ਹੁਣ ਇਹ ਬੂਹਾ ਕਦੇ ਨਹੀ ਅੰਦਰੋ ਖੁੱਲਣਾ…….ਕਹਾਣੀ
ਚੋਟੀ ਦੇ ਬਿਜਨਸ਼ਮੈਨਾ ਤੇ ਟ੍ਰਾਂਸਪੋਰਟਰਾ ਵਿੱਚ ਨਾਮ ਸ਼ੁਮਾਰ ਸੀ ਉਸਦਾ ਹੁਣ,,ਵਰਡ ਵਾਈਡ ਕੰਪਨੀ ਦਾ ਮਾਲਕ ,ਅੱਜ ਵੀਹ ਸਾਲਾ ਬਾਅਦ ਬਿਲਕੁਲ ਇਕੱਲਾ ਪਿੰਡ ਵੱਲ ਆ ਰਿਹਾ ਸੀ ਬਿਨਾ ਕਿਸੇ ਅਸਿਸਟੈਂਟ ,ਬਿਨਾ ਡਰਾਇਵਰ ਤੋਂ । ਇਹਨਾ ਵੀਹਾ ਸਾਲਾ ਵਿੱਚ ਪਿੰਡ ਤਾਂ ਕਦੇ ਯਾਦ ਹੀ ਨਹੀ ਸੀ ਆਇਆ ਉਸਨੂੰ, ਜਵਾਨੀ ਤੱਕ ਕੱਟੀਆ ਬੇਹੱਦ ਤੰਗੀਆ ਤੁਰਸ਼ੀਆ ਕਾਰਨ ਹਰ ਵਕਤ ਸਿਰਫ ਕਾਰੋਬਾਰ ਵੱਲ ਹੀ ਧਿਆਨ ਦਿੱਤਾ । ਦੁਨੀਆ ਦੇ ਕਈ ਦੇਸ਼ ਘੁੰਮਦਿਆ,ਬਿਜਨਸ਼ ਡੀਲ਼ਾ ਕਰਦਿਆ ਪਤਾ ਹੀ ਨਾ ਚੱਲਿਆ ਕਦ ਵੀਹ ਸਾਲ ਬੀਤ ਗਏ ।
ਫੁਰਸਤ ਦੇ ਪਲਾ ਦੌਰਾਨ ਕੱਲ ਸ਼ਾਮ ਕਿਸੇ ਦੇਸ਼ ਦੀ ਸਮੁੰਦਰੀ ਬੀਚ ਤੇ ਸਕਾੱਚ ਦੀਆ ਚੁਸਕੀਆ ਲੈ ਰਹੇ ਦਾ ਧਿਆਨ ਸਬੱਬੀ ਅਸਮਾਨ ਵਿੱਚ ਉੱਡਦੇ ਪੰਛੀਆ ਤੇ ਪਿਆ,ਜੋ ਸ਼ਾਮ ਪੈਣ ਕਾਰਨ ਚੋਗ ਚੁਗ ਆਪਣੇ ਆਲਣਿਆ ਵੱਲ ਵਾਪਿਸ ਪਰਤ ਰਹੇ ਸਨ । ਪੰਛੀਆ ਨੂੰ ਉੱਡੇ ਜਾਂਦੇ ਦੇਖ ਉਸਦੇ ਵੀ ਸੀਨੇ ਵਿੱਚ ਅੱਜ ਵੀਹਾਂ ਸਾਲਾ ਬਾਅਦ ਪਿੰਡ ਧੜਕਿਆ, ਬਿਨਾ ਵਕਤ ਗੁਆਏ ਉਸਨੇ ਵਤਨਾਂ ਨੂੰ ਜਾਣ ਲਈ ਸੈਕੇਟਰੀ ਨੂੰ ਬਿਜਨਸ਼ ਕਲਾਸ ਵਿੱਚ ਸੀਟ ਬੁੱਕ ਕਰਨ ਦਾ ਹੁਕਮ ਦਿੱਤਾ । ਅਗਲੇ ਦਿਨ ਦੀ ਸਵੇਰ ਨੂੰ ਆਪਣੇ ਦਿੱਲੀ ਸਥਿੱਤ ਆਫਿਸ ਪਹੁੰਚ ਗਿਆ , ਡਰਾਇਵਰ ਤੋਂ ਬਗੈਰ ਖੁਦ ਹੀ ਰੇਂਜ ਰੋਵਰ ਕੱਢੀ ਤੇ ਕਰ ਦਿੱਤੀ ਸਿੱਧੀ ਪੰਜਾ ਦਰਿਆਵਾ ਦੀ ਧਰਤੀ ਵੱਲ ਨੂੰ ।
