ਖਸਮਾਂ ਖਾਣੇ

If you like it , Please share it with your friends.Tks.
FacebookWhatsAppPinterestTelegramTwitterCopy LinkInstapaper

ਖਸਮਾਂ ਖਾਣੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

ਜਾਗੋ ਮੀਟੋ ਵਿਚ ਧਰੋਪਤੀ ਨੇ ਕਿਹਾ, ਨਹੀਂ ਉਹਦੇ ਮੂੰਹ ਵਿਚੋਂ ਨਿਕਲ ਗਿਆ, “ਖਸਮਾਂ ਖਾਣੇ ।”
ਹਾਰਨ ਦੀ ਖਹੁਰੀ ਆਵਾਜ਼ ਨਾਲ ਉਸ ਦੇ ਕੰਨ ਜੋ ਪਾਟਣ ਨੂੰ ਆਏ ਸਨ। ਅੱਜ ਤੱਕ ਹਾਰਨ ਦੀਆਂ ਜਿੰਨੀਆਂ ਵੀ ਆਵਾਜ਼ਾਂ ਉਸ ਦੇ ਕੰਨਾਂ ਵਿਚ ਪਈਆਂ ਸਨ, ਇਹ ਸਭਨਾਂ ਨਾਲੋਂ ਖਹੁਰੀ ਸੀ। “ਗਣੇਸ਼ ਟੈਕਸੀ ਵਾਲਾ ਨਹੀਂ, ਚਾਨਣ ਸ਼ਾਹ ਉਰੀ ਹੋਣਗੇ।” ਆਪਣੇ ਪਤੀ ਭਗਤ ਰਾਮ ਦੇ ਮੂੰਹੋਂ ਸ਼ਾਹ ਦਾ ਨਾਮ ਸੁਣ ਕੇ ਧਰੋਪਤੀ ਕੁਝ ਸ਼ਰਮਾ ਜਿਹੀ ਗਈ, “ਹਾਏ ਕਿਤੇ ਸ਼ਾਹ ਹੁਰਾਂ ਸੁਣ ਹੀ ਨਾ ਲਿਆ ਹੋਵੇ।”
ਤਿੰਨ-ਚਾਰ ਦਿਨ ਪਹਿਲਾਂ ਹੀ ਮੂੰਹ ਹਨੇਰੇ ਗਣੇਸ਼ੇ ਦੀ ਟੈਕਸੀ ਦੀ ਹਾਰਨ ਸੁਣ ਕੇ ਧਰੋਪਤੀ ਦੇ ਮੂੰਹੋਂ ਨਿਕਲਿਆ ਸੀ, “ਖਸਮਾਂ ਖਾਣਿਆਂ ਨੂੰ ਖ਼ਬਰੇ ਨੀਂਦਰ ਹੀ ਨਹੀਂ ਪੈਂਦੀ।” ਉਦੋਂ ਭਗਤ ਰਾਮ ਦੇ ਸਮਝਾਉਣ ‘ਤੇ ਕਿ “ਇਸ ਟੈਕਸੀ ਵਾਲੇ ਗਰੀਬ ਦਾ ਚਲਾਨ ਹੋ ਗਿਆ ਹੈ, ਵਿਚਾਰਾ ਸ਼ਰਨਾਰਥੀ ਹੈ, ਸਿਫਾਰਸ਼ ਲਈ ਆਖਦਾ ਹੈ”, ਧਰੋਪਤੀ ਨੇ ਹੋਰ ਉਚਾ ਆਖਿਆ ਸੀ, “ਖਾਏ ਖਸਮਾਂ ਨੂੰ।” ਗਣੇਸ਼ੇ ਇਹ ਗੱਲ ਸੁਣ ਲਈ ਸੀ, ਪਰ ਗ਼ਰਜ਼ਮੰਦ ਕੀ ਆਖਦਾ? ਅੱਜ ਚਾਨਣ ਸ਼ਾਹ ਦਾ ਲਿਹਾਜ਼ ਭਗਤ ਰਾਮ ਨੂੰ ਧਰੋਪਤੀ ਦੀ ਝਿੜਕ ਤੋਂ ਬਚਾਅ ਗਿਆ। ਮੋਟਰ ਬੂਹੇ ਅੱਗੇ ਖੜ੍ਹੀ ਕਰ ਕੇ ਚਾਨਣ ਸ਼ਾਹ ਸਿੱਧਾ ਭਗਤ ਰਾਮ ਦੇ ਸੌਣ ਕਮਰੇ ਵਿਚ ਹੀ ਆ ਗਿਆ। ਧਰੋਪਤੀ ਨੇ ‘ਜੀ ਆਇਆਂ’ ਆਖ ਕੇ ਕੁਰਸੀ ਅੱਗੇ ਕੀਤੀ।
ਚੁਟਕੀ ਵਜਾਉਂਦਿਆਂ ਖੜੇ-ਖੜੋਤੇ ਹੀ ਚਾਨਣ ਸ਼ਾਹ ਨੇ ਪੁੱਛਿਆ, “ਲਾਲਾ ਜੀ ਤਿਆਰ ਹੋ?”
