Site icon Unlock the treasure of Punjabi Language, Culture & History with Punjabi Library – where every page tells a story.

ਇਸ਼ਕ ਦੀਆਂ ਬੇਪਰਵਾਹੀਆਂ

ਦਸਵੀ ਦੇ ਵਿੱਚ ਪੜਦੀ ਸੀ ਮੈਂ, ਉਮਰ ਵੀ ਅਜੇ ਨਿਆਣੀ ਹੀ ਸੀ

ਅਕਲ ਨਹੀਂ ਸੀ ਅੱਜ ਦੇ ਜਿੰਨੀ, ਸੋਚ ਵੀ ਬੱਚਿਆਂ ਵਾਲੀ ਹੀ ਸੀ

ਛੋਟੀਆਂ ਛੋਟੀਆਂ ਗੱਲਾਂ ਦਾ ਵੀ ਵੱਡਾ ਵੱਡਾ ਚਾਅ ਹੁੰਦਾ ਸੀ

ਘਰੋਂ ਸਕੂਲੇ ਤੇ ਮੁੜ ਘਰ ਨੂੰ, ਬੱਸ ਇੱਕ ਮੇਰਾ ਰਾਹ ਹੁੰਦਾ ਸੀ

ਓਸੇ ਰਾਹ ਵਿੱਚ ਘਰ ਸੀ ਓਹਦਾ, ਬੱਸ ਥੋੜੀ ਓਹ ਦੂਰ ਰਹਿੰਦਾ ਸੀ

ਖਬਰ ਮੇਰੀ ਰੱਖਦਾ ਸੀ ਪੂਰੀ, ਲੁੱਕ ਲੁੱਕ  ਮੈਨੂੰ ਰੋਜ਼ ਵਿੰਹਦਾ ਸੀ

ਕੋਠੇ ਉੱਤੇ ਚੜ ਕੇ ਸ਼ਾਮੀ, ਮੈਨੂੰ ਸੀ ਓਹ ਤੱਕਦਾ ਰਹਿੰਦਾ

ਮੇਰਾ ਚਿਹਰਾ ਦੇਖ ਦੇਖ ਕੇ, ਪਾਗਲ ਜਿਹਾ ਸੀ ਹੱਸਦਾ ਰਹਿੰਦਾ

ਪਹਿਲਾਂ ਤਾਂ ਸੀ ਲੁੱਕ ਕੇ ਤੱਕਦਾ, ਪਰ ਫਿਰ ਤੱਕਣਾ ਆਮ ਹੋ ਗਿਆ

ਮੇਰੇ ਕਰਕੇ ਆਪਣੇ ਯਾਰਾਂ ਵਿੱਚ ਸੀ ਓਹ ਬਦਨਾਮ ਹੋ ਗਿਆ

ਮੈਨੂੰ ਵੀ ਚੰਗਾ ਲੱਗਦਾ ਸੀ, ਓਹਦਾ ਹੱਸਦਾ ਸੋਹਣਾ ਚਿਹਰਾ

ਚਾਨਣ ਦੇ ਨਾਲ ਭਰ ਜਾਂਦਾ ਸੀ, ਦੇਖ ਓਹਨੂੰ ਮੇਰੇ ਦਿਲ ਦਾ ਵਿਹੜਾ

ਫਿਰ ਸੀ ਕਰਨ ਇਸ਼ਾਰੇ ਲੱਗਿਆ, ਮੈਂ ਵੀ ਅੱਗੋਂ ਹੱਸ ਦਿੰਦੀ ਸੀ

