Site icon Unlock the treasure of Punjabi Language, Culture & History with Punjabi Library – where every page tells a story.

ਪੁਸਤਕ ‘ਪੰਥ, ਧਰਮ ਤੇ ਰਾਜਨੀਤੀ‘ ‘ਤੇ ਹੋਈ ਚਰਚਾ

‘ਪੰਥ, ਧਰਮ ਤੇ ਰਾਜਨੀਤੀ‘ ਪੁਸਤਕ ‘ਤੇ ਹੋਈ ਚਰਚਾ
ਲੋਕਾਂ ਦੀ ਮੁਕਤੀ ਦਾ ਮਾਰਗ ਹੈ ਧਰਤੀ ਨਾਲ ਜੁੜਿਆ ਸੰਗਰਾਮ: ਡਾ. ਸੁਮੇਲ ਸਿੰਘ

ਜਲੰਧਰ: (12 ਜਨਵਰੀ) ਨਵੰਬਰ 1949 ‘ਚ ਇੱਕ ਚਿੱਠੀ ਦੇ ਰੂਪ ‘ਚ ਲਿਖੀ ਗਿਆਨੀ ਹੀਰਾ ਸਿੰਘ ‘ਦਰਦ‘ ਦੀ ਪੁਸਤਕ ‘ਪੰਥ, ਧਰਮ ਤੇ ਰਾਜਨੀਤੀ‘ ਉਪਰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾਰਵਾਈ ਵਿਚਾਰ-ਗੋਸ਼ਟੀ ‘ਚ ਧਰਮ, ਪੰਥ, ਰਾਜਨੀਤੀ, ਫ਼ਿਰਕਾਪ੍ਰਸਤੀ, ਹਾਕਮ ਜਮਾਤੀ ਸਿਆਸਤ, ਜਾਤ-ਪਾਤ, ਜਮਾਤ, ਜਮਾਤੀ-ਸੰਗਰਾਮ, ਇਨਕਲਾਬ, ਆਜ਼ਾਦੀ, ਸਮਾਜਵਾਦ, ਕੌਮੀ, ਕੌਮਾਂਤਰੀ ਲਹਿਰਾਂ ਅਤੇ ਲੋਕ-ਮੁਕਤੀ ਦੇ ਹਕੀਕੀ ਮਾਰਗ ਉਪਰ ਬਹੁਤ ਹੀ ਸੰਵੇਦਨਸ਼ੀਲ ਵਿਚਾਰ-ਚਰਚਾ ਹੋਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ‘ਪੰਥ, ਧਰਮ ਤੇ ਰਾਜਨੀਤੀ‘ ਪੁਸਤਕ ਦੇ ਸੰਪਾਦਕ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਮੰਚ ਸੰਚਾਲਨਾ ‘ਚ ਹੋਈ ਇਸ ਵਿਚਾਰ-ਚਰਚਾ ਦਾ ਆਗਾਜ਼ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਵੱਲੋਂ ਪੁਸਤਕ ਦੀ ਅਜੋਕੇ ਸਮੇਂ ਵਿੱਚ ਮਹੱਤਤਾ ਬਿਆਨ ਕਰਨ ਨਾਲ ਹੋਇਆ।
ਵਿਚਾਰ-ਚਰਚਾ ਦੇ ਮੁੱਖ ਵਕਤਾ ਡਾ. ਸੁਮੇਲ ਸਿੰਘ ਸਿੱਧੂ (ਪ੍ਰੋ. ਜੇ.ਐਨ.ਯੂ. ਨਵੀਂ ਦਿੱਲੀ) ਨੇ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਕਰਾਰ ਦਿੰਦਿਆਂ ਕਿਹਾ ਕਿ ਗਿਆਨੀ ਹੀਰਾ ਸਿੰਘ ‘ਦਰਦ‘ ਗਹਿਰੀ ਟੁੱਭੀ ਮਾਰਕੇ ਧੜੱਲੇ ਨਾਲ ਇਹ ਸਾਬਤ ਕਰਦੇ ਹਨ ਕਿ ਬੰਦਾ ਸਿੰਘ ਬਹਾਦਰ ਨੂੰ ਅਖੌਤੀ ਪੰਥਕ ਆਗੂਆਂ ਵੱਲੋਂ ਗਿਣੀ ਮਿਥੀ ਯੋਜਨਾ ਤਹਿਤ ਪਤਿਤ ਕਰਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਜਾਗੀਰਦਾਰੀ ਉਪਰ ਕਰਾਰੀ ਚੋਟ ਕਰਦਿਆਂ ਜ਼ਮੀਨ ਹਲਵਾਹਕਾਂ ਵਿੱਚ ਵੰਡਣ ਦੀ ਗੱਲ ਕਰਨ ਕਰਕੇ ਪੰਥ ਦੇ ਜਾਗੀਰੂ ਚੌਧਰੀਆਂ ਵੱਲੋਂ ਨਕਾਰੇ ਗਏ।
