ਪੈਰਿਸ — ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੇ 100 ਸਾਲ ਪੂਰੇ ਹੋਣ ‘ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਫਰਾਂਸ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ‘ਚ ਇਕ ਟਾਪਲੈੱਸ ਔਰਤ ਨੂੰ ਪੁਲਸ ਨੇ ਕਾਬੂ ਕੀਤਾ ਹੈ। ਇਸ ਟਾਪਲੈੱਸ ਮਹਿਲਾ ਨੇ ਸੁਰੱਖਿਆ ਘੇਰਾ ਤੋੜਦੇ ਹੋਏ ਟਰੰਪ ਦੇ ਕਾਫਿਲੇ ਵੱਲ ਦੌੜਦੀ ਪਈ ਸੀ, ਇਸ ਦਾ ਮਕਸਦ ਟਰੰਪ ਦਾ ਵਿਰੋਧ ਸੀ। ਮਹਿਲਾ ਨੇ ਆਪਣੀ ਛਾਤੀ ‘ਤੇ ‘ਫੇਕ ਪੀਸ’ ਲਿੱਖਿਆ ਹੋਇਆ ਸੀ ਜਿਸ ਦਾ ਮਤਲਬ ਹੈ ‘ਝੂਠੀ ਸ਼ਾਂਤੀ।’
ਇਹ ਉਦੋਂ ਹੋਇਆ ਜਦੋਂ ਡੋਨਾਲਡ ਟਰੰਪ ਪਹਿਲੇ ਵਿਸ਼ਵ ਯੁੱਧ ਦੀ 100ਵੀਂ ਵਰ੍ਹੇਗੰਢ ਪੂਰੇ ਹੋਣ ‘ਤੇ ਪੈਰਿਸ ਦੇ ਆਰਕ ਡਿ ਟ੍ਰਾਇਯਮਫ ‘ਤੇ ਹੋਣ ਵਾਲੇ ਰਸਮੀ ਪ੍ਰੋਗਰਾਮ ‘ਚ ਸ਼ਿਰਕਤ ਲਈ ਜਾ ਰਹੇ ਸਨ। ਪੁਲਸ ਨੇ 2 ਹੋਰ ਟਾਪਲੈੱਸਾਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਕਰੀਬ 10,000 ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਸਨ। ਗ੍ਰਹਿ ਮੰਤਰੀ ਕ੍ਰਿਸਟੋਫ ਕਾਸਟਨਰ ਨੇ ਕਿਹਾ ਕਿ ਟਰੰਪ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਨਾਲ ਖਤਰਾ ਨਹੀਂ ਹੈ। ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਦੁਨੀਆ ਭਰ ਦੇ 70 ਦੇਸ਼ਾਂ ਦੇ ਨੇਤਾ ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਪਹੁੰਚੇ ਹਨ। ਐਤਵਾਰ ਨੂੰ ਇਸ ਮੌਕੇ ਵਿਸ਼ਵ ਭਰ ਦੇ ਨੇਤਾ 1914 ਤੋਂ 1918 ਵਿਚਾਲੇ ਆਪਣੀ ਜਾਨ ਗੁਆ ਚੁੱਕੇ ਲੋਕਾਂ ਨੂੰ ਯਾਦ ਕਰ ਰਹੇ ਹਨ। 4 ਸਾਲ ਦੀ ਲੰਬੀ ਲੜਾਈ ਤੋਂ ਬਾਅਦ 1918 ‘ਚ ਨਵੰਬਰ ਨੂੰ ਇਹ ਜੰਗ ਖਤਮ ਹੋਈ ਸੀ।
ਭਾਰਤ ਦੇ ਉਪ-ਰਾਸ਼ਟਰਪਤੀ ਵੈਂਕੇਯਾ ਨਾਇਡੂ ਵੀ ਇਸ ਮੌਕੇ ਪੈਰਿਸ ਪਹੁੰਚੇ ਹਨ। ਉਪ-ਰਾਸ਼ਟਰਪਤੀ ਐਮ. ਵੈਂਕੇਯਾ ਨਾਇਡੂ ਨੇ ਐਤਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨਾਲ ਵੀ ਮੁਲਾਕਾਤ ਕੀਤੀ। ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਐਤਵਾਰ ਸਵੇਰੇ ਇਸ ਜੰਗ ‘ਚ ਮਾਰੇ ਗਏ ਫੌਜੀਆਂ ਦੀ ਸਮਾਧੀ ‘ਤੇ ਸ਼ਰਧਾਂਜਲੀ ਨਾਲ ਅੰਤਰਰਾਸ਼ਟਰੀ ਜੰਗਬੰਦੀ ਦਿਵਸ ਦੀ ਅਗਵਾਈ ਕੀਤੀ। ਇਹ ਸਮਾਧੀ ਪੈਰਿਸ ‘ਚ ਆਰਕ ਡਿ ਟ੍ਰਾਇਯਮਫ ਦੇ ਹੇਠਾਂ ਸਥਿਤ ਹੈ। ਦੁਨੀਆ ਦੇ ਦੂਜੇ ਨੇਤਾਵਾਂ ਨੇ ਇਸ ਜੰਗ ‘ਚ ਮਾਰੇ ਗਏ ਕਰੀਬ 1 ਕਰੋੜ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ।