Site icon Unlock the treasure of Punjabi Language, Culture & History with Punjabi Library – where every page tells a story.

ਤਸਵੀਰ

ਮਾਂ ਨੇ ਹੱਸਦਿਆਂ ਕਹਿਣਾਂ, ਮੈਂ ਤਾਂ ਉੱਚੀ ਲੰਮੀਂ ਕਰਤਾਰੋ ਅੰਬੋ ਦੀ ਨੁੰਹ ਵਰਗੀ ਨੂੰਹ ਲੈ ਕੇ ਆਊਂਗੀ,ਉਹਨੇ ਹੱਸ ਕੇ ਕਹਿ ਦੇਣਾਂ ਮਾਂ ਐਨਾ ਨੁੰਹ ਨੁੰਹ ਨਾ ਕਰਿਆ ਕਰ ਕੀ ਪਤਾ,ਕੀ ਪਤਾ ਤੇਰੇ ਪੁੱਤ ਦਾ ਆ ਵਿਆਹ ਵਿਹੁ ਜੇ ਕਰਾਉਂਣ ਨੂੰ ਚਿੱਤ ਰਾਜ਼ੀ ਹੀ ਨਾ ਹੋਵੇ, ਜਾਂ ਜੇ ਆਪੈ ਊਪੈ ਕਰਵਾ ਲਿਆ ਫ਼ੇਰ ਵੇਖਦੀ ਰਹਿਵੀਂ ਡੋਲਾ ਵਾਰਨ ਦੇ ਖ਼ਾਬ , ਮੈਂ ਨੇ ਕਹਿਣਾ ਫ਼ੇਰ ਜੁੱਤੀ ਆ ਮੇਰੇ ਪੈਰ ਵਿਚ,,, ਉਨੀਂਵਾਂ ਉਤਰ ਕੇ ਸੁਖ ਨਾਲ਼ ਵੀਹਵਾਂ ਲੱਗ ਜਾਣਾਂ ਸੀ ਅਗਲੇ ਮਹੀਨੇ,,,, ਪਰ ਚੰਦਰਾ ਪਤਾ ਹੀ ਨਹੀਂ ਲੱਗਾ ਕਿੱਧਰ ਹਵਾ ਹੋ ਗਿਆ,,,,ਆਸ ਪਾਸ ਚੱਪਾ ਚੱਪਾ ਛਾਂਟ ਮਾਰਿਆ ਪਰ ਉਸ ਝੱਲੇ ਦੀ ਕੋਈ ਉਘ ਸੁਘ ਨਾ ਮਿਲ਼ੀ, ਮਾਂ ਬੀਤੇ ਸਮੇਂ ਵਿੱਚ ਕਹੀਆਂ ਉਸਦੀਆਂ ਹੱਸ ਕੇ ਗੱਲਾਂ ਯਾਦ ਕਰਦੀ ਰੋ ਪੈਂਦੀ ਤੇ ਕਹਿੰਦੀ ਚੰਦਰਾ ਸੱਚ ਹੀ ਕਹਿੰਦਾ ਸੀ ਕਿ ਮਾਏਂ ਪਤਾ ਨਹੀਂ ਕਦੋਂ ਤੇਰੀਆਂ ਹੱਸ ਹੱਸ ਕੇ ਕਹੀਆਂ ਗੱਲਾਂ ਨੇ, ਤੇਰੇ ਪੁੱਤ ਨੂੰ ਸਾਧ ਬਣਾ ਦੇਣਾ ਹੈ।

ਉਹਦਾ ਬਾਪੂ ਤਾਂ ਪਿਛਲੇ ਸਾਲ ਪੂਰਾ ਹੋ ਗਿਆ ਤੇ ਭੈਣਾਂ ਵਿਆਹ ਕੇ ਆਪੋ ਆਪਣੇ ਘਰ ਚੱਲੀਆਂ ਗਈਆਂ, ਮਾਂ ਕਦੇ ਦੋ ਮਹੀਨੇ ਕਿਸੇ ਕੁੜੀ ਕੋਲ਼ ਚੱਲੀ ਜਾਂਦੀ ਤੇ ਕਦੇ ਦੋ ਮਹੀਨੇ ਕਿਸੇ ਕੁੜੀ ਕੋਲ਼, ਜਦ ਕਦੀਂ ਜ਼ਿਆਦਾ ਹੀ ਲੀਕ ਜਿਹੀ ਉੱਠਦੀ ਅੰਦਰ,ਵਿਚਦੀ ਦੋ ਚਾਰ ਦਿਨ ਪਿੰਡ ਵੀ ਲਾ ਜਾਂਦੀ । ਭਲਾਂ ਤਾਏ ਚਾਚਿਆਂ ਨਾਲ ਕਾਹਦੀਆਂ ਸਕੀਰੀਆਂ ਹੁੰਦੀਆਂ ਨਾਲ਼ੇ ਸ਼ਰੀਕ ਤਾਂ ਜੇ ਚੱਜਦਾ ਹੋਵੇ ਤਾਂ ਹੀ ਸੋਭਦਾ, ਇਹਨਾਂ ਦੀ ਤਾਂ ਪਹਿਲਾਂ ਹੀ ਪੀੜੀਆਂ ਤੋਂ ਦੁਸ਼ਮਣੀ ਚੱਲੀ ਆਉਂਦੀ ਸੀ। ਵਿੱਚ ਤਾਂ ਪਿੰਡ ਦੇ ਕਈ ਬੰਦਿਆਂ ਦਾ ਕਹਿਣਾਂ ਸੀ ਕਿ ਭਾਈ ਨਾਜਰ ਸਿਉਂ ਦੇ ਮੁੰਡੇ ਨੂੰ ਇਹਨਾਂ ਦੇ ਹੀ ਸ਼ਰੀਕੇ ਕਬੀਲੇ ਨੇ ਹੀ ਚੱਕਵਾ ਚਿਕਵੂ ਦਿੱਤਾ ਹੈ।

