ਰੱਬੀ ਫ਼ਰਿਸ਼ਤਾ ਮਾੜੀ ਔਰਤ
ਮੁਹੱਲੇ ਵਿੱਚ ਉਸ ਵਾਰੇ ਬਹੁਤ ਗੱਲਾਂ ਹੁੰਦੀਆਂ ਸੀ। ਅਕਸਰ ਲੋਕ ਉਸ ਨੂੰ ਮਾੜੀ ਨਜ਼ਰ ਨਾਲ ਤੱਕਦੇ ਸੀ। ਮੈਂ ਨਹੀਂ ਜਾਣਦੀ ਉਹ ਔਰਤ ਕੌਣ ਹੈ ਪਰ ਮੈਂ ਉਸ ਵਾਰੇ ਜਿੰਨਾ ਸੁਣਿਆ ਸੀ ਓਨਾਂ ਹੀ ਮੈਨੂੰ ਪਤਾ ਸੀ, ਕਹਿੰਦੇ ਨੇ ਕੲੀ ਵਾਰ ਅੱਖਾਂ ਨੇ ਕੁਝ ਵੀ ਦੇਖਿਆ ਨਹੀਂ ਹੁੰਦਾ ਪਰ ਕੰਨ ਉਸ ਗੱਲ ਤੇ ਪਹਿਲਾਂ ਯਕੀਨ ਕਰ ਲੈਂਦੇ ਨੇ। ਮੇਰੇ ਨਾਲ ਵੀ ਕੁਝ ਇਦਾਂ ਹੀ ਹੋਇਆ ਮੈਂ ਅਕਸਰ ਲੋਕਾਂ ਤੋਂ ਸੁਣਿਆ ਹੋਇਆ ਕਿ ਉਹ ਮਾੜੀ ਔਰਤ ਹੈ ਬਹੁਤ ਨਾਲ ਗ਼ਲਤ ਹੈ…ਉਹਦੇ ਵਾਰੇ ਇਹ ਵੀ ਸੁਣਿਆ ਸੀ ਕਿ ਉਹ ਵਿਆਹੀ ਗੲੀ ਸੀ ਪਰ ਸੋਹਰੇ ਇੱਕ ਰਾਤ ਹੀ ਰਹੀ ਸੀ ਉਸ ਤੋਂ ਬਾਅਦ ਉਹਦੇ ਘਰ ਵਾਲਾ ਉਹਨੂੰ ਲੈਣ ਨਹੀਂ ਆਇਆ…ਉਸ ਦਾ ਘਰ ਵਾਲਾ ਉਹਨੂੰ ਕਿਉਂ ਨਹੀਂ ਲੈਣ ਆਇਆ ਇਹ ਤਾਂ ਰੱਬ ਜਾਣਦਾ ਹੈ ਪਰ ਲੋਕਾਂ ਨੇ ਉਸ ਵਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਰੱਖੀਆਂ ਸੀ। ਉਸ ਦਾ ਉੱਚਾ ਘਰ ਸੀ ਉਹ ਇਕੱਲੀ ਹੀ ਆਪਣੇ ਘਰ ਰਹਿੰਦੀ ਸੀ ਹੁਣ ਤਾਂ ਉਸ ਦੀ ਉਮਰ ਵੀ ਚਾਲੀ ਚਾਲ ਦੇ ਕਰੀਬ ਹੋ ਗੲੀ ਸੀ ਉਸ ਦੇ ਮਾਪੇ ਵੀ ਸ਼ਾਇਦ ਮਰ ਚੁੱਕੇ ਸੀ.. ਮਾਪਿਆਂ ਦੀ ਉਹ ਇੱਕਲੀ ਇੱਕਲੀ ਧੀ ਸੀ.. ਇਸੇ ਲੲੀ ਮਾਪਿਆਂ ਵਾਲਾ ਘਰ ਹੁਣ ਉਸ ਕੋਲ ਸੀ..ਉਹਦਾ ਕੋਈ ਭਰਾ ਵੀ ਨਹੀਂ ਸੀ ਇਸੇ ਲੲੀ ਜ਼ਮੀਨ ਦੇ ਦੋ ਕਿਲੇ ਵੀ ਉਸ ਦੇ ਹਿੱਸੇ ਹੀ ਆਉਂਦੇ ਸੀ..ਉਹ ਜ਼ਮੀਨ ਠੇਕੇ ਤੇ ਦੇ ਕੇ ਆਪਣਾ ਗੁਜ਼ਾਰਾ ਕਰਦੀ ਸੀ..ਲੋਕ ਉਸ ਦੇ ਘਰ ਵੱਲ ਵੀ ਕੰਜਰੀ ਦੇ ਕੋਠੇ ਵਾਂਗ ਹੀ ਦੇਖਦੇ ਸੀ ਉਹ ਜਦੋਂ ਵੀ ਗਲ਼ੀ ਚੋਂ ਲੰਘਦੀ ਸੀ ਤਾਂ ਲੋਕ ਉਸ ਨੂੰ ਔਰਤ ਨਹੀਂ ਵਰਤਣ ਵਾਲੀ ਚੀਜ਼ ਹੀ ਸਮਝਦੇ ਸੀ..ਜਿਸ ਦਾ ਜੋ ਮਨ ਕਰਦਾ ਉਹਨੂੰ ਬੋਲ ਦਿੰਦਾ..ਰਾਹਾਂ ਚ ਖੜੇ ਮੁੰਡੇ ਕੀ ਬੁੱਢੇ ਕੀ ਸਭ ਉਸ ਵਾਰੇ ਬੁਰਾ ਭਲਾ ਬੋਲਦੇ..ਮੁਹੱਲੇ ਦੀਆਂ ਔਰਤਾਂ ਵੀ ਉਸ ਨਾਲ ਗੱਲ ਨਹੀਂ ਕਰਦੀਆਂ ਸੀ.. ਉਹ ਜਦੋਂ ਕੁਝ ਵੀ ਸਮਾਨ ਲੈਣ ਜਾਂਦੀ ਇੱਕਲੀ ਹੀ ਜਾਂਦੀ ਤੇ ਇੱਕਲੀ ਹੀ ਆਉਂਦੀ ਸੀ.. ਕੲੀ ਵਾਰ ਤਾਂ ਆਥਣ ਦੇ ਵੇਲੇ ਵੀ ਕੁਵੇਲੇ ਵੀ ਉਹ ਇੱਕਲੀ ਹੀ ਬਜ਼ਾਰੋਂ ਸਮਾਨ ਲੈ ਆਉਂਦੀ ਪਹਿਲਾਂ ਪਹਿਲਾਂ ਤਾਂ ਉਹ ਲੋਕਾਂ ਤੋਂ ਡਰਦੀ ਬਾਹਰ ਨਾ ਨਿਕਲਦੀ ਪਰ ਬਾਅਦ ਵਿੱਚ ਉਹ ਸ਼ਰੇਆਮ ਹੀ ਇੱਕਲੀ ਜਾਂਦੀ ਇੱਕਲੀ ਆਉਂਦੀ ਸੀ… ਜੇ ਕੋਈ ਆਦਮੀ ਜਾਂ ਔਰਤ ਉਸ ਦੇ ਦਰਵਾਜ਼ੇ ਤੇ ਖੜਾ ਦਿਖ ਜਾਂਦਾ ਜਾਂ ਉਸ ਨਾਲ ਗੱਲ ਕਰਦਾ ਦਿੱਖ ਜਾਂਦਾ ਤਾਂ ਉਹ ਵੀ ਬਦਨਾਮ ਹੋ ਜਾਂਦਾ… ਉਸ ਨੇ ਇੱਕ ਕੁੱਤਾ ਰੱਖਿਆ ਹੋਇਆ ਸੀ ਉਹ ਕੁੱਤੇ ਦਾ ਵਸਾਹ ਨਾ ਕਰਦੀ ਉਹ ਜਿੱਥੇ ਵੀ ਜਾਂਦੀ ਉਹ ਕੁੱਤੇ ਨੂੰ ਨਾਲ ਲੈ ਕੇ ਜਾਂਦੀ.. ਉਹ ਰੋਟੀ ਖਾਣ ਵੇਲੇ ਵੀ ਕੁੱਤੇ ਨੂੰ ਕੋਲ ਬਿਠਾ ਕੇ ਕੁੱਤੇ ਨੂੰ ਕੋਲ ਹੀ ਰੋਟੀ ਖਵਾਉਂਦੀ ਸੀ.. ਮੈਨੂੰ ਇਹ ਲੱਗਦੈ ਉਹ ਬੰਦਿਆਂ ਤੋਂ ਜ਼ਿਆਦਾ ਕੁੱਤਿਆਂ ਤੇ ਭਰੋਸਾ ਕਰਦੀ ਸੀ ਸ਼ਾਇਦ ਇਸ ਕਰਕੇ ਕਿਉਂਕਿ ਕੁੱਤਾ ਉਸ ਦਾ ਨਜਾਇਜ਼ ਫਾਇਦਾ ਨਹੀਂ ਉਠਾਉਂਦਾ ਸੀ ਜਾਂ ਇਸ ਕਰਕੇ ਜਦੋਂ ਵੀ ਉਸ ਨੂੰ ਕੋਈ ਬੋਲਦਾ ਤਾਂ ਕੁੱਤਾ ਉਸੇ ਦਾ ਸਾਥ ਦੇ ਕੇ ਲੋਕਾਂ ਨੂੰ ਭੋਕਣਾ ਸ਼ੁਰੂ ਕਰ ਦਿੱਤਾ ਸੀ…ਲੋਕ ਉਹਦੇ ਨਾਲ ਉਹਦੇ ਕੁੱਤੇ ਨੂੰ ਬੁਰਾ ਬੋਲ ਕੇ ਗੰਦੀਆਂ ਗੰਦੀਆਂ ਗਾਹਲਾਂ ਕੱਢਦੇ ਸੀ.. ਮੇਰੇ ਮਨ ਉਸ ਵਾਰੇ ਨਾ ਕੁਝ ਚੰਗਾ ਵਿਚਾਰ ਸੀ ਨਾ ਹੀ ਕੁਝ ਬੁਰਾ.. ਲੋਕਾਂ ਦੇ ਡਰ ਤੋਂ ਮੈਂ ਵੀ ਉਸ ਨੂੰ ਬੁਲਾਉਣ ਤੋਂ ਝਿਜਕਦੀ ਸੀ.. ਮੇਰੇ ਮਨ ਚ ਉਸ ਪ੍ਰਤੀ ਕੋਈ ਇਦਾਂ ਦਾ ਖਿਆਲ ਨਹੀਂ ਸੀ ਜੋ ਉਸ ਵਾਰੇ ਲੋਕ ਸੋਚਦੇ ਸੀ ਪਰ ਸਮਾਜ ਚ ਰਹਿਣ ਲੲੀ ਮੈਨੂੰ ਵੀ ਉਸ ਨੂੰ ਬੁਲਾਉਣ ਤੋਂ ਝਿਜਕਣਾ ਪੈਂਦਾ ਸੀ,… ਕਹਿੰਦੇ ਨੇ ਕੲੀ ਵਾਰ ਖੋਟਾ ਰੁਪਿਆ ਵੀ ਕੰਮ ਆ ਜਾਂਦਾ ਹੈ ਮੇਰੇ ਨਾਲ ਵੀ ਕੁਝ ਇਦਾਂ ਹੀ ਹੋਇਆ।
ਜੁਲਾਈ ਦਾ ਮਹੀਨਾ ਸੀ ਸੂਰਜ ਸਿਖ਼ਰ ਤੇ ਹੋਣ ਕਰਕੇ ਗਰਮੀ ਆਪਣਾ ਅੱਤ ਦਿਖਾ ਰਹੀ ਸੀ…ਮੇਰੀ ਡਿਊਟੀ ਭਾਵੇਂ ਲੋਕਲ ਹੀ ਪਰ ਘਰ ਤੋਂ ਬਹੁਤ ਦੂਰ ਸੀ ਤੇ ਉਧਰ ਬੱਸ ਆਟੋ ਰਿਕਸ਼ਾ ਵੀ ਨਹੀਂ ਜਾਂਦਾ ਸੀ…ਮੈਂ ਡਿਊਟੀ ਤੋਂ ਵਾਪਸ ਪਰਤ ਰਹੀ ਸੀ..ਮੇਰੇ ਨਾਲ ਮੇਰਾ ਛੋਟਾ ਬੇਟਾ ਸੀ..ਮੇਰਾ ਬੇਟਾ ਦਾਦੀ ਦਾ ਜ਼ਿਆਦਾ ਮੋਹ ਕਰਦਾ ਸੀ ਉਹ ਆਪਣੀ ਦਾਦੀ ਬਿਨਾਂ ਰਹਿੰਦਾ ਨਹੀਂ ਸੀ…ਅਚਾਨਕ ਉਸ ਦੀ ਦਾਦੀ ਨੂੰ ਕੲੀ ਦਿਨ ਲੲੀ ਬਾਹਰ ਜਾਣਾ ਪਿਆ… ਮੰਮੀ ਸੱਸ ਦੇ ਬਾਹਰ ਜਾਣ ਕਾਰਨ ਮੈਨੂੰ ਬੇਟਾ ਡਿਊਟੀ ਨਾਲ਼ ਲੈਂ ਕੇ ਜਾਣਾ ਪੈਂਦਾ ਸੀ…ਛੋਟਾ ਹੋਣ ਕਾਰਨ ਉਸ ਨੂੰ ਮੈਨੂੰ ਗੋਦੀ ਚੁੱਕ ਕੇ ਲੈਂ ਕੇ ਜਾਣਾ ਪੈਂਦਾ ਸੀ…ਮੈਂ ਡਿਊਟੀ ਤੋਂ ਵਾਪਸ ਆ ਰਹੀਂ ਸੀ ਮੇਰਾ ਬੇਟਾ ਮੇਰੇ ਗੋਦੀ ਚੁਕਿਆ ਹੋਇਆ ਸੀ.. ਗੋਦੀ ਚੁੱਕਣ ਕਾਰਨ ਮੇਰਾ ਸਾਹ ਚੜ੍ਹਿਆ ਹੋਇਆ ਸੀ… ਇੱਕ ਹੱਥ ਨਾਲ ਮੈਂ ਬੇਟੇ ਨੂੰ ਮੋਢੇ ਲਗਾਇਆ ਹੋਇਆ ਸੀ ਦੂਜੇ ਹੱਥ ਚ ਮੇਰੇ ਬੇਟੇ ਦੇ ਸਮਾਨ ਵਾਲਾ ਝੋਲਾ ਸੀ…ਮੈਂ ਬਹੁਤ ਔਖੀ ਹੋ ਰਹੀ ਸੀ.. ਬਹੁਤ ਲੋਕ ਸਾਡੇ ਮੁਹੱਲੇ ਦੇ ਘਰ ਆ ਰਹੇ ਸੀ ਪਰ ਕਿਸੇ ਨੇ ਨਾ ਕਿਹਾ ਕਿ ਅਸੀਂ ਝੋਲਾ ਫੜ ਕੇ ਲੈ ਜਾਂਦੇ ਹਾਂ ਜਾਂ ਬੇਟੇ ਨੂੰ ਘਰ ਲੈਂ ਜਾਂਦੇ ਹਾਂ… ਜਾਂ ਤੈਨੂੰ ਨਾਲ ਹੀ ਮੋਟਰਸਾਈਕਲ ਤੇ ਬੈਠਾ ਕੇ ਘਰ ਛੱਡ ਆਉਂਦੇ ਹਾਂ…ਮੈਂ ਔਖੀ ਹੋ ਮੰਦਰ ਕੋਲੋਂ ਦੀ ਲੰਘ ਰਹੀ ਸੀ…ਇੱਕ ਔਰਤ ਮੰਦਰ ਵਿੱਚੋਂ ਬਾਹਰ ਆ ਕੇ ਮੇਰੇ ਨਾਲ ਰੱਲ ਗੲੀ…ਉਹਨੇ ਮੈਨੂੰ ਔਖੀ ਹੋ ਕੇ ਬੇਟੇ ਨੂੰ ਚੁੱਕਿਆ ਦੇਖਿਆ ਤਾਂ ਉਸ ਨੇ ਕਿਹਾ ਦੀਦੀ ਅਗਰ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਡੇ ਬੇਟੇ ਨੂੰ ਚੁੱਕ ਕੇ ਤੁਹਾਡੀ ਮੱਦਦ ਕਰਾਂ…ਮੈਂ ਔਖੇ ਹੋ ਕਾਰਨ ਉਹਨੂੰ ਨਾ ਕਹਿ ਸਕੀ… ਉਹਨੇ ਬੇਟੇ ਗੋਦੀ ਚੁੱਕ ਲਿਆ ਤਾਂ ਮੈਨੂੰ ਸੁੱਖ ਦਾ ਸਾਹ ਆਇਆ ਮੈਂ ਰੱਬ ਦਾ ਧੰਨਵਾਦ ਕੀਤਾ ਕਿ ਰੱਬ ਨੇ ਫਿਰਸਤੇ ਦੇ ਰੂਪ ਵਿੱਚ ਉਸ ਔਰਤ ਨੂੰ ਭੇਜਿਆ… ਉਹਨੇ ਬੇਟੇ ਨੂੰ ਚੁੱਕ ਲਿਆ ਤੇ ਮੈਂ ਝੋਲਾ ਫੜ ਲਿਆਂ.. ਆਉਂਦੇ ਆਉਂਦੇ ਲੋਕ ਮੇਰੇ ਵੱਲ ਤੇ ਉਹਦੇ ਵਾਰੇ ਅਜੀਬ ਅਜੀਬ ਨਿਗਾਹਾਂ ਨਾਲ ਦੇਖ ਰਹੇ ਸੀ… ਉਦੋਂ ਮੈਨੂੰ ਉਸ ਵਾਰੇ ਪਤਾ ਨਹੀਂ ਸੀ ਉਹ ਕੌਣ ਹੈ…ਗੱਲਾਂ ਗੱਲਾਂ ਵਿੱਚ ਪਤਾ ਕਿ ਉਹ ਔਰਤ ਸਾਡੇ ਮੁਹੱਲੇ ਦੀ ਹੈ… ਪਰ ਜਦੋਂ ਉਹਨੇ ਕਿਹਾ ਮੈਂ ਵੀ ਸਕੂਲ ਦੇ ਨੇੜੇ ਹੀ ਜਾਣਾ ਹੈ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਮੇਰੇ ਘਰ ਦੇ ਨੇੜੇ ਹੀ ਰਹਿਣ ਵਾਲੀ ਹੈ…ਜਦੋਂ ਅਸੀਂ ਸਕੂਲ ਵਾਲੀ ਗਲ਼ੀ ਮੁੜੀਆਂ ਤਾਂ ਉਹਨੇ ਕਿਹਾ ਮੇਰਾ ਘਰ ਸਾਹਮਣੇ ਵਾਲੀ ਗਲ਼ੀ ਚ ਹੀ ਤੁਸੀਂ ਆਜੋ ਚਾਹ ਪੀ ਕੇ ਜਾਏਓ…ਮੈਂ ਉਹਨੂੰ ਕਿਹਾ ਨਹੀਂ ਤੁਹਾਡਾ ਧੰਨਵਾਦ ਤੁਸੀਂ ਮੇਰੀ ਇੰਨੀ ਮੱਦਦ ਕੀਤੀ…ਉਹਨੇ ਕਿਹਾ ਫਿਰ ਕੀ ਹੋ ਤੁਸੀਂ ਔਖੇ ਹੋ ਕੇ ਆ ਰਹੇ ਸੀ ਮੈਂ ਸੋਚਿਆ ਮੈਂ ਚੁੱਕ ਲਵਾ ਤੁਹਾਡਾ ਮੁੰਡਾ…ਮੈਂ ਧੰਨਵਾਦ ਦੇ ਕੇ ਬੇਟੇ ਨੂੰ ਫੜ ਕੇ ਘਰ ਆ ਗੲੀ।
ਸ਼ਾਮ ਨੂੰ ਇਹੀ ਗੱਲ ਮੈਂ ਆਪਣੇ ਹੱਸਬੈਡ ਨੂੰ ਦੱਸੀਂ…ਮੇਰੇ ਹੱਸਬੈਡ ਨੂੰ ਵੀ ਸਮਝ ਨਾ ਲੱਗੀ ਉਹ ਕੌਣ ਸੀ… ਫਿਰ ਇੱਕ ਦਿਨ ਅਸੀਂ ਬਜ਼ਾਰ ਜਾ ਰਹੇ ਸੀ ਉਹ ਔਰਤ ਆਪਣੇ ਕੁੱਤੇ ਨਾਲ ਰਾਸਤੇ ਚ ਮਿਲੀ। ਮੈਂ ਹੱਸਬੈਡ ਨੂੰ ਦੱਸਿਆ ਕਿ ਇਹ ਉਹੀ ਔਰਤ ਹੈ.. ਜਿਸ ਨੇ ਬੇਟੇ ਨੂੰ ਚੁੱਕਣ ਵਿੱਚ ਮੇਰੀ ਮਦਦ ਕੀਤੀ ਸੀ।ਹੱਸਬੈਡ ਨੇ ਉਸ ਵੱਲ ਦੇਖ ਕੇ ਮੈਨੂੰ ਕਿਹਾ ਕਿ ਅੱਗੇ ਤੋਂ ਇਸ ਔਰਤ ਨਾਲ ਗੱਲਬਾਤ ਨਹੀਂ ਕਰਨੀ …ਮੈਂ ਕਿਹਾ ਕਿਉਂ ?ਉਹਨਾਂ ਨੇ ਮੈਨੂੰ ਗੁੱਸੇ ਕਿਹਾ ਤੈਨੂੰ ਕਿਹੈ ਨਾ ਕਿ ਨਹੀਂ ਕਰਨੀ ਗੱਲ ਤਾਂ ਨਹੀਂ ਕਰਨੀ… ਮੈਂ ਉਹਨਾਂ ਦੇ ਗੁੱਸੇ ਕਰਕੇ ਉਦੋਂ ਤਾਂ ਚੁੱਪ ਹੋ ਗੲੀ ਪਰ ਬਾਅਦ ਵਿੱਚ ਮੈਂ ਸੋਚਦੀ ਰਹੀਂ ਕਿ ਇਹੋ ਜਿਹੀ ਕੀ ਕਮੀ ਉਸ ਔਰਤ ਚ ਜੋ ਮੈਨੂੰ ਹੱਸਬੈਡ ਨੇ ਇਹ ਗੱਲ ਕਹੀ…. ਮੈਂ ਦੋ ਤਿੰਨ ਦਿਨ ਇਹੀ ਗੱਲ ਨੂੰ ਸੋਚਦੀ ਰਹੀ ਪਰ ਕਿਸੇ ਨਤੀਜੇ ਤੇ ਨਾ ਪੁੱਜ ਸਕੀ …. ਕੁਝ ਦਿਨਾਂ ਬਾਅਦ ਮੈਂ ਕੰਮਾਂ ਕਾਰਾਂ ਚ ਉਸ ਗੱਲ ਨੂੰ ਤੇ ਉਸ ਔਰਤ ਨੂੰ ਭੁੱਲ ਭੁਲਾ ਗੲੀ।
ਫਿਰ ਇੱਕ ਦਿਨ ਮੈਂ ਤੇ ਮੇਰੀ ਸਹੇਲੀ ਬਜ਼ਾਰ ਜਾ ਰਹੇ ਸੀ… ਅਸੀਂ ਉਸ ਔਰਤ ਦੇ ਘਰ ਅੱਗੋਂ ਦੀ ਲੰਘੇ… ਉਸ ਔਰਤ ਨੇ ਮੈਨੂੰ ਬੁਲਾ ਲਿਆ ਤੇ ਕਿਹਾ ਅੰਦਰ ਆਓ ਚਾਹ ਪੀ ਕੇ ਜਾਓ…ਮੈਂ ਕਿਹਾ ਹੁਣ ਵਕਤ ਨਹੀਂ ਫੇਰ ਕਦੇ ਸਹੀ..