Skip to content Skip to footer

ਲਾਇਬ੍ਰੇਰੀ ਐਕਟ ’ਤੇ ਅਮਲ ਦੀ ਲੋੜ
ਅਜੋਕੇ ਸਮੇਂ ਵਿਚ ਸੂਚਨਾ ਅਤੇ ਤਕਨਾਲੋਜੀ ਦੇ ਵਿਆਪਕ ਪਸਾਰ ਨੇ ਅਜੋਕੀ ਪੀੜ੍ਹੀ ਦੇ ਹੱਥਾਂ ਵਿੱਚ ਮੋਬਾਈਲ, ਕੰਪਿਊਟਰ ਤੇ ਲੈਪਟੌਪ ਫੜਾ ਦਿੱਤੇ ਹਨ, ਪਰ ਕਿਤਾਬਾਂ ਨਾਲੋਂ ਟੁੱਟੇ ਨੌਜਵਾਨਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਪੰਜਾਬ ਸਰਕਾਰ ਨੇ ਭਾਵੇਂ ਲਾਇਬ੍ਰੇਰੀ ਐਕਟ ਪਾਸ ਕੀਤਾ ਹੋਇਆ ਹੈ, ਪਰ ਇਹ ਅਮਲੀ ਰੂਪ ਵਿਚ ਲਾਗੂ ਨਹੀਂ ਹੋ ਰਿਹਾ। ਪਿੰਡਾਂ ਵਿਚ ਜਨਤਕ ਲਾਇਬ੍ਰੇਰੀਆਂ ਖੋਲ੍ਹਣ ਦੀ ਲੋੜ ਹੈ। ਭਾਵੇਂ ਇਹ ਉਦਮ ਕੁਝ ਪਿੰਡਾਂ ਵਿਚ ਸ਼ੁਰੂ ਹੋ ਚੁੱਕਾ ਹੈ, ਪਰ ਇਸ ਬਾਬਤ ਵੱਡੇ ਹੰਭਲੇ ਦੀ ਲੋੜ ਹੈ। ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਅਜੋਕੇ ਦੌਰ ਦੇ ਹਾਣ ਦਾ ਬਣਾਇਆ ਜਾਵੇ। ਹਰੇਕ ਸਕੂਲ ਵਿਚ ਲਾਇਬ੍ਰੇਰੀਅਨ ਦੀ ਅਸਾਮੀ ਭਰੀ ਜਾਵੇ ਤੇ ਸਕੂਲੀ ਟਾਈਮ ਟੇਬਲ ਵਿਚ ਲਾਇਬ੍ਰੇਰੀ ਦਾ ਪੀਰੀਅਡ ਜ਼ਰੂਰੀ ਕੀਤਾ ਜਾਵੇ। ਸਹਿਤਕ ਸ਼ਖ਼ਸੀਅਤਾਂ ਨੂੰ ਬੱਚਿਆਂ ਦੇ ਰੂ-ਬ-ਰੂ ਕਰਾਇਆ ਜਾ ਸਕਦਾ ਹੈ। ਸਕੂਲਾਂ ’ਚ ਭਾਵੇਂ ਬਾਲ ਮੈਗਜ਼ੀਨ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਪਰ ਇਹ ਯਤਨ ਵਧੇਰੇ ਧਿਆਨ ਦੀ ਮੰਗ ਕਰਦੇ ਹਨ। ਪਿੰਡਾਂ ਦੇ ਅਗਾਂਹਵਧੂ ਨੌਜਵਾਨ, ਪੰਚਾਇਤਾਂ, ਮਾਪੇ ਤੇ ਸਰਕਾਰ ਨੂੰ ਇਸ ਪੱਖੋਂ ਸੁਹਿਰਦ ਯਤਨ ਕਰਨੇ ਚਾਹੀਦੇ ਹਨ।
ਮਨਜੀਤ ਕੌਰ ਲਾਇਬ੍ਰੇਰੀਅਨ, ਆਦੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ

ਵਿਦਿਆਰਥੀਆਂ ਨੂੰ ਕਿਤਾਬੀ ਚੇਟਕ ਲਾਈ ਜਾਵੇ
ਪੁਸਤਕਾਂ ਮਨੁੱਖ ਦਾ ਚੰਗਾ ਮਿੱਤਰ ਆਖੀਆਂ ਜਾਂਦੀਆਂ ਹਨ। ਅਹਿਮ ਸ਼ਖ਼ਸੀਅਤਾਂ ਤੇ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਪੜ੍ਹਨ ਨਾਲ ਉਨ੍ਹਾਂ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ। ਵਿਦਿਆਰਥੀ ਸਿਲੇਬਸ ਦੀਆਂ ਪੁਸਤਕਾਂ ਪੜ੍ਹਨ ਦੇ ਨਾਲ ਨਾਲ ਹੋਰ ਪੁਸਤਕਾਂ ਪੜ੍ਹ ਕੇ ਆਪਣਾ ਗਿਆਨ ਵਧਾ ਸਕਦੇ ਹਨ ਤੇ ਆਪਣੇ ਸ਼ਬਦਕੋਸ਼ ਨੂੰ ਵਿਸ਼ਾਲ ਕਰ ਸਕਦੇ ਹਨ। ਸਰਕਾਰ ਵੱਲੋਂ ਸਰਕਾਰੀ ਲਾਇਬ੍ਰੇਰੀਆਂ ਦੀ ਹਾਲਤ ਸੁਧਾਰਨ ਲਈ ਕਦਮ ਪੁੱਟਣੇ ਚਾਹੀਦੇ ਹਨ। ਇਨ੍ਹਾਂ ਦੀ ਦਿੱਖ ਸੁੰਦਰ ਬਣਾਉਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਕਿਤਾਬਾਂ ਰੱਖਣੀਆਂ ਚਾਹੀਦੀਆਂ ਹਨ। ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਵਿਦਿਆਰਥੀਆਂ ਦੇ ਵਿਦਿਅਕ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਇਨਾਮ ਵਿਚ ਕਿਤਾਬਾਂ ਦੇਣੀਆਂ ਚਾਹੀਦੀਆਂ ਹਨ, ਇਸ ਨਾਲ ਪਾੜ੍ਹਿਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਹੋਵੇਗੀ ਤੇ ਉਨ੍ਹਾਂ ’ਚ ਲਾਇਬ੍ਰੇਰੀ ਜਾਣ ਦਾ ਰੁਝਾਨ ਵਧੇਗਾ।
ਜੱਗੀ ਕੁਮਾਰ, ਭੁੱਲਰ ਕਾਲੋਨੀ, ਸ੍ਰੀ ਮੁਕਤਸਰ ਸਾਹਿਬ

ਲਾਇਬ੍ਰੇਰੀ ਹਰ ਮੁਹੱਲੇ ਵਿਚ ਖੋਲ੍ਹੀ ਜਾਵੇ
ਅੱਜ ਦੇ ਯੁੱਗ ਖ਼ਾਸ ਕਰਕੇ ਵਿਦਿਆਰਥੀ ਜ਼ਿੰਦਗੀ ਵਿਚ ਲਾਇਬ੍ਰੇਰੀ ਦਾ ਬਹੁਤ ਮਹੱਤਵ ਹੈ। ਡਿਜੀਟਲ ਯੁੱਗ ਵਿਚ ਲੋਕਾਂ ਦਾ ਲਾਇਬ੍ਰੇਰੀਆਂ ਵੱਲ ਧਿਆਨ ਭਾਵੇਂ ਘਟ ਰਿਹਾ ਹੈ, ਪਰ ਜੋ ਗਿਆਨ ਲਾਇਬ੍ਰੇਰੀ ਵਿਚੋਂ ਮਿਲਦਾ ਹੈ, ਉਹ ਹੋਰ ਕਿਤੋਂ ਨਹੀਂ। ਲਾਇਬ੍ਰੇਰੀ ਕਿਤਾਬਾਂ ਦਾ ਭੰਡਾਰ ਹੁੰਦੀ ਹੈ, ਜਿਸ ਨਾਲ ਗਿਆਨ ਦਾ ਭੰਡਾਰ ਮਿਲਦਾ ਹੈ। ਲਾਇਬ੍ਰੇਰੀਆਂ ਨੂੰ ਪ੍ਰਾਇਮਰੀ ਸਕੂਲਾਂ, ਪਿੰਡਾਂ ਤੇ ਸ਼ਹਿਰਾਂ ਦੇ ਸਾਰੇ ਮੁਹੱਲਿਆਂ ਵਿਚ ਖੋਲ੍ਹਣ ਨਾਲ ਲੋਕਾਂ ਦਾ ਰੁਝਾਨ ਕਿਤਾਬਾਂ ਪ੍ਰਤੀ ਵਧ ਸਕਦਾ ਹੈ।
ਜਗਜੀਤ ਸਿੰਘ ‘ਗਿਆਨਾ’, ਬਠਿੰਡਾ

