ਕਿਤਾਬਾਂ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ, ਜੋ ਅਨਮੁੱਲਾ ਗਿਆਨ ਦੇਣ ਤੋਂ ਇਲਾਵਾ ਨੈਤਿਕ ਕਦਰਾਂ-ਕੀਮਤਾਂ ਤੇ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਸਿਖਾਉਂਦੀਆਂ ਹਨ। ਜਿਹੜਾ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਿਤਾਬਾਂ ਨੂੰ ਅਹਿਮੀਅਤ ਦਿੰਦਾ ਹੈ, ਉਹ ਵਿਅਕਤੀ ਕਦੇ ਹੌਸਲਾ ਨਹੀਂ ਛੱਡਦਾ, ਕਿਉਂਕਿ ਕਿਤਾਬਾਂ ਦਾ ਗਿਆਨ ਹੀ ਮੁਸ਼ਕਿਲਾਂ ਨਾਲ ਲੜਣਾ, ਦੁੱਖ ਵਿੱਚ ਹੱਸਣਾ ਤੇ ਹਾਰ ਤੋਂ ਸਿੱਖਣਾ ਸਿਖਾਉਂਦਾ ਹੈ। ਇਨ੍ਹਾਂ ਖ਼ੂਬੀਆਂ ਕਰਕੇ ਕਿਤਾਬਾਂ ਨੂੰ ਗਿਆਨ ਦਾ ਖ਼ਜ਼ਾਨਾ ਆਖਦੇ ਹਨ ਪਰ ਅਜੋਕੀ ਨੌਜਵਾਨ ਪੀੜ੍ਹੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ।
ਪਹਿਲਾਂ ਸਮੇਂ ਵਿੱਚ ਜੇਕਰ ਕੋਈ ਵਿਦਿਆਰਥੀ ਵਿਹਲਾ ਬੈਠਾ ਹੁੰਦਾ ਜਾਂ ਬੱਸ ਅਤੇ ਰੇਲ ਵਿੱਚ ਸਫ਼ਰ ਕਰਦਾ ਹੁੰਦਾ ਤਾਂ ਉਸ ਦੇ ਹੱਥ ਵਿੱਚ ਕਿਤਾਬ ਦਿਸਦੀ ਸੀ ਪਰ ਅੱਜ-ਕੱਲ੍ਹ ਵਿਦਿਆਰਥੀਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਦਿਖਾਈ ਦਿੰਦਾ ਹੈ। ਮੋਬਾਈਲ ਰਾਹੀਂ ਭਾਵੇਂ ਅਸੀ ਦੇਸ਼-ਦੁਨੀਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਪਰ ਜ਼ਿਆਦਾਤਰ ਵਿਦਿਆਰਥੀ ਮੋਬਾਈਲ ਦੀ ਵਰਤੋਂ ਸ਼ੋਸਲ ਮੀਡੀਆ, ਗੇਮ ਖੇਡਣ ਜਾਂ ਫਿਲਮਾਂ ਤੇ ਗੀਤ-ਸੰਗੀਤ ਲਈ ਕਰਦੇ ਹਨ। ਇੱਥੋਂ ਤੱਕ ਕਿ ਕਾਲਜਾਂ-ਸਕੂਲਾਂ ਵਿੱਚ ਕਲਾਸਾਂ ਲਾਉਂਦੇ ਹੋਏ ਵੀ ਵਿਦਿਆਰਥੀਆਂ ਦੀ ਨਜ਼ਰ ਮੋਬਾਈਲ ਵੱਲ ਹੁੰਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਲਾਇਬ੍ਰੇਰੀਆਂ ਵਿੱਚ ਬੈਠਣ ਵਾਲਾ ਸਮਾਂ ਗੇੜੀਆਂ ਲਾਉਣ ਵਿੱਚ ਗਵਾਉਂਦੇ ਹਨ। ਇਸ ਕਾਰਨ ਸਕੂਲਾਂ ਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿੱਚ ਰੌਣਕ ਨਹੀਂ ਦਿਸਦੀ। ਵਿਦਿਆਰਥੀ ਜੀਵਨ ਸਿੱਖਣ ਦਾ ਸਮਾਂ ਹੁੰਦਾ ਹੈ। ਇਸ ਸਮੇਂ ਵਿੱਚ ਅਸੀ ਦੁਨੀਆਂ ਭਰ ਦਾ ਗਿਆਨ ਹਾਸਲ ਕਰ ਸਕਦੇ ਹਾਂ ਅਤੇ ਅਜਿਹਾ ਗਿਆਨ ਸਾਨੂੰ ਕਿਤਾਬਾਂ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਇਸ ਲਈ ਗਿਆਨ ਪ੍ਰਾਪਤੀ ਲਈ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਣ ਲਈ ਉਪਰਾਲੇ ਕਰਨ ਦੀ ਲੋੜ ਹੈ। ਅੱਜ-ਕੱਲ੍ਹ ਮਾਪੇ ਛੋਟੇ ਛੋਟੇ ਬੱਚਿਆਂ ਨੂੰ ਮੋਬਾਈਲ ਜਾਂ ਟੀ.ਵੀ. ਦੇਖਣ ਲਾ ਦਿੰਦੇ ਹਨ, ਜੋ ਸਭ ਤੋਂ ਵੱਡੀ ਗਲਤੀ ਹੈ। ਛੋਟੇ ਬੱਚੇ ਨੂੰ ਤਸਵੀਰਾਂ ਵਾਲੀਆਂ ਕਿਤਾਬਾਂ ਦਿਖਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਕਿਤਾਬਾਂ ਦੀ ਗੁੜਤੀ ਮਿਲ ਸਕੇ।
ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਕਿਸੇ ਵੀ ਚੰਗੇ ਮੌਕੇ ਬੱਚਿਆਂ ਨੂੰ ਤੋਹਫ਼ੇ ਵਜੋਂ ਕਿਤਾਬਾਂ ਦਿੱੱਤੀਆਂ ਜਾਣ ਨਾ ਕਿ ਮੋਬਾਈਲ ਫੋਨ। ਸਕੂਲਾਂ ਵਿੱਚ ਵੀ ਹੋਰਨਾਂ ਵਿਸ਼ਿਆਂ ਦੇ ਨਾਲ-ਨਾਲ ਲਾਇਬ੍ਰੇਰੀ ਦਾ ਇੱਕ ਪੀਰੀਅਡ ਲਾਇਆ ਜਾਵੇ। ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਲੇਬਸ ਤੋਂ ਇਲਾਵਾ ਮਿਆਰੀ ਸਾਹਿਤ ਪੜ੍ਹਨ ਤਾਂ ਜੋ ਉਨ੍ਹਾਂ ਦੀ ਸੋਚ ਨਿੱਖਰ ਸਕੇ।
ਸਤਵਿੰਦਰ ਸਿੰਘ ਸੰਪਰਕ: 87290-43571