Skip to content Skip to footer

 

ਸੁੰਨਾਂ ਗੁੱਟ

ਰੱਖੜੀਆਂ ਦੀਆਂ ਰੱਖਾਂ ਵਿੱਚ

ਤੇ ਸਿਰ ਦੇ ਸਿਹਰਿਆਂ ਵਿੱਚ,

ਘਰ ਦੀਆਂ ਨੀਹਾਂ ਵਿੱਚ

ਤੇ ਛੱਤ ਦੇ ਨਮੇਰਿਆਂ ਵਿੱਚ,

ਕੁਦਰਤ ਦਾ ਸਭ ਤੋਂ ਅਨਮੋਲ

ਇਹ ਗਹਿਣਾ ਹੁੰਦੀਆਂ ਨੇ,

ਖੁਸ਼ਨਸੀਬ ਹੁੰਦੇ ਨੇ ਉਹ ਲੋਕ

ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ।

ਗੁਰਦੀਪ ਰੱਖੜਾ

“ਉੱਠ ਖੜ ਪੁੱਤ”, ਅੱਜ ਪੂਰਨਮਾਸ਼ੀ ਆ, ਚੱਲ ਗੁਰੂ ਘਰ ਚੱਲੀਏ, ਮੱਥਾ ਟੇਕ ਕੇ ਆਉਣਾ… (ਮੇਰੀ ਦਾਦੀ ਨੇ ਮੈਨੂੰ ਸਵੇਰੇ ਸਵੇਰੇ ਆਵਾਜ਼ ਮਾਰ ਉਠਾਇਆ)

ਮੈਂ:- ਹਾਂਜੀ ਬੀਬੀ…ਉੱਠਦਾ ਮੈਂ…

( ਮੇਰੀਆਂ ਅੱਖਾਂ ਤਾਂ ਕਦੋਂ ਦੀਆਂ ਖੁੱਲ੍ਹੀਆਂ ਹੋਈਆਂ ਸਨ, ਬਸ ਐਵੇਂ ਹੀ ਮਚਲਾ ਜਿਆ ਹੋਇਆ ਪਿਆ ਸੀ)

ਮੈਂ :- ਬੇਬੇ ਅੱਜ ਰੱਖੜੀਆਂ ਨੇ ਹਨਾਂ…?

ਬੇਬੇ:- ਹਾਂ ਪੁੱਤ… ਪੂਰਨਮਾਸ਼ੀ ਵੀ ਆ ਤੇ ਰੱਖੜੀਆਂ ਵੀ ।

ਮੈਂ ਫਟਾਫਟ ਉੱਠ, ਨਹਾਕੇ ਤਿਆਰ ਹੋਇਆ ਤੇ ਮੋਟਰਸਾਈਕਲ ਤੇ ਦਾਦੀ ਨੂੰ ਨਾਲ ਲੈ ਕੇ ਗੁਰੂ ਘਰ ਪਹੁੰਚ ਗਿਆ।

ਓਥੇ ਬਹੁਤ ਸੰਗਤ ਮੱਥਾ ਟੇਕਣ ਆਈ ਹੋਈ ਸੀ। ਉਥੇ ਮੈਂ ਜਿਹੜੇ ਵੀ ਮੁੰਡੇ ਵੱਲ ਦੇਖਾਂ ਤਾਂ ਉਸਦੇ ਹੱਥ ਉੱਤੇ ਰੱਖੜੀ ਬੰਨ੍ਹੀ ਹੀ ਹੁੰਦੀ ਸੀ ਤੇ ਕਈ ਭੈਣ ਭਰਾ ਇਕੱਠੇ ਮੱਥਾ ਟੇਕਣ ਆਏ ਹੋਏ ਸਨ। ਪਰ ਮੇਰੀ ਤਾਂ ਕੋਈ ਭੈਣ ਹੀ ਨਹੀਂ ਹੈ, ਇਸ ਕਰਕੇ  ਮੈਨੂੰ ਮੇਰਾ ਗੁੱਟ ਬਿਲਕੁਲ  ਖ਼ਾਲੀ ਖ਼ਾਲੀ ਲੱਗ ਰਿਹਾ ਸੀ। ਮੈਂ ਜਦੋਂ ਵੀ ਗੁਰੂ ਘਰ ਜਾਂਦਾ ਹੁੰਦਾ ਸੀ ਤਾਂ ਮੇਰਾ ਮਨ ਹਮੇਸ਼ਾ ਖੁਸ਼ ਹੁੰਦਾ ਸੀ, ਪਰ ਅੱਜ ਪਤਾ ਨਹੀਂ ਕਿਉਂ ਮੇਰਾ ਮਨ ਬਹੁਤ ਜ਼ਿਆਦਾ ਉਦਾਸ ਹੋ ਰਿਹਾ ਸੀ। ਜਿਵੇਂ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਹੋਵੇ।

