Site icon Unlock the treasure of Punjabi Language, Culture & History with Punjabi Library – where every page tells a story.

ਕਿਤਾਬਾਂ ਕਿਉਂ ਨਹੀਂ ਪੜ੍ਹਦੀ ਅੱਜ ਦੀ ਪੀੜ੍ਹੀ ?

ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ

ਚਿੱਤਰ: ਸੰਦੀਪ ਜੋਸ਼ੀ

ਕੁਝ ਦਿਨ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇੱਕ ਗਰੁੱਪ ਟ੍ਰਿਬਿਊਨ ਸਮੂਹ ਦੇ ਦਫ਼ਤਰ ਆਇਆ। ਉਹ ਸਾਰੇ ਪੱਤਰਕਾਰੀ ਦੇ ਡਿਗਰੀ ਕੋਰਸ ਕਰਨ ਵਾਲੇ ਸਨ। ਗੱਲਬਾਤ ਸ਼ੁਰੂ ਹੋਈ। ਉਨ੍ਹਾਂ ਵੱਲੋਂ ਇਹ ਪ੍ਰਭਾਵ ਦਿੱਤਾ ਗਿਆ ਕਿ ਉਨ੍ਹਾਂ ਕੋਲ ਅਖ਼ਬਾਰ ਜਾਂ ਕੋਈ ਕਿਤਾਬ ਪੜ੍ਹਨ ਦਾ ਸਮਾਂ ਹੀ ਨਹੀਂ ਹੁੰਦਾ। ਜ਼ਾਹਿਰ ਹੈ ਇਹ ਨੌਜਵਾਨ ਮੁੰਡੇ-ਕੁੜੀਆਂ ਇੰਟਰਨੈੱਟ ਤੇ ਹੋਰ ਤਕਨਾਲੋਜੀਕਲ ਵਿਧੀਆਂ ਪ੍ਰਤੀ ਆਪਣੀ ਪੀੜ੍ਹੀ ਦੇ ਝੁਕਾਅ ਤੇ ਤਰਜੀਹ ਨੂੰ ਹੀ ਦਰਸਾ ਰਹੇ ਸਨ।
ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਇਹ ਪ੍ਰਭਾਵ ਪੂਰੀ ਤਰ੍ਹਾਂ ਬਿਠਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਹੱਥਾਂ ਵਿੱਚ ਹਰ ਸਮੇਂ ਰਹਿਣ ਵਾਲਾ ਮੋਬਾਈਲ ਫ਼ੋਨ ਹੀ ਸ਼ਕਤੀਕਰਨ ਤੇ ਗਿਆਨ-ਵਰਧਨ ਦਾ ਬਿਹਤਰੀਨ ਵਸੀਲਾ ਹੈ, ਉਹ ਮਹਿਸੂਸ ਕਰਨ ਲੱਗੇ ਹਨ ਕਿ ਇਸ ਦੇ ਜ਼ਰੀਏ ਦੁਨੀਆਂ ਉਨ੍ਹਾਂ ਦੀ ਮੁੱਠੀ ਵਿੱਚ ਆ ਗਈ ਹੈ। ਇਹ ਨੌਜਵਾਨ ਵਰਤੋਂਕਾਰ ਇਹ ਵੀ ਮਹਿਸੂਸ ਕਰਦੇ ਹਨ ਕਿ    ਦੁਨੀਆਂ ਦੇ ਸਮੁੱਚੇ ਗਿਆਨ ਤੇ ਸੂਝ ਦੀ ਕੁੰਜੀ ਹੁਣ ਉਨ੍ਹਾਂ ਦੇ ਕੋਲ ਹੈ।
ਮੈਂ ਉਨ੍ਹਾਂ ਕੋਲ ਇਹ ਨੁਕਤਾ ਸਪਸ਼ਟ ਕੀਤਾ ਕਿ ਸਮੇਂ ਦੀ ਬਿਹਤਰੀਨ ਤਕਨਾਲੋਜੀ ਦੇ ਬਾਵਜੂਦ ਪੱਤਰਕਾਰੀ ਦੀ ਕਲਾ ਦੀ ਅਮਰਤਾ ਬਰਕਰਾਰ ਰਹੇਗੀ ਅਤੇ ਜਿਹੜੀਆਂ ਬੁਨਿਆਦੀ ਖ਼ੂਬੀਆਂ ਤੇ ਯੋਗਤਾਵਾਂ ਇੱਕ ਚੰਗੇ ਪੱਤਰਕਾਰ ਵਿੱਚ ਹੋਣੀਆਂ ਚਾਹੀਦੀਆਂ ਹਨ, ਉਹ ਕਦੇ ਵੀ ਨਹੀਂ ਬਦਲਣਗੀਆਂ। ਇਹ ਕਲਾ ਬੁਨਿਆਦੀ ਤੌਰ ’ਤੇ ਕਿਸੇ ਵੀ ਘਟਨਾ, ਕਿਸੇ ਵੀ ਕਹਾਣੀ ਨੂੰ ਰਵਾਨੀ ਨਾਲ, ਪ੍ਰਭਾਵਕਾਰੀ ਢੰਗ ਨਾਲ ਤੇ ਭਰੋਸੇਮੰਦਾਨਾ ਰੂਪ ਵਿੱਚ ਦੱਸਣ ਵਿੱਚ ਛੁਪੀ ਹੋਈ ਹੈ ਤਾਂ ਜੋ ਪਾਠਕ ਦੀਆਂ ਨਜ਼ਰਾਂ ਸਫ਼ੇ ਉੱਤੇ ਟਿਕੇ ਰਹਿਣ ਲਈ ਮਜਬੂਰ ਹੋ ਜਾਣ।
ਅਗਲੀ ਗੱਲ,  ਕਹਾਣੀ ਨੂੰ ਚੰਗਾ ਤੇ ਸੰਮੋਹਕ ਬਣਾਉਣ ਦੀ ਕਲਾ ਕਿਵੇਂ ਹਾਸਲ ਤੇ ਵਿਕਸਿਤ ਹੋ ਸਕਦੀ ਹੈ?

