Skip to content Skip to footer

ਉਹ ਜਦੋਂ ਮਲੂਕ ਜਿਹੀ ਡੋਲੀ ਵਿਚੋਂ ਨਿਕਲੀ ਸੀ, ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚੜ੍ਹ ਗਿਆ ਸੀ – ਮੁਰੱਬਿਆਂ ਵਾਲੀ।

ਸਿਰਫ਼ ਜ਼ਮੀਨ ਦੇ ਕਾਗ਼ਜ਼ਾਂ ਪੱਤਰਾਂ ਵਿਚ ਉਹਦਾ ਨਾਂ “ਸਰਦਾਰਨੀ ਰਾਜ ਕੌਰ” ਲਿਖਿਆ ਹੋਇਆ ਸੀ, ਜਾਂ ਉਹਦਾ ਸਹੁਰਾ ਜਿੰਨਾ ਚਿਰ ਜਿਉਂਦਾ ਰਿਹਾ ਸੀ ਉਹਨੂੰ ਸਰਦਾਰਨੀ ਰਾਜ ਕੌਰ ਕਹਿੰਦਾ ਰਿਹਾ ਸੀ, ਪਰ ਜਿੱਥੋਂ ਤਕ ਸ਼ਰੀਕੇ ਦਾ ਤੇ ਪਿੰਡ ਦੇ ਹੋਰ ਲੋਕਾਂ ਦਾ ਸਵਾਲ ਸੀ, ਉਹ ਸਭਨਾਂ ਲਈ ਮੁਰੱਬਿਆਂ ਵਾਲੀ ਸੀ। ਉਹਦੇ ਚੜ੍ਹੇ ਪੀੜੇ ਪਿਉ ਨੇ ਇਕ ਮੁਰੱਬਾ ਦਾਜ ਵਿਚ ਦਿੱਤਾ ਸੀ। ਪਰ ਬਿਨਾਂ ਨਾਵਿਉਂ ਵੀ ਸਭ ਨੂੰ ਪਤਾ ਸੀ ਕਿ ਰਹਿੰਦੀ ਤਿੰਨ ਮੁਰੱਬੇ ਜ਼ਮੀਨ ਦੀ ਵੀ ਉਹੀਉ ਵਾਰਸ ਸੀ। ਉਹਦੇ ਬਾਰੇ ਦੰਦ ਕਥਾ ਸੀ ਕਿ ਉਹਦੀ ਮਾਂ ਜਦੋਂ ਚਲੀਹਾ ਨ੍ਹਾਤੀ, ਉਹਨੂੰ ਕੀਮਖ਼ਾਬ ਵਿਚ ਵਲ੍ਹੇਟ ਕੇ ਗੁਰਦੁਆਰੇ ਮੱਥਾ ਟਿਕਾਣ ਲੈ ਗਈ, ਤਾਂ ਉਹਦੇ ਪਿਉ ਨੇ ਉਹਦੇ ਹੱਥੋਂ ਸੋਨੇ ਦੀਆਂ ਯਾਰਾਂ ਅਸ਼ਰਫ਼ੀਆਂ ਮੱਥਾ ਟਿਕਵਾਈਆਂ ਸਨ, ਤੇ ਉਸੇ ਦਿਨ ਗੁਰਦੁਆਰੇ ਦੇ ਭਾਈ ਜੀ ਨੇ ਉਹਨੂੰ ਮੁਰੱਬਿਆਂ ਵਾਲੀ ਆਖ, ਇਕ ਸੁੱਚੇ ਗੋਟੇ ਵਾਲੀ ਚੁੰਨੀ ਗੁਰੂ ਮਹਾਰਾਜ ਨੂੰ ਛੁਹਾ ਕੇ ਉਹਦੇ ਲਈ ਸਿਰੋਪਾ ਦਿੱਤੀ ਸੀ।