ਮੈਂ ਤੇ ਮੇਰੀ ਸਹੇਲੀ ਉਥੋਂ ਦੋ ਕਦਮ ਹੀ ਅੱਗੇ ਚੱਲੇ ਮੇਰੀ ਸਹੇਲੀ ਮੇਰੇ ਨਾਲ ਲੜ ਪਈ ਕਿ ਤੂੰ ਇਸ ਔਰਤ ਨੂੰ ਕਿਉਂ ਬੁਲਾਇਆ… ਮੈਂ ਕਿਉਂ ਕੀ ਖੋਟ ਇਸ ਚ.. ਓਹਨੇ ਹੈਰਾਨ ਪ੍ਰੇਸ਼ਾਨ ਹੁੰਦਿਆਂ ਕਿਹਾ ਖੋਟ… ਇਸ ਚ ਤਾਂ ਸਾਰੇ ਹੀ ਖੋਟ ਨੇ.. ਹਰ ਕਿਤੇ ਤਾਂ ਇਹ ਬਦਨਾਮ ਹੈ… ਮੈਂ ਕਿਹਾ ਮਤਲਬ…ਓਹਨੇ ਕਿਹਾ ਇਹ ਇੱਕਲੀ ਰਹਿੰਦੀ ਹੈ ਬਾਹਰਲੇ ਬੰਦਿਆਂ ਨਾਲ ਰਾਤਾਂ ਕੱਟਣ ਜਾਂਦੀ ਹੈ ਤੇ ਹਰ ਬੰਦਾ ਇਹਨੂੰ ਟਿੱਚਰ ਕਰਕੇ ਲੰਘਦੈ…. ਜਿਹੜਾ ਵੀ ਇਸ ਨਾਲ ਵਾਹ ਵਾਸਤਾ ਰੱਖਦੈ ਉਹ ਬਦਨਾਮ ਹੋ ਜਾਂਦੈ…. ਤੂੰ ਕਹਿੰਦੀ ਐ ਖੋਟ… ਓਹਨੇ ਗੱਲ ਅੱਗੇ ਤੋਰਦੀ ਨੇ ਕਿਹਾ ਇਹ ਤਾਂ ਸੋਹਰੇ ਵੀ ਇੱਕ ਰਾਤ ਹੀ ਰਹਿ ਕੇ ਆਈ ਹੈ… ਪਰੋਣੇ ਨੇ ਸਵੇਰ ਨੂੰ ਫੋਨ ਕਰ ਦਿੱਤਾ ਕਿ ਲੈਜੋ ਆਪਣੀ ਕੁੜੀ ਨੂੰ ….ਮੈਂ ਨਹੀਂ ਚਾਹੀਦੀ ਇਹੋ ਜਿਹੀ ਚਗਲ ਜ਼ਨਾਨੀ…. ਤੈਨੂੰ ਨਹੀਂ ਪਤਾ ਇਹ ਤਾਂ ਬਹੁਤ ਬਦਨਾਮ ਹੈ… ਮੇਰੀ ਸਹੇਲੀ ਨੇ ਉਸ ਵਾਰੇ ਕੁਝ ਹੋਰ ਗੱਲਾਂ ਵੀ ਦੱਸੀਆਂ ਜੋ ਇੱਥੇ ਲਿਖਣਯੋਗ ਨਹੀਂ ਹਨ… ਸਾਰੀ ਗੱਲ ਸੁਣਦਿਆਂ ਸੁਣਦਿਆਂ ਮੇਰੇ ਲੂੰ ਕੰਡਾ ਖੜਾ ਹੋ ਗਿਆ…ਉਹਦੀ ਗੱਲ ਸੁਣਦਿਆਂ ਸੁਣਦਿਆਂ ਪਤਾ ਹੀ ਨਾ ਲੱਗਾ ਕਦੋਂ ਅਸੀਂ ਬਜ਼ਾਰ ਪਹੁੰਚ ਗੲੀਅਾਂ…ਬਜ਼ਾਰ ਚੋਂ ਘਰ ਵਾਪਸ ਆ ਕੇ ਮੈਂ ਉਸ ਔਰਤ ਵਾਰੇ ਹੀ ਸੋਚਦੀ ਰਹੀ ਕਿ ਉਹ ਔਰਤ ਇਸ ਤਰ੍ਹਾਂ ਕਿਉਂ ਕਰ ਰਹੀ ਹੈ… ਬਹੁਤ ਦਿਨ ਤੱਕ ਮੇਰੇ ਦਿਮਾਗ ਵਿੱਚ ਉਸੇ ਦੀ ਸ਼ਕਲ ਘੁੰਮਦੀ ਰਹੀ…ਜੋ ਸਤਿਕਾਰ ਮੇਰੇ ਦਿਲ ਉਸ ਔਰਤ ਲੲੀ ਸੀ ਉਹ ਸਤਿਕਾਰ ਹੁਣ ਮੇਰੇ ਦਿਲ ਚ ਹੋਰ ਕੲੀ ਰੂਪ ਧਾਰਨ ਕਰ ਗਿਆ….ਬਹੁਤ ਵਾਰ ਉਹ ਔਰਤ ਮੈਨੂੰ ਰਾਸਤੇ ਚ ਵੀ ਮਿਲੀ ਪਰ ਮੈਂ ਹੁਣ ਉਸ ਨੂੰ ਸਮਾਜ ਦੇ ਡਰ ਤੋਂ ਬੁਲਾਉਣਾ ਛੱਡ ਦਿੱਤਾ।