ਇਸ ਦਾ  ਜਵਾਬ ਹੈ: ਅਭਿਆਸ, ਪ੍ਰੇਰਨਾ ਤੇ ਦ੍ਰਿੜ੍ਹਤਾ। ਅਤੇ ਇਹ ਸਭ ਕੁਝ ਵੀ ਚੰਗੀਆਂ ਕਹਾਣੀਆਂ ਪੜ੍ਹਕੇ ਹੀ ਹਾਸਲ ਹੁੰਦਾ ਹੈ। ਜ਼ਾਹਿਰ ਹੈ, ਚੰਗੀਆਂ ਕਹਾਣੀਆਂ ਸਿਰਫ਼ ਕਿਤਾਬਾਂ ਵਿੱਚੋਂ ਹੀ ਲੱਭੀਆਂ ਜਾ ਸਕਦੀਆਂ ਹਨ। ਪਰ ਅੱਜ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਕਿਤਾਬਾਂ ਤਾਂ ਬੀਤੇ ਦੀ ਗੱਲ ਹੋ ਚੁੱਕੀਆਂ ਹਨ। ਅਤੇ ਲਾਇਬਰੇਰੀਆਂ ਤਾਂ ਹੋਰ ਵੀ ਪੁਰਾਣੀਆਂ ਹਨ, ਉਹ ਤਾਂ ਵੱਧ ਬੇਲੋੜੀਆਂ ਹਨ!
ਇਹ ਦਲੀਲਾਂ ਨਿਰੋਲ ਪਖੰਡ ਹਨ। ਇਹ ਉਹ ਜਾਦੂਈ ਫੜ੍ਹਾਂ ਹਨ ਜੋ ਇੰਟਰਨੈੱਟ ਸਨਅਤ ਨੇ ਈਜਾਦ ਕੀਤੀਆਂ। ਇੱਕ ਚੰਗੀ ਕਿਤਾਬ ਹੱਥਾਂ ਵਿੱਚ ਫੜ੍ਹ ਕੇ ਪੜ੍ਹਨ ਨਾਲ ਜੋ ਲੁਤਫ਼ ਮਿਲਦਾ ਹੈ, ਉਸ ਦਾ ਕੋਈ ਹੋਰ ਬਦਲ ਨਹੀਂ। ਕਿਤਾਬਾਂ ਤੋਂ ਵਿਹੂਣੀ ਕੋਈ ਵੀ ਸਭਿਅਤਾ ਅਤੇ ਲਾਇਬਰੇਰੀ ਤੋਂ ਬਿਨਾਂ ਕੋਈ ਵੀ ਬੰਦਾ, ਬੰਜਰ ਰੂਹ ਤੋਂ ਵੱਧ ਹੋਰ ਕੁਝ ਨਹੀਂ।

ਦੋ ਦਿਨ ਪਹਿਲਾਂ ਅਸੀਂ ਦੀਵਾਲੀ ਮਨਾਈ। ਦੀਵਾਲੀ ਸੱਚਮੁੱਚ ਹੀ ਖੁਸ਼ੀਆਂ ਦਾ ਉਤਸਵ ਹੈ। ਇਸ ਦਿਨ ਅਸੀਂ ਲਕਸ਼ਮੀ ਦੇਵੀ ਨੇ ਸਾਡੇ ਘਰਾਂ ਵਿੱਚ ਚਰਨ ਪਾਏ। ਕਾਰੋਬਾਰੀ ਲੋਕ ਇਸ ਦਿਨ ਨਵੇਂ ਵਹੀ-ਖ਼ਾਤੇ ਸ਼ੁਰੂ ਕਰਦੇ ਹਨ। ਤਨਖ਼ਾਹਦਾਰ ਜਮਾਤ ਅਤੇ ਦੀਵਾਲੀ ਬੋਨਸ ਦਾ ਸਮਾਂ ਹੈ। ਪਰ ਬੁਨਿਆਦੀ ਤੌਰ ’ਤੇ ਇਹ ਪਰਿਵਾਰਕ ਮੇਲ-ਮਿਲਾਪ ਅਤੇ ਭਾਈਚਾਰਕ ਸੌਹਾਰਦ ਨੂੰ ਦ੍ਰਿੜ੍ਹਾਉਣ ਦਾ ਅਵਸਰ ਹੈ।
