Skip to content Skip to footer

ਕੈਦ

ਮੈ ਤੇ ਅਮਨ ਲੁਧਿਆਣਾ ਦੇ ਇਕ ਛੋਟੇ ਜਿਹੇ ਮਕਾਨ ਵਿੱਚ ਬਹੁਤ ਸਾਲਾਂ ਤੋਂ ਰਹਿ ਰਹੇ ਸੀ ਕਾਫੀ ਪੁਰਾਣਾ ਮਕਾਨ ਹੈ ਜਦੋ ਪੰਜਾਬ ਦੀ ਵੰਡ ਹੋਈ ਸੀ ਉਦੋਂ ਤੋ ਦਾਦੇ ਪੜਦਾਦੇ ਏਸ ਮਕਾਨ ਵਿੱਚ ਰਹਿਣ ਲੱਗੇ ਸੀ ਲਾਹੌਰ ਤੋਂ ਆਕੇ.. ਉਦੋਂ ਕਤਲੇਆਮ ਵਿੱਚ ਅਮਨ ਦੇ ਪਿਤਾ ਜੀ ਸਮੇਤ ਪਰਿਵਾਰ ਦੇ ਕਈ ਜਣੇ ਮਾਰ ਦਿੱਤੇ ਗਏ ਸਿਰਫ ਦਾਦੀ, ਮਾਤਾ ਹੀ ਬਚੇ ਸੀ ਤੇ ਹਾਲਾਤ ਏਨੇ ਖਰਾਬ ਸੀ ਕਿ ਸਿਰ ਢੱਕਣ ਲਈ ਜੋ ਵੀ ਛੱਤ ਮਿਲੀ ਕਬੂਲ ਕਰ ਲਈ ਗਈ ਅਮਨ ਦੀ ਮਾਤਾ ਜੀ ਨੇ ਬੜੇ ਮੁਸ਼ਕਿਲ ਹਾਲਾਤਾਂ ਨਾਲ ਲੜ ਕੇ ਅਮਨ ਦੀ ਪਰਵਰਿਸ਼ ਕੀਤੀ ਤੇ ਸੁੱਖ ਦੇ ਸਮੇਂ ਉਹ ਅਮਨ ਨੂੰ ਇਕੱਲਾ ਛੱਡ ਕੇ ਦੁਨੀਆ ਤੋ ਚਲੇ ਗਏ ਦਾਦੀ ਤਾਂ ਪਹਿਲਾਂ ਹੀ ਸਦਮੇ ਕਾਰਨ ਜਿਆਦਾ ਸਮਾਂ ਨਹੀਂ ਕੱਢ ਸਕੇ ਤੇ ਸਵਰਗਵਾਸ ਹੋ ਗਏ ਸੀ.. ਅਮਨ ਦੇ ਮਾਤਾ ਨੇ ਆਪ ਤੰਗੀ ਕੱਟੀ ਤੇ ਅਮਨ ਦੀ ਪੜਾਈ ਚੰਗੇ ਸਕੂਲ ਵਿੱਚ ਕਰਵਾਈ ਤੇ ਏਸੇ ਵਜਾਹ ਕਰਕੇ ਅਮਨ ਨੂੰ ਨੌਕਰੀ ਵੀ ਵਧੀਆ ਮਿਲ ਗਈ ਸੀ ਤੇ ਇਕਠੇ ਨੌਕਰੀ ਕਰਨ ਕਰਕੇ ਹੀ ਸਾਡਾ ਵਿਆਹ ਵੀ ਹੋ ਗਿਆ ਪਰ ਮੈ ਵਿਆਹ ਤੋਂ ਬਾਅਦ ਨੌਕਰੀ ਛੱਡ ਦਿੱਤੀ ਤੇ ਅਮਨ ਦਾ ਘਰ ਸੰਭਾਲ ਲਿਆ।

ਘਰ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ ਏਸ ਕਰਕੇ ਨਵਾ ਮਕਾਨ ਲਿਆ ਪਰ ਏਹ ਵੀ ਸੋਚਿਆ ਕਿ ਪੁਰਾਣਾ ਘਰ ਵੇਚਣਾ ਨਹੀਂ ਜਿਸ ਨੇ ਬੜੇ ਮੁਸ਼ਕਿਲ ਸਮੇਂ ਵਿੱਚ ਸਹਾਰਾ ਦਿੱਤਾ ਇਸ ਦੀ ਮੁਰੰਮਤ ਕਰਵਾ ਕੇ ਦੇਖ ਰੇਖ ਲਈ ਛੱਡ ਦੇਵਾਂਗੇ.. ਜਾ ਕਿਸੇ ਬੇਸਹਾਰਾ ਨੂੰ ਦਾਨ ਕਰ ਦੇਵਾਂਗੇ। 

ਨਵਾ ਘਰ ਵੀ ਨੇੜੇ ਹੀ ਮਿਲ ਗਿਆ ਸੀ ਅਸੀਂ ਖੁਸ਼ ਸੀ ਕੀ ਪੁਰਾਣੇ ਘਰ ਵੀ ਜਲਦੀ ਗੇੜਾ ਲੱਗ ਜਾਵੇਗਾ ਤੇ ਦੇਖ ਭਾਲ ਵੀ ਹੋ ਜਾਵੇਗੀ.. ਕਾਫ਼ੀ ਉਤਸ਼ਾਹ ਨਾਲ ਤਿਆਰੀ ਚੱਲ ਰਹੀ ਸੀ.. ਅਮਨ ਨੇ ਰਜਿਸਟਰੀ ਕਰਵਾ ਕੇ ਥੋੜ੍ਹਾ ਬਹੁਤ ਕੰਮ ਸ਼ੁਰੂ ਕਰਵਾ ਦਿੱਤਾ ਸੀ ਪਰ ਮੈ ਮੇਰੀ ਨਵੇਂ ਘਰ ਨੂੰ ਅਪਣੇ ਹੱਥੀਂ ਸਜਾਉਣ ਦੀ ਰੀਝ ਨਹੀਂ ਪੂਰੀ ਕਰ ਸਕੀ ਸੀ ਅਜੇ ਤੱਕ… 

ਰਜਿਸਟਰੀ ਤੋ ਵਾਦ ਦਸ ਕ ਦਿਨ ਦਾ ਕੰਮ ਚ ਅਮਨ ਨੇ ਸਾਰਾ ਕੰਮ ਮੁਕੰਮਲ ਕਰਵਾ ਕੇ ਘਰ ਨੂੰ ਸਜਾਉਣ ਦੀ ਤਿਆਰੀ ਸ਼ੁਰੂ ਕੀਤੀ ਤੇ ਹਰ ਰੋਜ ਹੀ ਕੁੱਝ ਨਾ ਕੁੱਝ ਨਵਾਂ ਖ੍ਰੀਦ ਕੇ ਲੈ ਆਉਂਦੇ ਤੇ ਅਖੀਰ ਛੁੱਟੀ ਵਾਲੇ ਦਿਨ ਇਕਠੇ ਨਵੇਂ ਜਾਣ ਦਾ ਫ਼ੈਸਲਾ ਕੀਤਾ.. 

ਕੱਲ ਦੇ ਦਿਨ ਦਾ ਬਹੁਤ ਇੰਤਜ਼ਾਰ ਸੀ ਮੈਨੂੰ ਦਿਲ ਕਰਦਾ ਸੀ ਅੱਜ ਦਾ ਦਿਨ ਜਲਦੀ ਜਲਦੀ ਲੰਘ ਜਾਵੇ.. ਕਿੳਂਕਿ ਨਵੇਂ ਘਰ ਨੂੰ ਸਜਾਉਣ ਦਾ ਚਾਅ ਹੀ ਬੁਹਤ ਸੀ ਮੈਨੂੰ….ਇਸ ਲਈ ਸੋਚਦੀ ਸੋਚਦੀ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਾ… ਅਲਾਰਮ ਦੀ ਘੰਟੀ ਨਾਲ ਅੱਖ ਖੁੱਲੀ ਤੇ ਜਲਦੀ ਜਲਦੀ ਤਿਆਰ ਹੋਕੇ… ਮੈਂ ਤੇ ਮੇਰੇ ਪਤੀ ਅਮਨ ਘਰੋਂ ਚੱਲ ਪਏ … ਰਸਤੇ ਵਿੱਚ ਗੁਰੂ ਘਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਨਵੇਂ ਘਰ ਦੀ ਸਜਾਵਟ ਲਈ ਸਮਾਨ ਖਰੀਦਣ ਲਈ ਬਜ਼ਾਰ ਪਹੁੰਚ ਗਏ, ਮੈਨੂੰ ਐਂਟੀਕ ਚੀਜ਼ਾਂ ਦਾ ਬਹੁਤ ਸ਼ੌਂਕ ਆ… ਮੈਂ ਸੋਚਿਆ ਪਹਿਲਾਂ ਏਹੋ ਖਰੀਦ ਲਈਆਂ ਜਾਣ..ਅਮਨ ਨੂੰ ਇੱਕ ਦੀਵਾਰ ਘੜੀ… ਜਿਸ ਵਿੱਚ ਇੱਕ ਘੰਟਾ ਚਲਦਾ ਸੀ ਬਹੁਤ ਸੋਹਣੀ ਲੱਗੀ… ਕੁਝ ਹੱਥ ਨਾਲ ਬਣਾਈ ਹੋਈ ਤਸਵੀਰਾਂ..

ਤੇ ਮੈਂ ਕੁਝ ਪੁਰਾਣੇ ਸਮੇਂ ਦੇ ਦੋ ਚਾਰ ਬਰਤਨ ਲੈ ਲਏ… ਫਿਰ ਹੋਰ ਕਾਫੀ ਸਮਾਨ ਲੈਣ ਤੋਂ ਬਾਅਦ ਨਵੇਂ ਘਰ ਆ ਗਏ… ਵੇਖਿਆ ਤੇ ਪਹਿਲਾਂ ਵੀ ਕਾਫੀ ਵਾਰ ਪਰ ਅੱਜ ਜਿਆਦਾ ਚਾਅ ਸੀ ਕਿਉਂ ਕਿ ਅੱਜ ਮੈਂ ਤੇ ਅਮਨ ਨੇ ਸਜਾਉਣਾ ਸੀ ਇਹ ਨੂੰ… ਕਾਫੀ ਸਮਾਨ ਪਹਿਲਾਂ ਵੀ ਪਹੁੰਚਾਂ ਦਿੱਤਾ ਗਿਆ ਸੀ… ਬਸ ਦੋਨੋਂ ਆਪੋ ਅਪਣੇ ਕੰਮ ਕਾਜ ਵਲ ਧਿਆਨ ਕਰਨ ਲੱਗੇ ਪਰ ਭੁੱਖ ਵੀ ਲੱਗੀ ਹੋਈ ਸੀ ਤੇ ਦੁਪਹਿਰ ਤਾਂ ਹੋ ਹੀ ਗਈ ਸੀ ਇਸ ਲਈ ਖਾਣਾ ਖਾ ਕੇ ਕੰਮ ਸ਼ੁਰੂ ਕੀਤਾ… ਮੈਂ ਰਸੋਈ ਵਿੱਚ ਸਮਾਨ ਠੀਕ ਕਰ ਰਹੀ ਸੀ ਤੇ ਪੁਰਾਣੇ ਸਮੇਂ ਦੇ ਬਰਤਨਾਂ ਦਾ ਖਿਆਲ ਆਇਆ…. ਮੈਂ ਉਹ ਵੀ ਲਿਆ ਕੇ ਸਜਾਉਣ ਲੱਗੀ ਤੇ ਅਚਾਨਕ ਇੱਕ ਸੁਰਾਹੀ ਮੇਰੇ ਹੱਥਾਂ ਵਿੱਚੋਂ ਨਿੱਕਲ ਕੇ ਡਿੱਗ ਗਈ… ਸੁਣਨ ਨੂੰ ਅਜੀਬ ਲੱਗੇਗਾ ਪਰ ਹੋਇਆ ਏਦਾਂ ਹੀ ਕੀ ਉਸ ਵਿੱਚੋਂ ਇੱਕ ਕੁੜੀ ਦੀ ਆਤਮਾ ਬਾਹਰ ਆਈ… ਮੈਂ ਬਹੁਤ ਡਰ ਵੀ ਗਈ ਸੀ… ਪਰ ਫੇਰ ਖੁਦ ਨੂੰ ਸੰਭਾਲ ਕੇ ਮੈਂ ਪੁੱਛਿਆ ਕਿ ਤੂੰ ਕੌਣ ਐ ਕਿਉਂ ਆਈ ਏ ਤੇ ਕਿਵੇਂ… 