ਕਿਤਾਬਾਂ ਹੀ ਸੱਚੀਆਂ ਦੋਸਤ, ਮੋਬਾਈਲ ਨਹੀਂ
ਅਜੋਕੇ ਸਮੇਂ ਵਿਚ ਨੌਜਵਾਨ ਪੀੜ੍ਹੀ ਮੋਬਾਈਲ ਉਪਰ ਜ਼ਿਆਦਾ ਨਿਰਭਰ ਹੈ। ਨੌਜਵਾਨਾਂ ਦੀ ਜ਼ਿੰਦਗੀ ਵਿਚ ਕਿਤਾਬਾਂ ਦੀ ਜਗ੍ਹਾ ਬਹੁਤ ਘਟ ਗਈ ਹੈ। ਬਿਨਾਂ ਸ਼ੱਕ ਮੋਬਾਈਲ ਕੋਲ ਹਰ ਗੱਲ ਦਾ ਜਵਾਬ ਹੈ, ਪਰ ਉਸ ਨਾਲ ਸਾਡਾ ਦਿਮਾਗ, ਸਿੱਖਣ ਦੀ ਯੋਗਤਾ ਖੋਹ ਬੈਠਦਾ ਹੈ। ਸ਼ੋਰ-ਸ਼ਰਾਬੇ ਤੋਂ ਦੂਰ ਹੋ ਕੇ ਚੰਗੀ ਕਿਤਾਬ ਦੇ ਅੱਖਰਾਂ ਨਾਲ ਤਾਲਮੇਲ ਬਣਾਉਣਾ ਸਿਮਰਨ ਕਰਨ ਵਾਂਗ ਹੈ। ਅਜਿਹਾ ਕਰਨ ਨਾਲ ਮਨ ਸਵੈ-ਵਿਸ਼ਵਾਸ ਨਾਲ ਭਰਿਆ ਰਹਿੰਦਾ ਹੈ ਤੇ ਦਿਮਾਗ ਤੇਜ਼ ਹੁੰਦਾ ਹੈ।
ਜਸ਼ਨਦੀਪ ਸਿੰਘ ਬਰਾੜ, ਪਿੰਡ ਚੈਨਾ (ਫ਼ਰੀਦਕੋਟ)

ਲਾਇਬ੍ਰੇਰੀ ਅਧਿਆਪਕ ਆਪਣਾ ਫਰਜ਼ ਪਛਾਣਨ
ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਬਚਾਉਣ ਲਈ ਜ਼ਮੀਨੀ ਪੱਧਰ ’ਤੇ ਕਾਰਜ ਕੀਤੇ ਜਾਣ ਦੀ ਲੋੜ ਹੈ। ਵਿਦਿਆਰਥੀਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਲਾਇਬ੍ਰੇਰੀਆਂ ਦੇ ਮਹੱਤਵ ਬਾਰੇ ਫਿਰ ਤੋਂ ਜਾਣੂ ਕਰਵਾਉਣ ਦੀ ਲੋੜ ਹੈ, ਕਿਉਂਕਿ ਡਿਜੀਟਲ ਯੁੱਗ ਦੇ ਦੌਰ ਵਾਲੀ ਨਵੀਂ ਪੀੜ੍ਹੀ ਲਾਇਬ੍ਰੇਰੀ ਸ਼ਬਦ ਦਾ ਸਹੀ ਅਰਥ ਨਹੀਂ ਜਾਣਦੀ। ਸਕੂਲ ਪੱਧਰ ’ਤੇ ਲਾਇਬ੍ਰੇਰੀ ਦਾ ਪੀਰੀਅਡ ਜ਼ਰੂਰ ਹੋਣਾ ਚਾਹੀਦਾ ਹੈ। ਸਬੰਧਤ ਅਧਿਆਪਕ ਨੂੰ ਵੀ ਸਿਰਫ਼ ਲਾਇਬ੍ਰੇਰੀ ਵਿਚੋਂ ਦਿੱਤੀਆਂ ਕਿਤਾਬਾਂ ਵਾਲੇ ਰਜਿਸਟਰ ਨੂੰ ਹਰ ਮਹੀਨੇ ਬਿਨਾਂ ਕਿਤਾਬਾਂ ਵੰਡੇ ਵਿਦਿਆਰਥੀਆਂ ਦੇ ਦਸਤਖ਼ਤ ਕਰਾਉਣ ਦੀ ਥਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਕਿਤਾਬਾਂ ਵੰਡਣੀਆਂ ਚਾਹੀਦੀਆਂ ਹਨ।
ਚਰਨਜੀਤ ਸਿੰਘ, ਦਰਸ਼ਨ ਕਲੋਨੀ, ਨੇੜੇ ਅਬਲੋਵਾਲ, ਪਟਿਆਲਾ