“ਜੀ ਹਾਂ, ਬਸ ਦਵਾਈ ਦੀ ਸ਼ੀਸ਼ੀ ਲੈ ਲਵਾਂ, ਮੁੜਦਿਆਂ ਖਬਰੇ ਦੇਰ ਹੀ ਹੋ ਜਾਵੇ ਨਾਲੇ।” ਭਗਤ ਰਾਮ ਦੀ ਗੱਲ ਨੂੰ ਵਿਚੋਂ ਹੀ ਟੋਕ ਕੇ ਚਾਨਣ ਸ਼ਾਹ ਨੇ ਕਿਹਾ, “ਨਹੀਂ ਜੀ, ਹੁਣੇ ਮੁੜਦੇ ਹਾਂ, ਨਵੀਂ ਮੋਟਰ ਏ, ਢਾਈਆਂ ਘੰਟਿਆਂ ਵਿਚ ਅੰਬਾਲੇ, ਘੰਟਾ ਭਰ ਉਥੇ ਤੇ ਢਾਈਆਂ ਵਿਚ ਹੀ ਮੁੜ ਦਿੱਲੀ, ਕੁਲ ਛਿਆਂ ਘੰਟਿਆਂ ਦੀ ਗੱਲ ਏ, ਹੁਣ ਛੇ ਵਜੇ ਨੇ, ਜੇ ਦਸਾਂ-ਪੰਦਰਾਂ ਮਿੰਟਾਂ ਵਿਚ ਤੁਰ ਪਈਏ ਤਾਂ ਸਵਾ ਬਾਰਾਂ ਵਜੇ ਤੱਕ ਪਰਤ ਆਵਾਂਗੇ।”
“ਨਹੀਂ ਸ਼ਾਹ ਜੀ, ਸ਼ਰਨਾਰਥੀ ਕੈਂਪ ਵਿਚ ਮੇਰੇ ਦੋ ਸਵਾ ਦੋ ਘੰਟੇ ਘਟੋ ਘੱਟ ਜ਼ਰੂਰ ਲੱਗ ਜਾਣੇ ਨੇ।”
“ਚਲੋ ਹੱਦ ਤਿੰਨ ਵਜੇ ਤੱਕ ਸਹੀ, ਸ਼ਾਮ ਤੋਂ ਪਹਿਲਾਂ ‘ਤੇ ਆ ਹੀ ਜਾਵਾਂਗੇ, ਉਠੋ ਛੇਤੀ ਕਰੋ। ਜਿਤਨੇ ਛੇਤੀ ਜਾਵਾਂਗੇ, ਉਤਨੇ ਹੀ ਛੇਤੀ ਪਰਤਾਂਗੇ।” ਧਰੋਪਤੀ ਨੇ ਆਖਿਆ, “ਜੇ ਦੇਰ ਹੋ ਜਾਣ ਦਾ ਡਰ ਹੋਵੇ ਜਾਂ ਰਾਤ ਉਥੇ ਹੀ ਰਹਿਣਾ ਪੈ ਜਾਣਾ ਹੋਵੇ ਤਾਂ ਭਾਰਾ ਕੱਪੜਾ ਜਾਂ ਬਿਸਤਰਾ ਨਾਲ਼।” ਚਾਨਣ ਸ਼ਾਹ ਨੇ ਧਰੋਪਤੀ ਨੂੰ ਵੀ ਗੱਲ ਪੂਰੀ ਨਾ ਕਰਨ ਦਿੱਤੀ ਤੇ ਭਗਤ ਰਾਮ ਦਾ ਹੱਥ ਫੜ੍ਹ ਕੇ ਮੰਜੇ ਉਤੋਂ ਉਠਾ ਲਿਆ। “ਚਲੋ ਕਿਸੇ ਚੀਜ਼ ਦੇ ਨਾਲ ਲੈ ਜਾਣ ਦੀ ਲੋੜ ਨਹੀਂ, ਪਰਤਨੇ ਆਂ, ਜੇ ਸਰਦੀ ਮੰਨਦੇ ਹੋ, ਤਾਂ ਮੋਟਰ ਵਿਚ ਕੰਬਲ ਪਿਆ ਏ, ਵਲ੍ਹੇਟ ਲਵੋ, ਤਿੰਨ ਵਜੇ ਜ਼ਰੂਰ ਤੁਹਾਨੂੰ ਘਰ ਪਹੁੰਚਾ ਦਿਆਂਗੇ।”
ਬੜੀ ਤਸੱਲੀ ਨਾਲ ਨਵੀਂ ਮੋਟਰ ਦੇ ਨਰਮ ਗੱਦਿਆਂ ‘ਤੇ ਆਰਾਮ ਨਾਲ ਢੋਹ ਲਾ ਕੇ ਬਹਿੰਦਿਆਂ ਭਗਤ ਰਾਮ ਨੇ ਕਿਹਾ, “ਧਰੋਪਤੀ ਜੀ, ਜਿਹੜਾ ਵੀ ਕੋਈ ਕੰਮ ਕਾਜ ਵਾਲਾ ਆਵੇ, ਤਿੰਨ ਵਜੇ ਦਾ ਵਕਤ ਦੇ ਦੇਣਾ।”
ਚਾਨਣ ਸ਼ਾਹ ਨੇ ਭਗਤ ਰਾਮ ਦੇ ਗੋਡਿਆਂ ‘ਤੇ ਕੰਬਲ ਸੁੱਟਦਿਆਂ ਕਿਹਾ, “ਬਸ ਤੁਸੀਂ ਡਿਪਟੀ ਕਮਿਸ਼ਨਰ ਨੂੰ ਮੂੰਹ ਵਖਾਣੈ ਤੇ ਸਾਡਾ ਕੰਮ ਹੋ ਜਾਣੈ, ਫਿਰ ਤੁਸੀਂ ਜਿੱਥੇ ਜਾਣਾ ਹੋਇਆ ਜਾਇਉ, ਬੜੀ ਖੁਸ਼ੀ ਨਾਲ, ਪੈਟਰੋਲ ਬਹੁਤੇਰਾ ਹੈ।”