ਉਹ ਭਰੇ ਘਰ ਜੰਮੀ ਸੀ, ਭਰੇ ਘਰ ਵਿਆਹੀ। ਪਰ ਜਿਹੜਾ ਇਕ ਦੁੱਖ ਉਹਨੇ ਦੜ ਵੱਟ ਕੇ ਪੀ ਲਿਆ ਸੀ, ਉਹਨੂੰ ਉਹਦੇ ਤੋਂ ਤੇ ਉਹਦੇ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਵੀ ਨਹੀਂ ਸੀ ਜਾਣਦਾ। ਸੱਜਰ ਵਿਆਹੀ ਨੂੰ ਸੂਹ ਲੱਗ ਗਈ ਸੀ ਕਿ ਉਹਦਾ ਮਰਦ ਹਾਕਮ ਸਿੰਘ ਆਪਣੇ ਦਾਦੇ ਪੋਤਰਿਉਂ ਭਰਾ ਲਗਦੇ ਕਰਮ ਸਿੰਘ ਦੀ ਤੀਵੀਂ ਨਾਲ ਰਲਿਆ ਹੋਇਆ ਸੀ। ਪਿੱਛੋਂ ਉਹਨੇ ਏਸ ਗੱਲ ਦੀ ਈਚੀ ਬੀਚੀ ਵੀ ਜਾਣ ਲਈ ਸੀ ਕਿ ਜਦੋਂ ਤੱਕ ਕਰਮ ਸਿੰਘ ਜੀਊਂਦਾ ਰਿਹਾ, ਉਦੋਂ ਤੱਕ ਤਾਂ ਢੱਕੀ ਰਿਝਦੀ ਰਹੀ, ਪਰ ਜਿੱਦਣ ਦਾ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ, ਉਹਦੀ ਤੀਵੀਂ ਨੇ ਸਾਕਾਂ ਵਿਚੋਂ ਦਿਉਰ ਲਗਦੇ ਏਸ ਹਾਕਮ ਸਿੰਘ ਦੇ ਦੋ ਕੱਚੇ ਕਢਵਾਏ ਸਨ।

ਇਹ ਮੁਰੱਬਿਆਂ ਵਾਲੀ ਰੱਬ ਦੀ ਬੰਦੀ, ਮੂੰਹੋਂ ਨਾ ਬਿਰਕੀ। ਸਿਰਫ਼ ਇਕ ਵਾਰ ਗੁਰਦੁਆਰੇ ਜਾ ਕੇ ਆਪਣੇ ਸੱਚੇ ਪਾਤਸ਼ਾਹ ਅੱਗੇ ਫ਼ਿੱਸ ਪਈ “ਲੋਕ ਪ੍ਰਲੋਕ ਦੀ ਜਾਨਣ ਵਾਲਿਆ! ਮੈਂ ਤਾਂ ਉਹਨੂੰ ਸੁੱਚੇ ਅੰਗ ਦਿੱਤੇ ਸਨ, ਪਰ ਉਸ ਭ੍ਰਿਸ਼ਟੇ ਹੋਏ ਨੇ ਉਹ ਵੀ ਭ੍ਰਿਸ਼ਟ ਕਰ ਛੱਡੇ।”

ਤੇ ਉਹਦਾ ਮਰਦ ਜਿਹੜੀ ਰਾਤ ਉਹਦੇ ਵਿਛੌਣੇ ਉਤੇ ਔਂਦਾ, ਉਹ ਉਸ ਪ੍ਰਭਾਤੇ ਮਲ ਮਲ ਕੇ ਨਹਾਉਂਦੀ ਤੇ ਦਿਨ ਚੜ੍ਹੇ ਸਾਰਾ ਵਿਛੌਣਾ ਧੁਆ ਛੱਡਦੀ। ਰੋਜ਼ ਪੰਜ ਪੌੜੀਆਂ ਪੜ੍ਹਦੀ, ਪਰ ਉਸ ਦਿਨ ਸੁੱਚੇ ਮੂੰਹ ਸਾਰੀ ਸੁਖਮਨੀ ਦਾ ਪਾਠ ਕਰਦੀ।

ਉਹਨੇ ਅੱਖਾਂ ਮੀਟ ਕੇ ਜੀਉਂਦੀ ਮੱਖੀ ਨਿਗਲ ਲਈ ਸੀ, ਪਰ ਆਪਣੇ ਮਰਦ ਨੂੰ ਮੂੰਹੋਂ ਕੁਝ ਨਹੀਂ ਸੀ ਆਖਿਆ। ਉਹਨੂੰ ਵੀ ਖੌਰੇ ਅੰਦਰ ਦਾ ਭੈਅ ਮਾਰਦਾ ਸੀ, ਉਹਨੇ ਆਪਣੀ ਇਸ ਸਰਦਾਰਨੀ ਅੱਗੇ ਕਦੇ ਅੱਖ ਨਹੀਂ ਸੀ ਉਚੀ ਕੀਤੀ। ਪਰ ਮਰਦ ਦੀ ਇਹ ਗੱਲ ਵੀ ਉਹਨੂੰ ਫਿੱਸੇ ਹੋਏ ਫੋੜੇ ਵਰਗੀ ਲਗਦੀ ਤੇ ਉਹਦਾ ਜੀਅ ਕਚਿਆ ਜਾਂਦਾ।

ਪਰ ਉਹਦੇ ਜੀਅ ਨੂੰ ਠੱਲ੍ਹ ਪੈ ਗਈ, ਜਦੋਂ ਉਤੋੜੱਤੀ ਉਸ ਦੇ ਘਰ ਦੋ ਪੁੱਤਰ ਜੰਮੇ। ਉਹਨੂੰ ਜਾਪਿਆ – ਉਹਨੂੰ ਕੱਲੀਕਾਰੀ ਨੂੰ ਰੱਬ ਨੇ ਲੋਹੇ ਦੀਆਂ ਬਾਹਵਾਂ ਦੇ ਦਿੱਤੀਆਂ ਹਨ। ਫੇਰ ਤੀਜੀ ਪੇਟ ਘਰੋੜੀ ਧੀ ਜੰਮੀ ਜਿਹਨੂੰ ਲਾਡ ਨਾਲ ਉਹ ਮਲਕੀ ਬੁਲਾਂਦੀ ਰਹੀ। ਭਾਵੇਂ ਪਿੱਛੋਂ ਗੁਰੂ ਗਰੰਥ ਵਿਚੋਂ ਜਦੋਂ ਉਹਦਾ ਨਾਂ ਕਢਵਾਇਆ, ਉਹ ਕੁਝ ਹੋਰ ਸੀ, ਪਰ ਜਿਹੜਾ ਪਹਿਲੇ ਦਿਨ ਉਹਦੇ ਮੂੰਹ ਚੜ੍ਹਿਆ ਸੀ, ਉਹੀਉ ਫੇਰ ਸਾਰਿਆਂ ਦੇ ਮੂੰਹ ਚੜ੍ਹ ਗਿਆ ਸੀ।

ਵੇਲਾ ਚੰਗਾ ਭਲਾ ਆਪਣੇ ਮੂੰਹ ਧਿਆਨ ਤੁਰਦਾ ਪਿਆ ਸੀ, ਪਰ ਪਟੋਲੇ ਵਰਗੀ ਮਲਕੀ ਜਦੋਂ ਉੱਸਰ ਖਲੋਤੀ, ਸਕੂਲ ਪਾਸ ਕਰਨ ਜਿੱਡੀ ਹੋ ਗਈ, ਤਾਂ ਵੇਲੇ ਨੇ ਇਕ ਅਜਿਹੀ ਭੁਆਟੀ ਖਾਧੀ ਕਿ ਕੀ ਸ਼ਰੀਕੇ ਦੀ ਭਾਬੀ ਤੇ ਕੀ ਕੋਈ ਹੋਰ, ਜਿਹੜੀ ਕਦੇ ਏਸ ਮੁਰੱਬਿਆਂ ਵਾਲੀ ਦੇ ਸਾਹਮਣੇ ਅੱਖ ਭਰ ਕੇ ਨਹੀਂ ਸੀ ਤੱਕੀ, ਲਾ ਲਾ ਕੇ ਗੱਲਾਂ ਕਰਨ ਲੱਗ ਪਈ।

ਮਲਕੀ ਨੇ ਜ਼ਿਦ ਬੰਨ੍ਹ ਲਈ ਸੀ ਕਿ ਉਹ ਸਕੂਲ ਪਾਸ ਕਰ ਕੇ ਅੱਗੋਂ ਸ਼ਹਿਰ ਜਾਏਗੀ, ਤੇ ਪੜ੍ਹੇਗੀ। ਏਥੋਂ ਤਕ ਤਾਂ ਗੱਲ ਨਜਿੱਠਣ ਵਾਲੀ ਸੀ ਕਿ ਮਲਕੀ ਦੇ ਮਨ ਵਿਚ ਜੋ ਕੁਝ ਭਰਿਆ ਸੀ, ਉਹ ਸਕੂਲ ਦੇ ਜਵਾਨ ਜਹਾਨ ਮਾਸਟਰ ਨੇ ਉਹਨੂੰ ਕੋਈ ਉਲਟੀਆਂ ਪੁਲਟੀਆਂ ਕਿਤਾਬਾਂ ਪੜ੍ਹਾ ਕੇ ਭਰਿਆ ਸੀ, ਪਰ ਗੱਲ ਏਥੇ ਨਹੀਂ ਸੀ ਨਿੱਬੜਦੀ। ਲੋਕ ਮਲਕੀ ਦੀ ਤੇ ਮਾਸਟਰ ਦੀ ਅਸ਼ਨਾਈ ਜੋੜਨ ਲੱਗ ਪਏ ਸਨ।

