Skip to content Skip to footer

ਸੱਚ ਤੋਂ ਕੋਹਾਂ ਦੂਰ -ਪਰਵੀਨ ਰੱਖੜਾ

ਗ੍ਰੰਥ ਧਾਰਮਿਕ ਪੜ੍ਹਲੇ ਸਾਰੇ
ਦਿਲ ਕਿਸੇ ਦੀ ਨਾ ਮੰਨੇ
ਵਿਚ ਸਮੁੰਦਰ ਕਿਸ਼ਤੀ ਫੱਸਗੀ
ਕੌਣ ਲਾਉ ਕਿਸੇ ਬੰਨੇ
ਏਨੇ ਜਾਨਵਰਾਂ ਦੇ ਵਿੱਚ
ਇਨਸਾਨ ਕਿਉਂ ਕੱਲਾ ਬਣਾਇਆ
ਕਿੱਥੇ ਵੱਸਦਾ ਦੱਸੋ ਉਹ
ਜਿਸਨੇ ਅੱਲ੍ਹਾ ਬਣਾਇਆ
ਹਰ ਧਰਮ ਚ ਦੱਸੀ ਅਲੱਗ ਕਹਾਣੀ
ਕਿਉਂ ਕਿਸੇ ਸਮਝ ਨਾ ਆਵੇ
ਸਮਝ ਨਹੀਂ ਆਉਂਦੀ ਰੱਬ ਬੰਦਾ
ਜਾਂ ਬੰਦਾ ਰੱਬ ਬਣਾਵੇ

ਸੱਚ ਕਿ ਆ, ਇਹ ਇਕ ਇਹੋ ਜਿਹਾ ਸਵਾਲ ਹੈ, ਜਿਸ ਨੇ ਸਾਰੀ ਦੁਨੀਆਂ ਨੂੰ  ਭੰਬਲਭੂਸੇ ਵਿਚ ਪਾਇਆ ਹੋਇਆ ਹੈ। ਕੁਝ ਸਵਾਲ ਇਹੋ ਜਿਹੇ ਹਨ, ਜਿਨ੍ਹਾਂ ਅੱਗੇ ਬਾਕੀ ਸਵਾਲ ਫਿੱਕੇ ਪੈ ਜਾਂਦੇ ਹਨ। ਜਿਵੇਂ ਕਿ ਰੱਬ ਕਿ ਹੈ,  ਤੇ ਉਸਨੇ ਬ੍ਰਹਮੰਡ ਕਿਉਂ ਬਣਾਇਆ ਸੀ। 
ਮੈਂ ਇਸ ਨਾਲ ਸੰਬੰਧਿਤ “ਮੈਂ ਰੱਬ ਲੱਭਦਾ” ਕਿਤਾਬ ਲਿਖੀ, ਜਿਸਦੇ ਮੈਂ ਤਿੰਨ ਭਾਗ ਲਿਖੇ ਸਨ ,ਪਰ ਜਦੋਂ ਮੈਨੂੰ ਤਿੰਨ ਭਾਗ ਪੜ੍ਹਨ ਦੇ ਬਾਅਦ ਵੀ ਇਹੋ ਜਿਹੇ ਮੈਸੇਜ ਆਏ ਕਿ ਵੀਰ ਕਿਸੇ ਗੁਰੂ ਨੂੰ ਧਾਰ ਲਾ ਤੈਨੂੰ ਜਵਾਬ ਮਿਲ ਜਾਣਗੇ, ਅਸੀਂ ਫਲਾਣੇ ਨੂੰ ਗੁਰੂ ਧਾਰ ਲਿਆ, ਸਾਨੂੰ ਰੱਬ ਦੀ ਪ੍ਰਾਪਤੀ ਹੋ ਗਈ ਆ, ਤੈਨੂੰ ਵੀ ਹੋ ਜਾਊਗੀ, ਤੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਜਾਂ ਕਿਸੇ ਫਲਾਣੀ ਕਿਤਾਬ ਨੂੰ ਪੜ੍ਹ ਲਾ ਤੈਨੂੰ ਜਵਾਬ ਮਿਲ ਜਾਣਗੇ।
ਮੈਂ ਸੋਚਿਆ “ਯਾਰ ਮੇਰੇ ਲਿਖਣ ਦਾ ਕਿਸੇ ਤੇ ਕੋਈ ਅਸਰ ਪਿਆ ਵੀ ਹੈ ਜਾਂ ਨਹੀਂ”
ਫਿਰ ਮੈਂ ਸੋਚਿਆ, “ਯਾਰ ਮੇਰੀ ਤਾਂ ਕੀ ਔਕਾਤ ਆ, ਏਥੇ ਤਾਂ ਕਿੰਨੇ ਹੀ ਮਹਾਪੁਰੁਸ਼ ਕਿੰਨਾ ਕੁਝ ਲਿਖ ਕੇ ਗਏ ਹਨ। ਲੋਕ ਉਹਨਾਂ ਦੀ ਨਹੀਂ ਸੁਣਦੇ, ਮੈਂ ਤਾਂ ਉਹਨਾਂ ਦੇ ਪੈਰਾਂ ਦੀ ਧੂਲ ਦੇ ਬਰਾਬਰ ਵੀ ਨਹੀਂ ਹਾਂ, ਮੇਰੀ ਕਿ ਸੁਣਨਗੇ  ਲੋਕ”
ਅੱਜ ਦੇ ਸਮੇਂ ਜੋ ਧਾਰਮਿਕ ਆਗੂ ਹਨ। ਜਿਨ੍ਹਾਂ ਨੇ ਧਰਮ ਨੂੰ ਵਪਾਰ ਬਣਾ ਲਿਆ, ਉਹਨਾਂ ਲਈ ਰੱਬ ਇਕ ਵਪਾਰ ਕਰਨ ਦਾ ਜ਼ਰੀਆ ਹੈ। ਜਿਸਨੂੰ ਉਹ ਬਾਖੂਬੀ ਕਰ ਰਹੇ ਹਨ। ਉਹ ਲੋਕਾਂ ਦਾ ਦਿਮਾਗ ਖਾਲੀ ਕਰ ਕੇ ਉਸ ਵਿਚ ਆਪਣੀਆਂ ਦੱਸੀਆਂ ਕਹਾਣੀਆਂ ਭਰ ਦਿੰਦੇ ਹਨ। ਤੇ ਆਪਣੇ ਆਪ ਨੂੰ ਰੱਬ ਦਾ ਰੂਪ ਸਾਬਿਤ ਕਰ ਦਿੰਦੇ ਹਨ। ਕੁਝ ਚੰਗੇ ਕੰਮ ਕਰ ਦਿੰਦੇ ਹਨ ਲੋਕਾਂ ਨੂੰ ਦਿਖਾਉਣ ਲਈ, ਬਸ ਫਿਰ ਬਣ ਗਏ ਰੱਬ ਦਾ ਰੂਪ। ਅੱਜ ਦੇ ਸਮੇਂ ਹਰ ਬੰਦਾ ਪਰੇਸ਼ਾਨ ਹੈ ਕਿਸੇ ਨਾ ਕਿਸੇ ਗੱਲ ਨੂੰ ਲੈਕੇ, ਹਰ ਕਿਸੇ ਨੂੰ ਆਪਣੇ ਮੁਸੀਬਤ ਦਾ ਹੱਲ ਚਾਹੀਦਾ ਹੈ। ਫਿਰ ਉਹ ਪੈਂਦੇ ਹਨ, ਇਹਨਾਂ ਧਾਰਮਿਕ ਆਗੂਆਂ ਦੇ ਚੱਕਰਾਂ ਵਿਚ, ਜੇ ਕਿਤੋਂ ਥੋੜੀ ਬਹੁਤ ਮੁਸੀਬਤ ਹੱਲ ਹੋ ਜਾਂਦੀ ਹੈ ਤਾਂ ਬਸ ਉਸ ਆਦਮੀ ਨੂੰ ਰੱਬ ਦਾ ਰੂਪ ਬਣਾ ਦਿੱਤਾ ਜਾਂਦਾ ਹੈ।  ਏਦਾਂ ਹੀ ਚੱਲਦਾ ਹੈ ਵਪਾਰ, ਤੁੱਕਿਆਂ ਦੇ ਸਿਰ ਤੇ, 

ਇਕ ਕੁੜੀ ਨੇ ਤਾਂ ਜਮਾ ਸਿਰਾ ਹੀ ਲਾ ਦਿਤਾ। ਉਸਨੇ ਮੈਨੂੰ ਆਖਿਆ ਕਿ “ਵੀਰ ਜੀ, ਅੱਜ ਤੋਂ 100 ਸਾਲ ਪਹਿਲਾਂ ਇਕ ਫ਼ਕੀਰ ਆਏ ਸਨ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਤਿੰਨ ਮਹੀਨੇ ਅੰਦਰ ਰੱਬ ਨਾਲ ਮਿਲਵਾ ਦਵਾਂਗਾ, ਸਾਡੇ ਦਾਦੇ ਉਹਨਾਂ ਕੋਲ ਗਏ ਤੇ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਗਈ ਸੀ, ਉਸ ਬਾਬੇ ਨੇ ਬਾਹਰ ਲਿਖ ਕੇ ਬੋਰਡ ਲਾਇਆ ਹੋਇਆ ਸੀ ਕਿ ਮੈਂ ਤਿੰਨ ਮਹੀਨੇ ਵਿਚ ਤੁਹਾਨੂੰ ਰੱਬ ਨਾਲ ਮਿਲਵਾ ਦਵਾਂਗਾ। ਸਾਡੇ ਦਾਦੇ ਹੁਣਿਆਂ ਨੂੰ ਤਾਂ ਰੱਬ ਨਾਲ ਮਿਲਾ ਦਿੱਤਾ ਸੀ, ਹੁਣ ਉਹਨਾਂ ਦੀ (ਉਸ ਬਾਬੇ ਦੀ) ਮੌਤ ਹੋ ਗਈ ਹੈ, ਨਹੀਂ ਤਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣੇ ਸੀ” 
ਪਹਿਲਾਂ ਮੈਨੂੰ ਲੱਗਿਆ ਸ਼ਾਇਦ ਉਹ ਕੁੜੀ ਮਜ਼ਾਕ ਕਰ ਰਹੀ ਹੈ ਪਰ ਹੋਲੀ ਹੋਲੀ ਗੱਲ ਕਰਨ ਤੋਂ ਪਤਾ ਲੱਗਿਆ ਕਿ ਉਹ ਮਜ਼ਾਕ ਨਹੀਂ ਕਰ ਰਹੀ ਸੀ। ਉਹ ਇਹ ਗੱਲਾਂ ਸੱਚ ਬੋਲ ਰਹੀ ਸੀ। ਉਸਦੇ ਘਰ ਦੇ ਅੱਜ ਵੀ ਉਸ ਬਾਬੇ ਨੂੰ ਮੰਨਦੇ ਹਨ। ਹੱਦ ਹੈ, ਕਿੰਨਾ ਔਖਾ ਕਿਸੇ ਨੂੰ ਸਮਝਾਉਣਾ, ਕਿਵੇਂ ਗੁੰਮਰਾਹ ਕੀਤਾ ਹੋਇਆ ਲੋਕਾਂ ਨੂੰ,

