ਤਾਸ਼ ਦੀ ਆਦਤ – ਨਾਨਕ ਸਿੰਘ

ਤਾਸ਼ ਦੀ ਆਦਤ – ਨਾਨਕ ਸਿੰਘ
If you like it , Please share it with your friends.Tks.
FacebookWhatsAppPinterestTelegramTwitterCopy LinkInstapaper

”ਰਹੀਮੇ!”
ਸ਼ੇਖ਼ ਅਬਦੁਲ ਹਮੀਦ ਸਬ-ਇੰਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, ”ਬਸ਼ੀਰ ਨੂੰ ਮੇਰੇ ਕਮਰੇ ਵਿਚ ਭੇਜ ਜ਼ਰਾ”।
ਤੇ ਉਹ ਸ਼ਪਾ-ਸ਼ਪ ਆਪਣੇ ਪ੍ਰਾਈਵੇਟ ਕਮਰੇ ਵਿਚ ਪਹੁੰਚੇ, ਕੋਟ ਤੇ ਪੇਟੀ ਲਾਹ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ ਜਾ ਬੈਠੇ।
ਮੇਜ਼ ਉੱਤੇ ਬਹੁਤ ਸਾਰਾ ਖਿੱਲਰ-ਖਲੇਰਾ ਪਿਆ ਹੋਇਆ ਸੀ। ਇਕ ਨੁੱਕਰੇ ਕੁਝ ਮੋਟੀਆਂ-ਪਤਲੀਆਂ, ਕਾਨੂੰਨੀ ਅਤੇ ਗੈਰ-ਕਾਨੂੰਨੀ, ਆਦਿ ਕਿਤਾਬਾਂ ਉਸਰੀਆਂ ਹੋਈਆਂ ਸਨ, ਦੂਜੀ ਨੁੱਕਰੇ ਚਿੱਟੇ-ਪੀਲੇ ਉੱਘੜ-ਦੁੱਘੜ ਕਾਗਜ਼ਾਂ ਨਾਲ ਤੂਸੀਆਂ ਹੋਈਆਂ ਕਈ ਫ਼ਾਈਲਾਂ। ਵਿਚਕਾਰ ਕਲਮਦਾਨ ਅਤੇ ਉਸ ਦੇ ਲਾਗੇ ਕਰ ਕੇ ਅੱਜ ਦੀ ਆਈ ਹੋਈ ਡਾਕ ਪਈ ਸੀ, ਜਿਸ ਵਿਚ ਪੰਜ-ਛੇ ਲਫ਼ਾਫ਼ੇ, ਦੋ-ਤਿੰਨ ਪੋਸਟ ਕਾਰਡ ਅਤੇ ਇਕ-ਦੋ ਅਖ਼ਬਾਰਾਂ ਵੀ ਸਨ। ਪਿੰਨ-ਕੁਸ਼ਨ, ਬਲਾਟਿੰਗ ਪੇਪਰ, ਪੇਪਰ-ਵੇਟ, ਟੈਗਾਂ ਦਾ ਇਕ ਮੁੱਠਾ ਅਤੇ ਹੋਰ ਇਹੋ ਜਿਹਾ ਬਥੇਰਾ ਨਿੱਕੜ-ਸੁੱਕੜ ਥਾਉਂ-ਥਾਈਂ ਪਿਆ ਸੀ।