ਡਾ. ਸੁਮੇਲ ਸਿੰਘ ਨੇ ਕਿਹਾ ਕਿ ਆਜ਼ਾਦੀ ਦੀ ਜਦੋ ਜਹਿਦ ਸਮੇਂ ਹੋਰਨਾਂ ਵਾਂਗ ਸਿੱਖ ਪੰਥ ਦੇ ਮਸਲੇ ਜਾਗੀਰਦਾਰਾਂ, ਰਾਜਿਆਂ, ਮਹਾਰਾਜਿਆਂ ਨੇ ਹਥਿਆ ਲਏ। ਮਲਕ ਭਾਗੋਆਂ ਅਤੇ ਭਾਈ ਲਾਲੋਆਂ ਨੂੰ ਇੱਕੋ ‘ਪੰਥ‘ ‘ਚ ਗਲ-ਨਰੜ ਕਰਨ ਦਾ ਯਤਨ ਕੀਤਾ, ਜੋ ਕਿ ਇਤਿਹਾਸਕ ਧਰੋਹਰ ਨਹੀਂ।
ਡਾ. ਸੁਮੇਲੇ ਸਿੰਘ ਨੇ ਇਤਿਹਾਸ ਦੇ ਝਰੋਖੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਪੁਰਾਤਨ ਰਾਜਿਆਂ ਦੀਆਂ ਮਿੱਥਾਂ ਤੋੜਦਿਆਂ, ਕਰਾਂਤੀਕਾਰੀ ਮਿਨਾਰ ਸਿਰਜਦਿਆਂ, ਕਿਰਤੀ ਸ਼੍ਰੇਣੀ ਨੂੰ ਸਰਵੋਤਮ ਸਥਾਨ ਦਿੰਦਿਆਂ ਕਿਹਾ:
‘‘ਇਨਹੀ ਕੀ ਕਿਰਪਾ ਸੇ ਸਜੇ ਹਮ ਹੈਂ,
ਨਹੀਂ ਮੋਹ ਸੇ ਗਰੀਬ ਕਰੋਰ ਪਰੇ।‘‘
ਡਾ. ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਸਿਰਮੌਰ ਮਾਣਮੱਤੇ ਮਿਨਾਰ ਵਾਂਗ ਉਸਾਰਨ ਦਾ ਕੰਮ ਪਹਿਲ ਪ੍ਰਿਥਮੇ ਗਿਆਨੀ ਹੀਰਾ ਸਿੰਘ ਨੇ ਕੀਤਾ। ਉਹਨਾਂ ਨੇ ਫ਼ਿਰਕੇਦਾਰਾਨਾ ਵੰਡੀਆਂ ਤੋਂ ਉਪਰ ਉੱਠਕੇ ਸਮੂਹ ਪੰਜਾਬੀਆਂ ਦੀ ਮਾਂ ਬੋਲੀ ਨੂੰ ਸਨਮਾਨਤ ਥਾਂ ਦਿਵਾਉਣ ਲਈ ਸੰਘਰਸ਼ ਕੀਤਾ ਅਤੇ ਕਵੀਆਂ, ਲੇਖਕਾਂ ਦੇ ਨਵੇਂ ਪੂਰਾਂ ਦੇ ਪੂਰ ਪੈਦਾ ਕੀਤੇ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਹਿਤਕ ਸਭਾਵਾਂ ਨੂੰ ਆਪਣੇ ਖੁਦਮੁਖ਼ਤਾਰ ਪ੍ਰੋਗਰਾਮ ਮੁਤਾਬਕ ਚਲਾਉਣ ਅਤੇ ਵਿਸ਼ੇਸ਼ ਪਾਰਟੀ/ਗਰੁੱਪ ਦੇ ਦਿਸ਼ਾ-ਨਿਰਦੇਸ਼ਾਂ ਦੀ ਵਲਗਣ ਤੋਂ ਪਾਰ ਲਿਜਾਣ ਲਈ ਸਾਹਿਤਕ ਲਹਿਰ ਦੀ ਸਿਰਜਣਾ ਕਰਨ ‘ਤੇ ਗਿਆਨੀ ਹੀਰਾ ਸਿੰਘ ਨੇ ਨਿਰਣਾਇਕ ਭੂਮਿਕਾ ਅਦਾ ਕੀਤੀ, ਜੋ ਅੱਜ ਵੀ ਸਾਡੇ ਗੌਰ ਫ਼ਿਕਰ ਦਾ ਮੁੱਦਾ ਹੈ।
