Skip to content Skip to footer

* * * * * Punjabi Digital Library – PDF Books & Audio Books * * * * *

ਵਾਲ ਕੱਟੇ ਜਾਣ ਦੀਆਂ ਘਟਨਾਵਾਂ: ਇਕ ਪਹਿਲੂ ਇਹ ਵੀ

ਵਾਲ ਕੱਟੇ ਜਾਣ ਦੀਆਂ ਘਟਨਾਵਾਂ: ਇਕ ਪਹਿਲੂ ਇਹ ਵੀ

ਸਾਲ 2003-04 ਵਿੱਚ ਮੈਂ ਇੱਕ ਸਬ ਡਿਵੀਜ਼ਨ ਦਾ ਡੀ.ਐੱਸ.ਪੀ. ਲੱਗਾ ਹੋਇਆ ਸੀ। ਉਨ੍ਹੀਂ ਦਿਨੀ ਜ਼ਿਲ੍ਹੇ ਵਿੱਚ ਉੱਪਰ ਥੱਲੇ ਤਿੰਨ ਚਾਰ ਵਾਰਦਾਤਾਂ ਹੋ ਗਈਆਂ ਕਿ ਕਾਰ ਸਵਾਰ ਕਿਸੇ ਲੜਕੇ ਨੂੰ ਅਗਵਾ ਕਰ ਕੇ ਲੈ ਗਏ ਤੇ ਕੇਸ ਕੱਟ ਕੇ ਸੁੱਟ ਗਏ। ਇਸ ਬਾਤ ਦਾ ਕਈ ਜਥੇਬੰਦੀਆਂ ਨੇ ਬਹੁਤ ਵੱਡਾ ਬਤੰਗੜ ਬਣਾਇਆ ਹੋਇਆ ਸੀ ਤੇ ਪੁਲੀਸ ਲਈ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਸੀ। ਜ਼ਿਲ੍ਹੇ ਵਿੱਚ ਦਰਜਨਾਂ ਨਾਕੇ ਲੱਗੇ ਹੋਏ ਸਨ। ਕਾਰਾਂ ਵਾਲਿਆਂ ਦੀ ਸ਼ਾਮਤ ਆਈ ਹੋਈ ਸੀ। ਇੱਕ ਨਾਕੇ ਤੋਂ ਲੰਘਦੇ ਤਾਂ ਦੂਸਰਾ ਘੇਰ ਲੈਂਦਾ। ਇੱਕ ਦਿਨ ਤਿੰਨ ਕੁ ਵਜੇ ਮੈਂ ਦਫ਼ਤਰ ਬੈਠਾ ਹੋਇਆ ਸੀ ਕਿ ਇੱਕ ਥਾਣੇ ਤੋਂ ਐਸ.ਐੱਚ.ਓ. ਦਾ ਫੋਨ ਆਇਆ। ਉਹ ਬੜਾ ਘਬਰਾਇਆ ਹੋਇਆ ਸੀ, ‘‘ਜਨਾਬ ਜ਼ਰਾ ਜਲਦੀ ਥਾਣੇ ਆਇਉ, ਆਪਣੇ ਵੀ ਕੇਸ ਕੱਟਣ ਵਾਲੀ ਵਾਰਦਾਤ ਹੋ ਗਈ ਹੈ।’’ ਦੂਸਰੇ ਥਾਣੇ ਦੀ ਅਜਿਹੀ ਵਾਰਦਾਤ ’ਤੇ ਕੋਈ ਬਹੁਤਾ ਗ਼ੌਰ ਨਹੀਂ ਕਰਦਾ, ਪਰ ਜਦੋਂ ਆਪਣੇ ਗਲ ਗਲਾਵਾਂ ਪੈਂਦਾ ਹੈ ਤਾਂ ਹੋਸ਼ ਉੱਡ ਜਾਂਦੇ ਹਨ। ਥਾਣਾ ਨਜ਼ਦੀਕ ਹੀ ਸੀ। ਮੈਂ ਐਸ.ਐੱਸ.ਪੀ. ਨੂੰ ਦੱਸ ਕੇ ਵੀਹ ਕੁ ਮਿੰਟਾਂ ਵਿੱਚ ਪਹੁੰਚ ਗਿਆ। ਸਾਰਾ ਥਾਣਾ ਲੋਕਾਂ ਨਾਲ ਭਰਿਆ ਹੋਇਆ ਸੀ। ਮੈਂ ਐੱਸ.