ਰੂਸੀ ਲੋਕਾਂ ਦੇ ਜੀਵਨ ਦੀ ਮੁੜ ਉਸਾਰੀ ਦਾ ਕੰਮ ਲੈਨਿਨ ਤੇ ਉਸਦੇ ਪੈਰੋਕਾਰਾਂ ਨੇ ਰੂਸੀ ਪੁਰਸ਼ ਤੋਂ ਨਹੀਂ, ਰੂਸੀ ਔਰਤ ਦੇ ਜੀਵਨ ਤੋਂ ਸ਼ੁਰੂ ਕੀਤਾ। ਸੋਵੀਅਤ ਆਗੂਆਂ ਨੇ ਕਦੇ ਵੀ ਆਪਣੇ ਆਪ ਨੂੰ ਔਰਤਾਂ ਦਾ “ਉਦਾਰਕ” ਨਹੀਂ ਐਲਾਨਿਆ। ਉਨਾਂ ਨੇ ਆਪਣੇ ਆਪ ਨੂੰ ਔਰਤਾਂ ਦੇ ਇਨਾਂ ਘੋਲ਼ਾਂ ਤੱਕ ਸੀਮਤ ਨਹੀਂ ਰੱਖਿਆ ਕਿ ਔਰਤਾਂ ਉੱਚੀ ਜਾਂ ਨੀਵੀਂ ਜਿਵੇਂ ਦੀ ਚਾਹੁਣ ਸਕਰਟ ਪਾ ਸਕਦੀਆਂ ਹਨ, ਚਾਹੁਣ ਤਾਂ ਬਜ਼ਾਰ ਵਿੱਚ ਸਿਗਰਟ ਪੀ ਸਕਦੀਆਂ ਹਨ ਕਿ ਕਨੂੰਨ ਦੀ ਨਜ਼ਰ ਵਿੱਚ ਉਹ ਪੁਰਸ਼ ਦੇ ਬਰਾਬਰ ਹੀ ਹਨ। ਉਨਾਂ ਨੇ ਪੁਰਸ਼ ਤੇ ਔਰਤਾਂ ਦੇ ਇਨਾਂ ਹੱਕਾਂ ਦੀ ਭੰਡੀ ਕੀਤੀ ਕਿ ਉਹ ਜਿਸ ਨਾਲ਼ ਚਾਹੁੰਣ ਸਰੀਰਕ ਸਬੰਧ ਬਣਾ ਸਕਦੇ ਹਨ। ਸੋਵੀਅਤ ਰੂਸ ਵਿੱਚ ਔਰਤਾਂ ਦੀ ਅਜ਼ਾਦੀ ਦਾ ਜੋ ਪ੍ਰੋਗਰਾਮ ਬਣਾਇਆ ਗਿਆ ਉਹ ਸਿਰਫ “ਔਰਤਾਂ ਦੇ ਹਿੱਤ ਦਾ” ਨਹੀਂ ਸਗੋਂ ਸਮੁੱਚੀ ਮਨੁੱਖ ਜਾਤੀ ਦੇ ਹਿੱਤ ਦਾ ਸੀ। ਸੋਵੀਅਤ ਸਰਕਾਰ ਨੇ ਸਾਰੇ ਕਨੂੰਨ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਬਣਾਏ, ਖਾਸ ਕਰਕੇ ਉਹ ਨੇਮ ਤੇ ਕਨੂੰਨ ਬਣਾਏ ਗਏ ਜਿਸ ਨਾਲ਼ ਔਰਤਾਂ ਦੀ ਆਰਥਿਕ ਅਜ਼ਾਦੀ ਦੀ ਗਰੰਟੀ ਹੋਈ।
ਵੇਸਵਾਗਮਨੀ ਮਨੁੱਖ ਜਾਤੀ ਦੇ ਮੱਥੇ ਤੇ ਇਕ ਇਹੋ ਜਿਹਾ ਕਲੰਕ ਹੈ ਜੋ ਰੂਸੀ ਇਨਕਲਾਬ ਆਉਣ ਤੱਕ ਸਰਮਾਏਦਾਰੀ ਆਪਣੀ ਲਗਭਗ 250 ਸਾਲ ਦੀ ਉਮਰ ਵਿੱਚ ਇਸਨੂੰ ਖਤਮ ਕਰਨਾ ਤਾਂ ਦੂਰ ਦੀ ਗੱਲ ਸਗੋਂ ਇਸ ਵਿੱਚ ਵਾਧੇ ਦਾ ਕਾਰਨ ਹੀ ਬਣੀ। ਇਨਕਲਾਬ ਦੇ ਚਾਰ ਸਾਲ ਬਾਅਦ ਸੰਨ 1921 ਵਿੱਚ ਰੂਸੀ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਵਿਭਚਾਰ ਵਿੱਚ ਨਿਸ਼ਚਿਤ ਵਾਧਾ ਹੋਇਆ ਹੈ। ਇਸ ਦਾ ਕਾਰਨ ਦੇਸ਼ ਦਾ ਅੰਦਰੂਨੀ ਸੰਕਟ ਸੀ ਜੋ ਵਿਦੇਸ਼ੀ ਹਮਲਾਵਰਾਂ ਵਿਰੁੱਧ ਲੰਬੀ ਲੜਾਈ ਦੇ ਨਤੀਜ਼ੇ ਵਜੋਂ ਪੈਦਾ ਹੋ ਗਿਆ ਸੀ। ਇਸ ਤੋਂ ਇਲਾਵਾ, ਆਰਥਿਕ ਉਸਾਰੀ ਦੀਆਂ ਯੋਜਨਾਵਾਂ ਹਾਲੇ ਸ਼ੁਰੂ ਨਹੀਂ ਹੋਈਆਂ ਸਨ। ਬੇਰੁਜ਼ਗਾਰੀ ਬੁਰੀ ਤਰਾਂ ਫੈਲ ਰਹੀ ਸੀ ਤੇ ਬੇਰੁਜ਼ਗਾਰਾਂ ਵਿੱਚ ਦੋ ਤਿਹਾਈ ਗਿਣਤੀ ਔਰਤਾਂ ਦੀ ਸੀ ਜਿਨਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ। ਦੋ ਸਾਲ ਤੱਕ ਅਨੈਤਿਕਤਾ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ।
ਸੋਵੀਅਤ ਵਿਗਿਆਨਿਕਾਂ ਨੇ ਦੁਰਾਚਾਰ ਖਿਲਾਫ਼ ਆਮ ਹਮਲਾ ਸੰਨ 1923 ਵਿੱਚ ਬੋਲਿਆ ਜਿਸ ਨੇ ਬੜੀ ਸਨਸਨੀ ਪੈਦਾ ਕਰ ਦਿੱਤੀ। ਇਤਿਹਾਸ ਵਿੱਚ ਦੁਰਾਚਾਰ ਨੂੰ ਖਤਮ ਕਰਨ ਲਈ ਪਹਿਲਾਂ ਕਦੇ ਇਹੋ ਜਿਹਾ ਕਦਮ ਨਹੀਂ ਚੁੱਕਿਆ ਗਿਆ ਸੀ। ਇੱਕ ਸਵਾਲਨਾਮਾ ਛਪਵਾ ਕੇ ਔਰਤਾਂ ਤੇ ਕੁੜੀਆਂ ਵਿੱਚ ਬੜੇ ਗੁਪਤ ਤਰੀਕੇ ਨਾਲ਼ ਵੰਡਿਆ ਗਿਆ। ਇਹ ਸਵਾਲਨਾਮਾ ਡਾਕਟਰਾਂ, ਮਨੋਵਿਗਿਆਨਿਕਾਂ, ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਹੋਰ ਮਾਹਿਰਾਂ ਨੇ ਮਿਲ਼ ਕੇ ਤਿਆਰ ਕੀਤਾ ਸੀ ਜਿਸ ਵਿੱਚ ਕਈ ਸਵਾਲ ਪੁਛੇ ਗਏ ਸਨ ਜਿਨਾਂ ਦਾ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਉਹ ਕਿਹੜੀਆਂ ਹਾਲਤਾਂ ਹਨ ਜਿਨਾਂ ਵਿੱਚ ਔਰਤਾਂ ਆਪਣਾ ਸਰੀਰ ਵੇਚਣ ਲਈ ਤਿਆਰ ਜਾਂ ਕਹੋ ਕਿ ਮਜ਼ਬੂਰ ਹੋ ਜਾਂਦੀਆਂ ਹਨ। ਇਹ ਸਵਾਲ ਸਮਾਜ ਦੇ ਹਰ ਪੱਧਰ ਦੀਆਂ, ਹਰ ਉਮਰ ਦੀਆਂ ਅਤੇ ਵੱਖਰੇ ਵੱਖਰੇ ਸੁਭਾਅ ਦੀਆਂ ਔਰਤਾਂ ਤੋਂ ਲਿਖਤੀ ਤੇ ਬੜੇ ਹੀ ਗੁਪਤ ਰੂਪ ਵਿੱਚ ਪੁੱਛੇ ਗਏ। ਸਾਰੀ ਜਾਣਕਾਰੀ ਗੁਪਤ ਰੱਖੀ ਗਈ। ਪੜਤਾਲ ਕਰਨ ਵਾਲ਼ਿਆਂ ਨੂੰ ਇਸ ਗੱਲ ਨਾਲ਼ ਬਹੁਤ ਹੈਰਾਨੀ ਹੋਈ ਕਿ ਉੱਤਰ ਬਿਲਕੁਲ ਸਪਸ਼ਟ ਸਨ। ਇਹ ਇਸ ਕਰਕੇ ਹੋਇਆ ਕਿਉਂਕਿ ਜਵਾਬ ਦੇਣ ਵਾਲ਼ੀਆਂ ਔਰਤਾਂ ਨੂੰ ਜਾਣਕਾਰੀ ਗੁਪਤ ਰਹਿਣ ਦੀ ਗਰੰਟੀ ਸੀ।
