Skip to content Skip to footer

ਤਰਸ – ਸੰਦੀਪ ਮੰਨਣ

ਅਜੀਬ ਜਹੀ ਗੱਲ ਹੋਈ ਇੱਕ ਦਿਨ ! ਰੂਹੀ ਜੋ ਕਿ ਪਰਿਵਾਰ ਦੀ ਸਭ ਤੋ ਵੱਡੀ ਲੜਕੀ ਸੀ , ਅਚਾਨਕ ਲਾਪਤਾ ਹੋ ਗਈ। ( ਮਾਂ – ਪਰਮਜੀਤ ) ਪਸੀਨੋ – ਪਸੀਨਾ ਹੋਈ ਬਾਹਰ ਗਲੀ ਵਿੱਚ ਰੋਲਾ ਪਾਉਣ ਲੱਗ ਪੈਂਦੀ ਹੈ , ਰਾਤ ਅੱਧੀ ਬੀਤ ਚੁਕੀ ਸੀ ਰਾਤ ਦਾ ਤੀਜਾ ਪਹਿਰ ਚੱਲ ਰਿਹਾ ਸੀ। ਸਾਰੇ ਲੋਕ ਆਵਾਜ ਸੁਣ ਕੇ ਆਪਣੇ – ਆਪਣੇ ਘਰਾਂ ਚੋਂ ਬਾਹਰ ਨਿਕਲਦੇ ਹਨ , ਤੇ ਉਸ ਨੂੰ ਪੁਛਦੇ ਹਨ ਕਿ , ਕੀ ਗੱਲ ਹੋਈ ਹੈ। ਪਰਮਜੀਤ ਸਾਰਿਆ ਨੂੰ ਦਸਦੀ ਹੈ ਕਿ ਜਦ ਉਸਦੀ ਸੁੱਤੀ ਪਈ ਦੀ ਅੱਖ ਖੁੱਲ੍ਹੀ ਤਾਂ ਉਸਨੇ ਦੇਖਿਆ ਕੀ , ਰੂਹੀ ਆਪਣੇ ਬਿਸਤਰ ਤੇ ਨਹੀਂ ਸੀ , ਉਸ ਨੂੰ ਕੁੱਝ ਨੀ ਸੁਝਿਆ , ਉਸਨੇ ਘਰ ਦੇ ਸਾਰੇ ਕਮਰੇ ਦੇਖੇ ਪਰ , ਉਹ ਕਿਤੇ ਵੀ ਨਹੀਂ ਸੀ। ਰੂਹੀ ਨੂੰ ਗਵਾਚੇ ਤਕਰੀਬਨ ਅੱਧਾ ਘੰਟਾ ਹੋ ਚੁੱਕਾ ਸੀ। ਰੂਹੀ ਜੋ ਕਿ ਪਰਿਵਾਰ ਦੀ ਸਭ ਤੋਂ ਵੱਡੀ ਲੜਕੀ ਸੀ , ਉਸ ਦੀਆਂ ਦੋ ਛੋਟੀਆਂ ਭੈਣਾ ਵੀ ਸਨ , ਉਸ ਦੇ ਪਿਤਾ ਦੀ ਦਿਲ ਦੀ ਬਿਮਾਰੀ ਕਾਰਨ ਛੇ ਸਾਲ ਪਹਿਲਾ ਮੋਤ ਹੋ ਚੁਕੀ ਸੀ। ਰੂਹੀ ਦੀ ਉਮਰ ਵੀਹ ਸਾਲ ਸੀ , ਉਹ ਕਾਲਜ਼ ਵਿਚ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ , ਉਹ ਪਹਿਲਾ ਤੋਂ ਹੀ ਖੁੱਲੇ ਵਿਚਾਰਾਂ ਤੇ ਖੁੱਲ੍ਹੇ ਦਿਲ ਦੀ ਸੀ , ਉਹ ਇੱਕ ਸ਼ਹਿਰ ਤੋਂ ਦੂਰ ਦੇ ਇੱਕ ਪਿਛੜੇ ਇਲਾਕੇ ਵਿੱਚ ਰਹਿੰਦੀ ਸੀ। ਉਹ ਪਿੰਡ ਦੀ ਰਹਿਣ ਵਾਲੀ ਸੀ ਪਰ ਉਸ ਦਾ ਪਹਿਰਾਵਾ ਸ਼ਹਿਰੀ ਸੀ , ਜਦ ਉਹ ਕਾਲ਼ਜ ਜਾਂਦੀ ਤਾਂ ਪਿੰਡ ਦੀਆਂ ਬਜ਼ੁਰਗ ਔਰਤਾਂ ਉਸ ਬਾਰੇ ਤਰਾਂ – ਤਰਾਂ ਦੀਆਂ ਗੱਲਾਂ ਕਰਦੀਆਂ , ਉਸ ਨੂੰ ਇਸ ਗੱਲ ਦਾ ਪਤਾ ਵੀ ਸੀ ਪਰ ਉਹ ਇਹਨਾਂ ਤੇ ਜ਼ਿਆਦਾ ਗੌਰ ਨਾ ਕਰਦੀ ਹੋਈ ਆਪਣੇ ਧਿਆਨ ਵਿੱਚ ਮਗਨ ਰਹਿੰਦੀ। ਰੂਹੀ ਨੂੰ ਗਵਾਚੇ ਹੁਣ ਕਾਫ਼ੀ ਚਾਈਮ ਹੋ ਚੁਕਾ ਸੀ , ਆਲੇ ਦੁਆਲੇ ਦੇ ਗੁਆਂਢੀਆ ਨੇ ਉਸ ਨੂੰ ਮੋਟਸਾਈਕਲਾਂ ਤੇ ਪਿੰਡ ਅਤੇ ਪਿੰਡ ਦੇ ਬਾਹਰ ਲੱਭਣ ਦਾ ਫੈਂਸਲਾ ਕੀਤਾ।

