ਇਸਤਰੀ ਮਕਾਨ ਨੂੰ ਘਰ ਬਣਾ ਦਿੰਦੀ ਹੈ,
ਬੱਚੇ ਘਰ ਵਿਚ ਰੌਣਕ ਲਾ ਦਿੰਦੇ ਹਨ,
ਪੁਸਤਕਾਂ ਘਰ ਨੂੰ ਨਿੱਘਾ ਬਣਾ ਦਿੰਦੀਆਂ ਹਨ।
ਕੁੱਝ ਕਿਤਾਬਾਂ ਮਹਾਂਪੁਰਸ਼ਾਂ ਦੀ ਯਾਦ ਦਿਵਾਉਂਦੀਆਂ, ਵੱਡੇ ਪੁਰਖਿਆਂ-ਬਜ਼ੁਰਗਾਂ ਵਰਗੀਆਂ ਹੁੰਦੀਆਂ ਹਨ, ਸਤਿਕਾਰ ਨਾਲ ਰੱਖੀਆਂ ਹੋਈਆਂ।
ਕੁਝ ਕਿਤਾਬਾਂ ਦਾਦੇ-ਦਾਦੀ, ਨਾਨਾ-ਨਾਨੀ ਦੀ ਗੋਦੀ ਵਰਗੀਆਂ ਹੁੰਦੀਆਂ ਹਨ, ਜਿਹੜੀਆਂ ਹਰ ਵਾਰੀ ਮੋਹ-ਪਿਆਰ ਦਾ ਹੁਲਾਰਾ ਦਿੰਦੀਆਂ ਹਨ ਤੇ ਵਾਰ ਵਾਰ ਪੜ੍ਹੀਆਂ ਜਾਂਦੀਆਂ ਹਨ।
ਕੁਝ ਕਿਤਾਬਾਂ ਮਾਪਿਆਂ ਵਰਗੀਆਂ ਹੁੰਦੀਆਂ ਜਿੰਨ੍ਹਾਂ ਜ਼ਿੰਦਗ਼ੀ ਦੇ ਸਬਕ ਸਿਖਾਏ ਹੁੰਦੇ ਹਨ।
ਕੁਝ ਪੁਸਤਕਾਂ ਪਿਆਰੇ ਅਧਿਆਪਕਾਂ ਵਰਗੀਆਂ ਹੁੰਦੀਆਂ ਜਿਹੜੀਆਂ ਰਸਤਾ ਵਿਖਾਉਂਦੀਆਂ ਤੇ ਮੰਜ਼ਿਲ ਵੱਲ ਸੰਕੇਤ ਕਰਦੀਆਂ ਹਨ।
ਕੁਝ ਪੁਸਤਕਾਂ ਮਿੱਤਰਾਂ-ਸਹੇਲੀਆਂ ਜਿਹੀਆਂ ਹੁੰਦੀਆਂ ਹਨ, ਜਿੰਨ੍ਹਾਂ ਨਾਲ ਮੌਜਾਂ ਮਾਣੀਆਂ ਹੁੰਦੀਆਂ, ਸ਼ਰਾਰਤਾਂ ਕੀਤੀਆਂ ਹੁੰਦੀਆਂ ਹਨ।
ਕੁਝ ਪੁਸਤਕਾਂ ਪ੍ਰੇਮਿਕਾਵਾਂ ਵਰਗੀਆਂ ਹੁੰਦੀਆਂ, ਜਿੰਨ੍ਹਾਂ ਨੂੰ ਲੁਕ ਕੇ, ਲੁਕੋ ਕੇ, ਅਨੇਕਾਂ ਵਾਰ ਪੜ੍ਹਿਆ ਹੁੰਦਾ ਹੈ।
ਕੁਝ ਪਸਤਕਾਂ ਉਹਨਾਂ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਸਾਂਝ ਪਾਉਣੀ ਚਾਹੀ ਸੀ, ਪਿਆਰ ਕਰਨਾ ਚਾਹਿਆ ਸੀ, ਪਰ ਸਫਲਤਾ ਨਹੀਂ ਮਿਲੀ ਵਕਤ ਹੀ ਨਹੀਂ ਮਿਲਿਆ।
ਇਹ ਹੁੰਦੀਆਂ ਤਾਂ ਹਨ ਪਰ ਇਹਨਾਂ ਨੂੰ ਖੋਲ੍ਹਿਆ ਹੀ ਨਹੀਂ ਗਿਆ ਹੁੰਦਾ।
ਕੁਝ ਕਿਤਾਬਾਂ ਉਹ ਹੁੰਦੀਆਂ, ਜਿੰਨ੍ਹਾਂ ਨੂੰ ਵੇਖਣ ਦੀ ਹੀ ਤਸੱਲੀ ਮਿਲੀ ਸੀ,
ਖਰੀਦੀਆਂ ਆਪ ਹੁਦੀਆਂ ਹਨ, ਪਰ ਕੋਈ ਲੈ ਜਾਂਦਾ ਹੈ,
ਮੁੜਦੀਆਂ ਨਹੀਂ ਬੇਗਾਨੀਆਂ ਹੋ ਜਾਂਦੀਆਂ ਹਨ।
ਮੰਗਣੀ ਸਾਡੇ ਨਾਲ ਹੁੰਦੀ ਹੈ, ਵਿਆਹ ਕੋਈ ਹੋਰ ਕਰਵਾ ਜਾਂਦਾ ਹੈ।
ਕਈ ਪੁਸਤਕਾਂ ਪ੍ਰੇਮੀ-ਪ੍ਰੇਮਿਕਾਵਾਂ ਵਾਂਗ ਵਿਛੜ ਜਾਂਦੀਆਂ ਹਨ, ਹਮੇਸ਼ਾ ਲਈ।
–
ਨਰਿੰਦਰ ਸਿੰਘ ਕਪੂਰ ਦੀ ਕਿਤਾਬ ” ਖਿੜਕੀਆਂ ਵਿਚੋਂ “