼ਬਦਾਂ ਨੇ ਬਲਦੀ ਤੇ ਘਿਉ ਪਾਉਣ ਵਾਲਾ ਕੰਮ ਕੀਤਾ,ਉਹਨੇ ਮਰਨ ਦਾ ਪੂਰਾ ਮਨ ਬਣਾ ਲਿਆ/ਹਨੇਰਾ ਹੋਣ ਦੀ ਦੇਰ ਹੀ ਸੀ,ਉਹ ਖੇਤ ਕੋਠੜੀ ਲਾਗੇ ਲੱਗੇ ਦਰਖ਼ਤ ਉੱਪਰ ਚੜ੍ਹ ਗਿਆ ਤੇ ਉਸਦੇ ਇਕ ਟਾਹਣੇ ਨਾਲ ਆਪਣੇ ਸਿਰ ਤੋਂ ਪਰਨਾ ਲਾਹ ਕੇ ਇੱਕ ਪਾਸਾ ਬੰਨ ਲਿਆ ਤੇ ਦੂਜਾ ਪਾਸਾ ਗੰਢ ਦੇ ਕੇ ਆਪਣੇ ਗਲ ਵਿੱਚ ਪਾ ਲਿਆ/ਬੱਸ ਉਹ ਉਪਰੋਂ ਛਾਲ ਮਾਰਨ ਵਾਲਾ ਹੀ ਸੀ ਕਿ ਤਿੰਨ ਕੁ ਘੰਟੇ ਪਹਿਲਾਂ ਬਿਹਾਰੀ ਮਜ਼ਦੂਰ ਨਾਲ ਕੀਤੀ ਵਾਰਤਾਲਾਪ ਉਹਦੇ ਜ਼ਿਹਨ ਵਿੱਚ ਘੁਮਣ ਲੱਗ ਪਈ/ਅਜਮੇਰ ਦੀ ਮਾਨਸਿਕ ਹਾਲਤ ਨੂੰ ਵੇਖਦੇ ਹੋਏ ਬਿਹਾਰੀ ਮਜ਼ਦੂਰ ਨੇ ਉਹਨੂੰ ਕਿਹਾ ਸੀ,”ਸਰਦਾਰ ਜੀ ਆਪਕੇ ਯਹਾਂ ਕਿਸਾਨ ਆਤਮ ਹੱਤਿਆ ਬਹੁਤ ਕਰਤੇ ਹੈਂ…..,ਰਹਿਣੇ ਕੇ ਲੀਏ ਅੱਛੇ ਮਕਾਨ ਹੈਂ….,ਇਤਨੀ ਜ਼ਮੀਨ ਹੈਂ….,ਬੜੀਆ ਟਰੈਕਟਰ….,ਔਰ ਵੀ ਅੱਛੇ ਅੱਛੇ ਸਾਧਨ ਹੈਂ….,ਫੇਰ ਵੀ ਪਤਾ ਨਹੀਂ ਕਿਉ ਆਪਕੋ ਜ਼ਿੰਦਗੀ ਅੱਛੀ ਨਹੀਂ ਲਗਤੀ ? ਹਮਾਰੇ ਲੋਗੋਂ ਕੋ ਦੇਖੋ,… ਹਮਾਰੇ ਪਾਸ ਨਾ ਤੋਂ ਜ਼ਮੀਨ ਹੈ….,ਨਾਹੀਂ ਅੱਛੇ ਘਰ…., ਨਾ ਹੀ ਕੋਈ ਔਰ ਸੁਵਿਧਾ ਹੈ….,ਹਮੇਂ ਤੋ ਪੀਣੇ ਵਾਲਾ ਪਾਣੀ ਲੇ ਕੇ ਆਣੇ ਕੇ ਲੀਏ ਰੋਜ਼ ਤੀਨ ਚਾਰ ਕਿਲੋਮੀਟਰ ਜਾਨਾ ਪੜਤਾ ਹੈ,ਹਮਾਰੇ ਲੋਗ ਤੋਂ ਕਭੀ ਆਤਮ ਹੱਤਿਆ ਨਹੀਂ ਕਰਤੇ/ਹਮ ਜਿਤਨੀ ਵੀ ਕਮਾਈ ਕਰਤੇ ਉਸ਼ੀ ਸੇ ਬੜੀਆ ਜ਼ਿੰਦਗੀ ਬਤੀਤ ਕਰ ਲੈਤੇਂ ਹੈਂ/ਸਭ ਕੁਝ ਆਪਕੇ ਪਾਸ ਹੋਤੇ ਹੋਏ ਵੀ ਪਤਾ ਨਹੀਂ ਆਪ ਐਸਾ ਕਿਉ ਕਰਤੇ ਹੈਂ ?
