*ਜਿੰਦਗੀ ਜਿਉਣ ਦਾ ਸਹੀ ਤਰੀਕਾ*
ਜਿੰਦਗੀ ਜੇ ਇਕੋ ਰਫਤਾਰ ਨਾਲ ਸਿੱਧੀ ਚੱਲੇ ਤਾਂ ਉਹ ਜਿੰਦਗੀ ਨਹੀਂ ਸਗੋਂ ਇਨਸਾਨ ਮੌਤ ਵੱਲ ਸਿੱਧਾ ਚੱਲੀ ਜਾ ਰਿਹਾ, ਉਹ ਵੀ ਕੁੱਝ ਨਵਾਂ ਸਿਖੇ ਬਿਨਾਂ। ਇਹੀ ਜਿੰਦਗੀ ਜੇਕਰ ਟੇਡੀ-ਵਿੰਗੀ, ਕਦੇ ਤੇਜ ਕਦੇ ਮਧਮ ਰਫਤਾਰ ਨਾਲ, ਉਬੜ ਖਾਬੜ ਰਾਹਾਂ, ਚਨੌਤੀਆਂ ਤੇ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਚੱਲੇ ਤਾਂ ਇਨਸਾਨ ਅਸਲ ਵਿਚ ਜਿੰਦਗੀ ਜਿਉਂਦਾ ਹੈ। ਬਸ ਇਹੀ ਜਿੰਦਗੀ ਜਿਉਣ ਦਾ ਸਹੀ ਤਰੀਕਾ ਹੈ। ਜਿੰਦਗੀ ਵਿਚ ਕਈ ਲੋਕਾਂ ਨੂੰ ਮਿਲ ਕੇ, ਕੁਝ ਪਲਾਂ ਜਾਂ ਸਮੇਂ ਵਿਚ ਹੀ ਸਾਨੂੰ ਅਧੂਰੇ ਤੋਂ ਪੂਰੇ ਹੋਣ ਦਾ ਅਹਿਸਾਸ ਹੁੰਦਾ ਹੈ, ਇਸੇ ਤਰ੍ਹਾਂ ਕਈ ਲੋਕਾਂ ਤੋਂ ਵਿਛੜ ਕੇ ਪੂਰੇ ਤੋਂ ਅਧੂਰੇ ਹੋਣ ਦਾ ਅਹਿਸਾਸ ਹੁੰਦਾ ਹੈ। ਅਸਲ ਵਿਚ ਜਿੰਦਗੀ ਦਾ ਇਹੀ ਅਹਿਸਾਸ ਇਨਸਾਨ ਦੇ ਜੀਵਨ ਦੀ ਜਿੱਤਾਂ ਤੇ ਹਾਰਾਂ ਦੀ ਬੁਨਿਆਦ ਬਣਦਾ ਹੈ। ਜਿੰਦਗੀ ਵਿਚ ਹਰ ਵੇਲੇ ਗੰਭੀਰ ਨਹੀਂ ਰਹਿਣਾ ਚਾਹੀਦਾ ਸਗੋਂ ਹੱਸਣ ਦੇ ਮੌਕੇ ਨਹੀਂ ਗੁਆਉਣੇ ਚਾਹੀਦੇ, ਅਜਿਹਾ ਕਰਨ ਨਾਲ ਭਾਵੇਂ ਸਾਡੀ ਜਿੰਦਗੀ ਦੇ ਸਾਲ ਨਹੀਂ ਵਧਦੇ ਪਰ ਜਿੰਦਗੀ ਦੀ ਖੂਬਸੂਰਤ ਯਾਦਾਂ ਦੇ ਖਜਾਨੇ ਜਰੂਰ ਵੱਧ ਜਾਂਦੇ ਹਨ। ਹਰ ਇਨਸਾਨ ਜਿੰਦਗੀ ਵਿਚ ਕਈ ਗਲਤੀਆਂ ਕਰਦਾ ਹੈ ਪਰ ਜੋ ਇਨ੍ਹਾਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਦਾ ਹੈ, ਉਹੀ ਸਫਲ ਹੁੰਦਾ ਹੈ। ਜਿੰਦਗੀ ਵਿਚ ਅਸੀਂ ਕਈ ਵਾਰ ਹਾਰ ਦੇ ਹਾਂ ਤੇ ਅਣਗਿਣਤ ਵਾਰ ਅਸਫਲ ਵੀ ਹੁੰਦੇ ਹਾਂ, ਸਾਡੇ ਨਾਲ ਵਧੀਕੀਆਂ ਵੀ ਹੁੰਦੀਆਂ ਹਨ ਤੇ ਧੋਖੇ ਤਾਂ ਕਈ ਵਾਰ ਹੁੰਦੇ ਹਨ, ਉਹ ਵੀ ਉਨ੍ਹਾਂ ਇਨਸਾਨਾਂ ਵਲੋਂ ਜੋ ਸਾਡੇ ਦਿਲ ਦੇ ਸਭ ਤੋਂ ਵੱਧ ਨਜਦੀਕ ਹੁੰਦੇ ਹਨ, ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਜੋ ਇਨਸਾਨ ਟੁੱਟਦਾ ਨਹੀਂ ਸਗੋਂ ਸੋਚਦਾ ਹੈ ਕਿ ਅੱਗੇ ਵੇਖਦਾ ਹਾਂ ਕੀ ਹੋਵੇਗਾ ਜਿੰਦਗੀ ਵਿਚ ਮੇਰੇ ਨਾਲ, ਉਹੀ ਅਸਲ ਵਿਚ ਜਿੰਦਗੀ ਜੀ ਰਿਹਾ ਹੈ ਬਾਕੀ ਸਭ ਤਾਂ ਸਿਰਫ ਸਮਾਂ ਲੰਘਾ ਰਹੇ ਹਨ। ਲੋਕ ਜਿੰਦਗੀ ਵਿੱਚ ਹਜਾਰਾਂ ਗਲਤੀਆਂ ਕਰਦੇ ਹਨ , ਵੱਡੀ ਗਿਣਤੀ ਵਿਚ ਲੋਕ ਗਲਤੀਆਂ ਤੋਂ ਸਬਕ ਲੈਣ ਦੀ ਥਾਂ ਹਿੰਮਤ ਹਾਰ ਕੇ ਆਪਣੀ ਜਿੰਦਗੀ ਨੂੰ ਉਸੇ ਜਗ੍ਹਾ ਤੇ ਰੋਕ ਲੈਂਦੇ ਹਨ, ਕਦੇ ਅੱਗੇ ਨਹੀਂ ਵੱਧ ਪਾਉਂਦੇ। ਇਸ ਦੇ ਉਲਟ ਹੌਸਲੇ ਵਾਲੇ ਲੋਕ ਜਿੰਦਗੀ ਦੀ ਗਲਤੀਆਂ ਤੋਂ ਸਬਕ ਲੈ ਕੇ ਜਿੰਦਗੀ ਵਿੱਚ ਅੱਗੇ ਵਧਣ ਲੱਗਦੇ ਹਨ ਤੇ ਆਪਣੇ ਜੀਵਨ ਨੂੰ ਸਫਲਤਾ ਵੱਲ ਲੈ ਜਾਂਦੇ ਹਨ। ਜਿੰਦਗੀ ਵਿੱਚ ਕਿਸੇ ਇਨਸਾਨ ਜਾਂ ਵਸਤੂ ਦੇ ਖੋਹਣ ਦਾ ਜੇਕਰ ਸਹੀ ਢੰਗ ਨਾਲ ਪਛਤਾਵਾ ਕੀਤਾ ਜਾਵੇ ਤਾਂ ਉਸ ਪਛਤਾਵੇ ਦਾ ਆਉਣ ਵਾਲੀ ਜਿੰਦਗੀ ਵਿੱਚ ਲਾਭ ਹੁੰਦਾ ਹੈ ਤੇ ਫੈਸਲੇ ਵਧੇਰੇ ਲਾਭਦਾਇਕ ਤੇ ਤਰਕਸ਼ੀਲ ਹੋਣ ਲਗ ਜਾਂਦੇ ਹਨ। ਕਈ ਵਾਰ ਜਦੋਂ ਕੋਈ ਸਾਨੂੰ ਮੂਰਖ ਬਣਾਉਣ ਦਾ ਯਤਨ ਕਰ ਰਿਹਾ ਹੋਵੇ, ਉਥੇ ਜਿਆਦਾ ਸਿਆਣੇ ਹੋਣ ਦੀ ਜਿੰਦ ਕੰਮ ਨਹੀਂ ਆਵੇਗੀ, ਸਗੋਂ ਉਥੇ ਮੂਰਖ ਬਣਕੇ ਦੂਜੇ ਨੂੰ ਆਪਣੀ ਨਜ਼ਰਾਂ ਤੋਂ ਢਿੱਗਦੇ ਵੇਖਣ ਦਾ ਮਜਾ ਲਵੋ। ਜਿੰਦਗੀ ਵਿੱਚ ਕਦੇ ਵੀ ਪੂਰੀ ਤਰ੍ਹਾਂ ਨਿਸ਼ਚਿੰਤ ਨਾ ਹੋਵੋ, ਆਦਮੀ ਉਸ ਤੋਂ ਹੀ ਧੌਖਾ ਖਾਉੰਦਾ ਹੈ ਜਿਸ ਤੋਂ ਧੌਖੇ ਦੀ ਉਮੀਂਦ ਨਾ ਹੋਵੇ। ਇਸ ਲਈ ਕੰਮ, ਘਰ, ਪਿਆਰ, ਦੋਸਤੀ, ਸਾਂਝੇਦਾਰੀ ਆਦਿ ਵਿਚ ਹਮੇਸ਼ਾ ਸਾਵਧਾਨ ਰਹੋ। ਜਿੰਦਗੀ ਦੇ ਅਣਗਿਣਤ ਮੋੜ ਕੱਟਣ ਉਪਰੰਤ ਹੀ ਇਨਸਾਨ ਨੂੰ ਇਹ ਸੋਝੀ ਆਉਂਦੀ ਹੈ ਕਿ ਕਿਸੇ ਦਾ ਹੱਥ ਫੜਨ ਅਤੇ ਕਿਸੇ ਨੂੰ ਹੱਥ ਫੜਾਉਣ ਵਿਚ ਬਹੁਤ ਵੱਡਾ ਅੰਤਰ ਹੈ। ਪਿਆਰ ਨਾਲ ਕਿਸੇ ਅੱਗੇ ਆਪ ਮੁਹਾਰੇ ਝੁਕਣ ਅਤੇ ਜ਼ੋਰ ਨਾਲ ਕਿਸੇ ਨੂੰ ਆਪਣੇ ਅੱਗੇ ਝੁਕਾਉਣ ਵਿਚ ਬੜਾ ਅੰਤਰ ਹੈ।ਪਿਆਰ ਵਿਚ ਧੌਖਾ ਖਾਇਆ ਇਕੱਲਾ ਰਹਿ ਗਿਆ ਵਿਅਕਤੀ ਅਕਸਰ ਮੌਤ ਦੇ ਪੱਖ ਵਿਚ ਖਲੋ ਜਾਂਦਾ ਹੈ, ਮੌਤ ਤੋਂ ਉਸ ਨੂੰ ਡਰ ਨਹੀਂ ਲੱਗਦਾ ਸਗੋਂ ਮੌਤ ਨੂੰ ਮਿਲਣ ਦੀ ਤਾਂਘ ਹੁੰਦੀ ਹੈ ਮਨ ਵਿਚ। ਜਿੰਦਗੀ ਵਿੱਚ ਇਕ ਹੀ ਮੁਸੀਬਤ ਹਰ ਕਿਸੇ ਤੇ ਇਕੋ ਜਿਹਾ ਅਸਰ ਨਹੀਂ ਕਰਦੀ, ਇਹ ਸਾਡੇ ਆਪਣੇ ਉਤੇ ਨਿਰਭਰ ਕਰਦਾ ਹੈ ਕਿ ਸਾਡੇ ਉਤੇ ਮੁਸੀਬਤ ਕੀ ਅਸਰ ਪਾਵੇਗੀ। ਜੇਕਰ ਤੁਸੀਂ ਸਖਤ ਹੋ ਤਾਂ ਨਰਮ ਹੋ ਜਾਵੇ, ਜੇਕਰ ਕੋਈ ਵੀ ਤਰਕੀਬ ਸਮਝ ਨਹੀਂ ਆ ਰਹੀ ਤਾਂ ਮੁਸੀਬਤ ਵਿਚ ਘੁਲਮਿਲ ਜਾਵੋ। ਸੋ ਜਿੰਦਗੀ ਨੂੰ ਜੇਕਰ ਸਹੀ ਤਰੀਕੇ ਨਾਲ ਜੀਣਾ ਹੈ ਤਾਂ… ਹਿੰਮਤ ਕਰੋ, ਮਿਹਨਤ ਨਾਲ ਅੱਗੇ ਵਧੋ, ਔਖੇ ਕੰਮ ਕਰੋ, ਸੌਖੇ ਹੋਰ ਕਰ ਲੈਣਗੇ।
ਨੀਰਜ ਯਾਦਵ, 8728000221.