ਬੈਠਦਿਆਂ ਹੀ ਸ਼ੇਖ਼ ਹੋਰਾਂ ਨੇ ਦੂਰ ਦੀ ਐਨਕ ਉਤਾਰ ਕੇ ਮੇਜ਼ ਦੀ ਸਾਹਮਣੀ ਬਾਹੀ, ਜਿਹੜੀ ਕੁਝ ਖਾਲੀ ਸੀ, ਉੱਤੇ ਟਿਕਾ ਦਿੱਤੀ ਅਤੇ ਜੇਬ ਵਿਚੋਂ ਨੇੜੇ ਦੀ ਐਨਕ ਲਾ ਕੇ ਡਾਕ ਵੇਖਣ ਲੱਗੇ। ਉਨ੍ਹਾਂ ਨੇ ਅਜੇ ਦੋ ਕੁ ਲਫ਼ਾਫ਼ੇ ਹੀ ਖੋਲ੍ਹੇ ਸਨ ਕਿ ਪੰਜਾਂ ਕੁ ਵਰ੍ਹਿਆਂ ਦਾ ਇਕ ਮੁੰਡਾ ਅੰਦਰ ਆਉਂਦਾ ਦਿੱਸਿਆ।
ਮੁੰਡਾ ਵੇਖਣ ਵਿਚ ਬੜਾ ਚੁਸਤ-ਚਲਾਕ ਅਤੇ ਸ਼ਰਾਰਤੀ ਜਿਹਾ ਸੀ, ਪਰ ਪਿਉ ਦੇ ਕਮਰੇ ਵਿਚ ਵੜਦਿਆਂ ਹੀ ਉਸ ਦਾ ਸੁਭਾਉ ਇਕਦਮ ਬਦਲ ਗਿਆ। ਚੰਚਲ ਅਤੇ ਫੁਰਤੀਲੀਆਂ ਅੱਖਾਂ ਨਿਉਂ ਗਈਆਂ। ਸਰੀਰ ਵਿਚ ਜਿਵੇਂ ਸਾਹ-ਸਤ ਹੀ ਨਹੀਂ ਸੀ।
”ਬੈਠ ਜਾ ਸਾਹਮਣੀ ਕੁਰਸੀ ਉੱਤੇ”, ਇਕ ਲੰਮੀ ਚਿੱਠੀ ਪੜ੍ਹਦਿਆਂ ਸ਼ੇਰ ਵਾਂਗ ਭਬਕ ਕੇ ਸ਼ੇਖ਼ ਹੋਰਾਂ ਹੁਕਮ ਦਿੱਤਾ।
”ਤੱਕ ਮੇਰੇ ਵੱਲ”, ਚਿੱਠੀ ਵੱਲੋਂ ਧਿਆਨ ਹਟਾ ਕੇ ਸ਼ੇਖ਼ ਹੋਰੀਂ ਕੜਕੇ, ਤੂੰ ਅੱਜ ਤਾਸ਼ ਖੇਡੀ ਸੀ, ਸੁਣਿਆ ਏ?” ”ਨਹੀਂ ਅੱਬਾ ਜੀ”, ਮੁੰਡੇ ਨੇ ਡਰਦਿਆਂ ਕਿਹਾ।
”ਡਰ ਨਾ”, ਸ਼ੇਖ਼ ਹੋਰਾਂ ਆਪਣੀ ਆਦਤ ਦੇ ਵਿਰੁੱਧ ਕਿਹਾ, ”ਸੱਚੋ-ਸੱਚ ਦੱਸ ਦੇ, ਮੈਂ ਤੈਨੂੰ ਕਹਿੰਦਾ ਕੁਝ ਨਹੀਂ। ਮੈਂ ਖ਼ੁਦ ਤੈਨੂੰ ਅੱਖੀਂ ਵੇਖਿਆ ਸੀ, ਅਬਦੁਲੇ ਦੇ ਮੁੰਡੇ ਨਾਲ ਉਨ੍ਹਾਂ ਦੇ ਵਿਹੜੇ ਵਿਚ ਤੂੰ ਪਿਆ ਖੇਡਦਾ ਸੈਂ। ਦੱਸ ਖੇਡੀ ਸੀ ਕਿ ਨਹੀਂ?”