ਚੰਗਾ ਲੱਗਦਾ ਏ ਤੂੰ ਮੈਨੂੰ, ਅੱਖਾਂ ਨਾਲ ਹੀ ਦੱਸ ਦਿੰਦੀ ਸੀ।

ਹੱਸਣਾ ਤੱਕਣਾ ਤੇ ਸ਼ਰਮਾਉਣਾ, ਦੋ ਸਾਲਾਂ ਤੱਕ ਇੰਝ ਹੀ ਚੱਲਿਆਂ

ਮੈਂ ਦਿਲ ਆਪਣੇ ਵਿੱਚ ਕਹਿ ਰਹੀ ਸੀ,  ਹੁਣ ਤੇ ਆ ਕੇ ਪੁੱਛ ਲੈ ਝੱਲਿਆ

ਫਿਰ ਵੀਹ ਫੈੱਬ ਨੂੰ ਨੰਬਰ ਆਪਣਾ ਸਾਡੇ ਕੋਠੇ ਓਹਨੇ ਸੁੱਟਿਆ

ਵਿਆਹ ਜਿੰਨਾ ਮੈਨੂੰ ਚਾਅ ਚੜ ਗਿਆ, ਭੱਜ ਪੇਪਰ ਮੈਂ ਜਾ ਸੀ ਚੁੱਕਿਆ

ਓਹਦਾ ਨੰਬਰ ਸੇਵ ਮੈਂ ਕਰਕੇ ਓਸੇ ਵੇਲੇ ਮੈਸੇਜ ਕਰਿਆ

ਮੈਨੂੰ ਲੱਗਦੈ  ਮੇਰੇ ਨਾਲੋਂ ਦੂਣਾ ਚਾਅ ਸੀ ਓਹਨੂੰ ਚੜਿਆ

ਦੋ ਸਾਲਾ ਤੋਂ ਸੀ ਜੋ ਦਿਲ ਵਿੱਚ, ਸਾਰੀਆਂ ਗੱਲਾਂ ਕਹਿ ਹੋ ਗਈਆਂ

ਓਹ ਕਹਿੰਦਾ ਮੈਂ ਤੇਰਾ ਅੱਜ ਤੋਂ, ਮੈਂ ਕਿਹਾ ਤੇਰੀ ਮੈਂ ਹੋ ਗਈ ਆ।

ਰਾਤ ਸਾਰੀ ਅਸੀ ਗੱਲ ਕਰਦੇ ਰਹੇ, ਸਾਡੇ ਕਿੱਸੇ ਮੁੱਕੇ ਹੀ ਨਹੀਂ

ਸਾਢੇ ਤਿੰਨ ਸੀ ਹੋ ਗਏ ਤੜਕੇ ਦੇ, ਪਰ ਆਪਾਂ ਸੁੱਤੇ ਹੀ ਨਹੀਂ

ਦੋਵੇ ਖੁਸ਼ ਸੀ ਅਸੀਂ ਸ਼ੁਰੂ ਹੋ ਗਈ ਸੀ ਸਾਡੀ ਪ੍ਰੇਮ ਕਹਾਣੀ

ਮੈਨੂੰ ਇੰਝ ਲੱਗਦਾ ਸੀ ਜਿੱਦਾ ਮਿਲ ਗਿਆ ਮੈਨੂੰ ਰੂਹ ਦਾ ਹਾਣੀ

ਕੁਝ ਦਿਨਾਂ ਦੇ ਵਿੱਚ ਹੀ ਆਪਾਂ ਹੱਦੋਂ ਵੱਧ ਕੇ ਨੇੜੇ ਹੋ ਗਏ

ਪਹਿਲਾਂ ਨਾਲੋਂ ਵੱਧ ਕੇ ਓਹਦੇ ਗਲੀ ਸਾਡੀ ਵਿੱਚ ਗੇੜੇ ਹੋ ਗਏ

ਫੋਨ ਉੱਤੇ ਗੱਲਾਂ ਕਰ ਕਰ ਕੇ ਦੋਵੇਂ ਆਪਾ ਹੱਸ ਲੈਂਦੇ ਸੀ

