Skip to content Skip to footer

ਭਾਗਿਰਥੀ

ਭਾਗਿਰਥੀ (ਕਹਾਣੀ)
ਮਨਮੋਹਨ ਕੌਰ
……ਓਦੋਂ….. ਪੂਰਨਮਾਸ਼ੀ ਦੀ ਰਾਤ ਸੀ ਜਦੋਂ ਮੇਰੀ ਸੁਹਾਗਰਾਤ . ਸੀ …
..ਉਸ ਦਿਨ ਵਰਗਾ ਚੰਨ ਮੈਂ ਜ਼ਿੰਦਗੀ ‘ਚ ਸ਼ਾਇਦ ਕਦੀ ਨਹੀਂ ਦੇਖਿਆ … ਚਮਕਦਾ ਗੌਲ ਮਟੌਲ … ਜਦੋਂ ਮੈਂ ਆਪਣੇ ਪੈਰ ਕਾਰ ਚੋਂ ਬਾਹਰ ਉਤਾਰੇ .. ਤਾਂ ਸਾਹਮਣੇ ਖੜਾ ਚੰਨ ਮੁਸਕਰਾਵੇ ..ਮੈਨੂੰ ਇੰਨਾ ਨੇੜੇ ਜਾਪਿਆ ਜਿਵੇਂ ਉਹ ਮੈਨੂੰ ਆਪਣੇ ਕਲਾਵੇ ‘ਚ ਹੀ ਲੈ ਲਵੇਗਾ …ਮੈਂ ਉਸਨੂੰ ਵਿਸਮਾਦੀ ਨਜ਼ਰਾਂ ਨਾਲ ਦੇਖ ਰਹੀ ਸਾਂ ਤਾਂ ਇੱਕ ਬਹੁਤ ਹੀ ਹਸੀਨ ਹੱਥਾਂ ਨੇ ਮੇਰਾ ਹੱਥ ਪਕੜਿਆ ਅਤੇ ਘੁੰਘਟ ਚੋਂ ਹੀ ਮੈਂ …ਉਸ ਹਸੀਨ ਚਿਹਰੇ ਨੂੰ ਦੇਖਿਆ ਅਤੇ ਫ਼ਿਰ ਉਸਨੇ ਮੇਰਾ ਘੁੰਘਟ ਚੁੱਕ ਕੇ ਮੈਨੂੰ ਦੇਖਿਆ। ਉਸਨੇ ਪੰਜ ਚਾਂਦੀ ਦੇ ਸਿੱਕੇ ਮੇਰੀ ਤਲੀ ਤੇ ਧਰੇ ।ਨਾਲ ਹੀ ਕੋਲ ਖੜੇ ਬੇਜੀ ਵਲ ਮੂੰਹ ਕਰਕੇ ਭਾਰੀ ਮਰਦਾਨਾ ਅਵਾਜ਼ ‘ਚ ਬੋਲੀ, “ਬੇਜੀ!! ਬਹੂ ਤਾਂ ਤੁਹਾਡੀ … ਡੱਬੀ ‘ਚ ਬੰਦ ਕਰਨ ਜੋਗੀ ਹੈ । ਫ਼ਿਰਉਹ ਮੇਰੇ ਕੰਨ ‘ਚ ਬੋਲੀ , ਤੇਰ ਸਿਰ ਦਾ ਸਾਈਂ ਹੀਰਾ ਵੇ … ਸਾਂਭ ਕੇ ਰੱਖੀਂ!! ਇਹ ਕਹਿ ਉਸਨੇ ਮੇਰੀਆਂ ਸਤ ਬਲਾਵਾਂ ਲਈਆਂ ਅਤੇ ਫ਼ਿਰ ਬੇਜੀ ਤੋਂ ਪਾਣੀ ਦੀ ਗੜਵੀ ਲੈ ਮੇਰੇ ਇਸ ਤਰਹਾਂ ਨੇੜੇ ਕੀਤੀ ਕਿ ਮੈਂ ਦੇਖਿਆ ਕਿ ਗੜਵੀ ਦੇ ਪਾਣੀ ‘ਚ ਮੇਰੇ ਚਿਹਰੇ ਨਾਲ ਚੰਨ ਵੀ ਦਿਸਿਆ । ਉਹ ਮਰਦਾਵਾਂ ਹਾਸਾ ਹੱਸਦੇ ਬੋਲੀ , ਦੇਖ ਵਹੁਟੀਏ!! ਤੇਰੇ ਸਵਾਗਤ ਲਈ ਅੱਜ ਚੰਨ ਵੀ ਜ਼ਮੀਨ ਤੇ ਉਤਰ ਆਇਆ ਵੇ । ਮੈਂ ਛੂਈ ਮੂਈ ਹੋ ਨੀਚੇ ਜ਼ਮੀਨ ਵਲ ਦੇਖ਼ਣ ਲੱਗੀ …ਜਦੋਂ ਮੈਂ ਨਜ਼ਰ ਉਠਾਈ ਤਾਂ ਬੇਜੀ ਨੂੰ ਪਾਣੀ ਦੀ ਗੜਵੀ ਫ਼ੜਾ ਉਹ ਛਈਂ ਮਈਂ ਹੋ ਗਈ ਸੀ
ਮੈਂ 20-21ਵੇਂ ਸਾਲ ਵਿੱਚ ਸਾਂ ਜਦੋਂ ਮੇਰੀ ਸ਼ਾਦੀ ਹੋਈ । ਇੰਨੇ ਸਾਲ ਪੜਾਈ ਵਲ ਹੀ ਧਿਆਨ ਰਿਹਾ, ਬਹੁਤ ਹੀ ਸਾਦ ਮੁਰਾਦੀ ਜ਼ਿੰਦਗੀ ਦੇਖੀ ਸੀ , ਨਾ ਕੋਈ ਵਲ ਛਲ ਨਾ ਫ਼ਰੇਬ ….ਬੀ ਐਡ ਕਰ ਰਹੀ ਸਾਂ ਕਿ ਇਹਨਾਂ ਵਲੋਂ ਰਿਸ਼ਤਾ ਆਇਆ ਤੇ ਸ਼ਾਦੀ ਦਾ ਬਿਗ਼ਲ ਵੱਜ ਗਿਆ । ਸਾਡੀ ਦੇਖ਼ ਦਿਖਾਈ ਵੀ ਗੁਰਦੁਆਰੇ ਹੀ ਹੋਈ ਸੀ … ਸਿਰਫ਼ ਦੋ ਅੱਖਾਂ ਚਾਰ ਹੋਈਆਂ , ਨਾ ਕੋਈ ਸਵਾਲ ਨਾ ਜਵਾਬ … ਬਸ ਇੰਨੀ ਕੁ ਹੀ ਸੀ ਸਾਡੀ ਪਹਿਲੀ ਮਿਲਣੀ ….
ਇਹ ਬੇਜੀ ਦੇ ਲਾਡਲੇ ਪਰ ਸਰਵਣ ਪੁੱਤਰ ਸਨ, ਘਰ ਦੇ ਆਖਰੀ ਬਰਾਤੀ ਦੀ ਵੀ ਲੋੜ ਪੂਰੀ ਕਰਕੇ ਕਮਰੇ ‘ਚ ਆਏ ਤਾਂ ਮੈਂ ਖਿੜਕੀ ‘ਚ ਚੰਨ ਨੂੰ ਤੇ ਉਸਦੀਆਂ ਠੰਡੀਆਂ ਰਿਸ਼ਮਾਂ ਨੂੰ ਮਾਣ ਰਹੀ ਸਾਂ .. ਇਹ ਮੇਰੇ ਕੋਲ ਆ ਕੇ ਖੜੇ ਹੋ ਗਏ … “ਦੇਖੋ!! ਅੱਜ ਚੰਨ ਕਿੰਨਾ ਵੱਡਾ, ਨਜ਼ਦੀਕ ਅਤੇ ਸੋਹਣਾ ਲੱਗ ਰਿਹਾ ਹੈ ਜਿਵੇਂ ਸਾਡੀ ਖਿੜਕੀ ਤੇ ਪਹਿਰਾ ਦੇ ਰਿਹਾ ਹੋਵੇ ।
“ਹਾਂ ਹੈ ਤੇ ਸਹੀ ਪਰ ਮੈਂ ਤਾਂ ਆਪਣੇ ਚੰਨ ਨੂੰ ਦੇਖ ਰਿਹਾ ਹਾਂ , ਇਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਕਿਹਾ…. ਉਹ ਚੰਨ ਮੇਰੇ ਚੰਨ ਨਾਲੋਂ ਫ਼ਿਕਾ ਹੈ … ਮੈਂ ਸ਼ਰਮਾ ਕੇ ਫ਼ਿਰ ਖ਼ਿੜਕੀ ਵਲ ਦੇਖ਼ਣ ਲੱਗ ਗਈ । ਇੰਨੇ ‘ਚ ਦੇਖਿਆ ਕਿ ਦੂਰ ਦੂਸਰੀ ਗ਼ਲੀ ਦੇ ਚੁਬਾਰੇ ਦੀ ਖ਼ਿੜਕੀ ਵਿੱਚ ਉਹੀ ਪਿਆਰੀ ਜਿਹੀ ਔਰਤ ਸਾਡੇ ਵਲ ਦੇਖ਼ ਰਹੀ ਸੀ । ਮੈਂ ਇੱਕ ਦਮ ਇਹਨਾਂ ਤੋਂ ਸਵਾਲੀਆ ਨਜ਼ਰ ਨਾਲ ਪੁੱਛਿਆ ਕਿ ਇਹ ਕੌਣ ਹੈ ?
“ਭਾਗਿਰਥੀ”….
