Skip to content Skip to footer

ਸਵਾ ਚਾਰ ਵਜ ਚੁੱਕੇ ਸਨ ਪਰ ਧੁੱਪੇ ਉਹੀ ਤਮਾਜ਼ਤ ਸੀ ਜੋ ਦੁਪਹਿਰ ਨੂੰ ਬਾਰਾਂ ਵਜੇ ਦੇ ਕਰੀਬ ਸੀ। ਉਸਨੇ ਬਾਲਕਨੀ ਵਿੱਚ ਆਕੇ ਬਾਹਰ ਵੇਖਿਆ ਤਾਂ ਉਸਨੂੰ ਇੱਕ ਕੁੜੀ ਨਜ਼ਰ ਆਈ ਜੋ ਜ਼ਾਹਿਰ ਤੌਰ ਤੇ ਧੁੱਪ ਤੋਂ ਬਚਣ ਲਈ ਇੱਕ ਛਾਂਦਾਰ ਦਰਖ਼ਤ ਦੀ ਛਾਵੇਂ ਆਲਤੀ ਪਾਲਤੀ ਮਾਰੇ ਬੈਠੀ ਸੀ।

ਉਸਦਾ ਰੰਗ ਗਹਿਰਾ ਸਾਂਵਲਾ ਸੀ। ਇੰਨਾ ਸਾਂਵਲਾ ਕਿ ਉਹ ਦਰਖ਼ਤ ਦੀ ਛਾਂ ਦਾ ਇੱਕ ਹਿੱਸਾ ਲੱਗਦਾ ਸੀ। ਸਰੇਂਦਰ ਨੇ ਜਦੋਂ ਉਹਨੂੰ ਵੇਖਿਆ ਤਾਂ ਉਸਨੇ ਮਹਿਸੂਸ ਕੀਤਾ ਕਿ ਉਹ ਉਸਦੀ ਨੇੜਤਾ ਚਾਹੁੰਦਾ ਹੈ, ਹਾਲਾਂਕਿ ਉਹ ਇਸ ਮੌਸਮ ਵਿੱਚ ਕਿਸੇ ਦੀ ਨੇੜਤਾ ਦੀ ਵੀ ਖ਼ਾਹਿਸ਼ ਨਹੀਂ ਕਰ ਸਕਦਾ ਸੀ। ਮੌਸਮ ਬਹੁਤ ਬੇਹੂਦਾ ਕਿਸਮ ਦਾ ਸੀ। ਸਵਾ ਚਾਰ ਵਜ ਚੁੱਕੇ ਸਨ। ਸੂਰਜ ਡੁੱਬਣ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਮੌਸਮ ਨਿਹਾਇਤ ਜ਼ਲੀਲ ਸੀ। ਮੁੜ੍ਹਕਾ ਸੀ ਕਿ ਛੁੱਟਿਆ ਜਾ ਰਿਹਾ ਸੀ। ਖ਼ੁਦਾ ਜਾਣੇ ਕਿੱਥੋਂ ਮਸਾਮਾਂ ਦੇ ਜ਼ਰੀਏ ਇੰਨਾ ਪਾਣੀ ਨਿਕਲ ਰਿਹਾ ਸੀ।

ਸਰੇਂਦਰ ਨੇ ਕਈ ਵਾਰ ਗ਼ੌਰ ਕੀਤਾ ਸੀ ਕਿ ਪਾਣੀ ਉਸਨੇ ਜ਼ਿਆਦਾ ਤੋਂ ਜ਼ਿਆਦਾ ਚਾਰ ਘੰਟਿਆਂ ਵਿੱਚ ਸਿਰਫ ਇੱਕ ਗਲਾਸ ਪੀਤਾ ਹੋਵੇਗਾ। ਮੁੜ੍ਹਕਾ ਬਿਲਾ-ਮੁਬਾਲਗ਼ਾ ਚਾਰ ਗਲਾਸ ਨਿਕਲਿਆ ਹੋਵੇਗਾ। ਆਖ਼ਰ ਇਹ ਕਿੱਥੋਂ ਆਇਆ!

ਜਦੋਂ ਉਸਨੇ ਕੁੜੀ ਨੂੰ ਦਰਖ਼ਤ ਦੀ ਛਾਵੇਂ ਆਲਤੀ ਪਾਲਤੀ ਮਾਰੇ ਵੇਖਿਆ ਤਾਂ ਉਸਨੇ ਸੋਚਿਆ ਕਿ ਦੁਨੀਆ ਵਿੱਚ ਸਭ ਤੋਂ ਖ਼ੁਸ਼ ਇਹੀ ਹੈ ਜਿਸ ਨੂੰ ਧੁੱਪ ਦੀ ਪਰਵਾਹ ਹੈ ਨਾ ਮੌਸਮ ਦੀ।