ਕਦੇ ਚੁਬਾਰੇ ਕਦੇ ਗਲੀ ਵਿੱਚ ਇੱਕ ਦੂਜੇ ਨੂੰ ਤੱਕ ਲੈਂਦੇ ਸੀ

ਸਾਹਾਂ ਵਾਂਗ ਜਰੂਰੀ ਸੀ ਓਹ, ਆਦਤ ਮੇਰੀ ਬਣ ਚੁੱਕਿਆ ਸੀ

ਸੱਚ ਆਖਾਂ ਮੈਂ ਮੇਰੇ ਦਿਲ ਵਿੱਚ, ਕਰ ਓਹ ਆਪਣਾ ਘਰ ਚੁੱਕਿਆ ਸੀ

ਮੇਰੀਆਂ ਚੰਗੀਆਂ ਮੰਦੀਆਂ ਗੱਲਾਂ ਹੁਣ ਓਹ ਸੱਭ ਪਛਾਣ ਗਿਆ ਸੀ

ਕੁਝ ਸਮੇਂ ਵਿੱਚ ਹੀ ਓਹ ਮੈਨੰ, ਧੁਰ ਅੰਦਰ ਤੱਕ ਜਾਣ ਗਿਆ ਸੀ

ਪਤਾ ਸੀ ਓਹਨੂੰ ਮੇਰੇ ਬਾਰੇ ਕਿ ਮੈਂ ਓਹਨੂੰ ਛੱਡ ਨਹੀਂ ਸਕਦੀ

ਧੜਕਣ ਬਣ ਚੁੱਕਿਆ ਸੀ ਮੇਰੀ, ਦਿਲ ਵਿੱਚੋਂ ਸੀ ਕੱਢ ਨਹੀਂ ਸਕਦੀ

ਇਸੇ ਗੱਲ ਦਾ ਫਾਇਦਾ ਚੁੱਕ ਓਹ, ਜੋ਼ਰ ਮੇਰੇ ਤੇ ਪਾਉਣ ਸੀ ਲੱਗਿਆ

ਝਿੜਕਾਂ ਗਾਲਾਂ ਕੱਢ ਕੱਢ ਮੈਨੂੰ ਆਪਣੀ ਗੱਲ ਮਨਾਉਣ  ਸੀ ਲੱਗਿਆ

ਅਸਲੀ ਰੰਗ ਦਿਖਾਉਣ ਲੱਗ ਪਿਆ, ਰੋਅਬ ਮੇਰੇ ਤੇ ਪਾਉਣ ਲੱਗ ਪਿਆ

ਓਹਦਾ ਅਸਲੀ ਚਿਹਰਾ ਸੀ ਜੋ, ਖੁੱਲ ਕੇ ਮੂਹਰੇ ਆਉਣ ਲੱਗ ਪਿਆ

ਆਹ ਨਹੀਂ ਕਰਨਾ ਓਹ ਨਹੀਂ ਕਰਨਾ, ਆਹ ਨਹੀਂ ਪਾਉਣਾ ਓਹ ਨਹੀਂ ਪਾਉਣਾ

ਗੱਲ ਨਹੀਂ ਕਰਨੀ ਕਿਸੇ ਮੁੰਡੇ ਨਾਲ, ਕਹਿੰਦਾ ਨਹੀਂ ਇੰਸਟਾਗਰਾਮ ਚਲਾਉਣਾ

ਡਰਦੀ ਓਹਦੇ ਗੁੱਸੇ ਤੋਂ, ਮੈਂ ਤੇ ਬੱਸ ਜੀ ਜੀ ਹੀ ਕਹਿੰਦੀ ਸੀ

ਹੱਕ ਏ ਓਹਦਾ ਮੇਰੇ ਤੇ,  ਇਹ ਸੋਚ ਓਹਦੀ ਗੱਲ ਮੰਨ ਲੈਂਦੀ ਸੀ

ਫਿਰ ਕਹਿੰਦਾ ਓਹ ਇੱਕ ਦਿਨ ਮੈਨੂੰ, ਕਿ ਮੈਂ ਤੇਰੇ ਨਾਲ ਹੈ ਸੌਣਾ

ਜਿਸਮ ਸੌਂਪਦੇ ਮੈਨੂੰ ਆਪਣਾ, ਮੈਂ ਚਾਹੁੰਦਾ ਹਾਂ ਤੇਰਾ ਹੋਣਾ

ਮਨਾ ਕੀਤਾ ਓਹਨੂੰ ਕਈ ਵਾਰੀ, ਪਰ ਓਹ ਗੱਲ ਨੂੰ ਮੰਨਿਆਂ ਹੀ ਨਹੀਂ

ਜ਼ਿੱਦ ਓਹਦੀ ਦੇ ਅੱਗੇ ਸੱਚੀ ਵੱਸ ਮੇਰਾ ਫਿਰ ਚੱਲਿਆ ਹੀ ਨਹੀਂ

ਕਹਿਣ ਲੱਗ ਪਿਆ ਸੀ ਓਹ ਮੈਨੂੰ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ

ਚੋਰ ਏ ਤੇਰੇ ਦਿਲ ਵਿੱਚ ਤਾਹੀਓਂ ਤੂੰ ਮੇਰਾ ਇਤਬਾਰ ਨਹੀਂ ਕਰਦੀ

ਨਾ ਚਾਹੁੰਦੇ ਹੋਏ ਗੱਲ ਮੰਨ ਓਹਦੀ, ਮੈਂ ਵੀ ਓਹਦੇ ਨਾਲ ਸੀ ਸੌ ਗਈ

ਕਿਹਾ ਓਹਨੂੰ ਲੈ ਹੁਣ ਤੇ ਮੰਨ ਲੈ,  ਜਿਸਮ ਤੋਂ ਵੀ ਮੈਂ ਤੇਰੀ ਹੋ ਗਈ

ਇੱਕ ਸਾਲ ਦੇ ਤੱਕ ਸੀ ਓਹਨੇ, ਰੱਜ ਰੱਜ ਮੇਰਾ ਜਿਸਮ ਹੰਢਾਇਆ

ਜਿਸਮਾਂ ਦੀ ਦੂਰੀ ਤੇ ਮਿੱਟ ਗਈ, ਪਰ ਰੂਹ ਦੇ ਨਹੀਂ ਨੇੜੇ ਆਇਆ

ਜੋ ਚਾਹੀਦਾ ਸੀ ਮੇਰੇ ਕੋਲੋ, ਓਹ ਤੇ ਓਹਨੂੰ ਮਿਲ ਚੁੱਕਿਆ ਸੀ

ਸਾਫ਼ ਪਤਾ ਲੱਗਦਾ ਸੀ ਓਹਦਾ, ਮੇਰੇ ਤੋਂ ਭਰ ਦਿਲ ਚੁੱਕਿਆ ਸੀ

ਗੱਲ ਨਹੀਂ ਕਰਦਾ ਸੀ ਹੁਣ ਚੱਜ ਨਾ’, ਨਾ ਹੀ ਸੀ ਨੇੜੇ ਓਹ ਆਉਂਦਾ

ਪਹਿਲਾਂ ਵਾਂਗਰ ਨਹੀਂ ਸੀ ਮੈਨੂੰ, ਹੁਣ ਘੁੱਟ ਘੁੱਟ ਕੇ ਗਲ ਨਾਲ ਲਾਉਦਾਂ

ਰਫ਼ਤਾ ਰਫ਼ਤਾ ਹੌਲੀ ਹੌਲੀ ਮੇਰੇ ਤੋਂ ਓਹ ਦੂਰ ਹੋ ਗਿਆ

ਹੋਰ ਕਿਸੇ ਨਾਲ ਇਸ਼ਕ ਓਹਦੇ ਦਾ ਕਿੱਸਾ ਸੀ ਮਸ਼ਹੂਰ ਹੋ ਗਿਆ

ਜਿਸਮ ਓਹਦੇ ਦਾ ਨਿੱਘ ਮਾਣਦਾ ਸੀ ਓਹ ਮੈਨੂੰ ਭੁੱਲ ਚੁੱਕਾ ਸੀ

ਓਹਨੂੰ ਫ਼ਰਕ ਪਿਆ ਨਹੀਂ ਕੋਈ, ਮੇਰਾ ਸੱਭ ਕੁੱਝ ਰ਼ੁਲ ਚੁੱਕਾ ਸੀ

ਪੁੱਛਿਆ ਓਹਨੂੰ ਇੰਝ ਕਿਉਂ ਕਰਦੈਂ, ਟੁੱਟੇ ਦਿਲ ਤੇ ਪੈਰ ਕਿਉਂ ਧਰਦੈਂ

ਮੈਂ ਕਿਹਾ ਮੇਰੀ ਥਾਂ ਆ ਤੱਕ ਲੈ,  ਕਿੰਝ ਤਿਲ ਤਿਲ ਪਲ ਪਲ ਦਿਲ ਮਰਦੈਂ

ਦੂਰੀ ਤੇਰੀ ਸੋਹਣਿਆ ਸੱਜਣਾ, ਸੱਚੀ ਮੈਂ ਨਾ ਜ਼ਰ ਪਾਵਾਗੀਂ

ਛੱਡਿਆ ਜੇ ਮੈਨੂੰ ਬੇਸ਼ਰਮਾ, ਮੈਂ ਕੁਝ ਖਾ ਕੇ ਮਰ ਜਾਵਾਂਗੀ

ਮੈਨੂੰ ਕਹਿੰਦਾ ਖੁੱਲੀ ਛੁੱਟ ਏ, ਜੋ ਜੀ ਆਏ ਕਰ ਸਕਦੀ ਏ

ਮੈਨੂੰ ਫਰਕ ਨਹੀਂ ਪੈਂਦਾ ਕੋਈ, ਮਰਨਾ ਜੇ ਤੂੰ ਮਰ ਸਕਦੀ ਏ

ਸੜਨਾ ਜੇ ਸੜ ਸਕਦੀ ਏ ਤੂੰ , ਸੂਲੀ ਤੇ ਵੀ ਚੜ ਸਕਦੀ ਏ

ਮੈਨੂੰ ਫਰਕ ਨਹੀਂ ਪੈਂਦਾ ਕੋਈ, ਮਰਨਾ ਜੇ ਤੂੰ ਮਰ ਸਕਦੀ ਏ

ਓਹਦੀਆਂ ਗੱਲਾਂ ਸੁਣ ਕੇ ਸੋਚਿਆ, ਮੈਂ ਹੁਣ ਜੀ ਕੇ ਕੀ ਕਰਨਾ ਏ

ਤਕਲੀਫ਼ਾ ਵਿੱਚ ਜੀਣੇ ਨਾਲੋਂ ਤੇ ਸੌਖਾ ਮੇਰਾ ਮਰਨਾ ਏ

ਨੀਂਦ ਵਾਲੀਆਂ ਗੋਲੀਆਂ ਖਾ ਗਈ, ਨਬਜ਼ਾ ਤੇ ਮੈਂ ਕੱਟ ਮਾਰਲੇ

ਇੱਕ ਵਾਰੀ ਵੀ ਸੋਚਿਆ ਨਹੀਂ ਮੈਂ, ਸੱਚ ਆਖਾਂ ਮੈਂ ਝੱਟ ਮਾਰਲੇ

ਦੋ ਵਾਰੀ ਮੈਂ ਮਰਨਾ ਚਾਹਿਆ, ਜਿੰਦਗੀ ਦਾ ਅੰਤ ਕਰਨਾ ਚਾਹਿਆ

ਓਹਨੂੰ ਖਬਰ ਤੇ ਮਿਲ ਗਈ ਸੀ ਪਰ ਖਬਰ ਓਹ ਮੇਰੀ ਲੈਣ ਨਾ ਆਇਆ