ਲਾਲਾ ਭਗਤ ਰਾਮ ਸ਼ਰਨਾਰਥੀ ਨੇਤਾ ਹਨ, ਸਵੇਰ ਤੋਂ ਸ਼ਾਮ ਤੱਕ ਇਨ੍ਹਾਂ ਕੋਲ ਲੋੜਵੰਦ ਸ਼ਰਨਾਰਥੀ ਆਉਂਦੇ ਰਹਿੰਦੇ ਹਨ। ਇਹ ਸਭ ਦੀਆਂ ਗੱਲਾਂ ਹਮਦਰਦੀ ਨਾਲ ਸੁਣ ਕੇ ਕੰਮ ਕਰਵਾਉਣ ਦਾ ਯਤਨ ਕਰਦੇ ਹਨ। ਧਰੋਪਤੀ ਦਾ ਵੀ ਸੁਭਾਅ ਉਂਜ ਤਾਂ ਬੜਾ ਮਿੱਠਾ ਤੇ ਦਿਲ ਬੜਾ ਹਮਦਰਦ ਹੈ, ਪਰ ਸਵੇਰੇ ਜਾਗਣ ਤੋਂ ਪਹਿਲਾਂ ਤੇ ਰਾਤੀਂ ਸੌਂ ਜਾਣ ਤੋਂ ਪਿੱਛੋਂ ਤੱਕ ਜਿਹੜੇ ਆਦਮੀ ਬੂਹੇ ਭੰਨਦੇ ਰਹਿੰਦੇ ਹਨ, ਉਨ੍ਹਾਂ ਤੋਂ ਉਹ ਕਦੇ ਬੜੀ ਔਖੀ ਹੋ ਜਾਂਦੀ ਹੈ।
ਹੁਣ ਮੋਟਰ ਕੁਆਰਟਰੋਂ ਬਾਹਰ ਨਿਕਲੀ ਹੀ ਸੀ ਕਿ ਇਕ ਸ਼ਰਨਾਰਥੀ ਨੇ ਲਾਲਾ ਭਗਤ ਰਾਮ ਬਾਰੇ ਆਣ ਪੁੱਛਿਆ। ਧਰੋਪਤੀ ਨੇ ਚਾਨਣ ਸ਼ਾਹ ਨਾਲ ਅੰਬਾਲੇ ਜਾਣ ਬਾਰੇ ਦੱਸਿਆ ਤਾਂ ਉਹ ਬੁੜ ਬੁੜ ਕਰਦਾ ਚਲਾ ਗਿਆ:
“ਸਰਮਾਏਦਾਰਾਂ ਨਾਲ ਉਡ ਕੇ ਤੁਰ ਪੈਂਦੇ ਨੇ, ਜੇ ਅੱਜ ਮੇਰੇ ਨਾਲ ਕਸਟੋਡੀਅਨ ਪਾਸ ਨਾ ਗਏ ਤਾਂ ਸ਼ਾਮੀਂ ਭਾਂਡਾ-ਟਿੰਡਰ ਸੜਕ ‘ਤੇ ਹੋਸੀ।” ਇਹ ਅਜੇ ਗਿਆ ਹੀ ਸੀ ਕਿ ਇਕ ਹੋਰ ਆਣ ਡੁਸਕਿਆ, “ਮੇਰਾ ਕਰਜ਼ਾ ਮਨਜ਼ੂਰ ਤਾਂ ਕਰਵਾ ਦਿੱਤਾ ਏ, ਲੈਣ ਲਈ ਜ਼ਮਾਨਤ ਕੌਣ ਦੇਵੇ।”
“ਮੇਰੀ ਬਦਲੀ ਦੇ ਕਾਗਜ਼ਾਂ ‘ਤੇ ਅੱਜ ਦਸਤਖਤ ਹੋ ਜਾਣੇ ਨੇ, ਮਕਾਨ ਸਬੰਧੀ ਸ਼ਰਨਾਰਥੀਆਂ ਨਾਲ ਭਰਿਆ ਪਿਆ ਹੈ। ਮਾਤਾ-ਪਿਤਾ ਬੁੱਢੇ ਨੇ, ਘਰ ਵਾਲੀ ਪੂਰਿਆਂ ਦਿਨਾਂ ‘ਤੇ ਹੈ, ਜਿੱਥੇ ਬਦਲੀ ਕਰਦੇ ਨੇ, ਉਥੇ ਰਹਿਣ ਲਈ ਟੈਂਟ ਦਾ ਵੀ ਪ੍ਰਬੰਧ ਨਹੀਂ।”
“ਮੈਂ ਪਿਸ਼ਾਵਰ ਵਿਚ ਏ.ਡੀ.ਐਮ. ਸਾਂ, ਇੱਥੇ ਕਲਰਕੀ ਮਿਲੀ ਹੈ, ਉਸ ਤੋਂ ਵੀ ਹਟਾਉਣ ਦੀਆਂ ਤਜਵੀਜ਼ਾਂ ਹੋ ਰਹੀਆਂ ਨੇ।”
“ਭੈਣ ਜੀ, ਇਕ ਸੌ ਸੱਠਾਂ ਬੰਗਲਿਆਂ ਦੇ ਮਾਲਕ ਨੂੰ ਇੱਥੇ ਕਿਸੇ ਕੋਠੀ ਦੇ ਬਰਾਂਡੇ ਵਿਚ ਵੀ ਟਿਕਾਣਾ ਨਾ ਮਿਲੇ, ਦੱਸੋ ਕਿੱਥੇ ਸਿਰ ਲੁਕਾਈਏ।” ਧਰੋਪਤੀ ਅੱਜ ਸਾਰੇ ਆਉਣ ਵਾਲੇ ਸ਼ਰਨਾਰਥੀਆਂ ਦੇ ਇਹ ਕੰਮ ਸੁਣ ਕੇ ਤਿੰਨ ਵਜੇ ਆਉਣ ਦਾ ਵਕਤ ਦਿੰਦੀ ਗਈ।
ਪਾਣੀ ਦੀਆਂ ਨਰਮ ਤੇ ਨਾਜ਼ੁਕ ਬੂੰਦਾਂ ਲਗਾਤਾਰ ਵਸ-ਵਸ ਕੇ ਪੱਥਰ ਦੀਆਂ ਸਖਤ ਚੱਟਾਨਾਂ ਵਿਚ ਵੀ ਆਪਣੀ ਥਾਂ ਬਣਾ ਲੈਂਦੀਆਂ ਹਨ। ਧਰੋਪਤੀ ਦੇ ਹਿਰਦੇ ਵਿਚ ਤਾਂ ਮਾਂ-ਦਿਲ ਹੈ। “ਪਤੀ ਗਿਆ, ਪੁੱਤ ਗਿਆ, ਹੁਣ ਪਤ ਵੀ ਜਾਂਦੀ ਹੈ”, ਇਕ ਅੱਧਖੜ੍ਹ ਜਿਹੀ ਉਮਰ ਦੀ ਸ਼ਰਨਾਰਥਣ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਧਰੋਪਤੀ ਤਿੰਨ ਵਜੇ ਆਉਣ ਲਈ ਉਸ ਨੂੰ ਆਖਣ ਹੀ ਲੱਗੀ ਸੀ ਕਿ ਸ਼ਰਨਾਰਥਣ ਨੇ ਆਪਣੀ ਵਿੱਥਿਆ ਅਰੰਭ ਦਿੱਤੀ। ਅੱਖਾਂ ਜੀਭ ਨਹੀਂ, ਪਰ ਜੀਭ ਤੋਂ ਬਿਨਾਂ ਵੀ ਨਹੀਂ। ਇਉਂ ਪ੍ਰਤੀਤ ਹੋਇਆ ਜਿਵੇਂ ਦੁਖੀ ਸ਼ਰਨਾਰਥਣ ਦੀ ਦਰਦ ਕਹਾਣੀ ਉਸ ਦੀ ਜ਼ੁਬਾਨ ਤੇ ਧਰੋਪਤੀ ਦੀਆਂ ਅੱਖਾਂ ਤੋਂ ਇਕ ਸਾਥ ਹੀ ਸੁਣਾਈ ਜਾ ਰਹੀ ਹੈ। ਇਸ ਆਪ ਧਿਆਨੇ ਵਿਚ ਧਰੋਪਤੀ ਹੋਰ ਆਉਣ ਵਾਲਿਆਂ ਨੂੰ ਤਿੰਨ ਵਜੇ ਦਾ ਵਕਤ ਦੇਣੋਂ ਵੀ ਇਕ ਵੇਰ ਭੁੱਲ ਗਈ। ਇਕ ਹੋਰ ਬੀਬੀ ਜਿਸ ਨੇ ਆਪਣੇ ਗੋਰੇ ਨਿਛੋਹ ਜਿਹੇ ਸਰੀਰ ਨੂੰ ਲੀਰੋ-ਲੀਰ ਹੋ ਚੁੱਕੇ ਮੈਲੇ ਖਲੱਟ ਦੁਪੱਟੇ ਨਾਲ ਮਸਾਂ ਹੀ ਕੱਜਿਆ ਹੋਇਆ ਸੀ, ਧਰੋਪਤੀ ਵੱਲ ਆਉਂਦੀ ਦਿਸੀ। ਸਰੀਰ ਦੇ ਅਗਲੇ ਹਿੱਸੇ ਨੂੰ ਕੱਜਣ ਲਈ ਉਸ ਦਾ ਸਿਰ ਇੰਨਾ ਝੁਕਿਆ ਹੋਇਆ ਸੀ ਕਿ ਉਹ ਸਾਹਮਣਿਉਂ ਆਉਂਦੇ-ਜਾਂਦੇ ਨੂੰ ਨਹੀਂ ਸੀ ਵੇਖ ਸਕਦੀ। ਧਰਤੀ ਵਿਚ ਅੱਖਾਂ ਗੱਡੀ ਉਹ ਬੂਹੇ ਅੱਗੇ ਪੁੱਜੀ ਤਾਂ ਮੁਹਾਠ ‘ਤੇ ਆਪ ਧਿਆਨੇ ਸੋਚਾਂ ਵਿਚ ਖੜ੍ਹੇ ਇਕ ਸ਼ਰਨਾਰਥੀ ਦਾ ਸਿਰ ਉਸ ਦੀ ਵੱਖੀ ਵਿਚ ਲੱਗਾ, ਉਹ ਧੜੰਮ ਕਰ ਕੇ ਡਿੱਗੀ। ਡਿੱਗਣ ਦੀ ਆਵਾਜ਼ ਨੇ ਹੀ ਧਰੋਪਤੀ ਨੂੰ ਉਸ ਦੀ ਹੋਂਦ ਦਾ ਗਿਆਨ ਕਰਵਾਇਆ। ਡਿੱਗਣ ਵਾਲੀ ਨੂੰ ਧਰੋਪਤੀ ਨੇ ਪਹਿਲੀ ਸ਼ਰਨਾਰਥਣ ਦੀ ਮਦਦ ਨਾਲ ਬਾਹਰਲੇ ਕਮਰੇ ਵਿਚ ਵਿਛੀ ਹੋਈ ਮੈਲੀ ਜਿਹੀ, ਲੋਕਾਂ ਦੀਆਂ ਜੁੱਤੀਆਂ ਨਾਲ ਮਿੱਟੀਓ-ਮਿੱਟੀ ਹੋਈ ਪਈ ਦਰੀ ‘ਤੇ ਲਿਟਾ ਦਿੱਤਾ। ਕਮਰੇ ਵਿਚ ਬੈਠੇ ਹੋਰ ਸਾਰਿਆਂ ਨੂੰ ਧਰੋਪਤੀ ਨੇ ‘ਤਿੰਨ ਵਜੇ ਆਇਓ’ ਆਖ ਕੇ ਉਠਾ ਦਿੱਤਾ। ਡਿੱਗਣ ਵਾਲੀ ਦੀ ਬੇਹੋਸ਼ੀ ਨੂੰ ਵੇਖ ਕੇ ਧਰਪੋਤੀ ਦੇ ਹੋਸ਼ ਗੁੰਮ ਗਏ, ਮੁੜ੍ਹਕੋ-ਮੁੜ੍ਹਕੀ ਹੋਈ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪਹਿਲੀ ਬੈਠੀ ਸ਼ਰਨਾਰਥਣ ਨੇ ਉਠ ਕੇ ਅੰਦਰੋਂ ਬੂਹਾ ਬੰਦ ਕਰ ਦਿੱਤਾ ਸੀ। ਘਬਰਾਈ ਹੋਈ ਧਰੋਪਤੀ ਨੇ ਬੂਹੇ ਦੀ ਝੀਤ ‘ਚੋਂ ਬਾਹਰ ਝਾਕਿਆ ਹੀ ਸੀ ਕਿ ਹਾਰਨ ਦੀ ਆਵਾਜ਼ ਉਸ ਦੇ ਕੰਨਾਂ ਵਿਚ ਪਈ। ਹੈਂ! ਤਿੰਨ ਵੱਜ ਗਏ ਨੇ? ਓ! ਇਹ ਤੇ ਗਣੇਸ਼ਾ ਏ, ਖਸਮਾਂ ਖਾਣਾ! ਪਿਛਲੇ ਲਫਜ਼ ਧਰੋਪਤੀ ਦੇ ਮੂੰਹੋਂ ਸੁੱਤੇ ਸਿਧ ਨਿਕਲ ਤੇ ਗਏ, ਪਰ ਉਸ ਦਾ ਮਨ ਕੁਝ ਸੋਚਾਂ ਜਿਹੀਆਂ ਵਿਚ ਪੈ ਗਿਆ। ਗਣੇਸ਼ੇ ਨੂੰ ਇਸ਼ਾਰੇ ਨਾਲ ਸੱਦ ਵੀ ਲਿਆ। ਉਸ ਨੂੰ ਕੋਈ ਕੰਮ ਦੱਸਣ ਲਈ ਕੁਝ ਸੰਕੋਚ ਹੈ, ਪਰ ਮਜਬੂਰੀ ਹੈ।
“ਕਰੋਲ ਬਾਗ ਗੁਰਦੁਆਰਾ ਰੋਡ ਲੇਡੀ ਡਾਕਟਰ ਕਰਤਾਰ ਕੌਰ ਦਾ ਨਾਂ ਪੁੱਛ ਲਈਂ।”
ਗਣੇਸ਼ਾ ਸਾਰੀ ਦਿੱਲੀ ਦਾ ਵਾਕਫ ਹੋ ਚੁੱਕਾ ਸੀ, ਧਰੋਪਤੀ ਦੇ ਮੂੰਹੋਂ ਇਹ ਲਫਜ਼ ਸੁਣਦਿਆਂ ਹੀ ਟੈਕਸੀ ਲੈ ਕੇ ਉਡ ਗਿਆ।
ਗਣੇਸ਼ੇ ਨੇ ਝਟ ਵਾਪਸ ਆਣ ਕੇ ਵਿਹੜੇ ਵੜਦਿਆਂ ਹੀ ਜ਼ੋਰ ਦਾ ਹਾਰਨ ਵਜਾਇਆ, ਪਰ ਧਰੋਪਤੀ ਦੇ ਕੰਨ ਇਸ ਵੇਲੇ ਸਿਰਫ ਸ਼ਰਨਾਰਥਣ ਦੀ ਪੀੜਤ ਹਾਏ ਹਾਏ ਤੋਂ ਨਵੇਂ ਜੀਅ ਦੀ ਰੁਣਾਕੀ ਚੀਂ-ਚੀਂ ਸੁਣਨ ਵਿਚ ਹੀ ਪੂਰੇ ਰੁੱਝੇ ਸਨ। ਲੇਡੀ ਡਾਕਟਰ ਨੂੰ ਵੇਖ ਕੇ ਧਰੋਪਤੀ ਨੇ ਸੁੱਖ ਦਾ ਸਾਹ ਲਿਆ। ਜਨਨੀ ਦੀ ਹਾਲਤ ਵੇਖ-ਵਾਖ ਕੇ ਕਰਤਾਰ ਕੌਰ ਨੇ ਧਰੋਪਤੀ ਦੀ ਸਿਫਤ ਕੀਤੀ। “ਟੈਕਸੀ ਵਾਲੇ ਦੇ ਚਲੇ ਜਾਣ ਪਿੱਛੋਂ ਮੈਨੂੰ ਖਿਆਲ ਆਇਆ, ਨਹੀਂ ਤੇ ਟੈਲੀਫੋਨ ਹੀ ਕਰਵਾ ਦਿੰਦੀ, ਤੁਸੀਂ ਇਕ ਵੇਰ ਨੋਟ ਕਰਵਾਇਆ ਸੀ।” ਧਰੋਪਤੀ ਦੀ ਗੱਲ ਸੁਣ ਕੇ ਲੇਡੀ ਡਾਕਟਰ ਨੇ ਕਿਹਾ: “ਹਾਂ ਉਹ ਘੁਮੰਡਾ ਸਿੰਘ ਉਰਾਂ ਦਾ ਨੰਬਰ ਸੀ, ਪਰ ਹੁਣ ਤੇ ਉਹ ਸੁਨੇਹਾ ਹੀ ਨਹੀਂ ਪਹੁੰਚਾਉਂਦੇ। ਪੈਸੇ ਵਾਲੇ ਆਦਮੀ ਨੇ, ਜੇ ਆਪਣੇ ਕਿਸੇ ਸਬੰਧੀ ਜਾਂ ਮਿਲਣ-ਗਿਲਣ ਵਾਲੇ ਦਾ ਕੰਮ ਹੋਵੇ ਤਾਂ ਤੁਰਤ ਬੰਦਾ ਭੇਜ ਦਿੰਦੇ ਨੇ।”
“ਖਸਮਾਂ ਖਾਣੇ, ਪੈਸੇ ਦਾ ਐਡਾ ਘੁਮੰਡ!” ਧਰੋਪਤੀ ਦੀ ਹਮਦਰਦੀ ਵੇਖ ਕੇ ਲੇਡੀ ਡਾਕਟਰ ਨੇ ਜਨਨੀ ਸ਼ਰਨਾਰਥਣ ਦਾ ਪਤਾ-ਨਿਵਾਂ ਪੁੱਛਿਆ। ਧਰੋਪਤੀ ਨੇ ਸਾਰੀ ਵਾਰਤਾ ਸੁਣ ਕੇ ਕਿਹਾ, “ਇਸ ਦਾ ਪਤਾ-ਨਿਵਾਂ ਤੇ ਅਸਾਂ ਅਜੇ ਪੁੱਛਿਆ ਹੀ ਨਹੀਂ, ਜ਼ਰਾ ਠੀਕ ਠਾਕ ਹੋ ਲਵੇ।” “ਇਹ ਵੀ ਚੰਗਾ ਹੋਇਆ ਕਿ ਕਿਤੇ ਸੜਕ ‘ਤੇ ਹੀ ਵਿਚਾਰੀ।”
“ਹੱਛਾ ਭੈਣ ਧਰੋਪਤੀ ਮੈਂ ਤੇ ਆਪਣਾ ਰੋਣਾ ਰੋਣ ਵੀ ਤੁਹਾਡੇ ਆਉਣਾ ਸੀ, ਲਾਲਾ ਜੀ ਕਿੱਥੇ ਨੇ?”