ਪਿੰਡ ਹੁਣ ਇੰਝ ਹੋ ਗਿਆ ਸੀ ਜਿਵੇਂ ਮੇਲਾ ਲੱਗ ਗਿਆ ਹੋਵੇ , ਲੋਕ ਘਰਾਂ ਤੋਂ ਬਾਹਰ ਆ ਕੇ ਦਰਵਾਜ਼ੇਆਂ ਵਿੱਚ ਬੈਠ ਗਏ ਸਨ , ਕਈ ਲੋਕ ਇਸ ਤੇ ਚਿੰਤਾਂ ਪ੍ਰਗਟ ਕਰ ਰਹੇ ਸਨ ਤੇ ਕਈ ਗੱਲਾਂ ਕਰ ਕਰ ਖੁ਼ਸ਼ ਹੋ ਰਹੇ ਸਨ। ਇੱਕ ਅਜੀਬ ਜਿਹੀ ਖਾਮੋਸ਼ੀ ਸਾਰੇ ਪਿੰਡ ਵਿੱਚ ਫੈਲ ਰਹੀ ਸੀ , ਤੇ ਇਸ ਖਾਮੋਸ਼ੀ ਵਿੱਚ , ਜਗ੍ਹਾ – ਜਗ੍ਹਾ ਤੇ ਗਰੁੱਪ ਬਣਾ ਕੇ ਬੈਠੀਆਂ ਔਰਤਾਂ ਦੇ ਫੁਸ਼ਫੁਸਾਹਟ ਦੀ ਅਵਾਜ਼ ਆ ਰਹੀ ਸੀ। ਕੁੱਝ ਕੁ ਗੱਲਾਂ ਕੰਨੀ ਪੈ ਰਹੀਆਂ ਸੀ , ਇੱਕ ਔਰਤ ਗਰੁੱਪ ਵਿੱਚ ਬੈਠੀ ਬਹੁਤ ਧੀਮੀ ਆਵਾਜ਼ ਵਿੱਚ ਗੱਲ ਕਰ ਰਹੀ ਸੀ

“ ਮੈਂਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕੁੜੀ ਦੇ ਚਾਲ – ਚਲਣ ਠੀਕ ਨਹੀਂ ਸਨ , ਦੇਖਿਆ ਨਹੀ ਸੀ ਸਾਰਾ ਦਿਨ ਤਾਂ ਮੋਬਾਇਲ ਨਾਲ ਚਿਬੜੀ ਰਹਿੰਦੀ ਸੀ। “

ਇਸ ਦੌਰਾਨ ਹੀ ਦੂਸਰੀ ਔਰਤ ਬੋਲਦੀ ਹੈ : “ ਹਾਂ ਹਾਂ ਨਿਕਲ ਗਈ ਹੁਣੀ ਆ ਕਿਸੇ ਨਾਲ , ਅੱਜ ਕੱਲ ਦੇ ਜਵਾਕਾਂ ਦਾ ਭਲਾ ਪਤਾ ਲਗਦਾ ਕਿਤੇ , ਮਾਰ ਕਿਤੇ ਐਕਟਰ ਬਣ – ਬਣ ਘੁੰਮਦੇ ਆ , ਮੈਂ ਤਾਂ ਪਹਿਲਾਂ ਹੀ ਦਸਦੀ ਸੀ। “