ਉਹ ਬੋਲੀ ਡਰ ਨਾ ਮੈਂ ਕੋਈ ਨੁਕਸਾਨ ਨਹੀਂ ਕਰਾਂਗੀ ਜਿਵੇਂ ਤੂੰ ਕਹੇਗੀ ਮੈ ਉਵੇਂ ਹੀ ਕਰਾਂਗੀ… ਮੈ ਡਰੀ ਵੀ ਹੋਈ ਸੀ ਪਰ ਕੀ ਕਰਦੀ ਜੇ ਕਿਸੇ ਨੂੰ ਵੀ ਦੱਸਦੀ ਤੇ ਮੇਰਾ ਮਜ਼ਾਕ ਉਡਾਉਣਾ ਸੀ ਕਿ. ਅੱਜ ਦੇ ਟਾਈਮ ਵਿੱਚ ਕੀ ਬੋਲ ਰਹੀ ਹੈ… ਅਮਨ ਤਾਂ ਓਦਾਂ ਵੀ ਭੂਤ ਪ੍ਰੇਤ ਤੇ ਵਿਸ਼ਵਾਸ ਨਹੀਂ ਕਰਦੇ…ਮੈਂ ਥੋੜ੍ਹਾ ਬਹੁਤ ਕਰਦੀ ਸੀ ਤੇ ਸੋਚਦੀ ਹੁੰਦੀ ਸੀ ਜੇ ਕਦੇ ਮਿਲੇ ਕੋਈ ਭੂਤ ਤੇ ਗੱਲਾਂ ਕਰਾਂਗੀ ਕਿ ਮਰਨ ਤੋਂ ਬਾਅਦ ਕਿੱਦਾਂ ਲੱਗਦਾ… ਅੱਜ ਮਿਲ ਗਈ ਆਤਮਾ ਤੇ ਖੁਦ ਹੀ ਘਬਰਾ ਗਈ… ਮੈਂ ਖੁਦ ਨੂੰ ਸਮਝਾ ਕੇ ਉਸ ਨੂੰ ਵਾਪਿਸ ਸੁਰਾਹੀ ਵਿੱਚ ਜਾਣ ਨੂੰ ਕਿਹਾ ਕਿ ਜਦੋਂ ਮੇਰਾ ਦਿਲ ਕੀਤਾ ਕੁੱਝ ਕਹਿਣ ਨੂੰ ਤਾਂ ਵਾਪਿਸ ਬੁਲਾ ਲਵਾਂਗੀ… ਉਹ ਵਾਪਿਸ ਚਲੀ ਗਈ ਸੁਰਾਹੀ ਵਿੱਚ… ਮੈਂ ਸੁੱਖ ਦਾ ਸਾਹ ਲਿਆ ਤੇ ਅਮਨ ਕੋਲ ਜਾ ਕੇ ਰੁਕ ਗਈ… ਉਹ ਮੈਨੂੰ ਘਬਰਾਈ ਵੇਖ ਕੇ ਹੈਰਾਨ ਹੋਏ ਕਿ ਕੀ ਹੋਇਆ… ਮੈਂ ਪਹਿਲਾਂ ਸੋਚਿਆ ਦੱਸ ਦੇਵਾਂ ਪਰ ਪਤਾ ਸੀ ਉਹ ਮੇਰਾ ਮਜ਼ਾਕ ਉਡਾਉਣਗੇ ਇਸ ਲਈ ਚੁੱਪ ਕਰ ਗਈ ਤੇ ਰਸੋਈ ਵਿੱਚ ਜਾਣ ਦੀ ਬਜਾਏ ਅਮਨ ਨਾਲ ਹੀ ਕੰਮ ਕਰਨ ਲੱਗ ਗਈ ਪਰ ਧਿਆਨ ਉਸ ਆਤਮਾ ਤੇ ਹੀ ਰਿਹਾ… ਸ਼ਾਮ ਨੂੰ ਅਸੀਂ ਦੋਨੋਂ ਪੁਰਾਣੇ ਘਰ ਵਾਪਿਸ ਆ ਗਏ… ਅੱਜ ਮੈਨੂੰ ਚੁੱਪ ਵੇਖ ਕੇ ਅਮਨ ਵੀ ਸੋਚੀ ਪਏ ਸੀ ਕਿ ਇਹ ਨੂੰ ਕੀ ਹੋਇਆ… ਪਰ ਕੰਮ ਕਾਰ ਦੀ ਥਕਾਵਟ ਕਰਕੇ ਨਾ ਉਹ ਬੋਲੇ ਇਸ ਵਾਰੇ ਤੇ ਨਾ ਹੀ ਮੈਂ… ਅਗਲੇ ਦਿਨ ਅਮਨ ਆਪਣੀ ਨੌਕਰੀ ਤੇ ਚਲੇ ਗਏ ਤੇ ਮੈਂ ਘਰ ਦਾ ਕੰਮ ਕਾਰ ਕਰ ਨਵੇਂ ਘਰ ਜਾਣ ਦਾ ਸੋਚ ਰਹੀ ਸੀ…ਮੇਰਾ ਤਾਂ ਧਿਆਨ ਵੈਸੇ ਵੀ ਉਥੇ ਹੀ ਅਟਕਿਆ ਹੋਇਆ ਸੀ… ਮੈਂ ਪਹਿਲਾਂ ਅਮਨ ਨੂੰ ਕਾਲ ਕਰਕੇ ਦੱਸ ਦਿੱਤਾ ਕਿ ਮੈ ਨਵੇਂ ਘਰ ਜਾ ਰਹੀ ਆ…ਉਹਨਾਂ ਕਿਹਾ ਕਿ ਮੈਂ ਆਉਂਦੇ ਹੋਏ ਤੈਨੂੰ ਨਾਲ ਹੀ ਲੈ ਆਵਾਂਗਾ… ਰਸਤੇ ਵਿਚ ਜਾਂਦੇ ਹੋਇਆ ਮੈਂ ਉਸ ਆਤਮਾ ਵਾਰੇ ਹੀ ਸੋਚ ਰਹੀ ਸੀ… ਪਰ ਅੱਜ ਮੈਂ ਖੁਦ ਨੂੰ ਤਿਆਰ ਕਰ ਲਿਆ ਸੀ ਕਿ ਅੱਜ ਡਰਨਾ ਨਹੀਂ… ਤੇ ਮੇਰੇ ਮਨ ਵਿੱਚ ਜੋ ਸਵਾਲ ਅੱਜ ਤੱਕ ਚੱਲਦੇ ਸੀ ਮੈਂ ਉਹ ਸਾਰੇ ਉਸ ਤੋਂ ਜਰੂਰ ਪਤਾ ਕਰਾਂਗੀ…ਸੋਚਦੇ ਸੋਚਦੇ ਮੈਂ ਨਵੇਂ ਘਰ ਵੀ ਪਹੁੰਚ ਗਈ… ਤੇ ਸੁਰਾਹੀ ਕੋਲ ਬਹਿ ਕੇ ਉਸ ਨੂੰ ਛੂਹ ਕੇ ਕੋਸ਼ਿਸ ਕੀਤੀ ਕਿ ਉਹ ਆਤਮਾ ਦੁਬਾਰਾ ਬਾਹਰ ਆਕੇ ਮੇਰੇ ਨਾਲ ਗੱਲ ਕਰੇ…. ਜਦੋਂ ਉਹ ਬਾਹਰ ਆਈ ਤਾਂ ਉਹੀ ਗੱਲ ਫਿਰ ਤੋਂ ਬੋਲੀ ਮੈਂ ਤੁਹਾਡੇ ਲਈ ਕੀ ਕਰਾ ਹੁਕਮ ਕਰੋ… 

ਪਰ ਮੈਂ ਤਾਂ ਏਦਾਂ ਦਾ ਕੁਝ ਸੋਚਿਆ ਹੀ ਨਹੀਂ ਸੀ… ਮੇਰੇ ਮਨ ਵਿੱਚ ਤਾਂ ਹੋਰ ਹੀ ਸਵਾਲ ਚੱਲ ਰਹੇ ਸੀ… ਜਿਹਨਾਂ ਦੇ ਜਵਾਬ ਮੈਂ ਜਲਦੀ ਜਲਦੀ ਜਾਣਨਾ ਚਾਹੁੰਦੀ ਸੀ…. ਮੈਂ ਉਸ ਨੂੰ ਕਿਹਾ ਕਿ ਮੈਂ ਕੋਈ ਕੰਮ ਨਹੀਂ ਕਰਵਾਉਣਾ ਚਾਹੁੰਦੀ ਮੈਨੂੰ ਸਿਰਫ ਮੇਰੇ ਕੁੱਝ ਸਵਾਲਾਂ ਦੇ ਜਵਾਬ ਦੇ ਦਿਉ ਆਪਣੀ ਜ਼ਿੰਦਗੀ ਵਾਰੇ ਤੇ ਇਸ ਸੁਰਾਹੀ ਵਿੱਚ ਕਿਵੇਂ ਆਏ..ਹੋਰ ਪਤਾ ਨਹੀਂ ਕਿੰਨੇ ਹੀ ਸਵਾਲ ਮੈ ਉਸ ਤੋਂ ਪੁੱਛ ਲਏ….. ਉਸਨੇ ਮੈਨੂੰ ਬੋਲਦੀ ਨੂੰ ਵਿੱਚ ਹੀ ਰੋਕ ਕੇ ਕਿਹਾ ਕਿ ਤੁਸੀਂ ਮੇਰੇ ਤੋਂ ਸਿਰਫ਼ ਤਿੰਨ ਹੀ ਸਵਾਲਾਂ ਦੇ ਜਵਾਬ ਲੈ ਸਕਦੇ ਹੋ…. ਉਸ ਤੋਂ ਜਿਆਦਾ ਨਹੀਂ…… ਜੇ ਤੁਸੀਂ ਮੇਰੇ ਤੋਂ ਕੋਈ ਕੰਮ ਨਹੀਂ ਕਰਵਾ ਰਹੇ ਤਾਂ ਮੈ ਸਿਰਫ ਪੰਜ ਦਿਨ ਹੀ ਤੁਹਾਡੇ ਬਲਾਉਣ ਤੇ ਆ ਸਕਦੀ ਆ…. ਉਸ ਤੋ ਬਾਅਦ ਨਹੀਂ…..ਜਿਹਨਾਂ ਵਿੱਚੋ ਅੱਜ ਦੂਸਰਾ ਦਿਨ ਹੈ 