ਇਕ ਦਿਨ ਤਾਂ ਗਲੀ ਵਿਚੋਂ ਲੰਘਦੀ ਰਾਜ ਕੌਰ ਦੇ ਕੰਨੀਂ ਵਾਜ ਪਈ, ਜੁ ਸਾਫ਼ ਦਿਸਦਾ ਸੀ ਕਿ ਪਿੰਡ ਦੀ ਨ੍ਹਾਮੋ ਸ਼ਰੀਕਣੀ ਨੇ ਉਸੇ ਨੂੰ ਸੁਨਾਣ ਲਈ ਆਖੀ ਸੀ “ਨੀ ਮੈਂ ਅੰਬ ਦਾ ਅਚਾਰ ਪਾਇਆ, ਡਾਢਾ ਸੋਹਣਾ ਪੀਲਾ ਪੀਲਾ, ਮੈਂ ਸੋਚਿਆ ਚਾਰ ਫਾੜੀਆਂ ਮਾਸਟਰ ਜੀ ਨੂੰ ਵੀ ਦੇ ਆਵਾਂ, ਐਵੇਂ ਹੇਜ ਆ ਗਿਆ। ਪਰ ਫਿਟਿਆ ਹੋਇਆ ਆਂਹਦਾ ਏ – ਮੈਂ ਅਚਾਰ ਨਹੀਂ ਖਾਂਦਾ। ਆਹੋ ਜੀ! ਅਚਾਰ ਕਾਹਨੂੰ ਖਾਵੇ, ਉਹ ਤਾਂ ਮ੍ਹਾਦੜ ਤੁਮ੍ਹਾਤੜ ਖਾਂਦੇ ਨੇ, ਉਹ ਤਾਂ ਕੋਈ ਮਰਤਬਾਨ ਭੰਨੇਗਾ, ਮੁਰੱਬਾ ਖਾਏਗਾ…”

ਗੱਲ ਭਾਵੇਂ ਖਾਣ ਵਾਲੇ ਮੁਰੱਬੇ ਦੀ ਸੀ, ਪਰ ਰਾਜ ਕੌਰ ਸਮਝ ਗਈ ਕਿ ਇਹ ਗੱਲ ਉਸੇ ਦੇ ਮੁਰੱਬਿਆਂ ਨੂੰ ਲਾ ਕੇ ਸੁਣਾਈ ਗਈ ਸੀ। ਲਹੂ ਦੇ ਘੁੱਟ ਵਾਂਗੂੰ ਪੀ ਗਈ। ਪਰ ਹਨੇਰੀ ਵਾਂਗੂੰ ਚੱਲੀ ਹੋਈ ਗੱਲ ਅੱਗੇ ਕੰਨਾਂ ਦਾ ਬੂਹਾ ਭੀੜਿਆਂ ਕੁਝ ਨਹੀਂ ਸੀ ਬਣਦਾ। ਇਕ ਦਿਨ ਉਹਨੂੰ ਉਹ ਸ਼ਰੀਕੇ ਦੀ ਭਾਬੀ ਮੂੰਹ ਪਾੜ ਕੇ ਆਖਣ ਲੱਗੀ – “ਕੀ ਹਾਲ ਏ ਕੁੜੀ ਦਾ, ਜੀ ਰਾਜੀ ਨਹੀਂ ਉਹਦਾ? ਕਹਿੰਦੀ ਸੀ ਹੱਡ ਪੈਰ ਭੱਜਦੇ ਨੇ…” ਤੇ ਜਦੋਂ ਅੱਗੋਂ ਸਰਦਾਰਨੀ ਨੇ ਗੱਲ ਨਹੀਂ ਸੀ ਗੌਲੀ ਤਾਂ ਉਹ ਆਪੇ ਬੋਲ ਪਈ ਸੀ “ਅਸ਼ਕੂਲੇ ਗਈ ਹੋਣੀ ਏਂ – ਪਈ ਪਿੰਡੇ ਨੂੰ ਟਕੋਰ ਹੋ ਜਾਏਗੀ…?”