ਪਿਛਲੇ ਕੁਝ ਸਮੇਂ ਤੋਂ ਦੀਵਾਲੀ ਕਾਫ਼ੀ ਕਾਰੋਬਾਰੀ ਉਤਸਵ ਬਣ ਗਿਆ ਹੈ। ‘ਤੋਹਫ਼ਾਮੁਖੀ ਆਰਥਿਕਤਾ’ ਨੂੰ ਬੜੀ ਸੂਖ਼ਮਤਾ ਨਾਲ ਸਾਡੀ ਤਿਉਹਾਰੀ ਸੁਹਜ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਜਿਵੇਂ ਕਿ ਪੱਛਮੀ ਜਗਤ ਵਿੱਚ ਕ੍ਰਿਸਮਸ ਨੂੰ ਵਿਆਪਕ ਕਾਰੋਬਾਰੀ ਤੇ ਵਪਾਰਕ ਲੈਣ-ਦੇਣ ਦਾ ਜਾਮਾ ਪਹਿਨਾ ਦਿੱਤਾ ਗਿਆ ਹੈ, ਉਸੇ ਤਰ੍ਹਾਂ ਦੀਵਾਲੀ ਨੂੰ ਵੀ ਕਰੂਰ ਤੇ ਮੂੜ੍ਹਮੱਤੇ ਮੰਡੀਕਰਨ ਦਾ ਵਸੀਲਾ ਬਣਾਇਆ ਜਾ ਚੁੱਕਾ ਹੈ।
ਸ਼ਕਤੀਸ਼ਾਲੀ ਇਸ਼ਤਿਹਾਰੀ ਜੁਗਤਾਂ ਨੂੰ ਸਾਡੇ ਅਭੋਲ ਮਨਾਂ ਉੱਪਰ ਇਸ ਹੱਦ ਤੱਕ ਭਾਰੂ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਟੈਲੀਵਿਜ਼ਨ ਸਕਰੀਨ ’ਤੇ ਉਭਾਰੇ ਜਾ ਰਹੇ ਅਕਸਾਂ ਤੋਂ ਕਾਇਲ ਹੋ ਜਾਂਦੇ ਹਾਂ। ਅਤੇ ਬਿਨਾਂ ਕੁਝ ਸੋਚਿਆਂ ਉਨ੍ਹਾਂ ਭਾਵਨਾਵਾਂ ਤੇ ਜਜ਼ਬਿਆਂ ਨੂੰ ਆਪਣੇ ਅੰਦਰ ਜਜ਼ਬ ਕਰਦੇ ਜਾਂਦੇ ਹਾਂ ਜਿਹੜੇ ਕਿ ਸਾਡੇ ਲਈ ਮੰਡੀਕਾਰਾਂ ਨੇ ਘੜੇ ਸਨ। ਸਾਡੇ ਅੰਦਰ ਇਹ ਅਹਿਸਾਸ ਭਰ ਦਿੱਤੇ ਜਾਂਦੇ ਹਨ ਕਿ ਅਸੀਂ ਇੱਕ ਚੰਗੇ ਪਿਤਾ, ਸਨੇਹਮਈ ਪਤੀ, ਜਾਂ ਸੁਹਿਰਦ ਧੀ ਅਤੇ ਸੂਝਵਾਨ ਨਿਯੋਜਕ ਸਿਰਫ਼ ਉਦੋਂ ਹੀ ਮੰਨੇ ਜਾਵਾਂਗੇ ਜਦੋਂ ਤਕ ਅਸੀਂ ਕਿਸੇ ਇੱਕ ਜਾਂ ਦੂਜੇ ਈ-ਕਾਮਰਸ ਪੋਰਟਲ ਤੋਂ ਕੋਈ ਮਹਿੰਗੀ ਆਈਟਮ ਨਹੀਂ ਖ਼ਰੀਦ ਲੈਂਦੇ। ਦਰਅਸਲ, ਸਾਡੇ ਸਾਰੇ ਰਿਸ਼ਤਿਆਂ ਨੂੰ ਇਨ੍ਹਾਂ ਦੇ ਅੰਦਰ ਨਿਹਿਤ ਪਿਆਰ ਤੇ ਸਨੇਹ ਦੇ ਆਧਾਰ ’ਤੇ ਜਾਂਚਣ ਦੀ ਥਾਂ ਕੀ ਅਸੀਂ ਤੋਹਫ਼ਾ ਖ਼ਰੀਦਿਆ ਸੀ ਜਾਂ ਨਹੀਂ, ਅਤੇ ਜੇ ਖ਼ਰੀਦਿਆ ਸੀ ਤਾਂ ਕਿਸ ਕਿਸਮ ਦਾ ਵਟਾਂਦਰਾ ਕੀਤਾ ਸੀ, ਦੇ ਆਧਾਰ ’ਤੇ ਨਿਰਖਿਆ-ਪਰਖਿਆ ਜਾਣ ਲੱਗਾ ਹੈ।