ਦੇਖੋ ਜਦੋਂ ਇਕ ਵਾਰ ਬੰਦਾ ਇਹਨਾਂ ਚੱਕਰਾਂ ਵਿਚ ਪੈ ਜਾਂਦਾ ਹੈ, ਉਸਨੂੰ ਇਹਨਾਂ ਗੱਲਾਂ ਚੋ ਕੱਢਣਾ ਅਸੰਭਵ ਹੈ। ਜਿਨ੍ਹਾਂ ਮਰਜ਼ੀ ਜ਼ੋਰ ਲਾ ਲਵੋ। ਕੋਈ ਵੀ ਗੱਲ ਕਹਿ ਲਵੋ ਪਰ ਓਹ ਆਪਣੇ ਗੁਰੂ ਦੇ ਖਿਲ਼ਾਫ ਨਹੀਂ ਜਾਣਗੇ। ਜਿਸ ਕਰਕੇ ਇਹਨਾਂ ਦਾ ਧੰਦਾ ਐਵੇਂ ਹੀ ਚੱਲਦਾ ਰਹੇਗਾ।
ਇਹ ਤਾਂ ਮੈਂਸ ਅੱਗੇ ਬੀਨ ਵਜਾਉਣ ਵਾਲਾ ਕੰਮ ਹੋ ਜਾਂਦਾ ਹੈ।

ਇਕ ਵੀਰ ਨੇ ਮੈਨੂੰ ਪੁੱਛਿਆ ਕਿ ਜਦੋਂ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ, ਤਾਂ ਸਾਡਾ ਮਨ ਜਾ ਹਲਕਾ ਕਿਉਂ ਹੋ ਜਾਂਦਾ ਹੈ। ਸਾਨੂੰ ਚੰਗਾ ਕਿਉਂ ਮਹਿਸੂਸ ਹੋਣ ਲੱਗ ਜਾਂਦਾ ਹੈ?
ਤੁਸੀ ਵੀ ਇਹ ਗੱਲ ਬਾਰੇ ਜ਼ਰੂਰ ਸੋਚਿਆ ਹੋਵੇਗਾ। 
ਆਖਿਰਕਾਰ ਏਦਾਂ ਕਿਉਂ ਹੁੰਦਾ ਹੈ? 
ਕਿ ਇਹ ਕਿਸੇ ਦੇਵੀ ਦੇਵਤੇ ਜਾਂ ਰੱਬ ਕਰਕੇ ਹੁੰਦਾ ਹੈ?
ਦੇਖੋ ਆਪਾਂ ਸਭ ਕੋਈ ਵੀ ਦੇਵੀ ਦੇਵਤਾ, ਜਾਂ ਰੱਬ ਹੋਵੇ, ਆਪਾਂ ਉਸਤੋਂ ਡਰ ਦੇ ਹਾਂ। ਆਪਣੇ ਦਿਮਾਗ ਵਿਚ ਕੀਤੇ ਨਾ ਕੀਤੇ ਓਹਨਾਂ ਦਾ ਡਰ ਬੈਠਿਆ ਹੁੰਦਾ ਹੈ। ਜਦੋਂ ਆਪਾਂ ਕਿਸੇ ਧਾਰਮਿਕ ਸਥਾਨ ਉੱਤੇ ਜਾਂਦੇ ਹਾਂ ਤਾਂ ਆਪਾਂ ਕਿਸੇ ਬਾਰੇ ਕੁਝ ਗ਼ਲਤ ਨਹੀਂ ਸੋਚਦੇ, ਸਿਰਫ ਚੰਗੀਆਂ ਗੱਲਾਂ ਸੋਚਦੇ ਹਾਂ, ਚੰਗੇ ਵਿਚਾਰ ਹੀ ਲੈਕੇ ਆਉਦੇ ਹਾਂ ਮਨ ਵਿਚ, ਜਿਸ ਕਰਕੇ ਆਪਣਾ ਮਨ ਹਲਕਾ ਹੋ ਜਾਂਦਾ ਹੈ, ਆਪਣਾ ਮਨ ਸਥਿਰ ਹੋ ਜਾਂਦਾ ਹੈ। 
ਪਰ ਹੁਣ ਲੋਕ ਕਹਿਣਗੇ, ਫਿਰ ਜੇ ਅਸੀਂ ਘਰ ਏਦਾਂ ਦਾ ਕੁਝ ਸੋਚੀਏ ਤਾਂ ਕਿਉਂ ਨੀ ਮਨ ਹਲਕਾ ਹੁੰਦਾ।
ਦੇਖੋ ਘਰ ਕਿਸੇ ਦਾ ਡਰ ਨਹੀਂ ਹੁੰਦਾ, ਆਪਾਂ ਘਰ ਉਸ ਤਰੀਕੇ ਨਾਲ ਨਹੀਂ ਸੋਚ ਸਕਦੇ ਜਿਸ ਤਰੀਕੇ ਨਾਲ ਇਕ ਧਾਰਮਿਕ ਸਥਾਨ ਤੇ ਸੋਚਦੇ ਹਾਂ। ਓਥੇ ਆਪਣੇ ਦਿਮਾਗ ਵਿਚ ਇਹ ਗੱਲ ਹੁੰਦੀ ਹੈ ਕਿ ਰੱਬ ਜਾਂ ਦੇਵੀ ਦੇਵਤੇ ਏਥੇ ਆਪਣੀ ਗੱਲ ਜਲਦੀ ਸੁਣਦੇ ਹਨ, ਜਾਂ ਉਹਨਾਂ ਸਥਾਨਾਂ ਤੇ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ। ਜੇਕਰ ਆਪਾਂ ਨੇ ਕੁਝ ਗ਼ਲਤ ਸੋਚਿਆ ਤਾਂ ਆਪਾਂ ਨੂੰ ਪਾਪ ਲੱਗੇਗਾ । ਤਾਂ ਉਸ ਡਰ ਤੋ ਆਪਣਾ ਮਨ ਹਲਕਾ ਹੁੰਦਾ ਹੈ। 
ਹੁਣ ਕਈਆਂ ਨੇ ਕਹਿਣਾ ਕਿ ਅਸੀਂ ਤਾਂ ਮੰਦਿਰ ਚ ਜਾਕੇ ਡਰ ਦੇ ਹੀ ਨਹੀਂ, ਸਾਡੇ ਦਿਮਾਗ ਚ ਏਦਾਂ ਦੀ ਕੋਈ ਗੱਲ ਆਉਂਦੀ ਹੀ ਨਹੀਂ।
ਦੇਖੋ ਆਪਣਾ ਦਿਮਾਗ ਗੱਲਾਂ ਨੂੰ ਸਟੋਰ ਕਰਦਾ ਰਹਿੰਦਾ ਹੈ। ਕੁਝ ਗੱਲਾਂ ਆਪਣੇ ਦਿਮਾਗ ਵਿਚ ਵੱਸ ਜਾਂਦੀਆਂ ਹਨ। ਆਪਾਂ ਉਂਝ ਭਾਵੇਂ ਨਾ ਸੋਚੀਏ ਓਹਨਾਂ ਗੱਲਾਂ ਬਾਰੇ, ਪਰ ਕੀਤੇ ਨਾ ਕੀਤੇ ਉਹ ਗੱਲਾਂ ਆਪਣੇ ਦਿਮਾਗ ਤੇ ਅਸਰ ਕਰਦਿਆਂ ਹਨ। ਕੁਦਰਤੀ ਤੌਰ ਤੇ ਬੰਦਾ ਰੱਬ ਤੋਂ ਡਰਦਾ ਹੈ। ਇਹ ਡਰ ਸਾਡੇ ਦਿਮਾਗ ਵਿਚ ਛੋਟੇ ਹੁੰਦੇ ਤੋਂ ਹੀ ਵੱਸਿਆ ਹੁੰਦਾ ਹੈ।

ਅੱਜ ਦੇ ਸਮੇਂ ਕਿਹਾ ਜਾਂਦਾ ਹੈ ਕਿ ਵਿਗਿਆਨ ਰੱਬ ਦੇ ਬਹੁਤ ਨਜ਼ਦੀਕ ਪਹੁੰਚ ਗਿਆ ਹੈ ਪਰ ਅਸਲ ਵਿਚ ਵਿਗਿਆਨ ਹਾਲੇ ਆਪਣੀ ਉਮੀਦ ਨਾਲੋਂ ਕੋਹਾਂ ਦੂਰ ਹੈ। ਜਦੋਂ ਰੱਬ ਦੀ ਗੱਲ ਆਉਂਦੀ ਹੈ ਤਾਂ ਗੱਲਾਂ ਗੁੰਝਲਦਾਰ ਹੋ ਜਾਂਦੀਆਂ ਹਨ। ਕੋਈ ਇਕ ਸਿਰਾ ਨਹੀਂ ਮਿਲਦਾ ਜਿਥੋਂ ਗੱਲ ਸ਼ੁਰੂ ਕਰ ਸਕੀਏ ਕਿਉਂਕਿ ਜੇ ਸਭ ਨੂੰ ਰੱਬ ਨੇ ਬਣਾਇਆ ਤਾਂ ਰੱਬ ਨੂੰ ਕਿਸਨੇ ਬਣਾਇਆ। ਇਹ ਉਹ ਗੱਲ ਹੈ ਜਿਥੇ ਆਕੇ ਬਹਿਸ ਇਕ ਨਵਾਂ ਮੋੜ ਲੈ ਲੈਂਦੀ ਹੈ। 
ਮੈਂ ਕੱਲ ਹੀ ਕਿਸੇ ਦੀ ਇੰਟਰਵਿਊ ਦੇਖ ਰਿਹਾ ਸੀ। ਉਸਨੇ ਕਿਹਾ ਰੱਬ ਹੈ ਹੀ ਨਹੀਂ, ਇਹ ਕੁਦਰਤ ਹੈ ਜਿਸਤੋਂ ਜੀਵਨ ਉਪਜਿਆ ਹੈ, ਪਰ ਜੇ ਕੁਦਰਤ ਨੇ ਇਨਸਾਨ ਨੂੰ ਸਿਰਜਿਆ ਹੈ ਤਾਂ ਇਨਸਾਨ ਵਿਚ ਚੱਲਣ ਫਿਰਨ,  ਸੋਚਣ ਸਮਝਣ ਦੀ ਤਾਕਤ ਕਿਵੇਂ ਆਈ..?
ਜੇਕਰ ਇਕ ਇਨਸਾਨ ਸਾਰੇ ਪਾਰ੍ਟ ਲਾਉਣ ਤੋਂ ਬਾਅਦ ਗੱਡੀ ਬਣਾਉਂਦਾ ਹੈ, ਇੰਜਣ ਫਿੱਟ ਕਰਦਾ ਹੈ, ਜਿਸ ਨਾਲ ਗੱਡੀ ਚੱਲਦੀ ਹੈ ਤਾਂ ਆਪਣੇ ਵਿਚ ਇੰਜਣ ਫਿੱਟ ਕਰਨ ਵਾਲਾ ਕੌਣ ਹੈ? ਜਿਸ ਨਾਲ ਆਪਾਂ ਚੱਲਦੇ ਫਿਰਦੇ ਹਾਂ। 
ਕਿਸ ਨੇ ਆਪਣੇ ਅੰਦਰ ਇਹ ਦਿਲ ਤੇ ਦਿਮਾਗ ਫਿੱਟ ਕਰਿਆ? 
ਤਰਕ ਦੇਣਾ ਬਹੁਤ ਸੌਖਾ ਹੈ ਕਿ ਕੁਦਰਤ ਤੋੰ ਇਨਸਾਨ ਬਣਾਇਆ ਹੈ, ਪਰ ਜੇ ਥੋੜ੍ਹਾ ਦਿਮਾਗ ਲਾ ਕੇ ਸੋਚੀਏ ਤਾਂ ਇਹ ਚੀਜ਼ ਅਸੰਭਵ ਜਿਹੀ ਜਾਪਣ ਲੱਗ ਜਾਂਦੀ ਹੈ। ਪਰ ਆਪਣੇ ਅੰਦਰ ਏਨੀਆਂ ਬਾਰੀਕ ਬਾਰੀਕ ਚੀਜ਼ਾਂ ਹਨ। ਉਹ ਕਿਵੇਂ ਆਪਣੇ ਆਪ ਬਣ ਸਕਦੀਆਂ ਹਨ।
ਆਪਾਂ ਸੱਚ ਤੋਂ ਬਹੁਤ ਦੂਰ ਹਾਂ, ਆਪਣੇ ਇਨਸਾਨੀ ਦਿਮਾਗ ਨਾਲ ਸ਼ਾਇਦ ਇਹ ਚੀਜ਼ ਸੋਚਣੀ ਸ਼ਾਇਦ ਸੰਭਵ ਨਾ ਹੋਵੇ, ਕਿਉਂਕਿ ਕਿੰਨੇ ਹੀ ਲੋਕਾਂ ਨੇ ਇਸ ਗੱਲ ਬਾਰੇ ਲਿਖਿਆ ਹੈ, ਪਰ ਹਾਲੇ ਤੱਕ ਇਸ ਗੱਲ ਦਾ ਕੀਤੇ ਕੁਝ ਵੀ ਨਹੀਂ ਪਤਾ। ਆਪਾਂ ਨੂੰ ਪਤਾ ਵੀ ਨਹੀਂ ਹੈ ਕਿ ਆਪਾਂ ਜਿਸ ਦੁਨਿਆਂ ਵਿਚ ਰਹਿ ਰਹੇ ਹਾਂ, ਆਖਿਰਕਾਰ ਚੀਜ਼ ਕਿ ਹੈ ਓਹ,
ਮੇਰਾ ਮਕਸਦ ਇਹ ਨਹੀਂ ਕਿ ਤੁਸੀ ਰੱਬ ਤੋਂ ਦੂਰ ਹੋ ਜਾਵੋਂ, ਜ਼ਿਆਦਾਤਰ ਲੋਕਾਂ ਨੇ ਤਾਂ ਇਹ ਸਮਝਿਆ ਕਿ ਮੈਂ ਚਾਹੁੰਦਾਂ ਹਾਂ, ਲੋਕ ਰੱਬ ਤੋੰ ਦੂਰ ਹੋ ਜਾਣ, ਪਰ ਮੇਰਾ ਅਸਲ ਮਕਸਦ ਤਾਂ ਇਹ ਹੈ ਕਿ ਘੱਟੋ ਘੱਟ ਲੋਕ ਸਮਝਣ ਤਾਂ ਸਹੀ, ਕਿ ਗ਼ਲਤ ਹੈ ਤੇ ਕਿ ਸਹੀ । ਘੱਟੋ ਘੱਟ ਲੋਕ ਸਮਝਣ ਤਾਂ ਸਹੀ, ਤਰਕ ਨਾਲ ਸੋਚਣ ਤਾਂ ਸਹੀ।
ਕਈ ਲੋਕ ਮੈਨੂੰ ਤਰਕਸੀਲ ਤੋਂ ਪ੍ਰਭਾਵਿਤ ਦੱਸਦੇ, ਕਈ ਨਾਸਤਿਕ ਕਹਿੰਦੇ ਹਨ, ਕਈ ਤਰਕਸੰਗਤ ਦੱਸਦੇ ਹਨ ਹੋਰ ਪਤਾ ਨਹੀਂ ਕਿਸ ਕਿਸ ਨਾਲ ਤੋੰ ਬੁਲਾਇਆ ਗਿਆ ਹੈ ਮੈਨੂੰ, ਕਈ ਮੇਰੀ ਛੋਟੀ ਉਮਰ ਵਜ੍ਹਾ ਦੱਸਦੇ ਹਨ ਕਿ ਤੇਰੀ ਉਮਰ ਛੋਟੀ ਆ ਤੈਨੂੰ ਹਾਲੇ ਬਹੁਤ ਕੁਝ ਪਤਾ ਲੱਗਣਾ ਹਾਲੇ,