ਉਸ ਦਿਨ ਸਰਦਾਰਨੀ ਰਾਜ ਕੌਰ ਛੋਲਿਆਂ ਵਾਂਗੂੰ ਅਜਿਹਾ ਵੱਟ ਖਆ ਗਈ ਕਿ ਛਮ ਛਮ ਰੋਂਦੀ ਮਲਕੀ ਨੂੰ ਵੇਖ ਕੇ ਵੀ ਉਹਦੇ ਮਨ ਦਾ ਦਾਣਾ ਗਲਣ ਵਿਚ ਨਹੀਂ ਸੀ ਆਇਆ। ਤੇ ਉਹਦੇ ਹਾਮੀ ਭਰਨ ਤੇ ਮਲਕੀ ਦੇ ਪਿਉ ਨੇ ਜਿਥੇ ਚਾਹਿਆ ਸੀ, ਉਥੇ ਮਲਕੀ ਦਾ ਸਾਕ ਪੱਕਾ ਕਰ ਦਿੱਤਾ ਸੀ।

ਬੂਹੇ ਜੰਝ ਢੁੱਕਣ ਵਾਲੀ ਸੀ, ਗੇਣਤਰੀ ਦੇ ਦਿਨ ਰਹਿੰਦੇ ਸਨ, ਜਦੋਂ ਮਲਕੀ ਨੇ, ਇਕ ਦਿਨ ਪਿੱਪਲ ਦੇ ਪੱਤੇ ਵਾਂਗ ਕੰਬਦੀ ਨੇ, ਮਾਂ ਨੂੰ ਅੰਦਰ ਵੜ ਕੇ ਆਖਿਆ ਕਿ ਉਹਦੇ ਜੀਅ ਵਿਚ ਜਿਹੜਾ ਮਰਦ ਸੀ, ਉਹ ਮਾਸਟਰ ਸੀ, ਹੁਣ ਉਹਦੇ ਜੀਏ ਵਿਚ ਹੋਰ ਕੋਈ ਨਹੀਂ ਸੀ ਸਮਾਣਾ। ਪਰ ਰਾਜ ਕੌਰ ਨੇ ਉਹਦੇ ਸਿਰ ਉਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸਤਾ ਇਸ ਤਰ੍ਹਾਂ ਪਾਇਆ ਸੀ – ਜਿਵੇਂ ਮਲਕੀ ਨੇ ਬਲਦ ਦੇ ਸਿੰਗਾਂ ਵਾਂਗੂੰ ਧਰਤੀ ਸਿਰ ਉਤੇ ਚੁੱਕਣੀ ਹੋਵੇ, ਤੇ ਜਿਹਦੇ ਥਾਉਂ ਹਿੱਲਣ ਨਾਲ ਸਾਰੀ ਧਰਤੀ ਹਿੱਲ ਜਾਣੀ ਹੋਵੇ।

ਸੋ ਮਲਕੀ ਨੇ ਬਲਦ ਦੇ ਸਿੰਗਾਂ ਵਾਂਗੂੰ ਧਰਤੀ ਸਿਰ ਉਤੇ ਚੁੱਕ ਲਈ ਸੀ। ਘਰ ਦੀ ਇੱਜ਼ਤ ਬਣੀ ਰਹਿ ਗਈ ਸੀ। ਉਹ ਅੱਖਾਂ ਨੂੜ ਕੇ ਡੋਲੀ ਵਿਚ ਬਹਿ ਗਈ ਸੀ ਤੇ ਸਾਰੇ ਸ਼ਰੀਕੇ ਨੂੰ ਦੰਦਣ ਪੈ ਗਈ ਸੀ।

ਵੇਲਾ ਫੇਰ ਆਪਣੇ ਮੂੰਹ ਧਿਆਨ ਤੁਰਨ ਲੱਗ ਪਿਆ ਸੀ। ਇਹ ਗੱਲ ਵੱਖਰੀ ਸੀ ਕਿ ਮਲਕੀ ਗੋਹਿਆਂ ਵਾਂਗ ਧੁਖਦੀ ਰਹੀ, ਤੇ ਉਹਦਾ ਧੂੰਆਂ ਉਹਦੇ ਮਾਪਿਆਂ ਦੇ ਬੂਹੇ ਵੀ ਅੱਪੜਦਾ ਉਹਦੀ ਮਾਂ ਦੀਆਂ ਅੱਖਾਂ ਨੂੰ ਵੀ ਲਗਦਾ ਰਿਹਾ। ਪਰ ਹਾਰੇ ਦੀ ਅੱਗ ਉੱਤੇ ਦਾਲ ਰਿਝਦੀ ਰਹੀ, ਦੁਧ ਕੜ੍ਹਦਾ ਰਿਹਾ, ਪੁੱਤਰ ਧੀਆਂ ਜੰਮਦੇ ਰਹੇ..