ਸੋਵੀਅਤ ਮਾਹਰਾਂ ਨੇ ਅਨੈਤਿਕਤਾ ਵਿਰੁੱਧ ਅਮਲੀ, ਸਮਾਜਿਕ ਘੋਲ ਨੂੰ ਚੰਗੀ ਤਰਾਂ ਸਮਝਣ ਲਈ ਇਹ ਸਿੱਟਾ ਕੱਢਿਆ ਕਿ ਅਜਿਹੇ ਸਾਰੇ ਸੈਕਸ ਸਬੰਧ ਗਲਤ ਹਨ ਜਿਹੜੇ ਪਿਆਰ ‘ਤੇ ਅਧਾਰਿਤ ਨਹੀਂ ਹਨ ਤੇ ਅਜਿਹੇ ਸਾਰੇ ਸਬੰਧ ਵੀ ਗਲਤ ਹਨ ਜਿਨਾਂ ਵਿੱਚ ਪੈਸੇ ਦਾ ਖੁੱਲੇ ਜਾਂ ਲੁਕਵੇਂ ਰੂਪ ਵਿੱਚ ਲੈਣ ਦੇਣ ਹੁੰਦਾ ਹੈ। ਇਨਾਂ ਗੱਲਾਂ ਨੂੰ ਅਧਾਰ ਬਣਾ ਕੇ ਸੋਵੀਅਤ ਅਧਿਕਾਰੀਆਂ ਨੇ ਵਿਭਚਾਰ ਵਿਰੁੱਧ ਵਿਗਿਆਨਕ ਢੰਗਾਂ ਨਾਲ਼ ਹੱਲਾ ਬੋਲਿਆ ਜਦੋਂ ਕਿ ਬਾਕੀ ਦੇਸ਼ਾਂ ਵਿੱਚ ਵਿਭਚਾਰ ਦੇ ਕਾਰਨਾਂ ਬਾਰੇ ਹੀ ਬੜੀ ਗੈਰ ਵਿਗਿਆਨਕ ਤੇ ਕੱਚ ਘਰੜ ਸਮਝ ਸੀ ਇਸ ਲਈ ਇਸ ਨੂੰ ਖ਼ਤਮ ਕਰਨ ਲਈ ਜਿੰਨੇ ਵੀ ਉਪਰਾਲੇ ਕੀਤੇ ਗਏ ਉਹ ਸੱਭ ਅਸਫਲ ਰਹੇ ਉਲਟਾ ਵਿਭਚਾਰ ਤੇ ਸੈਕਸ ਰੋਗਾਂ ਵਿੱਚ ਵਾਧਾ ਬੇ ਰੋਕ ਟੋਕ ਜਾਰੀ ਰਿਹਾ।
ਔਰਤਾਂ ਵਿਭਚਾਰ ਨੂੰ ਆਪਣੀ ਜੀਵਕਾ ਰੋਜ਼ੀ ਦਾ ਸਾਧਨ ਕਿਉਂ ਬਣਾਉਂਦੀਆਂ ਹਨ? ਸੋਵੀਅਤ ਸਵਾਲਨਾਮੇ ਵਿੱਚ ਦਿੱਤੇ ਗਏ ਬਹੁਤੇ ਜਵਾਬ ਇਕੋ ਜਿਹੇ ਸਨ। ਥੋੜੇ ਜਾਂ ਬਹੁਤੇ ਸਮੇਂ ਲਈ ਵਿਭਚਾਰ ਨੂੰ ਆਪਣੀ ਰੋਜ਼ੀ ਦਾ ਅਧਾਰ ਔਰਤਾਂ ਕੰਗਾਲੀ ਤੇ ਆਰਥਿਕ ਔਕੜਾਂ ਕਾਰਨ ਬਣਾਉਂਦੀਆਂ ਹਨ। ਪਰ, ਇਹ ਜਵਾਬ ਸਿਰਫ਼ ਅੱਧਾ ਸੀ। ਦੂਸਰਾ ਅੱਧਾ ਜਵਾਬ ਇਹ ਸੀ ਕਿ ਵਿਭਚਾਰ ਦੇ ਵਪਾਰ ਦੀਆਂ ਸ਼ਿਕਾਰ ਸਿਰਫ਼ ਉਹ ਔਰਤਾਂ ਬਣੀਆਂ ਜਿਨਾਂ ਨੂੰ ਦੂਸਰੇ ਲੋਕਾਂ ਨੇ ਜਾਣ ਬੁੱਝ ਕੇ ਥਿੜਕਾਇਆ ਸੀ। ਇਹ ਉਹ ਲੋਕ ਨਹੀਂ ਸਨ ਜਿਨਾਂ ਨੇ ਪਹਿਲੀ ਵਾਰ ਉਨਾਂ ਦੇ ਸਰੀਰ ਦਾ ਸੌਦਾ ਕੀਤਾ ਸੀ ਸਗੋਂ ਉਹ ਪੁਰਸ਼-ਔਰਤਾਂ ਸਨ ਜੋ ਵੇਸਵਾਗਮਨੀ ਦੇ ਵਪਾਰ ਤੋਂ ਲੰਬੇ ਚੌੜੇ ਮੁਨਾਫ਼ੇ ਕਮਾ ਰਹੇ ਸੀ, ਉਹ ਲੋਕ ਜੋ ਵਿਭਚਾਰ ਦੇ ਠੇਕੇ ਜਾਂ ਅੱਡੇ ਚਲਾਉਂਦੇ ਸਨ। ਇਹ ਜ਼ਿਆਦਾਤਰ ਲੋਕ ਮੋਟਰ-ਡਰਾਈਵਰ, ਹੋਟਲਾਂ ਵਿੱਚ ਕੰਮ ਕਰਨ ਵਾਲੇ, ਦਲਾਲ, ਗੁੰਡਾ ਗਰਦੀ ਮਚਾਉਣ ਵਾਲੇ, ਸਸਤੇ ਹੋਟਲਾਂ, ਧਰਮਸ਼ਲਾਵਾਂ ਵਗੈਰਾ ਦੇ ਮਾਲਕ ਆਦਿ। ਅੱਜ ਸਾਰੀ ਦੁਨੀਆ ‘ਤੇ ਇੱਕ ਨਜ਼ਰ ਮਾਰਿਆਂ ਸਪਸ਼ਟ ਹੋ ਜਾਵੇਗਾ ਕਿ ਵਿਭਚਾਰ ਇਸ ਲਈ ਕਾਇਮ ਹੈ ਕਿਉਂਕਿ ਅਣਗਿਣਤ ਮਜ਼ਬੂਰ ਭੁੱਖੀਆਂ-ਨੰਗੀਆਂ ਲੜਕੀਆਂ ਮੌਜੂਦ ਹਨ ਤੇ ਇਸ ਲਈ ਕਿਉਂਕਿ ਵਿਭਚਾਰ ਦੇ ਵਪਾਰ ਨਾਲ਼ ਕਰਾਰਾ ਮੁਨਾਫ਼ਾ ਹੱਥ ਲਗਦਾ ਹੈ। ਸਰੀਰ ਵੇਚਣ ਵਾਲ਼ੀਆਂ ਔਰਤਾਂ ਦੇ ਹੱਥ ਇਸ ਵਿੱਚੋਂ ਬਹੁਤ ਘੱਟ ਮੁਨਾਫ਼ਾ ਆਉਂਦਾ ਹੈ ਤੇ ਉਨਾਂ ਦੇ ਜੀਵਨ ਦੀਆਂ ਹਾਲਤਾਂ ਬਹੁਤ ਸ਼ਰਮਨਾਕ ਹੁੰਦੀਆਂ ਹਨ। ਸਵਾਲਨਾਮੇ ਦੇ ਜਵਾਬ ਵਿੱਚ ਬਹੁਤੀਆਂ ਔਰਤਾਂ ਦਾ ਕਹਿਣਾ ਸੀ ਕਿ ਜੇਕਰ ਉਨਾਂ ਨੂੰ ਚੰਗਾ ਕੰਮ ਮਿਲ਼ਣ ਦੀ ਥੋੜੀ ਜਿਹੀ ਵੀ ਉਮੀਦ ਹੋਈ ਤਾਂ ਉਨਾਂ ਨੂੰ ਆਪਣਾ ਨੈਤਿਕ ਸੁਧਾਰ ਕਰਨ ਦੀ ਆਸ ਬੱਝ ਜਾਵੇਗੀ।
ਬਾਕੀ ਦੇਸ਼ਾਂ ਵਿੱਚ ਬਹੁਤੇ ਲੋਕ ਸੋਚਦੇ ਹਨ ਕਿ ਜੇਕਰ ਬਦਚਲਣ ਲੜਕੀਆਂ ਨੂੰ ਕਿਸੇ ਇਹੋ ਜਿਹੀ ਜਗਾ ਰੱਖਿਆ ਜਾਵੇ ਜਿੱਥੇ ਉਸਦੀ ਮਾਨਸਿਕ ਦੇਖਭਾਲ ਕੀਤੀ ਜਾ ਸਕੇ ਤਾਂ ਉਹ ਸਮਾਜ ਦੇ ਲਾਇਕ ਬਣ ਜਾਣਗੀਆਂ। ਇਹ ਗੱਲ ਗ਼ੈਰ-ਵਿਗਿਆਨਕ ਤੇ ਬਨਾਵਟੀ ਹੈ। ਇਸ ਸੋਚ ਦੇ ਅਧਾਰ ਤੇ ਹਾਸੋਹੀਣੀਆਂ ਯੋਜਨਾਵਾਂ ਬਣਦੀਆਂ ਹਨ। ਇਹੋ ਜਿਹੀਆਂ ਔਰਤਾਂ ਨੂੰ “ਸੁਧਾਰਨ” ਲਈ “ਸੁਧਾਰ ਆਸ਼ਰਮ” ਕਾਇਮ ਹੁੰਦੇ ਹਨ। ਇਕ ਤੋਂ ਇਕ ਨਵੇਂ ਢਕਵੰਜ ਤਿਆਰ ਕੀਤੇ ਜਾਂਦੇ ਹਨ। ਅੱਖਾਂ ਬੰਦ ਕਰ ਲਈਆਂ ਜਾਂਦੀਆਂ ਹਨ ਤਾਂ ਸਿਰਫ਼ ਇਕ ਗੱਲ ਵੱਲ ਜੋ ਵਿਭਚਾਰ ਦਾ ਮੁੱਢਲਾ ਕਾਰਨ ਹੈ, ਜਾਣੀ ਕਿ ਕੰਗਾਲੀ ਵੱਲ ਤੇ ਨਤੀਜ਼ਾ ਸਾਡੇ ਸਾਹਮਣੇ ਹੈ ਕਿ “ਮਰਜ਼ ਬੜਤਾ ਗਿਆ ਜਿਉਂ ਜਿਉਂ ਦਵਾ ਕੀ”। ਰੂਸੀ ਔਰਤਾਂ ਨੇ ਜ਼ੋਰ ਦੇ ਕੇ ਇਹ ਕਿਹਾ “ਸਾਨੂੰ ਚੰਗਾ ਕੰਮ ਦਿਓ, ਅਸੀਂ ਖੁਦ ਨੂੰ ਸੁਧਾਰ ਲਵਾਂਗੀਆਂ”
ਸੋਵੀਅਤ ਅਧਿਕਾਰੀਆਂ ਨੇ ਜਥੇਬੰਦ ਵਿਭਚਾਰ ਨੂੰ ਸਮਾਜਿਕ ਦੋਸ਼ ਮੰਨਿਆ ਜੜਾਂ ਸਾਡੇ ਆਰਥਿਕ, ਸਿਆਸੀ ਢਾਂਚੇ ਵਿੱਚ ਹਨ। ਉਨਾਂ ਨੇ ਤੈਅ ਕੀਤਾ ਕਿ ਵਿਭਚਾਰ ਵਿਰੋਧੀ ਘੋਲ ਨੂੰ ਵੇਸਵਾ-ਵਿਰੋਧੀ ਲਹਿਰ ਦਾ ਨਾਮ ਨਾ ਦਿਤਾ ਜਾਵੇ। ਇਸ ਨੀਤੀ ਦਾ ਅਧਾਰ ਗੋਰਕੀ ਦੇ ਇਨਾਂ ਸ਼ਬਦਾਂ ਨੂੰ ਬਣਾਇਆ ਗਿਆ “ਸ਼ਾਇਦ ਦੁਨੀਆਂ ਵਿੱਚ ਜਦੋਂ ਕੋਈ ਵੀ ਗੁਲਾਮ ਨਹੀਂ ਰਹਿ ਜਾਵੇਗਾ, ਕੋਈ ਵੀ ਗਰੀਬ ਨਹੀਂ ਰਹਿ ਜਾਵੇਗਾ, ਤਾਂ ਇਨਸਾਨ ਆਦਰਸ਼ ਰੂਪ ਨਾਲ਼ ਚੰਗਾ ਬਣ ਜਾਵੇਗਾ। ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਵਿੱਚ ਕੋਈ ਵੀ ਗਰੀਬ ਤੇ ਕੋਈ ਵੀ ਗੁਲਾਮ ਨਾ ਰਹਿ ਜਾਵੇ ਤਾਂ ਸਾਨੂੰ ਉਨਾਂ ਲੋਕਾਂ ਵਿਰੁੱਧ ਸਖ਼ਤੀ ਨਾਲ਼ ਲੜਨਾ ਪਵੇਗਾ ਜੋ ਗੁਲਾਮਾਂ ਦੀ ਕਿਰਤ ਤੇ ਮੌਜ ਉਡਾਉਣ ਦੇ ਆਦੀ ਹਨ” ਇਨਸਾਨ ਨੂੰ ਆਰਥਿਕ ਤੌਰ ਤੇ ਅਜ਼ਾਦ ਕੀਤੇ ਬਿਨਾਂ ਅਜ਼ਾਦੀ ਬੇ-ਮਾਇਨਾ ਹੈ।
ਸੰਨ 1925 ਵਿੱਚ ਸੋਵੀਅਤ ਸਰਕਾਰ ਨੇ ਆਪਣੇ ਸਿਧਾਂਤਾਂ ਨੂੰ ਅਮਲੀ ਰੂਪ ਦਿਤਾ। ਉਸਨੇ “ਵੇਸਵਾਗਮਨੀ ਵਿਰੁੱਧ ਘੋਲ ਦਾ ਪ੍ਰੋਗਰਾਮ” ਨਾਮਕ ਕਾਨੂੰਨ ਪਾਸ ਕੀਤਾ ਤੇ ਇਸ ਸਬੰਧ ਵਿੱਚ ਹੇਠ ਲਿੱਖੇ ਕਦਮ ਚੁੱਕੇ।
1. ਸਭ ਤੋਂ ਪਹਿਲਾਂ ਔਰਤਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਕਦਮ ਚੁੱਕੇ ਗਏ। ਇਸ ਸਬੰਧੀ ਸਬੰਧਤ ਸੰਸਥਾਵਾਂ ਨੂੰ ਹੁਕਮ ਦਿੱਤੇ ਗਏ ਕਿ ਔਰਤਾਂ ਦੀ ਹਰ ਹਾਲਤ ਵਿੱਚ ਛਾਂਟੀ ਬੰਦ ਕੀਤੀ ਜਾਵੇ। ਆਤਮ ਨਿਰਭਰ, ਅਣਵਿਆਹੀਆਂ, ਛੋਟੇ ਬੱਚਿਆਂ ਵਾਲ਼ੀਆਂ, ਗਰਭਵਤੀ ਤੇ ਘਰ ਤੋਂ ਦੂਰ ਰਹਿਣ ਵਾਲ਼ੀਆਂ ਔਰਤਾਂ ਨੂੰ ਕੰਮ ਤੋਂ ਅਲੱਗ ਨਾ ਕੀਤਾ ਜਾਵੇ। ਸਹਿਕਾਰੀ ਫੈਕਟਰੀਆਂ ਤੇ ਖੇਤਾਂ ਨੂੰ ਜਥੇਬੰਦ ਕਰਕੇ ਭੁੱਖੀਆਂ-ਨੰਗੀਆਂ ਔਰਤਾਂ ਨੂੰ ਕੰਮ ਦਿੱਤਾ ਜਾਵੇ। ਮਿੱਲਾਂ ਵਿੱਚ ਵੀ ਉਨਾਂ ਨੂੰ ਕੰਮ ਦੀ ਪਹਿਲ ਦਿੱਤੀ ਜਾਵੇ। ਅਜਿਹੀਆਂ ਔਰਤਾਂ, ਜਿਨਾਂ ਦੇ ਰਹਿਣ ਦੀ “ਕੋਈ ਨਿਸ਼ਚਤ ਥਾਂ ਨਹੀਂ ਹੈ” ਤੇ ਪਿੰਡਾਂ ਵਿਚੋਂ ਸ਼ਹਿਰ ਕੰਮ ਕਰਨ ਆਈਆਂ ਔਰਤਾਂ ਨੂੰ ਵਸਾਉਣ ਲਈ ਅਵਾਸ ਅਧਿਕਾਰੀ ਸਹਿਕਾਰੀ ਮਕਾਨਾਂ ਦਾ ਪ੍ਰਬੰਧ ਕਰਨ।
2. ਬੇਘਰੇ ਬੱਚਿਆਂ ਤੇ ਜਵਾਨ ਕੁੜੀਆਂ ਦੀ ਸੁਰੱਖਿਆ ਦੇ ਨਿਯਮ ਸਖ਼ਤੀ ਨਾਲ਼ ਲਾਗੂ ਕੀਤੇ ਜਾਣ।
3. ਵੇਸਵਾਗਮਨੀ ਤੇ ਸੈਕਸ ਰੋਗਾਂ ਦੇ ਖਤਰੇ ਵਿਰੁੱਧ ਆਮ ਲੋਕਾਂ ਨੂੰ ਜਗਾਉਣ ਲਈ ਅਗਿਆਨ ਤੇ ਹਮਲਾ ਬੋਲਿਆ ਜਾਵੇ। ਅਨੈਤਿਕ ਔਰਤਾਂ ਨੂੰ ਦੋਸ਼ੀ ਨਾ ਗਰਦਾਨਿਆ ਜਾਵੇ ਸਗੋਂ ਇਸ ਨੂੰ ਇਕ ਸਮਾਜਿਕ ਦੋਸ਼ ਮੰਨਿਆ ਜਾਵੇ। ਆਮ ਲੋਕਾਂ ਵਿੱਚ ਇਹ ਭਾਵਨਾ ਜਗਾਈ ਜਾਵੇ ਕਿ ਅਸੀਂ ਆਪਣੇ ਨਵੇਂ ਲੋਕਤੰਤਰ ਵਿੱਚ ਇਨਾਂ ਖਰਾਬੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਰਹਾਂਗੇ।
ਇਹ ਸਭ ਸ਼ੁਰੂਆਤੀ ਹੁਕਮ ਸਨ। ਇਨਾਂ ਦੇ ਉਦੇਸ਼ ਦੇਸ਼ ਦੀਆਂ ਗਰੀਬ ਔਰਤਾਂ ਤੇ ਲੜਕੀਆਂ ਦੀ ਹਾਲਤ ਨੂੰ ਚੰਗਾ ਬਣਾਉਣਾ ਸੀ। ਇਸ ਤੋਂ ਬਾਅਦ ਵਿਭਚਾਰ ਦੀ ਕਾਈ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਸੋਵੀਅਤ ਅਧਿਕਾਰੀਆਂ ਨੇ ਵਿਭਚਾਰ ਤੇ ਸਿੱਧਾ ਹੱਲਾ ਬੋਲਿਆ ਤੇ ਤਿੰਨ ਹੋਰ ਰਾਜਕੀ ਐਲਾਨ ਜਾਰੀ ਕੀਤੇ ਗਏ।
ਪਹਿਲਾ: ਜ਼ਾਰਸ਼ਾਹੀ ਕਾਨੂੰਨ ਦੇ ਤਹਿਤ ਅਨੈਤਿਕ ਔਰਤਾਂ ਖਿਲਾਫ਼ ਕਾਰਵਾਈ ਕਰਨ ਦੇ ਅਦਾਲਤਾਂ ਤੇ ਪੁਲਿਸ ਦੇ ਸਾਰੇ ਅਧਿਕਾਰ ਰੱਦ ਕਰ ਦਿੱਤੇ ਗਏ।
