Skip to content Skip to footer

ਬਾਬਾ ਜੈਮਲ ਸਿੰਘ
ਸਾਡੇ ਪਿੰਡ  ਦਾ ਤਾ  ਨਹੀਂ ਸੀ ਬਾਬਾ  ਜੈਮਲ  ਸਿੰਘ,  ਪਰ ਮੇਰੇ ਜਨਮ  ਤੋਂ ਵੀ ਪਹਿਲਾਂ ਦਾ ਰਹਿੰਦਾ ਸੀ ਸਾਡੇ ਪਿੰਡ , ਬਾਹਰ ਵਾਰ  ਖੇਤਾਂ  ਚ ਬਣਿਆ ਇੱਕ ਡੇਰਾ ਓਹਦਾ  ਟਿਕਾਣਾ  ਸੀ ,ਕਿਸੇ ਨਾਲ ਬਹੁਤਾ ਬੋਲਦਾ  ਨਹੀਂ ਸੀ,ਪਿੰਡ ਵਿਚ ਉਹ ਰੋਜ  2 ਵਾਰ ਆਉਂਦਾ ਸੀ ,ਸਵੇਰੇ  ਆਉਂਦਾ ਕਿਸੇ ਘਰ ਤੋਂ ਰੋਟੀ ਲੈ ਕੇ ਮੁੜ  ਜਾਂਦਾ ਫੇਰ ਦੁਪਹਿਰ  ਵੇਲੇ  ਵੀ ਇਸ ਤਰਾਂ ਹੀ ਕਰਦਾ ,ਰਾਤ ਨੂੰ ਉਹ ਕਦੇ ਪਿੰਡ ਨੀ ਸੀ ਆਉਂਦਾ ਬੱਸ ਡੇਰੇ ਤੇ ਹੀ ਰਹਿੰਦਾ ,ਹੋਲੀ ਹੋਲੀ ਉਸ  ਦਾ ਪਿੰਡ ਆਉਣਾ ਬਿਲਕੁਲ ਹੀ ਬੰਦ ਹੋ ਗਿਆ ,ਹੁਣ ਕੋਈ ਨਾ ਕੋਈ ਖੇਤ ਵੱਲ ਜਾਂਦਾ ਪਿੰਡ ਦਾ ਬੰਦਾ ਓਹਦੀ  ਰੋਟੀ ਲੈ ਜਾਂਦਾ ,ਮੈਂ ਹੁਣ ਕਾਫੀ ਵੱਡਾ ਹੋ ਚੁਕਿਆ ਸੀ ਤੇ ਬਾਬਾ ਜੈਮਲ ਬਹੁਤ  ਬੁੱਢਾ ,ਪਰ ਅਸੀਂ ਹੈਰਾਨ ਸੀ ਕੇ ਉਸ ਦੇ ਅੰਦਰ ਕਿਹੜੀ ਤਾਕਤ ਆ ਜੋ ਹਲੇ ਵੀ ਤੁਰਿਆ ਫਿਰਦਾ ਸੀ ,ਹੁਣ ਅਸੀਂ ਕੁਝ ਦੋਸਤ ਇਕੱਠੇ ਹੋ ਕੇ ਰਾਤ ਨੂੰ ਬਾਬੇ ਕੋਲ ਚਲੇ ਜਾਂਦੇ ਤੇ ਧੂਣੀ ਬਾਲ ਕੇ ਸੇਕਣ ਲੱਗ ਜਾਂਦੇ ,ਬਾਬਾ ਵੀ ਚੁੱਪ ਚਾਪ ਮੂੜੇ ਉੱਤੇ ਬੈਠਾ ਅੱਗ ਸੇਕ ਦਾ ਰਹਿੰਦਾ ,ਇੱਕ ਦਿਨ ਮੈਂ ਪੁੱਛਯਾ ਕੇ ਬਾਬਾ  ਕੋਈ ਆਜ਼ਾਦੀ ਵੇਲੇ ਦੀ ਗੱਲ ਸੁਣਾ,ਪਹਿਲੀ ਵਾਰੀ ਤਾਂ ਜਿਵੇਂ  ਓਹਨੂੰ ਮੇਰੀ ਗੱਲ ਸੁਣਾਈ ਨਾ ਦਿੱਤੀ ਹੋਵੈ ਉਹ ਉਸੇ ਤਰਾਂ ਹੀ ਬੈਠਾ ਰਿਹਾ ,ਫੇਰ ਮੇਰੇ ਦੁਬਾਰਾ ਪੁੱਛਣ ਤੇ ਬੋਲਿਆ  ‘ਹੈਂ  ? ਫੇਰ ਮੇਰੇ ਤੀਜੇ ਵਾਰੀ ਪੁੱਛਣ ਤੇ ਮੇਰੇ ਵੱਲ ਵੇਖਦਿਆਂ ਫੇਰ ਅਚਾਨਕ ਓਹਦੀ ਨਿਗ੍ਹਾ ਧੂਣੀ ਦੀ ਲਾਟ ਤੇ ਚਲੀ ਗਈ ਤੇ ਫੇਰ ਕੁਝ ਚਿਰ ਸੋਚ ਕੇ ਓਹਨੇ ਬੋਲਣਾ ਸ਼ੁਰੂ ਕੀਤਾ  ,,ਕੇ ਕਿਹੜੀ ਆਜ਼ਾਦੀ ਪੁੱਤਰੋ ! ਆਜ਼ਾਦੀ ਤਾਂ ਓਹਨਾ ਨੂੰ ਮਿਲੀ ਸੀ ਜਿੰਨਾ ਲਾਲ ਕਿਲੇ ਤੇ ਝੰਡਾ ਝਾਲੁਣਾ ਸੀ ਕੁਰਸੀਆਂ ਲੈਣੀਆਂ ਸੀ ,ਜਿੰਨਾ ਦੀਆਂ ਜਾਗੀਰਾਂ ਜ਼ਮੀਨਾਂ  ਰਿਸ਼ਤੇਦਾਰ  ਪਰਿਵਾਰ ਸਭ ਖੁੱਸ ਗਏ ਹੋਣ ਉਹਨਾਂ ਲਈ ਭਲਾਂ ਕੀ ਆਜ਼ਾਦੀ ਸੀ ,,ਫੇਰ ਡੰਡੇ ਨਾਲ ਅੱਗ ਫਰੋਲਦਿਆਂ ਬਾਬੇ ਨੇ ਦੱਸਣਾ ਸ਼ੁਰੂ ਕੀਤਾ ਕੇ ਅਸੀਂ ਤਿੰਨ ਭਰਾਂ ਸਾਂ 50 ਬਿੱਘੇਆਂ ਦੇ ਮਾਲਕ ,ਮੁਜ਼ਾਫ਼ਰਪੁਰ ਸ਼ੁਮਾਲੀ  ਪਿੰਡ ਦੇ ਸਰਦਾਰ ਜੋ ਮੰਡੀ ਮੀਆਂਵਾਲੀ ਵਿਚ ਪੈਂਦਾਂ ਸੀ ,ਮੇਰਾ ਪੰਜ ਕੁ ਸਾਲ ਦਾ ਪੁੱਤ ਆਪਣੇ ਚਾਚੇ ਜਾਣੀ ਕੇ ਮੇਰੇ ਭਰਾ ਨਾਲ ਨਨਕਾਣਾ ਸਾਹਿਬ ਦਰਸ਼ਨਾਂ ਨੂੰ ਗਿਆ ਹੋਇਆ ਸੀ ਬੱਸ ਸਾਨੂੰ ਖਬਰ ਮਿਲੀ ਕੇ ਲਾਹੌਰ ਲਾਗੇ ਮੁਸਲਿਮ ਲੀਗੀਆਂ ਨੇ ਨਨਕਾਣਾ ਸਾਹਿਬ ਤੋਂ ਆ ਰਹੀ ਬੱਸ ਨੂੰ ਅੱਗ ਲਾ ਦਿੱਤੀ ..ਉਸਤੋਂ ਬਾਅਦ ਨਾ ਮੇਰਾ ਭਰਾ ਘਰ ਪਰਤਿਆ ਨਾ ਪੁੱਤਰ ,ਰੇਡੀਓ ਤੇ ਵਾਰ  ਵਾਰ ਇਹ ਕਿਹਾ ਜਾ ਰਿਹਾ ਸੀ ਕੇ ਪਾਕਿਸਤਾਨ ਚ ਰਹਿੰਦੇ ਹਿੰਦੂ ਸਿੱਖ  ਹਿਫਾਜ਼ਤ ਨਾਲ ਹਿੰਦੋਸਤਾਨ ਭੇਜੇ ਜਾਣ ਗਏ  ,,ਓਦੋ  ਕਿਸੇ ਨੂੰ ਕੁਝ ਸਮਝ  ਨੀ ਆ ਰਿਹਾ ਸੀ ਕੇ ਸਭ ਕੀ ਹੋ ਰਿਹਾ ਏ ,ਸਾਡੇ ਨਾਲ ਦੇ  ਪਿੰਡ ਤੇ ਵੀ ਲੀਗੀਆਂ ਨੇ ਹੱਲਾ ਬੋਲ ਦਿੱਤਾ ਸ਼ਾਮ ਜਹੇ ਦਾ ਟਾਈਮ ਸੀ ਕੇ ਚਾਚਾ ਬਸ਼ੀਰਾ ਭੱਜਾ ਆਯਾ ਤੇ ਆਉਂਦਿਆਂ ਹੀ ਮੇਰੀ ਘਰਵਾਲੀ ਨੂੰ ਕਹਿੰਦਾ ਛੇਤੀ ਨਾਲ ਉੱਠ ਧੀਏ ਛੇਤੀ ਚੱਲ ਮੇਰੇ ਨਾਲ ਮੈਨੂੰ ਤੇ ਮੇਰੀ ਘਰਵਾਲੀ ਤੇ ਮੇਰੀ ਧੀ ਅਮਰੋੰ ਉਹ ਆਪਣੇ ਘਰ ਲੈ ਗਿਆ ,ਜਦੋਂ ਬੂਹੇ ਬੰਦ ਕਰਨ ਲੱਗਾ ਤਾਂ ਓਹਨਾ ਵਿਚੋਂ ਇੰਝ ਆਵਾਜ਼ ਆਈ ਜਿਵੇਂ ਕਹਿ ਰਹੇ ਹੋਣ ਸਾਨੂੰ ਫੇਰ ਖੋਲੇਂਗਾਂ ਕਦੋਂ ਓਦੋਂ ਇਹ ਨੀ ਸੀ ਪਤਾ ਕੇ ਅੱਜ ਦੇ ਬੰਦ ਕੀਤੇ  ਫੇਰ ਕਦੇ ਖੋਲ ਹੀ ਨੀ ਹੋਣੇ  …ਐਨਾ ਦੱਸ ਦਿਆਂ ਹੋਇਆਂ ਬਾਬੇ ਦੇ ਗੱਚ ਭਰ ਆਇਆ ਤੇ ਉਹ ਕਿੰਨਾ ਚਿਰ ਹੀ ਚੁੱਪ ਬੈਠਾ ਰਿਹਾ ਅਸੀਂ ਪੱਥਰ ਬਣੇ ਓਹਦੇ ਵੱਲ ਵੇਖ ਦੇ ਰਹੇ ,..ਇੱਕ ਲੰਬਾ ਸਾਹ ਲੈਕੇ  ਓਹਨੇ ਫੇਰ ਦੱਸਣਾ ਸ਼ੁਰੂ ਕੀਤਾ ..
ਕੇ ਅਸੀਂ ਚਾਚੇ ਬਿਸ਼ਨੇ ਨਾਲ ਤੁਰ ਪਏ ਅਚਾਨਕ ਯਾਦ ਆਇਆ ਕੇ ਕਾਰਤਾਰਾ ਕਿਥੇ ਆ ਜੋ ਸਭ ਤੋਂ ਛੋਟਾ ਭਰਾ ਸੀ ਮੇਰਾ ਜੋ ਮੇਰੀ ਮਾਂ ਮਰਨ ਪਿੱਛੋਂ ਮੈਂ ਤੇਰੀ ਘਰਵਾਲੀ ਨੇ ਪਾਲਿਆ ਸੀ 14-15 ਸਾਲ ਦਾ ਸੀ ਓਦੋਂ, ਮੈਂ ਚਾਚੇ ਨੂੰ ਕਿਹਾ ਕੇ ਤੂੰ ਇਹਨਾਂ ਨੂੰ ਲੈ ਕੇ ਚੱਲ ਮੈਂ ਕਰਤਾਰੇ ਨੂੰ ਲੱਭ ਕੇ ਲਿਆਉਣਾ ਪਰ ਚਾਚਾ ਮੱਲੋਜੋਰੀ ਸਾਨੂੰ ਆਵਦੇ ਘਰ ਲੈ ਗਿਆ ,ਤੇ ਸਾਨੂੰ ਆਵਦੇ ਤੂੜੀ ਵਾਲੇ ਕੋਠੇ ਚ ਲੁਕਾ ਦਿੱਤਾ ,ਤੇ ਆਪ ਕਰਤਾਰੇ ਨੂੰ ਲੱਭਣ ਚਲਾ ਗਿਆ ਤੇ ਕੁਝ ਦੇਰ  ਮਗਰੋਂ  ਭੱਜਦਾ  ਭੱਜਦਾ ਆਯਾ ਤੇ ਬੋਲਿਆ ਅੱਜ ਰਾਤ ਤੁਹਾਨੂੰ ਹਿੰਦੋਸਤਾਨ ਜਾਣਾ ਪਾਉਗਾ ਆਪਣੇ ਪਿੰਡ ਤੇ ਕਿਸੇ ਵੀ ਵੇਲੇ ਹੱਲਾ ਹੋ ਸਕਦਾ,ਪਰ ਕਰਤਾਰ ਕਿਥੇ ਆ ਮੈਂ ਚੀਖ ਕੇ ਕਿਹਾ ,ਉਹ ਵੀ ਇਥੇ  ਹੀ ਹੋਣਾ ਚਾਚੇ ਬਸ਼ੀਰੇ  ਨੇ ਤਸੱਲੀ ਦਿੱਤੀ ,ਸਾਡਾ ਸਮਾਨ ਗੱਡੇ  ਤੇ ਲੱਦ  ਦਿੱਤਾ ਗਿਆ,ਚਾਚੇ ਦੀ ਧੀ ਨੂਰਾਂ ਜੋ ਮੇਰੀ ਅਮਰੋ ਦੀ ਹਾਨਣ ਅਮਰੋ ਦੇ ਗਲ ਲੱਗ ਏਦਾਂ ਰੋਈ ਕੇ ਅਸਮਾਨ ਦਾ ਕਾਲਜਾ ਪਾਟ ਗਿਆ ,ਫੇਰ ਮੇਰਾ ਹੱਥ ਫੜ ਕੇ ਪੁੱਛਯਾ ਕੇ ਬੀਰੇ ਤੁਸੀਂ ਕਿਥੇ ਜਾਓਗੇ ਓਹਦੀ ਗੱਲ ਸੁਣ ਕੇ ਮੇਰੀਆਂ  ਭੁੱਬਾਂ ਨਿਕਲ ਗਈਆਂ ਤੇ ਮੈਂ ਕਿਹਾ ਕੇ ਨੂਰਾਂ ਟਹਣਿਓਂ ਟੂਟੇ ਪੱਤਿਆਂ ਦਾ ਕੋਈ ਘਰ ਨੀ ਹੁੰਦਾ ਬੱਸ ਜਿਧਰ ਹਵਾ ਲੈ ਜੇ ਓਧਰ ਹੀ ਚਲੇ ਜਾਂਦੇ ਆ ,ਚਾਚਾ ਬਸ਼ੀਰਾ ਸਾਡੇ ਨਾਲ ਤੁਰ ਪਿਆ ,ਤੇ ਉਹ ਸਾਨੂੰ ਕਹਿ ਰਿਹਾ ਸੀ ਕੇ ਕੋਈ ਨਾ ਮੈਂ ਕਰਤਾਰੇ ਨੂੰ ਲੱਭ ਕੇ ਆਪ ਤੁਹਾਡੇ ਕੋਲ ਛੱਡ ਆਵਾਂਗਾ ਜਾ ਕਿਸੇ ਹੋਰ ਕਾਫਲੇ ਨਾਲ ਭੇਜ ਦਿਆਂਗਾ,ਸਾਨੂੰ ਕਾਫੀ ਦੂਰ  ਇੱਕ ਹੋਰ ਕਾਫਲੇ ਨਾਲ ਰਲਾ ਕੇ ਚਾਚਾ ਵਾਪਸ ਚਲਾ ਗਿਆ ,ਅਸੀਂ ਹਲੇ ਨਹਿਰ ਦਾ ਪੁੱਲ ਹੀ ਟੱਪੇ ਸਾਂ ਕੇ ਇੱਕ ਵਹੀਰ  ਸਾਡੇ ਤੇ ਟੁੱਟ ਪਈ ਸਭ ਕੁਝ ਉਹ ਲੁੱਟ ਕੇ ਲੈ ਗਏ ਅਮਰੋ ਦਾ ਹੱਥ ਵੀ ਮੇਰੇ ਹੱਥਾਂ ਵਿੱਚੋਂ ਛੁੱਟ  ਗਿਆ ਰਾਤ ਦੇ ਹਨੇਰੇ ਵਿਚ ਪਤਾ ਨੀ ਕੌਣ ਚੁੱਕ ਕੇ ਲੈ ਗਿਆ ਮੇਰੀ ਧੀ ਨੂੰ ,ਸਾਨੂੰ ਸਿਰਫ  ਓਹਦੀਆਂ ਚੀਕਾਂ ਸੁਣੀਆਂ  ,ਓਹਦੀਆਂ ਚੀਕਾਂ ਨੇ ਮੇਰੇ ਘਰਵਾਲੀ ਦੇ ਦਿਮਾਗ ਤੇ ਐਸਾ ਬੋਝ ਪਾਇਆ ਕੇ ਹਏ ਕਾਰਤਾਰਿਆ ਵੇ ਕਾਰਤਾਰਿਆ ਤੇਰੀ ਮਾਂ ਨੂੰ ਜਾ ਕੇ ਕਿ ਮੂੰਹ ਵਿਖਾਉਂਗੀ ਕਹਿੰਦੀ ਭੱਜ ਤੁਰੀ  ਮੈਂ ਬੜੀ  ਮੁਸ਼ਕਿਲ ਨਾਲ ਉਸਨੂੰ ਸੰਬਾਲਿਆਂ ਤੇ ਅਸੀਂ  ਇੱਕ ਕਮਾਦ ਚ ਲੁਕਗੇ,ਅਸੀਂ ਪੂਰੀ ਰਾਤ ਖੇਤਾਂ ਵਿੱਚਦੀ ਤੁਰਦੇ ਰਹੇ ,ਪਹੁ ਫੁੱਟਣ ਤੇ ਆ ਗੀ ਤੇ ਸਾਨੂੰ ਇਹ ਵੀ ਨੀ ਸੀ ਪਤਾ ਕੇ ਅਸੀਂ ਕਿਧਰ ਜਾ ਰਹੇ ਹਾ,ਅਚਾਨਕ ਸਾਡੇ ਕੰਨਾਂ  ਵਿਚ ਆਵਾਜ਼ ਪਾਈ
ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ  ਨਿਰਵੈਰੁ…….
ਅਸੀਂ ਉਸ ਆਵਾਜ਼ ਵੱਲ ਹੋ ਤੁਰੇ ਅਸੀਂ ਇੱਕ ਰਾਤ ਉਸ ਪਿੰਡ ਕੱਟੀ ਤੇ ਫੇਰ ਫਿਰੋਜ਼ਪੁਰ ਰਾਫ਼ੀਊਜ਼ੀ ਕੈਂਪ ਚ ਪੰਹੁਚ ਗੇ ਜਿੱਥੇ ਪੈਹਿਲਾਂ  ਹੀ ਹਜ਼ਾਰਾਂ ਲੋਕ ਬੈਠੇ ਸਨ ,ਜਦੋਂ ਪੂਰਾ ਦੇਸ਼ ਆਜ਼ਾਦੀ ਦੀ ਖੁਸ਼ੀ ਮਨਾ ਰਿਹਾ ਸੀ ਅਸੀਂ ਓਦੋਂ ਹੱਥਾਂ ਚ ਥਾਲੀਆਂ ਫੜੀ ਲੰਗਰ ਚ ਮਿਲਣ ਵਾਲੀ ਖਿਚੜੀ ਉਡੀਕ ਰਹੇ ਸੀ ,ਇੱਕ ਇੱਕ ਕਰ ਕੇ ਸਭ ਨੂੰ ਜ਼ਮੀਨ ਅਲਾਟ ਹੋ ਰਹੀ ਸੀ ਪਰ ਸਾਡਾ ਲੰਬਰ ਨੀ ਸੀ ਆ ਰਿਹਾ ਇੱਕ ਦਿਨ ਮੁਨਸ਼ੀ ਕਹਿੰਦਾ ਪਹਿਲਾਂ ਸਾਬ ਦੇ ਹੱਥ ਤੇ ਕੁਝ ਧਰੋ ਫੇਰ ਮਿਲੋ  ਵਧੀਆ  ਜ਼ਮੀਨ  ਨਹੀਂ ਤਾ ਕੱਲਰ  ਹੀ ਮਿਲੁ ,ਪਰ ਸਾਡੇ ਕੋਲ ਤਾਂ ਪਾਉਣ ਨੂੰ ਕੱਪੜੇ ਵੀ ਨਹੀਂ ਸਨ ਓਹਦੇ ਹੱਥ ਕੀ ਧਰਦੇ ,ਆਖ਼ਰ ਅੰਮ੍ਰਿਤਸਰ ਦੇ ਕੋਲ ਸਾਨੂੰ ਤਿੰਨ ਏਕੜ  ਜ਼ਮੀਨ ਅਲਾਟ ਹੋ ਗਈ ,ਮੇਰੀ ਘਰਵਾਲੀ ਦੀ ਹਾਲਤ ਦਿਨ ਬ ਦਿਨ ਵਿਗੜਦੀ ਹੀ ਜਾਂਦੀ  ਸੀ ਉਹ ਹਰ ਟਾਈਮ ਕਰਤਾਰਾ ਕਰਤਾਰਾ ਬੋਲਦੀ ਰਹਿੰਦੀ ,ਪਰ ਨਾ ਚਾਚਾ ਬਸ਼ੀਰਾ ਆਇਆ ਨਾ ਹੀ ਕਰਤਾਰਾ,ਮੈਂ ਰੋਜ਼ ਕੈਂਪ ਪਾਕਿਸਤਾਨ ਤੋਂ ਆਏ ਲੋਕ ਵੇਖਣ ਜਾਂਦਾ ਰੋਜ਼ ਨਿਰਾਸ਼ ਮੁੜ ਆਉਂਦਾ ,ਇਹ ਦੁੱਖ ਨਾ ਸਹਾਰ  ਦੀ ਮੇਰੀ ਭਾਗਾਵਾਲੀ ਕੱਲੇ ਨੂੰ ਛੱਡ ਕੇ ਤੁਰ ਗਈ ,ਜਿਹੜੇ ਜਿਹੜੇ ਪਿੰਡਾਂ ਚ ਪਨਾਹਗੀਰ ਵਸੇ ਸਨ ਮੈਂ ਸਾਰੇ ਪਿੰਡਾਂ ਚ ਗਿਆ ਪਰ ਨਾ ਕਰਤਾਰ ਮਿਲਿਆ ਨਾ ਕੋਈ ਅਮਰੋ  ਦੀ ਖ਼ਬਰ ,ਫੇਰ ਥੱਕ ਟੁੱਟ ਕੇ ਬੱਸ ਇਸ ਪਿੰਡ ਨੂੰ ਆਪਣਾ ਡੇਰਾ ਬਣਾ ਲਿਆ ,ਦੱਸਦਿਆਂ  ਦੱਸਦਿਆਂ ਬਾਬੇ ਜੈਮਲ ਦੀ ਦੁੱਧ ਚਿੱਟੀ ਦਾੜੀ ਹੰਝੂਆਂ ਨੂੰ ਭਿੱਜ ਚੁੱਕੀ ਸੀ ,ਬਾਬਾ ਡਾਂਗ ਦਾ ਆਸਰਾ ਲੈ ਕੇ ਉੱਠਿਆ ਤੇ ਹੋਲੀ ਹੋਲੀ ਡੇਰੇ ਵੱਲ ਤੁਰ ਪਿਆ ,ਕਿੰਨਾ ਵੱਡਾ ਦੁਖਾਂ ਦਾ ਸਮੁੰਦਰ ਸੀ ਬਾਬੇ ਅੰਦਰ ਅਸੀਂ ਕਿੰਨਾਂ ਚਿਰ ਹੀ ਬਾਬੇ ਨੂੰ ਪਿੱਛੋਂ ਵੇਖਦੇ ਰਹੇ ,ਧੂਣੀ ਤਾ ਪਤਾ ਨੀ ਕਦ ਦੀ ਬੁਝ ਚੁੱਕੀ ਸੀ ….ਪਰ ਬਾਬੇ ਦੀਆ ਗੱਲਾਂ ਦਾ ਸੇਕ ਸਾਡੇ ਵਿਚੋਂ ਨਿਕਲ ਰਿਹਾ ਸੀ …….

ਬੇਅੰਤ ਬਰੀਵਾਲਾ 9041847077

Leave a comment

0.0/5

Facebook
YouTube
YouTube
Pinterest
Pinterest
fb-share-icon
Telegram