ਭਾਗਿਰਥੀ ਹਿਜੜਿਆ ਦਾ ਸਰਦਾਰ ਏ …ਇਹ ਪਾਕਿਸਤਾਨ ਤੋਂ ਹਿਜਰਤ ਕਰਕੇ …ਆਏ ਰਿਫ਼ੂਜ਼ੀਆ ਨਾਲ ਹੀ ਆਏ ਸਨ । ਮੁਸਲਮਾਨਾਂ ਵਲੋਂ ਖ਼ਾਲੀ ਕੀਤੇ ਮਕਾਨਾਂ ਵਿੱਚੋਂ ਇੱਕ ਇਹਨਾਂ ਨੇ ਵੀ ਖ਼ਰੀਦ ਲਿਆ ਸੀ । ਮੇਰੀ ਉਤਸੁਕਤਾ ਵੇਖ਼ ਇਹਨਾਂ ਨੇ ਮੈਨੂੰ ਥੋੜਾ ਜਿਹਾ ਵਿਸਥਾਰ ਨਾਲ ਦਸਿਆ । ਤਾਹਿਉ ਇਹਨਾਂ ਦੀ ਗਲੀ ਦਾ ਨਾਮ ਹਿਜੜਿਆ ਵਾਲੀ ਗਲੀ ਪੈ ਗਿਆ ।
ਗਲੀ ਚੋਂ ਲੰਘਦਿਆ , ਅਕਸਰ ਭਾਗਰਿਥੀ ਆਪਣੇ ਗਰੁੱਪ ਨਾਲ ਗਲੀ ਦੇ ਕਿਸੀ ਕੋਨੇ ਤੇ ਹੀ ਮਿਲ ਜਾਂਦੀ ਸੀ ਉਹਂ ਮੇਰੇ ਨਾਲ ਬਹੁਤ ਹੀ ਮੋਹ ਕਰਨ ਲੱਗ ਗਈ ਸੀ , ਜਦੋਂ ਮਿਲਦੀ… ਉਹ …ਮੈਨੂੰ ਘੁੱਟ ਕੇ ਕਲਾਵੇ ‘ਚ ਲੈ ਲੈਂਦੀ … ਫ਼ਿਰ ਬੋਲਦੀ , ਨੀ ਵਹੁਟੀਏ ਤੂੰ ਤਾਂ ਨਿਰੀ ਪੁਰੀ ਲੋਗੜ ਏਂ !!ਪੱਕੀ ਪੀਡੀ ਹੋ ਜਾ ਤਾਹਿਉਂ ਮੁੰਡਾ ਜੰਮੇਂਗੀ । ਸ਼ਰਾਰਤ ਨਾਲ ਉਹ ਮੇਰੀਆਂ ਗੱਲਾਂ ਤੇ ਚੂੰਡੀ ਵੱਢਦੀ। ਢੋਲਕੀ ਦੀ ਥਾਪ ਅਤੇ ਥਿਰਕਦੇ ਪੈਰਾਂ ਦੀ ਘੂੰਘੁਰਿਆਂ ਦੀ ਅਵਾਜ਼ ਨਾਲ ਉਹ ਅਕਸਰ ਸਾਡੀ ਦੋਵਾਂ ਦੀ ਬਲਾਵਾਂ ਲੈਂਦੀ । ਮੈਨੂੰ ਵੀ ਭਾਗਰਿਥੀ ਚੰਗੀ ਲੱਗਣ ਲੱਗ ਗਈ । ਜਦੋਂ ਉਹ ਆਪਣੇ ਨਾਲ ਘੁੱਟਦੀ ਸੀ ਤਾਂ ਮੈਨੂੰ ਉਸਦੇ ਸੀਨੇ ਚੋਂ ਮਾਂ ਵਰਗੀ ਹੀ ਖ਼ੁਸ਼ਬੂ ਆਉਂਦੀ ਸੀ ।
ਸੱਚ ਦਸਾਂ!!ਮੈਨੂੰ ਕਿੰਨਰ ਤੋਂ ਬਹੁਤ ਡਰ ਲੱਗਦਾ ਸੀ ਜਦੋਂ ਵੀ ਕਦੀ ਕਿਸੀ ਸ਼ਾਦੀ ਵਿਆਹ, ਮੁੰਡਾ ਜੰਮਣ ਤੇ ਜਾਂ ਟਰੇਨ ਵਿੱਚ ਗਾਉਂਦਿਆ ਨੱਚਦਿਆਂ ਦੇਖ਼ਦੀ ਸਾਂ । ਉਹਨਾਂ ਦੀਆਂ ਹੋਛੀਆਂ ਹਰਕਤਾਂ ਬੁਰੀਆਂ ਲੱਗਦੀਆਂ ਸਨ ।ਪਰ ਭਾਗਰਿਥੀ ਦੇ ਪਿਆਰ ਅਤੇ ਮੋਹ ਕਾਰਣ ਅਕਸਰ ਉਹਨਾਂ ਬਾਰੇ ਸੋਚਦੀ ਰਹਿੰਦੀ ਸਾਂ । ਲੋਕ ਇਹਨਾਂ ਨੂੰ ਨਫ਼ਰਤ ਕਿਉਂ ਕਰਦੇ ਹਨ? ਸਰੀਰ ਦਾ ਵਿਕਲਾਂਗ ਹੋਣ’ਚ ਇਹਨਾਂ ਦਾ ਕਸੂਰ ਤਾਂ ਨਹੀਂ … ਕਿਉਂ ਇਹ ਲੋਕ ਪੇਟ ਦੀ ਖ਼ਾਤਿਰ ਰੋਜ਼ੀ ਰੋਟੀ ਦੇ ਲਈ ਦਰ ਦਰ ਭਟਕਦੇ ਹਨ , ਕਈਂ ਵਾਰੀ ਇਹਨਾਂ ਦੀਆਂ ਮੰਗਾਂ ਕਾਰਣ ਲੋਕੀਂ ਪਰੇਸ਼ਾਨ ਹੋ ਇਹਨਾਂ ਨੂੰ ਦੁਤਕਾਰਦੇ ਵੀ ਹਨ ।
ਪਸ਼ੂਆਂ ਨਾਲੋਂ ਵੀ ਬਦਤਰ ਇਹਨਾਂ ਦੇ ਨਾਲ ਸਲੂਕ ਹੁੰਦਾ ਹੈ। ਭਿਖ਼ਾਰੀ ਤੇ ਤਰਸ ਉਪਰ ਅਸੀਂ ਤਰਸ ਕਰਕੇ 10-20 ਰੁਪਏ ਭੀਖ਼ ਦੇ ਦਿੰਦੇ ਹਾਂ ਪਰ ਇਹਨਾਂ ਤੇ ਕੋਈ ਤਰਸ ਨਹੀਂ ਕਰਦਾ…. ਰੱਜੇ ਪੁਜੇ ਪੁਜਾਰੀਆਂ ਦਾ ਭੋਜ ਕਰਦੇ ਹਾਂ ਪਰ ਇਹਨਾਂ ਨੂੰ ਕਦੀ ਵੀ ਕਿਸੇ ਨੇ ਇੱਕ ਵਕਤ ਦਾ ਖਾਣਾ ਨਹੀਂ ਖਿਲਾਇਆ ।
ਕਦੀ ਕਿਸੇ ਨੇ ਇਹਨਾ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀਆਂ ਦੇ ਕਾਬਿਲ ਨਹੀਂ ਸਮਝਿਆ ਜਿਵੇਂ … ਮੌਲ, ਪਾਰਲਰ,ਹਸਪਤਾਲ ਅਤੇ ਸਿਨੇਮਾ ਹਾਲ ਆਦਿ ।ਹੋਰ ਤਾਂ ਕੀ ਇਹਨਾਂ ਲੋਕਾਂ ਨੂੰ ਧਾਰਮਿਕ ਸਥਾਨਾਂ ਤੇ ਜਾਣ ਦੀ ਵੀ ਇਜ਼ਾਜ਼ਤ ਨਹੀਂ । ਸਮਾਜ ਵਲੋਂ ਇਹ ਇੱਕ ਕੱਟੇ ਅੰਗ ਵਾਂਙੂੰ ਹਨ । ਹੋਰ ਤਾਂ ਹੋਰ ਇਹ ਤਾਂ ਆਪਣੇ ਮਾਂ ਬਾਪ ਵਲੋਂ ਵੀ ਨਕਾਰੇ ਜਾਂਦੇ ਹਨ ਤਾਂ ਸਰਕਾਰ ਨੂੰ ਕਿਵੇਂ ਹੋਸ਼ ਹੋਵੇਗੀ ਇਹਨਾਂ ਦਾ ਧਿਆਨ ਰੱਖਣ ਦੀ … ਇਥੋਂ ਤੱਕ ਕਿ ਇਹ ਬੀਮਾਰ ਹੋਣ ਤਾਂ ਕੋਈ ਡਾਕਟਰ ਵੀ ਇਹਨਾਂ ਕੋਲ ਨਹੀਂ ਬਹੁੜਦਾ ।ਰਾਜੇ ਮਹਾਰਾਜਿਆ ਦੇ ਸਮੇ ਇੰਨਾ ਦੀ ਕਿੰਨੀ ਪੁੱਛ ਹੁੰਦੀ ਸੀ , ਇਹ ਉਹਨਾਂ ਦੀ ਗੋਲੀ ਜਾਂ ਸਹੇਲੀ ਬਣ ਕੇ ਰਹਿੰਦੇ ਸਨ , ਕਈਂ ਵਾਰੀ ਸੂਹੀਆ ਦਾ ਵੀ ਕੰਮ ਕਰਦੇ ਸਨ ।
ਭਾਗਿਰਥੀ ਆਪਣੇ ਘਰ ਹੀ ਹਰ ਮੰਗਲਵਾਰ ਆਪਣੇ ਇਸ਼ਟ ਦੀ ਪੂਜਾ ਕਰਦੀ ਅਤੇ ਆਪਣੀ ਘਰ ਦੀ ਮੁਹਾਠ ਤੇ ਖੜੇ ਹੋ ਬੂੰਦੀ ਵਾਲੇ ਲਡੂਆਂ ਦਾ ਪੑਸ਼ਾਦਿ ਬੱਚਿਆਂ ‘ਚ ਵੰਡਦੀ ।
