ਸਾਨੂੰ ਪੰਜਾਬੀ ਅਖਵਾਉਂਦਿਆਂ ਨੂੰ ਸ਼ਰਮ ਕਦੋਂ ਆਊਗੀ…??
ਜਸਪਾਲ ਸਿੰਘ ਹੇਰਾਂ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੇ ਨਤੀਜੇ ਨੇ ਪੰਜਾਬੀਆਂ ਦਾ ਨੱਕ ਵੱਢ ਦਿੱਤਾ ਹੈ, ਸਿਰ ਸ਼ਰਮ ਨਾਲ ਝੁਕਾਅ ਦਿੱਤਾ ਹੈ। ਨੱਕ ਇਸ ਕਰਕੇ ਨਹੀਂ ਵੱਢਿਆ ਗਿਆ ਕਿ ਨਤੀਜਾ ਮਾੜਾ ਭਾਵ 55 ਕੁ ਫ਼ੀਸਦੀ ਦੇ ਆਸ-ਪਾਸ ਹੈ। ਨੱਕ ਇਸ ਕਰਕੇ ਵੱਢਿਆ ਗਿਆ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੇ ਪਰਵਾਸੀ ਭਈਆਂ ਦੇ ਬੱਚਿਆਂ ਨੇ ਸਾਡੇ ਪੰਜਾਬੀਆਂ ਦੇ ਮੁੰਡੇ-ਕੁੜੀਆਂ ਨੂੰ ਪਛਾੜ ਦਿੱਤਾ ਹੈ। ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿਚੋਂ ਦੋ ਪਰਵਾਸੀ ਭਈਆਂ ਦੇ ਬੱਚਿਆਂ ਦੀ ਝੋਲੀ ਪਈਆਂ ਹਨ। ਸਾਨੂੰ ਪਰਵਾਸੀ ਭਈਆਂ ਦੇ ਬੱਚਿਆਂ ਵੱਲੋਂ ਪਹਿਲੀਆਂ ਪੁਜੀਸ਼ਨਾਂ ਲੈਣ ‘ਤੇ ਕੋਈ ਸਾੜਾ, ਈਰਖਾਂ ਜਾਂ ਨਫ਼ਰਤ ਨਹੀਂ। ਉਹ ਵਧਾਈ ਦੇ ਪਾਤਰ ਹਨ। ਪ੍ਰੰਤੂ ਸਾਨੂੰ ਅਫ਼ਸੋਸ ਇਸ ਗੱਲ ‘ਤੇ ਹੈ ਕਿ ਪਰਵਾਸੀ ਭਈਆਂ ਦੇ ਬਚਿਆਂ ਨੇ ਪੰਜਾਬੀ ਮਾਂ ਬੋਲੀ ਦੇ ਪਰਚੇ ‘ਚ ਵੀ ਪੰਜਾਬੀਆਂ ਦੇ ਬੱਚਿਆਂ ਨੂੰ ਪਛਾੜ ਦਿੱਤਾ ਹੈ। ਬਰਨਾਲੇ ਜਿਲ੍ਹੇ ‘ਚ ਇਕ ਪਰਵਾਸੀ ਭਈਏ ਦੀ ਬੇਟੀ ਨੇ ਪੰਜਾਬੀ ਵਿਸ਼ੇ ‘ਚ 150 ਚੋਂ 145 ਨੰਬਰ ਲੈ ਕੇ ਰਿਕਾਰਡ ਸਿਰਜ ਦਿੱਤਾ ਹੈ। ਅਸੀਂ ਪੰਜਾਬੀ, ਪੰਜਾਬੀ ਵਿਸ਼ੇ ਚੋਂ ਵੀ ਸਿਰਫ਼ 62% ਪਾਸ ਹੁੰਦੇ ਹਾਂ ਜਦੋਂ ਕਿ ਪਰਵਾਸੀ ਭਈਆਂ ਦੇ ਬੱਚਿਆਂ ਦੀ ਪੰਜਾਬੀ ਚੋਂ ਪਾਸ ਫ਼ੀਸਦੀ 88% ਹੈ। ਜਦੋਂ ਕੋਈ ਇਹ ਭਵਿੱਖਬਾਣੀ ਕਰਦਾ ਹੈ ਕਿ ਪੰਜਾਬੀ ਬੋਲੀ ਹੋਰ ਅੱਧੀ ਸਦੀ ਤੋਂ ਬਾਅਦ ਖ਼ਤਮ ਹੋ ਜਾਵੇਗੀ ਤਾਂ ਅਸੀਂ ਉਸਦੇ ਗਲ਼ ਪੈ ਜਾਂਦੇ ਹਾਂ ਕਿ ਇਹ ਨਹੀਂ ਹੋ ਸਕਦਾ? ਪ੍ਰੰਤੂ ਜਿਹੜੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ, ਉਸਦਾ ਜਵਾਬ ਕੌਣ ਦੇਵੇਗਾ? ਹਕੀਕਤ ਤੋਂ ਅੱਖਾਂ ਆਖ਼ਰ ਕਦੋਂ ਤੱਕ ਬੰਦ ਰੱਖੀਆਂ ਜਾ ਸਕਦੀਆਂ ਹਨ। ਅਸੀਂ ਪੰਜਾਬੀ ਖੁਸ਼ੀ-ਖੁਸ਼ੀ ਆਪਣੇ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਪ੍ਰਾਈਵੇਟ ਸਕੂਲ ‘ਚ ਵੱਡੀਆਂ ਫੀਸਾਂ ਤਾਰ ਕੇ ਕੀ ਇਸ ਲਈ ਦਾਖ਼ਲ ਕਰਵਾਉਂਦੇ ਹਾਂ ਕਿ ਸਾਡੇ ਬੱਚਿਆਂ ਤੋਂ ਉਹਨਾਂ ਦੀ ਮਾਤ ਬੋਲੀ ਪੰਜਾਬੀ ਖੋਹ ਲਈ ਜਾਵੇ। ਨਤੀਜਾ ਸਾਡੇ ਸਾਹਮਣੇ ਹੈ। ਪੰਜਾਬੀ ਬੱਚੇ ਪੰਜਾਬੀ ‘ਚੋਂ ਫੇਲ੍ਹ ਹੋਏ ਹਨ। ਕਿਉਂਕਿ ਵੱਡੀਆਂ ਵਿੱਦਿਅਕ ਹੱਟੀਆਂ ‘ਚ ਪੰਜਾਬੀ ਨੂੰ ਤਾਂ ਠੁੱਡੇ ਮਾਰੇ ਜਾਂਦੇ ਹਨ। ਸਕੂਲ ਅਤੇ ਘਰ ਦੋਵਾਂ ‘ਚ ਹਿੰਦੀ ਅਤੇ ਅੰਗਰੇਜੀ ਪ੍ਰਧਾਨ ਹੋ ਜਾਂਦੀ ਹੈ। ਵਿੱਦਿਅਕ ਮਾਹਿਰਾਂ ਦੇ ਕੱਢੇ ਹੋਏ ਨਤੀਜੇ ਹਨ ਕਿ ਜਿਹੜਾ ਬੱਚਾ ਆਪਦੀ ਮਾਂ ਬੋਲੀ ‘ਚ ਕਮਜ਼ੋਰ ਹੈ, ਉਹ ਵੱਡੀਆਂ ਪ੍ਰਾਪਤੀਆਂ ਕਦੇ ਵੀ ਨਹੀਂ ਕਰ ਸਕਦਾ। ਅਸੀਂ ਪੰਜਾਬੀਆਂ ਨੇ ਬਾਹਰ ਜਾਣ ਦੀ ਦੌੜ ਕਾਰਨ, ਕਿਰਤ ਕਰਨੀ ਪਹਿਲਾਂ ਹੀ ਛੱਡ ਦਿੱਤੀ ਹੋਈ ਹੈ ਅਤੇ ਪੰਜਾਬ ਦੇ ਹਰ ਖੇਤਰ ‘ਚ ਪਰਵਾਸੀ ਭਈਆਂ ਦੀ ਸਰਦਾਰੀ ਹੋ ਚੁੱਕੀ ਹੈ। ਸਾਨੂੰ ਫੈਸਲਾ ਕਰਨਾ ਹੀ ਪੈਣਾ ਹੈ ਕਿ ਅਸੀਂ ਪੰਜਾਬ ਨੂੰ ਆਪ ਸੰਭਾਲਣਾ ਹੈ ਜਾਂ ਗੈਰਾਂ ਨੂੰ ਦੇ ਦੇਣਾ ਹੈ, ਸੂਈ ਖ਼ਤਰੇ ਦੇ ਨਿਸ਼ਾਨ ਤੱਕ ਪੁੱਜ ਚੁੱਕੀ ਹੈ। ਹੁਣ ਹੋਰ ਬਹੁਤਾ ਸਮਾਂ ਸਾਡੇ ਕੋਲ ਸੋਚਣ ਵਿਚਾਰਨ ਦਾ ਨਹੀਂ ਰਿਹਾ। ਕੁੱਖੋਂ ਜਨਮ ਦੇਣ ਵਾਲੀਆਂ ਮਾਵਾਂ ਦੇ ਕਤਲ ਕਰਨ ਤੱਕ ਅਸੀਂ ਪੁੱਜ ਗਏ, ਮਾਂ-ਬੋਲੀ ਦਾ ਭੋਗ ਅਸੀਂ ਆਪ ਪਾ ਰਹੇ ਹਾਂ, ਵਿਦੇਸ਼ੀ ਉਡਾਰੀ ਦੇ ਜਨੂੰਨ ‘ਚ, ਗੈਰ-ਪੰਜਾਬੀਆਂ ਕੋਲੋਂ ਮੋਟੇ ਪੈਸੇ ਲੈ ਕੇ, ਅਸੀਂ ਆਪਣੀ ਮਾਤ-ਭੂਮੀ ਉਹਨਾਂ ਨੂੰ ਖੁਸ਼ੀ-ਖੁਸ਼ੀ ਵੇਚ ਰਹੇ ਹਾਂ। ਜਿਹੜਾ ਇਨਸਾਨ ਆਪਣੀਆਂ ਤਿੰਨੋਂ ਮਾਵਾਂ ਨਾਲੋਂ ਰਿਸ਼ਤਾ ਤੋੜ ਚੁੱਕਾ ਹੋਵੇ, ਉਹ ਇਨਸਾਨ ਕਹਾਉਣ ਦਾ ਹੱਕਦਾਰ ਵੀ ਨਹੀਂ ਰਹਿੰਦਾ। ਸੱਚੀ ਗੱਲ ਹਮੇਸ਼ਾ ਕੌੜੀ ਲਗਦੀ ਹੈ। ਜੇ ਅੱਜ ਕੋਈ ਇਹ ਮਿਹਣਾ ਮਾਰ ਦੇਵੇ ਕਿ ਪੰਜਾਬੀ ਤਾਂ ਹੁਣ ਪੰਜਾਬੀ ਕਹਾਉਣ ਦੇ ਹੱਕਦਾਰ ਵੀ ਨਹੀਂ ਰਹੇ ਤਾਂ ਉਹ 100 ਫੀਸਦੀ ਸੱਚ ਬੋਲ ਰਿਹਾ ਹੈ। ਦੂਜਿਆਂ ਸੂਬਿਆਂ ਤੋਂ ਪਰਵਾਸੀ ਭਈਏ ਪੰਜਾਬ ‘ਚ ਆ ਕੇ ‘ਪੰਜਾਬੀ’ ਬਣੀ ਜਾ ਰਹੇ ਹਨ ਤੇ ਜਿਹੜੇ ਪੰਜਾਬੀ ਸੀ ਉਹ ਬਾਹਰਲੇ ਮੁਲਕਾਂ ਵਿੱਚ ਜਾ ਕੇ ਪਖ਼ਾਨੇ ਸਾਫ਼ ਕਰਨ ‘ਚ ਮਾਣ ਮਹਿਸੂਸ ਕਰੀ ਜਾ ਰਹੇ ਹਨ। ਇੱਧਰ ਰਹਿੰਦੇ ਪੰਜਾਬੀ ਕਿਸਾਨ, ਪਰਵਾਸੀ ਭਈਏ ਦੇ ਸਿਰ ਤੇ ਖੇਤੀਬਾੜੀ ਦੀ ਜੁੰਮੇਵਾਰੀ ਸੁੱਟ ਕੇ ਐਸ਼ਪ੍ਰਸਤੀ ਦੇ ਰਾਹ ਪਏ ਹੋਏ ਹਨ। ਜਦੋਂ ਕਰਜ਼ਾ ਵਿੱਤ ਤੋਂ ਬਾਹਰਾ ਹੋ ਜਾਂਦਾ ਹੈ ਫਿਰ ਖੁਦਕੁਸ਼ੀ ਦੇ ਰਾਹ ਤੁਰ ਪੈਂਦੇ ਹਨ। ਆਖ਼ਰ ਅਸੀਂ ਪੰਜਾਬੀ ਕਦੋਂ ਦੂਰ- ਦ੍ਰਿਸ਼ਟੀ ਨਾਲ ਫੈਸਲੇ ਲੈਣ ਦੇ ਸਮਰੱਥ ਹੋ ਸਕਾਂਗੇ? ਪੰਜਾਬ ਤਾਂ ਪਹਿਲਾਂ ਹੀ ਵੈਂਟੀਲੇਟਰ ਤੇ ਹੈ। ਜੇ ਪੰਜਾਬੀ (ਖਾਸਕਰ ਸਿੱਖ) ਪੰਜਾਬ ਨੂੰ ਲੈ ਕੇ ਇਸੇ ਤਰ੍ਹਾਂ ਅਵੇਸਲੇ ਬਣੇ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਸਿੱਖ ਪੰਜਾਬ ‘ਚ ਘੱਟ ਗਿਣਤੀ ‘ਚ ਹੋ ਜਾਣਗੇ ਤੇ ਬਹੁਗਿਣਤੀ ਜਿਹੜਾ ਸਾਡੇ ਨਾਲ ਸਲੂਕ ਕਰੂਗੀ ਉਸਦੀ ਕਲਪਨਾ ਕਰਕੇ ਸਾਡੀ ਰੂਹ ਜਰੂਰ ਕੰਬਣੀ ਚਾਹੀਦੀ ਹੈ। ਪ੍ਰੰਤੂ ਸਿੱਖ ਹਾਲੇ ਵੀ ਗਫ਼ਲਤ ਦੀ ਨੀਂਦ ਸੁੱਤੇ ਪਏ ਹਨ। ਜੇ ਹੁਣ ਵੀ ਨਾ ਜਾਗੇ, ਫਿਰ ਤਾਂ ਸਾਡਾ ਸਿਰਫ਼ ਰੱਬ ਹੀ ਰਾਖਾ ਆਖਿਆ ਜਾ ਸਕਦਾ ਹੈ।
ਜਰੂਰੀ ਬੇਨਤੀ :-
ਜੇ ਮਾਂ ਬੋਲੀ ਭੁੱਲ ਜਾਓਗੇ,
ਕੱਖਾਂ ਵਾਂਙੂ ਰੁਲ਼ ਜਾਓਗੇ।