ਪੰਜ ਛੇ ਸਾਲ ਬੀਤ ਗੲੇ ਸਨ। ਪੰਜ ਛੇ ਸਾਲਾਂ ਬਾਅਦ ਮੇਰੇ ਬੇਟੇ ਦੇ ਮੌਸਮ ਬਦਲਣ ਕਾਰਨ ਫੇਰ ਦਰਦ ਹੋਇਆ। ਮੈਂ ਬੇਟੇ ਦਵਾਈ ਦੇਣ ਚ ਰੁਝਣ ਕਾਰਨ ਡਿਊਟੀ ਜਾਣ ਤੋਂ ਲੇਟ ਹੋ ਗੲੀ… ਨਾਲ ਵਾਲੀ ਕੁੜੀ ਦਾ ਉਸੇ ਵਕਤ ਮੇਰੇ ਕੋਲ ਫੋਨ ਆਇਆ ਕਿ ਛੇਤੀ ਆ ਜਾਂ ਅੱਜ ਚੈਕਿੰਗ ਹੋ ਸਕਦੀ ਹੈ… ਮੈਂ ਕਾਹਲੀ ਕਾਹਲੀ ਤੁਰ ਰਹੀ ਸੀ… ਰੱਬ ਅੱਗੇ ਅਰਦਾਸ ਵੀ ਕਰ ਰਹੀ ਸੀ ਕਿ ਰੱਬਾ ਕੋਈ ਹੱਲ ਕਰ ਕੋਈ ਰਿਕਸ਼ਾ ਭੇਜ…. ਰਿਕਸ਼ਾ ਤਾਂ ਕੋਈ ਨਹੀਂ ਆਇਆ ਪਰ ਸਬੱਬ ਨਾਲ ਉਹੀ ਔਰਤ ਸਕੂਟਰੀ ਤੇ ਮੇਰੇ ਕੋਲ ਦੀ ਲੰਘ ਰਹੀ ਸੀ….ਉਹਨੇ ਮੈਨੂੰ ਕਿਹਾ ਜਾਣੈ ਬਾਈ….ਨਾ ਉਹ ਔਰਤ ਨੂੰ ਮੇਰਾ ਨਾ ਪਤਾ ਸੀ ਨਾ ਮੈਨੂੰ ਉਹਦਾ….ਨਾ ਮੈਂ ਉਹਨੂੰ ਨਾ ਕਿਹਾ ਤੇ ਨਾ ਹਾਂ । ਬਸ ਉਹਦੇ ਕਹਿਣ ਤੇ ਉਹਦੇ ਨਾਲ ਬੈਠ ਗੲੀ…ਸ਼ਾਇਦ ਉਸ ਵਕਤ ਮੇਰੇ ਲੲੀ ਉਹ ਮਾੜੀ ਔਰਤ ਰੱਬੀ ਫ਼ਰਿਸ਼ਤਾ ਸੀ….ਲੋਕ ਮੇਰੇ ਵੱਲ ਦੇਖ ਰਹੇ ਸੀ ਲੇਟ ਹੋਣ ਕਾਰਨ ਮੈਨੂੰ ਉਸ ਵਕਤ ਲੋਕਾਂ ਦੀ ਵੀ ਬਹੁਤੀ ਪ੍ਰਵਾਹ ਨਹੀਂ ਹੋਈ….ਉਹਨੇ ਮੈਨੂੰ ਅੱਧ ਰਾਸਤੇ ਤੱਕ ਛੱਡ ਦਿੱਤਾ….ਰਾਸਤੇ ਚ ਜਾਂਦੀ ਦੇ ਮੇਰੇ ਪੈਰ ਅੱਗੇ ਤੁਰ ਨਹੀਂ ਰਹੇ ਸੀ… ਇਹੀ ਸੋਚ ਰਹੀ ਕਿ ਮੈਂ ਇਸ ਨਾਲ ਕਿਉਂ ਬੈਠੀ..,ਲੋਕ ਕੀ ਸੋਚਦੇ ਹੋਣਗੇ… ਮੈਂ ਜਾ ਕੇ ਸਾਰੀ ਗੱਲ ਆਪਣੇ ਨਾਲ ਵਾਲੀ ਕੁੜੀ ਨੂੰ ਦੱਸੀ….ਉਹਨੇ ਮੈਨੂੰ ਕਿਹਾ ਫਿਰ ਕੀ ਹੋਇਆ… ਇੱਕ ਬੁਰੀ ਗੱਲ ਸਮਝ ਕੇ ਭੁੱਲ ਜਾ ਅੱਗੇ ਤੋਂ ਇਦਾਂ ਦੀ ਗ਼ਲਤੀ ਨਾ ਕਰੀਂ…ਸਾਰਾ ਦਿਨ ਮੇਰਾ ਸੋਚਦੇ ਸੋਚਦੇ ਨਿਕਲ ਗਿਆ….ਆਖਰ ਮੈਂ ਘਰ ਆ ਕੇ ਥੋੜਾ ਵਕਤ ਬੈਠੀ….ਬੈਠੇ ਬੈਠੇ ਮੇਰਾ ਦਿਲ ਦਿਮਾਗ ਇਹੋ ਗੱਲ ਕਹਿ ਰਿਹਾ ਅੱਜ ਤੂੰ ਇਹ ਕੀ ਗ਼ਲਤੀ ਕਰ ਦਿੱਤੀ….ਪਰ ਇੱਕ ਅੰਦਰੋਂ ਇੱਕ ਆਵਾਜ਼ ਆਈ ਕੀ ਉਸ ਮਾੜੀ ਔਰਤ ਚ ਰੱਬ ਨਹੀਂ ਵੱਸਦਾ ਰੱਬ ਤਾਂ ਕਣ ਕਣ ਚ ਮੌਜੂਦ ਹੈ…ਇੱਕ ਪਲ ਮੈਂ ਇਹ ਖੁਦ ਦੀ ਗ਼ਲਤੀ ਮੰਨ ਰਹੀ ਸੀ ਦੂਜੇ ਪਲ ਮੇਰਾ ਦਿਲ ਉਸ ਰੱਬੀ ਫ਼ਰਿਸ਼ਤੇ ਦਾ ਧੰਨਵਾਦ ਕਰ ਰਿਹਾ ਸੀ ….ਜੋ ਔਖੇ ਵੇਲਾ ਮੇਰਾ ਸਹਾਰਾ ਬਣਿਆ.., ਉਹ ਔਰਤ ਮਾੜੀ ਹੋਉਗੀ ਪਰ ਉਹ ਮਾੜੀ ਵੀ ਤਾਂ ਬੰਦਿਆਂ ਕਾਰਨ ਹੀ ਹੈ ….ਬੰਦਿਆਂ ਨੇ ਹੀ ਉਸ ਨੂੰ ਪਹਿਲਾਂ ਮਾੜੀ ਬਣਾਇਆ…. ਫਿਰ ਉਸੇ ਨੂੰ ਮਾੜੀ ਕਿਹਾ…. ਸਮਾਜ ਤੋਂ ਚੋਰੀਓਂ ਉਹ ਉਸ ਕੋਲ ਜਾਂਦੇ ਨੇ…. ਸਮਾਜ ਸਾਹਮਣੇ ਉਹ ਉਸ ਨੂੰ ਭੰਡਦੇ ਨੇ…. ਸਾਡਾ ਸਮਾਜ ਹੀ ਇਦਾਂ ਦਾ ਹੈ ਪਹਿਲਾਂ ਤਾਂ ਉਸ ਪਾਪ ਦਾ ਹਿੱਸਾ ਬਣਦੈ….. ਫਿਰ ਉਸ ਨੂੰ ਪਾਪ ਸਮਝ ਕੇ ਨਿਕਾਰਦੈ।ਸਭ ਕੁਝ ਸੋਚਦਿਆਂ ਉਹ ਔਰਤ ਮੈਨੂੰ ਰੱਬ ਵਾਂਗ ਹੀ ਲੱਗੀ…ਤੇ ਨਾਲ ਹੀ ਮੇਰੇ ਰੱਬ ਤੋਂ ਮਾਫ਼ੀ ਮੰਗਣ ਲੲੀ ਜੁੜ ਕਿ ਮੈਂ ਆਮ ਲੋਕਾਂ ਵਾਂਗ ਗਲਤ ਸਹੀ ਕਹਿ ਰਹੀ ਹਾਂ ਇਹ ਨਹੀਂ ਸੋਚ ਰਹੀ ਇਹ ਗਲਤ ਸਹੀ ਬਣਿਆ ਕਿਉਂ ਹੈ? ਹੁਣ ਉਹ ਔਰਤ ਮੈਨੂੰ ਜਿੱਥੇ ਵੀ ਮਿਲਦੀ ਹੈ ਲੋਕਾਂ ਦੀ ਬਿਨਾਂ ਪ੍ਰਵਾਹ ਕੀਤਿਆਂ ਬੁਲਾਉਂਦੀ ਹਾਂ ਤੇ ਉਹ ਤੇ ਦਿਲ ਤੋਂ ਧੰਨਵਾਦ ਕਰਦੀ ਹਾਂ।।।।
ਲੇਖਕ -ਵੀਰਪਾਲ ਸਿੱਧੂ ਮੌੜ
6283154525
ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕੋਮੈਂਟਸ ਜ਼ਰੂਰ ਕਰੇਓ ਜੀ ਧੰਨਵਾਦ,,,,,,,