Skip to content Skip to footer

ਹੁਣ ਤੱਕ ਤੁਸੀਂ ਪੜ੍ਹ ਹੀ ਲਿਆ ਹੈ ਵੀ ਕੀਰਤ ਤੇ ਸਾਕਸ਼ੀ ਵਿਚਕਾਰ ਕਿ ਕੁਝ ਹੁੰਦਾ ਹੈ ਤੇ ਏਸ ਸਭ ਦਾ ਕੀਰਤ ਤੇ ਕੀ ਅਸਰ ਹੁੰਦਾ ਹੈ| ਇਸ ਸਭ ਤੋਂ ਬਾਅਦ ਕੀਰਤ ਪੁਰਾਣ ਸਭ ਕੁਝ ਭੁੱਲ ਕੇ ਇਕ ਨਵੀਂ ਸ਼ੁਰੂਆਤ ਕਰਨ ਦੀ ਠਾਣਦਾ ਹੈ ਤੇ ਅੱਗੇ ਫਿਰ ਕਿ ਹੁੰਦਾ ਹੈ ਆਓ ਉਸ ਵੱਲ ਝਾਤੀ ਮਾਰਦੇ ਹਾਂ|……..

 ਇੱਕ ਨਵੀਂ ਸ਼ੁਰੂਆਤ

ਕੀਰਤ ਨੇ ਠਾਣ ਲਿਆ ਕਿ ਹੁਣ ਤੋਂ ਉਹ ਪੁਰਾਣ ਕੁਝ ਵੀ ਯਾਦ ਨਹੀਂ ਕਰੇਗਾ ਤੇ ਪੜ੍ਹਾਈ ਵੱਲ ਧਿਆਨ ਦੇਵੇਗਾ ਪਰ ਜਦੋ ਕਿਸੇ ਨੂੰ ਹੱਦ ਤੋਂ ਵੱਧ ਚਾਹਿਆ ਹੋਵੇ ਤਾਂ ਫਿਰ ਐਨੀ ਛੇਤੀ ਕਿਥੇ ਭੁੱਲ ਹੁੰਦਾ ਏ| ਇਹ ਸਭ ਚੀਜ਼ਾਂ ਬੰਦੇ ਮਨ ਅੰਦਰ ਘਰ ਕਰ ਲੈਂਦੀਆਂ ਨੇ| ਕੀਰਤ ਅੱਜ ਕੱਲ ਚੁੱਪ ਚੁੱਪ ਰਹਿਣ ਲੱਗਾ ਸੀ, ਬਹੁਤਾ ਕਿਸੇ ਨਾਲ ਕੋਈ ਗੱਲ ਨਾ ਕਰਦਾ| ਹੱਸ ਜਰੂਰ ਲੈਂਦਾ ਪਰ ਖੁਸ਼ ਨਹੀਂ ਸੀ| ਇਸ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਸਾਕਸ਼ੀ ਨਾਲ ਰੋਜ ਗੱਲ ਕਰਨ ਦਾ ਆਦੀ ਹੋ ਗਿਆ ਸੀ, ਜਿਸ ਕਰਕੇ ਉਸ ਨੂੰ ਆਪਣੀ ਜਿੰਦਗੀ ਖਾਲੀ ਖਾਲੀ ਜਾਪਦੀ| ਉਹ ਖੁਦ ਨੂੰ ਸਾਕਸ਼ੀ ਦੇ ਖਿਆਲਾਂ ਤੋਂ ਦੂਰ ਲਿਜਾ ਹੀ ਨਹੀਂ ਪਾ ਰਿਹਾ ਸੀ|

 ਅਮਨ ਵੀ ਕੀਰਤ ਨੂੰ ਰੋਜ ਸਮਝਾਉਂਦੀ , ਦਿਲਾਸੇ ਦਿੰਦੀ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਵੀ ਉਹ ਇਹ ਸਭ ਤੋਂ ਧਿਆਨ ਹਟਾਕੇ ਹੁਣ ਪੜ੍ਹਾਈ ਨੂੰ ਪਹਿਲ ਦੇਵੇ| ਕੀਰਤ ਦਾ ਹੁਣ ਬਹੁਤਾ ਸਮਾਂ ਅਮਨ, ਕਲਮ-ਕਿਤਾਬ ਤੇ ਦੋਸਤਾਂ ਨਾਲ ਬੀਤਦਾ ਕਿਉਂਕਿ ਇਹਨਾਂ ਸਭ ਕਰਕੇ ਹੀ ਕੀਰਤ ਹੌਲੀ ਹੌਲੀ ਠੀਕ ਹੋ ਰਿਹਾ ਸੀ| ਥੋੜਾ ਹੀ ਸਹੀ ਪਰ ਕੀਰਤ ਇਸ ਸਭ ਤੋਂ ਧਿਆਨ ਹਟਾ ਪਾ ਰਿਹਾ ਸੀ| ਕੀਰਤ ਕੋਈ ਲਿਖਾਰੀ ਤੇ ਨਹੀਂ ਸੀ ਪਰ ਜਜਬਾਤਾਂ ਨੂੰ ਅੱਖਰਾਂ ਚ ਪ੍ਰੋ ਕੇ ਥੋੜਾ ਬਹੁਤ ਲਿਖਣ ਦੀ ਜਰੂਰ ਕੋਸ਼ਿਸ਼ ਕਰਦਾ|