ਦੂਜਾ: ਵਿਭਚਾਰ ਤੋਂ ਲੁਕਿਆ ਜਾਂ ਖੁੱਲਾ ਮੁਨਾਫ਼ਾ ਕਮਾਉਣ ਵਾਲਿਆਂ ਨੂੰ ਖਤਮ ਕਰਨ ਲਈ ਸਖ਼ਤ ਘੋਲ ਵਿੱਢ ਦਿੱਤਾ ਗਿਆ। ਇਸ ਸਬੰਧ ਵਿੱਚ ਸਥਾਨਕ ਸਰਕਾਰਾਂ ਨੂੰ ਹੁਕਮ ਦਿੱਤੇ ਗਏ ਕਿ ਇਸ ਵਪਾਰ ਵਿੱਚ ਸ਼ਾਮਿਲ ਹਰ ਤਰਾਂ ਦੇ ਲੋਕਾਂ ਨਾਲ਼ ਸਖ਼ਤੀ ਨਾਲ਼ ਪੇਸ਼ ਆਇਆ ਜਾਵੇ।
ਤੀਸਰਾ: ਸੈਕਸ ਰੋਗਾਂ ਤੋਂ ਪੀੜਤ ਸਾਰੇ ਲੋਕਾਂ ਨੂੰ ਡਾਕਟਰੀ ਤੇ ਦਵਾ-ਦਾਰੂ ਸਬੰਧੀ ਮਦਦ ਮੁਫ਼ਤ ਦਿੱਤੀ ਜਾਵੇ।
ਇਨਾਂ ਨਿਯਮਾਂ ਨੂੰ ਲਾਗੂ ਕਰਨ ਲਈ ਅਧਿਕਾਰੀ ਦੱਲ ਨਿਯੁਕਤ ਕਰ ਦਿੱਤੇ ਗਏ ਪਰ ਸ਼ੁਰੂ ਵਿੱਚ ਹੀ ਰੁਕਾਵਟਾਂ ਸਾਹਮਣੇ ਆਉਣ ਲੱਗੀਆਂ। ਭਾਵੇਂ ਆਰਥਿਕ ਬੰਦੋਬਸਤ ਦੇ ਲਾਭ ਤਾਂ ਸਾਫ਼ ਦਿਖਾਈ ਦੇਣ ਲੱਗੇ ਪਰ ਇਸ ਅਭਿਆਨ ਵਿੱਚ ਸ਼ਾਮਿਲ ਕੁੱਝ ਲੋਕਾਂ ਦਾ ਰਵਈਆ ਉਹੀ ਪੁਰਾਣਾ ਸੀ। ਉਹ ਲੋਕ ਸਰਕਾਰ ਦੇ ਅਨੈਤਿਕਤਾ ਪ੍ਰਤੀ ਨਵੇਂ ਰਵਈਏ ਨੂੰ ਅਪਣਾ ਨਹੀਂ ਰਹੇ ਸੀ। ਇਸ ਲਈ ਅਪਰਾਧ-ਕਨੂੰਨਾਂ ਵਿੱਚ ਕਈ ਸੁਧਾਰ ਕੀਤੇ ਗਏ। ਹੇਠ ਲਿਖੀਆਂ ਦੋ ਧਾਰਾਵਾਂ ਦੇਖੋ
“ਧਾਰਾ 170: ਜੇ ਕੋਈ ਵੀ ਵਿਆਕਿਤਗਤ ਲਾਭ ਜਾਂ ਹੋਰ ਕਾਰਨਾਂ ਕਰਕੇ, ਸਰੀਰਕ ਜਾਂ ਨੈਤਿਕ ਦਬਾਅ ਕਰਕੇ, ਵੇਸਵਾਗਮਨੀ ਦੇ ਵਾਧੇ ਵਿੱਚ ਮਦਦ ਕਰੇਗਾ ਉਸ ਨੂੰ ਪਹਿਲੇ ਅਪਰਾਧ ਲਈ ਘੱਟ ਤੋਂ ਘੱਟ ਤਿੰਨ ਸਾਲ ਦੀ ਸਜ਼ਾ ਮਿਲੇਗੀ”
“ਧਾਰਾ 171: ਉਹ ਲੋਕ ਜੋ ਵੇਸਵਾਗਮਨੀ ਤੋਂ ਮੁਨਾਫ਼ਾ ਕਮਾਉਂਦੇ ਹਨ ਉਨਾਂ ਨੂੰ ਪਹਿਲੇ ਅਪਰਾਧ ਲਈ ਘੱਟ ਤੋਂ ਘੱਟ ਤਿੰਨ ਸਾਲ ਦੀ ਕੈਦ ਦੀ ਸਜ਼ਾ ਮਿਲ਼ੇਗੀ ਅਤੇ ਉਨਾਂ ਦੀ ਸਾਰੀ ਨਿੱਜੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਜੇਕਰ ਅਪਰਾਧੀ ਦੀ ਦੇਖ ਰੇਖ ਜਾਂ ਨੌਕਰੀ ਵਿੱਚ ਕੋਈ ਵੇਸਵਾ ਮਿਲ਼ੇਗੀ ਅਤੇ ਉਸ ਦੀ ਉਮਰ 21 ਸਾਲ ਤੋਂ ਘੱਟ ਹੋਵੇਗੀ ਤਾਂ ਅਪਰਾਧੀ ਨੂੰ ਘੱਟ ਤੋਂ ਘੱਟ ਪੰਜ ਸਾਲ ਦੀ ਕੈਦ ਦੀ ਸਜ਼ਾ ਮਿਲ਼ੇਗੀ ”।
ਇੱਕ ਹੋਰ ਐਲਾਨ ਕੀਤਾ ਗਿਆ ਜਿਸ ਦਾ ਨਾਮ ਸੀ “ਵੇਸਵਾਗਮਨੀ ਵਿਰੁੱਧ ਘੋਲ ਵਿੱਚ ਨਗਰਿਕ ਫੌਜ(ਮਿਲਸ਼ੀਆ) ਦੇ ਕੰਮ ਦਾ ਐਲਾਨ”। ਇਹ ਪਹਿਲਾ ਕਨੂੰਨ ਸੀ ਜੋ ਜਥੇਬੰਦ ਵਿਭਚਾਰ ਦੀਆਂ ਸਮਾਜਿਕ ਬੁਨਿਆਦਾਂ ਨੂੰ ਖ਼ਤਮ ਕਰਨ ਵਿੱਚ ਕਾਮਯਾਬ ਹੋ ਗਿਆ। ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।
1. ਇਸ ਹਿੱਸੇ ਵਿੱਚ ਮਿਲਸ਼ੀਆ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਵਿਭਚਾਰ ਦੇ ਅੱਡਿਆਂ ਦਾ ਪਤਾ ਲਾ ਕੇ ਉਸ ਨੂੰ ਚਲਾਉਣ ਵਾਲ਼ਿਆਂ, ਉਸ ਦੇ ਮਾਲਕਾਂ ਜਾਂ ਕਿਰਾਏ ਤੇ ਦੇਣ ਵਾਲ਼ਿਆਂ ਜਾਂ ਇਸ ਦੇ ਲਈ ਗਾਹਕ ਜਾਂ ਔਰਤਾਂ ਲਿਆਉਣ ਵਾਲ਼ੇ ਜਾਂ ਹੋਰ ਸਬੰਧਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ। ਇਸ ਨੈਟਵਰਕ ਨੂੰ ਖਤਮ ਕਰਨ ਲਈ ਹਰ ਤਰਾਂ ਦੀ ਸਖ਼ਤੀ ਵਰਤਣ ਦੀ ਤਾਕੀਦ ਕੀਤੀ ਗਈ।
2. ਅਨੈਤਿਕ ਔਰਤਾਂ ਦੇ ਸਬੰਧ ਵਿੱਚ ਮਿਲਸ਼ੀਆ ਤੇ ਇਸ ਲਹਿਰ ਵਿੱਚ ਸ਼ਾਮਲ ਹੋਰ ਲੋਕਾਂ ਨੂੰ ਹਦਾਇਤ ਦਿੱਤੀ ਗਈ ਕਿ ਉਨਾਂ ਖ਼ਿਲਾਫ਼ ਕੋਈ ਸਖ਼ਤੀ ਦਾ ਵਰਤਾਓ ਨਾ ਕੀਤਾ ਜਾਵੇ। ਉਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਤੇ ਉਨਾਂ ਨੂੰ ਅਦਾਲਤਾਂ ਵਿੱਚ ਸਿਰਫ਼ ਠੇਕੇਦਾਰਾਂ ਖ਼ਿਲਾਫ਼ ਗਵਾਹੀ ਦੇਣ ਲਈ ਲਿਆਂਦਾ ਜਾਵੇ। ਵਿਭਚਾਰ ਦੇ ਅੱਡਿਆਂ ਤੇ ਛਾਪਾ ਮਾਰਦੇ ਸਮੇਂ ਕਿਵੇਂ ਦਾ ਵਰਤਾਓ ਕਰਨਾ ਹੈ, ਇਹ ਵੀ ਕਨੂੰਨ ਵਿੱਚ ਸਾਫ ਸਾਫ ਦਰਜ ਸੀ। ਛਾਪਾ ਮਾਰਨ ਵਾਲ਼ਿਆਂ ਨੂੰ ਸਖ਼ਤ ਹਦਾਇਤ ਸੀ ਕਿ ਉਥੋਂ ਦੀਆਂ ਔਰਤਾਂ ਨੂੰ ਸਮਾਜਿਕ ਰੂਪ ਵਿੱਚ ਬਰਾਬਰ ਸਮਝਿਆ ਜਾਵੇ। ਉਨਾਂ ਨੂੰ ਮਕਾਰ ਠੇਕੇਦਾਰਾਂ ਦੇ ਸ਼ਿਕੰਜਿਆਂ ਵਿੱਚ ਫਸੀਆਂ ਬੇਵੱਸ ਔਰਤਾਂ ਸਮਝਿਆ ਜਾਵੇ। ਭਾਵੇਂ ਕੋਈ ਵੀ ਔਰਤ ਫੌਜ ਨਾਲ਼ ਸਖ਼ਤ ਵਤੀਰਾ ਕਿਉਂ ਨਾ ਅਪਣਾਏ, ਉਸ ਨਾਲ਼ ਆਦਰਯੋਗ ਭਾਸ਼ਾ ਵਿੱਚ ਹੀ ਗੱਲ ਕੀਤੀ ਜਾਵੇ ਤੇ ਉਸਦਾ ਕੋਈ ਅਪਮਾਨ ਨਾ ਕੀਤਾ ਜਾਵੇ। ਅਫ਼ਸਰਾਂ ਨੂੰ ਕਿਸੇ ਅਨੈਤਿਕ ਔਰਤ ਦਾ ਨਾਮ ਜਾਂ ਪਤਾ ਲੈਣ ਦਾ ਹੱਕ ਨਹੀਂ ਸੀ।