ਮੁੰਡਾ ਮੂੰਹੋਂ ਤਾਂ ਨਾ ਬੋਲਿਆ ਪਰ ਉਸ ਨੇ ”ਹਾਂ” ਵਿਚ ਸਿਰ ਹਿਲਾਇਆ।
”ਸ਼ਾਬਾਸ਼!” ਸ਼ੇਖ਼ ਹੋਰੀਂ ਹੋਰ ਨਰਮੀ ਨਾਲ ਬੋਲੇ, “ਮੈਂ ਆਪ ਤਾਂ ਨਹੀਂ ਸੀ ਵੇਖਿਆ, ਕਿਸੇ ਤੋਂ ਸੁਣਿਆ ਸੀ। ਇਹ ਤਾਂ ਤੈਥੋਂ ਇਕਬਾਲ ਕਰਾਉਣ ਦਾ ਇਕ ਤਰੀਕਾ ਸੀ। ਬਹੁਤ ਸਾਰੇ ਮੁਲਜ਼ਮਾਂ ਨੂੰ ਅਸੀਂ ਇਸੇ ਤਰ੍ਹਾਂ ਬਕਾ ਲੈਂਦੇ ਹਾਂ। ਖੈਰ, ਪਰ ਮੈਂ ਤੈਨੂੰ ਅੱਜ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਨੇ, ਜ਼ਰਾ ਖਿਆਲ ਨਾਲ ਸੁਣ।”
”ਖਿਆਲ ਨਾਲ ਸੁਣ” ਕਹਿਣ ਤੋਂ ਬਾਅਦ ਉਨ੍ਹਾਂ ਨੇ ਬਸ਼ੀਰ ਵੱਲ ਤੱਕਿਆ। ਉਹ ਮੇਜ਼ ਉੱਤੇ ਪਈ ਐਨਕ ਨੂੰ ਫੜ ਕੇ ਉਸ ਦੀਆਂ ਕਮਾਨੀਆਂ ਹੇਠਾਂ ਉੱਤੇ ਕਰ ਰਿਹਾ ਸੀ।
ਐਨਕ ਉਸ ਦੇ ਹੱਥੋਂ ਫੜ ਕੇ, ਨਾਲ ਹੀ ਫਾਈਲ ਵਿਚੋਂ ਇਕ ਵਰੰਟ ਦਾ ਮਜ਼ਮੂਨ ਦਿਲ ਵਿਚ ਪੜ੍ਹਦੇ ਹੋਏ ਸ਼ੇਖ ਹੋਰੀਂ ਬੋਲੇ, ”ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕ ਗੁਨਾਹ ਬਹੁਤ ਸਾਰੇ ਗੁਨਾਹਾਂ ਦਾ ਪੇਸ਼-ਖੇਮਾ ਹੁੰਦਾ ਹੈ, ਜਿਸ ਦੀ ਜ਼ਿੰਦਾ ਮਿਸਾਲ ਇਹ ਹੈ ਕਿ ਤਾਸ਼ ਖੇਡਣ ਦਾ ਗੁਨਾਹ ਲੁਕਾਉਣ ਲਈ ਤੈਨੂੰ ਝੂਠ ਵੀ ਬੋਲਣਾ ਪਿਆ। ਯਾਨੀ ਕਿ ਇਕ ਦੇ ਥਾਂ ਤੂੰ ਦੋ ਗੁਨਾਹ ਕੀਤੇ।” ਵਰੰਟ ਨੂੰ ਮੁੜ ਫ਼ਾਈਲ ਵਿਚ ਨੱਥੀ ਕਰਦਿਆਂ ਹੋਇਆਂ ਸ਼ੇਖ਼ ਹੋਰਾਂ ਮੁੰਡੇ ਵੱਲ ਤੱਕਿਆ। ਬਸ਼ੀਰ ਪਿੰਨ-ਕੁਸ਼ਨ ਵਿਚੋਂ ਪਿੰਨ ਕੱਢ-ਕੱਢ ਕੇ ਟੇਬਲ-ਕਲਾਥ ਵਿਚ ਖੁਭੋ ਰਿਹਾ ਸੀ।
