Skip to content Skip to footer

ਨਾਵਲ ‘ਸੂਰਜ ਦੀ ਅੱਖ’ ਨੂੰ ਕੈਨੇਡਾ ਦਾ ‘ਢਾਹਾਂ ਪੁਰਸਕਾਰ ਮਿਲਣ ’ਤੇ ਇਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਵਿਰੋਧ ਕਰਨ ਵਾਲੇ ‘ਵਿਦਵਾਨਾਂ’ ਵੱਲੋਂ ਸੋਸ਼ਲ ਮੀਡੀਆ ਰਾਹੀਂ ਲੁਕਵੀਆਂ ਧਮਕੀਆਂ ਵੀ ਜ਼ਾਹਿਰ ਕੀਤੀਆਂ ਗਈਆਂ ਹਨ ਕਿ ਵੇਖੀਏ ਕੈਨੇਡਾ ਦੀਆਂ ਸਾਹਿਤ ਸਭਾਵਾਂ ਤੇ ਜਥੇਬੰਦੀਆਂ ਹੁਣ ਕੀ ਕਰਦੀਆਂ ਹਨ ਕਿਉਂਕਿ ਲੇਖਕ ਨੂੰ ਇਨਾਮ ਪ੍ਰਾਪਤ ਕਰਨ ਲਈ ਕੈਨੇਡਾ ਜਾਣਾ ਪੈਣਾ ਸੀ। ਵੈਨਕੂਵਰ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ 20 ਅਕਤੂਬਰ ਨੂੰ ਇਹ ਸਮਾਗਮ ਰੱਖਿਆ ਗਿਆ ਸੀ। ਇਸ ਮੁੱਖ ਸਮਾਗਮ ਤੋਂ ਪਹਿਲਾਂ ਸਰੀ ਅਤੇ ਐਬਸਫੋਰਡ ਵਿਚ ਵੀ ਸਮਾਗਮ ਹੋਣੇ ਸਨ।
ਕੈਨੇਡਾ ਦੇ ਸਾਹਿਤਕ ਮਿੱਤਰ ਲਗਾਤਾਰ ਮੇਰੇ ਸੰਪਰਕ ਵਿਚ ਸਨ ਤੇ ਉੱਥੋਂ ਦੇ ਕੁਝ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਜਾਣਕਾਰੀ ਦੇ ਰਹੇ ਸਨ। ਪਰ ਉੱਥੇ ਜਾ ਕੇ ਪਤਾ ਲੱਗਾ, ਉਹ ਬਾਰਜ ਢਾਹਾਂ (ਬਰਜਿੰਦਰ ਸਿੰਘ ਢਾਹਾਂ) ਨੂੰ ਤੇ ਪੁਰਸਕਾਰ ਦੀ ਚੋਣ ਕਰਨ ਵਾਲਿਆਂ ਨੂੰ ਕਾਮਰੇਡ ਕਹਿ ਕੇ ਨਿੰਦਾ ਕਰ ਰਹੇ ਸਨ। ਕਾਮਰੇਡ ਹੋਣਾ ਜਿਵੇਂ ਕੋਈ ਅਪਰਾਧ ਹੋਵੇ ਜਾਂ ਉਹ ਆਖ ਰਹੇ ਸਨ ਕਿ ਇਹ ਸਾਰੇ ਆਰ.ਐੱਸ.