Skip to content Skip to footer

ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਸ਼ਵ ਦਰਸ਼ਨ’ ਸਰਕਾਰੀ ਖ਼ਜ਼ਾਨੇ ਨੂੰ 2022.58 ਕਰੋੜ ਰੁਪਏ ਵਿਚ ਪਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ ਯਾਤਰਾ ਦੇ ਮਾਮਲੇ ਵਿਚ ਪਿਛਲੇ ਸਾਰੇ ਪ੍ਰਧਾਨ ਮੰਤਰੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਸ੍ਰੀ ਮੋਦੀ ਵੱਲੋਂ 3 ਦਸੰਬਰ 2018 ਤੱਕ ਕੁੱਲ 84 ਵਿਦੇਸ਼ ਦੌਰੇ ਕੀਤੇ ਗਏ ਹਨ, ਜਿਨ੍ਹਾਂ ਦੌਰਾਨ ਉਨ੍ਹਾਂ ਨੇ ਕਰੀਬ 60 ਮੁਲਕਾਂ ਦੇ ਰੰਗ ਵੇਖੇ ਹਨ। ਨਰਿੰਦਰ ਮੋਦੀ ਨੇ ਆਪਣੇ 1700 ਦਿਨਾਂ ਦੇ ਕਾਰਜਕਾਲ ਦੌਰਾਨ ਵਿਦੇਸ਼ੀ ਧਰਤੀ ’ਤੇ ਕਰੀਬ 196 ਦਿਨ ਬਿਤਾਏ, ਭਾਵ ਸ੍ਰੀ ਮੋਦੀ ਦਾ ਔਸਤਨ ਹਰ ਅੱਠਵਾਂ ਦਿਨ ਵਿਦੇਸ਼ ਵਿਚ ਲੰਘਿਆ।
ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ਦਾ ਹੁਣ ਤੱਕ ਦਾ ਖ਼ਰਚਾ 2022.58 ਕਰੋੜ ਆਇਆ ਹੈ, ਜਿਸ ’ਚੋਂ ਏਅਰ ਕਰਾਫ਼ਟ ਮੁਰੰਮਤ ’ਤੇ 1583.18 ਕਰੋੜ ਅਤੇ ਵਿਸ਼ੇਸ਼ ਉਡਾਣਾਂ (ਚਾਰਟਰਡ ਫਲਾਈਟ) ’ਤੇ 429.28 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ। ਵਿਦੇਸ਼ ਯਾਤਰਾ ਦੌਰਾਨ ਵਰਤੀ ਹਾਟਲਾਈਨ ’ਤੇ 9.12 ਕਰੋੜ ਰੁਪਏ ਦਾ ਖ਼ਰਚਾ ਪਿਆ ਹੈ। ਇਸ ਖ਼ਰਚੇ ਵਿਚ ਨਰਿੰਦਰ ਮੋਦੀ ਦੀ ਵਿਦੇਸ਼ਾਂ ਵਿਚਲੀ ਰਿਹਾਇਸ਼ ਤੇ ਹੋਰ ਖ਼ਰਚੇ ਸ਼ਾਮਲ ਨਹੀਂ ਹਨ। ਆਖ਼ਰੀ ਚਾਰ ਵਿਦੇਸ਼ ਦੌਰਿਆਂ ਦਾ ਖ਼ਰਚਾ ਵੀ ਇਸ ਤੋਂ ਵੱਖਰਾ ਹੈ, ਜਿਸ ਦੇ ਬਿੱਲ ਪ੍ਰਾਪਤ ਹੋਣੇ ਬਾਕੀ ਹਨ। ਸਾਲ 2018 ਦੌਰਾਨ ਸ੍ਰੀ ਮੋਦੀ ਨੇ 54 ਦਿਨ ਅਤੇ 2015 ਵਿਚ 56 ਦਿਨ ਵਿਦੇਸ਼ ਯਾਤਰਾ ਵਿਚ ਕੱਢੇ। ਸ੍ਰੀ ਮੋਦੀ ਕੋਲ ਇਸ ਵਕਤ ਸਿਰਫ਼ 2.28 ਕਰੋੜ ਦੀ ਚੱਲ-ਅਚੱਲ ਸੰਪਤੀ ਹੈ। ਉਨ੍ਹਾਂ ਕੋਲ ਨਾ ਕੋਠੀ, ਨਾ ਕਾਰ, ਨਾ ਹੀ ਕੋਈ ਸ਼ੋਅਰੂਮ ਤੇ ਨਾ ਕੋਈ ਦੁਕਾਨ ਹੈ। ਉਨ੍ਹਾਂ ਦਾ ਔਸਤਨ ਪ੍ਰਤੀ ਦਿਨ ਦਾ ਵਿਦੇਸ਼ ਖ਼ਰਚਾ 10.31 ਕਰੋੜ ਆਇਆ ਹੈ ਤੇ ਪ੍ਰਤੀ ਦੇਸ਼ ਔਸਤਨ 33.70 ਕਰੋੜ ਖ਼ਰਚ ਆਏ ਹਨ। ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ 31 ਦੇਸ਼ਾਂ ਦੇ ਦੌਰਿਆਂ ਦੌਰਾਨ 131 ਦਿਨ ਵਿਦੇਸ਼ਾਂ ’ਚ ਬਿਤਾਏ ਅਤੇ ਉਨ੍ਹਾਂ ਦੀ ਵਿਦੇਸ਼ ਯਾਤਰਾ ਦਾ ਖ਼ਰਚਾ ਸਿਰਫ਼ 144.43 ਕਰੋੜ ਰਿਹਾ ਸੀ। ਵਾਜਪਾਈ ਦਾ ਪ੍ਰਤੀ ਦਿਨ ਦਾ ਵਿਦੇਸ਼ ਖ਼ਰਚਾ 1.10 ਕਰੋੜ ਰੁਪਏ ਰਿਹਾ। ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੇ ਔਸਤਨ ਹਰ ਦਿਨ ਦਾ 10.31 ਕਰੋੜ ਖ਼ਰਚ ਆਇਆ ਹੈ।

Leave a comment

0.0/5

Facebook
YouTube
YouTube
Set Youtube Channel ID
Pinterest
Pinterest
fb-share-icon
Telegram