ਮੇਰੀਆਂ ਸਦਰਾ ਸਬਰਾਂ ਰੁੱਲ ਗਈਆ

ਖੁਸ਼ੀਆਂ ਸਾਡੇ ਰਾਹ ਭੁੱਲ ਗਈਆਂ

ਪੱਲੇ ਰੋਣੇ ਰਹਿ ਗਏ

ਡੁੱਲਦੀਆਂ ਅੱਖਾਂ, ਜਜ਼ਬਾਤ ਨੇ ਲੱਖਾਂ

ਕਿੰਝ ਬੋਲ ਕੇ ਦੱਸਾਂ

ਚੰਦ ਦਿਨ ਦੇ ਪ੍ਰੋਹਣੇ ਰਹਿ ਗਏ

ਪਿਆਰ ਨੀ ਮਿਲਿਆ, ਯਾਰ ਨੀ ਮਿਲਿਆ

ਰੂਹਾਂ ਦਾ ਇਕਰਾਰ ਨੀ ਮਿਲਿਆ

ਬਸ ਇਤਬਾਰ ਕਰਾਉਂਦੇ ਰਹਿ ਗਏ

ਚਾਨਣ ਕੀ, ਹਨੇਰੇ ਕੀ

ਮੰਦਿਰ ਮਸੀਤ ਤੇ ਡੇਰੇ ਕੀ

ਅਸੀ ਪੀਰ ਧਿਆਉਂਦੇ ਰਹਿ ਗਏ

ਤੂੰ ਮਿਲ ਗਈ ਕਿਸੇ ਨੂੰ ਬਿਨ ਮੰਗਿਆ

ਅਸੀ ਪੀਰ ਧਿਆਉਂਦੇ ਰਹਿ ਗਏ

ਜਾਣ ਪਹਿਚਾਣ

ਇਸ ਸਭ ਦੇ ਚਲਦਿਆ ਕੀਰਤ ਦੀ ਮੁਲਾਕਾਤ ਪ੍ਰਭਲੀਨ ਨਾਲ ਹੁੰਦੀ ਐ, ਜੋ ਕਿ ਪੁਰਾਣੇ ਸਕੂਲ ਵਿਚ ਉਸਦੇ ਨਾਲ ਪੜ੍ਹਦੀ ਸੀ| ਉਸਨੇ ਵੀ ਆਪਣੀ ਪੜ੍ਹਾਈ ਲਈ ਕੀਰਤ ਦੇ ਇੰਸਟੀਟਿਊਟ ਵਿਚ ਦਾਖਲਾ ਲਿਆ ਸੀ| ਦੋਹਾ ਵਿਚਕਾਰ ਕੋਈ ਬਹੁਤੀ ਚੰਗੀ ਜਾਣ ਪਹਿਚਾਣ ਤੇ ਨਹੀਂ ਸੀ ਪਰ ਹੌਲੀ ਹੌਲੀ ਵਧੀਆ ਜਾਣ ਪਹਿਚਾਣ ਬਣ ਗਈ ਸੀ, ਜਿਸ ਕਰਕੇ ਪ੍ਰਭਲੀਨ ਵੀ ਕੀਰਤ ਨੂੰ ਕਾਫੀ ਸਮਝਾਉਂਦੀ ਪਰ ਕੀਰਤ ਤੇ ਇਹਨਾਂ ਸਭ ਦਾ ਜਿਆਦਾ ਅਸਰ ਨਹੀਂ ਹੋ ਰਿਹਾ ਸੀ| ਅਸਲ ਵਿਚ ਗ਼ਲਤੀ ਕੀਰਤ ਦੀ ਵੀ ਨਹੀਂ ਸੀ ਕਿਉਂਕਿ ਇਹ ਤਾ ਇਨਸਾਨੀ ਫਿਤਰਤ ਹੈ ਕਿ ਆਪਣੇ ਕੋਲ ਜੋ ਹੈ ਅਸੀਂ ਉਸਦੀ ਕਦਰ ਨਹੀਂ ਕਰਦੇ ਪਰ ਜੋ ਛੱਡਕੇ ਚਲਾ ਗਿਆ ਉਸ ਲਈ ਰੋਂਦੇ ਰਹਿੰਦੇ ਆ|

ਕੀਰਤ ਹੁਣ ਕਲਾਸ ਵਿਚ ਵੀ ਸਭ ਨਾਲ ਵਿਚਰਨ ਲੱਗਾ ਸੀ, ਜਿਸ ਕਰਕੇ ਉਸ ਦੇ ਕਾਫੀ ਨਵੇਂ ਦੋਸਤ ਬਣ ਗਏ| ਜਿਹਨਾਂ ਨਾਲ ਉਹ ਮਸਤੀ ਮਜਾਕ ਕਰਦਾ ਰਹਿੰਦਾ ਤਾ ਉਸਦਾ ਇਸ ਸਭ ਤੋਂ ਧਿਆਨ ਵੀ ਹਟਿਆ ਰਹਿੰਦਾ ਸੀ ਪਰ ਇਸ ਸਭ ਤੋਂ ਧਿਆਨ ਹਟਾਉਂਦੇ ਹਟਾਉਂਦੇ ਕੀਰਤ ਆਪਣਾ ਧਿਆਨ ਕਿਤੇ ਹੋਰ ਲਾ ਬੈਠਾ| ਅਸਲ ਵਿਚ ਇਹ ਕੀਰਤ ਦੀ ਨਵੀਂ ਕਲਾਸਮੇਟ ਸੀ, ਕੋਮਲ|

ਕੀਰਤ ਨੂੰ ਵੀ ਅਹਿਸਾਸ ਨਾ ਹੋਇਆ ਕਿ ਉਸਦਾ ਦਿਲ ਕੋਮਲ ਨੂੰ ਚਾਉਣ ਲੱਗਾ ਹੈ, ਜਿਸ ਕਰਕੇ ਉਸਨੇ ਕੋਮਲ ਅੱਗੇ ਦੋਸਤੀ ਦਾ ਹੱਥ ਵਧਾਇਆ ਪਰ ਕੋਮਲ ਨੇ ਅੱਗੋਂ ਮਨਾ ਕਰ ਦਿੱਤਾ| ਸ਼ਾਇਦ ਕੋਮਲ ਨੂੰ ਪਤਾ ਸੀ ਵੀ ਕੀਰਤ ਦੇ ਮਨ ਵਿਚ ਉਸ ਲਈ ਦੋਸਤੀ ਤੋਂ ਵਧਕੇ ਕੁਝ ਹੈ| ਕੋਮਲ ਨੇ ਕਿਹਾ ਕਿ ਉਹ ਫਿਲਹਾਲ ਪੜ੍ਹਾਈ ਵੱਲ ਧਿਆਨ ਦੇਣਾ ਚਾਂਉਦੀ ਹੈ, ਜਿਸ ਕਰਕੇ ਉਹ ਇਹ ਸਭ ਚੱਕਰਾਂ ਚ ਨਹੀਂ ਪੈ ਸਕਦੀ| ਕੀਰਤ ਨੇ ਵੀ ਉਸਦੇ ਫੈਂਸਲੇ ਦਾ ਸਤਿਕਾਰ ਕੀਤਾ ਪਰ ਕੀਰਤ ਹਜੇ ਵੀ ਕੋਮਲ ਨਾਲ ਦੋਸਤੀ ਕਰਨਾ ਚਾਉਂਦਾ ਸੀ, ਜਿਸ ਤੋਂ ਬਾਅਦ ਕੀਰਤ ਕੋਮਲ ਦੀ ਸਹੇਲੀ ਤੋਂ ਮਦਦ ਲੈਂਦਾ ਹੈ ਤਾਂ ਕੋਮਲ ਉਸ ਕੁੜੀ ਨੂੰ ਕਹਿ ਦਿੰਦੀ ਹੈ ਵੀ ਤੂੰ ਕੀਰਤ ਨੂੰ ਕਹਿ ਦੇ ਮੈਂ ਆਪੇ ਉਸ ਨਾਲ ਗੱਲ ਕਰਾਂਗੀ ਅੱਜ ਫੋਨ ਤੇ, ਜਿਸ ਤੋਂ ਬਾਅਦ ਕੀਰਤ ਖੁਸ਼ ਹੋ ਜਾਂਦਾ ਹੈ|

