Skip to content Skip to footer

ਇੱਕ ਤਸਵੀਰ

ਸਮਰਪਿਤ
ਕੁਝ ਅਜਿਹੇ ਚਿਹਰੇ ਜੋ ਚਾਹ ਕੇ ਵੀ ਨਹੀਂ ਭੁੱਲਦੇ

ਸ਼ਾਮ ਦੇ ਪੰਜ ਵੱਜੇ ਸਨ ਪਰ ਘੁੱਪ ਹਨੇਰਾ ਹੋ ਚੁੱਕਾ ਸੀ। ਪੋਹ ਦੀ‌ ਇਸ‌ ਮਹੀਨੇ ਵਿਚ ਕਾਲੇ ਬੱਦਲਾਂ ਨੂੰ ਵੇਖ, ਲੱਗ ਰਿਹਾ ਸੀ ਕਿ ਲਾਜ਼ਮੀ ਅੱਜ ਕੋਈ ਨਾ ਕੋਈ ਅਣਹੋਣੀ ਘਟਨਾ ਘਟ ਕੇ ਹੀ ਰਹੇਗੀ,ਹਵਾ ਏਦਾਂ ਚੱਲ ਰਹੀ ਸੀ ਜਿਦਾਂ ਜੇਠ ਹਾੜ ਦੇ ਮਹੀਨੇ ਵਿਚ ਹਨੇਰੀ‌ ਵੱਗਦੀ ਹੈ।ਮੇਰਾ ਪੱਥਰ ਜਿਹਾ ਦਿਲ ਵੀ ਅੱਜ ਕੜਕਦੀ ਬਿਜਲੀ‌ ਵਾਂਗ ਆਵਾਜ਼ ਕਰ ਰਿਹਾ ਸੀ। ਉੱਪਰੋਂ ਬਾਪੂ ਹਲੇ ਤੀਕ ਘਰ ਨਹੀਂ ਸੀ ਆਇਆ, ਮੈਨੂੰ ਵਾਰ‌ ਵਾਰ ਬਾਪੂ ਦੀ ਫ਼ਿਕਰ ਸਤਾ ਰਹੀ ਸੀ।

ਮੇਰਾ ਨਾਂ ਸਹਿਜਨੂਰ‌ ਤੇ ਮੇਰਾ‌ ਛੋਟਾ ਜਿਹਾ ਪਿੰਡ ਹੁਸਨੀ ਤੇ ਜਿੱਥੇ ਸਾਡਾ ਛੋਟਾ ਜਿਹਾ ਘਰ‌ ਤੇ ਜਿਸ ਵਿਚ ‌ਸਿਰਫ ਮੈਂ ਤੇ ਮੇਰਾ ਬਾਪੂ ਹੀ ਰਹਿੰਦੇ ਸਾਂ,ਘਰ ਵਿਚ ਸਿਰਫ਼ ਇੱਕ ਕਮਰਾ ਸੀ ਤੇ ਉਸਦੇ ਅੱਗੇ ਕੱਖਾਂ ਤੇ ਕਾਨਿਆਂ ਨਾਲ਼ ਬਣਾਈ ਹੋਈ ਝਲਾਨੀ ਸੀ ਜਿਸ ਨੂੰ ਰਸੋਈ ਕਹਿ ਸਕਦੇ ਹੋ,ਮੇਰਾ ਬਾਪੂ ਪਿੰਡ ਦੇ ਬਾਹਿਰ ਇੱਕ ਫੈਕਟਰੀ ਵਿਚ ਕੰਮ ਕਰਦਾ ਹੈ ਜਿਸ ਨਾਲ ਘਰਦਾ ਗੁਜ਼ਾਰਾ ਵਧੀਆ ਹੋ ਜਾਂਦਾ ਹੈ,ਦੋ ਜਾਣਿਆਂ ਲਈ ਐਨਾ ਬਹੁਤ ਹੈ,ਅੱਠ ਦਸ ਹਜ਼ਾਰ ਮਹੀਨੇ ਦਾ‌ ਖ਼ਰਚ ਵੀ ਨਹੀਂ ਹੁੰਦਾ, ਸਗੋਂ ਉਸੇ ਨੂੰ ਸੰਕੋਚ ਨਾਲ ਵਰਤ‌ ਕੇ ਇੱਕ ਮਹੀਨੇ ਮਗਰ ਇੱਕ ਦੋ ਹਜ਼ਾਰ ਬੱਚਤ ਵੀ ਹੋ ਜਾਂਦੀ ਹੈ, ਮੈਂ ਸਾਡੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਗਿਆਰਵੀਂ ਜਮਾਤ ਵਿਚ ਪੜ੍ਹ ਰਹੀ ਹਾਂ, ਮੇਰੀ ਪੜ੍ਹਾਈ ਬਿਲਕੁਲ ਮੁਫ਼ਤ ਹੈ,ਜਿਸ ਕਰਕੇ ਮੈਨੂੰ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ, ਮੈਂ ਸਕੂਲੋਂ ਘਰ ਜਾਣ ਤੋਂ ਬਾਅਦ ਗੁਆਂਢੀਆਂ ਦੀ‌ ਰੀਤ ਭਾਬੀ ਕੋਲ਼ ਸਲਾਈ ਦਾ ਕੰਮ ਸਿੱਖਣ ਲਈ ਚੱਲੀ ਜਾਂਦੀ ਹਾਂ,ਜੋ ਕਿ ਬਹੁਤ ਹੀ ਵਧੀਆ ਸੂਟ ਬਣਾਉਂਦੀ ਹੈ, ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ, ਹੁਣ ਮੈਨੂੰ ਥੋੜ੍ਹਾ ਬਹੁਤ ਸਲਾਈ ਕਰਨਾ ਵੀ ਆ‌ ਗਿਆ ਹੈ, ਭਾਬੀ ਕਹਿੰਦੀ ਹੈ ਕਿ ਮੈਂ ਜਲਦੀ‌ ਸਿੱਖ ਜਾਵਾਂਗੀ।