ਪਰ ਫੇਰ ਪੰਝੀਆਂ ਵਰ੍ਹਿਆਂ ਪਿਛੋਂ ਚੰਗੇ ਭਲੇ ਤੁਰਦੇ ਵੇਲੇ ਨੇ ਅਜਿਹੀ ਭੁਆਟਣੀ ਖਾ ਲਈ ਕਿ ਮਲਕੀ ਦੇ ਸਹੁਰੇ ਵੀ ਤੇ ਮਲਕੀ ਦੇ ਪੇਕੇ ਵੀ ਛਵ੍ਹੀਆਂ ਲਿਸ਼ਕ ਪਈਆਂ। ਮਲਕੀ ਦੀ ਪਲੇਠੀ ਧੀ ਸਾਹਬ ਕੌਰ, ਜਿਹਨੂੰ ਸਾਰੇ ਪਿਆਰ ਨਾਲ ਸਾਹਿਬਾਂ ਆਖਦੇ ਸਨ, ਤੇ ਜੋ ਪਿਛਲੇ ਛੇਆਂ ਵਰ੍ਹਿਆਂ ਤੋਂ ਸ਼ਹਿਰ ਪੜ੍ਹਦੀ ਸੀ, ਜਦੋਂ ਪੜ੍ਹ ਕੇ ਘਰ ਆਈ ਤਾਂ ਔਂਦੀ ਨੇ ਮਾਂ ਪਿਉ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰੇਗੀ। ਤੇ ਪਤਾ ਲੱਗਾ ਕਿ ਉਹਦੀ ਮਰਜ਼ੀ ਦਾ ਮਰਦ ਮਜ਼੍ਹਬੀਆਂ ਦਾ ਇਕ ਲੜਕਾ ਸੀ, ਜੋ ਉਹਦੇ ਨਾਲ ਹੀ ਉਹਦੇ ਕਾਲਜ ਵਿਚ ਪੜ੍ਹਦਾ ਹੁਣ ਅਗਲੀ ਪੜ੍ਹਾਈ ਵਾਸਤੇ ਪਤਾ ਨਹੀਂ ਕਿਹੜੇ ਦੇਸ ਚੱਲਿਆ ਸੀ…

ਸਾਹਿਬਾਂ ਦੇ ਭਰਾ ਛੋਟੇ ਸਨ, ਪਰ ਪਿਉ ਤੇ ਚਾਚੇ ਅਜੇ ਵੀ ਲੋਹੇ ਦੀਆਂ ਲੱਠਾਂ ਵਰਗੇ ਸਨ, ਤੇ ਉਧਰੋਂ ਸਾਹਿਬਾਂ ਦੇ ਮਾਮੇ ਪੈਰਾਂ ਦੀ ਅੱਡੀ ਨਾਲ ਧਰਤੀ ਪਾੜਦੇ ਸਨ, ਸੋ ਇਕ ਕਹਿਰ ਝੁੱਲ ਪਿਆ।

ਘਰ ਦੀ ਧੀ ਆਪਣੀ ਹੱਥੀਂ ਮਾਰਣ ਨਹੀਂ ਸੀ ਹੁੰਦੀ, ਪਰ ਮਜ਼੍ਹਬੀਆਂ ਦਾ ਮੁੰਡਾ ਮੁਕਾਇਆ ਜਾ ਸਕਦਾ ਸੀ। ਸੋ ਬਾਨ੍ਹਣੂ ਬੱਝਣ ਲੱਗੇ। ਕੁੜੀ ਨੂੰ ਅੰਦਰ ਬਹਿ ਕੇ ਸਮਝਾਇਆ ਸੀ, ਪਰ ਉਹ ਬਿਜਲੀ ਦੀ ਨੰਗੀ ਤਾਰ ਵਾਂਗੂੰ ਕਿਸੇ ਦਾ ਹੱਥ ਨਹੀਂ ਸੀ ਲੱਗਣ ਦੇਂਦੀ। ਉਹਨੇ ਦੂਜਾ ਭੇਤ ਵੀ ਪਾ ਲਿਆ ਸੀ – ਚਮਕ ਕੇ ਬੋਲੀ “ਜੇ ਉਸ ਬੰਦੇ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਹ ਆਪ ਕਚਿਹਰੀ ਵਿਚ ਜਾ ਕੇ ਗਵਾਹੀ ਦੇਵੇਗੀ”