ਸਰੇਂਦਰ ਮੁੜ੍ਹਕੇ ਵਿੱਚ ਲਥ-ਪਥ ਸੀ। ਉਸਦੀ ਬਨੈਣ ਉਸਦੇ ਜਿਸਮ ਦੇ ਨਾਲ਼ ਬਹੁਤ ਬੁਰੀ ਤਰ੍ਹਾਂ ਚਿੰਬੜੀ ਹੋਈ ਸੀ। ਉਹ ਕੁੱਝ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਉਸਦੇ ਬਦਨ `ਤੇ ਕਿਸੇ ਨੇ ਮੋਬਿਲ ਆਇਲ ਮਲ਼ ਦਿੱਤਾ ਹੋਵੇ ਪਰ ਇਸਦੇ ਬਾਵਜੂਦ ਜਦੋਂ ਉਸਨੇ ਦਰਖ਼ਤ ਦੀ ਛਾਵੇਂ ਬੈਠੀ ਹੋਈ ਕੁੜੀ ਨੂੰ ਵੇਖਿਆ ਤਾਂ ਉਸਦੇ ਜਿਸਮ ਵਿੱਚ ਇਹ ਖ਼ਾਹਿਸ਼ ਪੈਦਾ ਹੋਈ ਕਿ ਉਹ ਉਸਦੇ ਮੁੜ੍ਹਕੇ ਦੇ ਨਾਲ਼ ਘੁਲ਼ ਮਿਲ਼ ਜਾਵੇ, ਉਸਦੇ ਮਸਾਮਾਂ ਦੇ ਅੰਦਰ ਦਾਖ਼ਲ ਹੋ ਜਾਵੇ।

ਅਸਮਾਨ ਮਿੱਟੀਰੰਗਾ ਸੀ। ਕੋਈ ਵੀ ਯਕੀਨ ਨਾਲ਼ ਨਹੀਂ ਕਹਿ ਸਕਦਾ ਸੀ ਕਿ ਬੱਦਲ ਹਨ ਜਾਂ ਮਹਿਜ਼ ਗਰਦ-ਓ-ਗੁਬਾਰ। ਖੈਰ, ਉਸ ਗਰਦ-ਓ-ਗੁਬਾਰ ਜਾਂ ਬੱਦਲਾਂ ਦੇ ਬਾਵਜੂਦ ਧੁੱਪ ਦੀ ਝਲਕ ਮੌਜੂਦ ਸੀ ਅਤੇ ਉਹ ਕੁੜੀ ਬੜੀ ਤਸੱਲੀ ਨਾਲ਼ ਪਿੱਪਲ ਦੀ ਛਾਵੇਂ ਬੈਠੀ ਸੁਸਤਾ ਰਹੀ ਸੀ।

ਸਰੇਂਦਰ ਨੇ ਹੁਣ ਗ਼ੌਰ ਨਾਲ਼ ਉਸ ਵੱਲ ਵੇਖਿਆ। ਉਸਦਾ ਰੰਗ ਗਹਿਰਾ ਸਾਂਵਲਾ ਮਗਰ ਨਕਸ਼ ਬਹੁਤ ਤਿੱਖੇ ਕਿ ਉਹ ਸਰੇਂਦਰ ਦੀਆਂ ਅੱਖਾਂ ਵਿੱਚ ਕਈ ਵਾਰ ਚੁਭੇ।

ਕੁੜੀ ਮਜ਼ਦੂਰ ਪੇਸ਼ਾ ਲੱਗਦੀ ਸੀ। ਇਹ ਵੀ ਮੁਮਕਿਨ ਸੀ ਕਿ ਭਿਖਾਰਨ ਹੋਵੇ ਪਰ ਸਰੇਂਦਰ ਉਸਦੇ ਸੰਬੰਧੀ ਕੋਈ ਫ਼ੈਸਲਾ ਨਹੀਂ ਕਰ ਸਕਿਆ ਸੀ। ਅਸਲ ਵਿੱਚ ਉਹ ਇਹ ਫ਼ੈਸਲਾ ਕਰ ਰਿਹਾ ਸੀ ਕਿ ਕੀ ਉਸ ਕੁੜੀ ਨੂੰ ਇਸ਼ਾਰਾ ਕਰਨਾ ਚਾਹੀਦਾ ਹੈ ਜਾਂ ਨਹੀਂ।