”ਮੇਰੇ ਵੱਲ ਧਿਆਨ ਕਰ”, ਉਸ ਦੇ ਹਥੋਂ ਪਿੰਨ ਖੋਹ ਕੇ ਸ਼ੇਖ਼ ਹੋਰੀਂ ਇਕ ਅਖ਼ਬਾਰ ਦੇ ਵਰਕੇ ਫੋਲਦੇ ਹੋਏ ਬੋਲੇ, ”ਤਾਸ਼ ਵੀ ਇਕ ਕਿਸਮ ਦਾ ਜੂਆ ਹੁੰਦਾ ਹੈ, ਜੂਆ! ਏਸੇ ਤੋਂ ਵਧਦੀ-ਵਧਦੀ ਆਦਮੀ ਨੂੰ ਜੂਏ ਦੀ ਆਦਤ ਪੈ ਜਾਂਦੀ ਏ। ਸੁਣਿਆ ਈ? ਤੇ ਇਹ ਆਦਤ ਨਾ ਸਿਰਫ਼ ਆਪਣੇ ਤੱਕ ਹੀ ਮਹਿਦੂਦ ਰਹਿੰਦੀ ਏ, ਬਲਕਿ ਇਕ ਆਦਮੀ ਪਾਸੋਂ ਦੂਜੇ ਨੂੰ, ਦੂਜੇ ਪਾਸੋਂ ਤੀਜੇ ਨੂੰ ਪੈ ਜਾਂਦੀ ਏ, ਜਿਸ ਤਰ੍ਹਾਂ ਖ਼ਰਬੂਜ਼ੇ ਨੂੰ ਵੇਖ ਖ਼ਰਬੂਜ਼ਾ ਰੰਗ ਫੜਦਾ ਏ।”
ਕਲਮਦਾਨ ਵਿਚੋਂ ਉਂਗਲ ਨਾਲ ਸਿਆਹੀ ਲਾ ਕੇ ਬਸ਼ੀਰ ਇਕ ਕੋਰੇ ਕਾਗਜ਼ ਉੱਤੇ ਚੀਚ-ਬਲੋਲੇ ਵਾਹ ਰਿਹਾ ਸੀ। ਖ਼ਰਬੂਜ਼ੇ ਦਾ ਨਾਂ ਸੁਣਦਿਆਂ ਹੀ ਉਹਨੇ ਉਂਗਲ ਨੂੰ ਮੇਜ਼ ਦੀ ਹੇਠਲੀ ਬਾਹੀ ਨਾਲ ਪੂੰਝ ਕੇ ਪਿਉ ਵੱਲ ਇਸ ਤਰ੍ਹਾਂ ਤੱਕਿਆ, ਜਿਵੇਂ ਸੱਚ-ਮੁੱਚ ਕੋਈ ਹੱਥ ਵਿਚ ਖ਼ਰਬੂਜ਼ਾ ਲਈ ਬੈਠਾ ਹੋਵੇ।
”ਬਸ਼ੀਰ!” ਉਸ ਦੇ ਅਗੋਂ ਕਲਮਦਾਨ ਚੁੱਕ ਕੇ ਪਰੇ ਰੱਖਦੇ ਹੋਏ ਸ਼ੇਖ ਹੋਰੀਂ ਬੋਲੇ, ”ਮੇਰੀ ਗੱਲ ਧਿਆਨ ਨਾਲ ਸੁਣ।” ਅਜੇ ਉਹ ਏਨੀ ਗੱਲ ਕਰ ਸਕੇ ਸਨ ਕਿ ਟੈਲੀਫ਼ੂਨ ਦੀ ਘੰਟੀ ਵੱਜੀ।
ਸ਼ੇਖ ਹੋਰਾਂ ਨੇ ਉੱਠ ਕੇ ਰਿਸੀਵਰ ਫੜਿਆ, ”ਹੈਲੋ! ਕਿਥੋਂ ਬੋਲਦੇ ਜੇ? ਬਾਬੂ ਪਰਸ਼ੋਤਮ ਦਾਸ?
ਆਦਾਬ-ਅਰਜ਼! ਸੁਣਾਓ ਕੀ ਹੁਕਮ ਹੈ? ਲਾਟਰੀ ਦੀਆਂ ਟਿਕਟਾਂ ? ਉਹ ਅੱਜ ਮੈਂ ਸ਼ਾਮ ਨੂੰ ਪੁਰ ਕਰ ਕੇ ਭੇਜ ਦਿਆਂਗਾ! ਕਿੰਨੇ ਰੁਪਏ ਨੇ ਪੰਜ ਟਿਕਟਾਂ ਦੇ? ਖ਼ੈਰ… ਪਰ ਕਦੇ ਕੱਢੀ ਵੀ ਜੇ ਅੱਜ ਤੀਕ? ਕਿਸਮਤ ਖ਼ਬਰੇ ਕਦੋਂ ਜਾਗ ਪਵੇਗੀ। ਤੇ ਤੁਸੀਂ ਕਿਸ ਮਰਜ਼ ਦੀ ਦੁਆ ਹੋਏ! ਅੱਛਾ, ਆਦਾਬ-ਅਰਜ਼!”
ਰਿਸੀਵਰ ਰੱਖ ਕੇ ਉਹ ਮੁੜ ਆਪਦੀ ਥਾਂ ਉੱਤੇ ਆ ਬੈਠੇ ਅਤੇ ਬੋਲੇ, ”ਵੇਖ ਸ਼ਰਾਰਤਾਂ ਨਾ ਕਰ, ਪੇਪਰ-ਵੇਟ ਭੁੰਜੇ ਡਿੱਗ ਕੇ ਟੁੱਟ ਜਾਏਗਾ। ਏਸ ਨੂੰ ਰੱਖ ਦੇ। ਤੇ ਧਿਆਨ ਨਾਲ ਮੇਰੀ ਗੱਲ ਸੁਣ।…ਹਾਂ, … ਮੈਂ ਕੀ ਕਹਿ ਰਿਹਾ ਸਾਂ!” ਇਕ ਹੋਰ ਫਾਈਲ ਦਾ ਫੀਤਾ ਖੋਲ੍ਹਦੇ ਹੋਏ ਸ਼ੇਖ ਹੋਰੀਂ ਬੋਲੇ, ”ਤਾਸ਼ ਦੀਆਂ ਬੁਰਾਈਆਂ ਦੱਸ ਰਿਹਾ ਸਾਂ। ਤਾਸ਼ ਤੋਂ ਜੂਆ, ਜੂਏ ਤੋਂ ਚੋਰੀ, ਤੇ ਚੋਰੀ ਤੋਂ ਬਾਅਦ? ਪਤਾ ਈ ਕੀ ਹਾਸਲ ਹੁੰਦਾ ਏ?” ਬਸ਼ੀਰ ਵੱਲ ਤੱਕਦਿਆਂ ਹੋਇਆਂ ਉਹ ਬੋਲੇ, ”ਜੇਲ੍ਹ, ਯਾਨੀ ਕੈਦ ਦੀ ਸਜ਼ਾ।”
ਫਾਈਲ ਵਿਚੋਂ ਬਾਹਰ ਨਿਕਲੇ ਹੋਏ ਇਕ ਪੀਲੇ ਕਾਗਜ਼ ਨੂੰ ਬਸ਼ੀਰ ਡੰਕ ਦੀ ਚੁੰਝ ਨਾਲ ਛੇਕ ਪਾ ਰਿਹਾ ਸੀ।
”ਨਾਲਾਇਕ, ਪਾਜੀ”, ਸ਼ੇਖ ਹੋਰੀਂ ਉਸ ਦੇ ਹੱਥੋਂ ਡੰਕ ਖਿੱਚਦੇ ਹੋਏ ਬੋਲੇ, ”ਛੱਡ ਇਨ੍ਹਾਂ ਵਿਹਲੇ ਕੰਮਾਂ ਨੂੰ ਤੇ ਮੇਰੀ ਗੱਲ ਧਿਆਨ ਨਾਲ ਸੁਣ। ਤੈਨੂੰ ਪਤਾ ਏ, ਕਿੰਨੇ ਚੋਰਾਂ ਦਾ ਸਾਨੂੰ ਹਰ ਰੋਜ਼ ਚਲਾਨ ਕਰਨਾ ਪੈਂਦਾ ਏ? ਤੇ ਇਹ ਸਾਰੇ ਚੋਰ ਤਾਸ਼ਾਂ ਖੇਡ-ਖੇਡ ਕੇ ਹੀ ਚੋਰੀ ਕਰਨੀ ਸਿੱਖਦੇ ਨੇ। ਜੇ ਐਹ ਕਾਨੂੰਨ ਦਾ ਡੰਡਾ ਇਨ੍ਹਾਂ ਦੇ ਸਿਰ ਉਤੇ ਨਾ ਹੋਵੇ ਤਾਂ ਖ਼ਬਰੇ ਕੀ ਕਿਆਮਤ ਬਰਪਾ ਕਰਾ ਦੇਣ।” ਤੇ ਸ਼ੇਖ਼ ਹੋਰਾਂ ਮੇਜ਼ ਦੀ ਨੁਕਰੇ ਪਈ ਤਾਜ਼ੀਰਾਤੇ-ਹਿੰਦ ਵੱਲ ਬਸ਼ੀਰ ਨੂੰ ਤਕਾਇਆ । ਪਰ ਬਸ਼ੀਰ ਦਾ ਧਿਆਨ ਇਕ ਹੋਰ ਕਿਤਾਬ ਵੱਲ ਸੀ। ਉਸ ਦੇ ਉਤਲੇ ਗੱਤੇ ਤੋਂ ਜਿਲਦ ਦਾ ਕੱਪੜਾ ਥੋੜ੍ਹਾ ਜਿਹਾ ਉੱਖੜਿਆ ਹੋਇਆ ਸੀ, ਜਿਸ ਨੂੰ ਖਿੱਚਦਿਆਂ-ਖਿੱਚਦਿਆਂ ਬਸ਼ੀਰ ਨੇ ਅੱਧਾ ਕੁ ਗੱਤਾ ਨੰਗਾ ਕਰ ਦਿੱਤਾ ਸੀ।
”ਬੇਵਕੂਫ਼, ਗਧਾ”, ਕਿਤਾਬ ਉਸ ਦੇ ਲਾਗਿਓਂ ਚੁੱਕ ਕੇ ਪਰੇ ਰੱਖਦੇ ਹੋਏ ਸ਼ੇਖ਼ ਹੋਰੀਂ ਬੋਲੇ, ”ਤੈਨੂੰ ਜਿਲਦਾਂ ਉਖੇੜਨ ਲਈ ਸੱਦਿਆ ਸੀ? ਖ਼ਿਆਲ ਨਾਲ ਸੁਣ!” ਤੇ ਕੁਝ ਸੰਮਨਾਂ ਉਤੇ ਦਸਖ਼ਤ ਕਰਦਿਆਂ ਹੋਇਆਂ ਉਨ੍ਹਾਂ ਨੇ ਫੇਰ ਲੜੀ ਜੋੜੀ, ”ਸਾਨੂੰ ਪੁਲਿਸ-ਅਫਸਰਾਂ ਨੂੰ ਜੁ ਸਰਕਾਰ ਇੰਨੀਆਂ ਤਨਖਾਹਾਂ ਤੇ ਪੈਨਸ਼ਨਾਂ ਦਿੰਦੀ ਏ, ਤੈਨੂੰ ਪਤਾ ਏ ਕਿਉਂ ਦਿੰਦੀ ਹੈ? ਸਿਰਫ਼ ਇਸ ਲਈ ਕਿ ਅਸੀਂ ਮੁਲਕ ਵਿਚੋਂ ਜ਼ੁਰਮਾਂ ਤੇ ਮੁਜ਼ਰਮਾਂ ਦੀ ਬਹੁਤਾਤ ਨੂੰ ਰੋਕੀਏ। ਪਰ ਜੇ ਸਾਡੇ ਹੀ ਬੱਚੇ ਤਾਸ਼ਾਂ-ਜੂਏ ਖੇਡਣ ਲੱਗ ਪੈਣ ਤਾਂ ਦੁਨੀਆਂ ਕੀ ਕਹੇਗੀ। ਤੇ ਅਸੀਂ ਹੀ ਆਪਣਾ ਨਿਮਕ ਕਿਸ ਤਰ੍ਹਾਂ ਹਲਾਲ…”
ਗੱਲ ਅਜੇ ਅਧਵਾਟੇ ਹੀ ਸੀ ਕਿ ਪਿਛਲੇ ਬੂਹੇ ਥਾਣੀਂ ਉਨ੍ਹਾਂ ਦਾ ਇਕ ਉੱਚਾ-ਲੰਮਾ ਨੌਕਰ ਆਇਆ। ਇਕ ਸਿਪਾਹੀ ਸੀ। ਸ਼ੇਖ ਹੋਰੀਂ ਹਮੇਸ਼ਾਂ ਇਹੋ ਜਿਹੇ ਦੋ-ਤਿੰਨ ਵਫ਼ਾਦਾਰ ਸਿਪਾਹੀ ਘਰ ਵਿਚ ਰੱਖਿਆ ਕਰਦੇ ਸਨ, ਜਿਨ੍ਹਾਂ ਵਿਚੋਂ ਇਕ ਡੰਗਰਾਂ ਨੂੰ ਪੱਠਾ-ਦੱਥਾ ਪਾਉਣ ਤੇ ਮਹੀਆਂ ਚੋਣ ਲਈ ਸੀ, ਦੂਜਾ ਰਸੋਈ ਦੇ ਕੰਮ ਵਿਚ ਮਦਦ ਦੇਣ ਲਈ ਸੀ ਅਤੇ ਤੀਜਾ ਜਿਹੜਾ ਅੰਦਰ ਆਇਆ ਸੀ, ਅਸਾਮੀਆਂ ਨਾਲ ਰਕਮਾਂ ਖਰੀਆਂ ਕਰਨ ਲਈ ਸੀ। ਉਸ ਨੇ ਝੁਕ ਕੇ ਸਲਾਮ ਕਰਦਿਆਂ ਕਿਹਾ, “ਉਹ ਆਏ ਬੈਠੇ ਨੇ ਜੀ।”
”ਕੌਣ?”