ਬਾਕੀ ਦੇਸ਼ਾਂ ਜਾਂ ਪ੍ਰਚਲਿਤ ਵਿਚਾਰਾਂ ਦੇ ਉਲਟ ਸਮਾਜਵਾਦੀ ਸੋਵੀਅਤ ਦੇਸ਼ ਵਿੱਚ ਵੇਸਵਾਗਮਨੀ ਦੇ ਧੰਦੇ ਨਾਲ਼ ਜੁੜੀਆਂ ਔਰਤਾਂ ਨੂੰ ਸਮਾਜਿਕ ਹਾਲਤਾਂ ਦਾ ਸ਼ਿਕਾਰ ਬੇਵੱਸ ਔਰਤਾਂ ਸਮਝਿਆ ਗਿਆ ਤੇ ਇਸ ਸਮਾਜਿਕ ਕੋਹੜ• ਲਈ ਇਸ ਵਪਾਰ ਵਿੱਚੋਂ ਮੁਨਾਫ਼ੇ ਕਮਾਉਣ ਵਾਲ਼ੇ ਲੋਕਾਂ ਨੂੰ ਹੀ ਪੂਰੀ ਤਰਾਂ ਨਾਲ਼ ਜ਼ਿੰਮੇਵਾਰ ਠਹਰਾਇਆ ਗਿਆ। ਇਸ ਸਚਾਈ ਨੂੰ ਹੌਲੀ ਹੌਲੀ ਇਸ ਵਪਾਰ ਨੂੰ ਰੋਕਣ ਲਈ ਜੁੜੇ ਲੋਕ, ਸੰਸਥਾਵਾਂ ਤੇ ਆਮ ਲੋਕਾਂ ਨੇ ਸਵੀਕਾਰ ਕਰ ਲਿਆ।
ਇਸ ਦਾ ਨਤੀਜਾ ਇਹ ਨਿੱਕਲਿਆ ਕਿ ਇਸ ਧੰਦੇ ਨਾਲ਼ ਜੁੜੇ ਲੋਕਾਂ ਨੇ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਫੌਜ ਨੇ ਸਖ਼ਤੀ ਤੇ ਉਸਾਰੂ ਪ੍ਰਚਾਰ ਨਾਲ਼ ਇਸ ਦਾ ਜਵਾਬ ਦਿੱਤਾ ਤੇ ਉਨਾਂ ਲੋਕਾਂ ਨੂੰ ਮੂੰਹ ਦੀ ਖਾਣੀ ਪਈ ਤੇ ਜਲ਼ਦੀ ਹੀ ਲੋਕਾਂ ਵਿੱਚੋਂ ਉਨਾਂ ਨੂੰ ਨਿਖੇੜ ਦਿੱਤਾ ਗਿਆ।
ਇਸ ਤੋਂ ਬਾਅਦ ਸੋਵੀਅਤ ਅਧਿਕਾਰੀਆਂ ਨੇ ਅਗਲਾ ਹੱਲਾ ਵੇਸਵਾਵਾਂ ਦੇ ‘ਗਾਹਕਾਂ’ ਤੇ ਬੋਲਿਆ। ਇਹ ਇੱਕ ਨੈਤਿਕ ਮਸਲਾ ਸੀ। ਉਨਾਂ ਦਾ ਨਜ਼ਰੀਆ ਸੀ ਕਿ ਵੇਸਵਾਗਮਨੀ ਦਾ ਖਾਤਮਾ ਕਰਨ ਲਈ ਇਹ ਜਰੂਰੀ ਹੈ ਕਿ ਪੁਰਸ਼ ਭਾਈਚਾਰਾ ਵੀ ਨਵਾਂ ਨੈਤਿਕ ਨਜ਼ਰੀਆ ਅਪਣਾਏ। ਇਨਾਂ ਵਿਚਾਰਾਂ ਦਾ ਪ੍ਰਚਾਰ ਕੀਤਾ ਗਿਆ ਕਿ ਜੇ ਕਿਸੇ ਆਦਮੀ ਲਈ ਔਰਤਾਂ ਦੇ ਠੇਕੇ ਚਲਾਉਣਾ ਅਪਰਾਧ ਹੈ ਤਾਂ ਔਰਤਾਂ ਦੇ ਸਰੀਰ ਨੂੰ ਕੁਝ ਸਮੇਂ ਲਈ ਖਰੀਦਣਾ ਤੇ ਉਨਾਂ ਦਾ ਆਤਮ-ਸਨਮਾਨ ਭੰਗ ਕਰਨਾ ਵੀ ਓਨਾਂ ਹੀ ਵੱਡਾ ਅਪਰਾਧ ਹੈ।
ਸੋਵੀਅਤ ਅਧਿਕਾਰੀ ਵੇਸਵਾਗਮਨੀ ਨੂੰ ਸਿਰਫ਼ ਨੈਤਿਕ ਦਾਇਰੇ ਦੀ ਚੀਜ ਨਹੀਂ ਸਮਝਦੇ ਸਨ ਸਗੋਂ ਇਸ ਨੂੰ ਅਤਿਅੰਤ ਮਹੱਤਵਪੂਰਨ ਸਿਆਸੀ ਸਵਾਲ ਸਮਝਦੇ ਸਨ। ਸੋਵੀਅਤ ਸੰਘ ਇਕ ਅਜਿਹਾ ਦੇਸ਼ ਸੀ ਜਿਸ ਦੀ ਬੁਨਿਆਦ ਹੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਦਾ ਅੰਤ ਕਰਨ ‘ਤੇ ਟਿਕੀ ਹੋਈ ਸੀ ਤੇ ਕਿਸੇ ਔਰਤ ਦੇ ਸਰੀਰ ਨੂੰ ਕੁਝ ਦੇਰ ਲਈ ਖਰੀਦਣਾ ਤੇ ਉਸ ਦਾ ਆਤਮ-ਸਨਮਾਨ ਭੰਗ ਕਰਨਾ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਸਭ ਤੋਂ ਘਿਨਾਉਣਾ ਤੇ ਕਮੀਨਾ ਰੂਪ ਹੈ ਤੇ ਜੋ ਇਨਸਾਨ ਇਸ ਲੁੱਟ ਨੂੰ ਕਾਇਮ ਰੱਖਣ ਲਈ ਕੋਈ ਭੂਮੀਕਾ ਅਦਾ ਕਰਦਾ ਹੈ ਉਹ ਉਸ ਦੇਸ਼ ਦਾ ਨਾਗਰਿਕ ਕਹਾਉਣ ਦਾ ਹੱਕਦਾਰ ਨਹੀਂ ਹੋ ਸਕਦਾ।
ਇਸ ਸਵਾਲ ਨੂੰ ਹੱਲ ਕਰਨ ਲਈ ਇਕ ਹੈਰਾਨੀਜਨਕ ਕਨੂੰਨ ਪਾਸ ਹੋਇਆ। ਇਸ ਅਨੁਸਾਰ ਇਸ ਤੋਂ ਬਾਅਦ ਜਦੋਂ ਵੀ ਅਧਿਕਾਰੀ ਵਿਭਚਾਰ ਦੇ ਅੱਡੇ ਤੇ ਛਾਪਾ ਮਾਰਦੇ ਤਾਂ ਉੱਥੇ ਮੌਜੂਦ ਸਾਰੇ ਲੋਕਾਂ ਦੇ ਨਾਮ, ਪਤੇ ਤੇ ਨੌਕਰੀ ਵਾਲ਼ੀ ਥਾਂ ਨੂੰ ਦਰਜ ਕਰ ਲੈਂਦੇ – ਭਾਵੇਂ ਇਹ ਅੱਡਾ ਮਕਾਨ, ਅਹਾਤੇ ਜਾਂ ਸਿਰਫ਼ ਹਨੇਰੀ ਗਲੀ ਦਾ ਕੋਨਾ ਹੀ ਕਿਉਂ ਨਾ ਹੋਵੇ। “ਗਾਹਕਾਂ” ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ, ਹਾਂ ਦੂਸਰੇ ਦਿਨ ਬਜ਼ਾਰ ਵਿੱਚ ਇੱਕ ਤੈਅ ਥਾਂ ਤੇ ਇੱਕ ਲੰਬੇ ਤਖ਼ਤੇ ਤੇ ਇਨਾਂ ਲੋਕਾਂ ਦੇ ਨਾਮ ਤੇ ਪਤੇ ਟੰਗ ਦਿੱਤੇ ਜਾਂਦੇ। ਇਹ ਤਖਤਾ ਕਈ ਦਿਨਾਂ ਤੱਕ ਉੱਥੇ ਟੰਗਿਆ ਰਹਿੰਦਾ ਸੀ। ਇਸ ਤਖਤੇ ਉੱਤੇ ਲਿਖਿਆ ਹੁੰਦਾ “ਔਰਤਾਂ ਦੇ ਸਰੀਰਾਂ ਨੂੰ ਖਰੀਦਣ ਵਾਲ਼ੇ”। ਇਹ ਤਖ਼ਤੇ ਵੱਡੀਆਂ ਬਿਲਡਿੰਗਾਂ ਤੇ ਮਿੱਲਾਂ ਦੇ ਬਾਹਰ ਲਟਕਦੇ ਰਹਿੰਦੇ। ਬਾਕੀ ਦੇਸ਼ਾਂ ਵਿੱਚ ਪੁਲਿਸ ਨੂੰ ਇਨਾਂ ਲੋਕਾਂ ਦੇ ਨਾਮ ਨੂੰ ਗੁਪਤ ਰੱਖਣਾ ਪੈਂਦਾ ਹੈ ਤੇ ਜੋ “ਵੱਡੇ ਆਦਮੀ” ਵਿਭਚਾਰ ਦੇ ਸੰਚਾਲਕ ਹੁੰਦੇ ਹਨ, ਪੁਲਿਸ ਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਉਨਾਂ ਦੀ ਇੱਜ਼ਤ ਨੂੰ ਦਾਗ ਨਾ ਲੱਗੇ। ਸੋਵੀਅਤ ਰੂਸ ਦੇ ਇਸ ਨਿਯਮ ਨੇ ਇਸ ਪਖੰਡ ਨੂੰ ਤੋੜ ਕੇ ਇਸ ਬਨਾਵਟੀ ਆਤਮ-ਸਨਮਾਨ ‘ਤੇ ਦਾਗ ਲੱਗਣ ਦੇ ਡਰ ਨੂੰ ਹੀ ਵਿਭਚਾਰ ਵਿਰੁੱਧ ਤਾਕਤਵਰ ਹਥਿਆਰ ਬਣਾ ਲਿਆ। ਉਹਨੇ ਇਸ “ਨਿੱਜੀ ਆਤਮ-ਸਨਮਾਨ” ਨੂੰ ਲੋਕਾਂ ਸਾਹਮਣੇ ਜਾਂਚ ਪੜਤਾਲ ਲਈ ਪੇਸ਼ ਕਰ ਦਿੱਤਾ। ਇਸ ਤਰਾਂ ਪਾਪ ਦੀ ਸਜ਼ਾ ਦੇਣ ਜਾਂ ਪਾਪੀ ਜੀਵਨ ਵਿਰੁੱਧ ਲੰਬੇ ਚੌੜੇ ਭਾਸ਼ਣ ਦੇਣ ਦੀ ਵਜਾਏ ਸੋਵੀਅਤ ਅਧਿਕਾਰੀਆਂ ਨੇ ਪੁਰਸ਼ ਦੁਆਰਾ ਲੁਕੇ-ਛਿਪੇ ਵਿਭਚਾਰ ਦੀ ਗੁੰਜਾਇਸ਼ ਹੀ ਖਤਮ ਕਰ ਦਿੱਤੀ। ਇਹ ਉਪਾਅ ਉਦੋਂ ਸਹੀ ਸਮੇਂ ਤੇ ਲਾਗੂ ਕੀਤਾ ਗਿਆ ਜਦੋਂ ਕਨੂੰਨ ਦੁਆਰਾ ਜਥੇਬੰਦ ਵਿਭਚਾਰ ਦੇ ਆਰਥਿਕ ਤੇ ਦੂਸਰੇ ਰੂਪਾਂ ਨੂੰ ਖਤਮ ਕਰ ਦਿੱਤਾ ਗਿਆ ਸੀ।
ਧਿਆਨ ਦੇਣ ਵਾਲ਼ੀ ਖਾਸ ਗੱਲ ਹੈ ਕਿ ਔਰਤਾਂ ਦਾ ਸਰੀਰ ਖਰੀਦਣ ਤੇ ਨਾ ਹੀ ਕਿਸੇ ਤੇ ਕੋਈ ਰੋਕ ਲਗਾਈ ਗਈ ਤੇ ਨਾ ਹੀ ਸਜ਼ਾ ਦੇਣ ਦੀ ਕੋਈ ਯੋਜਨਾ ਬਣਾਈ ਗਈ। ਬੱਸ ਇੰਨਾ ਹੀ ਪ੍ਰਚਾਰ ਕੀਤਾ ਗਿਆ ਕਿ ਨਵਾਂ ਸੋਵੀਅਤ ਰਾਜ ਅਜਿਹੇ ਕੰਮ ਨੂੰ ਅਨੈਤਿਕ ਮੰਨਦਾ ਹੈ। ਸਮਾਜ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਨਾਂ ਬਦਕਿਸਮਤ ਔਰਤਾਂ ਦੀ ਗਰੀਬੀ ਦਾ ਫਾਇਦਾ ਨਹੀਂ ਉਠਾਉਣਾ ਚਾਹੁੰਦੇ ਸਨ ਤੇ ਉਨਾਂ ਨੂੰ ਜਾਨਣ ਦਾ ਹੱਕ ਸੀ ਕਿ ਉਹ ਕੌਣ ਲੋਕ ਹਨ ਜੋ ਨਿੱਜੀ ਮਤਲਬ ਲਈ ਇਹ ਲੁੱਟ ਕਾਇਮ ਰੱਖਣ ‘ਤੇ ਤੁਲੇ ਹੋਏ ਸਨ।
ਜਿਸ ਸਮੇਂ ਉੱਪਰ ਦੱਸੇ ਕਨੂੰਨ ਲਾਗੂ ਕੀਤੇ ਜਾ ਰਹੇ ਸਨ ਉਸ ਸਮੇਂ ਦੇਸ਼ ਵਿੱਚ ਲੋਕਾਂ ਨੂੰ ਸਿੱਖਿਅਤ ਕਰਨ ਦੀ ਲਹਿਰ ਪੂਰੇ ਜੋਰਾਂ ਤੇ ਚੱਲ ਰਹੀ ਸੀ। ਇਸ ਸਬੰਧ ਵਿੱਚ ਰੂਸ ਦੇ ਨਾਟਕਘਰਾਂ ਨੇ ਜ਼ਿਕਰਯੋਗ ਭੂਮੀਕਾ ਨਿਭਾਈ। ਅਨੈਤਿਕਤਾ ਦੇ ਅਪਰਾਧੀ ‘ਤੇ ਮੁਕੱਦਮੇ ਦਾ ਇੱਕ ਨਾਟਕ ਤਿਆਰ ਕੀਤਾ ਗਿਆ। ਇਸ ਦਾ ਪਲਾਟ ਕੁਝ ਇਸ ਤਰਾਂ ਸੀ ਕਿ ਫੌਜ ਵਿਭਚਾਰ ਦੇ ਇੱਕ ਅੱਡੇ ਤੇ ਛਾਪਾ ਮਾਰਦੀ ਹੈ ਤੇ ਉੱਥੋਂ ਮਕਾਨ-ਮਾਲਕ, ਵੇਸਵਾ ਤੇ ਗਾਹਕ ਨੂੰ ਫੜ ਕੇ ਲੋਕਾਂ ਦੀ ਅਦਾਲਤ ਵਿੱਚ ਲਿਆਉਂਦੀ ਹੈ। ਸਾਰੇ ਸਬੂਤਾਂ ਦੇ ਅਧਾਰ ਤੇ ਮਕਾਨ-ਮਾਲਕ ਨੂੰ ਕੈਦ ਵਿੱਚ ਸੁੱਟ ਦਿੱਤਾ ਜਾਂਦਾ ਹੈ, ਔਰਤ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਤੇ ਗਾਹਕ ਤੇ ਕਿਸੇ ਔਰਤ ਦਾ ਮਾਨ-ਸਨਮਾਨ ਭੰਗ ਕਰਨ ਅਤੇ ਦੇਸ਼ ਦੇ ਨੈਤਿਕ ਗੌਰਵ ‘ਤੇ ਧੱਬਾ ਲਗਾਉਣ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਤੇ ਉਸ ਦਾ ਨਾਮ ਤਖ਼ਤੇ ‘ਤੇ ਲਿਖ ਕੇ ਜਨਤਕ ਥਾਂ ਤੇ ਲਟਕਾ ਦਿੱਤਾ ਜਾਂਦਾ ਹੈ। ਇਸ ਨਾਟਕ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਦਰਸ਼ਕਾਂ ਨੂੰ ਨਾਟਕ ਦੇਖ ਕੇ ਇਸ ਗੱਲ ਦਾ ਚੰਗੀ ਤਰਾਂ ਇਲਮ ਹੋ ਜਾਂਦਾ ਹੈ ਕਿ ਅੱਗੇ ਤੋਂ ਜੋ ਵੀ ਕੋਈ ਕਿਸੇ ਵੇਸਵਾ ਨਾਲ਼ ਫੜਿਆ ਗਿਆ ਉਸ ਦਾ ਨਾਮ “ਔਰਤਾਂ ਦਾ ਸਰੀਰ ਖਰੀਦਣ ਵਾਲ਼ਿਆਂ” ਦੀ ਸੂਚੀ ਵਿੱਚ ਟੰਗਿਆ ਮਿਲ਼ੇਗਾ।
