ਸੁਲਤਾਨਪੁਰ ਲੋਧੀ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ `ਚ ਸਿੱਖ ਧਰਮ ਅਤੇ ਕੌਮ ਬਾਰੇ ਇੱਕ ਪੁਸਤਕ ‘ਵੀ ਦਿ ਸਿੱਖਸ` (ਅਸੀਂ ਸਿੱਖ) ਰਿਲੀਜ਼ ਕੀਤੀ। ਇਹ ਪੁਸਤਕ-ਰਿਲੀਜ਼ ਸਮਾਰੋਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਜ 549ਵੇਂ ਪ੍ਰਕਾਸ਼ ਪੁਰਬ ਅਤੇ ਅਗਲੇ ਵਰ੍ਹੇ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੀ ਸ਼ੁਰੂਆਤ ਮੌਕੇ ਰੱਖਿਆ ਗਿਆ ਸੀ।
ਸਾਬਕਾ ਕ੍ਰਿਕੇਟ ਸਟਾਰ ਕਪਿਲ ਦੇਵ ਤੇ ਅਜੇ ਸੇਠੀ ਨੇ ਮਿਲ ਕੇ ਇਸ ਪੁਸਤਕ ਦਾ ਸੰਪਾਦਨ ਕੀਤਾ ਹੈ। ਇਸ ਪੁਸਤਕ ਵਿੱਚ ਸਿੱਖ ਧਰਮ ਨਾਲ ਸਬੰਧਤ ਦੁਰਲੱਭ ਕਿਸਮ ਦੀਆਂ ਪੇਂਟਿੰਗਜ਼ ਅਤੇ ਅਜਿਹੀਆਂ ਤਸਵੀਰਾਂ ਮੌਜੂਦ ਹਨ, ਜਿਹੜੀਆਂ ਪਹਿਲਾਂ ਕਦੇ ਕਿਤੇ ਪ੍ਰਕਾਸਿ਼ਤ ਨਹੀਂ ਹੋਈਆਂ।
ਸ੍ਰੀ ਕਪਿਲ ਦੇਵ ਨੇ ਕਿਹਾ ਕਿ ਭਾਰਤ ਦੇ ਗੁਰਦੁਆਰਾ ਸਾਹਿਬਾਨ ਬਾਰੇ ਇਹ ਆਪਣੀ ਕਿਸਮ ਦੀ ਪਹਿਲੀ ਕਿਤਾਬ ਹੈ। ਇਸ ਵਿੱਚ ਚਿੱਤਰ ਹੀ ਚਿੱਤਰ ਹਨ, ਸਿੱਖਾਂ ਅਤੇ ਉਨ੍ਹਾਂ ਦੇ ਗੁਰੂਘਰਾਂ ਦੀ ਕਹਾਣੀ ਹੈ। ਅੱਜ ਦੇ ਮੁੱਖ ਸਮਾਰੋਹ ਦੌਰਾਨ ਸ੍ਰੀ ਕਪਿਲ ਦੇਵ ਨੇ ਇਸ ਕੀਮਤੀ ਪੁਸਤਕ ਦੀ ਇੱਕ ਕਾਪੀ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਟ ਕੀਤੀ।
ਸ੍ਰੀ ਕਪਿਲ ਦੇਵ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਪੁਸਤਕ ਵਿੱਚ ਇਤਿਹਾਸਕਾਰਾਂ ਦੇ ਖੋਜ-ਭਰਪੂਰ ਲੇਖ ਮੌਜੂਦ ਹਨ। ਚੋਟੀ ਦੇ ਫ਼ੋਟੋਗ੍ਰਾਫ਼ਰਾਂ ਦੀਆਂ ਖਿੱਚੀਆਂ ਤਸਵੀਰਾਂ ਇਸ ਵਿੱਚ ਮੌਜੂਦ ਹਨ। ਇਸ ਵਿੱਚ ਭਾਰਤ ਤੋਂ ਲੈ ਕੇ ਅਮਰੀਕਾ ਤੇ ਲੰਦਨ ਤੱਕ ਦੇ ਵਿਸ਼ਵ ਦੇ ਦੂਰ-ਦੁਰਾਡੇ ਸਥਿਤ 100 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ ਹਨ।
ਇਸ ਦੇ ਤਿੰਨ ਭਾਗ ਹਨ: ਪਹਿਲਾ ਭਾਗ 10 ਗੁਰੂ ਸਾਹਿਬਾਨ ਬਾਰੇ ਹੈ, ਫਿਰ ਇਤਿਹਾਸ ਅਤੇ ਇਤਿਹਾਸਕ ਤੇ ਸਭਿਆਚਾਰਕ ਅਹਿਮੀਅਤ ਵਾਲੀਆਂ ਵਸਤਾਂ ਤੇ ਗੁਰੂਘਰਾਂ ਬਾਰੇ ਵੇਰਵੇ ਤੇ ਤਸਵੀਰਾਂ ਮੌਜੂਦ ਹਨ। ਇਸ ਕਿਤਾਬ ਦੀ ਕੀਮਤ 100 ਡਾਲਰ ਭਾਵ 7,000 ਰੁਪਏ ਤੋਂ ਵੱਧ ਹੈ। ਇਹ ਕਿਤਾਬ ਇੱਕ ਹਫ਼ਤੇ ਅੰਦਰ ਪਾਠਕਾਂ ਲਈ ਉਪਲਬਧ ਹੋ ਜਾਵੇਗੀ।
ਸ੍ਰੀ ਕਪਿਲ ਦੇਵ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੁਸਤਕ ਤਿਆਰ ਕਰਨ ਦੀ ਪ੍ਰੇਰਨਾ ਉਦੋਂ ਮਿਲੀ, ਜਦੋਂ ਉਨ੍ਹਾਂ ਪਾਕਿਸਤਾਨ `ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਦ ਹੀ ਵਿਸ਼ਵ ਦੇ ਗੁਰੂਘਰਾਂ ਦੇ ਵੇਰਵੇ ਇੱਕ ਥਾਂ ਇਕੱਠੇ ਕਰ ਕੇ ਛਾਪਣ ਦਾ ਫ਼ੈਸਲਾ ਕਰ ਲਿਆ ਸੀ।