ਡਾ. ਸੁਮੇਲ ਨੇ ਕਿਹਾ ਕਿ ਹੀਰਾ ਸਿੰਘ ਦਰਦ ਦੀ ਪੁਸਤਕ ਇੱਕ ਨੁਕਤਾ ਕੇਂਦਰਤ ਕਰਦੀ ਹੈ ਕਿ ਸਮਾਜ ਅੰਦਰ ਅਸਲ ਲੜਾਈ ਲੋਟੂ ਅਤੇ ਲੁੱਟੀ-ਪੁੱਟੀ ਜਾਂਦੀ ਜਮਾਤ ਦਰਮਿਆਨ ਹੈ।
ਸੁਆਲ-ਜਵਾਬ ਦੇ ਸੈਸ਼ਨ ‘ਚ ਡਾ. ਪਰਮਿੰਦਰ ਨੇ ਬੋਲਦਿਆਂ ਕਿਹਾ ਕਿ ‘ਦਰਦ‘ ਹੋਰਾਂ ਦੀ ਪੁਸਤਕ ਵਿੱਚ, ਸਿੱਖ ਸੁਆਲ ਕਿਤੇ ਵੀ ਕੇਂਦਰੀ ਸੁਆਲ ਨਹੀਂ ਉਹ ਪੰਜਾਬੀਅਤ ਦਾ ਵਿਗਿਆਨਕ ਸਮਾਜਵਾਦ ਦਾ ਅਹਿਮ ਮਸਲਾ ਉਭਾਰਦੇ ਨੇ ਕਿ ਇਹ ਹੀ ਲੋਕ ਮੁਕਤੀ ਦਾ ਹਕੀਕੀ ਮਾਰਗ ਹੈ।
ਕਮੇਟੀ ਮੈਂਬਰ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਸਾਡੇ ਸਮਿਆਂ ਅੰਦਰ ਉਲਝੇ ਅਨੇਕਾਂ ਸੁਆਲਾਂ ਦੇ ਜਵਾਬ ਲੱਭਣ ਦਾ ਮਾਰਗ-ਦਰਸ਼ਕ ਹੈ ਹੀਰਾ ਸਿੰਘ ਦਰਦ ਦੀ ਪੁਸਤਕ।
ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪੁਸਤਕ ਸਭ ਤੋਂ ਵੱਧ ਜਮਾਤੀ ਜਦੋ ਜਹਿਦ ਅਤੇ ਸਾਂਝੀਵਾਲ ਰਾਜ ਦੀ ਸਥਾਪਤੀ ‘ਤੇ ਜ਼ੋਰ ਦਿੰਦੀ ਹੈ।
ਆਏ ਸੁਆਲਾਂ ਦੇ ਜਵਾਬ ਦਿੰਦਿਆਂ ਡਾ. ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਹੀਰਾ ਸਿੰਘ ਦਰਦ ਦਾ ਵਿਗਿਆਨਕ ਸਮਾਜਵਾਦ ਦਾ ਸੁਪਨਾ ਪੂਰਾ ਕਰਨ ਲਈ ਸਾਨੂੰ ਆਪਣੀਆਂ ਠੋਸ ਸਭਿਆਚਾਰਕ ਪਰੰਪਰਾਵਾਂ ਨੂੰ ਸਮਝਕੇ ਚੱਲਣਾ ਪਵੇਗਾ, ਤਾਂ ਜੋ ਸਾਂਝੀਵਾਲ ਸਮਾਜ ਸਿਰਜਿਆ ਜਾ ਸਕੇ।
ਪ੍ਰਧਾਨਗੀ ਮੰਡਲ ਦੀ ਤਰਫ਼ੋਂ ਬੋਲਦਿਆਂ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਕਿਹਾ ਕਿ ਕਿਰਤੀ ਦੀ ਜਾਗਰਤੀ ਅਤੇ ਸੰਘਰਸ਼ ਲਈ ਬੁੱਧੀਜੀਵੀਆਂ ਨੂੰ ਆਪਣੀ ਇਨਕਲਾਬੀ ਵਿਰਾਸਤ ਨੂੰ ਅਜੋਕੇ ਸਮੇਂ ਦੀਆਂ ਚੁਣੌਤੀਆਂ ਸਰ ਕਰਨ ਲਈ ਉਭਾਰਨ ਲਈ ਅੱਗੇ ਆਉਣਾ ਚਾਹੀਦਾ ਹੈ। ਮੰਚ ਸੰਚਾਲਕ ਅਮਲੋਕ ਸਿੰਘ ਨੇ ਇਸ ਮੌਕੇ ਹਰਮੇਸ਼ ਮਾਲੜੀ ਦੀ ਕਹਾਣੀਆਂ ਦੀ ਪੁਸਤਕ ‘ਪੈਂਤੀ ਹਾੜ੍ਹ‘ ਉਪਰ 19 ਜਨਵਰੀ 2 ਵਜੇ ਰੱਖੀ ਵਿਚਾਰ-ਚਰਚਾ ‘ਚ ਪੁੱਜਣ ਦਾ ਸੱਦਾ ਦਿੱਤਾ।

Exit mobile version