ਘਰ ਵਿੱਚ ਉਹ ਬਿਲਕੁਲ ਇਕੱਲਾ ਸੀ। ਉਸਦੀ ਭੈਣ ਮਰੀ ਵਿੱਚ ਸੀ। ਮਾਂ ਵੀ ਉਸਦੇ ਨਾਲ਼ ਸੀ। ਬਾਪ ਮਰ ਚੁੱਕਿਆ ਸੀ। ਇੱਕ ਭਰਾ, ਉਸਤੋਂ ਛੋਟਾ, ਉਹ ਬੋਰਡਿੰਗ ਵਿੱਚ ਰਹਿੰਦਾ ਸੀ। ਸਰੇਂਦਰ ਦੀ ਉਮਰ ਸਤਾਈ-ਅਠਾਈ ਸਾਲ ਦੇ ਕਰੀਬ ਸੀ। ਇਸ ਤੋਂ ਪਹਿਲਾਂ ਉਹ ਆਪਣੀਆਂ ਦੋ ਅਧਖੜ ਉਮਰ ਦੀਆਂ ਨੌਕਰਾਨੀਆਂ ਨਾਲ਼ ਦੋ-ਤਿੰਨ ਵਾਰ ਸਿਲਸਿਲਾ ਲੜਾ ਚੁੱਕਾ ਸੀ।

ਪਤਾ ਨਹੀਂ ਕਿਉਂ, ਪਰ ਮੌਸਮ ਦੀ ਖ਼ਰਾਬੀ ਦੇ ਬਾਵਜੂਦ ਸਰੇਂਦਰ ਦੇ ਦਿਲ ਵਿੱਚ ਇਹ ਖ਼ਾਹਿਸ਼ ਹੋ ਰਹੀ ਸੀ ਕਿ ਉਹ ਪਿੱਪਲ ਦੀ ਛਾਵੇਂ ਬੈਠੀ ਹੋਈ ਕੁੜੀ ਦੇ ਕੋਲ ਜਾਵੇ ਜਾਂ ਉਸਨੂੰ ਉੱਪਰੋਂ ਹੀ ਇਸ਼ਾਰਾ ਕਰੇ ਤਾਂਕਿ ਉਹ ਉਸਦੇ ਕੋਲ਼ ਆ ਜਾਵੇ, ਅਤੇ ਉਹ ਦੋਨੋਂ ਇੱਕ ਦੂਜੇ ਦੇ ਮੁੜ੍ਹਕੇ ਵਿੱਚ ਗ਼ੋਤਾ ਲਗਾਉਣ ਅਤੇ ਕਿਸੇ ਅਗਿਆਤ ਜਜ਼ੀਰੇ ਵਿੱਚ ਪਹੁੰਚ ਜਾਣ।

ਸਰੇਂਦਰ ਨੇ ਬਾਲਕਨੀ ਦੇ ਕਟਹਿਰੇ ਦੇ ਕੋਲ ਖੜੇ ਹੋ ਕੇ ਜ਼ੋਰ ਨਾਲ਼ ਖੰਗੂਰਾ ਮਾਰਿਆ ਮਗਰ ਕੁੜੀ ਨੇ ਧਿਆਨ ਨਹੀਂ ਦਿੱਤਾ। ਸਰੇਂਦਰ ਨੇ ਜਦੋਂ ਕਈ ਵਾਰ ਅਜਿਹਾ ਕੀਤਾ ਅਤੇ ਕੋਈ ਨਤੀਜਾ ਨਾ ਮਿਲਿਆ ਤਾਂ ਉਸਨੇ ਅਵਾਜ਼ ਦਿੱਤੀ, “ਅਰੇ ਭਈ … ਜਰਾ ਏਧਰ ਵੇਖੋ!”

ਮਗਰ ਕੁੜੀ ਨੇ ਫਿਰ ਵੀ ਉਸ ਵੱਲ ਨਹੀਂ ਵੇਖਿਆ। ਉਹ ਆਪਣੀ ਪਿੰਜਣੀ ਖੁਰਕਦੀ ਰਹੀ।

ਸਰੇਂਦਰ ਨੂੰ ਬਹੁਤ ਉਲਝਣ ਹੋਈ। ਜੇਕਰ ਕੁੜੀ ਦੀ ਬਜਾਏ ਕੋਈ ਕੁੱਤਾ ਹੁੰਦਾ ਤਾਂ ਉਹ ਯਕੀਨਨ ਉਸਦੀ ਅਵਾਜ਼ ਸੁਣਕੇ ਉਸ ਵੱਲ ਵੇਖਦਾ। ਜੇਕਰ ਉਸਨੂੰ ਉਸਦੀ ਇਹ ਅਵਾਜ਼ ਨਾ-ਪਸੰਦ ਹੁੰਦੀ ਤਾਂ ਭੌਂਕਦਾ ਮਗਰ ਉਸ ਕੁੜੀ ਨੇ ਜਿਵੇਂ ਉਸਦੀ ਅਵਾਜ਼ ਸੁਣੀ ਹੀ ਨਹੀਂ ਸੀ। ਜੇਕਰ ਸੁਣੀ ਜਿਹੀ ਤਾਂ ਅਨਸੁਣੀ ਕਰ ਦਿੱਤੀ ਸੀ।

ਸਰੇਂਦਰ ਦਿਲ ਹੀ ਦਿਲ ਵਿੱਚ ਬਹੁਤ ਕੱਚਾ ਹੋ ਰਿਹਾ ਸੀ। ਉਸਨੇ ਇੱਕ ਵਾਰ ਬੁਲੰਦ ਅਵਾਜ਼ ਵਿੱਚ ਉਸ ਕੁੜੀ ਨੂੰ ਪੁੱਕਾਰਿਆ, “ਏ ਕੁੜੀ!”