ਮੈਨੂੰ ਇਹਨਾਂ ਦਿਨਾਂ ‘ਚ ਇਹ ਲਡੂ ਬਹੁਤ ਸਵਾਦ ਲੱਗਦੇ ਸਨ ,ਅਤੇ ਇੱਕ ਮੰਗਲਵਾਰ ਮੈਂ ਲਡੂ ਖਾਣ ਦਾ ਲਾਲਚ ਨਾ ਤਿਆਗ ਸਕੀ … ਮੈਂ ਵੀ ਬੱਚਿਆਂ ਨਾਲ ਦੋਵੇਂ ਹੱਥ ਖੋਲ ਕੇ ਖੜੀ ਹੋ ਗਈ … ਪੑਸ਼ਾਦਿ ਵੰਡ ਕੇ ਉਹ ਮੈਨੂੰ ਅੰਦਰ ਲੈ ਗਈ । ਮੈਨੂੰ ਆਪਣੇ ਹੱਥੀਂ ਲਡੂ ਖਵਾਏ । ਫ਼ਿਰ ਮੇਰੀ ਝੋਲੀ ‘ਚ ਫ਼ਲ ਅਤੇ ਪਤਾਸੇ ਪਾਏ ਅਤੇ ਬੋਲੀ , ਦੁੱਧੀ ਨਾਵੇ ਪੁੱਤੀ ਫ਼ਲੇ”. …
ਮੈਨੂੰ ਦਾਦੀ ਦੀ ਗੱਲ ਯਾਦ ਆ ਗਈ …ਦਾਦੀ ਹਮੇਸ਼ਾ ਹਰ ਗਰਭਵਤੀ ਨੂੰ ਅਸੀਸ ਦਿੰਦੀ ਸੀ … ਪੁੱਤਰ!!ਰੱਬ ਤੈਨੂੰ ਪੁੱਤਰ ਦੇਵੇ ਜਾਂ ਧੀ ਦੇਵੇ … ਤੀਸਰੀ ਚੀਜ਼ ਨਾ ਦੇਵੇ …ਦਾਦੀ ਦੀ ਗੱਲ ਦੀ ਮੈਨੂੰ ਹੁਣ ਸਮਝ ਲੱਗੀ ਕਿ ਤੀਸਰੀ ਚੀਜ਼ ਦਾ ਇਸ਼ਾਰਾ ਉਹਨਾਂ ਦਾ ਕਿਸ ਤਰਫ਼ ਸੀ ।
ਭਾਗਿਰਥੀ ਨੇ ਮਿੱਠਾ ਸ਼ਰਬਤ ਲਿਆ ਮੇਰੇ ਹੱਥ ਫੜਾਇਆ , ਮੈਂ ਘੁੱਟ ਘੁੱਟ ਪੀਂਦੇ ਹੋਏ ਮੈਂ ਉਹਨਾਂ ਦੇ ਘਰ ਨੂੰ ਧਿਆਨ ਨਾਲ ਵੇਖਣ ਲੱਗੀ… ਨੀਚੇ ਚਾਰ ਕਮਰੇ ਸਨ … ਉਹਨਾਂ ਵਿੱਚ ਮੋਟਾ ਗੱਦੇਦਾਰ ਲਾਲ ਰੰਗ ਦੇ ਕਾਲੀਨ ਵਿੱਛੇ ਸਨ ਅਤੇ ਉਹਨਾ ਉਪਰ ਗੋਲ ਸਿਰਹਾਣੇ ਰੱਖੇ ਸਨ । ਘਰ ਵਿੱਚ ਸਹੂਲਤ ਦੀ ਹਰ ਚੀਜ਼ ਮੁਹੱਈਆ ਸੀ l ਮੇਰੇ ਪੁੱਛਣ ਤੇ ਅੰਮਾਂ ਨੇ ਦਸਿਆ ਕਿ ਉਹ ਪਰਿਵਾਰ ਦੇ ਬਾਰਾਂ ਮੈਂਬਰ ਹਨ .. ਰਲ ਮਿਲ ਕੇ ਬੈਠਦੇ , ਖਾਂਦੇ ਪੀਂਦੇ ਹਨ ਅਤੇ ਭਾਗਿਰਥੀ ਨੂੰ ਅੰਮਾਂ ਕਹਿ ਕੇ ਬੁਲਾਉਂਦੇ ਸਨ । ਘਰ ਦੇ ਇੱਕ ਕੋਨੇ ‘ਚ ਛੋਟਾ ਜਿਹਾ ਮੰਦਰ ਸੀ …ਜਿਸ ਵਿੱਚ ਰਾਮ ਸੀਤਾ, ਹੰਨੂਮਾਨ ਜੀ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ ।
ਉਸ ਮੰਦਰ ਨੂੰ ਦੇਖਦੇ ਹੋਏ ਮੇਰੇ ਜ਼ੇਹਨ ‘ਚ ਦਾਦੀ ਮਾਂ ਦੀ ਸੁਣਾਈ ਲੋਕ ਕਥਾ ਘੁੰਮਣ ਲੱਗ ਗਈ । ਦਾਦੀ ਦਸਦੇ ਸਨ ਕਿ ਰਾਮ, ਸੀਤਾ ਅਤੇ ਲਛਮਣ ਜੀ ਬਨਵਾਸ ਲਈ ਤੁਰੇ ਤਾਂ ਸਾਰੀ ਖ਼ਲਕਤ ਵਿਰਲਾਪ ਕਰਦੀ ਨਾਲ ਤੁਰ ਪਈ ।ਜਦੋਂ ਹਨੇਰਾ ਪੈ ਗਿਆ ਤਾਂ ਰਾਮ ਜੀ ਨੇ ਬੇਨਤੀ ਕਰਦੇ ਹੋਏ ਕਿਹਾ ਕਿ ਸਾਰੇ ਨਰ ਨਾਰੀ ਵਾਪਿਸ ਚਲੇ ਜਾਉ , ਜ਼ਾਰੋ ਜ਼ਾਰ ਰੋਂਦੀ ਖ਼ਲਕਤ ਵਾਪਿਸ ਚਲੀ ਗਈ ਪਰ ਇਹ ਤੀਸਰੇ ਭਾਵ ਜੋ ਨਾ ਨਰ ਸਨ ਨਾ ਨਾਰੀ ਸਨ ; ਆਗਿਆ ਨਾ ਮਿਲਣ ਕਾਰਨ ਉਹ ਵਾਪਿਸ ਨਾ ਗਏ , ਉਹ ਉੱਥੇ ਹੀ ਵੱਸ ਗਏ।
ਜਦੋਂ ਚੌਦਾਹ ਸਾਲ ਬਾਅਦ ਰਾਮ ਜੀ ਵਾਪਿਸ ਆਏ ਤਾਂ ਉਹਨਾਂ ਨੂੰ ਉੱਥੇ ਹੀ ਵੱਸਿਆ ਅਤੇ ਇੰਤਜ਼ਾਰ ਕਰਦਾ ਦੇਖ ਕੇ ਹੈਰਾਨ ਰਹਿ ਗਏ ।ਪੁੱਛਣ ਤੇ ਉਹਨਾ ਕਿਹਾ ਕਿ ਸਿਰਫ਼ ਤੁਸੀਂ ਨਰ ਨਾਰੀ ਨੂੰ ਜਾਣ ਲਈ ਕਿਹਾ ਸੀ, ਸਾਡੇ ਲਈ ਹੁਕਮ ਨਹੀਂ ਕੀਤਾ ਸੀ । ਇਸ ਤੇ ਰਾਮ ਜੀ ਦੀਆਂ ਅੱਖਾਂ ‘ਚ ਅਥਰੂ ਆ ਗਏ , ਉਹਨਾਂ ਨੇ ਵਰ ਦਿੱਤਾ , ਹਰ ਖੁਸ਼ੀ ਤੇ ਜੋ ਲੋਕ ਤੁਹਾਨੂੰ ਖ਼ੁਸ਼ ਰੱਖਣਗੇ ਉਹ ਮਨਚਿੰਦਿਆ ਫ਼ਲ ਪਾਉਣਗੇ ।”
ਇੰਨੇ ‘ਚ ਬੇਜੀ ਮੈਨੂੰ ਢੂੰਢਦੇ ਆ ਪਹੁੰਚੇ ਕਿਉਂਕਿ ਗਲੀ ਦੇ ਬੱਚਿਆਂ ਨੇ ਮੇਰਾ ਅੰਮਾ ਦੇ ਘਰ ਹੋਣਾ ਦਸ ਦਿੱਤਾ ਸੀ । ਅੰਮਾ ਨੇ ਮੇਰੇ ਦੁਪੱਟੇ ਦੀਆਂ ਚਾਰੋਂ ਚੂਕਾਂ ਵਿੱਚ ਡਰਾਈਫ਼ੂਰਟ ਬੰਨ ਮੈਨੂੰ ਤੋਰਿਆ ।…
ਅੰਮਾਂ ਦੇ ਘਰ ਤੋਂ ਵਾਪਿਸ ਆਉਂਦਿਆਂ ਬੇਜੀ ਨੇ ਘੁਰਕਦਿਆਂ ਕਿਹਾ ” ਨਾ ਧੀਏ !! ਵੱਤ ਇਹਨਾਂ ਲੋਕਾਂ ਦੇ ਘਰ ਜਾਣਾ ਲੋਕ ਖ਼ਰਾ ਨਹੀਂ ਸਮਝਦੇ ,ਮੁੜ ਕੇ ਨਾ ਜਾਵੇ ।ਘਰ ਆ ਕੇ ਉਹਨਾਂ ਨੇ ਚੁੰਨੀ ਦੀਆਂ ਬੰਨੀਆਂ ਚੂਕਾਂ ਤੋਂ ਡਰਾਈਫ਼ਰੂਟ ਖੋਲ ਕੇ ਇੱਕ ਪਾਸੇ ਰੱਖ ਦਿੱਤਾ , ਚੁੰਨੀ ਨੂੰ ਵੀ ਝੱਟਪੱਟ ਧੋ ਦਿੱਤਾ । ਮੈਨੂੰ ਮੂੰਹ ਹੱਥ ਧੋ ਕੇ ਕਪੜੇ ਬਦਲਣ ਦੀ ਤਾਕੀਦ ਕੀਤੀ ਜਿਵੇਂ ਮੈਂ ਭਿੱਟ ਗਈ ਹੋਵਾਂ । ਸ਼ੁਕਰ ਐ !!ਮੈਂ ਇਹ ਨਹੀਂ ਦੱਸਿਆ ਕਿ ਮੈਂ ਉਹਨਾਂ ਦੇ ਘਰ ਤੋਂ ਲੱਡੂ ਰੱਜ ਖਾ ਆਈ ਹਾਂ ਅਤੇ ਸ਼ਰਬਤ ਵੀ ਪੀ ਆਈ ਹਾਂ ।