ਨਵਾਂ ਰਿਸ਼ਤਾ

ਕੀਰਤ ਕਲਾਸ ਤੋਂ ਬਾਅਦ ਕੋਮਲ ਦੇ ਮੈਸਜ ਦੀ ਉਡੀਕ ਕਰ ਰਿਹਾ ਸੀ| ਤਕਰੀਬਨ ਦੋ ਘੰਟੇ ਬਾਅਦ ਕੋਮਲ ਦਾ ਮੈਸਜ ਆ ਜਾਂਦਾ ਹੈ ਤੇ ਕੀਰਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ| ਦੇਰ ਰਾਤ ਤੱਕ ਦੋਨੋ ਗੱਲਾਂ ਕਰਦੇ ਰਹਿੰਦੇ ਨੇ| ਦੋਹੇ ਆਪਿਸ ਵਿਚ ਕਾਫੀ ਚੰਗੇ ਦੋਸਤ ਬਣ ਜਾਂਦੇ ਹਨ ਤੇ ਅਗਲੇ ਦਿਨ ਟੈਸਟ ਤੋਂ ਬਾਅਦ ਚਾਹ ਪੀਣ ਜਾਣ ਦੀ ਸਲਾਹ ਬਣਾਉਂਦੇ ਹਨ| ਚਾਹ ਦੀ ਚੁਸਕੀ ਤੇ ਨਵੀ ਦੋਸਤੀ ਦੀਆ ਗੱਲਾਂ , ਅਲੱਗ ਹੀ ਨਜ਼ਾਰਾ ਹੁੰਦਾ ਹੈ| ਏਦਾਂ ਦਿਨ ਬੀਤਦੇ ਗਏ ਤੇ ਗੱਲ ਦੋਸਤੀ ਤੋਂ ਅੱਗੇ ਵਧਦੀ ਗਈ| ਇਸੇ ਤਰਾਂ ਇਕ ਦਿਨ ਦੋਹੇ ਆਪਿਸ ਵਿਚ ਫੋਨ ਤੇ ਗੱਲਾਂ ਕਰ ਰਹੇ ਸਨ ਤਾਂ ਕੋਮਲ ਨੇ ਕੀਰਤ ਨੂੰ ਸਵਾਲ ਕੀਤਾ ਕਿ ਕੀਰਤ ਕੀ ਤੂੰ ਮੈਨੂੰ ਪਸੰਦ ਕਰਦਾ ਏ?… ਤਾਂ ਕੀਰਤ ਨੇ ਅੱਗੋਂ ਹਾਮੀ ਭਰ ਦਿੱਤੀ ਫਿਰ ਕੋਮਲ ਨੇ ਪੁੱਛਿਆ ਵੀ ਤੂੰ ਹੁਣ ਕਦੇ ਇਸ ਬਾਰੇ ਗੱਲ ਕਿਉਂ ਨਹੀਂ ਕੀਤੀ?… ਤਾਂ ਕੀਰਤ ਕਹਿੰਦਾ ਹੈ ਕਿ ਜਦੋ ਮੈਂ ਪਹਿਲਾ ਕੋਸ਼ਿਸ਼ ਕਰੀ ਸੀ ਤੇ ਤੂੰ ਮਨਾ ਕਰ ਦਿੱਤਾ ਸੀ, ਜਿਸ ਕਰਕੇ ਮੇਰੀ ਦੁਬਾਰੇ ਹਿੰਮਤ ਹੀ ਨਾ ਪਈ|ਕੀਰਤ ਤੇ ਕੋਮਲ ਇੱਕ ਦੂਜੇ ਨਾਲ ਹੋਰ ਕਿੰਨੀਆਂ ਹੀ ਦਿਲ ਦੀਆ ਗੱਲਾਂ ਸਾਂਝੀਆਂ ਕਰਦੇ ਨੇ, ਕੁਝ ਨਵੀਆਂ, ਕੁਝ ਪੁਰਾਣੀਆਂ| ਜਿਸ ਤੋਂ ਬਾਅਦ ਕੋਮਲ ਭਾਵੁਕ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਫਿਲਹਾਲ ਤੇ ਆਪਣੇ ਪੜ੍ਹਾਈ ਦਾ ਸਮਾਂ ਏ ਤਾਂ ਆਪਾਂ ਪੇਪਰ ਹੋਣ ਤੱਕ ਦੋਸਤ ਹੀ ਰਹਿਣੇ ਆ, ਪੇਪਰ ਹੋ ਜਾਣ ਤੋਂ ਬਾਅਦ ਇਸ ਦੋਸਤੀ ਨੂੰ ਜਰੂਰ ਅਗਲੇ ਕਦਮ ਤੇ ਲੈਕੇ ਜਾਵਾਂਗੇ| ਕੀਰਤ ਬਹੁਤ ਖੁਸ਼ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਹੁਣ ਤੇ ਇੰਤਜ਼ਾਰ ਕਰਨਾ ਮੁਸ਼ਕਿਲ ਹੈ ਪਰ ਜਿਸ ਇੰਤਜ਼ਾਰ ਦਾ ਨਤੀਜਾ ਐਨਾ ਸੋਹਣਾ ਹੋਣ ਵਾਲਾ ਏ, ਉਸ ਲਈ ਮੈਂ ਇੰਤਜਾਰ ਕਰਨ ਲਈ ਤਿਆਰ ਹਾਂ|ਪਰ ਸ਼ਾਇਦ ਹੁਣ ਦੋਹਾ ਤੋਂ ਹੀ ਇੰਤਜ਼ਾਰ ਨਹੀਂ ਹੋ ਰਿਹਾ ਸੀ, ਜਿਸ ਕਰਕੇ ਦੋਹਾਂ ਨੇ ਰਿਸ਼ਤੇ ਨੂੰ ਅੱਗੇ ਲੈਕੇ ਜਾਣ ਦਾ ਫੈਂਸਲਾ ਕੀਤਾ| ਕੋਮਲ ਨੇ ਕੀਰਤ ਅੱਗੇ ਦਿਲੀ ਇੱਛਾ ਪ੍ਰਗਟਾਈ ਕਿ ਕੀਰਤ ਤੂੰ ਮੇਰੇ ਸਾਹਮਣੇ ਬੈਠ ਇਜਹਾਰ ਕਰੇ ਤਾ ਮੈਨੂੰ ਬਹੁਤ ਚੰਗਾ ਲੱਗੇਗਾ| ਕੀਰਤ ਨੇ ਉਸ ਦੀ ਇੱਛਾ ਤੇ ਸਹਿਮਤੀ ਪ੍ਰਗਟਾਈ ਤੇ ਅਗਲੇ ਦਿਨ ਟੈਸਟ ਤੋਂ ਬਾਅਦ ਪਾਰਕ ਵਿਚ ਮਿਲਣ ਦਾ ਫੈਂਸਲਾ ਕੀਤਾ|