“ਕਿਉਂ, ਕੀ ਗੱਲ ਏ? ਉਹ ਅੰਬਾਲੇ ਤੱਕ ਗਏ ਸਨ, ਬਸ ਹੁਣ ਆਉਣ ਵਾਲੇ ਹੀ ਹਨ।”
“ਗੱਲ ਕੀ ਦੱਸਾਂ ਭੈਣ ਜੀ, ਜਿਸ ਗੈਰਜ ਵਿਚ ਮੈਂ ਕੰਮ ਕਾਰ ਕਰਦੀ ਹਾਂ, ਤੁਹਾਨੂੰ ਪਤਾ ਹੀ ਏ, ਦੋ ਹਜ਼ਾਰ ਲਾ ਕੇ ਮੈਂ ਪਾਰਟੀਸ਼ਨ ਕਰਵਾਇਆ, ਦਿਨੇ ਕੰਮ ਕਰਦੀ ਹਾਂ, ਰਾਤ ਉਥੇ ਹੀ ਕਊਚ ‘ਤੇ ਲੰਮੀ ਪੈ ਜਾਂਦੀ ਹਾਂ। ਮੈਨੂੰ ਪਤਾ ਲੱਗਾ ਹੈ ਕਿ ਮੇਰੇ ਵਾਲਾ ਗੈਰਜ ਬਖ਼ਸ਼ੀ ਖੁਸ਼ਹਾਲ ਚੰਦ ਐਡਵੋਕੇਟ ਨੇ ਆਪਣੇ ਨਾਂ ਅਲਾਟ ਕਰਵਾ ਲਿਐ।”
“ਹੈਂ ਹੈਂ, ਖਸਮਾਂ ਖਾਣੇ!”
“ਹਾਂ, ਭੈਣ ਧਰੋਪਤੀ ਮੇਰੀ ਤੇ ਚਿੰਤਾ ਨਾਲ ਰਾਤ ਨੀਂਦਰ ਨਹੀਂ ਪੈਂਦੀ।”
ਤਿੰਨ ਵੱਜ ਗਏ, ਸਾਢੇ ਤਿੰਨ, ਚਾਰ, ਪੰਜ ਦਾ ਵਕਤ ਹੋ ਗਿਆ, ਲਾਲਾ ਭਗਤ ਰਾਮ ਦੇ ਕੁਆਰਟਰ ਸਾਹਮਣੇ ਸ਼ਰਨਾਰਥੀਆਂ ਦੀ ਭੀੜ ਲੱਗੀ ਹੋਈ ਹੈ, ਪਰ ਉਹ ਅਜੇ ਅੰਬਾਲਿਓਂ ਵਾਪਸ ਨਹੀਂ ਮੁੜੇ।
“ਚਾਨਣ ਸ਼ਾਹ ਉਰਾਂ ਦੇ ਘਰੋਂ ਟੈਲੀਫੋਨ ਹੀ ਕਰ ਕੇ ਪਤਾ ਕਰੋ”, ਧਰੋਪਤੀ ਦੇ ਕਹਿਣ ‘ਤੇ ਉਸ ਦੇ ਨਿੱਕੇ ਮੁੰਡੇ ਨੇ ਟੈਲੀਫੋਨ ਦੀ ਕਿਤਾਬ ਵੇਖ ਕੇ ਕਿਹਾ, “ਉਨ੍ਹਾਂ ਦੇ ਘਰ ਤਾਂ ਟੈਲੀਫੋਨ ਹੈ ਹੀ ਨਹੀਂ।”
“ਨਹੀਂ ਹੈ, ਲਾਲਾ ਜੀ ਨੇ ਹੁਣੇ ਹੀ ਕੋਸ਼ਿਸ਼ ਕਰ ਕੇ ਲੁਆ ਦਿੱਤੈ।” ਧਰੋਪਤੀ ਦੀ ਗੱਲ ਸੁਣ ਕੇ ਇਕ ਸ਼ਰਨਾਰਥੀ ਨੇ ਕਿਹਾ, “ਲਾਲਾ ਜੀ ਵੀ ਭੱਜ ਕੇ ਸਰਮਾਏਦਾਰਾਂ ਦੇ ਕੰਮ ਹੀ ਕਰਦੇ ਨੇ।”
“ਖਸਮਾਂ ਖਾਣੇ, ਨੁਕਸ ਛਾਂਟਣ ਨੂੰ ਆ ਜਾਂਦੇ ਨੇ, ਸਰਮਾਏ ਬਿਨਾਂ ਕੋਈ ਕੰਮ ਵੀ ਚਲਦੈ। ਹੁਣ ਚਾਨਣ ਸ਼ਾਹ ਉਰੀ ਲਾਲਾ ਜੀ ਨੂੰ ਆਪਣੀ ਮੋਟਰ ਵਿਚ ਬਿਠਾ ਕੇ ਅੰਬਾਲੇ ਲੈ ਗਏ ਨੇ। ਕੰਮ ਭਾਵੇਂ ਉਨ੍ਹਾਂ ਦਾ ਆਪਣਾ ਵੀ ਸੀ, ਪਰ ਲਾਲਾ ਜੀ ਨੇ ਸ਼ਰਨਾਰਥੀਆਂ ਦੀ ਖਬਰ ਲੈਣ ਜਾਣਾ ਸੀ, ਆਰਾਮ ਨਾਲ ਗਏ ਨੇ, ਆਰਾਮ ਨਾਲ ਆ ਜਾਣਗੇ।” ਗੱਲ ਕਰਦਿਆਂ ਕਰਦਿਆਂ ਹੀ ਧਰੋਪਤੀ ਨੇ ਮੁੰਡੇ ਨੂੰ ਫਿਰ ਆਵਾਜ਼ ਦਿੱਤੀ, “ਟੈਲੀਫੋਨ ਪੁੱਛ-ਗਿੱਛ ਦੇ ਦਫਤਰੋਂ ਲਾਲਾ ਚਾਨਣ ਸ਼ਾਹ ਦਾ ਨੰਬਰ ਪਤਾ ਕਰ ਲਵੋ।”
“ਕਿੱਥੋਂ ਬੋਲਦੇ ਹੋ ਜੀ?”