ਕੁੜੀ ਨੇ ਫਿਰ ਵੀ ਉਸ ਵੱਲ ਨਹੀਂ ਵੇਖਿਆ। ਝੁੰਜਲਾ ਕੇ ਉਸਨੇ ਆਪਣਾ ਮਲਮਲ ਦਾ ਕੁੜਤਾ ਪਾਇਆ ਅਤੇ ਹੇਠਾਂ ਉਤਰਿਆ। ਜਦੋਂ ਉਸ ਕੁੜੀ ਦੇ ਕੋਲ ਪੁੱਜਿਆ ਤਾਂ ਉਹ ਉਸੇ ਤਰ੍ਹਾਂ ਆਪਣੀ ਨੰਗੀ ਪਿੰਜਣੀ ਤੇ ਖਾਜ ਕਰ ਰਹੀ ਸੀ।

ਸਰੇਂਦਰ ਉਸਦੇ ਕੋਲ ਖੜਾ ਹੋ ਗਿਆ। ਕੁੜੀ ਨੇ ਇੱਕ ਨਜ਼ਰ ਉਸ ਵੱਲ ਵੇਖਿਆ ਅਤੇ ਸ਼ਲਵਾਰ ਨੀਵੀਂ ਕਰਕੇ ਆਪਣੀ ਪਿੰਜਣੀ ਢਕ ਲਈ।

ਸਰੇਂਦਰ ਨੇ ਉਸ ਨੂੰ ਪੁੱਛਿਆ, “ਤੂੰ ਇੱਥੇ ਕੀ ਕਰ ਰਹੀ ਹੈਂ?”

ਕੁੜੀ ਨੇ ਜਵਾਬ ਦਿੱਤਾ, “ਬੈਠੀ ਹਾਂ।”

“ਕਿਉਂ ਬੈਠੀ ਹੈਂ?”

ਕੁੜੀ ਉਠ ਖੜੀ ਹੋਈ, “ਲਓ, ਹੁਣ ਖੜੀ ਹੋ ਗਈ!”

ਸਰੇਂਦਰ ਬੌਖਲਾ ਗਿਆ, “ਇਸ ਨਾਲ਼ ਕੀ ਹੁੰਦਾ ਹੈ। ਸਵਾਲ ਤਾਂ ਇਹ ਹੈ ਕਿ ਤੂੰ ਇੰਨੀ ਦੇਰ ਤੋਂ ਇੱਥੇ ਬੈਠੀ ਕੀ ਕਰ ਰਹੀ ਸੀ?”

ਕੁੜੀ ਦਾ ਚਿਹਰਾ ਹੋਰ ਜ਼ਿਆਦਾ ਸੰਵਲਾ ਗਿਆ, “ਤੁਸੀਂ ਚਾਹੁੰਦੇ ਕੀ ਹੋ?”

ਸਰੇਂਦਰ ਨੇ ਥੋੜ੍ਹੀ ਦੇਰ ਆਪਣੇ ਦਿਲ ਨੂੰ ਟਟੋਲਿਆ, “ਮੈਂ ਕੀ ਚਾਹੁੰਦਾ ਹਾਂ … ਮੈਂ ਕੁੱਝ ਨਹੀਂ ਚਾਹੁੰਦਾ … ਮੈਂ ਘਰ ਵਿੱਚ ਇਕੱਲਾ ਹਾਂ। ਜੇਕਰ ਤੂੰ ਮੇਰੇ ਨਾਲ਼ ਚੱਲੇਂ ਤਾਂ ਬੜੀ ਮਿਹਰਬਾਨੀ ਹੋਵੇਗੀ।”

ਕੁੜੀ ਦੇ ਡੂੰਘੇ ਸਾਂਵਲੇ ਬੁੱਲ੍ਹਾਂ `ਤੇ ਅ’ਜੀਬ-ਓ-ਗ਼ਰੀਬ ਕਿਸਮ ਦੀ ਮੁਸਕਰਾਹਟ ਸਾਕਾਰ ਹੋਈ, “ਮਿਹਰਬਾਨੀ … ਕਾਹਦੀ ਮਿਹਰਬਾਨੀ … ਚਲੋ!”

ਅਤੇ ਦੋਨੋਂ ਚੱਲ ਪਏ।

ਜਦੋਂ ਉੱਪਰ ਪੁੱਜੇ ਤਾਂ ਕੁੜੀ ਸੋਫੇ ਦੀ ਬਜਾਏ ਫ਼ਰਸ਼ `ਤੇ ਬੈਠ ਗਈ ਅਤੇ ਆਪਣੀ ਪਿੰਜਣੀ ਖੁਰਕਣ ਲੱਗੀ। ਸਰੇਂਦਰ ਉਸਦੇ ਕੋਲ ਖੜਾ ਸੋਚਦਾ ਰਿਹਾ ਕਿ ਹੁਣ ਉਸਨੂੰ ਕੀ ਕਰਨਾ ਚਾਹੀਦਾ ਹੈ।

ਉਸਨੇ ਉਸਨੂੰ ਗ਼ੌਰ ਨਾਲ਼ ਵੇਖਿਆ। ਉਹ ਖ਼ੂਬਸੂਰਤ ਨਹੀਂ ਸੀ ਪਰ ਉਸ ਵਿੱਚ ਉਹ ਸਭ ਗੋਲਾਈਆਂ ਅਤੇ ਉਹ ਸਭ ਰੇਖਾਵਾਂ ਮੌਜੂਦ ਸਨ ਜੋ ਇੱਕ ਜਵਾਨ ਕੁੜੀ ਵਿੱਚ ਮੌਜੂਦ ਹੁੰਦੀਆਂ ਹਨ। ਉਸਦੇ ਕੱਪੜੇ ਮੈਲੇ ਸਨ, ਪਰ ਇਸਦੇ ਬਾਵਜੂਦ ਉਸਦਾ ਮਜ਼ਬੂਤ ਜਿਸਮ ਉਸਦੇ ਬਾਹਰ ਝਾਕ ਰਿਹਾ ਸੀ।

ਸਰੇਂਦਰ ਨੇ ਉਸ ਨੂੰ ਕਿਹਾ, “ਇੱਥੇ ਕਿਉਂ ਬੈਠੀ ਹੋ … ਏਧਰ ਸੋਫੇ `ਤੇ ਬੈਠ ਜਾਓ!”

ਕੁੜੀ ਨੇ ਜਵਾਬ ਵਿੱਚ ਸਿਰਫ ਏਨਾ ਕਿਹਾ, “ਨਹੀਂ!”

ਸਰੇਂਦਰ ਉਸਦੇ ਕੋਲ ਫ਼ਰਸ਼ `ਤੇ ਬੈਠ ਗਿਆ, “ਤੁਹਾਡੀ ਮਰਜ਼ੀ … ਲਓ ਹੁਣ ਇਹ ਦੱਸੋ ਕਿ ਤੁਸੀਂ ਕੌਣ ਹੋ ਅਤੇ ਦਰਖ਼ਤ ਦੇ ਹੇਠਾਂ ਇੰਨੀ ਦੇਰ ਤੋਂ ਕਿਉਂ ਬੈਠੀ ਸੀ?”

“ਮੈਂ ਕੌਣ ਹਾਂ ਅਤੇ ਦਰਖ਼ਤ ਦੇ ਹੇਠਾਂ ਮੈਂ ਕਿਉਂ ਬੈਠੀ ਜਿਹੀ … ਇਸ ਨਾਲ਼ ਤੁਹਾਨੂੰ ਕੋਈ ਮਤਲਬ ਨਹੀਂ।” ਕੁੜੀ ਨੇ ਇਹ ਕਹਿ ਕੇ ਆਪਣੀ ਸ਼ਲਵਾਰ ਦਾ ਪਹੁੰਚਾ ਹੇਠਾਂ ਕਰ ਲਿਆ ਅਤੇ ਪਿੰਜਣੀ ਖੁਰਕਣੀ ਬੰਦ ਕਰ ਦਿੱਤੀ।

ਸਰੇਂਦਰ ਉਸ ਵਕਤ ਉਸ ਕੁੜੀ ਦੀ ਜਵਾਨੀ ਦੇ ਸੰਬੰਧੀ ਸੋਚ ਰਿਹਾ ਸੀ। ਉਹ ਉਸਦਾ ਅਤੇ ਉਨ੍ਹਾਂ ਦੋ ਅਧਖੜ ਉਮਰ ਦੀਆਂ ਨੌਕਰਾਨੀਆਂ ਦਾ ਮੁਕਾਬਲਾ ਕਰ ਰਿਹਾ ਸੀ ਜਿਨ੍ਹਾਂ ਨਾਲ਼ ਉਸਦਾ ਦੋ-ਤਿੰਨ ਵਾਰ ਸਿਲਸਿਲਾ ਹੋ ਚੁੱਕਿਆ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਉਹ ਇਸ ਕੁੜੀ ਦੇ ਮੁਕਾਬਲੇ ਵਿੱਚ ਢਿੱਲੀਆਂ ਢਾਲੀਆਂ ਸਨ, ਜਿਵੇਂ ਵਰ੍ਹਿਆਂ ਦੀਆਂ ਇਸਤੇਮਾਲ ਕੀਤੀਆਂ ਹੋਈਆਂ ਸਾਈਕਲਾਂ, ਪਰ ਇਸਦਾ ਹਰ ਪੁਰਜਾ ਆਪਣੀ ਜਗ੍ਹਾ `ਤੇ ਕੱਸਿਆ ਹੋਇਆ ਸੀ।