ਬਸ ਇਹੀ ਹੈ ਮੇਰੀ ਜ਼ਿੰਦਗੀ ਮੈਂ ਖੁਸ਼ ਹਾਂ, ਨਹੀਂ ਚਾਹੁੰਦੀ ਮੈਂ ਜੋ ਵਕ਼ਤ ਲੰਘ ਚੁੱਕਾ ਹੈ ਉਸਨੂੰ ਯਾਦ ਕਰਾਂ,ਲੋੜ ਵੀ ਕੀ ਹੈ ਯਾਦ ਕਰਨ ਦੀ ਜਦੋਂ ਪਤਾ ਹੈ ਕੁਝ ਕਰ ਨਹੀਂ ਸਕਦੇ ਫ਼ੇਰ ਐਵੇਂ ਹੀ, ਹਾਂ ਕਦੇ ਕਦੇ ਆਪ ਮੁਹਾਰੇ ਆ ਜਾਂਦੀ ਹੈ ਕਰਮਾਂ ਮਾਰੀ ਮਾਂ ਦੀ‌ ਯਾਦ, ਜਿਸਨੂੰ ਮੇਰੇ ਬਾਪੂ ਨੇ ਗਲ਼ ਘੋਟ ਕੇ ਮਾਰ ਦਿੱਤਾ ਸੀ ਉਹ ਵੀ ਮੇਰੇ ਅੱਖਾਂ ਦੇ ਸਾਹਮਣੇ ਤੇ ਮੈਂ ਵੇਖ ਰਹੀ ਸੀ ਬੁੱਤ ਬਣੀਂ ਸਾਰਾ ਕੁਝ,ਕੀ ਕਹਿੰਦੀ‌ ਬਾਪੂ ਨੂੰ ਕਿ ਮੈਨੂੰ ਵੀ ਮਾਰ ਦੇ…!!!
ਨਹੀਂ , ਖੱਬੇ ਹੱਥ ਦੀਆਂ ਚਾਰ ਉਂਗਲਾਂ ਨਾਲ ਅੱਖਾਂ ਵਿੱਚੋਂ  ਡੁੱਲ ਰਹੇ ਹੰਝੂਆਂ ਨੂੰ ਸਾਫ਼ ਕੀਤਾ ਤੇ ਅੰਦਰ ਜਾਂ ਉਸ ਮੰਜੇ ਤੇ ਇੱਕਲੀ ਸੌਂਣ ਦੀ ਆਦਤ ਪਾ ਲਈ , ਜਿਸ ਤੇ ਕਦੇ ਮਾਂ ਦੀ ਬਾਂਹ ਤੇ ਸਿਰ ਰੱਖ ਸੋ ਜਾਇਆ ਕਰਦੀ ਸੀ,ਉਹ ਜਿਦਾਂ ਦੀ ਵੀ ਸੀ ,ਸੀ ਤੇ ਮੇਰੀ ਮਾਂ ਹੀ… ਜਦੋਂ ਮੈਨੂੰ ਇਹ ਸਮਝ ਲੱਗੀ ਉਦੋਂ ਮੈਂ ਬਹੁਤ ਵੱਡੀ ਹੋ ਚੁੱਕੀ ਸੀ,ਪਰ ਮੈਨੂੰ ਮੇਰੇ ਬਾਪੂ ਨੇ ਕਦੇ ਮਾਂ ਦੀ ਕਮੀਂ ਮਹਿਸੂਸ ਨਹੀਂ ਹੋਣ‌ ਦਿੱਤੀ,ਜੇ ਬਾਪੂ ਚਾਹੁੰਦਾ ਤਾਂ ਦੂਸਰਾ ਵਿਆਹ ਕਰਵਾ‌ ਸਕਦਾ ਸੀ,ਪਰ ਮੈਂ ‌ਮੇਰੇ ਬਾਪੂ ਨੂੰ ਕਿਸੇ ਸੰਤ ਮਹਾਤਮਾ ਤੋਂ ਘੱਟ ਨਹੀਂ ਸਮਝਦੀ,ਮੇਰਾ ਬਾਪੂ ਮੈਨੂੰ ਕਦੇ ਕਦੇ ਮੇਰਾ ਰੱਬ ਲੱਗਦਾ ਹੈ, ਅੱਜ ਮਾਂ ਨੂੰ ਇਸ ਦੁਨੀਆਂ ਤੋਂ ਗਏ ਛੇ ਸੱਤ ਸਾਲ ਹੋ ਗਏ,ਪਰ ਬਾਪੂ ਨੇ ਮੈਨੂੰ ਕਦੇ ਅਹਿਸਾਸ ਨਹੀਂ ਹੋਣ ਦਿੱਤਾ

ਪਰ ਅੱਜ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਬਾਪੂ ਅਜੇ ਤੀਕ ਘਰ ਆਇਆ ਕਿਉਂ ਨਹੀਂ, ਮੈਂ ਆਟਾ ਗੁੰਨ੍ਹ ਕੇ ਰੱਖ ਲਿਆ ਤੇ ਚੁੱਲ੍ਹੇ ਮੂਹਰੇ ਜਾ ਬੈਠ ਗਈ। ਸੰਘਣੀ ਜਿਹੀ ਬਲ਼ਦੀ ਹੋਈ ਅੱਗ ਮਾਂ ਦੇ ਸਿਵੇ ਦਾ ਭੁਲੇਖਾ‌ ਪਾ ਰਹੀ ਸੀ, ਮੇਰੇ ਦਿਲ ਨੇ ਇਹ‌ ਖ਼ਿਆਲ ਏਥੇ ਹੀ ਮਿਟਾਉਂਣ ਲਈ ਕਿਹਾ,ਪਰ ਰੱਬ ਦੇ ਲੇਖੇ ਤੇ ਜ਼ੋਰ ਨਹੀਂ ਹੁੰਦਾ, ਮੈਂ ਆਪਣੇ ਆਪ ਨੂੰ ਕੋਸਣ ਲੱਗੀ, ਮੈਨੂੰ ਭੈੜੇ ਭੈੜੇ ਜਿਹੇ ਖ਼ਿਆਲ ਆਉਣ ਲੱਗੇ, ਗਲ਼ੀ ਵਾਲ਼ੇ ਵਾਰ‌ ਕੋਲ਼ ਲੱਗੀ ਡੇਕ ਤੇ ਚਕੋਰੀ ਆ ਕੇ ਬੋਲਣ ਲੱਗੀ, ਮੇਰੀ ਦੇਹ ਨੂੰ ਕੰਬਣੀ ਜਿਹੀ ਛਿੜ ਪਈ ਤੇ ਵੈਰਾਗ ਜਿਹਾ ਆਉਣ ਲੱਗਾ… ਮੈਂ ਮਨੀਂ ਚਕੋਰ ਨੂੰ ਅਪਸ਼ਬਦ ਵਰਤੇ…ਟੁੱਟ‌ ਪੈਣੀਏ ਤੇਰਾ ਕੀ ਖ਼ਸਮ ਮਰ ਗਿਆ ਜੋ ਆਏਂ ਚੀਕਣ ਲੱਗੀ ਐਂ… ਮੈਂ ‌ਮਨੀਂ ਕਹੀ ਗਾਲ਼ ਨੂੰ ਫ਼ੇਰ ਗ਼ੌਰ ਨਾਲ ਤੱਕਿਆ ਫ਼ੇਰ ਮੈਨੂੰ ਆਪਣੇ ਆਪ ਤੇ ਲਾਹਨਤ ਜਿਹੀ‌ ਮਹਿਸੂਸ ਹੋਈ, ਜ਼ੋਰ ਦੀ ਖੜਾਕ ਹੋਇਆ,ਹਵਾ ਹੋਰ ਤੇਜ਼ ਹੋ ਗਈ, ਮੋਟੀਆਂ ਮੋਟੀਆਂ ਕਣੀਆਂ‌ ਡਿੱਗਣ‌‌ ਲੱਗੀਆਂ,ਬੂਹਾ‌ ਖੜਕਿਆ … ਲੱਗਿਆ ਬਾਪੂ ਆ ਗਿਆ, ਮੈਂ ਭੱਜ ਕੇ ਖੜੀ ਹੋ ਗਈ, ਮੈਂ ਹਾਕ ਲਾਈ…ਕੌਣ ਆਂ ਭਾਈ… ਕੁੜੀਏ ਚੌਕੀਦਾਰ‌ ਆਂ…ਭਾਲੂ, ਤੇਰੇ ਬਾਪੂ ਨੇ ਸੁਨੇਹਾ ਭੇਜਿਆ ਸੀ ਕਿ ਅੱਜ ਕੰਮ ਜ਼ਿਆਦਾ ਹੈ‌ ਤਾਂ ਕਰਕੇ ਆਇਆ ਨਹੀਂ ਜਾਣਾ ਘਰ, ਤੂੰ ਜ਼ਿੰਦਾ ਕੁੰਡਾ ਗ਼ੌਰ ਨਾਲ ਲਾ‌ ਲਵੀਂ… ਠੀਕ ਆ ਤਾਇਆ 
ਮੈਂ ਮੁੜ ਚੁੱਲ੍ਹੇ ਕੋਲ਼ ‌ਆ ਬੈਠ ਗਈ।

ਮੈਂ ‌ਬਾਪੂ ਤੇ ਹੈਰਾਨ ਸੀ, ਬਾਪੂ ਨੂੰ ਵਿਖਦਾ ਨਹੀਂ ਇੱਕਲੀ ਕੁੜੀ ਰਾਤ ਨੂੰ ਘਰ…!!! ਡਰ ਡੁਰ ਵਾਲ਼ੀ ਕੋਈ ਗੱਲ ਨਹੀਂ ਸੀ,ਪਰ ਮੌਸਮ ਕਿੰਨਾਂ ਖ਼ਰਾਬ ਸੀ ਤੇ ਐਵੇਂ ਥੋੜ੍ਹੀ ਹੁੰਦਾ,ਕੋਈ ਨਾ ਕੱਲ੍ਹ ਘਰ ਆਉਂਣ ਦੇ ਬਾਪੂ ਨੂੰ ਮੈਂ ਦੱਸਦੀ ਆਂ… ਮੈਂ ਬਾਪੂ ਤੇ ਅੰਤਾਂ ਦਾ ਗ਼ੁੱਸਾ ਜਿਤਾਇਆ, ਲੰਮੀਂ ਬਾਂਹ ਕਰਕੇ ਦੂਰ ਪਈ ਪ੍ਰਾਂਤ ਨੂੰ ਲਾਗੇ ਕੀਤਾ‌ ਤੇ ਚੁੱਲ੍ਹੇ ਉੱਪਰੋਂ ਗਰਮ ਪਾਣੀ ਵਾਲ਼ਾ ਪਤੀਲਾ ਲਾਹ ਕੇ ਇੱਕ ਪਾਸੇ  ਰੱਖ ਦਿੱਤਾ ਤੇ ਆਪਣੇ ਲਈ ਦੋ ਗੁੱਲੀਆਂ ਲਾਹ ਕੇ ਕੰਮ‌ ਨਿਬੇੜਨ ਦੀ ਕਰੀ,ਪਤਾ ਨਹੀਂ ਕਿਉਂ ਮੇਰਾ ਮਨ ਹੁਣ ਵੀ ਕਹਿ ਰਿਹਾ ਸੀ ਕਿ ਬਾਪੂ ਘਰ ਆਵੇਗਾ, ਮੈਂ ‌ਰੋਟੀ‌ ਖਾ ਉਥੇ ਹੀ ਪਈ ਸਵਾਹ ਨਾਲ ਭਾਂਡੇ ‌ਮਾਂਜਣ‌ ਲੱਗ ਪਈ,ਮੇਰਾ‌ ਧਿਆਨ ਬੂਹੇ ਵਿਚ ਹੀ ਸੀ,‌ਬੂਹਾ ਖੜਕਿਆ ਮੈਂ ਭੱਜ ਕੇ ਖੜੀ ਹੋਈ,
ਆਵਾਜ਼ ਆਈ… ਨੀਂ ਨੂਰ… ਸੁਣਦੀ ਏ ਧੀਏ… ਹਾਂ ਮਾਸੀ ਆਈ
ਮੈਂ ਤੇਜ਼ੀ ਜਿਹੀ ਜਾ ਕੇ ਬੂਹੇ ਵਾਲ਼ਾ ਕੁੰਡਾ ਖੋਲ੍ਹਿਆ ਤਾਂ ਰੀਤ ਦੀ ਸੱਸ ਬਸੰਤੋ ਮਾਸੀ ਸੀ ਤੇ ਨਾਲ਼ ਦੋ ਬੁੜੀਆਂ ਹੋਰ 
ਕੁੜੇ ਭਾਂਡਾ ਲੈ ਆ… ਅੱਜ ਬਾਬੇ ਬਖਤੌਰੇ ਕੇ ਘਰ ਦੀ ਛੱਤ ਪਈ ਆ ,‌ਅਸੀਂ‌ ਤਾਂ ਦੇਗ਼ ਦਾ ਭੋਰਾ ਵੰਡਦੀਆਂ ਫਿਰਦੀਆਂ ਸੀ, ਮੈਂ ਭੱਜ ਕੇ ਵਾਟੀ‌ ਲੈਣ ਚੱਲੀ ਗਈ,
ਬਸੰਤੋ : ਕੁੜੇ ਤੇਰਾ ਬਾਪੂ ਨਹੀਂ ਵਿਖਦਾ
ਮੈਂ : ਮਾਸੀ ਉਹ ਅੱਜ ਕੰਮ ਜ਼ਿਆਦਾ ਹੋਣ ਕਰਕੇ,ਫੈਕਟਰੀ ਹੀ‌ ਰਾਤ ਲਾਊ
ਬਸੰਤੋ : ਧੀਏ ਇੱਕਲੀ ਨੂੰ ਡਰ ਨਹੀਂ ਲੱਗਦਾ
ਮੈਂ : ਨਾ ਮਾਸੀ ਪਿੰਡ ਵਿੱਚ ਕਾਹਦਾ ਡਰ ਆ,
ਬਸੰਤੋ : ਫ਼ੇਰ ਵੀ ਧੀਏ, ਉਨੀਂ ਇੱਕੀ ਦਾ ਕੀ ਪਤਾ ਲੱਗਦਾ, ਮੈਂ ਆਉਂਣੀ ਆ ਤੇਰੇ ਕੋਲ਼ ਆ‌ ਦੇਗ਼ ਵੰਡ ਆਈਏ,ਬੂਹਾ ਖੁੱਲ੍ਹਾ ਰੱਖੀਂ
ਮੈਂ : ਠੀਕ ਆ ਮਾਸੀ

ਬਸੰਤੋ ਮਾਸੀ ਦੁਬਾਰਾ ਕਹੀਂ ਗੱਲ ਮੇਰੇ ਦਿਲ ਨੂੰ ਐਦਾਂ ਛੋਹ ਗਈ, ਜਿਦਾਂ ਮਾਂ ‌ਨੂੰ ਆਪਣੇ ਖ਼ੂਨ ਦੀ ਪਹਿਲੀ ਝਲਕ ਛੋਂਹਦੀ ਹੈ, ਮੈਂ ਜਾ ਕੇ ਅੱਧ ਵਿਚਕਾਰ ਪਏ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਤੇ ਵੱਡਾ ਮੰਜਾ ਜੋ ਕੇ ਬਾਪੂ ਨੇ ਪਿਛਲੇ ਮਹੀਨੇ ਹੀ ਨਵਾਂ ਬਣਾਇਆ ਹੈ ਡਾਹ ਦਿੱਤਾ ਤੇ ਸੰਦੂਕ ਵਿੱਚੋਂ ਨਵੀਂ ਦਰੀ,ਚਾਦਰ ਤੇ ਖੇਸ ‌ਕੱਢ ਬਿਸਤਰ ਲਗਾ ਦਿੱਤਾ,ਪਹਿਲੀ ਵਾਰ ਹੋ ਰਿਹਾ ਸੀ ਇਹ ਸਭ, ਅੱਜ ਤੋਂ ਪਹਿਲਾਂ ਕੋਈ ਵੀ ਆਂਢ ਜਾਂ ‌ਗੁਆਂਢ ਦੀ‌ ਕੋਈ ਔਰਤ ਸਾਡੇ ਘਰ ਨਹੀਂ ਸੀ ਆਈ ਉਹ ਵੀ ਰਾਤ ਨੂੰ,ਹਲਾਂ ਕੇ  ਕੋਈ ਆਉਂਦੀ ਜਾਂਦੀ ਬੂਹੇ ਕੋਲ਼ ਹੀ ਖੜ੍ਹ ‌ਕੇ ਕਾਹਲ਼ੀ ਕਾਹਲ਼ੀ ਲੰਘ‌ ਜਾਂਦੀ, ਮੇਰੀ ਮਾਂ ਕਰਕੇ ਸਾਡੇ ਘਰ ਆਉਣਾ ਕੋਈ ਪਸੰਦ ਨਹੀਂ ਸੀ ਕਰਦਾ,ਇਸੇ ਕਰਕੇ ਹੀ ਸ਼ਾਇਦ ਕੋਈ ਕੁੜੀ ਮੇਰੇ ਨਾਲ ਖੇਡਦੀ‌ ਜਾਂ ਮੈਨੂੰ ਆਪਣੀ ਸਹੇਲੀ ਨਹੀਂ ਸੀ‌ ਬਣਾਉਂਦੀ ਕਿ ਇਹ ਵੀ ਆਪਣੀਂ ‌ਮਾਂ ਵਰਗੀ ਹੀ ਨਾ ਹੋਵੇ, ਕਿੰਨਾਂ ਅਜੀਬ ਲੱਗ ਰਿਹਾ ਹਨਾਂ ਇਹ‌ ਸ਼ਬਦ ਮਾਂ ਵਰਗੀ, ਕਿੰਨਾਂ ਫ਼ਕਰ ਮਹਿਸੂਸ ਹੁੰਦਾ ਉਹਨਾਂ ਨੂੰ ਜਿਹਨਾਂ ਦੇ ਮਾਂ ਪਿਓ ਜੱਗ ਤੇ ਇੱਜ਼ਤ ਖੱਟਦੇ ਨੇ ਤੇ ਇੱਕ ਮੈਂ ਹਾਂ ਜਿਸ ਤੋਂ ਸਾਰੇ ਇਹ ਆਖ ਪਾਸਾ ਵੱਟ ਲੈਂਦੇ ਨੇ ਕਿ ਇਹ ਵੀ ਕਿਤੇ ਆਪਣੀ ਮਾਂ ਵਰਗੀ ਨਾ ਹੋਵੇ

ਸਾਢ਼ੇ ਅੱਠ ਦਾ‌ ਸਮਾਂ ਹੋ ਚੁੱਕਿਆ ਸੀ,ਹਵਾ ਮੱਠੀ ਪੈ ਗਈ ਸੀ ਤੇ ਕਣੀਆਂ ਤਾਂ ਮਸਾਂ ਪੰਜ ਕੁ ਮਿੰਟ ਹੀ ਆਈਆਂ ਸੀ ਉਦੋਂ,ਉਹ ਵੀ ਟਾਵੀਂਆਂ ਟਾਵੀਂਆਂ, ਮੈਂ ਦੋਵੇਂ ਬਿਸਤਰ ਲਗਾ ਕੇ , ਆਪਣੇ ਬਿਸਤਰ ਉੱਪਰ ਲੇਟ ਗਈ ਤੇ ਸੋਚਣ ਲੱਗੀ, ਆਪਣੀਂ ਅਗਲੀ ਜ਼ਿੰਦਗੀ ਦਾ ਸਫ਼ਰ ਕਿ ਜੋ ਕੱਲ੍ਹ ਆਵੇਗਾ ਉਹ ਅੱਜ ਵਰਗਾ ਹੀ ਹੋਵੇਗਾ, ਫ਼ੇਰ ਖ਼ੁਦ ਨੂੰ ਹੀ ਆਖਿਆ ਨਹੀਂ, ਸਾਰਾ ਕੁਝ ਇੱਕੋ ਜਿਹਾ ਨਹੀਂ ਰਹਿੰਦਾ, ਬਹੁਤ ਕੁਝ ਬਦਲ ਜਾਂਦਾ ਹੈ ਜੇ ਨਾ ਬਦਲੇ ਵਕ਼ਤ ਬਦਲ‌ ਦੇਂਦਾ ਹੈ, ਬਾਪੂ ਨੇ ਵੀ ਤਾਂ ਬਦਲਿਆ ਹੀ ਹੈ ਆਪਣੇ ਆਪ ਨੂੰ ਨਾਲ਼ੇ ਕੌਣ ਚਾਹੁੰਦਾ ਹੁੰਦਾ ਆਪਣੀ ਹੀ ਔਰਤ ਦਾ‌ ਹੱਥੀਂ ਗਲ਼ ਘੁੱਟਣਾ , ਮੈਂ ਚਾਰ ਚੁਫੇਰੇ ਕੰਧ ਵੱਲ ਨਿਗਾਹ ਮਾਰੀ ਤੇ ਵੇਖਿਆ , ਮੇਰੀ ਮਾਂ ਦੀ ਇੱਕ ਵੀ ਫੋਟੋ ਨਹੀਂ ਸੀ ਘਰ ਵਿੱਚ, ਮੈਂ ਅਸਚਰਜਤਾ ਨਾਲ ਸੋਚਣ ਲੱਗੀ ਕਿ ਇੱਕ ਦਿਨ‌ ਮੈਂ ਵੀ ਐਦਾਂ ਹੀ ਮਾਂ ਵਾਂਗੂੰ ਚੱਲੀ ਜਾਵਾਂਗੀ ਇਸ‌ ਦੁਨੀਆਂ ਤੋਂ, ਫ਼ੇਰ ਏਦਾਂ ਹੀ ਟੋਹਲ ਰਿਹਾ‌ ਹੋਵੇਗਾ‌‌ ਕੋਈ ਮੇਰੀ ਤਸਵੀਰ ‌ਕੰਧ ਦੇ ਉੱਪਰ,ਬੂਹਾ ਖੜਕਿਆ ਆਵਾਜ਼ ਵੀ‌ ਲੱਗੀ, ਮੈਂ ਕਿੱਲੀ ਉੱਪਰ ਟੰਗੀ ਚੁੰਨੀ ਦੀ ਬੁੱਕਲ ਮਾਰੀ ਤੇ ਬੂਹਾ ਖੋਲ੍ਹਣ‌ ਚੱਲੀ ਗਈ, ਆਉਂਦੀ ਹੈਂ ਕੁੜੀਏ… ਹਾਂ ਮਾਸੀ ਆ ਰਹੀ ਆਂ, ਮੈਂ ਬੂਹਾ ਖੋਲ੍ਹਿਆ ਮਾਸੀ ਅਗਾਂਹ ਲੰਘ‌ ਆਈ,ਕੀ‌ ਗੱਲ ਸੌਂ ਗਈ‌ ਸੀ ਕੁੜੇ…
ਮੈਂ : ਨਾ ਨਾ ਮਾਸੀ ਹਵਾ ਕਰਕੇ ਪਤਾ ਨਹੀਂ ਲੱਗਾ
ਮੈਂ ਜੀਂਦਾ ਲਗਾਉਂਣ ਲੱਗ ਗਈ,
( ਮਾਸੀ ਅਗਾਂਹ ਚੱਲੀ ਗਈ )
ਮਾਸੀ : ਪੁੱਤ ਐਥੋਂ ਪਾਣੀ ਦੀ ਗੱੜਬੀ ਭਰ ਲੈ ਆਵੀਂ, ਮੈਨੂੰ ਤਾਂ ਰਾਤ ਨੂੰ ਤੇਹ ਬਲਾਈਂ ਲੱਗਦੀ ਹੈ,ਸਰਦੀ ਹੋਵੇ ਭਾਵੇਂ ਗਰਮੀ
ਮੈਂ : ਕੋਈ ਗੱਲ ਨਹੀਂ ਮਾਸੀ ਲੈ ਆਉਂਦੀ ਆਂ
ਮੈਂ ਮੱਟੀ ਵਿੱਚੋਂ ਪਾਣੀਂ ਦੀ ਗੱੜਬੀ‌ ਤੇ ਇੱਕ ਵਾਟੀ‌ ਲਿਆ ਮਾਸੀ ਦੇ ਸਿਰਹਾਣੀਂ ਰੱਖ ਦਿੱਤੀ
ਮਾਸੀ : ਹੋਰ ਧੀਏ ਪੜ੍ਹਾਈ ਕਿਵੇਂ ਚੱਲਦੀ ਐ ਤੇਰੀ
ਮੈਂ : ਵਧੀਆ ਮਾਸੀ ( ਮੰਜੇ ਤੇ ਬੈਠਦਿਆਂ )
ਮਾਸੀ : ਵਧੀਆ ਧੀਏ, ਤੇਰੀ ਮਾਂ ਤਾਂ ਜਿਹੀ ਸੀਗੀ,ਸੀਗੀ ਹੀ ਪਰ ਤੂੰ ਇੱਜ਼ਤ ਖੱਟ ਕੇ ਵਿਖਾਈਂ ਲੋਕਾਂ ਨੂੰ, ਵੇਖੀਂ ਕਿਤੇ ‌ਧੀਏ, ਨਹੀਂ ਤਾਂ ਤੇਰੇ ਬਾਪੂ ਦਾ ਬੁਢਾਪਾ ਰੁਲ ਜਾਣਾਂ ਹੈ
ਮੈਂ : ਨਹੀਂ ਮਾਸੀ ਮੈਂ ਏਹੋ ਜਿਹਾ ਕੁਝ ਨਹੀਂ ਦੇਂਦੀ ਨਾਲ਼ੇ ਮੈਨੂੰ ਤੇ ਸਮਝ ਨਹੀਂ ਆਉਂਦੀ, ਏਹੋ ਜਿਹੀ ਕੀ ਕੁੜੀਆਂ ਨੂੰ ਫਿੜਕ ਵੱਜੀ‌ ਹੁੰਦੀ ਹੈ ਜੋ ਘਰਦਿਆਂ ਦੇ ਕਹਿਣੇ ਵਿੱਚੋਂ ਬਾਹਿਰ‌ ਹੋ ਕੇ ਚੱਲਦੀਆਂ ਨੇ, ਜਿਹੜੇ ਆਪਣੇ ਲਈ ਐਨਾ ਕੁਝ ਕਰਦੇ ਨੇ, ਆਪਾਂ ਨੂੰ ਪਾਲ਼ਦੇ ਪੋਸਦੇ ਨੇ, ਆਪਣੀ ਹਰ ਕਹੀ ਗੱਲ ਪਗਾਉਦੇਂ ਨੇ, ਫ਼ੇਰ ਐਦਾਂ ਕਿਓਂ
ਮਾਸੀ : ਧੀਏ ਤੂੰ ਹਲੇ ਨਿਆਣੀ ਹੈ, ਤੈਨੂੰ ਸਮਝ ਨਹੀਂ ‌, ਪੁੱਤ ਇਹ ਉਮਰ ਹੀ ਇਹੋ ਜਿਹੀ ਹੁੰਦੀ, ਕੁਝ ਤਾਂ ਸਾਰੇ ਨਹੀਂ ਹੁੰਦਾ, ਕੁਝ ਆਪਾਂ ਗੌਲਦੇ ਵੀ ਨਹੀਂ, ਸਿਆਣੇ ਕਹਿੰਦੇ ਹੁੰਦੇ ਨੇ, ਇੱਜ਼ਤ ਖੱਟਣ ਤੇ ਸਾਰੀ ਉਮਰ ਲੱਗ ਜਾਂਦੀ ਤੇ ਬਦਨਾਮੀ ਭਾਵੇਂ ਬਿੰਦ ਵਿਚ ਖੱਟ ਲੈ,ਬਸ ਏਦਾਂ ਹੀ ਆ ਪੁੱਤ,ਮਾੜਾ ਕੰਮ ਆਪਾਂ ਨੂੰ ਚੰਗਾ ਲੱਗਦਾ ਪਤਾ ਹੀ ਨਹੀਂ ਲੱਗਦਾ ਕਦੋਂ ਹੋ ਜਾਂਦਾ
ਮੈਂ : ਹਾਂ ਮਾਸੀ ਇਹ ਤਾਂ,ਮਾਸੀ ਇੱਕ ਗੱਲ ਪੁੱਛਾਂ
ਮਾਸੀ : ਹਾਂ ਧੀਏ ਪੁੱਛ
ਮੈਂ : ਮੇਰੀ‌ ਮਾਂ ਨੇ ਕਦੇ ਮੇਰੇ ਤੇ ਮੇਰੇ ਬਾਪੂ ਬਾਰੇ ਕਿਉਂ ਨਹੀਂ ਸੋਚਿਆ