ਆਤਮ ਹੱਤਿਆ ਕਰਨ ਤੋਂ ਬਾਅਦ, ਪੈਸੇ ਮਿਲਣ ਵਾਲੀ ਗੱਲ ਨੇ,ਜਿੱਥੇ ਅਜਮੇਰ ਤੇ ਬਲਦੀ ਉੱਪਰ ਘਿਉ ਪਾਉਣ ਵਾਲਾ ਕੰਮ ਕੀਤਾ ਉੱਥੇ ਬਿਹਾਰੀ ਮਜ਼ਦੂਰ ਦੀ ਗੱਲ ਨੇ ਉਸਨੂੰ ਬਹੁਤ ਸਾਰਾ ਹੌਸਲਾ ਦੇ ਕੇ ਸੋਚਣ ਲਈ ਮਜ਼ਬੂਰ ਕਰ ਦਿੱਤਾ/ਅਜਮੇਰ ਦੀ ਅਚਾਨਕ ਨਜ਼ਰ ਆਪਣੇ ਹੀ ਭਾਰ ਨਾਲ ਲਿਫ਼ ਕੇ ਧਰਤੀ ਨਾਲ ਲੱਗ ਚੁੱਕੇ ਛੇ ਕੁ ਫੁੱਟ ਦੇ ਬੂਟੇ ਦੇ ਪੈਂਦੀ ਹੈ/ਉਹ ਦੁਚਿੱਤੀ ਵਿੱਚ ਫਸਿਆ ਇਕ ਵਾਰ ਦਰੱਖ਼ਤ ਤੋਂ ਹੇਠਾਂ ਉੱਤਰ ਆਉਂਦਾ ਹੈ ਤੇ ਉਸ ਬੂਟੇ ਕੋਲ ਜਾ ਕੇ ਥੱਲੇ ਤੋਂ ਲੈ ਕੇ ਉੱਪਰ ਤੱਕ ਉਸਦੀਆਂ ਟਾਹਣੀਆਂ ਤੋੜਣ ਲੱਗ ਜਾਂਦਾ ਹੈ/ਜਿਵੇਂ ਜਿਵੇਂ ਬੂਟੇ ਦੀਆਂ ਉਹ ਟਾਟਣੀਆਂ ਤੋੜਦਾ ਜਾਂਦਾ ਹੈ ਓਮੇਂ ਹੀ ਬੂਟਾ ਆਪਣਾ ਭਾਰ ਲੱਥਣ ਕਾਰਨ ਉੱਪਰ ਵੱਲ ਨੂੰ ਖੜਾ ਹੋਣ ਲੱਗ ਜਾਂਦਾ ਹੈ/ਵੇਖਦਿਆਂ ਵੇਖਦਿਆਂ ਉਸ ਬੂਟੇ ਦਾ ਕਾਫੀ ਹੱਦ ਤੱਕ ਕੁੱਬ ਨਿਕਲ ਜਾਂਦਾ ਏ ਤੇ ਉਹ ਸਰਹੱਦ ਤੇ ਖੜ੍ਹੇ ਫੌਜੀ ਵਾਂਗ ਤਾਇਨਾਤ ਹੋ ਜਾਂਦਾ ਹੈ/ਇਹ ਵੇਖ ਕੇ ਅਜਮੇਰ ਦੇ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ,ਉਸਨੂੰ ਇੰਝ ਲਗਦਾ ਹੈ ਜਿਵੇਂ ਉਸ ਨਿੱਕੇ ਜਿਹੇ ਬੂਟੇ ਨੇ ਉਹਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੋਵੇ/ਉਹ ਸੋਚਦਾ ਮਰਨਾ ਬੁਝਦਿਲੀ ਹੈ…,ਕੀ ਹੋਇਆ ਜੇ ਸਿਰ ਥੋੜ੍ਹਾ ਬਹੁਤ ਕਰਜ਼ਾ ਹੈ,ਐਨਾ ਕੁ ਕਰਜ਼ਾ ਤਾਂ ਤਕੜੇ ਤੋਂ ਤਕੜੇ ਵਪਾਰੀਆਂ,ਬਿਜ਼ਨਸਮੈਨਾਂ ਸਿਰ ਵੀ ਹੁੰਦਾ/ਇਹ ਕਰਜ਼ਾ ਤਾਂ ਦੋ ਤਿੰਨ ਏਕੜ ਜ਼ਮੀਨ ਗਹਿਣੇ ਕਰਕੇ ਵੀ ਲਾਹਿਆ ਜਾ ਸਕਦਾ,ਦੁਆਰਾ ਫੇਰ ਦਿਨ ਰਾਤ ਇਕ ਕਰ ਮਿਹਨਤ ਕਰਾਂਗੇ,ਖੇਤੀ ਦੇ ਨਾਲ ਨਾਲ ਕੋਈ ਹੋਰ ਚੰਗਾ ਵੱਖਰਾ ਕੰਮ ਵੀ ਕਰਾਂਗੇ/ਆਪਣੇ ਵਾਧੂ ਖਰਚੇ ਘਟਾ ਕੇ ਸੰਜ਼ਮ ਨਾਲ ਚੱਲਾਂਗੇ,ਹੌਲੀ ਹੌਲੀ ਗਹਿਣੇ ਪਈ ਜ਼ਮੀਨ ਵੀ ਛੁਡਵਾਈ ਜਾ ਸਕਦੀ ਆ/ਹੋਣ ਨੂੰ ਕੀ ਨਹੀਂ ਹੁੰਦਾ,ਹਰ ਵਾਰ ਤਾਂ ਨੀਂ ਸਰਕਾਰਾਂ ਮਾੜੀਆਂ ਰੇਹਾਂ ਸਪਰੇਆਂ ਦੇਈ ਜਾਣਗੀਆਂ,ਹਰ ਵਾਰ ਤਾਂ ਨੀਂ ਦਾਤਾ ਸਾਡੀ ਫਸ਼ਲ ਬਰਬਾਦ ਕਰੀ ਜਾਉ/ ਜ਼ਿੰਦਗੀ ਜਿੰਦਾਂ ਦਿਲੀ ਦਾ ਨਾਮ ਹੈ/ਅਜਮੇਰ ਆਤਮ ਹੱਤਿਆ ਕਰਨ ਦਾ ਵਿਚਾਰ ਬਦਲ ਦਿੰਦਾ ਹੈ ਤੇ ਕੋਲ ਹੀ ਬਣੀ ਖੇਲ ਵਿੱਚੋਂ ਪਾਣੀ ਨੂੰ ਲੀਟਰ ਨਾਲ ਭਰਕੇ,ਖੁਸ਼ੀ ਖੁਸ਼ੀ ਉਸ ਬੂਟੇ ਨੂੰ ਪਾਉਣ ਲੱਗ ਜਾਂਦਾ ਹੈ………
ਬਲਜੀਤ ਥਰਾਜ
9855 333 789

If you like it , Please share it with your friends.Tks.
FacebookWhatsAppPinterestTelegramTwitterCopy LinkInstapaper

Add Comment

Your email address will not be published. Required fields are marked *

For Suggestions, Publish your books on PunjabiLibrary.com

Email to : PunjabiLibrary@gmail.com

FacebookWhatsAppPinterestTelegramTwitterCopy LinkInstapaper