ਉਸ ਆਤਮਾ ਦੀਆਂ ਇਹ ਗੱਲਾਂ ਸੁਣ ਕੇ ਮੈਂ ਹੋਰ ਵੀ ਸੋਚ ਵਿੱਚ ਪੈ ਗਈ…. ਮੈਂ ਉਸ ਨੂੰ ਵਾਪਿਸ ਜਾਣ ਲਈ ਕਿਹਾ ਤੇ ਘਰ ਦੇ ਛੋਟੇ ਮੋਟੇ ਕੰਮ ਕਰਦੀ ਮੈਂ ਏਸੇ ਵਾਰੇ ਹੀ ਸੋਚਦੀ ਰਹੀ … ਏਨੇ ਨੂੰ ਅਮਨ ਦੀ ਕਾਲ ਆ ਗਈ ਕਿ ਉਹ ਲੈਣ ਆ ਰਹੇ ਨੇ… ਮੈਂ ਵੀ ਕੰਮ ਮੁਕਾ ਕੇ ਉਹਨਾਂ ਦਾ ਇੰਤਜ਼ਾਰ ਕਰਨ ਲੱਗੀ… ਅੱਜ ਸੋਚ ਰਹੀ ਆ ਕੇ ਅਮਨ ਨੂੰ ਦੱਸ ਹੀ ਦੇਵਾ ਪਰ ਮੈਂਨੂੰ ਪਤਾ ਉਹ ਯਕੀਨ ਨਹੀਂ ਕਰਨਗੇ ਕਿਉਂਕਿ ਉਹ ਭੂਤ ਪ੍ਰੇਤ ਵਿੱਚ ਵਿਸ਼ਵਾਸ ਨਹੀਂ ਕਰਦੇ ….ਅਮਨ ਦੀ ਕਾਲ ਆਈ ਕਿ ਉਹ ਘਰ ਦੇ ਬਾਹਰ ਇੰਤਜ਼ਾਰ ਕਰ ਰਹੇ ਨੇ ਤੇ ਮੈਂ ਵੀ ਜਲਦੀ ਘਰ ਬੰਦ ਕਰ ਉਹਨਾਂ ਨਾਲ਼ ਘਰ ਵਾਪਿਸ ਆ ਗਈ… 

ਅੱਜ ਵੀ ਫੇਰ ਉਹੀ ਸੋਚਾਂ ਨੇ ਮੈਨੂੰ ਘੇਰੀ ਰੱਖਿਆ… 

ਅਮਨ ਨੇ ਪੁੱਛਿਆ… ਕੀ ਹੋ ਗਿਆ ਹੈ ਕੱਲ ਦਾ ਵੇਖ ਰਿਹਾ ਕਿੱਥੇ ਗੁੰਮ ਰਹਿੰਦੀ ਹੈ ਖਿਆਲਾਂ ਵਿੱਚ ਕੋਈ ਫਿਕਰ ਵਾਲੀ ਗੱਲ ਤੇ ਨੀ… 

ਮੈਂ ਕਿਹਾ…. ਜੇ ਮੈਂ ਦੱਸਾਂ ਤੇ ਕੀ ਤੁਸੀਂ ਯਕੀਨ ਕਰੋਗੇ? 

ਅਮਨ : ਕਿਉਂ ਪਹਿਲਾਂ ਤੇਰੀ ਕਿਸ ਗੱਲ ਦਾ ਯਕੀਨ ਨਹੀਂ ਕੀਤਾ ਮੈਂ…ਉਹ ਹੱਸ ਕੇ ਬੋਲੇ 

ਮੈਂ ਕਿਹਾ.. ਏਦਾਂ ਦੀ ਗੱਲ ਨ੍ਹੀ ਜੋ ਮੈਂ ਵੇਖਿਆ ਉਹ ਤੁਹਾਡੀ ਸੋਚ ਤੋ ਬਿਲਕੁਲ ਵੱਖਰਾ ਹੈ.. ਏਸ ਲਈ ਤੁਸੀਂ ਸ਼ਾਇਦ ਨਾ ਯਕੀਨ ਕਰੋ.. 

ਅਮਨ : ਅੱਛਾ ਫਿਰ ਗੱਲ ਦੱਸੋ ਕਿ ਕੀ ਹੋਇਆ.. 

ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ…. ਪਹਿਲਾਂ ਤਾਂ ਉਹ ਚੁੱਪ ਕਰ ਗਏ ਫਿਰ ਬੋਲੇ… ਮੈਂ ਤੇਰੇ ਤੇ ਯਕੀਨ ਆ ਪਰ ਮੈਨੂੰ ਮੇਰੀ ਸੋਚ ਤੇ ਵੀ ਯਕੀਨ ਆ… ਮੈਨੂੰ ਲੱਗਦਾ ਜੇ ਉਹ ਫਿਰ ਦੁਬਾਰਾ ਤੈਨੂੰ ਦਿਸ ਪਈ ਤਾਂ ਪੱਕਾ ਹੀ ਮੈਨੂੰ ਕਿਸੇ ਚੰਗੇ ਹਸਪਤਾਲ ਵਿੱਚ ਤੇਰਾ ਇਲਾਜ ਕਰਵਾਉਣਾ ਪਵੇਗਾ…

ਤੇ ਉਹ ਹੱਸਣ ਲੱਗੇ… 

ਮੈਂ ਨਾਰਾਜ਼ ਹੋ ਕੇ ਉੱਠ ਕੇ ਚਲੀ ਗਈ… ਸੋਚ ਰਹੀ ਸੀ ਕਿ ਏਦਾਂ ਕਿੱਦਾਂ ਇਹ ਸਭ ਸੱਚੀ ਹੋਇਆ ਆ… 

ਅਗਲੇ ਦਿਨ ਮੈਂ ਕੰਮ ਮੁਕਾ ਫਿਰ ਨਵੇਂ ਘਰ ਲਈ ਚੱਲ ਪਈ… 

ਸਾਰਾ ਰਸਤਾ ਸੋਚਦੀ ਰਹੀ ਕਿ ਮੈਂ ਉਸ ਤੋਂ ਕੰਮ ਨਹੀਂ ਕਰਵਾਉਣਾ.. 