ਬੇਜੀ ਦੇ ਰੋਕਣ ਤੇ ਵੀ ,ਅੰਮਾਂ ਭਗਿਰਥੀ ਲਈ ਮੇਰਾ ਮੋਹ ਘੱਟ ਨਾ ਹੋਇਆ …ਮੈਂ ਉਸਨੂੰ ਰੋਜ਼ ਖਿੜਕੀ ‘ਚ ਬੈਠਿਆਂ ਵੇਖ ਲੈਂਦੀ ਸਾਂ।ਫ਼ਿਰ ਮੇਰੇ ਲਈ ਇੱਕ ਖ਼ੁਸ਼ੀ ਦੀ ਗੱਲ ਹੋਈ ,ਉਹ ਇਹ ਕਿ ਮੇਰੀ ਸਰਕਾਰੀ ਨੌਕਰੀ ਲੱਗ ਗਈ । ਜੁਆਇੰਨ ਕਰਨ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਜਾਕੇ ਅੰਮਾਂ ਨਾਲ ਖ਼ੁਸ਼ੀ ਸਾਂਝੀ ਕੀਤੀ।ਕਾਜੂ ਬਰਫ਼ੀ ਨਾਲ ਸਭ ਦਾ ਮੂੰਹ ਮਿੱਠਾ ਕਰਵਾਇਆ । … ਅੰਮਾਂ ਖ਼ੁਸ਼ੀ ਨਾਲ ਆਪੇ ਤੋਂ ਬਾਹਰ ਹੋਈ । ਉਹ ਆਪਣੇ ਕਮਰੇ ‘ਚ ਗਈ ਅਤੇ ਹੱਥ ਵਿੱਚ ਉਨਾਬੀ ਰੰਗ ਦਾ ਕਸ਼ਮੀਰੀ ਕੁੜਤਾ ਲੈ ਕੇ ਬਾਹਰ ਆਈ… ਅਤੇ ਬੋਲੀ ,ਲੈ ਧੀਏ !!ਇਹ ਰੰਗ ਤੇਰੇ ਤੇ ਬਹੁਤ ਜਚੇਗਾ।
ਨੌਕਰੀ ਵਿੱਚ ਤਰੱਕੀਆਂ ਪਾਵੇ ਧੀਏ .. ਬੁੱਢ ਸੁਹਾਗਣ ਹੋਵੇਂ … ਸੋਨੇ ਦੇ ਛੱਤਰ ਝੁੱਲਣ…..ਉਸਨੇ ਅਸੀਸਾਂ ਦੀ ਬੁਛਾਰ ਲੱਗਾ ਦਿੱਤੀ । ਸਾਡੇ ਦੋਵਾਂ ਵਿੱਚ ਇੱਕ ਵਿਸਮਾਦੀ ਜਿਹੀ ਪਿਆਰ ਮੋਹ ਅਤੇ ਖਿੱਚ ਦੀ ਚਿਣਗ ਜਾਗ ਉੱਠੀ ਸੀ ।
ਆਫ਼ਿਸ ਜਾਣ ਕਰਕੇ ਮੈਂ ਵੀ ਵਿਅਸਤ ਰਹਿਣ ਲੱਗ ਗਈ ਸਾਂ , ਅੰਮਾਂ ਵੀ ਘੱਟ ਵੱਧ ਦਿਖਾਈ ਦਿੱਤੀ ਕਿਉਂਕਿ ਸਰਦੀ ਦੀ ਰੁੱਤ ਵਿੱਚ ਵਿਆਹ ਸ਼ਾਦੀਆਂ ਦੇ ਦਿਨ ਹੋਣ ਕਾਰਣ ਸ਼ਾਇਦ ਉਹ ਵੀ ਵਿਅਸਤ ਸਨ ।
ਫ਼ਿਰ ਅੰਮਾਂ ਦੀਆਂ ਅਸੀਸਾਂ ਰੰਗ ਲਿਆਈਆਂ …ਸਾਡੇ ਘਰ ਚੰਨ ਵਰਗੇ ਪੁੱਤਰ ਨੇ ਜਨਮ ਲਿਆ ।ਚਾਰ ਪੰਜ ਦਿਨਾਂ ਬਾਅਦ ਜਦੋਂ ਮੈਂ ਹਸਪਤਾਲ ਤੋਂ ਵਾਪਿਸ ਆਈ ਤਾਂ ਅੰਮਾਂ ਨੂੰ ਪਤਾ ਲੱਗਣ ਦੀ ਦੇਰ ਸੀ ਕਿ ਸਾਡਾ ਵਿਹੜਾ ਢੋਲਕ ਅਤੇ ਘੁੰਗਰੂਆਂ ਨਾਲ ਗੂੰਜਣ ਲੱਗ ਗਿਆ। ਉਸ ਬੱਚੇ ਨੂੰ ਝੋਲੀ ਪਾ ਲਿਆ ਅਤੇ ਉਹ ਬੌਬੀ ਅਤੇ ਨੂਰੀ ਨਾਲ ਉੱਚੀ ਹੇਕ ‘ਚ ਗਾਣਾ ਗਾਉਣ ਲੱਗੀ …
“ਤੁਝੇ ਸੂਰਜ ਕਹੂੰ ਯਾ ਚੰਦਾ,
ਤੁਝੇ ਦੀਪ ਕਹੂੰ ਯਾ ਤਾਰਾ,
ਮੇਰਾ ਨਾਮ ਕਰੇਗਾ ਰੋਸ਼ਨ,
ਜਗ ਮੇਂ ਮੇਰਾ ਰਾਜ ਦੁਲਾਰਾ ।।
ਉਹਨਾਂ ਤਿੰਨਾਂ ਨੇ ਨੱਚ ਨੱਚ ਮਾਨੋ ਵਿਹੜਾ ਹਿਲਾ ਦਿੱਤਾ । ਫ਼ਿਰ ਅੰਮਾਂ ਨੇ ਪਾਣੀ ਦਾ ਗਿਲਾਸ ਮੰਗਵਾਇਆ ਅਤੇ ਤਿੰਨੋ ਕਾਕੇ ਦੀ ਪੋਪੀ ਤੇ ਬਾਰ ਬਾਰ ਪਾਣੀ ਪਾ ਸ਼ਰਾਰਤ ਕਰਨ …ਆਖਿਰ .. ..ਕਾਕੇ ਨੂੰ ਪਿਸ਼ਾਬ ਦੀ ਲੰਬੀ ਧਾਰ ਮਾਰਦਾ ਦੇਖ਼ ਵਿਹੜੇ’ਚ ਹਾਸੜ ਪੈ ਗਿਆ … ਅੰਮਾਂ ਬੋਲੀ , .. ਅਰੇ ਵਾਹ ਇਹ ਤਾਂ ਘੋੜੇ ਵਰਗਾ ਮਰਦ ਏ…!!
ਉਸਨੇ ਮੇਰੀ ਝੋਲੀ ‘ਚ ਸ਼ਗਨ ਪਾਇਆ ਅਤੇ ਕਾਕੇ ਲਈ ਵੀ ਪੰਜ ਸਰਦੀਆਂ ਦੇ ਸੂਟ ਦਿੱਤੇ । ਬੇਜੀ ਨੇ ਵੀ ਚਾਵਲ, ਗੁੜ , ਕਪੜੇ 500/ਰੁਪਏ ਸ਼ਗਨ ਦੇ ਪਾਏ । ਅੰਮਾ ਵਾਰ ਵਾਰ ਕਾਕੇ ਨੂੰ ਚੁੰਮ ਰਹੀ ਸੀ ਜਿਵੇਂ ਉਸਦਾ ਹੀ ਨਾਤੀ ਹੋਵੇ …
ਰੋਜ਼ ਕਾਕੇ ਨੂੰ ਮਿਲ ਕੇ ਜਾਣਾ ਅੰਮਾਂ ਦਾ ਨੇਮ ਹੀ ਬਣ ਗਿਆ ਸੀ । ਹੁਣ ਬੇਜੀ ਦੀ ਵੀ ਅੰਮਾਂ ਪੑਤੀ ਕੁੜੱਤਣ ਵੀ ਘੱਟ ਗਈ ਸੀ । ਉਹਨਾਂ ਨੂੰ ਲੱਗਦਾ ਸੀ ਘਰ ‘ਚ ਖ਼ੁਸ਼ੀਆ ਭਾਗਿਰਥੀ ਦੀਆਂ ਅਸੀਸਾਂ ਕਾਰਣ ਆਈਆਂ ਨੇ ।
ਇੱਕ ਰਾਤ ਬਹੁਤ ਤੇਜ਼ ਦੀ ਬਾਰਿਸ਼ ਹੋ ਰਹੀ ਸੀ …. ਵਾਰ ਵਾਰ ਬਿਜਲੀ ਕੜਕਦੀ ਦੇਖ ਬੀਜੀ ਮੈਨੂੰ ਘੜੀ ਮੁੜੀ ਅਵਾਜ਼ ਦਿੰਦੇ , ਧੀਏ… ਪੁੱਤਰ !! ਨੱਢੇ ਨੂੰ ਛਾਤੀ ਨਾਲ ਲਾ ਲੈਸ … ਸ਼ੌਦਾ ਡਰ ਜਾਸੀ …..