”ਉਹ ਬੁੱਘੀ ਬਦਮਾਸ਼ ਦੇ ਆਦਮੀ, ਜਿਨ੍ਹਾਂ ਨੇ ਦੁਸਹਿਰੇ ਦੇ ਮੇਲੇ ਵਿਚ ਡੈਸ਼ ਲਾਉਣ ਲਈ ਅਰਜ਼ ਕੀਤੀ ਸੀ।”
”ਫਿਰ ਤੂੰ ਆਪੇ ਈ ਗੱਲ ਕਰ ਲੈਣੀ ਸੀ।”
”ਮੈਂ ਤਾਂ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਸ਼ੇਖ ਹੋਰੀਂ ਢਾਈ ਸੌ ਤੋਂ ਘੱਟ ਨਹੀਂ ਮੰਨਦੇ, ਪਰ…”
”ਫੇਰ ਉਹ ਕੀ ਕਹਿੰਦੇ ਨੇ?”
”ਉਹ ਕਹਿੰਦੇ ਨੇ, ਅਸੀਂ ਇਕ ਵਾਰੀ ਖੁਦ ਸ਼ੇਖ ਹੋਰਾਂ ਦੀ ਕਦਮ-ਬੋਸੀ ਕਰਨੀ ਚਾਹੁੰਨੇ ਆਂ। ਜੇ ਤਕਲੀਫ ਨਾ ਹੋਵੇ ਤਾਂ ਦੋ ਮਿੰਟਾਂ ਲਈ ਚਲੇ ਚਲੋ। ਬੜੇ ਚਿਰ ਦੇ ਉਡੀਕ ਰਹੇ ਨੇ।”
”ਹੱਛਾ, ਚਲੋ”, ਕਹਿ ਕੇ ਸ਼ੇਖ ਹੋਰੀਂ ਜਦੋਂ ਉੱਠਣ ਲੱਗੇ ਤਾਂ ਉਨ੍ਹਾਂ ਨੇ ਬਸ਼ੀਰੇ ਵੱਲ ਤੱਕਿਆ। ਉਹ ਊਂਘ ਰਿਹਾ ਸੀ। ਜੇ ਝੱਟ-ਪੱਟ ਉਹ ਦਬਕਾ ਮਾਰ ਕੇ ਉਸ ਨੂੰ ਜਗਾ ਨਾ ਦਿੰਦੇ ਤਾਂ ਉਸ ਦਾ ਮੱਥਾ ਮਜ਼ ਨਾਲ ਜਾ ਵੱਜਣਾ ਸੀ।
”ਜਾਹ ਆਰਾਮ ਕਰ ਜਾ ਕੇ”, ਸ਼ੇਖ ਹੋਰੀਂ ਕੋਟ ਤੇ ਬੈਲਟ ਸੰਭਾਲਦੇ ਹੋਏ ਬੋਲੇ, ”ਬਾਕੀ ਨਸੀਹਤਾਂ ਤੈਨੂੰ ਸ਼ਾਮ ਨੂੰ ਦਿਆਂਗਾ। ਮੁੜ ਕੇ ਤਾਸ਼ ਨਾ ਖੇਡੀਂ।”
ਤੇ ਉਹ ਬਾਹਰ ਨਿਕਲ ਗਏ।
ਮੁੰਡੇ ਨੇ ਖੜੇ ਹੋ ਕੇ ਇਕ-ਦੋ ਆਕੜਾਂ ਤੇ ਉਬਾਸੀਆਂ ਲਈਆਂ, ਅੱਖਾਂ ਮਲੀਆਂ ਅਤੇ ਫਿਰ ਨੱਚਦਾ-ਭੁੜਕਦਾ ਬਾਹਰ ਨਿਕਲ ਗਿਆ।

– ਨਾਨਕ ਸਿੰਘ

If you like it , Please share it with your friends.Tks.
FacebookWhatsAppPinterestTelegramTwitterCopy LinkInstapaper

Add Comment

Your email address will not be published. Required fields are marked *

For Suggestions, Publish your books on PunjabiLibrary.com

Email to : PunjabiLibrary@gmail.com

FacebookWhatsAppPinterestTelegramTwitterCopy LinkInstapaper