ਖ਼ਾਸੇ ਦਿਨ ਪਹਿਲਾਂ ਇੱਕ ਜੋਗੀ ਆਇਆ, ਨੀਲੇ ਕੇ ਘਰਦੇ ਬਾਰ ਅੱਗੇ ਖਲੋ ਗਿਆ ਤੇ ਹਾਕ ਮਾਰਨ ਲੱਗਾ ਕਿ ਭਾਈ ਖ਼ੈਰ ਪਾ ਦੇਵੋ,ਨਾਜਰ ਆਵਾਜ਼ ਸੁਣ ਘਰੋਂ ਆਇਆ ਤੇ ਕਹਿੰਦਾ ਬਾਬਾ ਇਹਨਾਂ ਦੇ ਘਰ ਤਾਂ ਕੋਈ ਹੈ ਨਹੀਂ ਇੱਕ ਮੁੰਡਾ ਸੀ ਉਹ ਪਤਾ ਨਹੀਂ ਕਿੱਥੇ ਹਵਾ‌ ਹੋ ਗਿਆ ਤੇ ਉਹਦੀ ਮਾਂ ਬੁੱਢੀ ਕੁੜੀਆਂ ਕੋਲ਼ ਵਕ਼ਤ ਟਪਾ ਰਹੀ ਹੈ।ਉਹ ਜੋਗੀ ਬਣਾ ਕੁਝ ਬੋਲੇ ਅਗਾਂਹ ਤੁਰ ਗਿਆ ਤੇ ਮੁੜ ਇਸ ਪਿੰਡ ਵਿੱਚ ਉਸਨੇ ਕਦੇ ਖ਼ੈਰ ਨਾ ਮੰਗੀ, ਅਗਾਂਹ ਕਿਸੇ ਪਿੰਡ ਲੰਘ ਗਿਆ,,,, ਐਦਾਂ ਹੀ ਕਈ ਮਹੀਨੇ ਲੰਘੇ ਤੇ ਉਹਨਾਂ ਦੇ ਬੂਹੇ ਤੇ ਇੱਕ ਤਸਵੀਰ ਲਮਕ ਰਹੀ ਸੀ ਜੋ ਕਿ ਨੀਲੇ ਸਿਓਂ ਦੀ ਸੀ, ਜਦੋਂ ਉਹ ਬੁੜੀ ਕੁੜੀਆਂ ਕੋਲੋਂ ਆਈ ਤਾਂ ਉਸਨੇ ਵੇਖਿਆ ਕਿ ਇਹ ਤਸਵੀਰ ਕਿਸਨੇ ਟੰਗੀ ਹੈ ਤਾਂ ਉਸਨੇ ਆਸ ਪਾਸ ਦੀਆਂ ਗੁਆਂਢਣਾਂ ਤੋਂ ਪੁੱਛਿਆਂ ਤਾਂ ਕਿਸੇ ਨੇ ਕੁੱਝ ਨਹੀਂ ਸੀ ਪਤਾ,ਉਸ ਬੁੜੀ ਨੇ ਤਸਵੀਰ ਲਾਹੀ ਤੇ ਅੰਦਰ ਲੈ ਗਈ, ਜਦੋਂ ਉਸਨੇ ਤਸਵੀਰ ਦਾ ਦੂਸਰਾ ਪਾਸਾ ਵੇਖਿਆ ਤਾਂ ਉਸਤੇ ਉਸ ਜੋਗੀ ਦੀ ਤਸਵੀਰ ਬਣੀ ਹੋਈ ਸੀ,ਜੋ ਕਿ ਉਸਦਾ ਹੀ ਮੁੰਡਾ ਸੀ।

( ਕੁਝ ਖ਼ਿਆਲ ਹਵਾ ਵਾਂਗ ਆਉਂਦੇ ਨੇ,ਤੇ ਉਸ ਵਾਂਗ ਹੀ ਉੱਡ ਜਾਂਦੇ ਨੇ , ਜਿਵੇਂ… )

ਲਿਖਤ : ਸੁਖਦੀਪ ਸਿੰਘ ਰਾਏਪੁਰ
ਵਾਟਸਐਪ : 8699633924

Exit mobile version