ਏਥੇ ਕਿੰਨੇ ਹੀ ਲੋਕ ਹਨ, ਜਿਨ੍ਹਾਂ ਨੂੰ ਲੱਗਦਾ ਹੈ ਸਾਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੈ। ਅਸਲ ਵਿਚ ਉਹ ਰੱਬ ਬਾਰੇ ਏਨਾ ਸੋਚਦੇ ਹਨ, ਉਹਨਾਂ ਦਾ ਦਿਮਾਗ ਉਹਨਾਂ ਦੇ ਆਲੇ ਦੁਆਲੇ ਇਕ ਭਰਮ ਪੈਦਾ ਕਰ ਦਿੰਦਾ ਹੈ, ਜਿਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਰੱਬ ਦਿਖ ਗਿਆ ਹੈ। ਉਹ ਇਕ ਭਰਮ ਵਿਚ ਜੀ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਇਹੀ ਸੱਚ ਹੈ ਪਰ ਓਹ ਤਾਂ ਸੱਚ ਦੇ ਕੀਤੇ ਨੇੜੇ ਤੇੜੇ ਵੀ ਨਹੀਂ ਹੁੰਦੇ। 
ਜੇ ਏਦਾਂ ਰੱਬ ਮਿਲ ਜਾਂਦਾ ਤਾਂ ਅੱਜ ਦੇ ਸਾਰੇ ਵਿਗਿਆਨੀ ਬਾਬੇ ਬਣ ਕੇ ਰੱਬ ਨਾਲ ਗੱਲਾਂ ਕਰ ਰਹੇ ਹੁੰਦੇ ਤੇ ਰੱਬ ਨਾਲ ਬੈਠ ਕੇ ਦੁਨੀਆਂ ਨੂੰ ਵਧਿਆ ਬਣਾਉਣ ਬਾਰੇ ਸਲਾਹਾਂ ਕਰ ਰਹੇ ਹੁੰਦੇ। 
ਕਿ ਲੋੜ ਸੀ ਫੇਰ ਵਿਗਿਆਨ ਦੀ, ਜਦੋਂ ਆਪਾਂ ਰੱਬ ਨਾਲ ਸਿੱਧੀ ਹੀ ਗੱਲ ਹੋ ਜਾਂਦੀ ਹੈ। 
ਰੱਬ ਨੂੰ ਸਿੱਧਾ ਹੀ ਪੁੱਛਲੋ ਵੀ ਕਿ ਸੋਚ ਕੇ ਤੈਨੇ ਧਰਤੀ ਬਣਾਈ ਸੀ?
ਇਹ ਸਭ ਗੱਲਾਂ ਬਾਰੇ ਜੇ ਆਪਾਂ ਨਾ ਸੋਚੀਏ ਤਾਂ ਇਹ ਅਜ਼ੀਬ ਨਹੀਂ ਲੱਗਦੀਆਂ ਪਰ ਜੇਕਰ ਥੋੜ੍ਹਾ ਬਹੁਤ ਸੋਚੀਏ ਤਾਂ ਕਿੰਨੇ ਹੀ ਸਵਾਲ ਪੈਦਾ ਹੋ ਜਾਣਗੇ।
ਆਪਣੀ ਮੁਸੀਬਤ ਇਹ ਹੈ, ਆਪਣੇ ਦਿਮਾਗ ਵਿਚ ਜਦੋਂ ਕਦੇ ਕੋਈ ਸਵਾਲ ਆਉਂਦਾ ਹੈ ਤਾਂ ਆਪਾਂ ਕਿਸੇ ਧਾਰਮਿਕ ਬੰਦੇ ਤੋਂ ਪੁੱਛ ਬੈਠਦੇ ਹਾਂ, ਜੋ ਕਿ ਆਪਣੇ ਕੋਲੋਂ ਬਣਾ ਕੇ ਕੁਝ ਗੱਲਾਂ ਦੱਸ ਦਿੰਦਾ ਹੈ, ਜਿਸ ਨੂੰ ਸੱਚ ਮੰਨ ਕੇ ਆਪਾਂ ਆਪਣੀ ਪੂਰੀ ਜ਼ਿੰਦਗੀ ਕੱਢ ਦਿੰਦੇ ਹਾਂ।

ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜੋ ਰਾਜੇ ਸਨ, ਜੋ ਆਪਣੀ ਬਹਾਦਰੀ ਦੇ ਕਿੱਸੇ ਗਵਾਉਂਦੇ ਸਨ ਗਵੱਈਆਂ ਕੋਲੋਂ ਤੇ ਉਹ ਗਵੱਈਏ ਸਾਰੇ ਨਗਰ ਵਿੱਚ ਜਾਕੇ ਉਹ ਕਿੱਸੇ ਵਧਾ ਚੜ੍ਹਾ ਕੇ ਗਾਉਂਦੇ ਸਨ। ਉਹ ਰਾਜੇ ਉਸ ਸਮੇਂ ਦੇ ਲੇਖਕਾਂ ਕੋਲੋਂ ਆਪਣੀ ਬਹਾਦਰੀ ਨੂੰ ਵਧਾ ਚੜ੍ਹਾ ਕੇ ਲਿਖਵਾਉਂਦੇ ਸਨ, ਤਾਂ ਕਿ ਉਹਨਾਂ ਨੂੰ ਆਉਣ ਵਾਲੇ ਹਜ਼ਾਰਾਂ ਹੀ ਸਾਲਾਂ ਤੱਕ ਯਾਦ ਰੱਖਿਆ ਜਾਵੇ। ਕਈ ਵਾਰ  ਗਵੱਈਏ ਜਾਂ ਲੇਖਕ ਰਾਜੇ ਤੋਂ ਇਨਾਮ ਪ੍ਰਾਪਤ ਕਰਨ ਲਈ ਉਹਨਾਂ ਬਾਰੇ ਚੰਗੀਆਂ-ਚੰਗੀਆਂ ਗੱਲਾਂ ਲਿਖਦੇ ਤੇ ਸੁਣਾਉਂਦੇ ਸਨ। ਕਿਸੇ ਕਹਾਣੀ ਵਿੱਚ ਲੇਖਕ ਉਸ ਰਾਜੇ ਨੂੰ ਕਿਸੇ ਰੱਬ ਦਾ ਰੂਪ ਦੱਸਦੇ ਸਨ ਤੇ ਕਦੇ ਕਹਾਣੀ ਵਿੱਚ ਕਿਸੇ ਹੋਰ ਮਹਾਪੁਰੁਸ਼ ਦਾ ਰੂਪ, ਕਿਸੇ ਕਹਾਣੀ ਵਿੱਚ ਉਸ ਰਾਜੇ ਨੂੰ ਬਹੁਤ ਬਲਵਾਨ ਦੱਸਿਆ ਜਾਂਦਾ ਸੀ। ਏਵੇਂ ਹੀ ਉਸ ਰਾਜੇ ਦੇ ਆਲੇ ਦੁਆਲੇ ਇੱਕ ਕਾਲਪਨਿਕ ਦੁਨੀਆਂ ਘੜੀ ਜਾਂਦੀ ਹੈ। ਜਿਸ ਵਿੱਚ ਦੱਸਿਆ ਜਾਂਦਾ ਹੈ ਕੀ ਉਸ ਰਾਜੇ ਨੇ ਕਿੰਨੇ ਰਾਖਸ਼ਸ਼ ਮਾਰੇ ਸਨ ਜਾਂ ਏਦਾਂ ਦੀ ਕੋਈ ਹੋਰ ਗੱਲ ਜਿਸ ਨਾਲ ਉਸ ਰਾਜੇ ਨੂੰ ਮਹਾਨ ਦਰਸਾਇਆ ਜਾ ਸਕੇ। ਏਵੇਂ ਹੀ ਪੈਦਾ ਹੋਏ ਹਨ ਕਈ ਉਹ ਲੋਕ, ਜਿਨ੍ਹਾਂ ਨੂੰ ਅਸੀਂ ਅੱਜ ਦੇ ਸਮੇਂ ਬਹੁਤ ਜ਼ਿਆਦਾ ਮਹਾਨ ਮੰਨਦੇ ਹਾਂ ਤੇ ਕਈ ਧਾਰਮਿਕ ਕਿਤਾਬਾਂ ਵੀ ਏਵੇਂ ਹੀ ਬਣਾਈਆਂ ਹਨ। ਕਈ ਕਹਾਣੀਆਂ ਏਵੇਂ ਦੀਆਂ ਹਨ, ਜੋ ਲੋਕਾਂ ਸਾਹਮਣੇ ਨਹੀਂ ਆਈਆਂ, ਸਮੇਂ ਨਾਲ ਜਿਹਨਾਂ ਦਾ ਵਜੂਦ ਹੀ ਖ਼ਤਮ ਹੋ ਗਿਆ। ਜੇਕਰ ਇਹ ਕਹਾਣੀਆਂ ਵੀ ਅੱਜ ਆਪਣੇ ਸਾਹਮਣੇ ਹੁੰਦੀਆਂ ਤਾਂ ਪਤਾ ਨਹੀਂ ਹੋਰ ਕਿੰਨੀ ਤਰ੍ਹਾਂ ਦੇ ਰੱਬ ਆਪਣੇ ਸਾਹਮਣੇ ਹੋਣੇ ਸੀ।

ਕੁਝ ਦਿਨ ਪਹਿਲਾਂ ਮੈਂ ਸਾਡੇ ਪਿੰਡ ਵਾਲੇ ਮੰਦਿਰ ਵਿਚ ਬੈਠਾ ਸੀ। ਕੁਝ ਬੰਦੇ ਇੱਕ ਕੁੱਤੇ ਨੂੰ ਥੈਲੇ ਵਿੱਚ ਪਾਕੇ ਕੀਤੇ ਦੂਰ ਛੱਡ ਕੇ ਆ ਰਹੇ ਸਨ। ਇਹ ਦੇਖ ਕੇ ਮੰਦਿਰ ਦੇ ਪੰਡਿਤ ਨੇ ਦੱਸਿਆ, “ਕਿੰਨਾ ਪਾਪ ਕਰ ਰਹੇ ਨੇ ਇਹ, ਤੈਨੂੰ ਪਤਾ , ਪਹਿਲਾ ਜਾਨਵਰ ਕੁੱਤਾ ਹੀ ਸੀ ਜੋ ਸਵਰਗ ਵਿੱਚ ਗਿਆ ਸੀ।
ਮੈਂ ਸੋਚਿਆ “ਕਿ…? ਪਹਿਲਾ ਜਾਨਵਰ ਕੁੱਤਾ ਗਿਆ ਸੀ ਸਵਰਗ ਵਿਚ…? ਉਸ ਤੋਂ ਪਹਿਲਾਂ ਜਾਨਵਰ ਕਿੱਥੇ ਜਾਂਦੇ ਸਨ ਮਰ ਕੇ…? ਕੁੱਤੇ ਤੇ ਜਾਨਵਰ ਕਿਸ ਹਿਸਾਬ ਨਾਲ ਨਰਕ ਤੇ ਸਵਰਗ ਜਾਂਦੇ ਹਨ…? 
ਕੀ ਉਹਨਾਂ ਦੇ ਵੀ ਪਾਪ ਦੇ ਪੁੰਨ ਦਾ ਲੇਖਾ ਜੋਖਾ ਲਿਆ ਜਾਂਦਾ ਹੈ…?
ਉਹ ਤਾਂ ਕੋਈ ਪਾਠ, ਪੂਜਾ ਵੀ ਨਹੀਂ ਕਰਦੇ ਨਾ ਉਹ ਕਦੇ ਨਮਾਜ਼ ਪੜ੍ਹਦੇ ਹਨ…ਫਿਰ ਕਿਵੇਂ ਫੈਸਲਾ ਲਿਆ ਜਾਂਦਾ ਕਿ ਕਿਹੜਾ ਜਾਨਵਰ ਨਰਕ ਵਿੱਚ ਜਾਉਗਾ ਤੇ ਕਿਹੜਾ ਸਵਰਗ ਵਿੱਚ…?”