ਇਹ ਪਹਿਲੀ ਵਾਰ ਨਹੀਂ ਸਗੋਂ ਹਰ ਸਾਲ ਰੱਖੜੀਆਂ ਵਾਲੇ ਦਿਨ ਐਵੇਂ ਹੀ ਮਹਿਸੂਸ ਹੁੰਦਾ । ਮੈਂ ਆਪਣੇ ਗੁੱਟ ਵੱਲ ਦੇਖਿਆ ਤਾਂ ਮੇਰਾ ਗੁੱਟ ਬਿਲਕੁਲ ਸੁੰਨਾਂ ਸੀ। ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ । ਕਈ ਲੋਕਾਂ ਨੇ ਗੁਰੂ ਘਰ ਦੇ ਗੋਲਕ ਵਿਚ ਰੱਖੜੀਆਂ ਤੇ ਭਾਂਤ ਭਾਂਤ ਦੀਆਂ ਮਿਠਾਈਆਂ ਦੇ ਡੱਬੇ ਵੀ ਰੱਖੇ ਹੋਏ ਸੀ। ਉੱਥੇ ਆਏ ਲੋਕ ਪਤਾ ਨਹੀਂ ਕਿ ਕੁਝ ਮੰਗ ਰਹੇ ਸਨ, ਪਰ ਮੈਂ ਰੱਖੜੀ ਵਾਲੇ ਦਿਨ ਸਿਰਫ਼ ਏਨਾ ਹੀ ਮੰਗਿਆ ਸੀ ਕਿ “ਰੱਬਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਮੈਨੂੰ ਇੱਕ ਭੈਣ ਚਾਹੀਦੀ ਹੈ , ਜਿਹੜੀ ਮੇਰੇ ਨਾਲ ਲੜੇ,ਮੇਰੀਆਂ ਚੀਜਾਂ ਨੂੰ ਆਪਣਾ ਕਹਿ ਮੇਰੇ ਬਾਪੂ ਤੋਂ ਮੇਰੇ ਗਾਲਾਂ ਪਵਾਵੇ। ਮੇਰੀ ਮੰਮੀ ਨਾਲ ਘਰ ਦੇ ਕੰਮ ਕਰਾਵੇ। ਮੈਨੂੰ ਰੁਲਾ ਕੇ ਖੁਦ ਵੀ ਰੋ ਪਵੇ ਤੇ ਮੇਰੇ ਹੱਸਣ ਤੇ ਉਹ ਖ਼ੁਦ ਹੱਸੇ।

ਜਿਵੇਂ ਮੇਰੀ ਮੰਮੀ ਮੇਰੀ ਦੇਖਭਾਲ ਕਰਦੀ ਹੈ, ਬਸ ਉਹ ਵੀ ਮੇਰਾ  ਇਵੇਂ ਹੀ ਖ਼ਿਆਲ ਰੱਖੇ।

ਅਰਦਾਸ ਕਰਦੇ ਕਰਦੇ ਮੇਰੀਆਂ ਅੱਖਾਂ ਵਿਚੋਂ ਪਾਣੀ ਨਿਕਲ ਕੇ ਬਾਹਰ ਆ ਰਿਹਾ ਸੀ। ਮੈਂ ਕਿੰਨਾ ਹੀ ਸਮਾਂ ਗੁਰੂ ਘਰ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੱਥ ਜੋੜ ਕੇ ਅਰਦਾਸ ਕਰੀ ਗਿਆ।

ਅਚਾਨਕ ਉਠ ਕੇ ਮੈਂ ਮੋਟਰਸਾਈਕਲ ਕੋਲ ਚਲਾ ਗਿਆ, ਜਿੱਥੇ ਬੈਠ ਮੈਂ ਰੋਣ ਲੱਗਾ, ਤੇ ਰੱਬ ਨੂੰ ਕਹੀ ਗਿਆ।

ਰੱਬਾ ਮੈਂ ਭੈਣ ਹੀ ਮੰਗ ਰਿਹਾ, ਹੋਰ ਕੋਈ ਮੈਂ ਤੇਰੇ ਤੋਂ ਪੂਰੀ ਦੁਨੀਆਂ ਥੋੜੀ ਮੰਗੀ ਏ। ਏਨੇ ਨੂੰ ਮੇਰੀ ਦਾਦੀ ਮੇਰੇ ਕੋਲ ਆਈ ਤੇ ਪੁੱਛਣ ਲੱਗੀ…

ਬੇਬੇ:- ਕਿ ਹੋਇਆ ਪੁੱਤ…? ਏਵੇਂ ਭੱਜ ਆਇਆ…ਤੂੰ ਲੰਗਰ ਨਹੀਂ ਛਕਣਾ…?

ਮੈਂ:- ਕੁਝ ਨਹੀਂ ਬੇਬੇ…ਤੁਸੀ ਚੱਲੋ… ਮੈਂ ਆਇਆ…

ਅਸੀਂ ਨਿਸ਼ਾਨ ਸਾਹਿਬ ਮੱਥਾ ਟੇਕਣ ਗਏ ਤੇ ਉੱਥੇ ਵੀ ਕਿੰਨੀਆਂ ਹੀ ਰੱਖੜੀਆਂ ਬੰਨ੍ਹੀਆਂ ਹੋਇਆਂ ਸਨ। ਸਭ ਕਿਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਲੰਗਰ ਛਕਣ ਲਈ ਲੰਗਰ ਹਾਲ ਚਲੇ ਗਏ ।

ਲੰਗਰ ਛਕਣ ਤੋਂ ਬਾਅਦ ਅਸੀਂ ਵਾਪਿਸ ਆਪਣੇ ਘਰ ਆ ਗਏ।

ਮੰਮੀ ਤੇ ਵੱਡਾ ਭਰਾ ਦੋਵੇਂ ਇੱਕ ਦਿਨ ਪਹਿਲਾਂ ਹੀ ਨਾਨਕੇ ਗਏ ਹੋਏ ਸਨ ਜੋ ਕਿ ਅਜੇ ਆਏ ਨਹੀਂ ਸਨ। ਤੇ ਮੇਰਾ ਡੈਡੀ ਕੰਮ ਉੱਤੇ ਤੇ ਛੋਟਾ ਭਾਈ ਸਕੂਲ ਚਲਾ ਗਿਆ, ਅੱਜ ਰੱਖੜੀਆਂ ਕਾਰਨ ਸਕੂਲ ਆਪਣੇ ਨਿਸ਼ਚਿਤ ਸਮੇਂ ਤੋਂ ਥੋੜ੍ਹਾ ਜਿਹਾ ਦੇਰੀ ਨਾਲ ਖੁੱਲ੍ਹਣਾ ਸੀ।