.ਅੱਧੀ ਰਾਤ ਡੋਰ ਬੈਲ ਵੱਜੀ ਤਾਂ ਬੇਜੀ ਵਾਗੁਰੂ ਵਾਗੁਰੂ ਸੁੱਖ ਰਖੇਂ !! ਇਸ ਵੱਸਦੇ ਮੀਂਹ ‘ਚ ਕੌਣ ਏ …. ਕੌਣ ਏ ?ਕਰਦੇ ਬੋਲਣ ਲੱਗੇ ਅਤੇ ਦਰਵਾਜ਼ੇ ਵਲ ਵੱਧੇ । ਬਾਹਰ ਤੋਂ ਅਵਾਜ਼ ਸੁਣਨ ਤੋਂ ਪਹਿਲਾਂ ਹੀ ਦਰਵਾਜ਼ਾ ਖੋਲ ਦਿੱਤਾ ।
ਹਾਏ !ਭਾਗਿਰਥੀ ਤੂੰ … ਇਸ ਵਕਤ … ਖ਼ੈਰ ਤਾਂ ਹੈ …
ਅਸੀਂ ਦੋਵੇਂ ਉੱਠ ਕੇ ਦਰਵਾਜ਼ੇ ਵਲ ਆਏ …ਤਾਂ ਵੇਖਿਆ ਭਾਗਿਰਥੀ ਦੇ ਗਰੁਪ ਨਾਲ ਇੱਕ ਸੋਹਣੀ 21-22 ਸਾਲ ਦੀ ਜਵਾਨ ਲੜਕੀ ਸੀ .. ਸਿਰ ਤੋਂ ਲੈਕੇ ਪੈਰਾਂ ਤੱਕ ਬਾਰਿਸ਼ ਨਾਲ ਨੁੱਚੜੀ ਹੋਈ ਸੀ .. ਫ਼ੱਟੀ ਲਗਾਰਾ ਚੁੰਨੀ ਨਾਲ ਆਪਣੇ ਸਰੀਰ ਨੂੰ ਕੱਜ ਰਹੀ ਸੀ … . ਮੇਰੇ ਮੂੰਹ ਚੋਂ ਅਬੜਵਾਹੇ ਪੁੱਛਿਆ .. “ਅੰਮੀ ਇਹ ਕੌਣ ਏ ?ਤੇ ਤੁਸੀਂ ਇਸ ਵਕਤ ਵੱਸਦੇ ਮੀਂਹ ‘ਚ ਕਿੱਥੋਂ ਆ ਰਹੇ ਹੋ???
ਇਹ ਰਾਣੀ ਏ… . ਰਾਣੀ … ਕਿੰਨੀ ਸੋਹਣੀ ਕਿੰਨੀ ਮਸੂਮ!! ਨਾਮ ਦੀ ਰਾਣੀ ਪਰ ਲੱਗਦਾ ਸੀ ਉਸਦੀ ਕਿਸਮਤ ਲੀਰੋ ਲੀਰ ਸੀ।
ਸਾਰੇ ਡਿਊਡੀ ਵਿੱਚ ਵਿੱਛੇ ਤਖ਼ਤਪੋਸ਼ ਉਪਰ ਬੈਠ ਗਏ ।ਅੰਮਾਂ ਨੇ ਰਾਣੀ ਦੇ ਬਾਬਤ ਦੱਸਣਾ ਸ਼ੁਰੂ ਕੀਤਾ ..ਧੀਏ !!ਅਸੀਂ ਤਾਂ ਲਾਗਲੇ ਪਿੰਡ ‘ਚ ਤਿੰਨ ਚਾਰ ਮੁੰਡੇ ਹੋਣ ਤੇ ਅਤੇ ਦੋ ਕੁ ਨਵੇਂ ਵਿਆਹੇ ਘਰਾਂ ‘ਚ ਵਧਾਈ ਦੇਣ ਗਏ ਸਾਂ …ਇਸ ਲਈ ਰਾਤ ਪੈ ਗਈ , ਫ਼ੇਰ ਉਪਰੋਂ ਬਾਰਿਸ਼ ਪੈ ਗਈ .
ਸੜਕ ਕਿਨਾਰੇ ਖੜੇ ਬੱਸ ਟਾਂਗੇ ਦਾ ਇੰਤਜ਼ਾਰ ਕਰ ਰਹੇ ਸਾਂ ਕਿ ਰਾਣੀ ਫ਼ਟੇ ਕਪੜਿਆਂ ਨਾਲ ਵੱਸਦੇ ਮੀਂਹ ‘ਚ ਸੜਕ ਦੌੜਦੀ ਹੋਈ ਸਾਡੇ ਨਾਲ ਆ ਰਲੀ।ਹੱਥ ਜੋੜ ਕੇ ਕਹਿਣ ਲੱਗੀ ,” ਮੈਨੂੰ ਬਚਾਅ ਲਉ …ਉਸ ਰੋਂਦੇ ਹੋਏ ਦੱਸਿਆ ਕਿ ਮੇਰਾ ਕੋਈ ਨਹੀਂ ਹੈ …ਚਾਰ ਦਿਨ ਹੋਏ ਮੇਰਾ ਦਾਦਾ ਗੁਜ਼ਰ ਗਿਆ …ਹੈ .. ਪਿੰਡ ਦਾ ਸਰਪੰਚ ਹਮਦਰਦੀ ਦਿਖਾਉਣ ਦੇ ਬਹਾਨੇ ਘਰ ਮੇਰੇ ਕੋਲ ਆਇਆ..ਅਤੇ ਮੇਰੀ ਇਜ਼ਤ ਲੁੱਟਣ ਦੀ ਕੀਸ਼ਿਸ਼ ਕੀਤੀ , ਮੈਂ ਕਿਸੀ ਨਾ ਕਿਸੀ ਤਰਹਾਂ ਉਸਦੇ ਚੰਗੁਲ ਚੋਂ ਬੱਚ ਨਿਕਲੀ … ਰੱਬ ਦਾ ਵਾਸਤਾ ਨੇ ਮੈਨੂੰ ਆਪਣੇ ਕੋਲ ਰੱਖ ਲਉ !!”.
ਪਿਛੋਂ ਆਉਂਦਾ ਇੱਕ ਟਰੱਕ ਵਾਲੇ ਤੋਂ ਲਿਫ਼ਟ ਮੰਗਣ ਤੇ ਸਾਨੂੰ ਸਾਰਿਆਂ ਨੂੰ ਇੱਥੇ ਪਹੁੰਚਾ ਗਿਆ …”ਖ਼ੈਰ ਅਸੀਂ ਇਸ ਨੂੰ ਨਾਲ ਲੈ ਤਾਂ ਆਏ ਹਾਂ .. ਸੋਚਦੀ ਹਾਂ ਕਿ ਮਹੱਲੇ ਦੇ ਚਾਰ ਪੰਜ ਪੱਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਥਾਣੇ ਖ਼ਬਰ ਕਰ ਆਈਏ ਤਾਂ ਜੁ ਇਸਨੂੰ ਕਿਸੇ ਆਸਰਾ ਘਰ ਭੇਜ ਸਕੀਏ ” ਅੰਮਾਂ ਬੋਲੀ ।
ਰਾਣੀ ਚੀਕਾਂ ਮਾਰਕੇ ਰੋਣ ਲੱਗ ਗਈ … ਨਾ ਮਾਂ ! ਮੈਂ ਕਿਧਰੇ ਨਹੀਂ ਜਾਣਾ …ਉਸਨੇ ਮਜ਼ਬੂਤੀ ਨਾਲ ਅੰਮਾਂ ਦੇ ਪੈਰ ਪਕੜ ਲਏ .. ਉਸਦੇ ਵਿਰਲਾਪ ਨੂੰ ਦੇਖ ਸਾਰੇ ਹੀ ਰੋ ਪਏ । ਮੈਂ ਉਸਨੂੰ ਮੋਢਿਆਂ ਤੋਂ ਪਕੜ ਕੇ ਉਠਾਇਆ .. ਮੈਨੂੰ ਮਹਿਸੂਸ ਹੋਇਆ ਕਿ ਉਸ ਦੇ ਚੁੰਨੀ ਦੇ ਹੇਠਾਂ ਕਮੀਜ਼ ਨਹੀਂ ਹੈ । ਮੈਂ ਰੋਂਦੀ ਕੁਰਲਾਂਦੀ ਨੂੰ ਆਪਣੇ ਕਮਰੇ ‘ਚ ਲੈ ਗਈ ।ਉਹ ਹੱਥ ਜੋੜ ਰਹੀ ਸੀ …. ਭੈਣ ਬਣ ਕੇ ਮੈਨੂੰ ਕਿਧਰੇ ਨਾ ਭੇਜੀ … ਮੈਂ ਉਸਨੂੰ ਗਲ ਨਾਲ ਲਾਇਆ … ਭੈਣ ਬਣਾਇਆ ਈ ਨੀ ਰਾਣੀਏ … ਫ਼ਿਰ ਮੇਰੇ ਤੇ ਭਰੋਸਾ ਰੱਖ … ਕਿਧਰੇ ਨਹੀ ਤੈਨੂੰ ਭੇਜਦੇ । ਮੈਂ ਉਸਨੂੰ ਕਪੜੇ ਬਦਲਣ ਦਿੱਤੇ ਅਤੇ ਸਾਰਿਆਂ ਲਈ ਚਾਹ ਬਣਾਉਣ ਲਈ ਰਸੋਈ ਵਲ ਗਈ .. ਫ਼ਿਰ ਚਾਹ ਬਿਸਕੁਟ ਨਾਲ ਚਾਹ ਸਾਰਿਆਂ ਨੂੰ ਸਰਵ ਕੀਤੀ । ਰਾਣੀ ਆਪਣੇ ਕਪੜੇ ਬਦਲ ਕੇ ਬਾਹਰ ਆ ਗਈ ਸੀ ।
ਚਾਹ ਪੀਂਦਿਆਂ ਬੇਜੀ ਬੋਲੇ … ਭੱਲਾ ਹੋਵੇ ਤੇਰਾ ਭਾਗਿਰਥੀਏ ..ਤੇਰੀ ਜਨਨੀ ਧੰਨ ਹੈ , ਜਿਸਨੇ ਤਨੂੰ ਜੰਮਿਆ … !!