ਮੇਰੀ ਏਦਾਂ ਦੀ ਸੋਚ ਨਹੀਂ… ਮੈਂ ਕੁਝ ਨਹੀਂ ਮੰਗਣਾ ਉਸ ਤੋਂ… 

ਪੰਜ ਦਿਨ ਕਾਫੀ ਆ ਮੇਰੇ ਸਵਾਲਾਂ ਦੇ ਜਵਾਬ ਲਈ… ਪਰ ਮੁਸ਼ਕਿਲ ਏਹ ਆ ਕਿ ਜਿਨਾਂ ਕੁਝ ਮੇਰੇ ਮਨ ਵਿਚ ਆ ਉਹ ਤਿੰਨ ਸਵਾਲਾਂ ਵਿੱਚ ਕਿਵੇਂ ਪੁੱਛਾਂ… ਸੋਚਾਂ ਸੋਚਦੀ ਨਵੇਂ ਘਰ ਵੀ ਪਹੁੰਚ ਗਈ…. ਅੱਜ ਸੁਰਾਹੀ ਕੋਲ ਜਾਣ ਤੋਂ ਪਹਿਲਾਂ ਕੁੱਝ ਕੰਮ ਜਲਦੀ ਜਲਦੀ ਖ਼ਤਮ ਕੀਤਾ ਤਾਂ ਜੋ ਸਕੂਨ ਨਾਲ ਉਹਦੀ ਗੱਲ ਸੁਣ ਸਕਾਂ… 

ਮੇਰਾ ਪਹਿਲਾਂ ਸਵਾਲ ਕੀ ਹੋਵੇਗਾ.. ਮੈਂ ਸੋਚਿਆ… 

ਹਾਂ ਸਭ ਤੋਂ ਪਹਿਲਾਂ ਐਹੋ ਪੁੱਛ ਲਵਾਂ ਕਿ ਉਹ ਏਸ ਸੁਰਾਹੀ ਵਿੱਚ ਕਿਵੇਂ ਕੈਦ ਹੋਈ…. 

ਮੈਂ ਸੁਰਾਹੀ ਚੁੱਕ ਕੇ ਆਤਮਾ ਨੂੰ ਬੁਲਾਇਆ…. ਉਹ ਬਾਹਰ ਆਈ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਹੁਕਮ ਦਾ ਇੰਤਜ਼ਾਰ ਕਰਨ ਲੱਗੀ… ਮੈਂ ਉਸ ਨੂੰ ਕਿਹਾ… ਮੈਂ ਤੇਰੇ ਤੋ ਕੋਈ ਕੰਮ ਨਹੀਂ ਕਰਵਾਉਣਾ…. ਮੈਨੂੰ ਸਿਰਫ ਮੇਰੇ ਸਵਾਲਾਂ ਦੇ ਜਵਾਬ ਦੇ ਦਿਉ… 

ਆਤਮਾ ਬੋਲੀ….. ਪੁੱਛੋ ਕੀ ਪੁੱਛਣਾ ਚਾਹੁੰਦੇ ਹੋ… 

ਮੈਂ ਕਿਹਾ ਸਭ ਤੋਂ ਪਹਿਲਾਂ ਇਹ ਦੱਸੋ ਇਸ ਸੁਰਾਹੀ ਦੀ ਕੈਦ ਕਿਉਂ ਮਿਲੀ…. 

ਉਹ ਬੋਲੀ…. ਇਹ ਲੰਬੀ ਕਹਾਣੀ ਹੈ ਮੇਰੀ… ਇੱਕ ਨਹੀਂ.. ਕਈ ਜਨਮਾਂ ਦੀ…ਸਜ਼ਾ ਮਿਲੀ ਹੈ ਮੈਨੂੰ ਤਾਂ ਹੀ ਇਸ ਕੈਦ ਵਿੱਚ ਆਈ ਆ… ਗੁਨਾਹ ਕੀਤੇ ਉਹ ਵੀ ਇਕ ਔਰਤ ਹੁੰਦੇ ਹੋਏ… 

ਸੁਣੋ…. ਮੇਰੇ ਪਹਿਲੇ ਜਨਮ ਦਾ ਗੁਨਾਹ… 

ਮੈਂ ਛੋਟੀ ਜਹੀ ਸੀ… ਦੇਖਣ ਨੂੰ ਇੱਕ ਪਿਆਰੀ ਕੁੜੀ.. ਸਭ ਨੂੰ ਨਹੀਂ ਕਿਸੇ ਕਿਸੇ ਨੂੰ ਹੀ ਚੁਣਦੀ ਸੀ ਆਪਣਾ ਦੋਸਤ ਬਨਾਉਣ ਲਈ ਖੇਡਣ ਲਈ… ਜੋ ਕੋਈ ਪਸੰਦ ਨਹੀਂ ਸੀ ਹੁੰਦਾ ਬੋਲਦੀ ਨਹੀਂ ਸੀ… ਆਕੜ ਖੋਰ ਸੀ ਪੂਰੀ… ਐਹੋ ਸੁਭਾਅ ਵੱਡੇ ਹੋ ਕੇ ਵੀ ਬਣਿਆ ਰਿਹਾ… ਹਰ ਇੱਕ ਨੂੰ ਖਿਝ ਕੇ ਬੋਲਣਾ ਮਾਂ ਪਿਉ ਦੀ ਇੱਜ਼ਤ ਨਾ ਕਰਨਾ… ਭੈਣ ਭਰਾਵਾਂ ਨਾਲ ਈਰਖਾ ਕਰਨੀ… ਫਿਰ ਮੇਰਾ ਵਿਆਹ ਹੋ ਗਿਆ… ਪਰ ਮੇਰਾ ਸੁਭਾਅ ਨਾ ਬਦਲਿਆ… ਕਰੂਰਤਾ ਇਨੀਂ ਜਿਆਦਾ ਸੀ ਸੋਹਰੇ ਘਰ ਦੇ ਜੀਆਂ ਨਾਲ ਨਾ ਬਣੀ.. ਆਪਣੇ ਪਤੀ ਦੇ ਮਾਂ ਪਿਉ ਨੂੰ ਘਰੋਂ ਬਾਹਰ ਕੱਢ ਦਿੱਤਾ…. ਖੁੱਦ ਦੇ ਬੱਚੇ ਤੇ ਪਤੀ ਨਾਲ ਵੀ ਬੁਰਾ ਵਰਤਾਅ ਕੀਤਾ…. ਸਭ ਨਾਲ ਸਾਰੀ ਜ਼ਿੰਦਗੀ ਬੁਰਾ ਹੀ ਕੀਤਾ…ਸਬ਼ਰ….ਤਿਆਗ… ਸਹਿਣਸ਼ੀਲਤਾ ਬਿਲਕੁਲ ਨਹੀਂ ਸੀ ਮੇਰੇ ਵਿੱਚ… ਜਿਸ ਦਾ ਇੱਕ ਔਰਤ ਵਿੱਚ ਹੋਣਾ ਜਰੂਰੀ ਹੈ… ਪਰ ਮੈਂ ਬਿਲਕੁਲ ਉਲਟ ਸੀ ਇਸ ਸਭ ਤੋਂ…. ਇਸ ਤੱਪਦੀ ਅੱਗ ਨੇ ਮੈਂਨੂੰ ਖੁਦ ਨੂੰ ਵੀ ਲਪੇਟੇ ਵਿੱਚ ਲੈ ਲਿਆ ਇੱਕ ਦਿਨ.. ਮੈਂ ਖੁਦ ਹੀ ਆਤਮ ਹੱਤਿਆ ਕਰ ਕੇ ਸਭ ਬਰਬਾਦ ਕਰ ਦਿੱਤਾ..