ਤੇ ਮੈਂ ਅੱਜ ਛੁੱਟੀ ਲੈ ਲਈ ਸੀ ਸਕੂਲੋਂ, ਕਿਉਂਕਿ ਘਰ ਡੰਗਰਾਂ ਦਾ ਕੰਮ ਬਹੁਤਾ ਹੁੰਦਾ, ਇਸ ਲਈ ਕਿਸੇ ਇੱਕ ਨੂੰ ਤਾਂ ਘਰ ਵਿੱਚ ਰੁਕਣਾ ਪੈਣਾ ਸੀ ਤੇ ਦਾਦੀ ਤੋਂ ਇੰਨਾਂ ਕੰਮ ਨਹੀਂ ਸੀ ਬਣਦਾ । ਹੁਣ ਘਰ ਵਿੱਚ ਮੈਂ ਤੇ ਮੇਰੀ ਦਾਦੀ ਹੀ ਸੀ।

ਮੈਂ ਦਾਦੀ ਕੋਲ ਗੱਲਾਂ ਕਰਨ ਲਈ ਬੈਠ ਗਿਆ ਤੇ ਦਾਦੀ ਨੂੰ

ਪੁੱਛਿਆ… “ਦਾਦੀ…ਭੂਆ ਹੁਣੀਆਂ ਕਾਤੋਂ ਨੀ ਆਈਆਂ ਰੱਖੜੀ ਬੰਨਣ…?

ਦਾਦੀ:- ਪੁੱਤ ਉਹਨਾਂ ਨੂੰ ਕੰਮ ਹੋਣਾ ਕੋਈ…ਬਸ ਤਾਹੀਂ ਨੀ ਆਈਆਂ…

ਮੈਂ:- ਫਿਰ ਕੀ ਹੁੰਦਾ…ਮੰਮੀ ਨੂੰ ਵੀ ਤਾਂ ਕਿੰਨਾ ਕੰਮ ਹੁੰਦਾ…. ਉਹ ਵੀ ਤਾਂ ਗਏ ਹੀ ਨੇ,… ਨਾਲੇ ਭਾਈਆਂ ਵਾਸਤੇ ਇੱਕ ਦਿਨ ਵੀ ਨ੍ਹੀ ਕੱਢ ਸਕਦੇ ਸੀ ਓ…?…. ਇੱਕ ਦਿਨ ਪਹਿਲਾਂ ਆਕੇ ਹੀ ਬੰਨ੍ਹ ਜਾਂਦੀਆਂ…. ਇੱਕ ਦਿਨ ਤਾਂ ਹੁੰਦਾ ਰੱਖੜੀਆਂ ਦਾ…ਇੱਕ ਦਿਨ ਵੀ ਨੀ ਟਾਈਮ ਨਿਕਲਦਾ…? ਜੇ ਮੇਰੀ ਸਕੀ ਭੈਣ ਹੁੰਦੀ…ਫ਼ਿਰ ਚਾਹੇ ਕੋਈ ਨਾ ਆਉਦਾ…। ਮੈਂ ਤਾਂ ਤਾਹੀਂ ਕਹਿ ਰਿਹਾ ਵੀ ਨਾਲ਼ੇ ਸਾਡੇ ਰੱਖੜੀ ਬੰਨ੍ਹ ਜਾਂਦੀਆਂ ਤੇ ਨਾਲੇ ਡੈਡੀ ਦੇ…ਬਾਕੀ ਨਹੀਂ ਆਉਂਦੀਆਂ ਤਾਂ ਨਾ ਸਹੀ…।

ਦਾਦੀ:- ਪੁੱਤ… ਉਹਨਾਂ ਨੂੰ ਵੀ ਕਿੰਨੇ ਕੰਮ ਹੁੰਦੇ ਨੇ…ਹਾਂ ਪਰ…ਜੇ ਤੇਰੀ ਭੈਣ ਅੱਜ ਜਿਉਂਦੀ ਹੁੰਦੀ ਤਾਂ ਆਪਾਂ ਕਿਸੇ ਨੂੰ ਕੁਝ ਨਹੀਂ ਸੀ ਕਹਿਣਾ…।

ਮੈਂ:- ਜਿਉਂਦੀ ਹੁੰਦੀ…? ਕੀ ਮਤਲਬ…? ਕਿ ਮੇਰੀ ਭੈਣ ਹੈਗੀ ਸੀ…?(ਮੈਂ ਬਹੁਤ ਹੀ ਅਚੰਭੇ ਜੇ ਨਾਲ ਪੁੱਛਿਆ)

ਦਾਦੀ:- ਹੈਗੀ ਸੀ ਪੁੱਤ…ਥੋਡੇ ਸਾਰੀਆਂ ਤੋਂ ਵੱਡੀ ਸੀ…ਜੇ ਉਹ ਹੁੰਦੀ ਤਾਂ ਅੱਜ ਕੱਲ੍ਹ ਵਿੱਚ ਵਿਹਾਉਣ ਵਾਲੀ ਉਮਰ ਹੋ ਜਾਂਦੀ ਉਸਦੀ…ਪਰ ਜਦੋਂ ਉਹ ਜੰਮੀ ਸੀ…ਉਸਦਾ ਵਜ਼ਨ ਬਹੁਤ ਘੱਟ ਸੀ ਤੇ ਬਹੁਤ ਹੀ ਮਾੜੀ ਹਾਲਤ ਸੀ ਓਸਦੀ….. ਜਮਾਂ ਹੀ ਅੱਧਾ ਪੌਣਾ ਕਿੱਲੋ ਵਜ਼ਨ ਸੀ। ਉਹ ਤੇ ਜੰਮੀ ਹੀ ਬਿਮਾਰ ਰਹਿਣ ਲੱਗ ਪਈ…… ਅਜੇ ਤਾਂ ਉਹ ਮਹੀਨੇ ਦੀ ਵੀ ਨਹੀਂ ਸੀ ਹੋਈ…ਬਹੁਤ ਹੀ ਪਿਆਰੀ ਸੀ ਤੇਰੀ ਭੈਣ ਮੈਂ ਇੰਨੇ ਬੱਚੇ ਦੇਖੇ ਨੇ ਹੁਣ ਤੱਕ ਪਰ ਉਸਦਾ ਚਿਹਰਾ ਅੱਜ ਵੀ ਨਹੀਂ ਭੁੱਲਦਾ…. ਸਭ ਤੋਂ ਵੱਖਰਾ ਹੀ ਨੂਰ ਸੀ ਉਸਦੇ ਚਿਹਰੇ ਤੇ…ਸ਼ਾਇਦ ਇੰਨਾਂ ਪਿਆਰਾ ਬੱਚਾ ਰੱਬ ਨੇ ਪਹਿਲੀ ਵਾਰ ਬਣਾਇਆ ਸੀ….. ਤਾਹੀਓਂ ਤਾਂ ਰੱਬ ਨੇ ਇੰਨੀਂ ਜਲਦੀ ਉਹਨੂੰ ਆਪਣੇ ਕੋਲ ਬੁਲਾ ਲਿਆ। ਜ਼ਿਆਦਾ ਬਿਮਾਰ ਰਹਿਣ ਕਰਕੇ ਉਹ ਰੱਬ ਨੂੰ ਪਿਆਰੀ ਹੋ ਗਈ…।

ਮੈਨੂੰ ਬਹੁਤ ਝਟਕਾ ਜਿਹਾ ਲੱਗਾ ਇਹ ਸੁਣ ਕੇ… ਮੇਰੀ ਬੋਲਤੀ ਜਿਹੀ ਹੀ ਬੰਦ ਹੋ ਗਈ ਸੀ ….. ਹੁਣ ਤੱਕ ਮੈਨੂੰ ਲੱਗਦਾ ਸੀ ਕਿ ਮੇਰੀ ਕੋਈ ਭੈਣ ਹੀ ਨਹੀਂ ਸੀ… ਪਰ ਇਹ ਜੋ ਅੱਜ ਪਤਾ ਲੱਗਾ…। ਤਾਂ ਮੈਂ ਰੱਬ ਨੂੰ ਹੋਰ ਬੁਰਾ ਭਲਾ ਬੋਲਣ ਲੱਗਾ ਕਿ ਰੱਬਾ… ਜੇਕਰ ਤੂੰ ਮਾਰਨਾ ਹੀ ਸੀ ਤਾਂ ਮੈਨੂੰ ਮਾਰ ਦਿੰਦਾ…ਮੇਰੀ ਭੈਣ ਨੂੰ ਕਿਉਂ ਕੁੱਝ ਕੀਤਾ। ਹੁਣ ਮੇਰਾ ਮਨ ਪਹਿਲਾਂ ਤੋਂ ਵੀ ਜਿਆਦਾ ਖ਼ਰਾਬ ਹੋ ਗਿਆ ਸੀ। ਉਸ ਰੱਬ ਤੋਂ ਇੰਨੀ ਸ਼ਿਕਾਇਤ ਕਦੇ ਨਾ ਹੋਈ… ਜਿੰਨੀ ਇਸ ਵਾਰ ਹੋ ਰਹੀ ਸੀ।

ਮੈਂ ਦਾਦੀ ਨੂੰ ਪੁੱਛਿਆ, ” ਫ਼ੇਰ ਓਸ ਤੋਂ ਬਾਅਦ ….? ਕਿਸੇ ਤੋਂ ਇੱਕ ਕੁੜੀ ਹੀ ਲੈ ਲੈਂਦੇ… ਜੋ ਮੇਰੀ ਭੈਣ ਬਣਕੇ ਰਹਿੰਦੀ …ਦੇਖੀ ਮੈਨੂੰ ਭੈਣ ਚਾਹੀਦੀ ਆ…”।

ਦਾਦੀ:- ਅੱਛਾ…..ਇੱਕ ਵਾਰ ਦੀ ਗੱਲ ਦੱਸਦੀ ਆ ਮੈਂ…

ਸਰਦੀਆਂ ਦਾ ਸਮਾਂ ਸੀ ਤੇ ਬਹੁਤ ਹੀ ਸਵੇਰੇ ਸਵੇਰੇ ਮੈਂ ਤੇ ਤੇਰਾ ਤਾਇਆ ਅਸੀਂ ਤੇਰੀ ਭੂਆ ਨੂੰ ਮਿਲਣ ਗੋਬਿੰਦਗੜ੍ਹ ਜਾ ਰਹੇ ਸੀ। ਓਥੇ ਰਾਸਤੇ ਵਿੱਚ ਮਿੱਲਾਂ ਹੋਣ ਕਰਕੇ ਬਹੁਤੇ ਟਰੱਕ ਜਿਹੇ ਖੜੇ ਰਹਿੰਦੇ ਨੇ । ਬੱਸ ‘ਚੋਂ ਉਤਰ ਕੇ ਥੋੜ੍ਹਾ ਜਿਹਾ ਤੁਰ ਕੇ ਉਹਨਾਂ ਦੇ ਘਰ ਵੱਲ ਨੂੰ ਜਾਣਾ ਪੈਂਦਾ । ਤੇ ਜਦੋਂ ਅਸੀਂ ਤੁਰ ਕੇ ਜਾ ਰਹੇ ਸੀ ਤਾਂ ਇੱਕ ਟਰੱਕ ਦੇ ਟਾਇਰਾਂ ਕੋਲ ਤੇਰੇ ਤਾਏ ਨੂੰ ਇੱਕ ਪੋਟਲੀ ਜਿਹੀ ਦਿਸੀ.. ਜੋ ਕਿ ਖੁਦ ਹੀ ਹੱਲ ਰਹੀ ਸੀ… ਜਿਵੇਂ ਓਸ ‘ਚ ਕੁਝ ਹੋਵੇ…ਤੇਰੇ ਤਾਏ ਨੇ ਬਿਨਾਂ ਕੁਝ ਸੋਚੇ ਸਮਝੇ ਓਸ ਨੂੰ ਚੁੱਕ ਲਿਆ…. ਹਾਲੇ ਮੈਂ ਤਾਂ ਮਨ੍ਹਾਂ ਹੀ ਕਰ ਰਹੀ ਸੀ ਕਿ ਪਤਾ ਨਹੀਂ ਕੀ ਹੋਵੇਗਾ…। ਪਰ ਤੇਰੇ ਤਾਏ ਨੇ ਉਹ ਪੋਟਲੀ ਨੂੰ ਚੱਕ ਕੇ ਖੋਲ੍ਹਿਆ ਤਾਂ ਉਸ ਵਿੱਚ ਇੱਕ ਨਵਜੰਮੀ ਬੱਚੀ ਪਈ ਸੀ। ਜੋ ਕਿ ਟਰੱਕ ਦੇ ਟਾਇਰਾਂ ਦੇ ਬਿਲਕੁੱਲ ਨਜ਼ਦੀਕ ਪਈ ਸੀ। ਜੇਕਰ ਕੋਈ ਟਰੱਕ ਨੂੰ ਸਟਾਰਟ ਕਰ ਕੇ ਚਲਾਉਂਦਾ ਤਾਂ ਉਸ ਕੁੜੀ ਨੇ ਟਰੱਕ ਦੇ ਟਾਇਰਾਂ ਦੇ ਹੇਠ ਆ ਜਾਣਾ ਸੀ। ਉਸਦੀ ਇਹੋ ਜਿਹੀ ਹਾਲਤ ਤੇ ਮੇਰਾ ਰੋਣਾ ਨਿੱਕਲ ਆਇਆ ਸੀ, ਕਿ ਕਿਹੋ ਜਿਹੀ ਦੁਨੀਆਂ ਇਹ ਕਿਹੋ ਜਿਹੇ ਲੋਕ ਨੇ ਐਥੇ… ਬਹੁਤ ਹੀ ਬੁਰਾ ਲੱਗ ਰਿਹਾ ਸੀ ਉਸ ਕੁੜੀ ਬਾਰੇ ਸੋਚ ਸੋਚ…।

ਤੇਰੇ ਤਾਏ ਨੇ ਉਸ ਕੁੜੀ ਨੂੰ ਚੱਕਿਆ ਤੇ ਦੇਖਿਆ ਕਿ ਉਸ ਕੁੜੀ ਦੇ ਸਾਹ ਅਜੇ ਚੱਲ ਰਹੇ ਸਨ ਤੇ ਅਸੀਂ ਉਸਨੂੰ ਨੇੜੇ ਦੇ ਹਸਪਤਾਲ ਲੈ ਕੇ ਗਏ ਤੇ ਉੱਥੇ ਇਲਾਜ ਕਰਾਉਣ ਲਈ ਦਾਖਲ ਕਰਾਇਆ। ਤੇਰਾ ਤਾਇਆ ਕਹਿ ਰਿਹਾ ਸੀ ਕਿ ਜੇਕਰ ਕੁੜੀ ਸਹੀ ਸਲਾਮਤ ਠੀਕ ਹੋ ਜਾਵੇ ਤਾਂ ਆਪਾਂ ਉਸ ਨੂੰ ਖੁਦ ਰੱਖ ਲਵਾਂਗੇ, ਤੇ ਆਪਾਂ ਉਸ ਨੂੰ ਆਪਣੀ ਧੀ ਬਣਾ ਕੇ ਰੱਖਾਂਗੇ, ਪਰ ਰੱਬ ਨੂੰ ਇਹ ਵੀ ਮੰਜ਼ੂਰ ਨਹੀਂ ਸੀ ਤੇ ਏਨੇ ਨੂੰ ਡਾਕਟਰ ਨੇ ਆ ਕੇ ਦੱਸਿਆ ਕਿ ਉਸ ਕੁੜੀ ਨੂੰ ਕੋਈ ਰਾਤ ਹੀ ਠੰਡ ਵਿੱਚ ਛੱਡ ਗਿਆ ਸੀ,… ਉਹ ਬੱਚੀ ਸਾਰੀ ਰਾਤ ਠੰਡ ਵਿੱਚ ਉੱਥੇ ਤੜਫਦੀ ਰਹੀ ਹੈ ਤੇ ਅੰਤ ਉਸਨੇ ਆਪਣਾ ਦਮ ਤੋੜ ਦਿੱਤਾ।

ਮੈਂ ਤੇ ਤੇਰਾ ਤਾਇਆ ਚਾਹ ਕੇ ਵੀ ਉਸ ਨੂੰ ਬਚਾ ਨਾ ਸਕੇ। ਓਥੇ ਜਿਵੇਂ ਕਿਸੇ ਨੇ ਠੰਡ ਵਿੱਚ ਮਰਨ ਲਈ ਹੀ ਉਸਨੂੰ ਛੱਡਿਆ ਸੀ ਤੇ ਉਸਨੇ ਸੋਚਿਆ ਹੋਣਾ ਕਿ ਜੇਕਰ ਇਹ ਬਚ ਗਈ ਤਾਂ ਟਰੱਕ ਦੇ ਟਾਇਰ ਦੇ ਨੀਚੇ ਆਕੇ ਮਰ ਜਾਵੇਗੀ..।

ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਏਨਾ ਜ਼ਿਆਦਾ ਅਫ਼ਸੋਸ ਤੇ ਦੁੱਖ ਹੋ ਰਿਹਾ ਸੀ… ਮੈਂ ਸੋਚ ਰਿਹਾ ਸੀ ਕਿ ਇਸ ਦੁਨੀਆਂ ਵਿੱਚ ਕਿੰਨੇ ਹੀ ਨਾ ਸਮਝ ਤੇ ਜਾਨਵਰਾਂ ਤੋਂ ਵੀ ਗਿਰੇ ਹੋਏ ਲੋਕ ਵਸਦੇ ਨੇ। ਕੋਈ ਕਿਵੇਂ ਆਪਣੀ ਹੀ ਔਲਾਦ ਨੂੰ ਐਵੇਂ ਮਰਨ ਲਈ ਛੱਡ ਸਕਦਾ…. ਕਿਸੇ ਕਿਸੇ ਨੂੰ ਰੱਬ ਕੋਲੋਂ ਵਾਰ ਵਾਰ ਮੰਗਣ ਤੇ ਵੀ ਭੈਣ ਨਹੀਂ ਮਿਲਦੀ ਤੇ ਜਿਸਨੂੰ ਮਿਲਦੀ ਹੈ ਉਹ ਕਦੇ ਕਦਰ ਨਹੀਂ ਪਾਉਂਦਾ….।

ਜਿਸ ਔਰਤ ਨੇ ਐਡੇ ਐਡੇ ਰਾਜਿਆਂ – ਮਹਾਰਾਜਿਆਂ, ਪੀਰ ਪੈਗੰਬਰਾਂ ਨੂੰ ਜਨਮ ਦਿੱਤਾ ਓਸੇ ਔਰਤਾਂ ਦੇ ਜੰਮਣ ਤੇ ਲੋਕੀਂ ਦੁੱਖ ਪ੍ਰਗਟ ਕਰਦੇ ਨੇ… ਉਹ ਇਹ ਭੁੱਲ ਜਾਂਦੇ ਨੇ ਕਿ ਉਨ੍ਹਾਂ ਨੂੰ ਖੁਦ ਵੀ ਇੱਕ ਔਰਤ ਨੇ ਹੀ ਜਨਮ ਦਿੱਤਾ ਹੈ…। ਖੁਦ ਬਾਬੇ ਨਾਨਕ ਨੇ ਵੀ ਕਿਹਾ ਹੈ ਕਿ

ਸੌ ਕਿਉ ਮੰਦਾ ਆਖਿਏ ਜਿਤੁ ਜੰਮੇ ਰਾਜਨ।

ਫ਼ੇਰ ਵੀ ਲੋਕੀਂ ਪਤਾ ਨਹੀਂ ਕਿਉਂ ਨਹੀਂ ਸਮਝਦੇ… ਮੈਂਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਦੁੱਖ ਸੀ ਕਿ ਮੈਂਨੂੰ ਰੱਬ ਨੇ ਦੋ ਭੈਣਾਂ ਤਾਂ ਦਿੱਤੀਆਂ ਪਰ ਦੋਵੇਂ ਖੋ ਲਈਆਂ। ਇੱਕ ਦੀ ਰੱਬ ਨੇ ਖੁਦ ਹੀ ਜਾਨ ਲੈ ਲਈ ਤੇ ਦੂਜੀ ਦੀ ਕੁਝ ਨਾ ਸਮਝ ਲੋਕਾਂ ਨੇ..।

ਮੈਂ ਇਹ ਵੀ ਸੋਚ ਕੇ ਬਹੁਤ ਹੈਰਾਨ ਸੀ ਕਿ ਕਿਸੇ ਨੂੰ ਰੱਬ ਕੋਈ ਭੈਣ ਨਹੀਂ ਦਿੰਦਾ ਤੇ ਕੋਈ ਕੁੜੀਆਂ ਨੂੰ ਮਾਰ ਰਿਹਾ ਹੈ। ਕਿੰਨੇ ਪਾਪੀ ਤੇ ਨਾਸਮਝ ਲੋਕ ਏਥੇ ਰਹਿੰਦੇ ਨੇ, ਜਿਹੜੇ ਪਤਾ ਨਹੀਂ ਕਿ ਸੋਚ ਕੁੜੀਆਂ ਨੂੰ ਮਾਰਦੇ ਰਹਿੰਦੇ ਨੇ। ਪਰ ਏਵੇਂ ਕਰਦੇ ਹੀ ਕਿਉਂ ਨੇ, ਇਸ ਗੱਲ ਦੀ ਮੈਨੂੰ ਅੱਜ ਤੱਕ ਸਮਝ ਨਾ ਆਈ।

ਦਾਦੀ ਦੀਆਂ ਗੱਲਾਂ ਸੁਣ ਮੈਂ ਹੁਣ ਆਪਣੇ ਗੁੱਟ ਵੱਲ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ, ਕਿ ਜੇਕਰ ਮੇਰੀਆਂ ਇਹ ਦੋਵੇਂ ਭੈਣਾਂ ਅੱਜ ਜਿਉਂਦੀਆਂ ਹੁੰਦੀਆਂ ਤਾਂ ਮੇਰਾ ਗੁੱਟ ਅੱਜ ਸੁੰਨਾਂ ਨਹੀਂ ਸੀ ਹੋਣਾ। ਇਸ ਤੇ ਰੱਖੜੀਆਂ ਬੰਨੀਆਂ ਹੋਣੀਆਂ ਸੀ ਤੇ ਮੈਂ ਕਦੇ ਵੀ ਗੁਰੂ ਘਰ ਜਾਕੇ ਨਾ ਰੋਂਦਾ।

ਸ਼ਾਮੀਂ ਮੰਮੀ ਹੁਰੀਂ ਵੀ ਨਾਨਕੇ ਤੋਂ ਆ ਗਏ ਤੇ ਮੇਰੀ ਫ਼ੇਰ ਮੇਰੀ ਮੰਮੀ ਹੀ ਹਰੇਕ ਸਾਲ ਵਾਂਗ ਮੇਰੀ ਭੈਣ ਬਣੀ। ਜਿਸਨੇ ਮੇਰੇ ਸੁੰਨੇ ਗੁੱਟ ਤੇ ਰੱਖੜੀ ਬੰਨ੍ਹੀ ਤੇ ਲੱਡੂ ਦਾ ਭੋਰਾ ਮੇਰੇ ਮੂੰਹ ਵਿੱਚ ਪਾਇਆ।