“ਲਾਲਾ ਚਾਨਣ ਸ਼ਾਹ ਦੀ ਕੋਠੀਓਂ?”
“ਸ਼ਾਹ ਉਰੀਂ ਅੰਬਾਲੇ ਗਏ ਸਨ?”
“ਆ ਗਏ ਹਨ।”
“ਉਨ੍ਹਾਂ ਨੂੰ ਜ਼ਰਾ ਟੈਲੀਫੋਨ ਦਿਓ।”
“ਤੁਸੀਂ ਥੋੜ੍ਹੀ ਦੇਰ ਨੂੰ ਟੈਲੀਫੋਨ ਕਰਨਾ, ਇਸ ਵੇਲੇ ਉਹ ਬਾਹਰ ਬਗੀਚੇ ਵਿਚ ਬੈਠੇ ਹਨ, ਕੁਝ ਪ੍ਰਾਹੁਣੇ ਆਏ ਹੋਏ ਹਨ, ਪਾਰਟੀ ਹੋ ਰਹੀ ਹੈ।”
“ਹੱਛਾ ਉਨ੍ਹਾਂ ਤੋਂ ਪਤਾ ਕਰ ਦਿਓ ਕਿ ਲਾਲਾ ਭਗਤ ਰਾਮ ਉਰੀ ਜੋ ਉਨ੍ਹਾਂ ਦੇ ਨਾਲ ਗਏ ਸਨ, ਉਹ ਕਿੱਥੇ ਹਨ।”
“ਤੁਸੀਂ ਕੌਣ ਬੋਲਦੇ ਹੋ?”
“ਧਰੋਪਤੀ, ਲਾਲਾ ਜੀ ਦੇ ਘਰੋਂ।
“ਹੱਛਾ ਇਕ ਦੋ ਮਿੰਟ ਉਡੀਕੋ, ਜਾਂ ਆਪਣਾ ਨੰਬਰ ਦੱਸ ਦਿਉ।” ਧਰੋਪਤੀ ਆਪਣਾ ਨੰਬਰ ਦੱਸ ਕੇ ਕਰਤਾਰ ਕੌਰ ਨਾਲ ਗੱਲੀਂ ਲੱਗਣ ਲੱਗੀ ਸੀ ਕਿ ਤੁਰੰਤ ਫੈਲੀਫੋਨ ਦੀ ਘੰਟੀ ਵੱਜੀ।
“ਹੈਲੋ-।”
“ਹਾਂ ਜੀ।”
“ਸ਼ਾਹ ਜੀ ਆਖਦੇ ਹਨ ਕਿ ਲਾਲਾ ਜੀ ਡਿਪਟੀ ਕਮਿਸ਼ਨਰ ਦੀ ਕੋਠੀ ਤੋਂ ਹੀ ਟਾਂਗਾ ਲੈ ਸ਼ਰਨਾਰਥੀ ਕੈਂਪ ਵਿਚ ਚਲੇ ਗਏ ਸਨ। ਮੋਟਰ ਵਿਚ ਪੈਟਰੋਲ ਥੋੜ੍ਹਾ ਸੀ ਤੇ ਸ਼ਾਹ ਉਰਾਂ ਆਪਣੇ ਇਕ ਦੋ ਕੰਮ ਹੋਰ ਕਰਨੇ ਸਨ। ਸ਼ਾਹ ਉਰਾਂ ਲਾਲਾ ਜੀ ਨੂੰ ਸ਼ਰਨਾਰਥੀ ਕੈਂਪ ਵਿਚੋਂ ਨਾਲ ਲੈਣਾ ਸੀ, ਪਰ ਦੂਜੇ ਜ਼ਰੂਰੀ ਕੰਮਾਂ ਵਿਚ ਉਨ੍ਹਾਂ ਨੂੰ ਢਿੱਲ ਲੱਗ ਗਈ। ਇੱਥੇ ਘਰ ਬੰਦੇ ਚਾਹ ‘ਤੇ ਸੱਦੇ ਹੋਏ ਸਨ। ਜੇ ਕੈਂਪ ਵਿਚ ਲਾਲਾ ਜੀ ਨੂੰ ਲੈਣ ਜਾਂਦੇ ਤਾਂ ਢਿੱਲ ਲੱਗ ਜਾਣੀ ਸੀ, ਇਸ ਲਈ ਉਹ ਵਾਪਸ ਆ।” ‘ਗਏ’ ਦਾ ਸ਼ਬਦ ਅਜੇ ਸੁਣਨ ਵਾਲੇ ਦੇ ਮੂੰਹ ਵਿਚ ਹੀ ਸੀ ਕਿ ਧਰੋਪਤੀ ਨੇ ‘ਖਸਮਾਂ ਖਾਣੇ’ ਆਖ ਕੇ ਜ਼ੋਰ ਨਾਲ ਰਸਵੀਰ ਵਗਾਹ ਕੇ ਮਾਰਿਆ। ਗੱਲ ਸਭ ਨੂੰ ਪਤਾ ਲੱਗ ਗਈ, ਕੰਮਾਂ ਵਾਲੇ ਘਰੋਂ-ਘਰੀਂ ਚਲੇ ਗਏ।
ਰਾਤ ਦੀ ਸ਼ਾਂਤੀ ਜਿਉਂ-ਜਿਉਂ ਡੂੰਘੀ ਹੁੰਦੀ ਜਾਂਦੀ ਹੈ, ਧਰੋਪਤੀ ਦੀ ਬੇਚੈਨੀ ਵਧਦੀ ਜਾਂਦੀ ਹੈ। ਸੜਕ ਤੋਂ ਹਰ ਗੁਜ਼ਰਨ ਵਾਲੀ ਮੋਟਰ ਦੀ ਆਵਾਜ਼ ਉਸ ਨੂੰ ਆਪਣੇ ਵਿਹੜੇ ਵਿਚ ਸੁਣੀਂਦੀ, ਉਹ ਭੁਲੇਖੇ ਵਿਚ ਬੂਹਾ ਖੋਲ੍ਹਦੀ ਤੇ ਮੋਟਰ ਫਰ-ਫਰ ਕਰਦੀ ਅਲੋਪ ਹੋ ਜਾਂਦੀ। ਜਨਨੀ ਸ਼ਰਨਾਰਥਣ ਦੀ ਸੇਵਾ ਸੰਭਾਲ ਧਰੋਪਤੀ ਦੇ ਜਾਗਣ ਦਾ ਚੰਗਾ ਬਹਾਨਾ ਹੈ, ਪਰ ਉਂਜ ਵੀ ਅੱਜ ਉਸ ਦੀਆਂ ਅੱਖਾਂ ਵਿਚ ਨੀਂਦਰ ਕਿੱਥੋਂ।