ਐੱਸ. ਦੇ ਹਮਾਇਤੀ ਹਨ ਤੇ ਇਨ੍ਹਾਂ ਨੇ ਜਾਣ-ਬੁੱਝ ਕੇ ਸਾਜ਼ਿਸ਼ ਤਹਿਤ ਇਸ ਨਾਵਲ ਨੂੰ ਢਾਹਾਂ ਪੁਰਸਕਾਰ ਦਿੱਤਾ ਹੈ। ਇਹ ਵੀ ਸੁਣਿਆ, ਇਨ੍ਹਾਂ ‘ਵਿਦਵਾਨਾਂ’ ਨੂੰ 25000 ਡਾਲਰ ਦਾ ਇਨਾਮ ਮਿਲ ਜਾਣ ’ਤੇ ਵੀ ਈਰਖਾ ਸੀ ਤੇ ਪੰਜਾਬ ਤੋਂ ਵੀ ਕੁਝ ‘ਵਿਦਵਾਨ’ ਉਨ੍ਹਾਂ ਨੂੰ ਲਗਾਤਾਰ ਉਕਸਾ ਰਹੇ ਸਨ। ਬਾਰਜ ਢਾਹਾਂ ਵੱਲੋਂ ਕੀਤੇ ਗਏ ਸਾਰੇ ਸਮਾਗਮ ਨਿਰਵਿਘਨ ਨੇਪਰੇ ਚੜ੍ਹ ਗਏ। ਉਨ੍ਹਾਂ ਸਮਾਗਮਾਂ ਵਿਚ ਕਿਸੇ ਇਕ ਨੇ ਵੀ ਵਿਰੋਧ ਨਹੀਂ ਕੀਤਾ। ਸ਼ਾਇਦ ਇਸ ਗੱਲ ਦੀ ਵੀ ‘ਵਿਦਵਾਨਾਂ’ ਨੂੰ ਰੰਜ਼ਿਸ਼ ਹੋਵੇਗੀ।
ਮੋਗਾ ਦੇ ਮੇਰੇ ਇਕ ਮਿੱਤਰ ਨੇ ਜਿਹੜਾ ਐਬਸਫੋਰਡ ਰਹਿੰਦਾ ਹੈ, ਮੈਨੂੰ ਮਿਲਣ ਲਈ ਸੱਦਿਆ। ਅਸੀਂ ਉੱਥੇ ਇਕ ਹੋਟਲ ਵਿਚ ਲੰਚ ਕਰਨ ਗਏ। ਉੱਥੋਂ ਦੀ ਸਾਹਿਤ ਸਭਾ ਦੇ ਕੁਝ ਮੈਂਬਰ ਵੀ ਸਨ। ਰੱਬ ਜਾਣੇ ਕਿਸ ਵਿਅਕਤੀ ਨੇ ਦੱਸਿਆ ਕਿ ਬਲਦੇਵ ਸਿੰਘ ਇੱਥੇ ਇਕ ਹੋਟਲ ਵਿਚ ਲੰਚ ਕਰਨ ਆਇਐ। ਕੁਝ ਹੀ ਮਿੰਟਾਂ ਵਿਚ ਡਾ. ਗੁਰਵਿੰਦਰ ਸਿੰਘ ਧਾਲੀਵਾਲ ਜਿਸ ਨੂੰ ਸਾਰੇ ਇੱਥੇ ‘ਪ੍ਰੋਫੈਸਰ ਸਾਹਬ’ ਆਖ ਕੇ ਬੁਲਾਉਂਦੇ ਹਨ। ਮੈਨੂੰ ਪਤਾ ਨਹੀਂ ਉਹ ਪੰਜਾਬ ਦੇ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਰਿਹੈ, ਉਹ ਗੁਰਦੁਆਰਿਆਂ ਵਿਚੋਂ ਵੀਹ ਕੁ ਬੰਦੇ ਇਕੱਠੇ ਕਰਕੇ ਲੈ ਆਇਆ ਤੇ ਉਹ ਆਉਂਦੇ ਹੀ ਬੋਲੇ-‘ਕੌਣ ਹੈ? ਕਿੱਥੇ ਹੈ? ਕਿਹੜੈ, ਇਹ ਕੌਣ ਹੁੰਦੈ, ਸਾਡੇ ਸਿੱਖ ਮਹਾਰਾਜੇ ਬਾਰੇ ਇਉਂ ਲਿਖਣ ਵਾਲਾ?’