ਸਰੇਂਦਰ ਨੇ ਉਨ੍ਹਾਂ ਅਧਖੜ ਉਮਰ ਦੀਆਂ ਨੌਕਰਾਨੀਆਂ ਨਾਲ਼ ਆਪਣੀ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਸੀ। ਉਹ ਖ਼ੁਦ ਉਹਨੂੰ ਖਿੱਚ ਕੇ ਆਪਣੀਆਂ ਕੋਠੜੀਆਂ ਵਿੱਚ ਲੈ ਜਾਂਦੀਆਂ ਸਨ। ਮਗਰ ਸਰੇਂਦਰ ਹੁਣ ਮਹਿਸੂਸ ਕਰਦਾ ਸੀ ਕਿ ਇਹ ਸਿਲਸਿਲਾ ਉਸ ਨੂੰ ਹੁਣ ਖ਼ੁਦ ਕਰਨਾ ਪਵੇਗਾ, ਹਾਲਾਂਕਿ ਉਸਦੀ ਤਕਨੀਕ ਤੋਂ ਉੱਕਾ ਨਾਵਾਕਿਫ਼਼ ਸੀ। ਖੈਰ ਉਸਨੇ ਆਪਣੀ ਇੱਕ ਬਾਂਹ ਨੂੰ ਤਿਆਰ ਕੀਤਾ ਅਤੇ ਉਸਨੂੰ ਕੁੜੀ ਦੀ ਕਮਰ ਦੁਆਲੇ ਵਲ਼ ਦਿੱਤਾ।

ਕੁੜੀ ਨੇ ਇੱਕ ਜ਼ੋਰ ਦਾ ਝੱਟਕਾ ਦਿੱਤਾ, “ਇਹ ਕੀ ਕਰ ਰਹੇ ਹੋ ਤੁਸੀਂ?”

ਸਰੇਂਦਰ ਇੱਕ ਵਾਰ ਫਿਰ ਬੌਖਲਾ ਗਿਆ, “ਮੈਂ … ਮੈਂ … ਕੁੱਝ ਵੀ ਨਹੀਂ।”

ਕੁੜੀ ਦੇ ਗਹਿਰੇ ਸਾਂਵਲੇ ਬੁੱਲ੍ਹਾਂ`ਤੇ ਅ’ਜੀਬ ਕਿਸਮ ਦੀ ਮੁਸਕਰਾਹਟ ਸਾਕਾਰ ਹੋਈ, “ਆਰਾਮ ਨਾਲ਼ ਬੈਠੇ ਰਹੋ!”

ਸਰੇਂਦਰ ਆਰਾਮ ਨਾਲ਼ ਬੈਠ ਗਿਆ। ਮਗਰ ਉਸਦੇ ਸੀਨੇ ਵਿੱਚ ਹਲਚਲ ਹੋਰ ਜ਼ਿਆਦਾ ਵੱਧ ਗਈ। ਇਸ ਲਈ ਉਸਨੇ ਹਿੰਮਤ ਤੋਂ ਕੰਮ ਲੈ ਕੇ ਕੁੜੀ ਨੂੰ ਫੜ ਕੇ ਆਪਣੀ ਹਿੱਕ ਦੇ ਨਾਲ਼ ਘੁੱਟ ਲਿਆ।

ਕੁੜੀ ਨੇ ਬਹੁਤ ਹੱਥ-ਪੈਰ ਮਾਰੇ, ਮਗਰ ਸਰੇਂਦਰ ਦੀ ਪਕੜ ਮਜ਼ਬੂਤ ਸੀ। ਉਹ ਫ਼ਰਸ਼ `ਤੇ ਚਿੱਤ ਡਿੱਗ ਪਈ। ਸਰੇਂਦਰ ਉਸਦੇ ਉੱਪਰ ਸੀ। ਉਸਨੇ ਧੜਾ-ਧੜ ਉਸਦੇ ਗਹਿਰੇ ਸਾਂਵਲੇ ਬੁੱਲ੍ਹ ਚੁੰਮਣੇ ਸ਼ੁਰੂ ਕਰ ਦਿੱਤੇ।

ਕੁੜੀ ਬੇਬਸ ਸੀ। ਸਰੇਂਦਰ ਦਾ ਬੋਝ ਇੰਨਾ ਸੀ ਕਿ ਉਹ ਉਸਨੂੰ ਉਠਾ ਕੇ ਸੁੱਟ ਨਹੀਂ ਸਕਦੀ ਸੀ। ਮਜਬੂਰੀ ਦੇ ਕਾਰਨ ਉਹ ਉਸਦੇ ਗਿੱਲੇ ਚੁੰਮਣ ਬਰਦਾਸ਼ਤ ਕਰਦੀ ਰਹੀ।