ਪੰਜਾਬ ਆਪਦੇ ਜਿਲੇ ਦੀ ਹੱਦ ਵਿੱਚ ਦਾਖਿਲ ਹੋਣ ਤੱਕ ਸੂਰਜ ਵੀ ਪੰਜ ਦਰਿਆਵਾ ਦੀ ਧਰਤ ਨੂੰ ਅਲਵਿਦਾ ਕਹਿ ਕਿ ਉਸਨੂੰ ਕਾਮਯਾਬ ਕਰਨ ਵਾਲੇ ਮੁਲਕ ਦੀਆ ਸੂਹੀ ਸੱਜਰੀ ਸਵੇਰ ਦੀਆ ਅੰਗੜਾਈਆ ਭੰਨਾ ਰਿਹਾ ਸੀ । ਵੀਹ ਸਾਲਾ ਬਾਅਦ ਅੱਜ ਉਸਨੇ ਮਸ਼ੀਨੀ ਜ਼ਿੰਦਗੀ ਵਿੱਚੋ ਨਿੱਕਲ ਇੰਨਸਾਨੀ ਜ਼ਿੰਦਗੀ ਵਿੱਚ ਪ੍ਰਵੇਸ਼ ਕੀਤਾ ਸੀ ।
ਠੇਕਾ ਸ਼ਰਾਬ ਅੰਗਰੇਜ਼ੀ ਤੇ ਦੇਸੀ ਤੋਂ ਲੈਕੇ ਗੱਡੀ ਵਿੱਚ ਰੱਖੀਆ RC ਦੀਆ ਬੋਤਲਾਂ ਵਿੱਚੋ ਇੱਕ ਬੋਤਲ ਆਖਰੀ ਪੈੱਗ ਨਾਲ ਹੱਥ ਖੜੇ ਕਰ ਗਈ ਸੀ,ਦੂਜੀ ਦਾ ਢੱਕਣ ਮੁਰਗ਼ੇ ਦੀ ਧੌਣ ਵਾਂਗ ਮਰੋੜਿਆ ਜਾ ਚੁੱਕਾ ਸੀ । ਹੁਣ ਭਾਵੇਂ ਸ਼ਹਿਰਾਂ ਪਿੰਡਾਂ ਦਾ ਆਲਾ ਦੁਆਲਾ ਸਭ ਬਦਲ ਚੁੱਕਾ ਸੀ ਪਰ ਦਿਮਾਗ ਵਿੱਚ ਪੱਕੇ ਤੌਰ ਤੇ ਵਹਿ ਗਏ ਜਨਮ ਭੋਇੰ ਦੇ ਨਕਸ਼ੇ ਕਦੋ ਮਿਟਦੇ ਨੇ । ਨਸ਼ਾ ਉਸਦੇ ਦਿਮਾਗ ਤੇ ਭਾਰੂ ਹੁੰਦਾ ਜਾ ਰਿਹਾ ਸੀ, ਵਰਤਮਾਨ ਤੋਂ ਤਾਂ ਉਹ ਕਦੋ ਦਾ ਅਤੀਤ ਦੇ ਸਮੇਂ ਵਿੱਚ ਜਾ ਚੁੱਕਾ ਸੀ । ਪਿੰਡੋਂ ਆਪਣੇ ਘਰ ਨੂੰ ਮੁੜਣ ਵਾਲੀ ਸੜਕ ਜੋ ਕਾਫ਼ੀ ਦੇਰ ਦੀ ਜੀ ਟੀ ਰੋਡ ਬਣ ਗਈ ਸੀ ਦਾ ਮੋੜ ਮੁੜਦਿਆ ਹੀ ਉਸਨੇ ਵੀਹ ਸਾਲਾ ਪਹਿਲਾ ਵਾਂਗ ਰੇਂਜ ਰੋਵਰ ਦਾ ਹਾਰਨ ਦੱਬਿਆ,ਹਾਰਨ ਚੋ ਨਿੱਕਲੀ ਅਵਾਜ ਉਸਨੂੰ ਆਪਣੇ ਚੇਤਕ ਦੇ ਹਾਰਨ ਵਿੱਚੋ ਨਿੱਕਲੀ ਅਵਾਜ ਵਰਗੀ ਲੱਗੀ । ਘਰਦੇ ਦੇ ਬੂਹੇ ਅੱਗੇ ਪਹੁੰਚ ਕੇ ਵੀਹ ਸਾਲ ਪਹਿਲਾ ਵਾਂਗ ਉਸਨੇ ਹਾਰਨ ਵਜਾਇਆ ਤੇ ਬੂਹਾ ਖੁੱਲਣ ਦਾ ਇੰਤਜਾਰ ਕਰਨ ਲੱਗਾ,ਫੇਰ ਦੋ ਵਾਰ,ਚਾਰ ਵਾਰ,ਛੇ ਵਾਰ ਹਾਰਨ ਵਜਾਇਆ ਪਰ ਬੂਹਾ ਨਾ ਖੁੱਲਾ ।
ਸਿਰ ਨੂੰ ਦੋ ਵਾਰ ਜ਼ੋਰ ਦੀ ਝਟਕਣ ਤੇ ਸੁਰਤ ਅਤੀਤ ਵਿੱਚੋ ਵਰਤਮਾਨ ਵਿੱਚ ਵਾਪਿਸ ਆਈ, ਗੱਡੀ ਦੀਆ ਲਾਈਟਾਂ ਹਾਈ ਬੀਮ ਫ਼ਲੈਸ਼ ਕਰਨ ਤੇ ਰੌਸ਼ਨੀ ਬੂਹੇ ਦੇ ਬਾਹਰ ਲਮਕਦੇ ਜਿੰਦਰੇ ਤੇ ਪਈ ਜੋ ਲਗਾਤਾਰ ਦਹਾਕੇ ਦਾ ਸਮਾਂ ਬੀਤਣ ਕਰਕੇ ਜੰਗਾਲ਼ ਕਾਰਨ ਆਪਦਾ ਹੁਸਨ ਖੋਹ ਚੁੱਕਾ ਸੀ,ਉਸਨੂੰ ਇਹ ਕਹਿੰਦਾ ਪ੍ਰਤੀਤ ਹੋ ਰਿਹਾ ਸੀ ਕਿ ਮਿੱਤਰਾ ਹਾਰਨ ਵਜਾਏ ਤੋਂ “ਹੁਣ ਇਹ ਬੂਹਾ ਕਦੇ ਨਹੀ ਅੰਦਰੋ ਖੁੱਲਣਾ” , ਹੁਣ ਉਸਦੇ ਅੱਥਰੂ ਇਹਨਾ ਵੀਹਾ ਸਾਲਾ ਵਿੱਚ ਗਵਾਏ ਸਭ ਤੋਂ ਅਣਮੁੱਲੇ ਖ਼ਜ਼ਾਨੇ “ਮਾਂ” ਨੂੰ ਯਾਦ ਕਰ ਕੁੰਢੀਆ ਮੁੱਛਾਂ ਕੋਲ ਦੀ ਲੰਘਦੇ ਹਿੱਕ ਤੇ ਡਿੱਗ ਰਹੇ ਸਨ ਤੇ ਗੱਡੀ ਦੇ ਸਪੀਕਰਾਂ ਵਿੱਚੋ ਗੀਤ ਦੇ ਇਹ ਬੋਲ ਨਿੱਕਲ ਰਹੇ ਸਨ ‘ਵਾਪਿਸ ਨੀ ਆਉਣਾ ਉਹਨਾ ਨਦੀਆਂ ਦੇ ਪਾਣੀਆ’।
✍🏻