ਉਸ ਤੋਂ ਬਾਅਦ ਫੇਰ ਇੱਕ ਹੋਰ ਜਨਮ ਮਿਲਿਆ…

ਪਰ ਫਿਰ ਤੋਂ ਕੁੜੀ ਦਾ…

ਆਤਮਾ ਬੋਲ ਹੀ ਰਹੀ ਸੀ ਕਿ ਅਚਾਨਕ ਘਰ ਦਾ ਬੂਹਾ ਕਿਸੇ ਨੇ ਖੜਕਾਇਆ ਤੇ ਮੈਨੂੰ ਇਕਦਮ ਯਾਦ ਆਇਆ ਕੇ ਮੈਂ ਫੋਨ ਘਰ ਹੀ ਭੁੱਲ ਆਈ ਤੇ… ਅਮਨ ਨੂੰ ਨਹੀਂ ਪਤਾ ਸੀ ਕਿ ਮੈ ਇੱਥੇ ਆਈ ਹੋਈ ਆ… ਮੈਨੂੰ ਵੀ ਖਿਆਲ ਨਹੀਂ ਰਿਹਾ ਸੀ ਸਮੇਂ ਦਾ…ਮੈਂ ਫਟਾਫਟ ਦਰਵਾਜ਼ੇ ਕੋਲ ਗਈ ਤੇ ਅਮਨ ਦੇ ਵੱਲ ਵੇਖ ਕੇ ਆਪਣੀ ਜਲਦਬਾਜ਼ੀ ਵਿੱਚ ਹੋਈ ਭੁੱਲ ਦਾ ਅਹਿਸਾਸ ਹੋਇਆ… ਪਰ ਉਹ ਵੀ ਫਿਕਰਮੰਦ ਸੀ ਮੇਰੇ ਲਈ… ਇਸ ਲਈ ਗੁੱਸੇ ਵਿਚ ਨਹੀਂ ਬੋਲੇ ਸਗੋ ਪੁੱਛ ਰਹੇ ਸੀ ਕਿ ਸਭ ਠੀਕ ਹੈ.. ਤੇ ਜੇ ਸਭ ਕੰਮ ਮੁਕਾ ਲਏ ਨੇ ਤਾਂ ਘਰ ਚੱਲੀਏ… ਮੈਂ ਕਿਹਾ ਕਿ ਤੁਸੀਂ ਗੱਡੀ ਵਿਚ ਚਲੋ ਮੈ ਆ ਰਹੀ ਆ.. ਉਹ ਗੱਡੀ ਵਿੱਚ ਚਲੇ ਗਏ… ਤੇ ਮੈਂ ਅੰਦਰ ਆ ਕੇ ਵੇਖਿਆ ਉਹ ਆਤਮਾ ਉੱਥੇ ਨਹੀਂ ਸੀ… ਪਤਾ ਨਹੀਂ ਕਿੱਥੇ ਸੀ… ਮੈਂ ਦਰਵਾਜ਼ਾ ਬੰਦ ਕਰ ਕੇ ਅਮਨ ਨਾਲ ਘਰ ਵਾਪਿਸ ਆ ਗਈ… ਪਰ ਅੱਜ ਮੈਨੂੰ ਕੱਲ੍ਹ ਜਿੰਨੀ ਫ਼ਿਕਰ ਨਹੀਂ ਸੀ ਸਗੋ ਮੈਂ ਬਹੁਤ ਉਤਾਵਲੀ ਸੀ ਉਸ ਆਤਮਾ ਦੀ ਆਪ ਬੀਤੀ ਜਾਣਨ ਲਈ… ਤੇ ਜੋ ਸੁਣ ਲਈ ਸੀ ਉਸ ਵਾਰੇ ਵੀ ਹੈਰਾਨ ਸੀ ਕਿ ਕਿੱਦਾਂ ਕੋਈ ਇੰਨਾਂ ਕ੍ਰੂਰ ਹੋ ਸਕਦਾ ਆ…

ਅਮਨ : ਅੱਜ ਮੈਨੂੰ ਤੇਰੀ ਸਿਹਤ ਕੱਲ੍ਹ ਨਾਲੋਂ ਬਿਹਤਰ ਲੱਗ ਰਹੀ ਆ… ਮੈਨੂੰ ਫ਼ਿਕਰ ਹੋ ਗਈ ਸੀ ਤੈਨੂੰ ਘਰ ਨਾ ਵੇਖ ਕੇ… ਤੂੰ ਅੱਜ ਫੋਨ ਵੀ ਘਰ ਹੀ ਭੁੱਲ ਗਈ ਸੀ… ਮੈਂ ਸੋਚਿਆ ਜ਼ਰੂਰ ਨਵੇਂ ਘਰ ਹੀ ਹੋਵੇਗੀ ਏਸ ਲਈ ਸਿੱਧਾ ਉੱਥੇ ਹੀ ਆ ਗਿਆ ਸੀ..