ਸਰੇਂਦਰ ਨੇ ਸਮਝਿਆ ਕਿ ਉਹ ਟਿਕ ਗਈ ਹੈ, ਇਸ ਲਈ ਉਸਨੇ ਹੋਰ ਅੱਗੇ ਵਧਣਾ ਸ਼ੁਰੂ ਕੀਤਾ। ਉਸਦੀ ਕਮੀਜ਼ ਦੇ ਅੰਦਰ ਹੱਥ ਪਾਇਆ। ਉਹ ਖ਼ਾਮੋਸ਼ ਰਹੀ, ਉਸਨੇ ਹੱਥ ਪੈਰ ਚਲਾਉਣੇ ਬੰਦ ਕਰ ਦਿੱਤੇ। ਅਜਿਹਾ ਲੱਗਦਾ ਸੀ ਕਿ ਉਸ ਨੇ ਬਚਾਉ ਲਈ ਯਤਨ ਕਰਨਾ ਹੁਣ ਫ਼ੁਜ਼ੂਲ ਸਮਝਿਆ।

ਸਰੇਂਦਰ ਨੂੰ ਹੁਣ ਭਰੋਸਾ ਹੋ ਗਿਆ ਕਿ ਮੈਦਾਨ ਉਸੇ ਦੇ ਹੱਥ ਰਹੇਗਾ, ਇਸ ਲਈ ਉਸਨੇ ਜ਼ਿਆਦਤੀ ਕਰਨੀ ਛੱਡ ਦਿੱਤੀ ਅਤੇ ਉਸ ਨੂੰ ਕਿਹਾ, “ਚਲੋ ਆਓ, ਪਲੰਗ `ਤੇ ਲਿਟਦੇ ਹਾਂ।”

ਕੁੜੀ ਉੱਠੀ ਅਤੇ ਉਸਦੇ ਨਾਲ਼ ਚੱਲ ਦਿੱਤੀ। ਦੋਨੋਂ ਪਲੰਗ `ਤੇ ਲੇਟ ਗਏ। ਨਾਲ਼ ਹੀ ਤਿਪਾਈ `ਤੇ ਇੱਕ ਤਸ਼ਤਰੀ ਵਿੱਚ ਕੁਝ ਮਾਲਟੇ ਅਤੇ ਇੱਕ ਤੇਜ਼ ਛੁਰੀ ਪਈ ਸੀ। ਕੁੜੀ ਨੇ ਇੱਕ ਮਾਲਟਾ ਚੁੱਕਿਆ ਅਤੇ ਸਰੇਂਦਰ ਨੂੰ ਪੁੱਛਿਆ, “ਮੈਂ ਖਾ ਲਾਂ?”

“ਹਾਂ ਹਾਂ, ਇੱਕ ਨਹੀਂ ਸਭ ਖਾ ਲਓ!”

ਸਰੇਂਦਰ ਨੇ ਛੁਰੀ ਚੁੱਕੀ ਅਤੇ ਮਾਲਟਾ ਛਿੱਲਣ ਲੱਗਾ, ਮਗਰ ਕੁੜੀ ਨੇ ਉਸਤੋਂ ਦੋਨੋਂ ਚੀਜ਼ਾਂ ਲੈ ਲਈਆਂ, “ਮੈਂ ਖ਼ੁਦ ਛਿੱਲੂੰਗੀ!”

ਉਸ ਨੇ ਵੱਡੀ ਨਫ਼ਾਸਤ ਨਾਲ਼ ਮਾਲਟਾ ਛਿੱਲਿਆ। ਉਸਦੇ ਛਿਲਕੇ ਉਤਾਰੇ। ਫਾਂਕਾਂ ਤੋਂ ਸਫ਼ੈਦ ਸਫ਼ੈਦ ਝਿੱਲੀ ਹਟਾਈ। ਫਿਰ ਫਾਂਕਾਂ ਜੁਦਾ ਕੀਤੀਆਂ। ਇੱਕ ਫਾਂਕ ਸਰੇਂਦਰ ਨੂੰ ਦਿੱਤੀ, ਦੂਜੀ ਆਪਣੇ ਮੂੰਹ ਵਿੱਚ ਪਾਈ ਅਤੇ ਮਜ਼ਾ ਲੈਂਦੇ ਹੋਏ ਪੁੱਛਿਆ, “ਤੁਹਾਡੇ ਕੋਲ ਪਿਸਟਲ ਹੈ?”

ਸਰੇਂਦਰ ਨੇ ਜਵਾਬ ਦਿੱਤਾ, “ਹਾਂ … ਤੁਸੀਂ ਕੀ ਕਰਨਾ ਹੈ?”