ਮਾਸੀ : ਪੁੱਤ ਇਹ ਤੀਵੀਂ ਜਾਤ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈ,ਬਸ ਇਸਨੂੰ ਆਪਣੇ ‌ਮਤਲਬ‌ ਤੀਕ ਮਤਲਬ ਹੁੰਦਾ, ਦੁਨੀਆਂ ਵਿੱਚ ਹਰ ਚੀਜ਼ ਨੂੰ ਸਮਝਿਆ ਜਾ ਸਕਦਾ ਹੈ,ਪਰ ਇੱਕ ਔਰਤ ਨੂੰ ਸਮਝਣਾ ਬਹੁਤ ਔਖਾ ਹੈ,ਇਸਦਾ ਦਿਲ ਕੁਝ ਹੋਰ ਕਹਿੰਦਾ ਹੈ ਤੇ ਜ਼ੁਬਾਨ ਕੁਝ ਹੋਰ
ਮੈਂ : ਮਾਸੀ‌ ਮੈਂ ਤੇ ਕਦੇ ਐਵੇਂ ਨਹੀਂ ਸੋਚਿਆ
ਮਾਸੀ : ਪੁੱਤ ਜਿਵੇਂ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਓਵੇਂ ਹੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਥੋੜੀ ਹੋਰ ਵੱਡੀ ਹੋ ਗਈ ਸਭ ਸਮਝ ਲੱਗ ਜਾਊ
ਮੈਂ : ਠੀਕ ਆ ਮਾਸੀ
ਮਾਸੀ : ਏਦਾਂ ਹੀ ਆ ਧੀਏ, ਦੁਨੀਆਂ ਬਹੁਤ ਗੁੰਝਲਦਾਰ ਹੈ, ਬਹੁਤ ਔਖਾ ਹੈ ਸਮਝਣਾ ਇਸ ਨੂੰ
ਮੈਂ : ਸਮਝੀਂ ਨਹੀਂ ਮਾਸੀ
ਮਾਸੀ : ਪੁੱਤ ਜੇ ਮੈਂ ਸਮਝਾਇਆ ਵੀ ਤੈਨੂੰ ਤਾਂ ਵੀ ਨਹੀਂ ਸਮਝ ਆਉਣੀ
ਮੈਂ : ਨਹੀਂ ਮਾਸੀ ਸਮਝ ਲਵਾਂਗੀ, ਤੁਸੀਂ ‌ਦੱਸੋ ਸਹੀ
ਮਾਸੀ : ਲੈ ਸੁਣ‌ ਫ਼ੇਰ,ਤੇਰਾ ਦਿਨ ਪੰਜਾਹਾਂ ਦੀ‌ ਢੇਰੀ ਵਿਚ ਇੱਕਲੌਤਾ ਸੀ ਅੱਗੇ ਤੇਰੇ ਬਾਪੂ ਹੋਰੀਂ ਦੋ ਭਰਾ ਸੀ, ਇੱਕ ਤੇਰਾ ਬਾਪੂ ਤੇ ਦੂਜਾ ਤੇਰਾ‌ ਤਾਇਆ,ਤੇਰੇ ਬਾਪੂ ਦਾ ਬਹੁਤ ਹੀ ਨਰਮ‌ ਸੁਭਾਅ ਸੀ, ਪਿੰਡ ਦੇ ਕਈ ਠੱਗਾਂ ਠੋਰਾਂ ਨੇ ਪਹਿਲਾਂ ਤਾਂ ਤੇਰੇ ਦਾਦੇ ਨੂੰ ਮਰਵਾ‌ ਦਿੱਤਾ ਤੇ ਫ਼ੇਰ ਤੇਰੇ ਤਾਏ ਨੂੰ , ਹੁਣ ਤੇਰਾ ਇੱਕਲਾ ਬਾਪੂ ਰਹਿ ਗਿਆ , ਜਦੋਂ ਤੇਰੇ ਬਾਪੂ ਦਾ ਵਿਆਹ ਹੋਇਆ ਤਾਂ ਸਾਰਾ ਪਿੰਡ ‌ਖੜ‌‌ ਖੜ ਕੇ ‌ਵੇਖਦਾ‌ ਸੀ, ਸੁਖ ਨਾਲ ਮਾਂ ‌ਵੇਖਣ ਵਿਚ ‌ਤੂਤ ਦੀ ਛਿੱਟੀ‌ ਨਾਲੋਂ ਤੇ ਪਰੀਆਂ ਨਾਲੋਂ ਘੱਟ ਨਹੀਂ ਸੀ, ਰੰਗ ਰੂਪ ਤਾਂ ਅੰਤ ਦਾ ਚੜ੍ਹਿਆ ਸੀ ਡੁੱਬ ਜਾਣੀ‌ ਨੂੰ,ਪਰ ਹੌਲ਼ੀ ਹੌਲ਼ੀ ਹੀ‌ ਊਹਨੇ ਰੰਗ ਵਿਖਾਉਣਾ ਸ਼ੁਰੂ ਕਰ‌ ਦਿੱਤਾ, ਤੇਰੇ ਬਾਪੂ ਨੇ‌ ਬਹੁਤ ਸਮਝਾਇਆ ਇੱਕ ਦੋ ਵਾਰ ਪੇਕੇ ਵੀ‌ ਛੱਡ ਆਇਆ ਸੀ ਤੇਰਾ ਜਨਮ ਵੀ ਤੇਰੇ ਨਾਨਕੇ‌ ਹੀ ਹੋਇਆ ਸੀ।
ਮੈਂ : ਉਹ ਕਿੱਥੇ ਨੇ ਹੁਣ
ਮਾਸੀ : ਉਹ ਤਾਂ ਖਾਣ‌ ਖ਼ਸਮਾਂ ਨੂੰ ਆਪਾਂ ਕੀ‌ ਲੈਣਾਂ ਇੱਕ ਟਕੇ ਦੇ ਭੈ……. ਮਾਸੀ ਨੇ ਗਾਲ਼ ਦੇ ਕੇ ਗ਼ੁੱਸਾ ਜ਼ਾਹਿਰ ਕੀਤਾ
( ਮੈਂ ਸਮਝ ਗਈ ਸੀ ਕਹਿਣਾ ਕੀ ਚਾਹ ਰਹੀ ਆ ਮਾਸੀ )
ਮਾਸੀ : ਜਦੋਂ ਪੁੱਤ ਕੋਈ ਚਾਰਾ ਨਾ ਨਿਕਲ਼ਿਆ ਤਾਂ ਤੇਰੇ ਬਾਪੂ ਨੂੰ ਫ਼ੇਰ ਉਹ‌ ਕਦਮ ਚੁੱਕਣਾ ਪਿਆ ਜੋ ਅੱਕ ਚੱਬਣ ਨਾਲ਼ੋਂ ਘੱਟ ਨਹੀਂ ਸੀ, ਉਸਤੋਂ ਬਾਅਦ ਸਾਰੀ ਜ਼ਮੀਨ ਜਾਇਦਾਦ ਤੇਰੇ ਨਾਨਕੇ …… ਫ਼ੇਰ ਕਈ ਅਪਸ਼ਬਦ ਵਰਤੇ 
ਫ਼ੇਰ ਕਰ ਕਰਾ ਕੇ ‌ਪੁੱਤ‌ ਸਾਰਾ ਨਿੱਬੜ ਗਿਆ, ਤੇਰੇ ਬਾਪੂ ਦਾ ਸੁਭਾਅ ਪਹਿਲਾਂ ਤਾਂ ਬਹੁਤ ਹੀ ਵਧੀਆ ਸੀ,ਪਰ ਇੱਕ ਆਪਣੀ ਹੀ‌ ਤੀਵੀਂ ਨੇ‌‌ ਕਾਸੇ‌ ਜੋਗਾ ਨਾ‌ ਛੱਡਿਆ , ਕੁਝ ਸਾਲ ਪਹਿਲਾਂ ਪਤਾ ਲੱਗਾ‌ ਕਿ ਤੇਰੇ ਦਾਦੇ ਤੇ ਤਾਏ‌ ਨੂੰ ਵੀ‌ ਤੇਰੀ ਮਾਂ ਦੇ ਭਰਾਵਾਂ ਨੇ ਹੀ ਮਾਰਿਆ ਸੀ। ਪੁੱਤ ਅੰਦਰ ਭਾਂਬੜ ਜਿਹਾ ਉੱਠਣ ਲੱਗ‌ ਜਾਂਦਾ ਹੈ,ਬਸ‌ ਦਿਲ ਤੇ  ਪੱਥਰ ਰੱਖ ਕੇ ਲੰੰਘ ਰਹੀ ਆ ਜ਼ਿੰਦਗੀ, ਬਹੁਤੀ ਲੰਘ ਗਈ‌ ਥੋੜ੍ਹੀ ਰਹਿ ਗਈ
( ਮਾਸੀ ਦੀ ਅੱਖ ਵਿੱਚੋ ਡੁੱਲ‌ ਰਿਹਾ ਪਾਣੀ‌ ਮੀਂਹ ਦੀਆਂ ਕਣੀਆਂ ਤੋਂ ਤੇਜ਼ ਸੀ , ਮੌਸਮ ਹੋਰ ਜ਼ਿਆਦਾ ‌ਖਰਾਬ‌ ਹੋ ਗਿਆ ਸੀ ,ਜਿਸ ਕਰਕੇ ਲਾਇਟ ਵੀ‌ ਚੱਲੀ ਗਈ )
ਮਾਸੀ : ਚੱਲ‌ ਧੀਏ‌ ਸੌਂ ‌ਜਾ‌ ਸਵੇਰੇ ਜਲਦੀ ‌ਉੱਠਣਾ‌ ਹੋਣਾ ‌ਸੰਗਰਾਦ‌ ਆ‌ , ਗੁਰੂ ਘਰ‌ ਜਾਣਾਂ ‌ਹੋਊ )
ਮੈਂ : ਠੀਕ ਆ ਮਾਸੀ

