ਨਵੀਂ ਦਿੱਲੀ— ਰਿਲਾਇੰਸ ਜਿਓ ਦੇ ਟੈਲੀਕਾਮ ਸੈਕਟਰ ’ਚ ਉਤਰਨ ਤੋਂ ਬਾਅਦ ਹੋਰ ਟੈਲੀਕਾਮ ਕੰਪਨੀਆਂ ਦੇ ਸਾਹਮਣੇ ਆਪਣੇ ਗਾਹਕ ਬਚਾਈ ਰੱਖਣ ਦੀ ਚੁਣੌਤੀ ਅਜੇ ਵੀ ਬਣੀ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਰਿਲਾਇੰਸ ਜਿਓ ਇਕ ਤੋਂ ਬਾਅਦ ਇਕ ਸਸਤੇ ਆਫਰ ਆਪਣੇ ਗਾਹਕਾਂ ਨੂੰ ਦੇ ਰਹੀ ਹੈ।
ਜਿਓ ਦੀ ਤਰਜ਼ ’ਤੇ ਆਈਡੀਆ-ਵੋਡਾਫੋਨ, ਏਅਰਟੈੱਲ ਵਰਗੀਅਾਂ ਮਹਾਰਥੀ ਟੈਲੀਕਾਮ ਕੰਪਨੀਆਂ ਵੀ ਆਪਣੇ ਗਾਹਕਾਂ ਨੂੰ ਸਸਤੇ ਆਫਰ ਦੇ ਰਹੀਅਾਂ ਹਨ ਪਰ ਇਨ੍ਹਾਂ ਆਫਰਾਂ ਕਾਰਨ ਇਨ੍ਹਾਂ ਕੰਪਨੀਆਂ ਦੀ ਕਮਾਈ ਘਟ ਰਹੀ ਹੈ। ਇਸ ਤੋਂ ਬਚਣ ਲਈ ਕੰਪਨੀਆਂ ਨੇ ਨਵਾਂ ਰਸਤਾ ਅਪਣਾਇਆ ਹੈ। ਹੁਣ ਕੰਪਨੀਆਂ ਨੇ ਸਾਰੇ ਯੂਜ਼ਰਸ ਲਈ ਘੱਟ ਤੋਂ ਘੱਟ 35 ਰੁਪਏ ਦਾ ਰੀਚਾਰਜ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਕੋਈ ਮੋਬਾਇਲ ਗਾਹਕ ਅਜਿਹਾ ਨਹੀਂ ਕਰਦਾ ਹੈ ਤਾਂ ਉਸਦੀ ਇਨਕਮਿੰਗ ਕਾਲ ਸਹੂਲਤ ਬੰਦ ਕਰ ਦਿੱਤੀ ਜਾਵੇਗੀ।
ਇਸ 35 ਰੁਪਏ ਦੇ ਰੀਚਾਰਜ ’ਚ ਗਾਹਕਾਂ ਨੂੰ 26 ਰੁਪਏ ਦਾ ਬੈਲੇਂਸ ਅਤੇ 28 ਦਿਨ ਦੀ ਵੈਲੇਡਿਟੀ ਮਿਲੇਗੀ। 28 ਦਿਨ ਪੂਰੇ ਹੋਣ ਤੋਂ ਬਾਅਦ ਜੇਕਰ ਕੋਈ ਗਾਹਕ ਨਵਾਂ ਰੀਚਾਰਜ ਨਹੀਂ ਕਰਦਾ ਹੈ ਤਾਂ ਬੈਲੇਂਸ ਹੋਣ ਦੇ ਬਾਵਜੂਦ ਉਸ ਦੀ ਆਊਟਗੋਇੰਗ ਸੇਵਾ ਬੰਦ ਕਰ ਦਿੱਤੀ ਜਾਵੇਗੀ। ਜੇਕਰ ਕੁਝ ਸਮੇਂ ਬਾਅਦ ਵੀ ਰੀਚਾਰਜ ਨਹੀਂ ਕੀਤਾ ਜਾਂਦਾ ਹੈ ਤਾਂ ਉਸ ਗਾਹਕ ਦੀ ਇਨਕਮਿੰਗ ਸੇਵਾ ਵੀ ਬੰਦ ਕਰ ਦਿੱਤੀ ਜਾਵੇਗੀ। ਇਸ ਬਾਰੇ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਆਪਣੀਅਾਂ ਸੇਵਾਵਾਂ ਦੇ ਬਦਲੇ ਇਕ ਤੈਅ ਫੀਸ ਵਸੂਲ ਰਹੀਅਾਂ ਹਨ, ਇਸ ਲਈ ਇਹ ਨਵਾਂ ਨਿਯਮ ਬਣਾਇਆ ਗਿਆ ਹੈ।
ਇਸ ’ਤੇ ਪਵੇਗਾ ਅਸਰ
ਅਜੇ ਵੱਡੀ ਗਿਣਤੀ ’ਚ ਗਾਹਕ ਅਜਿਹੇ ਹਨ ਜੋ ਇਕੱਠੇ 2 ਕੰਪਨੀਆਂ ਦੇ ਸਿਮ ਰੱਖਦੇ ਹਨ। ਇਨ੍ਹਾਂ ’ਚੋਂ ਇਕ ਸਿਮ ’ਚ ਨਾ ਤਾਂ ਬੈਲੇਂਸ ਹੁੰਦਾ ਹੈ ਅਤੇ ਨਾ ਹੀ ਵੈਲੇਡਿਟੀ ਹੁੰਦੀ ਹੈ। ਹਾਲਾਂਕਿ ਇਸ ਸਿਮ ’ਤੇ ਇਨਕਮਿੰਗ ਕਾਲ ਦੀ ਸਹੂਲਤ ਉਪਲੱਬਧ ਰਹਿੰਦੀ ਹੈ। ਇਸ ਕਾਰਨ ਗਾਹਕ ਇਸ ਸਿਮ ਨੂੰ ਰੀਚਾਰਜ ਨਹੀਂ ਕਰਵਾਉਂਦੇ ਹਨ। ਹੁਣ ਅਜਿਹੇ ਗਾਹਕਾਂ ਤੋਂ ਕਮਾਈ ਕਰਨ ਲਈ ਸਾਰੀਅਾਂ ਟੈਲੀਕਾਮ ਕੰਪਨੀਆਂ ਨੇ ਇਹ ਨਵਾਂ ਨਿਯਮ ਬਣਾਇਆ ਹੈ। ਅਜਿਹੇ ’ਚ ਜੋ ਗਾਹਕ 2 ਸਿਮ ਰੱਖਦੇ ਹਨ, ਉਨ੍ਹਾਂ ਨੂੰ ਦੋਵਾਂ ਸਿਮਾਂ ਦੀ ਵਰਤੋਂ ਕਰਨ ਲਈ ਹਰ ਹਾਲ ’ਚ ਭੁਗਤਾਨ ਕਰਨਾ ਪਵੇਗਾ।