#ਇਕਅਰਬੀਕਥਾ
ਆਦਤਾਂ ਤੋਂ ਨਸਲ ਦਾ ਪਤਾ ਲਗਦਾ ਏ…
ਇਕ ਬਾਦਸ਼ਾਹ ਦੇ ਦਰਬਾਰ ਵਿਚ ਇਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿਚ ਅੱਪੜਿਆ।
ਉਸ ਤੋਂ ਉਹਦੀ ਯੋਗਤਾ ਪੁੱਛੀ ਗਈ।
ਉਸ ਆਖਿਆ
“ਸਿਆਸੀ ਹਾਂ।”
(ਅਰਬੀ ਚ ਸਿਆਸੀ ਉਸਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ)
ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸਨੂੰ ਘੋੜਿਆਂ ਦੇ ਤਬੇਲੇ ਦਾ ਮੁਖੀ ਬਣਾ ਘੱਤਿਆ।
ਥੋੜੇ ਦਿਨਾਂ ਮਗਰੋਂ ਬਾਦਸ਼ਾਹ ਉਸਨੂੰ ਆਪਣੇ ਸਾਰ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ,
ਉਸ ਆਖਿਆ, “ਇਹ ਘੋੜਾ ਨਸਲੀ ਨਹੀਂ ਏ।”
ਬਾਦਸ਼ਾਹ ਬੜਾ ਹੈਰਾਨ ਹੋਇਆ, ਉਸ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ……
ਉਸ ਦੱਸਿਆ, “ਬਾਦਸ਼ਾਹ !! ਘੋੜਾ ਤਾਂ ਨਸਲੀ ਜੋ, ਪਰ ਜਦ ਇਹ ਜੰਮਿਆ ਸੀ ਤਦ ਇਹਦੀ ਮਾਂ ਮਰ ਗਈ ਸੀ ਤੇ ਇਹ ਇੱਕ ਗਾਂ ਦਾ ਦੁੱਧ ਚੁੰਘ ਕੇ ਉਸ ਨਾਲ ਪਲਿਆ ਹੈ।”
ਬਾਦਸ਼ਾਹ ਉਸਨੂੰ ਸੱਦਿਆ ਤੇ ਪੁੱਛਿਆ “ਤੇਨੂੰ ਕਿਸ ਤਰਾਂ ਪਤਾ ਲੱਗਾ ਪਈ ਇਹ ਘੋੜਾ ਨਸਲੀ ਨਹੀਂ ਏ?”
ਉਸ ਆਖਿਆ, “ਜਿਦੋਂ ਇਹ ਘੋੜਾ ਘਾਹ ਖਾਂਦਾ ਹੈ ਤਦੋਂ ਇਹ ਗਾਈਆਂ ਵਾਂਙੂੰ ਮੂੰਹ ਹੇਠਾਂ ਕਰਕੇ ਖਾਂਦਾ, ਜਦਕਿ ਨਸਲੀ ਘੋੜਾ ਬੁਰਕ ਭਰਕੇ ਮੂੰਹ ਉਤਾਂਹ ਚੁੱਕ ਕੇ ਘਾਹ ਖਾਂਦਾ।”
ਬਾਦਸ਼ਾਹ ਉਸਦੀ ਸੂਝ ਤੋਂ ਏਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ, ਘਿਓ, ਭੁੱਜੇ ਹੋਏ ਦੁੰਬੇ ਤੇ ਪੰਖੀਆਂ ਦਾ ਉੱਚ ਦਰਜੇ ਦਾ ਮਾਸ ਇਨਾਮ ਵਜੋਂ ਘੱਲਿਆ ਤੇ ਉਸਨੂੰ ਮਲਿਕਾ ਦੇ ਰਣਵਾਸ ‘ਤੇ ਤੈਨਾਤ ਕਰ ਘੱਤਿਆ।