ਪਾੜ੍ਹਿਆਂ ਨੂੰ ਗਿਆਨ ਦੀ ਭੁੱਖ ਲਾਈ ਜਾਵੇ
ਵਿਦਿਆ ਹੀ ਇਕ ਮਾਤਰ ਰਾਹ ਹੈ, ਜੋ ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰਦਾ ਹੈ ਤੇ ਗਿਆਨ ਅਜਿਹਾ ਖ਼ਜ਼ਾਨਾ ਹੈ, ਜਿਸ ਨੂੰ ਕਦੇ ਕੋਈ ਲੁੱਟ ਨਹੀਂ ਸਕਦਾ ਤੇ ਇਸ ਗਿਆਨ ਰੂਪੀ ਖ਼ਜ਼ਾਨੇ ਨੂੰ ਭਰਨ ਲਈ ਲਾਇਬ੍ਰੇਰੀਆਂ ਦੀ ਹੋਂਦ ਨੂੰ ਬਚਾਉਣਾ ਬਹੁਤ ਲਾਜ਼ਮੀ ਹੈ। ਅਜੋਕੇ ਡਿਜੀਟਲ ਸਾਧਨ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਤੋਂ ਦੂਰ ਲਿਜਾ ਕੇ ਲਾਇਬ੍ਰੇਰੀਆਂ ਲਈ ਕਬਰਾਂ ਤਿਆਰ ਕਰ ਰਹੇ ਹਨ। ਲੋੜ ਹੈ, ਲੋਕਾਂ ਅੰਦਰ ਸਾਹਿਤਕ ਰੁਚੀ ਪੈਦਾ ਕਰਨ ਦੀ। ਸਕੂਲ-ਕਾਲਜ ਪੱਧਰ ’ਤੇ ਲਾਇਬ੍ਰੇਰੀਆਂ ਦੀ ਮਹੱਤਤਾ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣ ਅਤੇ ਵਿਦਿਆਰਥੀਆਂ ਅੰਦਰ ਕਿਤਾਬਾਂ ਪੜ੍ਹਨ ਦੀ ਚਿਣਗ ਲਾਈ ਜਾਵੇ। ਜੇ ਵਿਦਿਆਰਥੀਆਂ ਅੰਦਰ ਕੁਝ ਜਾਣਨ ਦੀ ਭੁੱਖ ਹੀ ਨਹੀਂ ਤਾਂ ਉਨ੍ਹਾਂ ਲਈ ਕਿਤਾਬਾਂ ਜਾਂ ਲਾਇਬ੍ਰੇਰੀ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ। ਇਸ ਲਈ ਸਾਹਿਤਕ ਪ੍ਰੇਮੀ, ਬੁੱਧੀਜੀਵੀ ਵਰਗ ਤੇ ਅਧਿਆਪਕ ਵਰਗ ਰਲ ਕੇ ਹੰਭਲਾ ਮਾਰਨ ਤੇ ਸਕੂਲਾਂ-ਕਾਲਜਾਂ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ। ਆਮ ਲੋਕਾਂ ਵਿਚ ਵਿਚਰ ਕੇ ਲਾਇਬ੍ਰੇਰੀਆਂ ਦੀ ਮਹੱਤਤਾ ਤੋਂ ਜਾਣੂੰ ਕਰਾਇਆ ਜਾਵੇ। ਬੱਚਿਆਂ ਦੇ ਕੋਰੇ ਕਾਗਜ਼ ਰੂਪੀ ਦਿਮਾਗ ਅੰਦਰ ਗੂਗਲ ਗਿਆਨ ਦੇ ਨਾਲ ਨਾਲ ਕਿਤਾਬੀ ਚਾਨਣ ਪਸਾਰਿਆ ਜਾਵੇ। ਮਹਾਨ ਸਖ਼ਸ਼ੀਅਤਾਂ ਦੇ ਦਿਵਸ ’ਤੇ ਉਨ੍ਹਾਂ ਦੇ ਜੀਵਨ ਵਿਚ ਕਿਤਾਬਾਂ ਦੀ ਭੂਮਿਕਾ ਬਾਰੇ ਭਾਸ਼ਨ ਦਿੱਤੇ ਜਾਣ ਅਤੇ ਸਾਹਿਤਕ ਗਤੀਵਿਧੀਆਂ ਨੂੰ ਗਲੀ, ਮੁਹੱਲੇ ਤੇ ਸੱਥਾਂ ਵਿੱਚ ਲਿਜਾ ਕੇ ਸਾਹਿਤਕ ਪ੍ਰੇਰਨਾ ਦਿੱਤੀ ਜਾਵੇ।
ਸੁਖਪ੍ਰੀਤ ਸਿੰਘ, ਪਿੰਡ ਤਾਮਕੋਟ (ਸ੍ਰੀ ਮੁਕਤਸਰ ਸਾਹਿਬ)

Leave a comment

0.0/5

Facebook
YouTube
YouTube
Pinterest
Pinterest
fb-share-icon
Telegram