ਅਗਲੇ ਦਿਨ ਕੀਰਤ ਤੇ ਕੋਮਲ ਪਾਰਕ ਚਲੇ ਗਏ| ਓਥੇ ਕੀਰਤ ਨੇ ਆਪਣੀ ਕਵਿਤਾ ਸੁਣਾਕੇ ਕੋਮਲ ਅੱਗੇ ਪਿਆਰ ਦਾ ਇਜਹਾਰ ਕੀਤਾ|

ਏਨਾ ਚੁੱਪ ਅੱਖਾਂ ਨੂੰ

ਤੇਰੇ ਚਿਹਰੇ ਨੇ ਸ਼ੌਰ ਜਿਹਾ ਦੇ ਦਿੱਤਾ

ਏਨਾ ਕਮਲੀਆਂ ਜਿਹੀਆਂ ਬਾਤਾਂ ਨੂੰ

ਤੇਰੇ ਸੁਣਦੇ ਕੰਨਾਂ ਨੇ ਅਹਿਸਾਸ ਜਿਹਾ ਦੇ ਦਿੱਤਾ

ਏਨਾ ਆਉਂਦੇ ਜਾਂਦੇ ਸਾਹਾਂ ਨੂੰ

ਤੇਰੀ ਮੁਸਕਰਾਹਟ ਨੇ ਖ਼ਾਬ ਜਿਹਾ ਦੇ ਦਿੱਤਾ

ਏਨਾ ਜਾਗਦੀਆਂ ਰਾਤਾਂ ਨੂੰ

ਤੇਰੇ ਆਉਣ ਨੇ ਸੁਪਨਿਆਂ ਦਾ ਵਾਅਦਾ ਜਿਹਾ ਦੇ ਦਿੱਤਾ

ਏਨਾ ਆਮ ਚੱਲਦੇ ਦਿਨਾਂ ਨੂੰ

ਤੇਰੇ ਪੈਰਾਂ ਦੀ ਅਵਾਜ਼ ਨੇ ਖ਼ਾਸਪਨ ਜਿਹਾ ਦੇ ਦਿੱਤਾ

ਏਨਾ ਲਿਖਦੇ ਅੱਖਰਾਂ ਨੂੰ ਦਿਲ ਤੇਰੇ ਦੀ ਧੜਕਨ ਨੇ

ਫਿਰ ਤੋਂ ਜੀਣ ਦਾ ਜਜ਼ਬਾਤ ਜਿਹਾ ਦੇ ਦਿੱਤਾ

ਸੱਚੀ ਏਨਾ ਪਲਾਂ ਨੂੰ ਖਾਸ ਰੰਗ ਜਿਹਾ ਦੇ ਦਿੱਤਾ

ਖ਼ਾਸ ਰੰਗ ਜਿਹਾ ਦੇ ਦਿੱਤਾ

ਕੋਮਲ ਨੇ ਹਾਂ ਕਹਿੰਦੇ ਹੋਏ ਇਜਹਾਰ ਸਵੀਕਾਰ ਕਰ ਲਿਆ ਤੇ ਖੁਸ਼ੀ ਪ੍ਰਗਟ ਕੀਤੀ |

ਇਸ ਤੋਂ ਬਾਅਦ ਕੀਰਤ ਤੇ ਕੋਮਲ ਕਾਫੀ ਸਮਾਂ ਗੱਲਾਂ ਕਰਦੇ ਰਹੇ, ਫਿਰ ਦੋਹੇ ਕੁਝ ਖਾਣ ਪੀਣ ਲਈ ਚਲੇ ਗਏ| ਰਾਸਤੇ ਵਿਚ ਜਾਂਦੇ ਹੋਏ ਦੋਹੇ ਇੱਕ ਦੂਜੇ ਦਾ ਹੱਥ ਫੜ੍ਹ ਕੇ ਚੱਲ ਰਹੇ ਸਨ| ਕੀਰਤ ਲਈ ਇਹ ਪਹਿਲੀ ਬਾਰ ਸੀ, ਜਦੋ ਉਸਨੇ ਕਿਸੇ ਕੁੜੀ ਦਾ ਹੱਥ ਫੜਿਆ ਸੀ| ਇਸ ਕਰਕੇ ਸ਼ਰਮਾ ਵੀ ਰਿਹਾ ਸੀ ਤੇ ਖੁਸ਼ ਵੀ ਹੋ ਰਿਹਾ ਸੀ| ਖਾਣ ਪੀਣ ਤੋਂ ਬਾਅਦ ਦੋਹੇਂ ਬੱਸ ਦੀ ਉਡੀਕ ਕਰਨ ਲੱਗੇ ਕਿਉਂਕਿ ਕੋਮਲ ਘਰ ਤੋਂ ਇੰਸਟੀਟਿਊਟ ਤੇ ਇੰਸਟੀਟਿਊਟ ਤੋਂ ਘਰ ਬੱਸ ਤੇ ਆਉਣ ਜਾਣ ਕਰਦੀ ਸੀ| ਥੋੜੇ ਟਾਈਮ ਬਾਅਦ ਬੱਸ ਨੇ ਆ ਜਾਣਾ ਸੀ, ਇਸੇ ਦੌਰਾਨ ਕੋਮਲ ਨੇ ਕੀਰਤ ਦੇ ਹੱਥ ਤੇ ਹੱਥ ਰੱਖਿਆ ਤੇ ਕਿਹਾ ਕਿ ਕੀਰਤ ਤੂੰ ਅੱਜ ਤੋਂ ਬਾਅਦ ਕਦੇ ਵੀ ਉਦਾਸ ਨੀ ਹੋਣਾ ਕਿਉਂਕਿ ਹੁਣ ਮੈਂ ਤੇਰੇ ਨਾਲ ਆ| ਕੀਰਤ ਇਹ ਸੁਣਕੇ ਖੁਸ਼ ਵੀ ਹੋ ਰਿਹਾ ਸੀ ਤੇ ਭਾਵੁਕ ਵੀ| ਥੋੜੇ ਟਾਈਮ ਬਾਅਦ ਕੋਮਲ ਦੀ ਬੱਸ ਆ ਜਾਂਦੀ ਹੈ ਤਾਂ ਦੋਹੇਂ ਇਕ ਦੂਜੇ ਨੂੰ I LOVE YOU ਕਹਿੰਦੇ ਹਨ ਤੇ ਆਪਣੇ ਆਪਣੇ ਘਰ ਲਈ ਰਵਾਨਾ ਹੋ ਜਾਂਦੇ ਹਨ |

ਖੁਸ਼ੀਆਂ ਦੇ ਕੁਝ ਪਲ

ਕੀਰਤ ਤੇ ਕੋਮਲ ਹਰ ਰੋਜ ਕਲਾਸ ਤੋਂ ਬਾਅਦ ਕਾਫੀ ਸਮਾਂ ਇਕੱਠੇ ਬਤੀਤ ਕਰਦੇ| ਸਮਾਂ ਹੱਸਦੇ ਖੇਡਦੇ ਵਧੀਆ ਗੁਜਰ ਰਿਹਾ ਸੀ ਪਰ ਕੀਰਤ ਕੁਝ ਗੱਲਾਂ ਨੂੰ ਲੈਕੇ ਟੈਨਸ਼ਨ ਵਿਚ ਰਹਿੰਦਾ ਸੀ, ਜਿਵੇ ਕਿ ਪੜ੍ਹਾਈ, ਘਰ-ਪਰਿਵਾਰ ਅਤੇ ਉਸ ਦੇ ਮਨ ਵਿਚ ਇਕ ਡਰ ਇਹ ਵੀ ਸੀ ਕਿ ਕਿਤੇ ਕੋਮਲ ਵੀ ਉਸ ਤੋਂ ਦੂਰ ਨਾ ਹੋਜੇ| ਇਸ ਸਭ ਤੋਂ ਕੋਮਲ ਬਹੁਤ ਪ੍ਰੇਸ਼ਾਨ ਹੁੰਦੀ| ਉਸ ਦਾ ਕਹਿੰਦਾ ਸੀ ਕੀਰਤ ਜਦੋ ਤੂੰ ਉਦਾਸ ਹੁੰਨਾ ਏ ਤਾ ਮੇਰਾ ਮਨ ਵੀ ਠੀਕ ਨਹੀਂ ਰਹਿੰਦਾ, ਜੇਕਰ ਤੂੰ ਮੇਰੇ ਹੁੰਦੇ ਹੋਏ ਵੀ ਖੁਸ਼ ਨਹੀਂ ਏ ਤਾਂ ਇਹ ਸਭ ਦਾ ਕੋਈ ਫਾਇਦਾ ਨਹੀਂ ਹੈ| ਮੈਂ ਇਹ ਸਭ ਹੋਰ ਨਹੀਂ ਝੱਲ ਸਕਦੀ ਆਪਾਂ ਸਭ ਖਤਮ ਕਰ ਲਇਏ ਤੇ ਵਧੀਆ ਰਹੇਗਾ, ਇਸ ਤੋਂ ਬਾਅਦ ਕੋਮਲ ਨੇ ਗੱਲ ਕਰਨੀ ਬੰਦ ਕਰ ਦਿੱਤੀ |ਕੀਰਤ ਨੇ ਉਸ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ| ਅਗਲੇ ਦਿਨ ਕਲਾਸ ਤੋਂ ਬਾਅਦ ਗੱਲ ਕਰਕੇ ਵੀ ਸਭ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਮਲ ਨੇ ਸਾਫ ਮਨਾ ਕਰ ਦਿੱਤਾ| ਕੀਰਤ ਦਾ ਮਨ ਕਾਫੀ ਉਦਾਸ ਹੋਗਿਆ ਪਰ ਇਕ ਗੱਲ ਇਹ ਵੀ ਸੀ ਕਿ ਇਸ ਬਾਰ ਕੀਰਤ ਨੂੰ ਜਿਆਦਾ ਦੁੱਖ ਨਹੀਂ ਲੱਗ ਰਿਹਾ ਸੀ, ਜਿਵੇ ਕਹਿੰਦੇ ਨੇ ਵੀ ਇਸ਼ਕ ਚ ਟੁੱਟ ਕੇ ਇਨਸਾਨ ਪੱਥਰ ਬਣ ਜਾਂਦਾ ਹੈ |