ਭੈਣਾਂ ਤਾਂ ਭੈਣਾਂ ਹੁੰਦੀਆਂ ਨੇ

ਕੁਝ ਹਜ਼ਾਰਾਂ ਵਿੱਚ ਕੁੱਝ ਲੱਖਾਂ ਵਿਚ,

ਪਰ ਇਹ ਕਤਲ ਅੱਜ ਵੀ ਹੁੰਦੀਆਂ ਨੇ

ਕੁੱਝ ਕੁੱਖਾਂ ਵਿੱਚ ਕੁੱਝ ਅੱਖਾਂ ਵਿੱਚ,

ਗੁਰਦੀਪ ਤਾਂ ਕਰ ਅਰਦਾਸ ਸਕਦਾ

ਬਾਕੀ ਜੋ ਉਸ ਰੱਬ ਨੂੰ ਮੰਜ਼ੂਰ ਹੋਵੇ,

ਰੱਬਾ ਹਰ ਇੱਕ ਭਾਈ ਕੋਲ

ਇੱਕ ਭੈਣ ਦਾ ਪਿਆਰ ਵੀ ਜ਼ਰੂਰ ਹੋਵੇ।

ਬਾਪ ਲਈ ਉਸਦੀ ਪੱਗ ਨੇ ਹੁੰਦੀਆਂ

ਤੇ ਮਾਂ ਲਈ ਉਸਦਾ ਜੱਗ ਨੇ ਹੁੰਦੀਆਂ,

ਭਾਈ ਲਈ ਉਸਦੀ ਜਾਨ ਨੇ ਹੁੰਦੀਆਂ

ਜਿਨ੍ਹਾਂ ਦਿਲਾਂ ਵਿੱਚ ਵੱਸਦੀਆਂ ਨੇ,

ਮੈਂ ਸੁਣਿਆ ਕੁਦਰਤ ਨੱਚਦੀ ਹੁੰਦੀ

ਇਹ ਭੈਣਾਂ ਜਦੋਂ ਜਦੋਂ ਹੱਸਦਿਆਂ ਨੇ।

ਖੁਦ ਰਵਾ ਕੇ ਇਹ ਆਪ ਰੋ ਪੈਂਦੀਆਂ

ਜਦੋਂ ਜਦੋਂ ਭਾਈਆਂ ਨਾਲ ਲੜਦੀਆਂ ਨੇ,

ਪੂਰੀ ਦੁਨੀਆ ਖਿਲਾਫ਼ ਹੋਜੇ ਬੇਸ਼ੱਕ ਜੇ

ਪਰ ਭਾਈ ਨਾਲ ਹਮੇਸ਼ਾਂ ਖੜ ਦੀਆਂ ਨੇ,

ਸਭ ਤੋਂ ਮਿੱਠਾ ਫ਼ਲ ਲੱਗਦਾ ਜਿਸਤੇ

ਦਰੱਖਤ ਦਾ ਉਹ ਟਾਹਣਾ ਹੁੰਦੀਆਂ ਨੇ,

ਖੁਸ਼ਨਸੀਬ ਹੁੰਦੇ ਨੇ ਉਹ ਲੋਕ

ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ।

ਜੇ ਰੱਬ ਦਾ ਦੂਜਾ ਨਾਂ ਮਾਂ ਹੁੰਦਾ

ਤਾਂ ਭੈਣਾਂ ਵੀ ਦੂਜੀ ਮਾਂ ਹੁੰਦੀਆਂ ਨੇ

ਖੁਸ਼ਨਸੀਬ ਹੁੰਦੇ ਨੇ ਉਹ ਲੋਕ

ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ।

ਗੁਰਦੀਪ ਰੱਖੜਾ

ਇਹ ਕਹਾਣੀ ਮੈਂ ਉਹਨਾਂ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਸਮਰਪਿਤ ਕਰਦਾ ਹਾਂ ਜਿਹਨਾਂ ਕੋਲ ਕਿਸੇ ਭੈਣ ਜਾਂ ਭਰਾ ਦਾ ਪਿਆਰ ਨਹੀਂ ਹੈ। ਰੱਖੜੀ ਦੇ ਇਸ ਪਾਵਨ ਤਿਉਹਾਰ ਤੇ ਮੇਰਾ ਮਕਸਦ ਕਿਸੇ ਨੂੰ ਵੀ ਦੁੱਖ ਦੇਣਾ ਨਹੀਂ ਹੈ। ਬਲਕਿ ਉਨ੍ਹਾਂ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਉਣਾ ਹੈ ਜੋ ਕੁੜੀਆਂ ਨੂੰ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਕਾਰਨ ਤੋਂ ਮਾਰ ਦਿੰਦੇ ਹਨ। ਜੋ ਭੁੱਲ ਜਾਂਦੇ ਹਨ ਕਿ ਉਹ ਅੱਜ ਜੋ ਵੀ ਹਨ ਉਹ ਸਿਰਫ਼ ਇੱਕ ਔਰਤ ਕਰਕੇ ਹੀ ਹਨ। ਉਹਨਾਂ ਨੂੰ ਵੀ ਇੱਕ ਔਰਤ ਨੇ ਹੀ ਜਨਮ ਦਿੱਤਾ ਹੈ।

ਮੇਰੀ ਜ਼ਿੰਦਗੀ ਵਿੱਚ ਮੈਂਨੂੰ ਭੈਣ ਦਾ ਪਿਆਰ ਬਹੁਤ ਦੇਰ ਨਾਲ ਮਿਲਿਆ। ਬੇਸ਼ੱਕ ਉਸ ਰੱਬ ਨੇ ਮੇਰੇ ਤੋਂ ਮੇਰੀ ਸਕੀ ਭੈਣ ਖੋ ਲਈ ਪਰ ਉਸ ਨੇ ਮੈਂਨੂੰ ਭੈਣਾਂ ਦੇ ਪਿਆਰ ਤੋਂ ਵੀ ਵਾਂਝਾ ਨਾ ਰੱਖਿਆ। ਫ਼ੇਰ ਕੀ ਹੋਇਆ ਜੇ ਇਹਨਾਂ ਨੇ ਮੇਰੀ ਮਾਂ ਦੇ ਪੇਟ ਚੋਂ ਜਨਮ ਨ੍ਹੀ ਲਿਆ, ਫ਼ੇਰ ਕੀ ਹੋਇਆ ਸਾਡਾ ਖੂਨ ਦਾ ਰਿਸ਼ਤਾ ਨ੍ਹੀ ਹੈ, ਪਰ ਪਿਆਰ ਸਕਿਆ ਜਿੰਨਾਂ ਹੀ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਰਿਸ਼ਤਾ ਖੂਨ ਦਾ ਹੀ ਸਹੀ ਹੁੰਦਾ ਤੇ ਉਹੀ ਰਿਸ਼ਤਾ ਦੁੱਖ ਸੁੱਖ ਵਿੱਚ ਨਾਲ ਹੁੰਦਾ, ਬਲਕਿ ਸਭ ਤੋਂ ਵੱਡੀ ਚੀਜ਼ ਤਾਂ ਪਿਆਰ ਹੈ ਜੇਕਰ ਆਪਸ ਵਿੱਚ ਪਿਆਰ ਹੈ ਤਾਂ ਪਰਾਏ ਵੀ ਆਪਣੇ ਨੇ ਤੇ ਜੇਕਰ ਪਿਆਰ ਹੀ ਨਹੀਂ ਤਾਂ ਆਪਣੇ ਖੂਨ ਦੇ ਰਿਸ਼ਤੇ ਵੀ ਕਿਸੇ ਕੰਮ ਦੇ ਨ੍ਹੀ ਹੁੰਦੇ।

ਜੇਕਰ ਮੇਰੀ ਸਕੀ ਭੈਣ ਜਿਊਂਦੀ ਹੁੰਦੀ ਤਾਂ ਉਸ ਨੇ ਵੀ ਇੰਨਾ ਹੀ ਪਿਆਰ ਕਰਨਾ ਸੀ ਜਿੰਨਾਂ ਇਹ ਕਰਦੀਆਂ ਨੇ। ਵਾਹਿਗੁਰੂ ਜੀ ਦਾ ਸ਼ੁਕਰਾਨਾ ਜਿਹਨਾਂ ਮੈਂਨੂੰ ਨੇ ਇੰਨਾਂ ਸੋਹਣਾ ਤੋਹਫ਼ਾ ਦਿੱਤਾ।

ਸਦਕੇ ਭੈਣ ਹਰਸਿਮਰਨ ਕੌਰ

ਸਦਕੇ ਭੈਣ ਕਿਰਨ ਪਾਲ ਕੌਰ

ਵਾਹਿਗੁਰੂ ਜੀ ਮੇਰੀਆਂ ਸਾਰੀਆਂ ਖੁਸ਼ੀਆ ਇਹਨਾਂ ਨੂੰ ਦੇ ਦੇਣ ਤੇ ਇਹਨਾਂ ਦੇ ਸਾਰੇ ਦੁੱਖ ਮੈਂਨੂੰ 🤲

ਨੋਟ :- ਇਸ ਕਹਾਣੀ ਦੇ ਸਬੰਧ ਵਿੱਚ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੀ। ਤੇ ਤੁਸੀਂ ਸਾਡੇ ਨਾਲ ਸਾਡੇ ਵੱਟਸਆਪ (whatsapp) ਤੇ ਜਾਂ ਇੰਨਸਟਾਗ੍ਰਾਮ (instagram) ਤੇ ਵੀ ਜੁੜ ਸਕਦੇ ਓ ਜੀ ਤੇ ਸਾਨੂੰ ਮੈਸੇਜ਼ ਭੇਜ ਸਕਦੇ ਓ ਜੀ ਜਾਂ ਫ਼ੇਰ ਕਾਲ ਕਰ ਸਕਦੇ ਓ ਜੀ।

ਇਸ ਕਹਾਣੀ ਨੂੰ ਪੜ੍ਹਨ ਲਈ ਮੈਂ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ

ਨੋਟ : ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼, ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ ) ਕਿਤਾਬ ਰਾਹੀਂ ਤੁਹਾਡੇ ਰੁਬਰੂ ਹੋ ਰਹੀ ਆ,ਆਸ ਹੈ ਤੁਸੀਂ ਸਾਡੀਆਂ ਇਹਨਾਂ ਕਹਾਣੀਆਂ ਵਾਂਗ ਇਸ ਕਿਤਾਬ ਨੂੰ ਵੀ ਪਿਆਰ ਦੇਵੋਂਗੇ,ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਘਰ ਮੰਗਵਾਉਣ ਲਈ, ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਜਾਂ ਮੈਸਜ਼ ਕਰ ਸਕਦੇ ਹੋ ।  ਵੱਲੋਂ :- ਗੁਰਦੀਪ ਰੱਖੜਾ

ਵਾਟਸਆਪ ਨੰਬਰ (WhatsApp number ) :- +91 94656-6663

\ਇੰਨਸਟਾਗ੍ਰਾਮ (instagram) :- @deep_jazbati

@gurdeep_rakhra

Leave a comment

0.0/5

Facebook
YouTube
YouTube
Pinterest
Pinterest
fb-share-icon
Telegram