ਫੇਰ ਕੁਝ ਦਿਨਾਂ ਮਗਰੋਂ ਬਾਦਸ਼ਾਹ ਉਸਤੋਂ ਆਪਣੀ ਬੇਗ਼ਮ ਬਾਰੇ ਪੁੱਛਿਆ, ਉਸ ਆਖਿਆ,”ਰਹਿਣ-ਸਹਿਣ ਤਾਂ ਮਲਿਕਾ ਵਰਗਾ ਏ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਏ।”
ਬਾਦਸ਼ਾਹ ਬੜਾ ਅਵਾਜ਼ਾਰ ਹੋਇਆ ਤੇ ਉਹਨੂੰ ਖਲੋਣ ਨੂੰ ਧਰਤੀ ਵਿਹਲ ਨਾ ਦੇਵੇ। ਉਸ ਓਸੇ ਵੇਲੇ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਸਨੂੰ ਦੱਸਿਆ। ਸੱਸ ਆਂਹਦੀ, “ਸੱਚਾਈ ਇਹ ਵੇ ਕਿ ਤੁਹਾਡੇ ਮਾਪਿਆਂ ਮੇਰੇ ਖ਼ਸਮ ਨਾਲ ਹਾਡੀ ਕੁੜੀ ਦਾ ਜੰਮਦਿਆਂ ਹੀ ਰਿਸਤਾ ਮੰਗ ਲਿਆ ਸਉ, ਪਰ ਹਾਡੀ ਕੁੜੀ ਛੇ ਮਹੀਨਿਆਂ ਦੀ ਉਮਰੇ ਹੀ ਚਲ ਵਸੀ, ਇਸ ਤਰਾਂ ਫਿਰ ਅਸਾਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ।”
ਤਦ ਬਾਦਸ਼ਾਹ ਉਸਨੂੰ ਪੁੱਛਿਆ,”ਤੇਨੂੰ ਕੇਸਰਾਂ ਪਤਾ ਲੱਗਾ ਭਲਾ ?”
ਉਸ ਆਖਿਆ, “ਬਾਦਸ਼ਾਹ ਤੁਹਾਡੀ ਬੇਗ਼ਮ ਦਾ ਨੌਕਰਾਂ ਨਾਲ ਵਤੀਰਾ ਅਨਪੜ੍ਹਾਂ ਤੋਂ ਵੀ ਭੈੜਾ ਏ। ਇਕ ਖਾਨਦਾਨੀ ਬੰਦੇ ਦਾ ਦੁੱਜਿਆਂ ਨਾਲ ਵਿਹਾਰ ਕਰਨ ਦਾ ਇਕ ਸਲੀਕਾ ਹੁੰਦਾ ਏ, ਜੋ ਉਨ੍ਹਾਂ ਵਿਚ ਭੋਰਾ ਵੀ ਨਹੀਂ ਏ।”
ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਸਨੂੰ ਵਾਹਵਾ ਸਾਰਾ ਅਨਾਜ ਤੇ ਭੇਡਾਂ-ਬੱਕਰੀਆਂ ਇਨਾਮ ਵਜੋਂ ਦਿੱਤੀਆਂ ਤੇ ਉਸਨੂੰ ਆਪਣਾ ਦਰਬਾਰੀ ਬਣਾ ਲਿਆ।