ਇਸ ਤੋਂ ਬਾਅਦ ਕੀਰਤ ਨੇ ਗੁਰੂਘਰ ਜਾਣ ਦਾ ਫੈਂਸਲਾ ਕੀਤਾ| ਕੀਰਤ ਦੇ ਨਾਲ ਉਸ ਦਾ ਦੋਸਤ ਜੱਸਾ ਵੀ ਸੀ, ਜੋ ਕਿ ਉਸ ਦੇ ਨੇੜੇ ਵਾਲੇ ਕਮਰੇ ਵਿਚ ਹੀ ਰਹਿੰਦਾ ਸੀ| ਕੀਰਤ ਦੇ ਅੱਗੇ ਅੱਗੇ ਕੋਮਲ ਵੀ ਆਪਣੀ ਸਹੇਲੀ ਨਾਲ ਗੁਰੂਘਰ ਹੀ ਜਾ ਰਹੀ ਸੀ| ਸਾਰੇ ਅੰਦਰ ਚਲੇ ਗਏ ਤੇ ਉਥੇ ਹੀ ਕੀਰਤ ਨੂੰ ਪ੍ਰਭਲੀਨ ਟੱਕਰ ਗਈ| ਦੋਹੇ ਆਪਸ ਵਿਚ ਗੱਲਾਂ ਕਰਨ ਲੱਗ ਗਏ ਤਾਂ ਗੱਲਾਂ ਕਰਦੇ ਕਰਦੇ ਪ੍ਰਭਲੀਨ ਨੇ ਕੀਰਤ ਨੂੰ ਕੋਮਲ ਬਾਰੇ ਪੁੱਛਿਆ ਤਾ ਕੀਰਤ ਨੇ ਜਵਾਬ ਦਿੱਤਾ ਵੀ ਫਿਲਹਾਲ ਤੇ ਸਭ ਖਰਾਬ ਹੀ ਚਾਲ ਰਿਹਾ ਏ| ਉਸ ਤੋਂ ਬਾਅਦ ਓਹਨਾ ਨੇ ਮੱਥਾ ਟੇਕਿਆ ਤੇ ਕਮਰੇ ਤੇ ਵਾਪਿਸ ਆ ਗਏ| ਕੀਰਤ ਨੇ ਰੋਜ ਵਾਂਗ ਕੋਮਲ ਕੀਤਾ ਤੇ ਪੁੱਛਿਆ ਵੀ ਉਹ ਘਰ ਪਹੁੰਚ ਗਈ ਜਾ ਨਹੀਂ ਤੇ ਉਸਨੇ ਕੁਝ ਖਾਦਾ ਪੀਤਾ ਕਿ ਨਹੀਂ ਤਾ ਅੱਗੋਂ ਕੋਮਲ ਨੇ ਕਾਫੀ ਗੁੱਸੇ ਨਾਲ ਜਵਾਬ ਦਿੰਦੇ ਹੋਏ ਕਿਹਾ ਵੀ ਤੈਨੂੰ ਮੇਰੇ ਤੋਂ ਕਿ ਲੈਣਾ ਦੇਣਾ, ਉਸ ਕੁੜੀ ਨੂੰ ਪੁੱਛ ਜਿਸ ਨਾਲ ਅੱਜ ਗੱਲਾਂ ਮਾਰ ਰਿਹਾ ਸੀ| ਕੀਰਤ ਸਮਝ ਗਿਆ ਵੀ ਕੋਮਲ ਨੂੰ ਕੁਝ ਗ਼ਲਤਫ਼ਹਿਮੀ ਹੋ ਗਈ ਏ ਤਾਂ ਉਸਨੇ ਕੋਮਲ ਨੂੰ ਸਮਝਾਇਆ ਕਿ ਪ੍ਰਭਲੀਨ ਓਹਦੀ ਭੈਣ ਵਰਗੀ ਏ ਪਰ ਕੋਮਲ ਉਸ ਟਾਈਮ ਐਨੇ ਗੁੱਸੇ ਵਿਚ ਸੀ ਕਿ ਉਹ ਕੁਝ ਵੀ ਸੁਨਣ ਤੇ ਸਮਝਣ ਨੂੰ ਤਿਆਰ ਨਹੀਂ ਸੀ| ਏਦਾਂ ਹੀ ਲੜਦੇ ਮਨਾਉਂਦੇ ਰਾਤ ਬੀਤ ਜਾਂਦੀ ਐ| ਕੀਰਤ ਵੀ ਕਾਫੀ ਲੇਟ ਸੌਂਦਾ ਹੈ| ਸਵੱਖਤੇ ਹੀ ਕੀਰਤ ਨੂੰ ਕੋਮਲ ਦਾ ਫੋਨ ਆਉਂਦਾ ਹੈ, ਉਹ ਕੀਰਤ ਦਾ ਹਾਲ ਚਾਲ ਪੁੱਛਦੀ ਹੈ ਤੇ ਕਹਿੰਦੀ ਐ ਕਿ ਕੀਰਤ ਕੀ ਆਪਾਂ ਸਭ ਫਿਰ ਤੋਂ ਠੀਕ ਕਰ ਸਕਦੇ ਹਾਂ ਤਾਂ ਕੀਰਤ ਅੱਗੋਂ ਹਾਮੀ ਭਰ ਦਿੰਦਾ ਹੈ ਤੇ ਖੁਸ਼ ਹੋ ਜਾਂਦਾ ਹੈ| ਕੋਮਲ ਉਸਨੂੰ ਕਹਿੰਦੀ ਹੈ ਕਿ ਕੀਰਤ ਤੂੰ ਮੈਨੂੰ ਵਾਅਦਾ ਕਰ ਵੀ ਕਦੇ ਵੀ ਉਦਾਸ ਨਹੀਂ ਹੋਵੇਗਾ ਤੇ ਖੁਸ਼ ਰਿਹਾ ਕਰੇਗਾ ਤਾ ਕੀਰਤ ਹਾਮੀ ਭਰ ਦਿੰਦਾ ਹੈ| ਦੋਨੋ ਕਿੰਨਾ ਹੀ ਟਾਈਮ ਫੋਨ ਤੇ ਗੱਲਾਂ ਕਰਦੇ ਰਹਿੰਦੇ ਹਨ| ਇਵੇ ਜਾਪਦਾ ਸੀ, ਜਿਵੇ ਸਭ ਠੀਕ ਹੋਗਿਆ ਐ |