ਐੱਚ.ਓ. ਦੇ ਦਫ਼ਤਰ ਪਹੁੰਚ ਕੇ ਵੇਖਿਆ ਕਿ 18-19 ਸਾਲ ਦਾ ਇੱਕ ਲੜਕਾ ਆਪਣੇ ਪਿਤਾ ਅਤੇ ਕੁਝ ਮੋਹਤਬਰਾਂ ਨਾਲ ਸਿਰ ਸੁੱਟੀ ਬੈਠਾ ਸੀ। ਇੱਕ ਟਟਪੂੰਜੀਆ ਜਿਹਾ ਮੋਹਤਬਰ, ਜੋ ਪੁਲੀਸ ਦੇ ਖ਼ਿਲਾਫ਼ ਹਰ ਧਰਨੇ ਵਿੱਚ ਮੋਹਰੀ ਹੁੰਦਾ ਸੀ, ਮੈਨੂੰ ਵੇਖ ਕੇ ਬਹੁਤ ਗੁੱਸੇ ਨਾਲ ਬੋਲਿਆ ਜਿਵੇਂ ਸਭ ਤੋਂ ਜ਼ਿਆਦਾ ਦੁੱਖ ਉਸੇ ਨੂੰ ਹੋਇਆ ਹੋਵੇ, ‘‘ਵੇਖ ਲਓ ਸਰ, ਔਰੰਗਜ਼ੇਬ ਵਾਲਾ ਕੰਮ ਹੋ ਰਿਹਾ ਐ। ਅਸੀਂ ਨਹੀਂ ਇਹ ਧੱਕਾ ਬਰਦਾਸ਼ਤ ਕਰਨਾ।’’ ਮੈਂ ਆਪਣੀ ਘਬਰਾਹਟ ਜਾਹਿਰ ਨਾ ਹੋਣ ਦਿੱਤੀ ਤੇ ਉਸ ਨੂੰ ਕੇਸ ਹੱਲ ਕਰਨ ਦਾ ਭਰੋਸਾ ਦਿਵਾਇਆ। ਐਨੀ ਦੇਰ ਨੂੰ ਹੋਰ ਭੀੜ ਇਕੱਠੀ ਹੋ ਗਈ। ਤਮਾਸ਼ਬੀਨਾਂ ਨੇ ਵੀ ਮੋਰਚੇ ਸੰਭਾਲ ਲਏ। ਸੜਕ ਜਾਮ ਕਰਨ ਅਤੇ ਧਰਨੇ ਪ੍ਰਦਰਸ਼ਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ।
2 copyਮੈਂ ਲੜਕੇ ਨੂੰ ਪਿਆਰ ਨਾਲ ਕੋਲ ਬਿਠਾ ਕੇ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਲੜਕਾ ਖੋਖਲੇ ਜਿਹੇ ਅੰਦਾਜ਼ ਵਿੱਚ ਆਪਣੀ ਕਹਾਣੀ ਬਿਆਨ ਕਰਨ ਲੱਗਾ। ਉਸ ਨੇ ਦੱਸਿਆ ਕਿ ਉਹ ਆਪਣੇ ਘਰੋਂ ਸਵੇਰੇ ਕਰੀਬ ਸਾਢੇ ਕੁ ਗਿਆਰਾਂ ਵਜੇ ਬਿੱਲ ਭਰਨ ਲਈ ਬਿਜਲੀ ਦਫ਼ਤਰ ਵੱਲ ਜਾ ਰਿਹਾ ਸੀ। ਦਫ਼ਤਰ ਪਿੰਡੋਂ 3-4 ਕਿਲੋਮੀਟਰ ਬਾਹਰਵਾਰ ਸੀ। ਅਚਾਨਕ ਪਿੱਛੋਂ ਇੱਕ ਮਾਰੂਤੀ ਵੈਨ ਵਿੱਚ 3-4 ਬੰਦੇ ਆਏ। ਉਨ੍ਹਾਂ ਰਸਤਾ ਪੁੱਛਣ ਦੇ ਬਹਾਨੇ ਉਸ ਨੂੰ ਕੋਲ ਬੁਲਾ ਕੇ ਧੂਹ ਕੇ ਵੈਨ ਵਿੱਚ ਸੁੱਟ ਲਿਆ ਤੇ ਧੱਕੇ ਨਾਲ ਉਸ ਦੇ ਕੇਸ ਕੱਟ ਦਿੱਤੇ। ਥੋੜ੍ਹਾ ਅੱਗੇ ਜਾ ਕੇ ਉਸ ਨੂੰ ਚਲਦੀ ਵੈਨ ਵਿੱਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ। ਲੜਕੇ ਦੀ ਗੱਲਬਾਤ ਦਾ ਅੰਦਾਜ਼ ਸ਼ੱਕ ਪੈਦਾ ਕਰ ਰਿਹਾ ਸੀ। ਜਦੋਂ ਮੈਂ ਧਿਆਨ ਨਾਲ ਉਸ ਦੇ ਵਾਲਾਂ ਦੀ ਕਟਿੰਗ ਵੇਖੀ ਤਾਂ ਸਾਰੀ ਗੱਲ ਸਾਫ਼ ਹੁੰਦੀ ਨਜ਼ਰ ਆਈ। ਮੈਂ ਉਸ ਨੂੰ ਬੜੇ ਪਿਆਰ ਨਾਲ ਪੁੱਛਿਆ ਕਿ ਚਲਦੀ ਵੈਨ ਵਿੱਚੋਂ ਬਾਹਰ ਸੁੱਟੇ ਜਾਣ ਕਾਰਨ ਉਸ ਨੂੰ ਕੋਈ ਸੱਟ ਤਾਂ ਨਹੀਂ ਲੱਗੀ? ਉਹ ਥੋੜ੍ਹਾ ਜਿਹਾ ਘਬਰਾ ਗਿਆ ਤੇ ਕਹਿਣ ਲੱਗਾ, ‘ਨਹੀਂ ਜੀ, ਕਾਰ ਬਹੁਤ ਹੌਲੀ ਸੀ। ਉਨ੍ਹਾਂ ਨੇ ਕੱਚੇ ਥਾਂ ’ਤੇ ਹੀ ਧੱਕਾ ਦਿੱਤਾ ਸੀ।’ ਫਿਰ ਮੈਂ ਪੁੱਛਿਆ, ‘ਤੂੰ ਫਿਰ ਕਿਸੇ ਨਾਈ ਕੋਲ ਗਿਆ ਸੀ ਕਿ ਸਿੱਧਾ ਘਰ ਹੀ ਗਿਆ ਸੀ? ਲੜਕੇ ਦੀ ਜ਼ੁਬਾਨ ਨੂੰ ਤੰਦੂਆ ਪੈਣ ਲੱਗ ਪਿਆ। ਉਹ ਮਰੀ ਜਿਹੀ ਆਵਾਜ਼ ਵਿੱਚ ਬੋਲਿਆ ਕਿ ਉਹ ਸਿੱਧਾ ਘਰ ਹੀ ਗਿਆ ਸੀ। ਮੈਂ ਫਿਰ ਪੁੱਛਿਆ ਕਿ ਤੇਰੇ ਵਾਲ਼ ਉਨ੍ਹਾਂ ਨੇ ਕਿਸ ਚੀਜ਼ ਨਾਲ ਕੱਟੇ ਸਨ? ਉਸ ਨੇ ਦੱਸਿਆ ਕਿ ਕੈਂਚੀ ਨਾਲ ਇੱਕ ਹੀ ਵਾਰ ਨਾਲ ਕੱਟ ਸੁੱਟੇ ਸਨ ਤੇ ਨਾਲ ਹੀ ਧੱਕਾ ਦੇ ਦਿੱਤਾ ਸੀ। ਮੈਂ ਉੱਠ ਕੇ ਲੜਕੇ ਦੀ ਗਿੱਚੀ ਵੱਲ ਹੋ ਗਿਆ। ਪਹਿਲਾਂ ਤਾਂ ਮੇਰਾ ਦਿਲ ਕਰੇ ਕਿ ਇਸ ਨੂੰ ਕੱਸ ਕੇ ਦੋ ਚਾਰ ਥੱਪੜ ਰਸੀਦ ਕਰਾਂ। ਪਰ ਮੌਕੇ ਦੀ ਨਜ਼ਾਕਤ ਵੇਖ ਕੇ ਗੁੱਸਾ ਪੀ ਗਿਆ। ਮੈਂ ਮੋਹਤਬਰਾਂ ਨੂੰ ਲੜਕੇ ਦੇ ਵਾਲ ਦਿਖਾਉਂਦੇ ਹੋਏ ਕਿਹਾ, ‘‘ਇਸ ਦੇ ਵਾਲਾਂ ਦੀ ਕਟਿੰਗ ਵੇਖੋ। ਇਹ ਸਾਫ਼ ਸੁਥਰੀ ਕਮਾਂਡੋ ਕੱਟ ਕਟਿੰਗ ਕਿਸੇ ਮਾਹਿਰ ਨਾਈ ਨੇ ਕੀਤੀ ਹੈ। ਮੰਨਿਆ ਕਿ ਕੈਂਚੀ ਨਾਲ ਕੇਸ ਵੱਢ ਦਿੱਤੇ ਹੋਣੇ ਨੇ, ਪਰ ਇਸ ਦੀ ਧੌਣ ’ਤੇ ਉਸਤਰਾ ਵੀ ਕਾਰ ਵਾਲਿਆਂ ਨੇ ਲਾਇਆ ਹੈ? ਕੈਂਚੀ ਦੇ ਇੱਕ ਝਟਕੇ ਨਾਲ ਐਨੀ ਪੱਧਰੀ ਕਟਿੰਗ ਨਹੀਂ ਹੋ ਸਕਦੀ। ਇਸ ਦੀ ਧੌਣ ’ਤੇ ਤਾਂ ਉਹ ਪਾਊਡਰ ਵੀ ਲੱਗਾ ਹੈ ਜੋ ਨਾਈ ਕਟਿੰਗ ਕਰਨ ਤੋਂ ਬਾਅਦ ਵਾਲ ਸਾਫ਼ ਕਰਨ ਲਈ ਲਾਉਂਦੇ ਹਨ।’’ ਮੈਂ ਲੜਕੇ ਨੂੰ ਦਬਕਾ ਮਾਰਿਆ, ਪੁੱਤ ਜਾਂ ਤਾਂ ਸਚਾਈ ਦੱਸ ਦੇ, ਨਹੀਂ ਤੈਨੂੰ ਲੰਮਾ ਪਾਉਣ ਲੱਗੇ ਹਾਂ। ਕੇਸ ਹੱਲ ਹੁੰਦਾ ਵੇਖ ਕੇ ਐੱਸ.ਐੱਚ.ਓ. ਵੀ ਮੁੱਛਾਂ ਨੂੰ ਵੱਟ ਚਾਹੜ ਕੇ ਬੈਂਤ ਖੜਕਾਉਣ ਲੱਗਾ।
ਲੜਕਾ ਛੋਟਾ ਸੀ, ਪੁਲੀਸ ਦਾ ਦਬਕਾ ਨਾ ਝੱਲ ਸਕਿਆ। ਫਟਰ-ਫਟਰ ਬੋਲਣ ਲੱਗਾ, ‘‘ਮੈਂ ਆਪਣੇ ਮਾਂ-ਬਾਪ ਨੂੰ ਕਈ ਵਾਰ ਕਿਹਾ ਸੀ ਮੇਰੇ ਸਿਰ ਪੀੜ ਨਹੀਂ ਹਟਦੀ, ਮੈਂ ਵਾਲ ਕਟਾਉਣੇ ਚਾਹੁੰਦਾ ਹਾਂ। ਪਰ ਇਹ ਨਹੀਂ ਮੰਨਦੇ ਸਨ। ਮੈਂ ਅਖ਼ਬਾਰਾਂ ਵਿੱਚ ਪੜ੍ਹਿਆ ਸੀ ਕਿ ਫਲਾਣੀ ਥਾਂ ’ਤੇ ਕਾਰ ਸਵਾਰਾਂ ਨੇ ਲੜਕੇ ਦੇ ਵਾਲ ਕੱਟ ਦਿੱਤੇ। ਇਸ ਲਈ ਮੈਂ ਵੀ ਡਰਾਮਾ ਕਰ ਦਿੱਤਾ। ਮੈਂ ਤਾਂ ਫਲਾਣੇ ਨਾਈ ਕੋਲੋਂ ਕਟਿੰਗ ਕਰਾਈ ਹੈ।’’ ਕਟਿੰਗ ਕਰਨ ਵਾਲੇ ਨੂੰ ਥਾਣੇ ਬੁਲਾਇਆ ਗਿਆ। ਉਸ ਨੇ ਆਉਂਦੇ ਹੀ ਲੜਕੇ ਨੂੰ ਪਛਾਣ ਲਿਆ ਤੇ ਵਾਲ਼ ਵੀ ਬਰਾਮਦ ਕਰਵਾ ਦਿੱਤੇ। ਲੜਕੇ ਦੇ ਪਿਤਾ ਅਤੇ ਪੰਗੇਬਾਜ਼ਾਂ ਦੇ ਸਿਰ ਵਿੱਚ ਸੌ ਘੜਾ ਪਾਣੀ ਪੈ ਗਿਆ। ਉਹ ਲਿਖਤੀ ਮੁਆਫ਼ੀਨਾਮਾ ਦੇ ਕੇ ਛੁੱਟੇ। ਅਜਿਹਾ ਨਾਜ਼ੁਕ ਮਸਲਾ ਐਨੀ ਆਸਾਨੀ ਨਾਲ ਹੱਲ ਹੋ ਜਾਣ ’ਤੇ ਮੈਂ ਅਤੇ ਐੱਸ.ਐੱਚ.ਓ. ਨੇ ਸੁੱਖ ਦਾ ਸਾਹ ਲਿਆ।
#ਬਲਰਾਜ ਸਿੰਘ ਸਿੱਧੂ ਐੱਸ.ਪੀ.

Leave a comment

0.0/5