ਅਨੈਤਿਕਤਾ ਵਿਰੁੱਧ ਘੋਲ ਦੀ ਸਫਲਤਾ ਤੋਂ ਬਾਅਦ ਅਗਲਾ ਹੱਲਾ ਸੈਕਸ-ਰੋਗਾਂ ਵਿਰੁੱਧ ਬੋਲਿਆ ਗਿਆ। ਕਿਉਂਕਿ ਇਹ ਰੋਗ, ਇਸ ਰੋਗ ਤੋਂ ਪੀੜਤ ਕਿਸੇ ਵੀ ਇਸਤਰੀ-ਪੁਰਸ਼ ਵਲੋਂ ਦੂਸਰੇ ਪੁਰਸ਼-ਇਸਤਰੀ ਨਾਲ ਸਰੀਰਕ ਸਬੰਧ ਬਣਾਉਣ ਤੋਂ ਫੈਲਦੇ ਹਨ ਇਸ ਲਈ ਇੱਕ ਕਨੂੰਨ ਪਾਸ ਕੀਤਾ ਗਿਆ ਜਿਸ ਅਨੁਸਾਰ ਸਿਫਲਸ, ਗਿਨੋਰਿਆ ਜਾਂ ਕੋਈ ਹੋਰ ਸੈਕਸ ਰੋਗ ਦੇ ਰੋਗੀ ਵਲੋਂ, ਇਹ ਜਾਣਦੇ ਹੋਏ ਵੀ ਕਿ ਉਹ ਇਹੋ ਜਿਹੇ ਕਿਸੇ ਰੋਗ ਤੋਂ ਪੀੜਤ ਹੈ, ਕਿਸੇ ਨਾਲ਼ ਸਰੀਰਕ ਸਬੰਧ ਬਨਾਉਣ ਨੂੰ ਇਕ ਅਪਰਾਧ ਮੰਨਿਆ ਗਿਆ। ਸੋਵੀਅਤ ਅਧਿਕਾਰੀ ਇਹ ਕਨੂੰਨ ਬਣਾ ਕੇ ਚੁੱਪ ਕਰਕੇ ਨਹੀਂ ਬੈਠ ਗਏ। ਉਨਾਂ ਨੇ ਸਾਰੇ ਦੇਸ਼ ਵਿੱਚ ਇਨਾਂ ਰੋਗਾਂ ਦੀ ਜਾਂਚ ਪੜਤਾਲ ਤੇ ਇਲਾਜ ਦੇ ਕੇਂਦਰਾਂ ਦਾ ਪ੍ਰਬੰਧ ਕੀਤਾ। ਸੈਕਸ ਰੋਗਾਂ ਤੋਂ ਪੀੜਿਤਾਂ ਦੇ ਇਲਾਜ ਵਿੱਚ ਇਨਾਂ ਕੇਂਦਰਾਂ ਨੂੰ ਜੋ ਹੈਰਾਨੀਜਨਕ ਸਫਲਤਾ ਮਿਲ਼ੀ ਉਹ ਸਰਮਾਏਦਾਰੀ ਮੁਲਕਾਂ ਦੇ ਮੂੰਹ ‘ਤੇ ਇੱਕ ਕਰਾਰੀ ਚਪੇੜ ਸੀ। ਇਸ ਦਾ ਸਿੱਧਾ ਤੇ ਸਪਸ਼ਟ ਕਾਰਨ ਸੀ ਕਿ ਇਹ ਹਸਪਤਾਲ ਵੀ ਵੇਸਵਾਗਮਨੀ ਤੇ ਵਿਭਚਾਰ ਵਿਰੁੱਧ ਘੋਲ ਦਾ ਅਨਿੱਖੜਵਾਂ ਅੰਗ ਬਣ ਗਏ।
ਲਹਿਰ ਦੇ ਸ਼ੁਰੂਆਤੀ ਦੌਰ ਵਿੱਚ ਵੱਡੇ-ਵੱਡੇ ਹਸਪਤਾਲਾਂ ਨੇ ਆਪਣਾ ਧਿਆਨ ਵੇਸਵਾਵਾਂ ‘ਤੇ ਕੇਂਦਰਤ ਕੀਤਾ। ਕਿਸੇ ਰੋਗੀ ਔਰਤ ਨੂੰ ਹਸਪਤਾਲ ਭਰਤੀ ਹੋਣ ਲਈ ਮਜ਼ਬੂਰ ਨਹੀਂ ਕੀਤਾ ਜਾਂਦਾ ਸੀ ਸਗੋਂ ਨਾਗਰਿਕਾਂ ਦੀ ਇਕ ਕਮੇਟੀ ਉਸ ਨੂੰ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਵਿੱਚ ਭਰਤੀ ਹੋਣ ਲਈ ਪ੍ਰੇਰਦੀ। ਅਗਲੀ ਸਮੱਸਿਆ ਜਿਸ ਤੋਂ ਡਾਕਟਰ ਤੇ ਵਿਗਿਆਨਕ ਚੰਗੀ ਤਰਾਂ ਵਾਕਫ਼ ਸਨ ਉਹ ਇਹ ਸੀ ਕਿ ਅਜਿਹੀ ਔਰਤ ਦਾ ਇਲਾਜ ਕਰਨ ਦਾ ਹੀ ਕੀ ਫ਼ਾਇਦਾ ਸੀ ਜੋ ਫ਼ਿਰ ਤੋਂ ਉਸ ਪੇਸ਼ੇ ਵਿੱਚ ਲੱਗ ਜਾਵੇ ਤੇ ਰੋਗੀ ਬਣ ਜਾਵੇ। ਇਸ ਸਮੱਸਿਆ ਦਾ ਹੱਲ ਵੀ ਲੱਭ ਲਿਆ ਗਿਆ। ਜਿਨਾਂ ਹਸਪਤਾਲਾਂ ਵਿੱਚ ਇਨਾਂ ਔਰਤਾਂ ਦਾ ਇਲਾਜ ਹੁੰਦਾ ਸੀ, ਉਸ ਵਿੱਚ ਨਵੇਂ ਬਦਲਾਅ ਕੀਤੇ ਗਏ। ਸੋਵੀਅਤ-ਅਧਿਕਾਰੀਆਂ ਨੇ ਇਨਾਂ ਹਸਪਤਾਲਾਂ ਨੂੰ ਟ੍ਰੇਨਿੰਗ ਸਕੂਲ ਤੇ ਕੰਮ-ਧੰਦੇ ਦਾ ਕੇਂਦਰ ਬਣਾ ਦਿੱਤਾ।
ਇਨਾਂ ਹਸਪਤਾਲਾਂ ਦਾ ਪਹਿਲਾ ਕੰਮ ਸੀ ਕਿ ਜੋ ਵੀ ਉੱਥੇ ਆਵੇ ਉਸ ਦਾ ਪੂਰਾ-ਪੂਰਾ ਇਲਾਜ ਹੋਵੇ। ਨਾਂ ਹੀ ਭਰਤੀ ਹੋਣ ਲਈ ਕਿਸੇ ਨੂੰ ਮਜ਼ਬੂਰ ਕੀਤਾ ਜਾਂਦਾ ਸੀ ਨਾਂ ਹੀ ਦਰਵਾਜਿਆਂ ‘ਤੇ ਪਹਿਰੇਦਾਰ ਬਿਠਾਏ ਜਾਂਦੇ ਸਨ। ਸੱਭ ਤੋਂ ਖਾਸ ਗੱਲ ਇਹ ਸੀ ਕਿ ਹਰ ਮਰੀਜ ਨੂੰ ਸਮਾਜ ਲਈ ਕੋਈ ਨਾ ਕੋਈ ਲਾਭਦਾਇਕ ਧੰਦਾ ਸਿਖਾਇਆ ਜਾਂਦਾ ਸੀ। ਇਲਾਜ ਦੌਰਾਨ ਮਰੀਜ ਕੰਮ-ਧੰਦਾ ਵੀ ਸਿੱਖਦਾ ਸੀ ਤੇ ਪੈਸੇ ਵੀ ਕਮਾਉਂਦਾ ਸੀ। ਇਸ ਦਾ ਅਸਰ ਉਨਾਂ ਦੇ ਦਿਮਾਗ ‘ਤੇ ਕੀ ਪੈਂਦਾ ਸੀ ਸੋਚਣਾ ਮੁਸ਼ਕਲ ਨਹੀਂ। ਔਰਤਾਂ ਨੂੰ ਨਾ ਤਾਂ ਸਰਮਾਏਦਾਰ ਦੇਸ਼ਾਂ ਵਾਂਗ ਸਜ਼ਾ ਦਿਤੀ ਜਾਂਦੀ ਸੀ ਤੇ ਨਾਂ ਹੀ ਧਾਰਮਿਕ ਗੁਰੂਆਂ ਦੀ ਤਰਾਂ ਲੰਬੇ-ਲੰਬੇ ਪ੍ਰਵਚਨ ਸੁਨਾਉਣ ਦਾ ਢੋਂਗ ਕੀਤਾ ਜਾਂਦਾ ਸੀ। ਬਹੁਤ ਸਾਰੇ ਮਰੀਜ ਵੇਸਵਾਵਾਂ ਨਹੀਂ ਸਨ ਸਗੋਂ ਉਹ ਲੜਕੀਆਂ ਸਨ ਜਿਨਾਂ ਨੂੰ ਜ਼ਾਰਸ਼ਾਹੀ ਜ਼ਮਾਨੇ ਵਿੱਚ ਕੰਮ ਨਹੀਂ ਮਿਲ਼ਿਆ ਸੀ।
ਇਨਾਂ ਮਰੀਜਾਂ ਵਿੱਚ ਕਾਫ਼ੀ ਵੱਡੀ ਗਿਣਤੀ ਉਨਾਂ ਔਰਤਾਂ ਦੀ ਸੀ ਜੋ ਰੋਗ ਘੱਟ ਹੋ ਜਾਣ ‘ਤੇ ਰਾਤ ਨੂੰ ਆਪਣੇ ਘਰ ਜਾ ਕੇ ਸੌਂਦੀਆਂ ਸਨ ਤੇ ਦਿਨ ਵੇਲੇ ਹਸਪਤਾਲ ਆ ਕੇ ਦਵਾਈ ਕਰਵਾਉਂਦੀਆਂ ਤੇ ਕੰਮ ਸਿੱਖਦੀਆਂ ਸਨ। “ਚੰਗੀਆਂ” ਤੇ “ਬੁਰੀਆਂ” ਔਰਤਾਂ ਨੂੰ ਅਲੱਗ-ਅਲੱਗ ਨਹੀਂ ਰੱਖਿਆ ਗਿਆ ਸੀ। ਯਤਨ ਇਹ ਕੀਤਾ ਗਿਆ ਸੀ ਕਿ ਉਹ ਆਪਣੇ ਆਪ ਨੂੰ ਸਮਾਜ ਵਿੱਚ ਹੇਠਲੇ ਦਰਜੇ ਦੀਆਂ ਨਾ ਸਮਝਣ।
ਬਹੁਤ ਜਲਦੀ ਹੀ ਇਹ ਹਸਪਤਾਲ ਬਹੁਤ ਹਰਮਨ ਪਿਆਰੀ ਥਾਂ ਤੇ ਜਥੇਬੰਦ ਵਿਭਚਾਰ ਵਿਰੁੱਧ ਘੋਲ ਦੇ ਕੇਂਦਰ ਬਣ ਗਏ। ਇਨਾਂ ਹਸਪਤਾਲਾਂ ਵਿੱਚ ਲੱਖਾਂ ਰੁਪਿਆਂ ਦਾ ਜਰੂਰਤ ਦਾ ਸਮਾਨ ਤਿਆਰ ਹੋਣ ਲੱਗਿਆ। ਮਹਿਲਾ-ਕਾਰਕੁੰਨਾਂ ਦੇ ਦੱਲ ਮੁਹੱਲਿਆਂ ਵਿੱਚ ਜਾਂਦੇ ਤੇ ਵੇਸਵਾਵਾਂ ਨੂੰ ਹਸਪਤਾਲਾਂ ਵਿੱਚ ਭਰਤੀ ਹੋਣ ਲਈ ਪ੍ਰੇਰਦੇ। ਇਸ ਸਬੰਧੀ ਜੋ ਵੀ ਪ੍ਰਚਾਰ ਕੀਤਾ ਗਿਆ ਉਸ ਵਿੱਚ ਵਿਗਿਆਨਕ ਵਿਧੀ ਅਪਣਾਈ ਗਈ ਕਿਉਂਕਿ ਉਹ ਸਵਾਲਨਾਮੇ ਦੇ ਜਵਾਬਾਂ ਤੇ ਅਧਾਰਿਤ ਹੋਣ ਕਰਕੇ ਸੱਚਾਈ ਨਾਲ਼ ਭਰਪੂਰ ਸੀ। ਇਸ ਲਈ ਇਸ ਦਾ ਅਸਰ ਬਹੁਤ ਜਲਦੀ ਹੁੰਦਾ ਤੇ ਸਾਰਥਿਕ ਸਿੱਟੇ ਨਿੱਕਲਦੇ।