“ਪੋਹ-ਮਾਹ ਦੀ ਰਾਤ, ਬਗੈਰ ਬਿਸਤਰੇ, ਕੋਈ ਭਾਰਾ ਕੱਪੜਾ ਵੀ ਲੈ ਕੇ ਨਹੀਂ ਗਏ, ਦਵਾਈ ਬਿਨਾਂ ਉਨ੍ਹਾਂ ਨੂੰ ਨੀਂਦਰ ਨਈਂ ਆਉਂਦੀ।” ਉਠਦਿਆਂ, ਬੈਠਦਿਆਂ ਜਨਨੀ ਸ਼ਰਨਾਰਥਣ ਦਾ ਕੱਪੜਾ ਲੱਤਾ ਠੀਕ ਕਰਦਿਆਂ-ਕਰਦਿਆਂ ਮੋਟਰਾਂ ਦੀਆਂ ਆਵਾਜ਼ਾਂ ਦੇ ਭੁਲੇਖੇ ਵਿਚ ਮੁੜ-ਮੁੜ ਬਾਹਰ ਝਾਕਦਿਆਂ, ਅੰਗੀਠੀ ਦੀ ਅੱਗ ਫੋਲਦਿਆਂ-ਫਾਲਦਿਆਂ, ਧਰੋਪਤੀ ਨੂੰ ਸਵੇਰ ਹੋ ਗਈ। ਅਖੀਰ ਕੱਲ੍ਹ ਵਾਲੇ ਮੂੰਹ ਹਨੇਰੇ ਵੇਲੇ ਇਕ ਮੋਟਰ ਉਸ ਦੇ ਵਿਹੜੇ ਵਿਚ ਆਣ ਹੀ ਰੁਕੀ। ਹਾਰਨ ਇਸ ਦਾ ਅੱਜ ਵੀ ਬੜਾ ਖਹੁਰਾ ਹੈ, ਪਰ ਧਰੋਪਤੀ ਦੇ ਕੰਨਾਂ ਨੂੰ ਸਵੇਰ ਦੇ ਆਸਾ ਰਾਗ ਵਰਗਾ ਮਿੱਠਾ ਲੱਗਾ।
ਗਣੇਸ਼ੇ ਨੇ ਟੈਕਸੀ ਦਾ ਬੂਹਾ ਬਾਹਰੋਂ ਖੋਲ੍ਹਿਆ, ਪਤਲੇ ਜਿਹੇ ਮੈਲੇ ਖਲੱਟ ਕੰਬਲ ਦੀ ਬੁੱਕਲ ਮਾਰੀ, ਲਾਲਾ ਭਗਤ ਰਾਮ ਉਰੀ ਬਾਹਰ ਨਿਕਲੇ। ਧਰੋਪਤੀ ਸੱਜੇ ਹੱਥ ਦੀਆਂ ਉਂਗਲਾਂ ਨਾਲ ਕੰਬਲ ਦੀ ਮੋਟਾਈ ਜਾਚ ਰਹੀ ਸੀ, ਤੇ ਲਾਲਾ ਜੀ ਆਖ ਰਹੇ ਸਨ, ਸ਼ਰਨਾਰਥੀ ਵਿਚਾਰਾ ਰਾਤ ਸਰਦੀ ਨਾਲ ਠਰ ਗਿਆ ਹੋਵੇਗਾ, ਇਕੋ ਤੇ ਉਸ ਪਾਸ ਕੰਬਲ ਸੀ, ਜਿਹੜਾ ਉਸ ਨੇ ਮੈਨੂੰ ਰੇਲ ਵਿਚ ਬਿਠਾਉਂਦਿਆਂ ਬਦੋਬਦੀ ਮੇਰੇ ਦੁਆਲੇ ਲਪੇਟ ਦਿੱਤਾ। ਧਰੋਪਤੀ ਨੇ ਖੱਬਾ ਹੱਥ ਕਮੀਜ਼ ਦੀ ਜੇਬ੍ਹ ਵਿਚ ਪਾਇਆ, “ਸਤਿ ਸ੍ਰੀ ਅਕਾਲ” ਦੀ ਆਵਾਜ਼ ਉਸ ਦੇ ਕੰਨਾਂ ਵਿਚ ਪਈ। ਗਣੇਸ਼ੇ ਦੀ ਉਡਦੀ ਜਾਂਦੀ ਟੈਕਸੀ ਨੂੰ ਦੂਰ ਤੱਕ ਵੇਖਦਿਆਂ ਉਸ ਦੇ ਮੂੰਹ ‘ਚੋਂ ਨਿਕਲਿਆ, “ਇਸ ਗਰੀਬ ਨੂੰ ਵੇਖੋ ਤਾਂ ਉਹ ਖਸਮਾਂ ਖਾਣੇ!”

If you like it , Please share it with your friends.Tks.
FacebookWhatsAppPinterestTelegramTwitterCopy LinkInstapaper

Add Comment

Your email address will not be published. Required fields are marked *

For Suggestions, Publish your books on PunjabiLibrary.com

Email to : PunjabiLibrary@gmail.com

FacebookWhatsAppPinterestTelegramTwitterCopy LinkInstapaper