ਤਿਸਰੀ ਔਰਤ ਹੌਂਕਾ ਲੈ ਕੇ ਬੋਲਦੀ ਹੈ , “ ਨੀ ਮੈਂ ਇਹਦੀ ਮਾਂ ਨੂੰ ਇੱਕ ਵਾਰ ਕਿਹਾ ਸੀ , ਆ ਕੀ , ਤੇਰੀ ਕੁੜੀ ਲੀੜੇ (ਕੱਪੜੇ) ਪਾਈ ਰੱਖਦੀ ਆ , ਭਲਾ ਚੰਗੇ ਲਗਦੇ ਆ , ਢਿੱਡ ਨੰਗਾ ਹੁੰਦਾ ਔਹਦਾ , ਤੇ ਪੈਂਟ ਚੱਕੀ ਰੱਖਦੀ ਆ ਗਿੱਟਿਆਂ ਤੋਂ ਉੱਪਰ ਨੂੰ , ਉਹਨੂੰ ਕਿਹਾ ਕਰ ਕੋਈ ਚੱਜ ਦੇ ਲੀੜੇ ਪਾਇਆ ਕਰ ,”

ਪਹਿਲੀ ਔਰਤ ਪੁਛਦੀ ਹੈ “ਫੇਰ ਓਹਦੀ ਮਾਂ ਨੇ ਕੀ ਕਿਹਾ ”

ਤਿਸਰੀ ਔਰਤ ਜਵਾਬ ਦਿੰਦੀ ਹੈ। “ ਹਾਂ.. ਮਾਂ ਨੇ ਕੀ ਕਹਿਣਾ , ਕਹਿੰਦੀ ਅਖੇ , ‘ ਤਾਈ ਅੱਜ-ਕੱਲ ਦਾ ਰਿਵਾਜ਼ ਈ ਇਹੇ ਆ , ਨਿਆਣੇ ਭਲਾ ਮੰਨਦੇ ਆ ਅੱਜ-ਕੱਲ ਕਿਸੇ ਦੀ ‘, ਆਹ ਜਵਾਬ ਦਿੱਤਾ ਔਹਦੀ ਮਾਂ ਨੇ “