ਲੋਕਾਂ ਨੇ ਤਨੂੰ ਦੁਤਕਾਰਿਆ .. ਪਰ ਤੂੰ ਤਾਂ ਨਿਥਾਵਿਆਂ ਨਿਆਸਰਿਆਂ ਦੀ ਮਾਂ ਬਣ ਗਈ ਏਂ । ਸਵੇਰੇ ਮੈਂ ਵੀ ਤੇਰੇ ਨਾਲ ਥਾਣੇ ਜਾਸਾਂ … ਭੱਲਾ ਲੋਕੀਏ!! ਤੂੰ ਫ਼ਿਕਰ ਨਾ ਕਰ … ਫ਼ਿਰ ਉਹ ਰਾਣੀ ਨੂੰ ਨਾਲ ਲੈ ਕੇ ਚਲੇ ਗਏ ਕਿਉਂਕਿ ਉਹ ਆਪਣੇ ਆਪ ਨੂੰ ਉਹਨਾਂ ਕੋਲ ਮਹਿਫ਼ੂਜ਼ ਸਮਝਦੀ ਸੀ ।
ਸਵੇਰੇ ਗੁਰਦੁਆਰੇ ਅਤੇ ਸੁਧਾਰ ਕਮੇਟੀ ਦੇ ਪੑਧਾਨ ਅਤੇ ਦੋ ਚਾਰ ਹੋਰ ਬੰਦੇ ਭਾਗਿਰਥੀ ਅਤੇ ਰਾਣੀ ਨਾਲ ਥਾਣੇ ਗਏ । ਰਾਣੀ ਨੇ ਉੱਥੇ ਆਪਣਾ ਬਿਆਨ ਦਰਜ ਕਰਵਾਇਆ ਕਿ ਮੈਂ ਬਾਲਿਗ ਹਾਂ । ਬਿਨਾਂ ਕਿਸੀ ਦਬਾਵ ਦੇ ਆਪਣੇ ਹੋਸ਼ੋ ਹਵਾਸ਼ ‘ਚ ਅੰਮਾਂ ਭਾਗਿਰਥੀ ਨਾਲ ਰਹਿਣਾ ਚਾਹੁੰਦੀ ਹਾਂ ਕਿਉਂਕਿ ਇਸਤੋਂ ਜ਼ਿਆਦਾ ਮੈਨੂੰ ਹੋਰ ਕੋਈ ਮਹਿਫ਼ੂਜ਼ ਜਗਾਹ ਨਹੀਂ ਲੱਗਦੀ ।
ਰਾਣੀ …ਭਾਗਰਿਥੀ ਕੋਲ ਰਹਿ ਕੇ ਖੁਸ਼ ਸੀ , ਉਹ ਪੑਾਈਵੇਟ ਬੀ ਏ ਫ਼ਾਈਨਲ ਕਰ ਰਹੀ ਸੀ । ਅੰਮਾਂ ਨੇ ਉਸਦੀ ਫ਼ੀਸ ਭਰ ਦਿੱਤੀ । ਕਦੀਂ ਕਦਾਈ ਹਿਸਟਰੀ ਜਾਂ ਪੋਲਿਟੀਕਲ ਦਾ ਕੋਈ ਮੁਸ਼ਕਿਲ ਪੑਸ਼ਨ ਪੁੱਛਣ ਸਮਝਣ ਲਈ ਆ ਜਾਂਦੀ ਅਤੇ ਕਿੰਨੀ ਦੇਰ ਗਗਨ ਨੂੰ ਵੀ ਖਿਡਾਉਂਦੀ । ਸ਼ਾਮ ਨੂੰ ਹਰ ਰੋਜ਼ ਮੇਰੇ ਨਾਲ ਮੁਹੱਲੇ ਦੇ ਗੁਰਦੁਆਰੇ ਵੀ ਚਲੀ ਜਾਂਦੀ , ਉੱਥੇ ਉਹ ਝਾੜੂ ਲਗਾਉਣ ਦੀ ਸੇਵਾ ਕਰਦੀ ਬਾਕੀ ਕੁੜੀਆਂ ਨਾਲ ਕੀਰਤਨ ਕਰਨਾ ਵੀ ਸਿੱਖਦੀ ਸੀ ।
ਭਾਗਿਰਥੀ ਹੁਣ ਘਰ ਹੀ ਰਹਿੰਦੀ ਸੀ , ਕੁੱਝ ਰਾਣੀ ਕਰਕੇ ਵੀ ਦੂਸਰਾ ਉਸਨੂੰ ਸ਼ੁਗਰ ਅਤੇ ਬਲੱਡ ਪਰੈਸ਼ਰ ਰਹਿਣ ਲੱਗ ਗਿਆ ਸੀ ।ਬੇਜੀ ਦੇ ਕਹਿਣ ਤੇ ਮੁਹੱਲੇ ਦਾ ਕੈਮਿਸਟ ਜਸਮੀਤ ਅਕਸਰ ਅੰਮਾਂ ਨੂੰ ਚੈਕ ਕਰਕੇ ਜਾਂਦਾ ।ਬੜਾ ਹੀ ਸਾਊ ਮੁੰਡਾ ਸੀ, ਘਰ ਵਿੱਚ ਬੱਸ ਉਹ ਤੇ ਉਸਦੀ ਬੁੱਢੀ ਮਾਂ ਸੀ। ਰਾਣੀ ਅਤੇ ਜਸਮੀਤ ਦੀਆਂ ਅੱਖਾਂ ਇੱਕ ਦੂਸਰੇ ਨੂੰ ਕਹਿੰਦੀਆਂ ਸੁਣਦੀਆਂ ਲੱਗਦੀਆਂ ਆਖਿਰ ਉਸਦੀ ਮਾਂ ਇੱਕ ਦਿਨ ਭਗਿਰਥੀ ਕੋਲ ਆਈ … ਤੇ ਬੋਲੀ … ਹੱਲਾ ਭੈਣੇ !! ਤੂੰ ਇਸ ਤਰਹਾਂ ਕਰੇਂ ਰਾਣੀ ਨੂੰ ਮੇਰੀ ਝੋਲੀ ‘ਚ ਪਾ ਦੇਵੇਂ , ਭੱਲਾ ਹੋਸੀਆ … ਤੇਰੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰੀ ਹੋਸੀ।। ਅੰਮਾਂ ਨੇ ਰਾਣੀ,ਬੇਜੀੰ ਅਤੇ ਮਹੱਲੇ ਵਾਲਿਆਂ ਨਾਲ ਸਲਾਹ ਕੀਤੀ ਅਤੇ ਫ਼ਿਰ ਰਿਸ਼ਤਾ ਤਹਿ ਕਰ ਦਿੱਤਾ । ਗੁਰੂਦੁਆਰੇ ਵਿੱਚ ਹੀ ਲਾਵਾਂ ਕਰਵਾ ਕੇ ਅੰਮਾਂ ਨੇ ਉੱਥੇ ਹੀ ਵੱਡੇ ਭੋਜ ਦਾ ਪੑਬੰਧ ਕੀਤਾ ।ਮਹੁੱਲੇ ਵਾਲੇ ਹੀ ਦੋਵੇਂ ਜਾਂਝੀ ਮਾਂਝੀ ਬਣੇ ਸਨ । ਜਸਮੀਤ ਦੇ ਘਰ ‘ਚ ਕਿਸੀ ਚੀਜ਼ ਦੀ ਕਮੀ ਨਹੀਂ ਸੀ ਪਰ ਅੰਮਾ ਨੇ ਤਾਂ ਸਾਰੀਆਂ ਕੀਮਤੀ ਚੀਜ਼ਾਂ ਜੁਟਾ , ਭਰੇ ਘਰ ਨੂੰ ਹੋਰ ਭਰ ਦਿੱਤੇ । ਮੁਹੱਲੇ ਵਾਲਿਆਂ ਨੇ ਵੀ ਰਾਣੀ ਨੂੰ ਕੀਮਤੀ ਤੋਹਫ਼ੇ ਦਿੱਤੇ । ਜਸਮੀਤ ਨੇ ਸ਼ਹਿਰੋਂ ਬਾਹਰ ਆਪਣੀ ਬਣਦੀ ਕੋਠੀ ‘ਚ ਸਮਾਨ ਸਜਾ ਲਿਆ ਅਤੇ ਰਾਣੀ ਦੀ ਡੋਲੀ ਵੀ ਉਸ ਕੋਠੀ ‘ਚ ਲੈ ਗਿਆ । ਨਵੀ ਕੋਠੀ ਦਾ ਗੑਹਿ ਪੑਵੇਸ਼ ਰਾਣੀ ਦੇ ਪਹਿਲੇ ਕਦਮ ਨਾਲ ਕੀਤਾ ।
ਰਾਣੀ ਦੀ ਡੋਲੀਂ ਤੋਰਨ ਵਕਤ ਅੰਮਾਂ ਇਸ ਤਰਹਾਂ ਰੋਈ ਕਿ ਜਿਵੇਂ ਆਪਣੇ ਢਿਡੋਂ ਜਾਈ ਬੱਚੀ ਲਈ ਕੋਈ ਰੋਂਦਾ ਕੁਰਲਾਂਦਾ ਹੈ ।
ਅੰਮਾਂ ਹੁਣ ਉਦਾਸ ਅਤੇ ਅਸਵੱਸਥ ਰਹਿਣ ਲੱਗੀ ਸੀ ।
ਅੰਮਾਂ ਨੂੰ ਅਕਸਰ ਉਦਾਸ ਦੇਖ਼ ਉਹਨਾਂ ਦਾ ਮਨ ਵਰਚਾਉਣ ਲਈ ਮੈਂ ਗਗਨ ਨੂੰ ਜ਼ਿਆਦਾ ਸਮੇਂ ਲਈ ਉਹਨਾਂ ਕੋਲ ਛੱਡ ਜਾਂਦੀ ਸਾਂ ।ਦੂਜਾ ਕਾਰਣ ਇਹ ਵੀ ਸੀ ਕਿ ਮੇਰੀ ਨਨਾਣ ਦੀ ਡਿਲਵਰੀ ਵੀ ਨਜ਼ਦੀਕ ਸੀ ਉਹਨਾਂ ਕੋਲ ਪਹਿਲਾਂ ਵੀ ਦੋ ਬੇਟੀਆਂ ਸਨ ਅਤੇ ਹੁਣ ਉਮੀਦ ‘ਚ ਸੀ ।ਇਸ ਲਈ ਬੇਜੀ ਨੂੰ ਅਕਸਰ ਉਹਨਾਂ ਦੀ ਖ਼ਬਰਸਾਰ ਲੈਣ ਜਾਣਾ ਪੈਂਦਾ । ਇਸ ਤੋ ਇਲਾਵਾ ਪਿੰਡ ਵਿੱਚ ਮੇਰੀ ਇਲੈਕਸ਼ਨ ਡਿਉਟੀ ਲੱਗਣ ਕਾਰਨ ਮੈਨੂੰ … ਗਗਨ ਨੂੰ ਉਹਨਾਂ ਕੋਲ ਰਾਤ ਵੀ ਛੱਡਣਾ ਪਇਆ …ਉਹ ਉਹਨਾਂ ਨਾਲ ਹਿਲ ਮਿਲ ਗਿਆ ਕਿ ਉਹਨਾਂ ਦਾ ਜ਼ਰਾ ਵੀ ਵਿਸਾਹ ਨਹੀਂ ਖਾਂਦਾ ਸੀ ।ਹਰ ਵਕਤ ਅੰਮਾਂ ਦਾ ਖ਼ਹਿੜਾ ਕਰਦਾ ਸੀ ।