ਕੀ ਇਹ ਹਸਪਤਾਲ ਇਨਾਂ ਰੋਗਾਂ ਨੂੰ ਖਤਮ ਕਰਨ ਵਿੱਚ ਸਫਲ ਹੋਏ? ਬੇਹੱਦ ਸਫ਼ਲ। ਇਸ ਬਾਰੇ ਅੰਕੜੇ ਮੂੰਹੋਂ ਬੋਲਦੇ ਹਨ। ਸੋਵੀਅਤ ਰੂਸ ਵਿੱਚ ਇਹ ਲਹਿਰ 1926 ਵਿੱਚ ਸ਼ੁਰੂ ਹੋਈ ਸੀ ਤੇ ਪੰਜ ਸਾਲ ਬਾਅਦ ਮਰੀਜਾਂ ਦੀ ਕਮੀ ਕਰਕੇ ਹਸਪਤਾਲਾਂ ਦੇ ਦਰਵਾਜੇ ਬੰਦ ਹੋਣ ਲੱਗੇ ਅਤੇ ਹੋਰ ਦੋ ਸਾਲ ਬਾਅਦ ਅੱਧੇ ਤੋਂ ਜ਼ਿਆਦਾ ਸੈਕਸ-ਰੋਗ ਵਿਰੋਧੀ ਕੇਦਰਾਂ ਦਾ ਪਤਾ ਟਿਕਾਣਾ ਨਾ ਰਿਹਾ। 1938 ਤੱਕ ਲਾਲ ਫੌਜ ‘ਤੇ ਲਾਲ ਜਹਾਜੀ ਬੇੜੇ ‘ਚੋਂ ਸਿਫਲਸ ਤੇ ਗਿਨੋਰੀਆ ਰੋਗ ਇਕਦਮ ਖਤਮ ਕਰ ਦਿੱਤੇ ਗਏ। ਸੋਵੀਅਤ ਨਾਗਰਿਕਾਂ ਵਿੱਚੋਂ ਇਨਾਂ ਰੋਗਾਂ ਨੂੰ ਲਗਭਗ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ। ਹੁਣ ਇਹ ਇਕ ਮਾਮੂਲੀ ਸਮੱਸਿਆ ਬਣ ਕੇ ਰਹਿ ਗਏ। ਸੈਕਸ-ਰੋਗ ਵਿਰੋਧੀ ਹਸਪਤਾਲ ਸਦਾ ਲਈ ਬੰਦ ਕਰ ਦਿਤੇ ਗਏ। ਵੇਸਵਾਗਮਨੀ ਦਾ ਨਾਮੋ-ਨਿਸ਼ਾਨ ਤੱਕ ਮਿਟਾ ਦਿੱਤਾ ਗਿਆ।
ਇਸ ਦੇ ਉਲਟ ਅਮਰੀਕਾ ਵਿੱਚ ਸਿਹਤ-ਅਧਿਕਾਰੀਆਂ ਨੇ ਕਾਫ਼ੀ ਮਾਣ ਨਾਲ਼ ਦੱਸਿਆ ਕਿ 1935 ਤੋਂ 1940 ਦੇ ਪੰਜ ਸਾਲਾਂ ਦੇ ਸਮੇਂ ਵਿੱਚ ਉੱਥੇ ਸੈਕਸ-ਰੋਗ ਵਿਰੋਧੀ ਦਵਾਈਆਂ ਦੀ ਵਰਤੋਂ ਦੁੱਗਣੀ ਹੋ ਗਈ। ਪਰ ਦੋ ਸਾਲ ਬਾਅਦ ਜਦੋਂ ਸੈਕਸ-ਰੋਗ ਵਿਰੋਧੀ ਲਹਿਰ ਹੋਰ ਤੇਜ਼ ਹੋਈ ਤੇ ਇਲਾਜ ਦੇ ਢੰਗਾਂ ਵਿੱਚ ਹੋਰ ਉਨਤੀ ਹੋਈ ਤਾਂ ਇਨਾਂ ਰੋਗਾਂ ਦੇ ਮਰੀਜਾਂ ਦੀ ਸੰਖਿਆ ਹੋਰ ਵਧ ਗਈ। ਇਸ ਦਾ ਮੁੱਖ ਕਾਰਨ ਇਹ ਸੀ ਕਿ ਸੋਵੀਅਤ ਰੂਸ ਦੇ ਉਲਟ ਸਰਮਾਏਦਾਰੀ ਦੇਸ਼ਾਂ ਵਿੱਚ ਵਿਭਚਾਰ ਤੇ ਸੈਕਸ-ਰੋਗਾਂ ਨੂੰ ਖਤਮ ਕਰਨ ਲਈ ਨਾ ਤਾਂ ਇਨਾਂ ਦੇਸ਼ਾਂ ਨੇ ਇਸ ਸਮਾਜਿਕ/ਸਿਆਸੀ ਬਿਮਾਰੀ ਦੇ ਕਾਰਨਾਂ ਦੀ ਜੜ ਫੜਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਇਸ ਨੂੰ ਦੂਰ ਕਰਨ ਲਈ ਵਿਗਿਆਨਕ ਤੌਰ ਤਰੀਕੇ ਅਪਣਾਏ। ਇਸ ਦਾ ਸਿੱਟਾ ਇਹ ਹੈ ਕਿ ਵੇਸਵਾਗਮਨੀ ਨੂੰ ਜੋ ਮਨੁੱਖਤਾ ਦੇ ਨਾਮ ਤੇ ਇੱਕ ਕਲੰਕ ਹੈ ਸਮਾਜਵਾਦੀ ਰੂਸ ਨੇ ਸਿਰਫ਼ 15 ਸਾਲ ਦੀ ਕੋਸ਼ਿਸ਼ ਬਾਅਦ ਮੁੱਢੋਂ ਹੀ ਖਤਮ ਕਰ ਦਿੱਤਾ ਜਦ ਕਿ ਸਰਮਾਏਦਾਰੀ ਆਪਣੀ ਲਗਭਗ 350 ਸਾਲ ਦੀ ਉਮਰ ਵਿੱਚ ਵੀ ਇਸ ਨੂੰ ਖਤਮ ਨਹੀਂ ਕਰ ਸਕੀ। ਸਿਤਮ-ਜ਼ਰੀਫੀ ਤਾਂ ਇਹ ਹੈ ਕਿ ਇਸ ਢਾਂਚੇ ਵਿੱਚ ਇਹ ਘਟਣ ਦੀ ਵਜਾਏ ਵਧ ਰਹੀ ਹੈ। ਇਹ ਇਕ ਸ਼ੀਸ਼ਾ ਹੈ ਜੋ ਉਨਾਂ ਲੋਕਾਂ ਲਈ ਹੈ ਜੋ ਸਮਾਜਵਾਦ ਨੂੰ ਪਾਣੀ ਪੀ-ਪੀ ਕੇ ਕੋਸਦੇ ਹਨ ਤੇ ਸਰਮਾਏਦਾਰੀ ਦੇ ਝੰਡਾ-ਬਰਦਾਰ ਹਨ। ਅਸਲ ਵਿੱਚ ਸਰਮਾਏਦਾਰੀ ਢਾਂਚੇ ਦੀ ਬੁਨਿਆਦ ਹੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ‘ਤੇ ਅਧਾਰਤ ਹੈ ਤੇ ਵੇਸਵਾਗਮਨੀ ਵੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦਾ ਹੀ ਇਕ ਰੂਪ ਹੋਣ ਕਰਕੇ, ਇਹ ਅਲਾਮਤ ਇਸ ਢਾਂਚੇ ਦੀ ਹੀ ਦੇਣ ਹੈ। ਇਸ ਦਾ ਮੂੰਹ ਬੋਲਦਾ ਸਬੂਤ ਸੋਵੀਅਤ ਰੂਸ ਤੇ ਦੂਸਰੇ ਸਮਾਜਵਾਦੀ ਦੇਸ਼ਾਂ ਵਿੱਚ ਸਰਮਾਏਦਾਰੀ ਦੀ ਮੁੜ ਬਹਾਲੀ ਤੋਂ ਬਾਅਦ ਵੇਸਵਾਗਮਨੀ ਦਾ ਇਨਾਂ ਦੇਸ਼ਾਂ ਵਿੱਚ ਮੁੜ ਪੈਦਾ ਹੋ ਜਾਣਾ ਹੈ।
(ਕੈਨੇਡੀਅਨ ਲੇਖਕ ਡਾਈਸਨ ਕਾਰਟਰ ਦੀ ਕਿਤਾਬ “ਪਾਪ ਅਤੇ ਵਿਗਿਆਨ” ਵਿੱਚੋਂ)
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 13, 16 ਅਗਸਤ 2017 ਵਿੱਚ ਪ੍ਰਕਾਸ਼ਿਤ