ਮੈਂ ਪੈਂਦੀਂ ਪਏ ਖੇਸ ਨੂੰ ਸਿੱਧਾ ਕਰਿਆ ਤੇ ਸਿੱਧਾ ਪੈ ਕੇ ਹਨੇਰੇ ਵਿਚਲੇ ਹਨੇਰੇ ਨੂੰ ਤੱਕਣ‌ ਲੱਗੀ, ਬੇਸ਼ੱਕ ਬਾਹਿਰ ਅੰਤਾਂ ਦੀ ਹਵਾ ਚੱਲ‌ ਰਹੀ ਸੀ,ਪਰ ਮੈਨੂੰ ਮਾਸੀ ਦੇ ਸਾਹ ਲੈਣ ਦੀ ਆਵਾਜ਼ ਤੇ ਅੱਖਾਂ ਦੀ ਝਪਕ ਦੀ ਆਵਾਜ਼ ਸ਼ਰੇਆਮ ਸੁਣ ਰਹੀ ਸੀ,ਮੇਰਾ ਅਜੇ ਵੀ ਧਿਆਨ ਬਾਪੂ ਵੱਲ ਹੀ ਸੀ, ਕਿਉਂਕਿ ਮੇਰਾ ਜੇਕਰ ਇਸ ਦੁਨੀਆਂ ਉੱਪਰ ਸੀ ਤਾਂ ਉਹ ਸਿਰਫ਼ ਮੇਰਾ ਬਾਪੂ ਹੀ ਸੀ। 