ਕੁੜੀ ਦੇ ਗਹਿਰੇ ਸਾਂਵਲੇ ਬੁੱਲ੍ਹਾਂ`ਤੇ ਫਿਰ ਉਹੀ ਅਜੀਬ-ਓ-ਗ਼ਰੀਬ ਮੁਸਕਰਾਹਟ ਫੈਲ ਗਈ, “ਮੈਂ ਐਵੇਂ ਹੀ ਪੁੱਛਿਆ ਸੀ। ਤੁਸੀਂ ਜਾਣਦੇ ਹੋ ਨਾ ਕਿ ਅੱਜ ਕੱਲ੍ਹ ਹਿੰਦੂ-ਮੁਸਲਮਾਨ ਫ਼ਸਾਦ ਹੋ ਰਹੇ ਹਨ।”

ਸਰੇਂਦਰ ਨੇ ਦੂਜਾ ਮਾਲਟਾ ਤਸ਼ਤਰੀ ਵਿੱਚੋਂ ਚੁੱਕਿਆ, “ਅੱਜ ਤੋਂ ਹੋ ਰਹੇ ਹਨ … ਬਹੁਤ ਦਿਨਾਂ ਤੋਂ ਹੋ ਰਹੇ ਹਨ … ਮੈਂ ਆਪਣੇ ਪਿਸਟਲ ਨਾਲ਼ ਚਾਰ ਮੁਸਲਮਾਨ ਮਾਰ ਚੁੱਕਿਆ ਹਾਂ … ਬੜੇ ਖ਼ੂਨੀ ਕਿਸਮ ਦੇ!”

“ਸੱਚ?” ਇਹ ਕਹਿ ਕੇ ਕੁੜੀ ਉਠ ਖੜੀ ਹੋਈ, “ਮੈਨੂੰ ਜ਼ਰਾ ਉਹ ਪਿਸਟਲ ਤਾਂ ਦਿਖਾਣਾ!”

ਸਰੇਂਦਰ ਉੱਠਿਆ। ਦੂਜੇ ਕਮਰੇ ਵਿੱਚ ਜਾ ਕੇ ਉਸਨੇ ਆਪਣੇ ਮੇਜ਼ ਦਾ ਦਰਾਜ ਖੋਲ੍ਹਿਆ ਅਤੇ ਪਿਸਟਲ ਲੈ ਕੇ ਬਾਹਰ ਆਇਆ। “ਇਹ ਲਓ … ਪਰ ਰੁਕੋ!” ਅਤੇ ਉਸਨੇ ਪਿਸਟਲ ਦਾ ਸੇਫਟੀ ਕੈਚ ਠੀਕ ਕਰ ਦਿੱਤਾ ਕਿਉਂਕਿ ਉਸ ਵਿੱਚ ਗੋਲੀਆਂ ਭਰੀਆਂ ਸਨ।

ਕੁੜੀ ਨੇ ਪਿਸਟਲ ਫੜਿਆ ਅਤੇ ਸਰੇਂਦਰ ਨੂੰ ਕਿਹਾ, “ਮੈਂ ਵੀ ਅੱਜ ਇੱਕ ਮੁਸਲਮਾਨ ਮਾਰਾਂਗੀ,” ਇਹ ਕਹਿ ਕੇ ਉਸ ਨੇ ਸੇਫਟੀ ਕੈਚ ਨੂੰ ਇੱਕ ਤਰਫ਼ ਕੀਤਾ ਅਤੇ ਸਰੇਂਦਰ `ਤੇ ਪਿਸਟਲ ਦਾਗ਼ ਦਿੱਤਾ।

ਉਹ ਫ਼ਰਸ਼ `ਤੇ ਡਿੱਗ ਪਿਆ ਅਤੇ ਜਾਨ ਨਿਕਲਣ ਵੇਲ਼ੇ ਦੀ ਹਾਲਤ ਵਿੱਚ ਕਰਾਹੂਣ ਲੱਗਾ, “ਇਹ ਤੂੰ ਕੀ ਕੀਤਾ?”

ਕੁੜੀ ਦੇ ਡੂੰਘੇ ਸਾਂਵਲੇ ਬੁੱਲ੍ਹਾਂ `ਤੇ ਮੁਸਕਰਾਹਟ ਸਾਕਾਰ ਹੋਈ, “ਉਹ ਚਾਰ ਮੁਸਲਮਾਨ ਜੋ ਤੂੰ ਮਾਰੇ ਸਨ, ਉਨ੍ਹਾਂ ਵਿੱਚ ਮੇਰਾ ਬਾਪ ਵੀ ਸੀ!”

Leave a comment

Facebook
YouTube
YouTube
Set Youtube Channel ID
Pinterest
Pinterest
fb-share-icon
Telegram