ਸਮਾਂ ਬੀਤਦਿਆਂ ਪਤਾ ਨਹੀਂ ਚਲਦਾ । ਗਗਨ ਹੁਣ ਪੰਜ ਸਾਲ ਦਾ ਹੋ ਗਿਆ ਸੀ ਅਤੇ ਸਕੂਲ ਵੀ ਜਾਣ ਲੱਗ ਗਿਆ ਸੀ ਪਰ ਸਕੂਲ ਤੋਂ ਵਾਪਿਸ ਆਉਂਦਿਆਂ ਸਕੂਲ ਦਾ ਬੈਗ ਘਰ ਰੱਖ ਉਹ ਅੰਮਾਂ ਨੂੰ ਮਿਲਣ ਚਲਾ ਜਾਂਦਾ ।ਉਹ ਅੰਮਾਂ ਨੂੰ ਬੇਜੀ ਵਾਂਙ ਆਜੀ ਹੀ ਕਹਿ ਕੇ ਬੁਲਾਉਂਦਾ ਸੀ।
ਗਗਨ ਦੇ ਦੇਖ਼ਾ ਦੇਖੀ ਮੁਹੱਲੇ ਦੇ ਹੋਰ ਬੱਚੇ ਵੀ ਸ਼ਾਮ ਨੂੰ ਅੰਮਾਂ ਦੇ ਵਿਹੜੇ ਹੀ ਖ਼ੇਡਦੇ ਸਨ, ਅੰਮਾਂ ਵੀ ਬੱਚਿਆਂ ਨਾਲ ਬੱਚਾ ਬਣ ਕੑਿਕਟ , ਲੁੱਕਣ ਮਿੱਟੀ , ਕੋਟਲਾ ਛਪਾਕੀ ਖ਼ੇਡਾਂ ਖੇਡਦੀ ਸੀ। ਅੰਮਾਂ ਕੋਲ ਬੱਚੇ ਇੰਨੇ ਖ਼ੁਸ਼ ਰਹਿੰਦੇ ਕਿ ਹਨੇਰਾ ਪੈਣ ਤੱਕ ਬੱਚੇ ਵਾਪਿਸ ਘਰਾਂ ਨੂੰ ਨਾ ਪਰਤਦੇ!!ਕਿਉਂਕਿ ਉਹ ਉਹਨਾਂ ਨੂੰ ਖੁਆਂਦੀ ਪਿਲਾਂਦੀ ਮੁੱਕਦੀ ਗੱਲ ਕਿ ਬੱਚੇ ਅੰਮਾਂ ਦੀ ਜਾਨ ਸਨ ।
ਇੱਕ ਐਤਵਾਰ ਸਵੇਰੇ ਹੀ ਬੱਚਿਆਂ ਨੇ ਅੰਮਾਂ ਦੇ ਵਿਹੜੇ ਰੌਣਕ ਲਾਈ ਹੋਈ ਸੀ ਉੱਥੇ ਹੀ ਸਾਰੇ ਨਹਾ ਰਹੇ ਸਨ। ਅੰਮਾਂ ਨੇ ਪੂਰੀ ਕੜਾਹ ਦਾ ਬੱਚਿਆਂ ਨੂੰ ਨਾਸ਼ਤਾ ਕਰਵਾਇਆ , ਬੱਚੇ ਖ਼ੂਬ ਮੌਜ ਮਸਤੀ ਕਰ ਰਹੇ ਸਨ । ਅਚਾਨਕ ਬੱਚਿਆਂ ਨਾਲ ਖ਼ੇਡਦਿਆਂ ਅੰਮਾਂ ਗਿਰ ਗਈ । ਇਹ ਦੇਖ਼ ਬੱਚਿਆਂ ਵਿੱਚ ਕੋਹਰਾਮ ਮੱਚ ਗਿਆ । ਗਗਨ ਘਰ ਦੌੜਦਾ ਦੌੜਦਾ ਆਇਆ ਸਾਹੋ ਸਾਹੀ ਆਇਆ ਅਤੇ ਰੋਂਦਿਆ ਬੋਲਿਆ, ਮਾਮਾ!! ਆਜੀ ਗਿਰ ਗਏ … ਆ ਜੀ ..ਗਿਰ ਗਏ ।. ਅਤੇ ਅਸੀਂ ਤਿੰਨੋਂ ਭਾਗਿਰਥੀ ਦੇ ਘਰ ਵਲ ਦੌੜੇ ਅਤੇ ਦੇਖਿਆ ਅੰਮਾਂ ਦੇ ਨੱਕ ਵਿੱਚੋਂ ਖ਼ੂਨ ਨਿਕਲ ਰਿਹਾ ਸੀ ਮੈਂ ਅੰਮਾਂ ਦੇ ਸਰੀਰ ਨੂੰ ਛੂਹਿਆ ਤਾਂ ਉਹ ਠੰਡਾ ਬਰਫ਼ ਹੋਇਆ ਪਿਆ ਸੀ । ਇਹ ਡਾਕਟਰ ਨੂੰ ਲੈਣ ਲਈ ਦੌੜੇ । ਅੰਮਾਂ ਦੇ ਪੈਰ ਸਾਰੇ ਝੱਸਣ ਲੱਗ ਪਏ ।ਪਰ ਉਸਦਾ ਸਾਰਾ ਸਰੀਰ ਜਿਵੇਂ ਨਿਰਜੀਵ ਹੋਇਆ ਪਿਆ ਸੀ …ਛੁੱਟੀ ਕਾਰਣ ਪਤਾ ਲੱਗਣ ਤੇ ਸਾਰੇ ਮਰਦ ਤੀਵੀਆਂ ਇੱਕਠੇ ਹੋ ਗਏ । ਬੇਜੀ ਨੇ ਅੰਮਾਂ ਦੇ ਕੋਲ ਬੈਠ ਕੇ ਸੁਖ਼ਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ । ਮਾੜਾ ਮੋਟਾ ਸਾਹ ਚਲ ਰਿਹਾ ਸੀ ,ਪਰ ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਅੰਮਾਂ ਦੇ ਸਵਾਸ ਪੂਰੇ ਹੋ ਗਏ … ਡਾਕਟਰ ਨੇ ਚੈਕ ਕਰਕੇ ਨਾਂਹ ਵਿੱਚ ਸਿਰ ਹਿਲਾਇਆ ।ਇਸ ਤੇ ਸਾਰਿਆਂ ਦੀਆਂ ਅੱਖਾਂ ਵਹਿ ਤੁਰੀਆਂ ।ਬੇਜੀ ਪਾਠ ਕਰਦੇ ਰੋਣ ਲੱਗ ਗਏ .. ਉਹਨਾਂ ਨੇ ਇਸ਼ਾਰੇ ਨਾਲ ਸਭ ਨੂੰ ਪਾਠ ਕਰਨ ਲਈ ਕਿਹਾ। ਉਸਦੇ ਪਰਿਵਾਰ ਦੇ ਜੀਅ ਵੀ ਵਿਲਕ ਰਹੇ ਸਨ । ਬੌਬੀ , ਅਨੀਤਾ , ਸਾਧਨਾ ਬੁਸ ਬੁਸ ਕਰਦੀਆਂ ਰੋ ਰਹੀਆਂ । ਆਪਣੇ ਸੁੱਖਾਂ ਨੂੰ ਚੇਤੇ ਕਰ ਰਹੀਆਂ ਸਨ ਕਿਵੇਂ ਉਹਨਾਂ ਦੇ ਮਾਂਪਿਆਂ ਨੇ ਹਿਜੜਾ ਜਾਣ ਆਪਣੀ ਆਂਦਰ ਹੋ ਕੇ ਵੀ ਤਿਆਗ ਦਿੱਤਾ ਸੀ ।ਇੱਕ ਅੰਮਾ ਸੀ ਕਿ ਉਸਨੇ ਉਹਨਾਂ ਨੂੰ ਆਪਣੇ ਸਮਝ ਸੀਨੇ ਲਾਇਆ ਸੀ । ਅੱਜ ਇਵੇਂ ਲੱਗ ਰਿਹਾ ਸੀ ਕਿ ਜਿਵੇਂ ਸਾਜ਼ ਵੀ ਰੋ ਰਹੇ ਹਨ। ਅੰਮਾ ਬਾਰੇ ਪਤਾ ਚਲਣ ਤੇ ਜਸਮੀਤ ਅਤੇ ਰਾਣੀ ਦੋਵੇਂ ਆਏ ਰਾਣੀ ਤਾਂ ਰੋ ਰੋ ਝੱਲੀ ਹੋ ਰਹੀ ਸੀ .. ਮਾਂ ਮਾਂ !!ਉਹ ਅੰਮਾਂ ਨਾਲ ਲਿਪਟ ਕੇ ਰੋ ਰਹੀ ਸੀ … ਮਾਂ ਮੈਨੂੰ ਤੂੰ ਨਵਾਂ ਜਨਮ ਦਿੱਤਾ , ਤੇਰੇ ਕਾਰਣ ਮੈਂ ਗੌਲੀ ਤੋਂ ਰਾਣੀ ਬਣੀ ਹਾਂ …ਮਾਂ ਮੈਨੂੰ ਛੱਡ ਕੇ ਨਾ ਜਾਹ। …