ਸ਼ਾਇਦ ਇਸ ਨੂੰ ਹੀ ਪੂੰਜੀਵਾਦ ਤੇ ਇਸ ਨਾਲ ਜੁੜੀਆਂ ਕਦਰਾਂ-ਕੀਮਤਾਂ ਦੀ ਬੇਰੋਕ ਤੇ ਨਿਰਮਰਮ ਚੜ੍ਹਤ ਕਿਹਾ ਜਾਂਦਾ ਹੈ। ਅਸੀਂ ਆਪਣੇ ਜਜ਼ਬਾਤ ਤੇ ਰਿਸ਼ਤਿਆਂ ਉੱਤੇ ਨੋਟਾਂ ਦੀ ਪਾਣ ਚੜ੍ਹਾ ਦਿੱਤੀ ਹੈ। ਅਤੇ, ਜਿਵੇਂ ਕਿ ਮੈਂ ਦੇਖਿਆ ਹੀ ਹੈ, ਸਾਨੂੰ ਕੋਈ ਸੰਭਾਵੀ ਤੋਹਫ਼ੇ ਵਜੋਂ ਕਿਤਾਬਾਂ ਖ਼ਰੀਦਣ ਲਈ ਕਦੇ ਕੋਈ ਨਹੀਂ ਪ੍ਰੇਰਦਾ।

ਮੈਂ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਕਿਤਾਬ ਬਾਰੇ ਲਿਖਣ ਦੀ ਗੱਲ ਸੋਚਦਾ ਆ ਰਿਹਾ ਸਾਂ, ਪਰ ਇਸ ਦਾ ਸਿਰਲੇਖ ‘ਡੈਮੋਕਰੈਟਸ ਐਂਡ ਡਿਸਸੈਂਟਰਜ਼’ (ਜਮਹੂਰੀਅਤ ਅਤੇ ਭਿੰਨਤਾਵਾਦੀ) ਸਾਡੇ ਚਲੰਤ ਕੌਮੀ ਮੂਡ ਨਾਲ ਬਿਲਕੁਲ ਬੇਮੇਲ ਜਾਪਦਾ ਸੀ। ਉਂਜ, ਹੁਣ ਇਸੇ ਨਾਮ-ਨਿਹਾਦ ‘ਕੌਮੀ ਮੂਡ’ ਕਰਕੇ ਹੀ ਰਾਮ ਚੰਦਰ ਗੁਹਾ ਦੀ ਕਿਤਾਬ ‘ਡੈਮੋਕਰੈਟਸ ਐਂਡ ਡਿਸਸੈਂਟਰਜ਼’ ਦੀ ਗੱਲ ਕਰਨੀ ਵੱਧ ਅਹਿਮ ਹੋ ਗਈ ਹੈ।
ਰਾਮ ਗੁਹਾ ਦੀ ਸਾਡੇ ਸਮਿਆਂ ਦੇ ਬਿਹਤਰੀਨ ਤਵਰੀਖਸਾਜ਼ ਵਜੋਂ ਬਹੁਤ ਨਿੱਗਰ ਤੇ ਵਿਆਪਕ ਪਛਾਣ ਬਣ ਚੁੱਕੀ ਹੈ ਅਤੇ ਇਹ ਕਿਤਾਬ ਭਾਵੇਂ ਨੀਮ-ਅਕਾਦਮਿਕ ਪੇਪਰਾਂ ਦਾ ਸੰਗ੍ਰਹਿ ਹੈ, ਉਸ ਦੀ ਇਸੇ ਸਾਖ਼ ਨੂੰ ਹੋਰ ਵੀ ਪਕੇਰਾ ਕਰਦੀ ਹੈ। ਉਸ ਦੀ ਸੁਰ ਤੇ ਸੁਹਜ ਕੱਟੜ ਉਦਾਰਵਾਦੀ ਹੈ। ਉਸ ਦਾ ਆਪਣਾ ਆਦਰਸ਼ ਪ੍ਰੋ. ਆਂਦਰੇ ਬੇਤੀਲ ਜਾਪਦੇ ਹਨ ਜਿਨ੍ਹਾਂ ਨੂੰ ਉਹ ਇੱਕ ਨਿਬੰਧ ਵਿੱਚ ‘ਵਿਦਵਾਨ ਤੇ ਨਾਗਰਿਕ’ ਵਜੋਂ ਬਿਆਨਦਾ ਹੈ। ਰਾਮ ਗੁਹਾ ਨੇ ਆਪਣੇ ਲਈ ਇੱਕ ਸਤਿਕਾਰਤ ਜਨਤਕ ਬੁੱਧੀਜੀਵੀ ਵਾਲਾ ਮੁਕਾਮ ਸਥਾਪਿਤ ਕਰ ਲਿਆ ਹੈ। ਉਹ ਪ੍ਰੋ. ਬੇਤੀਲ ਦੀ ‘ਸੂਝ ਤੇ ਬੌਧਿਕ ਦਲੇਰੀ’ ਦੀ ਤਾਈਦ ਇਸ ਧਾਰਨਾ ਤੇ ਕਥਨ ਦੇ ਜ਼ਰੀਏ ਕਰਦਾ ਜਾਪਦਾ ਹੈ ਕਿ ‘‘ਭਾਰਤ ਵਿੱਚ ਸੰਵਿਧਾਨਕ ਇਖ਼ਲਾਕ ਨੂੰ ਉੱਪਰੋਂ ਵੀ ਤੇ ਹੇਠੋਂ ਵੀ, ਸਾਡੇ ਚੁਣੇ ਹੋਏ ਨੁਮਾਇੰਦਿਆਂ ਦੇ ਭ੍ਰਿਸ਼ਟਾਚਾਰ ਤੇ ਬਦਗ਼ੁਮਾਨੀ, ਅਤੇ ਨਾਲ ਹੀ ਲੋਕ ਲਹਿਰਾਂ ਦੇ ਨੇਤਾਵਾਂ ਅੰਦਰਲੀ ਸੰਸਥਾਵਾਂ ਪ੍ਰਤੀ ਬੇਭਰੋਸਗੀ ਦੀ ਭਾਵਨਾ ਕਾਰਨ ਲਗਾਤਾਰ ਢਾਹ ਲੱਗਦੀ ਜਾ ਰਹੀ ਹੈ।’’ ਜਿਹੜੇ ਖ਼ੁਦ ਨੂੰ ਮੁਫ਼ਲਿਸੀ ਦੀ ਤਾਕਤ ਦੇ ਸਰਬਰਾਹ ਹੋਣ ਦੇ ਦਾਅਵੇ ਕਰਦੇ ਹਨ, ਉਹ ਜ਼ਰੂਰੀ ਨਹੀਂ ਕਿ ‘ਰਾਸ਼ਟਰ ਦੇ ਰੱਖਿਅਕ’ ਸਾਬਤ ਹੋਣ। ਇਹ ਸ਼ਾਇਦ ਇੱਕ ਪਰਮ ਉਦਾਰਵਾਦੀ ਨਜ਼ਰੀਆ ਹੈ, ਪਰ ਜ਼ਾਹਰਾ ਤੌਰ ’ਤੇ ਅੰਨਾ ਹਜ਼ਾਰੇ ਵਾਲੇ ਯੁੱਗ ਦੀ ਸੋਚਣੀ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ।
ਪੰਦਰਾਂ ਸਾਲ ਪਹਿਲਾਂ ਗੁਹਾ ਦੀ ਉਦਾਰਵਾਦੀ ਰੂਹ ਇਹ ਦੇਖ ਕੇ ਬੇਚੈਨ ਹੋਣ ਲੱਗ ਪਈ ਸੀ ਕਿ ਸਾਡੀਆਂ ਜਮਹੂਰੀ ਸੰਸਥਾਵਾਂ ਦਾ ਸੰਚਾਲਣ ਕਰਨ ਵਾਲੇ ਇਨਸਾਫ਼ ਤੇ ਸਮਾਨਤਾ ਨਾਲ ਜੁੜੇ ਮੁੱਦਿਆਂ ਨੂੰ ਸੰਬੋਧਿਤ ਹੋਣ ਪੱਖੋਂ ਨਾਕਾਮ ਹਨ ਅਤੇ ਇਸ ਤਰ੍ਹਾਂ ਅਸਹਿਮਤਾਂ ਨੂੰ ਹਿੰਸਾ ਦਾ ਰਾਹ ਅਪਨਾਉਣ ਲਈ ਮਜਬੂਰ ਕਰ ਰਹੇ ਹਨ। 2012 ਵਿੱਚ ਲਿਖੇ ਇੱਕ ਨਿਬੰਧ ‘ਜਮਹੂਰੀਅਤ ਤੇ ਹਿੰਸਾ’  ਵਿੱਚ ਗੁਹਾ ਨੇ ਭਾਰਤ ਤੇ ਸ੍ਰੀਲੰਕਾ ਦੇ ਪ੍ਰਸੰਗ ਵਿੱਚ ‘‘ਇੰਤਹਾਪਸੰਦ ਗਰੁੱਪਾਂ ਵੱਲੋਂ ਆਧੁਨਿਕ ਇਤਿਹਾਸ ਵਿੱਚ ਵੱਖ-ਵੱਖ ਵੰਨਗੀਆਂ ਦੀ ਹਿੰਸਾ ਨੂੰ ਹੁਲਾਰਾ’’ ਦਿੱਤੇ ਜਾਣ ਦੀ ਚਰਚਾ ਕੀਤੀ ਸੀ। ਇਸ ਵਿੱਚ ਉਸਨੇ ਪੁੱਛਿਆ ਸੀ, ‘‘ਕੀ ਸ੍ਰੀਲੰਕਾ ਦੇ ਤਾਮਿਲ ਅਤੇ ਭਾਰਤ ਦੇ ਕਸ਼ਮੀਰੀ ਕਦੇ ਉਨ੍ਹਾਂ ਰਾਜਾਂ ਦੇ ਸੁਰੱਖਿਅਤ ਤੇ ਕੁਝ ਹੱਦ ਤਕ ਸੰਤੁਸ਼ਟ ਨਾਗਰਿਕਾਂ ਵਜੋਂ ਵਿਚਰਨ ਦੇ ਆਦੀ ਹੋ ਸਕਣਗੇ ਜਿਨ੍ਹਾਂ ਦਾ ਉਹ ਹੁਣ ਹਿੱਸਾ ਹਨ?’’
ਬੜੀ ਜ਼ਿਹਨੀ ਉਥਲ-ਪੁਥਲ ਪੈਦਾ ਕਰਨ ਵਾਲਾ ਹੈ ਇਹ ਸਵਾਲ ਜਿਸ ਦਾ ਅਜੇ ਤਕ ਜਵਾਬ ਨਹੀਂ ਮਿਲ ਰਿਹਾ। ਉਂਜ ਵੀ, ਇਹ ਵਾਰ-ਵਾਰ ਉਪਜਣ ਵਾਲਾ ਸਵਾਲ ਹੈ। ਭਾਵੇਂ ਰਾਮ ਗੁਹਾ ਇਹ ਚਿਤਾਵਨੀ ਦਿੰਦਾ ਹੈ ਕਿ ‘ਤਵਾਰੀਖ਼ਸਾਜ਼ ਤਾਂ ਮਹਿਜ਼ ਸਮੇਂ ਦੀਆਂ ਘਟਨਾਵਾਂ ਨੂੰ ਦਸਤਾਵੇਜ਼ੀ ਰੂਪ ਦਿੰਦਾ ਹੈ ਤੇ ਮਰਜ਼ ਬਾਰੇ ਦੱਸ ਹੀ ਸਕਦਾ ਹੈ’’, ਫਿਰ ਵੀ ਉਹ ਏਨਾ ਕੁ ਦੱਸਣ ਦੀ ਜੁਰਅੱਤ ਜ਼ਰੂਰ ਕਰਦਾ ਹੈ ਕਿ ਨਾ ਤਾਂ ‘‘ਥੋਕ ਸਮਾਵੇਸ਼ ਅਤੇ ਨਾ ਹੀ ਮੁਕੰਮਲ ਅਲਹਿਦਗੀ’’ ਮਸਲੇ ਦਾ ਹੱਲ ਸਾਬਤ ਹੋਵੇਗੀ। ਇਨ੍ਹਾਂ ਦੀ ਥਾਂ ਉਹ ‘‘ਸਨਮਾਨਿਤ ਖ਼ੁਦਮੁਖ਼ਤਾਰੀ’’ ਦਾ ਤਜਰਬਾ ਕਰਨ ਦੀ ਸਲਾਹ ਦਿੰਦਾ ਹੈ। ਉਹ ਲਿਖਦਾ ਹੈ, ‘‘ਸਨਮਾਨਿਤ ਖੁਦਮੁਖ਼ਤਾਰੀ ਦੇ ਰਾਹ ਨੂੰ  ਅੰਧ-ਰਾਸ਼ਟਰਵਾਦੀ ਸਿਆਸਤਦਾਨ ਅਤੇ ਸਿਧਾਂਤਵਾਦੀ ਬਾਗ਼ੀ, ਦੋਵੇਂ ਹੀ ਮੂਲੋਂ ਹੀ ਰੱਦ ਕਰ ਸਕਦੇ ਹਨ, ਪਰ ਇਹ ਕਸ਼ਮੀਰ ਅਤੇ ਉੱਤਰੀ ਸ੍ਰੀਲੰਕਾ ਵਿਚਲੇ ਤ੍ਰਾਸਦਿਕ ਤੇ ਖ਼ੂਨੀ ਸੰਘਰਸ਼ਾਂ ਦਾ ਸਭ ਤੋਂ ਵੱਧ ਵਾਜਬ, ਸਭ ਤੋਂ ਵੱਧ ਅਮਲੀ ਤੇ ਸਭ ਤੋਂ ਵੱਧ ਮਾਨਵੀ ਹੱਲ ਹੈ।’’
ਇਸ ਸਭ ਦੇ ਬਾਵਜੂਦ ਮੈਨੂੰ ਇਹ ਭਰੋਸਾ ਨਹੀਂ ਕਿ ਅੱਜ ਦੇ ਕੌਮੀ ਟੈਲੀਵਿਜ਼ਨ ’ਤੇ ਰਾਮਚੰਦਰ ਗੁਹਾ ਨੂੰ ਅਜਿਹਾ ਕੋਈ ਨੁਕਤਾ ਪ੍ਰਚਾਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਅਸੀਂ ਅਸਹਿਣਸ਼ੀਲਤਾ ਨੂੰ ਉਸ ਦੇ ਹਰ ਕੁਢੱਬੇ ਤੇ ਕੋਝੇ ਰੂਪ ਵਿੱਚ ਇਸ ਹੱਦ ਤਕ ਅਪਣਾ ਲਿਆ ਹੈ ਕਿ ਹਰ ਕੌਮੀ ਮਸਲੇ ’ਤੇ ਯਕਜਹਿਤੀ ਤੇ ਇਤਫ਼ਾਕ ਰਾਇ ਦੀ ਠੋਕ-ਵਜਾ ਕੇ ਮੰਗ ਕਰਦੇ ਹਾਂ ਅਤੇ ਅਸਹਿਮਤੀ ਜਾਂ ਮੱਤਭੇਦ ਜਤਾਉਣ ਵਾਲੇ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਉਸ ਨੂੰ ਤਾਂ ਉਸਦੇ ਅਜਿਹੇ ਵਿਚਾਰਾਂ ਬਦਲੇ ਸਲੀਬ ’ਤੇ ਚੜ੍ਹਾ ਕੇ ਅੱਗ ਲਾ ਦਿੱਤੀ ਜਾਵੇਗੀ।
ਬਸ ਇਸੇ ਵਜ੍ਹਾ ਕਰਕੇ ਹੀ ਇਹ ਕਿਤਾਬ ਹਰ ਸੰਜੀਦਾ ਭਾਰਤੀ ਨੂੰ ਪੜ੍ਹਨੀ ਤੇ ਗੁੜ੍ਹਨੀ ਚਾਹੀਦੀ ਹੈ। ਇਤਿਹਾਸਕਾਰ ਦਾ ਇਹ ਫਰਜ਼ ਵੀ ਹੈ ਅਤੇ ਉਸ ਉੱਤੇ ਇਹ ਬੋਝ ਵੀ ਹੈ ਕਿ ਉਹ ਇਤਿਹਾਸ ਦੇ ਹਵਾਲਿਆਂ ਨਾਲ ਸਾਡੀਆਂ ਚਲੰਤ ਦੁਬਿਧਾਵਾਂ ਬਾਰੇ ਸਾਨੂੰ ਸਿਖਿਅਤ ਤੇ ਜਾਗ੍ਰਿਤ ਕਰੇ। ਰਾਮ ਗੁਹਾ ਨੇ ਇਹ ਕਾਰਜ ਬੜੀ ਮੁਹਾਰਤ ਨਾਲ ਕੀਤਾ ਹੈ। ਇਕ ਬੇਹੱਦ ਪੜ੍ਹਨਯੋਗ ਨਿਬੰਧ ‘‘ਜਮਹੂਰੀਅਤ ਬਾਰੇ ਬਹਿਸ : ਜੈਪ੍ਰਕਾਸ਼ ਨਾਰਾਇਣ ਬਨਾਮ ਜਵਾਹਰ ਲਾਲ ਨਹਿਰੂ’ ਵਿੱਚ ਗੁਹਾ ਸਾਨੂੰ ਯਾਦ ਦਿਵਾਉਂਦਾ ਹੈ ਕਿ 1957 ਵਿੱਚ ਇਨ੍ਹਾਂ ਦੋ ਕੱਦਾਵਰ ਜਮਹੂਰੀ ਸ਼ਖ਼ਸੀਅਤਾਂ ਦਰਮਿਆਨ ਹੋਏ ਸੰਵਾਦ ਦਾ 2016 ਵਿੱਚ ਵੀ ਕਿਉਂ ਮਹੱਤਵ ਹੈ। ਇਹ ਪੁਸਤਕ ਸਾਨੂੰ ਇਹ ਵੀ ਯਾਦ ਦਿਵਾਉਂਦੀ ਹੈ ਕਿ ਇਤਿਹਾਸ ਮਈ 2014 ਤੋਂ ਸ਼ੁਰੂ ਨਹੀਂ ਸੀ ਹੋਇਆ।
ਦਿਲਚਸਪ ਤੇ ਪੜ੍ਹਨਯੋਗ ਨਿਬੰਧਾਂ ਦਾ ਇਹ ਸੰਗ੍ਰਹਿ ਜ਼ਿਹਨ ਵਿੱਚ ਬਹੁਤ ਲਜ਼ੀਜ਼ ਉਦਾਰਵਾਦੀ ਜ਼ਾਇਕਾ ਛੱਡ ਜਾਂਦਾ ਹੈ। ਇਕੱਲੀ ਇਸ ਵਜ੍ਹਾ ਕਰਕੇ ਸਾਨੂੰ ‘ਡੈਮੋਕਰੈਟਸ ਐਂਡ ਡਿਸਸੈਂਟਰਜ਼’ ਦੀ ਲੱਜ਼ਤ ਦਾ ਲਾਭ ਲੈਣਾ ਚਾਹੀਦਾ ਹੈ, ਖ਼ਾਸ ਕਰਕੇ ਅੰਧਰਾਸ਼ਟਰਵਾਦ, ਸ਼ਾਵਨਵਾਦ ਤੇ ਇੰਤਹਾਈ ਐਂਟੀ-ਪਾਕਿਸਤਾਨਵਾਦ ਵਰਗੇ ਮੰਦੜੇ ਸਮੇਂ ਦੌਰਾਨ।