ਮਲਕੀ, ਧੀ ਅੱਗੇ ਹੱਥ ਬੰਨ੍ਹਦੀ ਰਹੀ, ਪਰ ਸਾਹਿਬਾਂ ਉਤੇ ਇਹ ਜਾਦੂ ਵੀ ਨਹੀਂ ਸੀ ਚਲਦਾ। ਸਾਹਿਬਾਂ ਦੇ ਪਿਉ ਨੂੰ ਵੀ ਜਾਪਿਆ – ਕਿ ਉਹ ਸਾਰੇ ਹਵਾ ਨੂੰ ਤਲਵਾਰਾਂ ਮਾਰਦੇ ਪਏ ਸਨ। ਸੋ ਹਾਰ ਕੇ ਉਹਨੇ ਸਰਦਾਰਨੀ ਮੁਰੱਬਿਆਂ ਵਾਲੀ ਨੂੰ ਵਾਸਤਾ ਲਿਖ ਭੇਜਿਆ ਕਿ ਉਹ ਜਿਵੇਂ ਜਾਣੇ, ਇਥੇ ਆਵੇ ਤੇ ਕੁੜੀ ਨੂੰ ਸਮਝਾਵੇ, ਇਹ ਜੱਟਾਂ ਦੀ ਧੀ ਜੇ ਮਜ਼੍ਹਬੀਆਂ ਦੇ ਜਾ ਵੱਸੀ, ਤਾਂ ਆਖਰ ਇਹ ਉਸੇ ਦੇ ਨਾਂ ਨੂੰ ਲੀਕ ਲੱਗਣੀ ਹੈ..
ਸਰਦਾਰਨੀ ਰਾਜ ਕੌਰ ਸਣੇ ਪੁੱਤਰਾਂ ਦੇ ਆਈ। ਆਪ ਪਾਲਕੀ ਵਿਚ, ਪੁੱਤਰ ਘੋੜਿਆਂ ਉਤੇ ਚੜ੍ਹੇ ਪੀੜੇ ਹੋਏ।

ਅਜੇ ਪਰ੍ਹਾਂ ਪੱਕੇ ਰਾਹ ਉਤੇ ਸੁੰਮਾਂ ਦੇ ਚੰਗਿਆੜੇ ਲਿਸ਼ਕਦੇ ਪਏ ਸਨ ਕਿ ਸਾਹਿਬਾਂ ਦੇ ਪਿਉ ਦੀਆਂ ਅੱਖਾਂ ਲਿਸ਼ਕ ਉਠੀਆਂ। ਉਹਨੂੰ ਧਰਵਾਸ ਬੱਝ ਗਿਆ ਕਿ ਹਵਾ ਦੇ ਘੋੜੇ ਚੜ੍ਹੀ ਹੋਈ ਕੁੜੀ ਨੂੰ ਹੁਣ ਮੁਰੱਬਿਆਂ ਵਾਲੀ ਲਗਾਮਾਂ ਪਾ ਲਵੇਗੀ।

ਰਾਜ ਕੌਰ ਆਈ, ਉਹ ਅਜੇ ਤੱਕ ਭਾਵੇਂ ਇਕਹਿਰੇ ਪਿੰਡੇ ਦੀ ਸੀ, ਪਰ ਵੇਹੜੇ ਵਿਚ ਬੋਹੜ ਵਾਂਗੂੰ ਬੈਠੀ, ਤੇ ਉਹਨੇ ਕੁੜੀ ਨੂੰ ਆਪਣੇ ਗੋਡੇ ਮੁੱਢ ਬਿਠਾ ਲਿਆ।

ਮਲਕੀ ਨੂੰ ਯਕੀਨ ਹੋ ਗਿਆ ਕਿ ਹੁਣੇ ਉਹਦੀ ਮਾਂ – ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਇਹੋ ਜਿਹਾ ਆਖੇਗੀ ਕਿ ਕੁੜੀ ਚੁੱਪ ਕਰ ਕੇ ਬਲਦ ਦੇ ਸਿੰਗਾਂ ਵਾਂਗੂੰ ਧਰਤੀ ਨੂੰ ਸਿਰ ਉਤੇ ਚੁੱਕ ਲਵੇਗੀ..