ਇੱਕ ਧਾਰਮਿਕ ਗ੍ਰੰਥ ਵਿੱਚ ਲਿਖਿਆ ਸੀ ਕਿ ਧਰਤੀ ਚਾਰ ਦਿਨਾਂ ਵਿੱਚ ਬਣੀ, ਚੌਥੇ ਦਿਨ ਸੂਰਜ ਦਾ ਉਜਾਲਾ ਹੋਇਆ ਸੀ।
ਹੁਣ ਦੇਖੋ, ਆਪਣੀ ਧਰਤੀ ਤੇ ਦਿਨ ਤੇ ਰਾਤ ਧਰਤੀ ਦੇ ਘੁੰਮਣ ਨਾਲ ਹੁੰਦੇ ਹਨ। ਜੇ ਧਰਤੀ ਤੇ ਹਮੇਸ਼ਾ ਦਿਨ ਹੀ ਰਹੇ ਜਾਂ ਰਾਤ ਹੀ ਰਹੇ ਤਾਂ ਫਿਰ ਸਮੇਂ ਦਾ ਮਾਪਦੰਡ ਸ਼ਾਇਦ ਕੁਝ ਹੋਰ ਹੋਣਾ ਸੀ। ਇਹ 24 ਘੰਟੇ ਵਾਲਾ ਤਰੀਕਾ ਸ਼ਾਇਦ ਫਿਰ ਨਾ ਹੁੰਦਾ, ਹੁਣ ਸਵਾਲ ਇਹ ਆਉਂਦਾ ਜਦੋਂ ਸੂਰਜ ਦਾ ਜਨਮ ਹੀ ਨਹੀਂ ਸੀ ਹੋਇਆ, ਤਾਂ ਸਮੇਂ ਦਾ ਮਾਪਦੰਡ ਕਿ ਸੀ ਉਸ ਸਮੇਂ?
ਇਹ ਕਿਵੇਂ ਦੇਖਿਆ ਗਿਆ ਸੀ ਕਿ 4 ਦਿਨ ਕਿਹੜੇ ਹਿਸਾਬ ਨਾਲ ਹੋਏ ਸਨ।
ਜਦੋਂ ਹਰ ਪਾਸੇ ਹਨੇਰਾ ਹੈ, ਸਮੇਂ ਦਾ ਕੋਈ ਚੱਕਰ ਹੀ ਨਹੀਂ, ਤਾਂ ਕਿਵੇਂ ਪਤਾ ਲੱਗਿਆ ਕਿ 4 ਦਿਨ ਵਿੱਚ ਧਰਤੀ ਬਣੀ ਸੀ?
ਕਿ ਕਿਸੇ ਇਨਸਾਨ ਨੇ ਇੱਕ ਤੁੱਕਾ ਲਾਇਆ ਸੀ ਕਿ ਸ਼ਾਇਦ ਧਰਤੀ ਬਣਨ ਨੂੰ 4 ਦਿਨ ਲੱਗੇ ਸਨ?

ਇੱਕ ਧਰਮ ਵਿੱਚ ਕਿਹਾ ਜਾਂਦਾ ਹੈ ਕੀ ਪਹਿਲਾਂ ਬੜੇ ਬੜੇ ਰਾਖਸ਼ਸ਼ ਹੁੰਦੇ ਸਨ। ਜੋ ਇੱਕ ਆਮ ਇਨਸਾਨ ਤੋਂ 10 ਜਾਂ ਉਸ ਤੋਂ ਵੱਧ ਗੁਣਾ ਵੱਡੇ ਹੁੰਦੇ ਸਨ। ਪਰ ਹੈਰਾਨੀ ਦੀ ਗੱਲ ਇਹ ਹੈ, ਇਨਸਾਨਾਂ ਤੋਂ ਪਹਿਲਾਂ ਪੈਦਾ ਹੋਏ ਡਾਇਨਾਸੋਰਾਂ ਦੀਆਂ ਹੱਡੀਆਂ ਤਾਂ ਹੁਣ ਤੱਕ ਮਿਲ ਰਹੀਆਂ ਹਨ। ਪਰ ਓਹ ਰਾਖਸ਼ਸ਼ਾਂ ਦਾ ਹਾਲੇ ਤੱਕ ਕੋਈ ਕੰਕਾਲ ਨਹੀਂ ਮਿਲਿਆ, ਕੰਕਾਲ ਤਾਂ ਦੂਰ ਦੀ ਗੱਲ ਕੋਈ ਏਦਾਂ ਦੀ ਅਸਲੀ ਗੱਲ ਵੀ ਨਹੀਂ ਹੋਈ ਜਿਸ ਤੋਂ ਪਤਾ ਲੱਗ ਸਕੇ ਕਿ ਏਦਾਂ ਦੇ ਕੋਈ ਰਾਖਸ਼ਸ਼ ਕਦੇ ਮੌਜੂਦ ਵੀ ਹੁੰਦੇ ਸਨ। ਬਸ ਕਹਾਣੀਆਂ ਤੋਂ ਹੀ ਇਹ ਗੱਲਾਂ ਪਤਾ ਚਲਦੀਆਂ ਹਨ। ਕਦੇ ਕਿਸੇ ਜਗ੍ਹਾ ਤੇ ਕੋਈ ਪੈਰਨੁਮਾ ਜਾਂ ਹੱਥਨੁਮਾ ਨਿਸ਼ਾਨ ਮਿਲ ਜਾਂਦਾ ਹੈ ਤਾਂ ਉਸਨੂੰ ਵੀ ਧਾਰਮਿਕ ਅਧਾਰ ਨਾਲ ਜੋੜਿਆ ਜਾਂਦਾ ਹੈ। ਕੀ ਇਹ ਉਸ ਫਲਾਣੇ ਦਾ ਹੱਥ ਜਾਂ ਪੈਰ ਹੈ।