ਸੋਚਦੀ‌‌ ਸੋਚਦੀ‌ ਕਦ ਨੀਂਦਰ ਦੇ ਦੇਸ਼ ਪੁੱਜ‌ ਗਈ ਪਤਾ ਹੀ ਨਾ ਲੱਗਾ,ਅੱਖ ਖੁੱਲ੍ਹੀ ਤਾਂ ਸਵੇਰ ਹੋ ਚੁੱਕੀ ਸੀ, ਗੁਰੂ ਘਰ ਪੜ ਰਿਹਾ ਬਾਬਾ ਅੰਮ੍ਰਿਤ ਵੇਲੇ ਦੀ‌ ਬਾਣੀ ਐਦਾਂ ‌ਲੱਗਦੀ ਸੀ ਜਿਵੇਂ ‌ਕਿਸੇ‌ ਸਵਰਗ ਦੀ ਕਹਾਣੀ ਦੀ ਵਿਆਖਿਆ ਕਰ ਰਹੀ ਹੋਵੇ, ਬਹੁਤ ਹੀ ਜ਼ਿਆਦਾ ਅਨੰਦਮਈ, ਸਕੂਨਦਾਇਕਤਾ, ਸਰਲ ਤੇ ਸਪੱਸ਼ਟ 
ਮੈਂ ਪਾਸਾ ਬਦਲਿਆ …
ਮਾਸੀ : ਉੱਠ ਖੜ੍ਹੀ ਧੀਏ,ਲੈ ਤਾਲਾ ਖੋ‌ਲ ਦੇ ਮੈਂ ਚਲੀ ਜਾਵਾਂ 
ਮੈਂ : ਖਲੋ‌ਜਾ ਮਾਸੀ ਐਨੀ ਕੀ ਕਾਹਲੀ ਆ‌, ਮੈਂ ਚਾਹ ਬਣਾਂਦੀ ਆ ,ਦੋ ਮਿੰਟ ਲੱਗਣਗੇ
ਮਾਸੀ : ਚੱਲ ਫ਼ੇਰ ਗਰਨ ਦਿੰਨੇ ਬਣਾ ਲਿਆ
ਮੈਂ ਫੁਰਤੀ‌‌ ਨਾਲ਼ ‌ਖੜੀ‌ ਹੋਈ‌,ਸਿਥਹਾਣੀ ‌ਪਈ‌ ਚੁੰਨੀ ਦੀ ਬੁੱਕਲ ਮਾਰੀ ਤੇ ਵੇਖਿਆ ਬਾਹਿਰ ਬਹੁਤ ਹੀ‌ ਸੋਹਣੀ ਹਵਾ ਚੱਲ ਰਹੀ ਸੀ। ਅਸਮਾਨ ਬਿਲਕੁਲ ਸਾਫ਼ ਸੀ ਹਲਕੇ ਹਲਕੇ ਤਾਰੇ ਵਿਖਾਈ ਦੇ ਰਹੇ ਸਨ, ਜਿਹਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ, ਮੈਂ ਨਲ਼ਕੇ ਤੋਂ ਬੁੱਕ ਭਰ‌ ਮੂੰਹ ਤੇ ਮਾਰਿਆ ਤੇ ਚੁੰਨੀ ਦੇ ਪੱਲੇ ਨਾ ਸਾਫ਼ ਕਰਕੇ ਰੱਬ ਦਾ ਸ਼ੁਕਰਾਨਾ ਕਰਨ‌ ਲੱਗੀ ਤੇ ਮਨੋਂ ਮਨੀਂ ਧੰਨਵਾਦ ਕਰਦੀ ਚੁੱਲ੍ਹੇ ਵੱਲ ਵਧੀ ਤੇ ਕੋਲ਼ ਪਈ ਲੋਹੇ ਦੇ ਕੜਛੇ ਨਾਲ ਸਵਾਹ‌‌ ਫਰੋਲੀ ਤਾਂ ‌ਵਿੱਚ ਕੁਝ ਅੰਗਿਆਰੇ ਅੱਗ ਦੇ ਪਏ ਸਨ, ਮੈਂ ਪਤਲੇ ਪਤਲੇ ਡੱਕੇ ਤੋੜੇ ਤੇ ਆਸੇ ਪਾਸੇ ਦੋ ਪਥੂਲੀਆਂ ਭੰਨ ਕੇ ਲਗਾ ਦਿੱਤੀਆਂ ਤੇ ਇੱਕ ਕੱਪੜੇ ਵਿੱਚ ਰੱਖ ਮਾਚਿਸ ਦੀ ਤੀਲੀ ਜਲਾਈ ਤਾਂ ਫੌਰੇ ਵਿਚ ਅੱਗ ਚੱਲ ਪਈ, ਪੰਜਾਂ ਵਿਚ ਚਾਹ ਗੁੜ ਉਬਲਣ ਲੱਗ ਪਿਆ ਤੇ ਕੱਲ ਵਾਲ਼ਾ ਦੁੱਧ ਪਿਆ ਸੀ, ਮੈਂ ਉਸੇ ਝਲਾਨੀ ਵਿਚ ਲੱਗੇ ਇੱਕ ਟੰਗਣੇ ਤੋਂ ਦੁੱਧ ਵਾਲ਼ਾ ਡੋਲੂ ਉਤਾਰਿਆ ਤੇ ਚਾਹ ਵਿਚ ਪਾ ਦਿੱਤਾ, ਇੱਕ ਦੋ ਉਬਾਲੇ ਦਿੱਤੇ ਚਾਹ ਥੱਲੇ ਉਤਾਰ ਦਿੱਤੀ ਤੇ ਚੁੱਲ੍ਹੇ ਉੱਪਰ ਪਾਣੀ ਵਾਲ਼ਾ ਪਤੀਲਾ ਰੱਖ ਦਿੱਤਾ ਤੇ ਵੱਡੀਆਂ ਪੱਤਲ‌‌ ਦੀਆਂ ਵਾਟੀਆਂ ਵਿਚ ਚਾਹ‌ ਕੇ ਮਾਸੀ ਕੋਲ਼ ਜਾ‌ ਬੈਠੀਂ,ਤੇਰੀ ਮਾਂ ਵਾਂਗੂੰ ਚਾਹ ਤਾਂ ਤੂੰ ਬਿੰਦ ਵਿਚ ਬਣਾ‌‌ ਲੈ ਆਈ,
ਮੈਨੂੰ ਮਾਸੀ‌ ਦਾ ਮੇਰਾ ਮੇਰੀ ਮਾਂ ਨਾਲ ਤੁਲਨਾ ਕਰਨਾ ਚੰਗ਼ਾ ਨਾ ਲੱਗਾ, ਮੈਂ ਨੀਵੀਂ ਪਾ ਲਈ
ਮਾਸੀ : ਪੁੱਤ ਨੌਹਾਂ ਨਾਲ਼ੋਂ ਮਾਸ ਕਦੇ ਅੱਡ ਨਹੀਂ ਹੋਇਆ ਕਰਦੇ ,ਕੀ ਹੋਇਆ ਜੇ ਉਹ ਮਾਂ ਬਣਨ ਦੇ ਲਾਇਕ ਨਹੀਂ ਸੀ,ਪਰ‌ ਹੈ ਤੇ ਤੇਰੀ ਮਾਂ ਹੀ ਸੀ
ਮੈਂ : ਮਾਸੀ ਮੈਨੂੰ ਚੰਗਾ ਨਹੀਂ ਲੱਗਦਾ, ਜਦੋਂ ਕੋਈ ਐਦਾਂ ਕਹਿੰਦਾ, ਮੈਂ ਓਦਾਂ ਦੀ ਨਹੀਂ ਆ
ਮਾਸੀ : ਹਾਂ ਮੈਂ ਜਾਣਦੀ ਆਂ ਪੁੱਤ 
ਮਾਸੀ ਨੇ ਹੱਥ ਵਿਚ ਫੜਾ ਮਾਲ਼ਾ ਨੂੰ ਆਪਣੀ‌ ਕੁਰਤੀ ਦੀ ਜੇਬ ਵਿੱਚ ਪਾਇਆ ਤੇ ਚਾਹ ਵਾਲ਼ੀ ਵਾਟੀ ਮੈਨੂੰ ਉਸਦੇ ਹੱਥ ਵਿਚ ਫੜਾਉਣ ਲਈ ਕਿਹਾ
ਮਾਹੀ : ਲੈ ਉਰੇ ਹੀ ਫੜਾ ਦੇ ਚਾਹ
ਗੁਰੂ ਘਰ ਪਾਠ ਪੜ ਰਿਹਾ ਬਾਬਾ ਵੀ ਚੁੱਪ ਹੋ ਗਿਆ, ਬਿਲਕੁਲ ਸੁੰਨ ਸਰਾਂ ਸੀ,ਮਾਸੀ ਚੁਸਕਿਆਂ ਨਾਲ਼ ਚਾਹ ਪੀਣ ਲੱਗੀ, ਜਿਦਾਂ ਮੇਰਾ ਬਾਪੂ ਪੀਂਦਾ ਹੈ, ਮੈਂ ਹਲਕਾ ਜਿਹਾ ਹੱਸ ਪਈ ‌
ਮਾਸੀ : ਪੁੱਤ ਕੁਝ ਆਦਤਾਂ ਉਮਰਾਂ ਦੇ ਨਾਲ ਹੀ ਮੁੱਕਦੀਆਂ ਨੇ
ਚਾਹ ਪੀ ਕੇ ਵਾਟੀ ਹਲੇ ਥੱਲੇ ਹੀ ਰੱਖੀ ਸੀ ਕਿ ਬੂਹਾ ਖੜਕਿਆ, ਮੈਂ ਸੋਚਿਆ ਬਾਪੂ ਹੋਣਾਂ, ਮਾਸੀ ਨੇ ਕਿਹਾ ਉਰੇ ਦੇ ਪੁੱਤ ਚਾਬੀ ਮੈਂ ਖੋਲ੍ਹਦੀ ਆਂ ਬੂਹਾ, ਵੇਖਾਂ ਕੌਣ ਆਂ, ਮਾਸੀ ਨੇ ਬੂਹਾ ਖੋਲ੍ਹਿਆ ਮੈਂ ਸਾਹਮਣੇ ਖੜ੍ਹੀ ਸੀ, ਜ਼ਿੰਦਾ ਨਾਲ਼ ਹੀ ਟੰਗ ਦਿੱਤਾ, ਜਦੋਂ ਕੁੰਡਾ ਖੋਲ੍ਹਿਆ ਚਾਰ ਪੰਜ ਬੰਦੇ ਅੰਦਰ ਲੰਘ ਆਏ, ਪਿੱਛੇ ਹੀ ਇੱਕ ਚਾਰ ਜਾਣੇਂ ਇੱਕ ਮੰਜਾ‌ ਚੁੱਕੀ ਹੋਰ ਆ ਗਏ, ਏਦਾਂ ਲੱਗ ਰਿਹਾ ਸੀ, ਜਿਦਾਂ ਕੋਈ ਸਖ਼ਤ ਬੀਮਾਰ ਬੰਦਾ ਮੰਜੇ ਵਿੱਚ ਪਿਆ ਹੋਵੇ ਮੈਂ ਤੇਜ਼ ਪੈਰੀਂ ਉਹਨਾਂ ਕੋਲ ਗਈ ਤਾਂ ਖ਼ੂਨ ਨਾ ਬੁਰੀ ਤਰ੍ਹਾਂ ਭਿੱਜੀ ਹੋਈ ਮੇਰੇ ਬਾਪੂ ਦੀ ਲਾਸ਼ ਸੀ, ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਮੇਰੀਆਂ ਚੀਕਾਂ ਦੀ ਆਵਾਜ਼ ਰੱਬ ਨੂੰ ਲਲਕਾਰ ਰਹੀ ਸੀ,ਕਿ ਇਹ ਕੀ ਹੈ, ਮੈਨੂੰ ਵੀ ਦੱਸ,ਮੇਰਾ ਰੋ ਰੋ ਬੁਰਾ ਹਾਲ ਹੋ ਚੁੱਕਾ ਸੀ। ਫ਼ੇਰ ਸਾਰਾ ਕੁਝ ਜੋ ਹੁੰਦਾ ਹੈ ਉਹੀ ਹੋਇਆ, ਉਹ ਦਿਨ ਮੇਰੀ ਜਿੰਦਗੀ ਦਾ ਸਭ ਤੋਂ ਬੁਰਾ ਦਿਨ ਸੀ, ਮੇਰਾ ਮਨ ਕਹਿ ਰਿਹਾ ਸੀ‌ ਕਿ ਮੈਂ ਵੀ ਆਪਣੇ ਬਾਪੂ ਦੇ ਨਾਲ਼ ਜਾਣਾਂ ਚਾਹੁੰਦੀ ਹਾਂ, ਦੂਸਰੇ ਦਿਨ ਆਥਣ ਦਾ ਸਮਾਂ ਸੀ, ਜਦੋਂ ਮੈਂ  ਆਪਣੇ ਆਪ ਨਾਲ ਲੜ ਰਹੀ ਸਾਂ, ਉਲਝ ਰਹੀ ਸਾਂ, ਬੁਰੀ ਤਰ੍ਹਾਂ ਇਹ ਜ਼ਿੰਦਗੀ ਦੀ ਸੁਲਝੀ ਹੋਈ ਤਾਣੀਂ ਦੇ ਵਿਚ ਮਾਸੀ ਨੇ ਮੇਰੇ ਹੱਥ ਵਿਚ ਮੇਰੇ ਬਾਪੂ ਦਾ ਬਟੂਆ ਧਰਦੇ ਕਿਹਾ ਆ ਲੈ ਪੁੱਤ ਤੇਰੇ ਬਾਪੂ ਦਾ ਹੈ, ਸਾਂਭ ਕੇ ਰੱਖੀ, ਮਾਸੀ ਦੀ ਇਹ ਆਖਦਿਆਂ ਭੁੱਬ ਨਿਕਲ ਆਈ ਸੀ, ਪਰ ਅੱਖਾਂ ਤਾਂ ਕਹਿ ਲਵੋ ਪੱਥਰ ਹੋ ਗਈਆਂ‌ ਸਨ ਤੇ ਦਿਲ ਤਾਂ ਮੇਰਾ ਜਿਵੇਂ ਮੇਰੇ ਨਾਲ਼ ਹੀ ਨਹੀਂ ਹੁੰਦਾ, ਮੈਂ ਬਟੂਆ ਖੋਲ੍ਹਿਆ ਤਾਂ ਉਸ ਵਿਚ ਅੱਸੀ ਕੁ ਰੁਪਏ ਸਨ ਤੇ ਇੱਕ ਮੇਰੀ ਨਿੱਕੀ ਹੁੰਦੀ ਦੀ ਫੋਟੋ ਸੀ ਤੇ ਦੂਸਰੇ ਪਾਸੇ ਹੀ ਇੱਕ ਸੋਹਣੀ ਜਿਹੀ,ਜੋ ਕਿ ਬਿਲਕੁਲ ਮੁਟਿਆਰ ਲੱਗਦੀ ਔਰਤ ਦੀ ਫੋਟੋ ਸੀ, ਮੈਂ ਮਾਸੀ ਨੂੰ ਕਿਹਾ ਇਹ ਕੌਣ ਹੈ, ਮਾਸੀ ਨੇ ਕਿਹਾ ਤੈਨੂੰ ਨਹੀਂ ਪਤਾ, ਮੈਂ ਨਾ ਵਿਚ ਸਿਰ ਹਿਲਾਇਆ, ਤੇਰੀ ਮਾਂ ਦੀ ਤਸਵੀਰ ਆ
ਮੇਰੇ ਕੋਲ਼ ਕੁਝ ਬੋਲਣ ਲਈ ਨਹੀਂ ਸੀ। ਮੈਂ ਜਿਸ ਦੀ ਤਸਵੀਰ ਸਾਰੇ ਘਰ ਵਿਚੋਂ ਲੱਭਦੀ ਰਹੀ, ਉਹ ਅੱਜ ਮਿਲ਼ੀ ਵੀ ਤਾਂ ਉਸ ਸ਼ਕਸ ਦੇ ਖਜ਼ਾਨੇ ਵਿਚੋਂ ਜਿਸ ਦਾ‌ ਤੋਹਫ਼ਾ ਮੌਤ ਏ ਮੁਬਾਰਕਬਾਦ ਸੀ। 

ਕੁਝ ਚਿਹਰੇ ਤੇ ਕੁਝ ਇਨਸਾਨ ਜਿੰਦਗੀ ਵਿੱਚ ਅਜਿਹੇ ਮਿਲਦੇ ਨੇ,ਜੋ ਅਜਿਹੀਆਂ ਸੱਟਾਂ ਦੇਂਦੇ ਨੇ,ਜੋ ਚਾਹ ਕੇ ਵੀ ਸਾਰੀ ਉਮਰ ਨਹੀਂ ਭੁੱਲ ਹੁੰਦੀਆਂ,ਪਰ ਉਹ ਫ਼ੇਰ ਵੀ‌ ਦਿਲ ਦੇ ਅਜ਼ੀਜ਼ ਹੁੰਦੇ‌ ਨੇ ਅਤੇ ਸਦਾ ਬਣਕੇ ਰਹਿੰਦੇ ਨੇ

ਉਹ ਕਿਹੜਾ ਜਾਣਦੇ ਨਹੀਂ
ਕਿ ਕੀ ਹਸ਼ਰ ਹੋਣਾ ਉਹ ਬਿਨ

ਰਾਤਾਂ ਲੰਮੀਆਂ ਲੱਗਣਗੀਆਂ 
ਕਾਲੇ ਲੱਗਣੇ ਚਿੱਟੇ ਦਿਨ

***

✍️ਸੁਖਦੀਪ ਸਿੰਘ ਰਾਏਪੁਰ

ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਪੇਸ਼ ਕਰਨਾ ਜੀ।

E-mail : writersukhdeep@gmail.com

Contact : 8699633924 ( whatsapp )

Instagram : @im_sukhdep

1 Comment

  • Hakam Khahra
    Posted February 20, 2024 at 9:31 am

    Bahut wadiya

Leave a comment

0.0/5

Facebook
YouTube
YouTube
Set Youtube Channel ID
Pinterest
Pinterest
fb-share-icon
Telegram