ਆਖਰੀ ਮੁਲਾਕਾਤ

ਪਤਾ ਹੀ ਨਹੀਂ ਚੱਲਿਆ ਕਦੋ ਇਕ ਸਾਲ ਬੀਤ ਗਿਆ| ਹੁਣ ਤਿੰਨ ਦਿਨਾਂ ਬਾਅਦ ਸੈਸ਼ਨ ਖਤਮ ਹੋਣ ਵਾਲਾ ਸੀ, ਜਿਸ ਤੋਂ ਬਾਅਦ ਕੋਮਲ ਨੇ ਆਪਣੇ ਘਰ ਚਲ ਜਾਣਾ ਸੀ| ਇਸ ਲਈ ਦੋਨੋ ਚੰਗਾ ਸਮਾਂ ਬਤੀਤ ਕਰਨ ਦੀ ਸਲਾਹ ਬਣਾਉਂਦੇ ਹਨ, ਜਿਸ ਕਰਕੇ ਉਹ ਟੈਸਟ ਤੋਂ ਬਾਅਦ ਦੋਵੇ ਕੀਰਤ ਦੇ ਕਮਰੇ ਤੇ ਚਲੇ ਜਾਂਦੇ ਨੇ ਤੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ| ਉਸ ਦਿਨ ਕਮਰੇ ਤੇ ਹੋਰ ਵੀ ਕਾਫੀ ਕੁਝ ਹੁੰਦਾ ਹੈ| ਮੈਨੂੰ ਦੱਸਣ ਦੀ ਲੋੜ ਨਹੀਂ ਪਵੇਗੀ ਤੁਸੀਂ ਖੁਦ ਹੀ ਸਮਝ ਗਏ ਹੋਵੋਗੇ ਪਰ ਇਸ ਤੋਂ ਇਲਾਵਾ ਉਸ ਦਿਨ ਕੋਮਲ ਪਹਿਲੀ ਬਾਰ ਐਨਾ ਖੁੱਲ ਕੇ ਕੀਰਤ ਨਾਲ ਦਿਲ ਦੀਆ ਗੱਲਾਂ ਸਾਂਝੀਆਂ ਕਰ ਰਹੀ ਸੀ, ਜਿਸ ਦੇ ਚੱਲਦੇ ਉਹ ਭਾਵੁਕ ਹੋਕੇ ਰੋਣ ਲੱਗ ਜਾਂਦੀ ਹੈ ਤਾ ਕੀਰਤ ਉਸ ਨੂੰ ਘੁੱਟ ਕੇ ਸੀਨੇ ਨਾਲ ਲੈ ਲੈਂਦਾ ਹੈ| ਫਿਰ ਸ਼ਾਮ ਹੋ ਜਾਂਦੀ ਐ ਤੇ ਕੋਮਲ ਆਪਣੇ ਘਰ ਚਲ ਜਾਂਦੀ ਏ| ਅਗਲੇ ਦਿਨ ਕੋਮਲ ਦੀ ਤਬੀਅਤ ਕੁਝ ਖਰਾਬ ਹੋ ਜਾਂਦੀ ਹੈ, ਜਿਸ ਕਰਕੇ ਕੀਰਤ ਬਾਰ ਬਾਰ ਉਸ ਤੋਂ ਹਾਲ ਪੁੱਛਦਾ ਰਹਿੰਦਾ ਏ| ਰਾਤ ਨੂੰ ਐਦਾਂ ਹੀ ਦੋਹੇ ਗੱਲਾਂ ਕਰ ਰਹੇ ਸਨ ਕਿ ਕੋਮਲ ਕਹਿੰਦੀ ਹੈ ਕਿ ਮੈਨੂੰ ਹੁਣ ਸੋਂਣਾ ਪਵੇਗਾ ਤਾ ਕੀਰਤ ਸੌਣ ਤੋਂ ਪਹਿਲਾ ਇਕ ਬਾਰੀ ਵੀਡੀਓ ਕਾਲ ਕਰਨ ਲਈ ਕਹਿੰਦਾ ਹੈ ਤਾ ਕੋਮਲ ਮਨਾ ਕਰ ਦਿੰਦੀ ਹੈ| ਕੋਮਲ ਨੂੰ ਲੱਗ ਰਿਹਾ ਸੀ ਵੀ ਕੀਰਤ ਦੇ ਮਨ ਵਿਚ ਕੁਝ ਹੋਰ ਵਿਚਾਰ ਨੇ| ਕੀਰਤ ਵੀ  ਜਾਣਬੁਝ ਕੇ ਓਵੇ ਦਾ ਮਜਾਕ ਰਿਹਾ ਸੀ, ਜਿਸ ਕਰਕੇ ਕੋਮਲ ਗੁੱਸੇ ਹੋ ਜਾਂਦੀ ਐ ਤੇ ਕਹਿੰਦੀ ਹੈ ਕਿ ਕੀਰਤ ਤੈਨੂੰ ਮੇਰਾ ਤੇ ਭੋਰਾ ਖਿਆਲ ਹੀ ਨਹੀਂ ਏ ਬਸ ਸਿਰਫ ਆਪਣੇ ਤੱਕ ਮਤਲਬ ਏ, ਮੈਨੂੰ ਸਮਝ ਆ ਗਿਆ ਹੈ ਕਿ ਤੂੰ ਮੈਨੂੰ ਨਹੀਂ ਮੇਰੇ ਜਿਸਮ ਨੂੰ ਚਾਉਂਦਾ ਏ ਤਾਂ ਕੀਰਤ ਅੱਗੋਂ ਕਹਿੰਦਾ ਹੈ ਕਿ ਉਹ ਸਿਰਫ ਮਜਾਕ ਕਰ ਰਿਹਾ ਸੀ ਤਾਂ ਜੋ ਉਸ ਦਾ ਮਨ ਠੀਕ ਹੋਜੇ|ਪਰ ਕੋਮਲ ਹੁਣ ਕੁਝ ਸੁਣਨ ਨੂੰ ਤਿਆਰ ਨਹੀਂ ਸੀ| ਉਹ ਸਭ ਓਥੇ ਹੀ ਖਤਮ ਕਰਦੇ ਹੋਏ ਗੱਲ ਬੰਦ ਕਰ ਦਿੰਦੀ ਏ| ਅਗਲੇ ਦਿਨ ਸਵੇਰੇ ਹੀ ਕੋਮਲ ਦਾ ਫੋਨ ਆਉਂਦਾ ਏ ਕੀਰਤ ਨੂੰ ਤੇ ਕਹਿੰਦੀ ਹੈ ਕਿ ਕੀਰਤ ਤੈਨੂੰ ਮੇਰੀ ਸੋਂਹ ਏ ਆਪਣੀਆਂ ਸਾਰੀਆਂ ਫੋਟੋਆਂ ਡਿਲੀਟ ਕਰਦੇ ਤੇ ਭੁੱਲਜਾ ਬਸ ਮੈਨੂੰ| ਕੀਰਤ ਨੇ ਪੁੱਛਿਆ ਵੀ ਆਪ ਠੀਕ ਕਰ ਸਕਦੇ ਆ ਸਭ ਤਾ ਅੱਗੋਂ ਕੋਮਲ ਨੇ ਜਵਾਬ ਦਿੱਤਾ ਵੀ ਮੈਨੂੰ ਮੇਰੇ BESTFRIEND ਨੇ ਕਾਫੀ ਟਾਈਮ ਪਹਿਲਾ ਦਾ ਪ੍ਰੋਪੋਜ਼ ਕੀਤਾ ਹੋਇਆ ਸੀ, ਇਸ ਲਈ ਮੈਂ ਅੱਜ ਉਸਨੂੰ ਹਾਂ ਕਰ ਦਿੱਤੀ ਏ ਤੇ ਹੁਣ ਤੋਂ ਆਪਣੇ ਦੋਹਾਂ ਵਿਚਕਾਰ ਕੁਝ ਨਹੀਂ ਰਹਿ ਗਿਆ ਏ| ਕੀਰਤ ਸਮਝ ਗਿਆ ਵੀ ਸਾਲ ਮੁੱਕਣ ਨਾਲ ਪਿਆਰ ਵੀ ਮੁੱਕ ਗਿਆ, ਮੈਂ ਤੇ ਓਹਦੇ ਲਈ ਇਕ ਮਨਪ੍ਰਚਾਵਾ ਸੀ ਤਾ ਜੋ ਓਹਦਾ ਸਾਲ ਸੌਖਾ ਗੁਜਰ ਜਾਵੇ| ਇਸ ਤਰਾਂ ਉਹ ਮੁਲਾਕਾਤ ਕੀਰਤ ਲਈ ਆਖਰੀ ਮੁਲਾਕਾਤ ਬਣਕੇ ਰਹਿ ਗਈ |