ਚੱਲੋ ਛੱਡੋ…ਇਸ ਟੋਪੀਕ ਤੋਂ ਹੱਟ ਕੇ ਇੱਕ ਗੱਲ ਮੇਰੇ ਦਿਮਾਗ ਵਿੱਚ ਆਈ ਹੈ। ਅੱਜ ਹੀ ਮੈਂ ਇੱਕ ਫਿਲਮ ਦੇਖ ਰਿਹਾ ਸੀ। ਜਿਸ ਵਿੱਚ ਫਿਲਮ ਦਾ ਅਦਾਕਾਰ ਬਹੁਤ ਅਮੀਰ ਹੁੰਦਾ ਹੈ। ਉਸਦੀ ਇੱਕ ਗਲਤੀ ਨਾਲ ਬਹੁਤ ਜਾਨਾਂ ਚਲੀਆਂ ਜਾਂਦੀਆਂ ਹਨ। ਅਦਾਕਾਰ ਅਮੀਰ ਹੁੰਦਾ ਹੈ ਜਿਸ ਕਰਕੇ ਉਹ ਆਪਣੇ ਪੈਸਿਆਂ ਨਾਲ ਅੱਗੇ ਲੋਕਾਂ ਦੀ ਭਲਾਈ ਕਰਨ ਲੱਗ ਜਾਂਦਾ ਹੈ, ਤਾਂ ਕਿ ਉਹ ਉਸ ਪਾਪ ਨੂੰ ਧੋ ਸਕੇ। ਕਿਉਂਕਿ ਉਸਦੀ ਇੱਕ ਗਲਤੀ ਕਾਰਨ ਸੈਂਕੜੇ ਦੀ ਗਿਣਤੀ ਵਿੱਚ ਲੋਕ ਮਰੇ ਸਨ। ਜਿਨ੍ਹਾਂ ਦੀਆਂ ਜਾਨਾਂ ਗਈਆਂ ਸਨ, ਉਹਨਾਂ ਵਿੱਚੋਂ ਕਿਸੇ ਇੱਕ ਨੌਜਵਾਨ ਦੀ ਮਾਂ ਆਕੇ ਉਸ ਅਦਾਕਾਰ ਨੂੰ ਇੱਕ ਗੱਲ ਕਹਿੰਦੀ ਹੈ, ਜਿਸ ਗੱਲ ਨੇ ਮੇਰੇ ਦਿਮਾਗ ਨੂੰ ਸੋਚਣ ਤੇ ਮਜ਼ਬੂਰ ਕਰ ਦਿਤਾ। ਏਨੀ ਖੂਬਸੂਰਤ ਤੇ ਡੂੰਗੀ ਗੱਲ ਕਹੀ , ਉਸ ਮਾਂ ਨੇ ਕਿਹਾ “ਤੁਸੀ ਅਮੀਰ ਲੋਕ ਆਪਣੇ ਪੈਸਿਆਂ ਦੇ ਨਾਲ ਪਾਪ ਦੇ ਬਰਾਬਰ ਪੁੰਨ ਖਰੀਦਣ ਦੀ ਤਾਕਤ ਰੱਖਦੇ ਹੋ ਹਨਾ, ਤੁਹਾਨੂੰ ਇਹ ਕਦੇ ਮਹਿਸੂਸ ਨਹੀਂ ਹੋ ਸਕਦਾ, ਕਿਸੇ ਨੂੰ ਏਵੇਂ ਖੋ ਕੇ ਕਿਵੇਂ ਦਾ ਮਹਿਸੂਸ ਹੁੰਦਾ ਹੈ”
ਜੇਕਰ ਤੁਸੀ ਸੋਚੋਂਗੇ ਤਾਂ ਇਹ ਇੱਕ ਬਹੁਤ ਬੜੀ ਗੱਲ ਹੈ ਜੋ ਆਪਣੇ ਅੱਜ ਦੇ ਸਮਾਜ ਉੱਤੇ ਢੁੱਕਦੀ ਹੈ। ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਬਹੁਤ ਪਾਪ ਕਰਦਾ ਹੈ ਪਰ ਇੱਕ ਸਮੇਂ ਤੇ ਆਕੇ ਉਸਨੂੰ ਲੱਗਦਾ ਹੈ ਕਿ ਮੈਂ ਬਹੁਤ ਗ਼ਲਤ ਕੰਮ ਕਰੇ ਆ ਜ਼ਿੰਦਗੀ ਵਿਚ, ਤੇ ਹੁਣ ਉਹ ਬੰਦਾ ਆਪਣੇ ਪੈਸਿਆਂ ਦੇ ਨਾਲ ਪੁੰਨ ਕਰਨ ਲੱਗ ਜਾਂਦਾ ਹੈ। ਸਾਰੀ ਦੁਨੀਆਂ ਉਸਨੂੰ ਪਸੰਦ ਕਰਨ ਲੱਗ ਜਾਂਦੀ ਹੈ। ਉਸਨੂੰ ਲੱਗਦਾ ਹੈ ਕੀ ਉਸਦੇ ਸਾਰੇ ਪਾਪ ਧੋਤੇ ਜਾ ਚੁੱਕੇ ਹਨ। ਪਰ ਕੀ ਉਸ ਬੰਦੇ ਨੇ ਪੈਸਿਆਂ ਦੇ ਨਾਲ ਪਾਪ ਦੇ ਬਰਾਬਰ ਪੁੰਨ ਖਰੀਦ ਲਏ ਹਨ…?
ਕੀ ਉਸਦੇ ਪਿਛਲੇ ਸਾਰੇ ਪਾਪ ਧੋਤੇ ਗਏ ਹਨ…?
ਕੀ ਸੱਚੀ ਜੇ ਕੋਈ ਸਵਰਗ ਹੈ ਤਾਂ ਉਹ ਹੁਣ ਸਵਰਗ ਵਿੱਚ ਜਾਏਗਾ…?
ਕੀ ਕਿਸੇ ਲੋੜਵੰਦ ਦੀ ਪੈਸੇ ਨਾਲ ਮਦਦ ਕਰਨ ਨਾਲ ਉਹ ਇੱਕ ਪੁੰਨ ਗਿਣਿਆ ਜਾਵੇਗਾ…?
ਇਹ ਇੱਕ ਸੋਚਣ ਵਾਲੀ ਗੱਲ ਹੈ। ਜੇਕਰ ਆਪਾਂ ਇਸ ਬਾਰੇ ਨਹੀਂ ਸੋਚਦੇ ਤਾਂ ਇਹ ਇੱਕ ਆਮ ਗੱਲ ਲੱਗਦੀ ਹੈ ਪਰ ਜੇਕਰ ਤੁਸੀਂ ਡੂੰਗਾਈ ਵਿੱਚ ਜਾਕੇ ਇਸ ਗੱਲ ਬਾਰੇ ਸੋਚੋਂਗੇ ਤਾਂ ਤੁਸੀ ਸਵਰਗ ਤੇ ਨਰਕ ਵਾਲੀ ਗੱਲ ਨੂੰ ਇੱਕ ਸ਼ੱਕ ਦੀ ਨਜ਼ਰ ਨਾਲ ਦੇਖੋਂਗੇ।
ਹਰ ਧਰਮ ਵਿੱਚ ਪਾਪ ਮਾਫ ਕਰਵਾਉਣ ਸਬੰਧੀ ਕੋਈ ਨਾ ਕੋਈ ਤਰਕ ਜ਼ਰੂਰ ਦਿੱਤਾ ਹੁੰਦਾ ਹੈ। ਜਿਵੇਂ ਕਿ ਹਿੰਦੂ ਧਰਮ ਵਿੱਚ ਗੰਗਾ ਵਿੱਚ ਨਹਾ ਕੇ ਪਾਪ ਧੋਣ ਦਾ ਜ਼ਿਕਰ ਹੈ, ਮੁਸਲਮਾਨਾਂ ਵਿੱਚ ਹੱਜ ਕਰਕੇ, ਸਿੱਖਾਂ ਵਿੱਚ ਹਰਮਿੰਦਰ ਸਾਹਿਬ ਜਾਕੇ ਪਾਪ ਮਾਫ ਕਰਵਾਉਣ ਦਾ ਜ਼ਿਕਰ ਹੈ। ਪਰ ਅਸਲ ਗੱਲ ਏਥੇ ਇਹ ਆਉਂਦੀ ਹੈ, ਜੇਕਰ ਇਹਨਾਂ ਜਗ੍ਹਾ ਉੱਤੇ ਪਾਪ ਮਾਫ ਹੁੰਦੇ ਹਨ। ਤਾਂ ਪੂਰੀ ਦੁਨੀਆਂ ਵਿੱਚ ਕੋਈ ਪਾਪੀ ਨਹੀਂ ਹੋਣਾ ਸੀ। ਸਭ ਨੇ ਇਹਨਾਂ ਜਗ੍ਹਾ ਤੇ ਆਕੇ ਪਾਪ ਮਾਫ ਕਰਵਾ ਲੈਣੇ ਸਨ। ਦੂਜੀ ਗੱਲ ਇਹ ਆਉਂਦੀ ਹੈ, ਜੇਕਰ ਸੱਚੀ ਏਵੇਂ ਪਾਪ ਮਾਫ ਹੋ ਜਾਂਦੇ ਹਨ ਤਾਂ ਪੁਲਿਸ ਵਾਲੇ ਵੀ ਉਸ ਬੰਦੇ ਨੂੰ ਗਿਰਫ਼ਤਾਰ ਨਾ ਕਰਨ ਜੋ ਇਹਨਾਂ ਜਗ੍ਹਾ ਤੇ ਜਾਕੇ ਆਪਣੇ ਪਾਪ ਮਾਫ ਕਰ ਚੁੱਕਿਆ ਹੁੰਦਾ ਹੈ। ਕਿਉਂਕਿ ਜਿਸ ਨੂੰ ਭਗਵਾਨ ਨੇ ਹੀ ਮਾਫ ਕਰ ਦਿੱਤਾ, ਤਾਂ ਆਪਾਂ ਇਨਸਾਨਾਂ ਦੀ ਕੀ ਔਕਾਤ ਉਸ ਸਾਹਮਣੇ, ਫੇਰ ਇਹ ਗੱਲਾਂ ਤਾਂ ਵੀ ਸੋਚਣ ਵਾਲਿਆਂ ਨੇ। ਜੇਕਰ ਏਵੇਂ ਸੱਚੀ ਪਾਪ ਮਾਫ ਹੋ ਜਾਂਦੇ ਹਨ। ਤਾਂ ਪੁਲਿਸ ਨੂੰ ਵੀ ਉਹ ਪਾਪ ਮਾਫ ਕਰਨੇ ਚਾਹੀਦੇ ਹਨ। 
ਹੁਣ ਕਈਆਂ ਨੇ ਕਹਿਣਾ “ਉਹ ਪਾਪ ਇਸ ਦੁਨੀਆਂ ਲਈ ਮਾਫ ਨਹੀ ਹੋਏ, ਉਹ ਪਾਪ ਤਾਂ ਮਰਨ ਤੋਂ ਬਾਅਦ ਵਾਲੀ ਦੁਨੀਆਂ ਵਾਲੇ ਨੇ”
ਪਹਿਲਾਂ ਤਾਂ ਲੋਕਾਂ ਨੂੰ ਪਤਾ ਆਪਣੀ ਇਸ ਜ਼ਿੰਦਗੀ ਬਾਰੇ ਤੱਕ ਨਹੀਂ ਹੁੰਦਾ, ਸੋਚਣ ਮੌਤ ਤੋਂ ਬਾਅਦ ਵਾਲੀ ਦੁਨੀਆਂ ਬਾਰੇ ਲੱਗ ਜਾਂਦੇ ਨੇ। 
ਸੋਚਣ ਵਾਲੀ ਗੱਲ ਇਹ ਆ ਕਿ ਆਪਾਂ ਮੌਤ ਤੋਂ ਬਾਅਦ ਵਾਲੀ ਦੁਨੀਆਂ ਦੀ ਤਿਆਰੀ ਕਰਨ ਹੀ ਆਉਂਦੇ ਆ ਕੀ ਧਰਤੀ ਤੇ…?
ਸਵਾਲ ਇਹ ਹੈ, ਆਪਣਾ ਮਕਸਦ ਕੁਝ ਰਿਹਾ ਹੀ ਨਹੀਂ, ਆਪਾਂ ਇਸ ਧਰਤੀ ਤੇ ਆਉਂਦੇ ਆ, ਪੜ ਕੇ ਨੋਕਰੀ ਲੱਗ ਜਾਂਦੇ ਹਾਂ, ਫਿਰ ਵਿਆਹ ਹੋ ਜਾਂਦਾ , ਬੱਚੇ ਹੋ ਜਾਂਦੇ ਹਨ, ਫਿਰ ਇੱਕ ਸਮਾਂ ਏਦਾਂ ਦਾ ਆਉਂਦਾ ਜਦੋਂ ਸਿਰਫ ਮੌਤ ਨੂੰ ਉਡੀਕਦੇ ਹਾਂ ਆਪਾਂ…
ਜ਼ਿੰਦਗੀ ਦਾ ਮਕਸਦ ਕੀ ਇਸ ਵਿਚ…?
ਦੇਖੋ ਆਪਣੇ ਦਿਮਾਗ ਵਿੱਚ ਇਹ ਗੱਲ ਸਿਰਫ਼ ਧਾਰਮਿਕ ਗ੍ਰੰਥਾਂ ਨੇ ਹੀ ਪਾਈ ਹੈ ਕੀ ਆਪਣਾ ਮਕਸਦ ਹੈ ਪੁੰਨ ਕਰੋ, ਸਵਰਗ ਜਾਓਗੇ, ਪਾਪ ਕਰੋ ਨਰਕ ਜਾਓਗੇ। ਆਪਾਂ ਇਹ ਹੀ ਸੋਚ ਕੇ ਜ਼ਿੰਦਗੀ ਕੱਢ ਰਹੇ ਹਾਂ ਬਸ। ਆਪਣੇ ਦਿਮਾਗ ਵਿੱਚ ਇਹ ਗੱਲ ਏਨੀ ਡੂੰਗੀ ਵੱਸ ਗਈ ਹੈ ਕਿ ਇਸ ਗੱਲ ਨੂੰ ਆਪਣੇ ਦਿਮਾਗ ਵਿਚੋਂ ਕੱਢਣਾ ਲੱਗਭਗ ਨਾਮੁਨਕੀਨ ਹੈ। ਆਪਾਂ ਇਹ ਗੱਲ ਮੰਨ ਚੁੱਕੇ ਹਾਂ ਕੀ ਇਸ ਜਨਮ ਪੁੰਨ ਕਰਾਂਗੇ ਤਾਂ ਆਪਾਂ ਨੂੰ ਸਵਰਗ ਹੀ ਮਿਲੇਗਾ।
ਪਰ ਇੱਕ ਸਵਾਲ ਹੋਰ ਉੱਠਦਾ ਇਸ ਗੱਲ ਤੋਂ, ਦੇਖੋ ਮੈਂ ਕਿਸੇ ਧਰਮ ਦੇ ਵਿਰੁੱਧ ਨਹੀਂ,ਮੇਰਾ ਮਕਸਦ ਹੈ ਸਿਰਫ ਮੈਂ ਆਪਣੇ ਸਵਾਲਾਂ ਦਾ ਜਵਾਬ ਲੱਭ ਸਕਾਂ।
ਸਵਾਲ ਇਹ ਉਠਦਾ ਹੈ ਕੀ ਹਿੰਦੂ ਧਰਮ ਤੇ ਮੁਸਲਿਮ ਧਰਮ ਅਲੱਗ-ਅਲੱਗ ਜਗ੍ਹਾ ਤੋੰ ਆਏ ਹਨ ਪਰ ਇਹਨਾਂ ਦੋਵਾਂ ਧਰਮਾਂ ਵਿੱਚ ਇੱਕ ਚੀਜ਼ ਸਾਂਝੀ ਹੈ (ਵੈਸੇ ਹੋਰ ਵੀ ਗੱਲਾਂ ਸਾਂਝੀਆਂ ਹੋ ਸਕਦੀਆਂ ਹਨ) ਉਹ ਹੈ ਮਰਨ ਤੋਂ ਬਾਅਦ ਦੀ ਦੁਨੀਆਂ, ਜਿਵੇਂ ਕੀ ਹਿੰਦੂ ਧਰਮ ਵਿੱਚ ਦੱਸਿਆ ਜਾਂਦਾ ਹੈ ਕੀ ਮਰਨ ਤੋੰ ਬਾਅਦ ਬੰਦਾ ਨਰਕ ਜਾਂ ਸਵਰਗ ਜਾਂਦਾ ਹੈ, ਉਦਾਂ ਹੀ ਮੁਸਲਿਮ ਧਰਮ ਚ ਜੰਨਤ ਤੇ ਜਾਹਨੁਮ ਦਾ ਜ਼ਿਕਰ ਹੈ।
ਏਦਾਂ ਕਿਵੇਂ ਹੋ ਸਕਦਾ ਕੀ ਦੋਵੇਂ ਧਰਮਾਂ ਵਿੱਚ ਇੱਕੋ ਜਿਹੀ ਗੱਲ ਲਿਖੀ ਹੋਈ ਹੈ ਮਰਨ ਤੋਂ ਬਾਅਦ ਦੀ ਦੁਨੀਆਂ ਬਾਰੇ…?
ਇਹ ਸਿਰਫ਼ ਇਤੇਫਾਕ ਹਾਂ ਜਾਂ ਸੱਚੀ ਮਰਨ ਤੋਂ ਬਾਅਦ ਕੋਈ ਦੁਨੀਆਂ ਹੈ…?
ਕੀ ਦੋਵੇਂ ਧਰਮਾਂ ਵਿੱਚ ਗੱਲ ਸਹੀ ਲਿਖੀ ਹੋਈ ਹੈ…?
ਕੀ ਸੱਚੀ ਮਰਨ ਤੋਂ ਬਾਅਦ ਪਾਪ ਤੇ ਪੁੰਨ ਦੇ ਹਿਸਾਬ ਨਾਲ ਨਰਕ ਤੇ ਸਵਰਗ ਮਿਲਦੀ ਹੈ…?