ਇਹਨਾਂ ਨੇ ਬਜ਼ਾਰ ਤੋਂ ਦੁਕਾਨ ਖੁਲਵਾ ਕੇ ਕਫ਼ਨ ਦਾ ਕਪੜਾ, ਗੱਲ ਦੇ ਵਸਤਰ ਸਾਬਣ ਅਤੇ ਹੋਰ ਲੋੜੀਂਦੀਆਂ ਚੀਜ਼ਾ ਲੈ ਆਏ ਸਨ । ਪਾਠ ਸੰਪਨ ਹੋਇਆ ਤਾਂ ਅੰਮਾਂ ਨੂੰ ਇਸ਼ਨਾਨ ਕਰਵਾਇਆ ਗਿਆ। ਇੰਨੇ ਨੂੰ ਰਾਜਪੁਰੇ ਤੋਂ ਪੰਜ ਬਜ਼ੁਰਗ ਹਿਜੜੇ ਅੰਦਰ ਆਏ ਜਿਹਨਾਂ ਨੂੰ ਖ਼ਬਰ ਕਰਨ ਲਈ ਜਸਮੀਤ ਨੂੰ ਭੇਜਿਆ ਗਿਆ ਸੀ ਅਤੇ ਉਹ ਕਾਰ ਵਿੱਚ ਲੈ ਆਇਆ ਕਿਉਂਕਿ ਸੂਰਜ ਡੁੱਬਣ ਤੋਂ ਪਹਿਲਾਂ ਸਸਕਾਰ ਕਰਨਾ ਸੀ ।ਅੰਮਾਂ ਦਾ ਬੀਬਾਣ ਗੁਬਾਰਿਆਂ ਨਾਲ ਸਜਾਇਆ ਗਿਆ । ਬੇਜੀ ਨੇ ਅੰਮਾਂ ਤੇ ਰੋਂਦਿਆ ਦੁਸ਼ਾਲਾ ਪਾਇਆ ਅਤੇ ਸਿਰ ਤੇ ਪੀਲੀ ਦਸਤਾਰ ਸਜਾ ਦਿੱਤੀ । ਇਸ ਰੂਪ ‘ਚ ਅੰਮਾਂ ਸਾਧਵੀ ਲੱਗ ਰਹੀ ਸੀ । ਸਾਰੇ ਬੱਚੇ ਅੰਮਾਂ ਦੇ ਦਵਾਲੇ ਖੜੇ ਰੋ ਰਹੇ ਸਨ । ਭਾਈ ਜੀ ਨੇ ਅਰਦਾਸਾ ਸੋਧਿਆ ਤਾਂ ਪੰਜੋਂ ਬਜ਼ੁਰਗ ਅੱਗੇ ਆਏ ਉਹਨਾਂ ਨੇ ਆਪਣੀਆਂ ਜੁੱਤੀਆਂ ਉਤਾਰ ਲਈਆਂ ਅਤੇ ਜ਼ੋਰ ਜ਼ੋਰ ਦੀ ਭਾਗਿਰਥੀ ਨੂੰ ਜੁੱਤੀਆਂ ਮਾਰਦੇ ਹੋਏ ਬੋਲਣ ਲੱਗ ਗਏ । ਜਾ .. ਭਾਗਿਰਥੀ ਮੁੜ ਇਸ ਜੂਨ ‘ਚ ਨਾ ਆਈ !! ਇਸ ਜੂਨ ‘ਚ ਨਾ ਆਈ
………ਇੰਨੇ ‘ਚ ਗਗਨ ਵਿਲਕਦਾ ਹੋਇਆ ਭਾਗਿਰਥੀ ਦੇ ਜਨਾਜੇ ਉਪਰ ਲੇਟ ਗਿਆ ਅਤੇ ਤੜਫ਼ਦਾ ਹੋਇਆ ਚੀਕ ਰਿਹਾ ਸੀ … ਮੇਰੇ ਆਜੀ ਨੂੰ ਨਾ ਮਾਰੋ .!!.. ਮੇਰੇ ਆਜੀ ਨੂੰ ਨਾ ਮਾਰੋ..!!
ਮੁੰਡੇ ਨੂੰ ਘਰਕਦਾ ਦੇਖ਼ ਸਾਰਿਆਂ ਦੇ ਮੂੰਹ ਚੋਂ ਚੀਕਾਂ ਨਿਕਲ ਗਈਆਂ । ਬੜੀ ਮੁਸ਼ਕਿਲ ਨਾਲ ਗਗਨ ਨੂੰ ਅਲੱਗ ਕੀਤਾ ।
ਰਾਤ ਉਤਰ ਆਈ ਸੀ । ਅੰਮਾਂ ਨੂੰ ਦਫ਼ਨਾਉਣ ਲਈ ਲਿਜਾਉਣ ਲੱਗੇ ।ਹਿਜੜਿਆਂ ਦੇ ਇਹ ਰਿਵਾਜ਼ ਹੈ ਕਿ ਉਹਨਾਂ ਨੂੰ ਰਾਤ ਸਮੇਂ ਹੀ ਦਫ਼ਨਾਇਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਇਹ ਵਹਿਮ ਹੈ ਕਿ ਜੇ ਨਰ ਜਾਂ ਨਾਰੀ ਉਹਨਾਂ ਨੂੰ ਦਫ਼ਨਾਉਂਦਾ ਦੇਖ ਲਵੇ ਤਾਂ ਅਗਲੇ ਜਨਮ ਉਹ ਹਿਜੜਾ ਬਣ ਜਾਂਦਾ ਹੈ । ਉਹਨਾਂ ਦੇ ਮਰਨ ਤੇ ਖ਼ੁਸ਼ੀਆਂ ਮਨਾਈਆ ਜਾਂਦੀਆਂ ਹਨ ਅਤੇ ਵੱਡਾ ਭੋਜ ਕੀਤਾ ਜਾਂਦਾ ਹੈ।
ਹਿਜੜੇ ਅੰਮਾਂ ਨੂੰ ਕਬਿਰਸਤਾਨ ਦੇ ਬਾਹਰਲੇ ਖੁਲੇ ਮੈਦਾਨ ‘ਚ ਦਫ਼ਨ ਕਰਨ ਤੱਕ ਜੁੱਤੀਆਂ ਮਾਰਦੇ ਰਹੇ ।.ਅੰਮਾ ਚਲੀ ਗਈ ……ਪਲਾਂ ‘ਚ ਦੂਸਰੇ ਲੋਕ ਦੀ ਵਾਸੀ ਹੋ ਗਈਂ। ਅੰਮਾਂ ਦੇ ਜਾਣ ਨਾਲ ਜਿਵੇਂ ਸਾਰਾ ਮੁਹੱਲਾ ਸੁੰਨਾ ਹੋ ਗਿਆ ।
ਗਗਨ ਰੋਂਦਾ ਰੋਂਦਾ ਭੁੱਖਣ ਭਾਣਾ ਬੇਜੀ ਦੀ ਗੋਦ ਵਿੱਚ ਸੌਂ ਗਿਆ । ਰਾਤ ਨੂੰ ਰੋਜ਼ ਦੀ ਤਰਹਾਂ ਮੈਂ ਅੰਮਾਂ ਦੀ ਖਿੜਕੀ ਵਲ ਦੇਖਿਆ , ਖ਼ਿੜਕੀ ਖਾਲੀ ਦੇਖ ਮੇਰਾ ਕਲੇਜਾ ਮੂੰਹ ਨੂੰ ਆ ਗਿਆ । ਮੈਂ ਖਿੜਕੀ ਨਾਲ ਲੱਗ ਕੇ ਖ਼ੂਬ ਰੋਈ …l ਅੱਜ ਵੀ ਮੇਰੀ ਖਿੜਕੀ ਦੇ ਬਾਹਰ ਫ਼ਿਰ ਚੰਦਰਮਾਂ ਸੀ… ਪਰ ਉਦਾਸ ਉਦਾਸ . … ਅਧੂਰਾ ਅਧੂਰਾ ….
ਅੰ … ਮੂ … .. ਅੰਮੂ … ਅੰ… ਮੂ , ਰੋਂਦੇ ਹੋਏ ਮੈਂ ਖ਼ਿੜਕੀ ਬੰਦ ਕਰ ਦਿੱਤੀ ।
——ਸਮਾਪਤ .—
Manmohan Kaur..586,Eਅਜ਼ਾਦ ਨਗਰ ਸਰਹੰਦ ਰੋਡ ਪਟਿਆਲਾ…
9814968849………….8558855959

1 Comment

  • NAVJOT KAUR
    Posted April 6, 2018 at 9:20 am

    HI MAHNMOHAN KAUR JI ME VI PATIALE TOH HAN M STAYING IN DELHI ME TOHDI STORY PAHDI IDDAN DIYAN BHUT GAHT STORIES HUNDIYA JO DIL NU LAG JAN PAR TOHDI STORY PAHDDYA I WAS LITTERLY CRYING MERE DIL NU SHUUU GAYI TOHDI STORY MENU SAMJ NAHI AREHA ME KIDDAN EXOLAIN KRA ME KI FEEL KR RAHI AAMAGING STORY KEEP IT UP

Leave a comment

0.0/5

Facebook
YouTube
YouTube
Set Youtube Channel ID
Pinterest
Pinterest
fb-share-icon
Telegram