ਨਤੀਜਾ

ਇਸ ਸਭ ਦੇ ਚੱਲਦੇ ਹੋਏ ਕੀਰਤ ਪੜ੍ਹਾਈ ਨੂੰ ਕਾਫੀ ਪਿੱਛੇ ਛੱਡ ਬੈਠਾ ਸੀ ਤੇ ਹੁਣ ਉਸਨੂੰ ਅਹਿਸਾਸ ਹੋ ਰਿਹਾ ਸੀ ਵੀ ਉਹ ਆਪਣੇ ਟੀਚੇ ਨੂੰ ਭੁੱਲਕੇ ਹੋਰ ਚੀਜਾਂ ਵੱਲ ਹੀ ਉਲਜਿਆ ਰਿਹਾ ਪਰ ਸਮਾਂ ਹੱਥੋਂ ਨਿਕਲਿਆ ਕਦੇ ਵਾਪਿਸ ਨਹੀਂ ਆਉਂਦਾ ਤੇ ਇਸ ਦਾ ਨਤੀਜਾ ਇਹ ਨਿਕਲਿਆ ਵੀ ਕੀਰਤ ਦਾ ਭਰਤੀ ਦਾ ਪੇਪਰ ਕਲੀਅਰ ਪਾਸ ਨਹੀਂ ਹੋ ਪਾਇਆ| ਜਿਸ ਤੋਂ ਬਾਅਦ ਉਸਨੂੰ ਕਾਫੀ ਬੁਰਾ ਲੱਗ ਰਿਹਾ ਸੀ ਪਰ ਉਸਨੇ ਹਾਰ ਮੰਨਣ ਤੋਂ ਮਨਾ ਕਰ ਦਿੱਤਾ| ਆਪਣੀਆਂ ਗ਼ਲਤੀਆਂ ਤੋਂ ਸਿੱਖ ਕੇ ਖੁਦ ਨੂੰ ਇਕ ਹੋਰ ਮੌਕਾ ਦੇਣ ਦਾ ਸੋਚਿਆ| ਕੀਰਤ ਨੇ ਪੁਰਾਣੀਆਂ ਗੱਲਾਂ ਤੋਂ ਸਬਕ ਲੈਕੇ, ਅੱਗੇ ਆਪਣੇ ਟੀਚੇ ਵੱਲ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਉਮੀਦ ਹੈ ਕਿ ਉਸ ਦੀ ਮੇਹਨਤ ਇਕ ਦਿਨ ਜਰੂਰ ਰੰਗ ਲਿਆਵੇਗੀ|

ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਰਹੀ ਹੋਵੇਗੀ| ਇਸ ਕਹਾਣੀ ਦਾ ਅਗਲਾ ਭਾਗ ਜਲਦ ਹੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ |

ਧੰਨਵਾਦ ਸਾਹਿਤ,

ਕਰਨ ਝੁਨੀਰ

Leave a comment

Facebook
YouTube
YouTube
Pinterest
Pinterest
fb-share-icon
Telegram