ਮੇਰੀਆਂ ਚੀਕਾਂ ਸੁਣੀਆ ਹੀ ਨਹੀਂ, ਯਾਰ ਮੇਰਾ ਬੇਦਰਦ ਹੋ ਗਿਆ

ਸਾਥ ਓਹਨੇ ਛੱਡਿਆ ਏ ਜਦ ਦਾ, ਮੇਰਾ ਸਾਥੀ ਦਰਦ ਹੋ ਗਿਆ

ਕਿੰਨੀ ਛੇਤੀ ਬਦਲ ਗਿਆ ਓਹ ਦਿਲ ਮੇਰਾ ਹੈਰਾਨ ਹੋ ਗਿਆ

ਜਿਹਨੂੰ ਦਿੱਤਾ ਰੱਬ ਦਾ ਦਰਜਾ, ਓਹੀ ਸੀ ਸ਼ੈਤਾਨ ਹੋ ਗਿਆ

ਦਰਦ ਮਿਲੇ ਜੋ ਓਹਦੇ ਕੋਲੋਂ, ਮੈਂ ਹੱਸ ਹੱਸ ਸੱਭ ਸਹਾਰ ਰਹੀ ਆ

ਸੱਚੀ ਜਿੰਦਗੀ ਨੂੰ ਜੀਅ ਨਹੀਂ ਰਹੀ ਹੁਣ ਮੈਂ ਬੱਸ ਗੁਜ਼ਾਰ ਰਹੀ ਆ

ਹੁਣ ਨਾਂ ਆਸ ਕਿਸੇ ਤੋਂ ਰੱਖਾ, ਕਿਸੇ ਦਾ ਮੈਂ ਇਤਬਾਰ ਨਹੀਂ ਕਰਨਾ

ਪਿਆਰ ਸ਼ਬਦ ਤੋਂ ਨਫ਼ਰਤ ਹੋ ਗਈ, ਮੈਂ ਹੁਣ ਮੁੜਕੇ ਪਿਆਰ ਨਹੀਂ ਕਰਨਾ

ਓਹਦੇ ਨਾਲ ਸੀ ਜੋ ਵੀ ਜੁੜੀਆਂ, ਚੀਜ਼ਾ ਮੈਂ ਸੱਭ ਸਾੜ ਚੁੱਕੀ ਹਾਂ

ਓਹ ਜਿਉੰਦਾ ਏ ਨਵੇਂ ਯਾਰ ਨਾ’, ਪਰ ਮੈਂ ਖੁਦ ਨੂੰ ਮਾਰ ਚੁੱਕੀ ਹਾਂ।

ਜਿਸਮ ਸਕੂਨ ਮੈਂ ਪ੍ਰੀਤ ਝੂਠਿਆ ਓਹਦੇ ਉੱਤੋਂ ਵਾਰ ਚੁੱਕੀ ਹਾਂ।

ਬਣ ਜਿੰਦਗੀ ਓਹ ਖਾ ਗਿਆ ਜਿੰਦਗੀ ,  ਲੱਗਦੈ ਜਿੰਦਗੀ ਹਾਰ ਚੁੱਕੀ ਹਾਂ

ਇੱਕ ਵਾਰੀ ਨਹੀਂ ਮੌਤ ਵੀ ਆਉਂਦੀ, ਪਲ ਪਲ ਪੈ ਰਿਹਾ ਮੈਨੂੰ ਮਰਨਾ

ਪਿਆਰ ਸ਼ਬਦ ਤੋਂ ਨਫ਼ਰਤ ਹੋ ਗਈ, ਮੈਂ ਹੁਣ ਮੁੜਕੇ ਪਿਆਰ ਨਹੀਂ ਕਰਨਾ।

(ਇੱਕ ਕੁੜੀ ਦੀ ਹੱਡਬੀਤੀ)

ਲੇਖਕ: ਗੁਰਪ੍ਰੀਤ ਗੁਰੀ

ਵ੍ਹਟਸਐਪ: +91 9779670711

Exit mobile version