ਕੁਝ ਦਿਨ ਲੰਘੇ, ਬਾਦਸ਼ਾਹ ਵੱਲੋਂ ਉਸਨੂੰ ਸੱਦਿਆ ਗਿਆ ਤੇ ਉਸਨੂੰ ਆਖਿਆ ਗਿਆ ਕਿ ਕੁਝ ਮੇਰੇ ਬਾਰੇ ਦੱਸ।
ਉਸ ਆਖਿਆ, “ਜਾਨ ਬਖ਼ਸ਼ ਰੱਖਿਆ ਜੇ।”
ਬਾਦਸ਼ਾਹ ਵਾਅਦਾ ਕੀਤਾ ਕਿ ਕੱਖ ਨਈਂ ਆਂਹਦਾ।
ਉਸ ਆਖਿਆ, “ਨਾ ਤਾਂ ਤੁਸਾਂ ਸ਼ਹਿਜ਼ਾਦੇ ਜੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹਾਂ ਵਰਗਾ ਏ।”
ਬਾਦਸ਼ਾਹ ਬੱਬੋੜਿੱਕਾ ਹੋਇਆ ਗੁੱਸੇ ਚ ਆ ਗਿਆ ਪਰ ਜਾਨ ਬਖ਼ਸ਼ਣ ਦਾ ਵਾਅਦਾ ਕੀਤਾ ਹੋਣ ਕਰਕੇ ਚੁੱਪ-ਚਾਪ ਆਪਣੀ ਮਾਂ ਦੇ ਮਹੱਲ ਜਾ ਅੱਪੜਿਆ।
ਉਸਦੀ ਮਾਂ ਆਖਿਆ, “ਪੁੱਤਰਾ ਇਹ ਸੱਚ ਵੇ ਕਿ ਤੂੰ ਇਕ ਆਜੜੀ ਦਾ ਮੁੰਡਾ ਏਂ, ਹਾਡੇ ਕੋਈ ਧੀ-ਪੁੱਤ ਨਹੀਂ ਸੀ ਤਦ ਅਸਾਂ ਤੇਨੂੰ ਗੋਦ ਲੈਕੇ ਪਾਲਿਆ।”
ਬਾਦਸ਼ਾਹ ਆਪਣੇ ਸਿਆਸੀ ਨੂੰ ਸੱਦਕੇ ਪੁੱਛਿਆ, “ਦੱਸ ! ਤੈਨੂੰ ਕਿੰਞ ਪਤਾ ਲੱਗਾ ?”
ਉਸ ਆਖਿਆ, “ਬਾਦਸ਼ਾਹ ਜਦ ਕਿਸੇ ਨੂੰ ਕੋਈ ਇਨਾਮ ਦੇਂਦੇ ਨੇ ਤਾਂ ਉਹ ਹੀਰੇ, ਮੋਤੀ ਜਵਾਹਰ ਦੇਂਦੇ ਨੇ, ਪਰ ਤੁਸਾਂ ਤਾਂ ਭੇਡਾਂ, ਬੱਕਰੀਆਂ ਤੇ ਖਾਣ-ਪੀਣ ਦੀਆਂ ਸ਼ੈਆਂ ਦਿੱਤੀਆਂ ਸਉ। ਇਸਤੋਂ ਪਤਾ ਲਗਦਾ ਕਿ ਤੁਸਾਂ ਕੋਈ ਸ਼ਹਿਜ਼ਾਦੇ ਨਹੀਂ, ਕਿਸੇ ਆਜੜੀ ਦੇ ਮੁੰਡੇ ਜੋ।”
.
ਕਿਸੇ ਮਨੁੱਖ ਕੋਲਾਂ ਕਿੰਨੀ ਵੀ ਧਨ-ਦੌਲਤ, ਸੁਖ-ਅਰਾਮ, ਰੁਤਬਾ, ਗਿਆਨ, ਤਾਕਤ ਹੋਵੇ, ਇਹ ਸਭ ਬਾਹਰੀ ਸ਼ੈਆਂ ਨੇ। ਬੰਦੇ ਦੀ ਅਸਲੀਅਤ ਉਸਦੇ ਲਹੂ, ਉਸਦੇ ਵਿਹਾਰ ਤੋਂ ਪਤਾ ਲਗਦੀ ਹੈ।
_📝ਮਲਕੀਤ ਸਿਉਂ
1 Comment
manpreet singh
awsume store par thnu kuj puraneee punjabi lupt ho rahiyan khaniya bare v likhna cahi da //