ਦੂਜੀ ਔਰਤ ਜਵਾਬ ਦਿੰਦੀ ਹੈ “ ਆਹ ਦੇਖ ਲਵੇ ਹੁਣ ਰਿਵਾਜ਼ “

ਰੂਹੀ ਨੂੰ ਗਵਾਚੇ ਹੁਣ ਡੇਢ ਕੁ ਘੰਟਾ ਹੋ ਚੁਕਾ ਸੀ , ਹੁਣ ਲੋਕਾਂ ਨੂੰ ਕਾਫੀ ਹੱਦ ਤੱਕ ਜ਼ਕੀਨ ਹੋ ਚੁਕਾ ਸੀ ਕੀ , ਰੂਹੀ ਕਿਸੇ ਨਾਲ ਭੱਜ ਗਈ ਹੈ , ਰੂਹੀ ਦੀ ਮਾਂ ਦੀ ਸੁੱਧ-ਬੁੱਧ ਭੁਲ ਚੁਕੀ ਸੀ , ਉਹ ਰੋ ਰਹੀ ਸੀ ਤੇ ਰੂਹੀ ਨੂੰ ਬਦ-ਦੁਆਵਾਂ ਦੇ ਰਹੀ ਸੀ , ਹੁਣ ਲੋਕ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ , ਇਸ ਦੋਰਾਨ ਹੀ ਇਕ ਨੌਜਵਾਨ ਰੂਹੀ ਦੀ ਮਾਂ ਕੋਲ ਜਾ ਖੜਾ ਹੋਇਆ , ਉਸ ਨੇ ਪੁਛਿਆ ਕਿ ਜਦੋਂ ਉਹ ਘਰ ਦੇ ਬਾਹਰਲੇ ਦਰਵਾਜ਼ੇ ਕੋਲ ਆਈ ਤਾਂ ਉਹ ਪਹਿਲਾਂ ਹੀ ਖੁੱਲਾ ਹੋਇਆ ਸੀ ਜਾਂ ਬੰਦ ਸੀ , ਰੂਹੀ ਦੀ ਮਾਂ ਨੇ ਅਚਾਨਕ ਹੀ ਰੋਣਾ ਬੰਦ ਕਰ ਦਿੱਤਾ ਤੇ ਕਿਹਾ , ਨਹੀਂ ਉਸ ਨੇ ਖੁਦ ਬਾਹਰ ਆ ਕੇ ਦਰਵਾਜ਼ਾ ਖੋਲਿਆ ਹੈ , ਫੇਰ ਉਸ ਨੇ ਕਿਹਾ ਕੀ ਘਰ ਵਿੱਚ ਦੁਬਾਰਾ ਚੰਗੀ ਤਰਾਂ ਦੇਖਣਾ ਚਾਹੀਦਾ ਹੈ , ਕਿਉਕੀਂ ਜੇਕਰ ਰੂਹੀ ਬਾਹਰ ਨਿਕਲੀ ਹੋਵੇ ਤਾਂ ਘਰ ਦੇ ਬਾਹਰ ਦਾ ਦਰਵਾਜ਼ਾ ਖੁੱਲ੍ਹਾ ਹੋਣਾ ਚਾਹੀਦਾ ਸੀ , ਇਸ ਦੌਰਾਨ ਹੀ ਦੋ ਤਿੰਨ ਨੌਜਵਾਨ ਇਕੱਠੇ ਹੋਏ ਤੇ ਘਰ ਦੀ ਚੰਗੀ ਤਰ੍ਹਾ ਤਲਾਸੀ ਲੈਣ ਲੱਗ ਪਏ , ਪਰ ਦੁਬਾਰਾ ਘਰ ਵਿੱਚ ਰੂਹੀ ਕਿਤੇ ਨਾਂ ਮਿਲੀ , ਫਿਰ ਓਹਨਾਂ ਨੇ ਛੱਤ ਤੇ ਜਾ ਕੇ ਦੇਖਣ ਦਾ ਸੋਚਿਆ , ਰੂਹੀ ਕੁਝ ਕੁ ਦਿਨਾਂ ਤੋਂ ਆਪਣੀ ਪੜ੍ਹਾਈ ਦੇ ਕਾਰਨ ਪਰੇਛਾਨੀ ਵਿਚ ਸੀ , ਉਹ ਦੇਰ ਰਾਤ ਤੱਕ ਪੜ੍ਹਦੀ ਰਹਿੰਦੀ ਤੇ ਆਪਣੀ ਸਿਹਤ ਤੇ ਵੀ ਜਿਆਦਾ ਧਿਆਨ ਨਹੀੰ ਸੀ ਦੇ ਰਹੀ , ਉਸ ਦੇ ਸਰੀਰ ਵਿੱਚ ਇਸ ਕਾਰਨ ਬਹੁਤ ਕਮਜ਼ੋਰੀ ਆ ਚੁਕੀ ਸੀ , ਦੋ ਤਿੰਨ ਲੜਕੇ ਹੁਣ ਛੱਤ ਤੇ ਪਹੁੰਚ ਚੁਕੇ ਸਨ , ਜਦ ਉਹਨਾਂ ਨੇ ਪੂਰੀ ਛੱਤ ਵੱਲ ਨਿਗ੍ਹਾ ਮਾਰੀ ਤਾਂ , ਉੱਥੇ ਇੱਕ ਪਾਸੇ ਤੇ ਰੂਹੀ ਕੰਧ ਨਾਲ ਬੇ-ਸੁਧ ਹੋ ਕੇ ਡਿੱਗੀ ਹੋਈ ਸੀ , ਲੜਕਿਆਂ ਨੇ ਇਸ ਦੌਰਾਨ ਹੀ ਰੌਲਾ ਪਾਉਣਾ ਸੁਰੂ ਕਰ ਦਿੱਤਾ , “ ਰੂਹੀ ਲੱਭ ਗਈ , ਰੂਹੀ ਲੱਭ ਗਈ,” ਕਾਫ਼ੀ ਸਾਰੇ ਲੋਕਾਂ ਦੀ ਭੀੜ ਰੂਹੀ ਨੂੰ ਦੇਖਣ ਦੇ ਲਈ ਛੱਤ ਤੇ ਆ ਗਈ , ਰੂਹੀ ਦੀ ਮਾਂ ਨੇ ਰੂਹੀ ਦਾ ਸਿਰ ਆਪਣੇ ਪੱਟਾਂ ਤੇਂ ਰੱਖਿਆ ਤੇ ਉਸ ਨੂੰ ਪਾਣੀ ਪਿਲਾਇਆ , ਰੂਹੀ ਨੇ ਆਪਣੀਆਂ ਅੱਖਾਂ ਆਰਾਮ ਨਾਲ ਖੋਲੀਆਂ , ਉਸ ਦੇ ਬੁੱਲ ਸਰੀਰ ਵਿੱਚ ਪਾਣੀ ਕੀ ਕਮੀ ਹੋਣ ਦੇ ਕਾਰਨ ਸੁੱਕ ਚੁਕੇ ਸਨ , ਤੇ ਉਸ ਦਾ ਮਾਸੂਮ ਚਹਿਰਾ ਜੋ ਕੀ ਕਮਜ਼ੋਰੀ ਦੇ ਕਾਰਨ ਪੀਲਾ ਹੋ ਚੁਕਾ ਸੀ। ਹੁਣ ਉਹ ਲੋਕ ਜੋ ਰੂਹੀ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ , ਇਕ ਪਾਸੇ ਖਾਮੋਸ਼ ਖੜੇ ਸਨ , ਉਹ ਲੜਕਾ ਜਿਸ ਨੇ ਰੂਹੀ ਦੁਬਾਰਾ ਘਰ ਵਿੱਚ ਲੱਭਣ ਦਾ ਸੁਝਾਅ ਦਿੱਤਾ ਸੀ ਉਹ ਵੀ ਇਕ ਪਾਸੇ ਖੜਾ ਰੂਹੀ ਨੂੰ ਗੌਰ ਨਾਲ ਦੇਖ ਰਿਹਾ ਸੀ। ਲੜਕਾ ਸੋਚ ਰਿਹਾ ਸੀ , ਉਹ ਰੂਹੀ ਜਿਸ ਨੇ ਕਦੀ ਵੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ , ਕਦੀ ਕਿਸੇ ਮੁਸ਼ਕਿਲ ਤੋਂ ਨਹੀਂ ਸੀ ਡਰੀ , ਅੱਜ ਉਹ ਬੇਕਸ਼ੂਰ ਬਿਨਾਂ ਕਿਸੇ ਗਲਤੀ ਤੋਂ ( ਤਰਸ ) ਦੀ ਪਾਤਰ ਬਣ ਚੁਕੀ ਸੀ। ਉਸ ਦੀ ਗਲਤੀ ਸਿਰਫ਼ ਇਹ ਸੀ ਕਿ ਉਸ ਨੇ ਆਪਣੇ ਸੁਭਾਅ ਅਤੇ ਚਾਲ-ਚਲਣ ਦੇ ਹਿਸਾਬ ਨਾਲ ਗਲਤ ਜ੍ਹਗਾ ਤੇ ਜਨਮ ਲਿਆ ਸੀ , ਕੁੱਝ ਸਮਾਂ ਇਦਾਂ ਦਾ ਵੀ ਆਇਆ ਜਦੋਂ ਲੋਕਾਂ ਨੂੰ ਆਪਣੀ ਸੋਚ ਉੱਤੇ ਗੁਮਾਨ ਹੋਇਆ , ਓਹਨਾਂ ਨੇ ਜੋ ਵੀ ਰੂਹੀ ਬਾਰੇ ਗਲ਼ਤ ਗੱਲਾਂ ਸੋਚੀਆਂ ਸੀ ਉਹ ਸੱਚ ਹੁਂਦੀਆਂ ਦਿੱਖ ਰਹੀਆਂ ਸੀ ਭਾਵੇਂ ਹੀ ਇਸ ਨਾਲ ਕਿਸੇ ਪਰਿਵਾਰ ਦਾ ਮਨੋਬਲ ਕਿੰਨਾ ਵੀ ਟੁੱਟ ਰਿਹਾ ਸੀ , ਪਰ ਲੋਕ ਆਪਣੀ ਇਸ ਸੋਚ ਨਾਲ ਖੁਸ਼ ਸਨ।

ਲੇਖਕ :- ਸੰਦੀਪ ਮੰਨਣ

Leave a comment

0.0/5

Facebook
YouTube
YouTube
Pinterest
Pinterest
fb-share-icon
Telegram