ਮੇਰੇ ਮਿੱਤਰ ਪ੍ਰਕਾਸ਼ ਦੁਬੇ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਪਾਕਿਸਤਾਨੀ ਥਲ ਸੈਨਾ ਮੁਖੀ ਜਨਰਲ ਰਹੀਲ ਸ਼ਰੀਫ਼ ਦਰਮਿਆਨ ਗ਼ਰਮਾ-ਗ਼ਰਮ ਬਹਿਸ ਦਾ ਖ਼ੁਲਾਸਾ ਮੈਨੂੰ ਭੇਜਿਆ ਹੈ। ਸਰਕਾਰ ਨੂੰ ਹਾਲ ਹੀ ਵਿੱਚ ਦਿੱਤੇ ਗਏ ਸੁਝਾਵਾਂ ਕਿ ਅੰਗਰੇਜ਼ੀ ਨੂੰ ਸਾਡੇ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਨਾ ਰਹਿਣ ਦਿੱਤਾ ਜਾਵੇ, ਦੇ ਸਬੰਧ ਵਿੱਚ ਇਸ ਨਾਟਕੀ ਵਾਰਤਾਲਾਪ ਦੀ ਵਿਸ਼ੇਸ਼ ਅਹਿਮੀਅਤ ਹੈ:
ਪ੍ਰਧਾਨ ਮੰਤਰੀ ਸ਼ਰੀਫ਼ : ‘‘ਕਮਾਂਡਰ, ਆਪ ਸਾਰੀਆਂ ਕਾਲਜ਼ ਔਰ ਮੈਸੇਜ ਟਰੇਸ ਕਰਤੇ ਹੋ, ਫਿਰ ਭੀ ਆਪਕੋ ਇੰਡੀਅਨ ਆਰਮੀ ਕਾ ਪਲੈਨ ਪਤਾ ਕੈਸੇ ਨਹੀਂ ਚਲਾ?’’
ਕਮਾਂਡਰ ਸ਼ਰੀਫ਼ : ‘‘ਸਰ, ਅੰਗਰੇਜ਼ੀ ਕੀ ਵਜ੍ਹਾ ਸੇ।’’
ਨਵਾਜ਼ ਸ਼ਰੀਫ਼ : ‘‘ਤੋ ਕਿਆ ਹੂਆ?’’
ਕਮਾਂਡਰ : ‘‘ਮੈਸੇਜ ਅੰਗਰੇਜ਼ੀ ਮੇਂ ਥਾ : ‘ਸਰਜੀਕਲ ਸਟਰਾਈਕ ਕਰੇਂਗੇ’…
ਹਮਾਰੇ ਆਫ਼ੀਸਰ ਨੇ ਸੁਨਾ
‘ਸਰਜੀ, ਕਲ੍ਹ ਸਟਰਾਈਕ ਕਰੇਂਗੇ!’
ਉਨਹੇਂ ਲਗਾ ਕਿ ਹਿੰਦੋਸਤਾਨੀ
ਫ਼ੌਜ ਕਲ੍ਹ ਸੇ
ਹੜਤਾਲ ਪੇ ਜਾਨੀ ਵਾਲੀ ਹੈ।’

ਦੀਵਾਲੀ ਦਾ ਲੁਤਫ਼ ਤਾਂ ਤੁਸੀਂ ਲੈ ਹੀ ਲਿਆ ਹੈ! ਹੁਣ ਗ਼ਰਮ ਗ਼ਰਮ ਕੌਫ਼ੀ ਪੀਓ ਤੇ ਬਰਫ਼ੀ ਦਾ ਮਜ਼ਾ ਲਓ!!

Article Source (with thanks from) : http://punjabitribuneonline.com/

Exit mobile version