‘ਪ੍ਰੋਫੈਸਰ ਸਾਹਬ’ ਨੇ ਨਾਟਕੀ ਢੰਗ ਨਾਲ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਿਹਾ, ਪਰ ਉਹ ਗਿਣੀ-ਮਿਥੀ ਸਾਜ਼ਿਸ਼ ਤਹਿਤ ਰੌਲਾ ਪਾਉਂਦੇ ਰਹੇ। ਐਬਸਫੋਰਡ ਦੇ ਮੇਰੇ ਮਿੱਤਰ ਨੇ ਨਿਮਰਤਾ ਨਾਲ ਕਿਹਾ-‘ਇਹ ਮੇਰਾ ਪੇਂਡੂ ਭਰਾ ਹੈ, ਅਸੀਂ ਇੱਥੇ ਲੰਚ ਕਰਨ ਆਏ ਹਾਂ। ਅਸੀਂ ਤੁਹਾਨੂੰ ਬੁਲਾਇਆ ਨਹੀਂ। ਸਾਡੇ ਪ੍ਰੋਗਰਾਮ ਵਿਚ ਇਸ ਤਰ੍ਹਾਂ ਆਉਣਾ ਤੁਹਾਨੂੰ ਸੋਭਦਾ ਨਹੀਂ।’ ਪਰ ਅਸੀਂ ਕਿੰਨੇ ਵੀ ਵਿਕਸਤ ਮੁਲਕ ਵਿਚ ਰਹੀਏ, ਆਪਣੇ ਸੁਭਾਅ ਨੂੰ ਨਹੀਂ ਬਦਲ ਸਕਦੇ। ‘ਪ੍ਰੋਫੈਸਰ ਸਾਹਬ’ ਉਨ੍ਹਾਂ ਨੂੰ ਚੁੱਪ ਕਰਾ ਰਿਹਾ ਸੀ ਤੇ ਆਪਣੇ ਨੰਬਰ ਬਣਾਉਣ ਲਈ ਆਪਣੀ ਅਦਾਲਤ ਲਾਉਣ ਲਈ ਵੀ ਕਾਹਲਾ ਸੀ।
ਫਿਰ ਉਸ ਨੇ ਸੁਆਲਾਂ ਦੀ ਝੜੀ ਲਗਾ ਦਿੱਤੀ। ਉਹ ਇਹ ਮੰਨਣ ਲਈ ਤਿਆਰ ਨਹੀਂ ਸਨ, ਮਹਾਰਾਜਾ ਰਣਜੀਤ ਸਿੰਘ ਨੇ ਇੰਨੇ ਵਿਆਹ ਕਰਵਾਏ। ਉਹ ਮੰਨਣ ਲਈ ਤਿਆਰ ਨਹੀਂ ਸਨ, ਮਹਾਰਾਜੇ ਨੂੰ ਅਕਾਲ ਤਖ਼ਤ ਵੱਲੋਂ ਤਨਖਾਹ ਲਾਈ ਗਈ। ਉਹ ਮੰਨਣ ਲਈ ਤਿਆਰ ਨਹੀਂ ਸਨ, ਮਹਾਰਾਜਾ ਸ਼ਰਾਬ-ਨੋਸ਼ੀ ਕਰਦਾ ਸੀ। ਬੜਾ ਕੁਝ ਹੋਰ ਸੀ, ਜਿਹੜਾ ‘ਪ੍ਰੋਫੈਸਰ ਸਾਹਬ’ ਨੇ ਨੋਟ ਕੀਤਾ ਹੋਇਆ ਸੀ। ਉਸ ਅਨੁਸਾਰ ਨਾਵਲ ਵਿਚ ਹਜ਼ਾਰ ਤੋਂ ਵਧੇਰੇ ਵਿਆਕਰਨ ਦੀਆਂ ਗ਼ਲਤੀਆਂ ਹਨ। ਉਹ ਹਰ ਸੁਆਲ ਦਾ ਜੁਆਬ ਲੈਣ ਲਈ ਜ਼ਿੱਦ ਕਰਨ ਲੱਗੇ ਤਾਂ ਮੈਂ ਕਿਹਾ-‘ ਅਸੀਂ ਇੱਥੇ ਲੰਚ ਕਰਨ ਆਏ ਹਾਂ, ਇਹ ਮੰਚ ਤੁਹਾਡੇ ਸੁਆਲਾਂ ਦਾ ਜਵਾਬ ਦੇਣ ਵਾਲਾ ਨਹੀਂ ਹੈ। ‘ਪ੍ਰੋਫੈਸਰ ਸਾਹਬ’ ਦੇ ਨਾਲ ਬੰਦਿਆਂ ਵਿਚੋਂ ਇਕ ਬੋਲਿਆ-‘ ਅਸੀਂ ਮੋਦੀ ਭਜਾ ਦਿੱਤਾ, ਅਸੀਂ ਮਲੂਕਾ ਭਜਾ ਦਿੱਤਾ, ਅਸੀਂ ਤੋਤਾ ਸਿੰਘ ਭਜਾ ਦਿੱਤਾ, ਤੂੰ ਕਿਹੜੇ ਖੇਤ ਦੀ ਮੂਲੀ ਐਂ?’ ਜਦੋਂ ਉਹ ਬੋਲ ਰਿਹਾ ਸੀ, ‘ਪ੍ਰੋਫੈਸਰ ਸਾਹਬ’ ਨੇ ਫਿਰ ਉਸ ਨੂੰ ਸ਼ਾਂਤ ਰਹਿਣ ਲਈ ਨਾਟਕੀ ਅੰਦਾਜ਼ ਵਿਚ ਕਿਹਾ। ਉਨ੍ਹਾਂ ਵਿਚੋਂ ਕੁਝ ਮੁਸਕੜੀਆਂ ਹੱਸਦੇ ਵੇਖੇ ਤੇ ਦੋ ਜਣੇ ਮੋਬਾਈਲ ਰਾਹੀਂ ਵੀਡੀਓ ਬਣਾਉਣ ਵਿਚ ਰੁੱਝੇ ਵੇਖੇ।
ਜਦੋਂ ‘ਪ੍ਰੋਫੈਸਰ ਸਾਹਬ’ ਬਾਰ ਬਾਰ ਸੁਆਲਾਂ ਦੇ ਜਵਾਬ ਮੰਗਣ ਦੀ ਜ਼ਿੱਦ ਕਰਦਾ ਰਿਹਾ ਤਾਂ ਮੇਰੇ ਮਿੱਤਰ ਨੇ ਉਸ ਨੂੰ ਕਿਹਾ ‘ਆਪਾਂ ਕੋਈ ਦਿਨ ਤੈਅ ਕਰ ਲੈਨੇ ਆ।’
ਉਦੋਂ ਹੀ ਆਏ ਬੰਦਿਆਂ ਵਿਚੋਂ ਇਕ ਬੋਲਿਆ-‘ਇਹ ਗ਼ਲਤੀ ਮੰਨੇ, ਢਾਹਾਂ ਪੁਰਸਕਾਰ ਵਾਪਸ ਕਰੇ, ਅਸੀਂ ਇਸ ਨੂੰ 50,000 ਡਾਲਰ ਦਾ ਇਨਾਮ ਦੇਵਾਂਗੇ। ਅਸੀਂ ਬਾਰਜ ਢਾਹਾਂ ਨੂੰ ਵੀ ਦੱਸਾਂਗੇ, ਇਨਾਮ ਕਿਵੇਂ ਦੇਈਦੇ ਹੁੰਦੇ ਐ।’
ਮੈਂ ਇਨ੍ਹਾਂ ਸਾਰੇ ‘ਵਿਦਵਾਨਾਂ’ ਅਤੇ ਖ਼ਾਸ ਕਰਕੇ ‘ਪ੍ਰੋਫੈਸਰ ਸਾਹਬ’ ਨੂੰ ਨਿਮਰਤਾ ਨਾਲ ਪੁੱਛਣਾ ਚਾਹੁੰਦਾ ਹਾਂ-ਕੀ ਮਹਾਰਾਜੇ ਨੇ ਏਨੇ (ਦੋ ਦਰਜਨਾਂ ਤੋਂ ਵਧੀਕ) ਵਿਆਹ ਨਹੀਂ ਸਨ ਕਰਵਾਏ? ਕੀ ਮਹਾਰਾਜੇ ਨੇ ਮੋਰਾਂ ਅਤੇ ਗੁਲਬਹਾਰ ਬੇਗ਼ਮ ਮੁਸਲਮਾਨ ਔਰਤ ਨਾਲ ਵਿਆਹ ਨਹੀਂ ਸੀ ਕਰਵਾਇਆ। ਕੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਨੂੰ ਕੈਦ ਨਹੀਂ ਸੀ ਕੀਤਾ? ਮਹਾਰਾਜਾ ਰਣਜੀਤ ਸਿੰਘ ਦੇ ਮਰਨ ਉਪਰੰਤ 4 ਰਾਣੀਆਂ ਅਤੇ ਸੱਤ ਨੌਕਰਾਣੀਆਂ ਸਤੀ ਨਹੀਂ ਸਨ ਹੋਈਆਂ?… ਸੁਆਲ ਤਾਂ ਹੋਰ ਵੀ ਬਹੁਤ ਹਨ। ਮੈਂ ਬੇਨਤੀ ਕਰਦਾ ਹਾਂ, ਮੇਰੇ ‘ਵਿਦਵਾਨ’ ਵੀਰ ਪਹਿਲਾਂ ਇਤਿਹਾਸ ਦੀਆਂ ਪੁਸਤਕਾਂ ਪੜ੍ਹਨ। ਕੈਪਟਨ ਅਮਰਿੰਦਰ ਸਿੰਘ ਦੀ -‘ਆਖਰੀ ਲਮਹੇਂ ਦੀ ਦਾਸਤਾਂ’, ਖੁਸ਼ਵੰਤ ਸਿੰਘ ਦੀਆਂ ਸਿੱਖ-ਇਤਿਹਾਸ ਬਾਰੇ ਪੁਸਤਕਾਂ ਪੜ੍ਹਨ। ਬਿਕਰਮਾਜੀਤ ਹਸਰਤ ਦੀ ‘ਲਾਈਫ ਐਂਡ ਟਾਈਮ ਆਫ ਰਣਜੀਤ ਸਿੰਘ’ ਪੜ੍ਹਨ। ਕਿਰਪਾਲ ਸਿੰਘ ਕਸੇਲ ਦੀ ‘ਸਿੱਖ ਤਵਾਰੀਖ’ ਪੜ੍ਹਨ। ਡਾ. ਮਹਿੰਦਰ ਕੌਰ ਗਿੱਲ ਦੀ ‘ਤੂੰ ਸਤਵੰਤੀ ਤੂੰ ਪ੍ਰਧਾਨ’ ਪੁਸਤਕ ਪੜ੍ਹਨ। ਜੇ ‘ਵਿਦਵਾਨਾਂ’ ਨੇ ਬਹੁਤੀ ਤਸੱਲੀ ਕਰਨੀ ਹੈ ਤਾਂ ਬਲਰਾਜ ਸਿੱਧੂ ਦੀ ‘ਮੋਰਾਂ ਦਾ ਮਹਾਰਾਜਾ’ ਜ਼ਰੂਰ ਪੜ੍ਹਨ। ਇਨ੍ਹਾਂ ‘ਵਿਦਵਾਨਾਂ’ ਦੇ ਮਨ ਵਿਚ ਜਿੰਨੇ ਵੀ ਸੁਆਲ ਉੱਭਰੇ ਹਨ, ਉਨ੍ਹਾਂ ਦੇ ਜਵਾਬ ਮਿਲ ਜਾਣਗੇ। ਕੁਝ ‘ਵਿਦਵਾਨ’ ਮੇਰੇ ਸਿੱਖ ਹੋਣ ’ਤੇ ਕਿੰਤੂ-ਪ੍ਰੰਤੂ ਕਰਦੇ ਹਨ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ, ਮੇਰੇ ਪੁਰਖੇ ਸਿੱਖ ਸਨ। ਮੇਰਾ ਦਾਦਾ ਅੰਮ੍ਰਿਤਧਾਰੀ ਸਿੱਖ ਸੀ। ਸਾਡਾ ਪਰਿਵਾਰ ਹੁਣ ਵੀ ਸਿੱਖ ਪਰਿਵਾਰ ਹੈ। ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਮੈਂ ਬਾਬਾ ਬੰਦਾ ਬਹਾਦਰ ਦਾ ਸਿੱਖ ਹਾਂ। ਪਰ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਤਰਜ ਦਾ ਸਿੱਖ ਨਹੀਂ ਹਾਂ।
ਮੈਂ ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ, ਕੋਈ ਵੀ ਰਚਨਾ, ਕੋਈ ਵੀ ਕਲਾ, ਆਖ਼ਰੀ ਨਹੀਂ ਹੁੰਦੀ, ਉਸ ਵਿਚ ਵਾਧੇ-ਘਾਟੇ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਜਦੋਂ ਵੀ ਸੁਹਿਰਦਤਾ ਨਾਲ ਸੁਝਾਅ ਆਉਣਗੇ, ਉਨ੍ਹਾਂ ਨੂੰ ਸਵੀਕਾਰਿਆ ਜਾਵੇਗਾ। ਪਰ ਅਸੀਂ ਕਿਸ ਤਰ੍ਹਾਂ ਦੇ ਅਜੀਬ ‘ਸੱਭਿਅਕ ਦੌਰ’ ਵਿਚੋਂ ਗੁਜ਼ਰ ਰਹੇ ਹਾਂ। ਸੋਸ਼ਲ ਮੀਡੀਆ, ਧਮਕੀਆਂ, ਗਾਲ੍ਹਾ ਤੇ ਨਿੰਦਾ ਕਰਨ ਲਈ ਵਰਤਿਆ ਜਾ ਰਿਹਾ ਹੈ। ਬਗੈਰ ਸੱਦੇ ਤੋਂ ਕਿਸੇ ਦੇ ਪ੍ਰੋਗਰਾਮ ਵਿਚ ਬੰਦਿਆਂ ਦੀ ਧਾੜ ਲੈ ਕੇ ਡਰਾਉਣਾ ਜਾਂ ਧਮਕਾਉਣਾ, ਕਿਹੜੇ ਸਾਊ ਸਮਾਜ ਦਾ ਵਰਤਾਰਾ ਹੈ?

Leave a comment

0.0/5

Facebook
YouTube
YouTube
Pinterest
Pinterest
fb-share-icon
Telegram