ਇਹ ਗੱਲਾਂ ਬਹੁਤ ਉੰਝਲਣ ਪੈਦਾ ਕਰਦੀਆਂ ਹਨ। ਕਿਵੇਂ ਪਤਾ ਲੱਗੂ ਆਪਣਾ ਕੀ ਮਕਸਦ ਹੈ ਧਰਤੀ ਤੇ ਆਉਣ ਦਾ, ਕੋਈ ਮਕਸਦ ਹੈ ਵੀ ਜਾਂ ਨਹੀਂ, ਆਪਾਂ ਏਦਾਂ ਹੀ ਟੱਕਰਾਂ ਮਾਰੀ ਜਾ ਰਹੇ ਹਾਂ ਬਸ….

“ਮੈਂ ਰੱਬ ਲੱਭਦਾ” ਦੇ ਤਿੰਨੋ ਭਾਗ ਪੜ੍ਹਨ ਤੋਂ ਬਾਅਦ ਲੱਗਭਗ 100 ਵਿਚੋਂ 60 ਪ੍ਰਤੀਸ਼ਤ ਲੋਕਾਂ ਦਾ ਇਹ ਹੀ ਕਹਿਣਾ ਸੀ ਕਿ ਇਹ ਸਵਾਲਾਂ ਦਾ ਜਵਾਬ ਤੇਰੇ ਆਪਣੇ ਅੰਦਰ ਹੈ, ਰੱਬ ਕੀਤੇ ਬਾਹਰ ਨਹੀਂ ਤੇਰੇ ਆਪਣੇ ਅੰਦਰ ਹੈ।
ਮੈਂ ਸੋਚਦਾ ਜੇ ਮੇਰੇ ਅੰਦਰ ਰੱਬ ਹੈ ਤਾਂ ਕਦੇ ਕੋਈ ਜਵਾਬ ਕਿਉਂ ਨਹੀਂ ਦਿੰਦਾ, ਕਿ ਜੋ ਮੈਂ ਬਿਨ੍ਹਾਂ ਮੂੰਹ ਹਿਲਾਏ ਬੋਲਦਾ ਹਾਂ, ਜੋ ਮੈਂ ਮਨ ਵਿੱਚ ਬੋਲਦਾ ਹਾਂ ਉਹ ਰੱਬ ਦੀ ਆਵਾਜ਼ ਹੁੰਦੀ ਹੈ?
ਕੀ ਜੋ ਮੈਂ ਇਹ ਲਿੱਖ ਰਿਹਾਂ ਹਾਂ ਇਹ ਮੇਰੇ ਤੋਂ ਰੱਬ ਲਿਖਵਾ ਰਿਹਾ ਹੈ…?
ਕੀ ਸੱਚੀ ਰੱਬ ਮੇਰੇ ਅੰਦਰ ਹੀ ਹੈ…?
ਜੇ ਰੱਬ ਮੇਰੇ ਅੰਦਰ ਹੈ ਫਿਰ ਪਾਪ ਪੁੰਨ ਦਾ ਹਿਸਾਬ ਕਿੱਥੋਂ ਆਉਂਦਾ ਹੈ?
ਜੇਕਰ ਮੇਰੇ ਅੰਦਰ ਰੱਬ ਹੈ, ਮੈਂ ਕੋਈ ਗਲਤ ਕੰਮ ਕਰਦਾਂ ਹਾਂ, ਤਾਂ ਉਹ ਗ਼ਲਤ ਕਿਵੇਂ ਹੋ ਸਕਦਾ?  ਜਦਕਿ ਮੇਰੇ ਅੰਦਰਲਾ ਰੱਬ ਮੇਰੇ ਤੋਂ ਉਹ ਕੰਮ ਕਰਵਾਉਂਦਾ ਹੈ। 
ਕਿਹਾ ਜਾਂਦਾ ਹੈ ਆਪਾਂ ਜੋ ਕਰਦੇ ਹਾਂ ਉਹ ਰੱਬ ਨੇ ਲਿਖਿਆ ਹੁੰਦਾ ਹੈ। ਰੱਬ ਜੋ ਲਿਖਦਾ ਆਪਾਂ ਓਹੀ ਕਰਦੇ ਹਾਂ। ਮੈਂ ਕਿਸੇ ਦਾ ਕਤਲ ਕਰ ਦੇਵਾਂ ਤਾਂ ਮੈਨੂੰ ਸਜ਼ਾ ਕਿਉਂ ਮਿਲਦੀ ਹੈ। ਉਹ ਸਜ਼ਾ ਤਾਂ ਰੱਬ ਨੂੰ ਮਿਲਦੀ ਚਾਹੀਦੀ ਹੈ ਜਿਸ ਨੇ ਮੇਰੇ ਤੋਂ ਇਹ ਕੰਮ ਕਰਵਾਇਆ। ਜੇਕਰ ਹਰ ਇੱਕ ਚੀਜ਼ ਪਿੱਛੇ ਰੱਬ ਦਾ ਹੱਥ ਹੁੰਦਾ ਤਾਂ ਜਿੰਨੇ ਵੀ ਪਾਪ ਧਰਤੀ ਉੱਤੇ ਹੁੰਦੇ ਹਨ। ਉਹਨਾਂ ਸਭ ਦੀ ਸਜ਼ਾ ਰੱਬ ਨੂੰ ਮਿਲਦੀ ਚਾਹੀਦੀ ਹੈ, ਜੋ ਆਪਣੇ ਤੋਂ ਇਹੋ ਜਿਹੇ ਕੰਮ ਕਰਵਾਉਂਦਾ ਹੈ। ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦੀ ਉਮਰ ਹੀ ਬਸ ਏਨੀ ਲਿਖੀ ਸੀ ਰੱਬ ਨੇ, 
ਹੁਣ ਗੱਲ ਫੇਰ ਓਹੀ ਆ ਜਾਂਦੀ ਹੈ ਕੀ ਆਪਣੀ ਉਮਰ ਰੱਬ ਲਿਖਦਾਂ ਹੈ?
ਇੱਕ ਪਾਸੇ ਸਭ ਕਹਿ ਦਿੰਦੇ ਹਨ ਕਿ ਸਭ ਕੁਝ ਰੱਬ ਕਰਦਾ ਹੈ। ਦੂਜੇ ਪਾਸੇ ਜੇ ਓਹੀ ਲੋਕਾਂ ਨੂੰ ਇੱਕ ਸਵਾਲ ਪੁੱਛਿਆ ਜਾਵੇ ਤਾਂ ਉਹ ਮੇਰੇ ਵਰਗਿਆਂ ਨੂੰ ਨਾਸਤਿਕ ਕਹਿ ਕੇ ਗੱਲ ਦਾ ਨਬੇੜਾ ਕਰ ਦਿੰਦੇ ਹਨ।