ਕੋਲ ਵੇਹੜੇ ਵਿਚ ਮੰਜੀਆਂ ਉਤੇ ਸਾਹਿਬਾਂ ਦੇ ਪਿਉ ਭਰਾ ਵੀ ਸਨ ਤੇ ਮਾਮੇ ਵੀ। ਕੁੜੀ ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮਨ ਦੀ ਦੱਸ ਰਹੀ ਸੀ। ਰਾਜ ਕੌਰ ਠਰ੍ਹੰਮੇ ਨਾਲ ਕਿੰਨਾ ਚਿਰ ਸੁਣਦੀ ਰਹੀ। ਹੁੰਗਾਰਾ ਜਿਹਾ ਵੀ ਭਰਨ ਦੀ ਲੋੜੀ ਨਹੀਂ ਸੀ, ਸਿਰਫ ਕਦੇ ਨੀਝ ਲਾ ਕੇ ਉਹਦੇ ਮੂੰਹ ਵੱਲ ਵੇਖ ਛੱਡਦੀ। ਬਾਕੀ ਦੇ ਸਾਰੇ ਸਿਰਫ਼ ਰਾਜ ਕੌਰ ਦੇ ਮੂੰਹ ਵੱਲ ਵੇਖ ਰਹੇ ਸਨ।
ਤੇ ਫੇਰ ਕੁੜੀ ਦੇ ਸਿਰ ਉਤੇ ਹੱਥ ਰੱਖ ਕੇ ਕਹਿਣ ਲੱਗੀ – “ਸੁਣ ਕੁੜੀਏ! ਜੇ ਮਨ ਪੱਕਾ ਈ, ਤਾਂ ਮਨ ਦੀ ਕਰ ਲੈ! ਨਹੀਂ ਤਾ ਸਾਰੀ ਉਮਰ ਅੰਦਰ ਵੜ ਕੇ ਗੋਹਿਆਂ ਦੀ ਅੱਗ ਵਾਂਗੂੰ ਧੁਖਦੀ ਰਹੇਂਗੀ”
“ਮਾਂ!” ਮਲਕੀ ਦੇ ਮੂੰਹੋਂ ਕੰਬ ਕੇ ਨਿਕਲਿਆ ਤੇ ਉਹ ਸਰ੍ਹੋਂ ਦੀ ਗੰਦਲ ਵਾਂਗ ਪੀਲੀ ਹੁੰਦੀ ਪਹਿਲੋਂ ਸਾਹਿਬਾਂ ਦੇ ਪਿਉ ਵੱਲ ਤੱਕੀ ਫੇਰ ਉਹਦੇ ਮਾਮਿਆਂ ਵੱਲ।
“ਨੀ ਤੂੰ ਇਹਨਾਂ ਦਾ ਫਿਕਰ ਨਾ ਕਰ” ਰਾਜ ਕੌਰ ਲਿਸ਼ਕ ਕੇ ਬੋਲੀ “ਮੈਂ ਜੁ ਕਹਿਨੀ ਪਈ ਆਂ – ਇਹ ਮੇਰੇ ਜੰਮੇ ਹੋਏ ਤੇ ਮੇਰੇ ਸ੍ਹੇੜੇ ਹੋਏ ਮੇਰੇ ਅੱਗੇ ਬੋਲ ਸਕਦੇ ਨੇ ?”

ਤੇ ਉਹ ਸਾਹਿਬਾਂ ਨੂੰ ਬਾਹੋਂ ਫੜ ਕੇ ਉਠਾਂਦੀ ਹੋਈ ਕਹਿਣ ਲੱਗੀ “ਉਠ! ਆਪਣੇ ਕੁਝ ਲਗਦੇ ਨੂੰ ਖ਼ਬਰ ਕਰ ਦੇ ਕਿ ਜੰਝ ਬੰਨ੍ਹ ਕੇ ਲੈ ਆਵੇ! ਮੈਂ ਹੱਥੀਂ ਤੇਰਾ ਕਾਜ ਕਰਕੇ ਜਾਵਾਂਗੀ” ਤੇ ਫੇਰ ਕੰਧਾਂ ਤੋਂ ਪਾਰ ਤੱਕਦੀ ਆਖਣ ਲੱਗੀ “ਲੋਕਾਂ ਦਾ ਕੀ ਏ, ਚਾਰ ਦਿਨ ਬੋਲ ਬਾਲ ਕੇ ਆਪੇ ਹੀ ਕੰਡਿਆਂ ਦੀ ਅੱਗ ਵਾਂਗੂੰ ਬੁਝ ਜਾਣਗੇ।”
ਤੇ ਵੇਲਾ ਭੁਆਟਣੀ ਖਾਂਦਾ ਮੁਰੱਬਿਆਂ ਵਾਲੀ ਦੇ ਮੂੰਹ ਵਲ ਤੱਕਣ ਲਗ ਪਿਆ।

Leave a comment

Facebook
YouTube
YouTube
Set Youtube Channel ID
Pinterest
Pinterest
fb-share-icon
Telegram