ਦੇਖੋ ਆਖਿਰ ਵਿੱਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਧਰਮ ਨੂੰ ਮੰਨਣਾ ਗ਼ਲਤ ਨਹੀਂ ਹੈ, ਨਾ ਮੈਂ ਇਸ ਚੀਜ਼ ਦੇ ਖ਼ਿਲਾਫ਼ ਹਾਂ, ਮੈਨੂੰ ਪਤਾ ਕਿੰਨੇ ਹੀ ਲੋਕ ਸਿਰਫ਼ ਧਰਮ ਕਰਕੇ ਜਿਉਂਦੇ ਹਨ। ਨਹੀਂ ਉਹਨਾਂ ਨੇ ਦੁਨੀਆਂ ਤੋਂ ਤੰਗ ਆਕੇ ਖ਼ੁਦਖ਼ਸ਼ੀ ਕਰ ਲੈਣੀ ਸੀ, ਧਰਮ ਆਪਣੇ ਅੰਦਰਲੇ ਸ਼ੈਤਾਨ ਨੂੰ ਬਾਹਰ ਨਹੀਂ ਆਉਣ ਦਿੰਦਾ। ਜੇਕਰ ਉਹ ਸ਼ੈਤਾਨ ਬਾਹਰ ਆਏ ਗਿਆ ਤਾਂ ਬਹੁਤ ਖੂਨ ਖਰਾਬਾ ਹੋ ਜਾਣਾ ਇਸ ਦੁਨੀਆਂ ਉੱਤੇ, ਇਨਸਾਨ ਉੱਤੇ ਇੱਕ ਰੱਬ ਦਾ ਡਰ ਹੋਣਾ ਚਾਹੀਦਾ ਹੈ। ਜਿਸ ਨੇ ਵੀ ਧਰਮ ਨੂੰ ਸ਼ੁਰੂਆਤ ਕਰੀ ਸੀ, ਉਹ ਬਹੁਤ ਸਮਝਦਾਰ ਇਨਸਾਨ ਹੋਵੇਗਾ, ਕਿਉਂਕਿ ਉਸ ਨੇ ਭਵਿੱਖ ਦਾ ਬਿਲਕੁਲ ਸਹੀ ਅੰਦਾਜ਼ਾ ਲਾਇਆ ਸੀ। ਉਸਨੇ ਉਸ ਸਮੇਂ ਦੇ ਮਾਹੌਲ ਨੂੰ ਦੇਖ ਕੇ ਅੰਦਾਜ਼ਾ ਲਾਇਆ ਹੋਵੇਗਾ ਕੀ ਜੇਕਰ ਇਨਸਾਨ ਉਪਰ ਕਿਸੇ ਚੀਜ਼ ਦਾ ਡਰ ਨਾ ਹੋਇਆ ਤਾਂ ਇੱਕ ਦਿਨ ਇਨਸਾਨ ਇੱਕ ਦੂਜੇ ਨੂੰ ਖ਼ਤਮ ਕਰ ਲਏਗਾ।  ਜਿਸ ਇਨਸਾਨ ਨੇ ਇਹ ਗੱਲ ਸੋਚੀ ਹੋਵੇਗੀ, ਉਹ ਬਿਲਕੁਲ ਸਫਲ ਰਿਹਾ। ਉਸ ਨੇ ਜਿਵੇਂ ਸੋਚਿਆ ਉਸ ਤਰ੍ਹਾ ਹੀ ਹੋਇਆ। ਪਰ ਧਰਮ ਅੱਜ ਦੇ ਸਮੇਂ ਲੋਕਾਂ ਉਪਰ ਹਾਵੀ ਹੋ ਗਿਆ ਹੈ। ਆਪਾਂ ਧਰਮ ਦੇ ਚੱਕਰ ਵਿੱਚ ਇਨ੍ਹਾਂ ਪੈ ਗਏ ਹਾਂ ਕੀ ਹੁਣ ਇਸ ਵਿੱਚੋਂ ਨਿਕਲਣਾ ਲੱਗਭਗ ਮੁਸ਼ਕਿਲ ਹੀ ਹੋ ਗਿਆ ਹੈ।
ਬਾਕੀ ਏਥੇ ਸਭ ਦੀ ਆਪਣੀ ਸੋਚਣ ਸ਼ਕਤੀ ਹੈ। ਮੇਰਾ ਮਕਸਦ ਸਿਰਫ ਇਨ੍ਹਾਂ ਹੈ ਕੀ ਸਭ ਸੋਚਣ, ਆਖਿਰਕਾਰ ਸੱਚ ਕੀ ਹੈ।

ਬਾਕੀ ਉਮੀਦ ਕਰਦਾਂ ਹਾਂ ਕੀ ਤੁਹਾਨੂੰ ਮੇਰੀ ਲਿਖੀ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਸੀ ਇਸ ਕਹਾਣੀ ਸਬੰਧੀ ਮੇਰੇ ਨਾਲ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋਂ ਜਾਂ ਮੇਰੀ ਲਿਖੀ ਕਹਾਣੀ “ਮੈਂ ਰੱਬ ਲੱਭਦਾ” ਦੇ ਤਿੰਨੋ ਭਾਗ ਜਾਂ ਮੇਰੀਆਂ ਲਿਖੀਆਂ ਹੋਰ ਕਹਾਣੀਆਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀ ਮੈਨੂੰ ਵਟ੍ਸਐਪ ਉੱਤੇ ਮੈਸੇਜ ਕਰ ਸਕਦੇ ਹੋਂ।
ਪਰਵੀਨ ਰੱਖੜਾ  (8360000267)

ਨੋਟ : ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼, ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ ) ਕਿਤਾਬ ਰਾਹੀਂ ਤੁਹਾਡੇ ਰੁਬਰੂ ਹੋ ਰਹੀ ਆ,ਆਸ ਹੈ ਤੁਸੀਂ ਸਾਡੀਆਂ ਇਹਨਾਂ ਕਹਾਣੀਆਂ ਵਾਂਗ ਇਸ ਕਿਤਾਬ ਨੂੰ ਵੀ ਪਿਆਰ ਦੇਵੋਂਗੇ,ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਘਰ ਮੰਗਵਾਉਣ ਲਈ, ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਜਾਂ ਮੈਸਜ਼ ਕਰ ਸਕਦੇ ਹੋ ।

ਉਮੀਦ ਕਰਦਾਂ ਹਾਂ ਕੀ ਤੁਹਾਨੂੰ “ਸੱਚ ਤੋਂ ਕੋਹਾਂ ਦੂਰ” ਕਹਾਣੀ ਵੀ ਪਸੰਦ ਆਈ ਹੋਵੇਗੀ। ਬਾਕੀ ਮੈਂ ਉਮੀਦ ਕਰਦਾਂ ਕਿ ਤੁਸੀ ਹਮੇਸ਼ਾ ਖੁਸ਼ ਰਹੋ, ਤੁਹਾਡਾ ਪਰਿਵਾਰ ਖੁਸ਼ ਰਹੇ, ਹੱਸਦੇ ਰਹੋਂ ਤੇ ਵੱਸਦੇ ਰਹੋਂ, ਤੇ ਸਵਾਲ ਕਰਦੇ ਰਹੋਂ…।

ਲੇਖਕ – ਪਰਵੀਨ ਰੱਖੜਾ
ਵਟ੍ਸਐਪ ਨੰਬਰ (whatsapp number) :- +91 8360000267

ਇੰਸਟਾਗ੍ਰਾਮ (Instagram) :- Parveen rakhra






2 Comments

  • Greesh kumar
    Posted October 30, 2023 at 12:43 pm

    Very good app very interesting sories I love this app

  • Rakesh
    Posted September 15, 2020 at 1:41 am

    Sir Aapka Content hme bohat paasand aata hai hme kuj nea seekhne ko milta hai your are our inspiration Sir

Leave a comment

0.0/5

Facebook
YouTube
YouTube
Pinterest
Pinterest
fb-share-icon
Telegram