ਮੈਂ : ਸਰਦਾਰ ਜੀ ਤੁਸੀਂ ਏਨਾਂ ਵੀ ਨਾ ਫਿਕਰਮੰਦ ਹੋਇਆ ਕਰੋ ਮੈਂ ਬੱਚੀ ਥੋੜ੍ਹਾ ਹੀ ਆ…

ਅਮਨ : ਤੇਰਾ ਫ਼ਿਕਰ ਨਾ ਕਰਾਂ ਤੇ ਦੱਸ ਕਿਸ ਦਾ ਕਰਾਂ… ਤੂੰ ਹੀ ਤਾਂ ਹੈ ਮੇਰੀ ਜ਼ਿੰਦਗੀ ਦਾ ਸਹਾਰਾ…ਹੋਰ ਕੌਣ ਐ ਮੇਰਾ..

ਏਨਾਂ ਬੋਲ ਅਮਨ ਉਦਾਸ ਹੋ ਗਏ…

ਮੈਂ ਸਮਝਦੀ ਸੀ ਅਮਨ ਦੀ ਹਾਲਤ.. ਪਰ ਮੈਂ ਗੱਲ ਬਦਲਣ ਲਈ ਕਿਹਾ.. ਅੱਛਾ ਸਰਦਾਰ ਜੀ ਲੱਗਦਾ ਹੁਣ ਮੈਨੂੰ ਕੋਈ ਹਸਪਤਾਲ ਵੇਖਣਾ ਪੈਣਾ… ਤੁਹਾਡੇ ਲਈ… ਅਸੀਂ ਦੋਨੋ ਹੱਸਣ ਲੱਗੇ…

ਅਮਨ :ਸੱਚ ਉਹ ਮੈਂ ਦੱਸਣਾ ਭੁੱਲ ਗਿਆ… ਕੰਮ ਮੈਨੂੰ ਦਫਤਰ ਤੋਂ ਛੁੱਟੀ ਹੈ ਤੇ ਮੇਰਾ ਇੱਕ ਦੋਸਤ ਹੈ ਉਹਨੂੰ ਮੈਂ ਘਰ ਬੁਲਾਇਆ ਹੈ ਕੁਝ ਦਫ਼ਤਰ ਦਾ ਕੰਮ ਕਾਰ ਵੇਖ ਲਵਾਂਗੇ ਇਕੱਠੇ ਬੈਠ ਕੇ ਤੇ ਦੁਪਿਹਰ ਦਾ ਖਾਣਾ ਉਹ ਇੱਥੇ ਹੀ ਖਾ ਲਵੇਗਾ… 

ਮੈਂ ਥੋੜ੍ਹਾ ਨਰਾਜ਼ਗੀ ਜਤਾਉਂਦੇ ਹੋਏ ਕਿਹਾ : ਸਰਦਾਰ ਜੀ ਦਫ਼ਤਰ ਦਾ ਕੰਮ ਦਫ਼ਤਰ ਹੀ ਨਿਪਟਾ ਦਿਆ ਕਰੋ… ਘਰ ਨਾ ਦਫ਼ਤਰ ਬਣਾਇਆ ਕਰੋ… 

ਮੈਨੂੰ ਇਹ ਵੀ ਖਿਆਲ ਆਇਆ ਕਿ ਆਤਮਾ ਦੇ ਪੰਜ ਵਿੱਚੋਂ ਅੱਜ ਤੀਸਰਾ ਦਿਨ ਸੀ… ਕੱਲ੍ਹ ਨੂੰ ਚੌਥਾ ਦਿਨ… ਸਿਰਫ ਦੋ ਦਿਨ ਰਹਿ ਜਾਣੇ ਪਿੱਛੇ… ਪਤਾ ਨਹੀਂ ਮੈਨੂੰ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਕਿ ਨਹੀਂ… 

ਅਗਲੇ ਦਿਨ ਅਮਨ ਘਰ ਹੀ ਸੀ… ਮੈਂ ਘਰ ਦੇ ਰੋਜ਼ਾਨਾ ਦੇ ਕੰਮਾਂ ਤੋਂ ਬਾਅਦ ਦੁਪਿਹਰ ਦਾ ਖਾਣਾ ਤਿਆਰ ਕੀਤਾ ਤੇ ਅਮਨ ਨੂੰ ਬੁਲਾ ਕੇ ਗੱਲ ਕੀਤੀ ਕਿ ਤੁਸੀਂ ਤਾਂ ਆਪਣੇ ਦੋਸਤ ਨਾਲ ਕੰਮ ਲੱਗੇ ਹੋ ਮੇਰਾ ਵਿਹਲੀ ਦਾ ਸਮਾਂ ਨਹੀਂ ਲੰਘਣਾ ਤੁਸੀਂ ਜਦੋਂ ਦਿਲ ਕੀਤਾ ਖਾਣਾ ਖਾ ਲੈਣਾ ਮੈਂ ਨਵੇਂ ਘਰ ਜਾ ਆਉਂਦੀ ਆ ਕੁਝ ਸਮਾਂ….

ਅਮਨ ਨੇ ਵੀ ਮਨਾ ਨਹੀਂ ਕੀਤਾ ਤੇ ਕਿਹਾ ਕਿ ਚਲੇ ਜਾ ਮੈਂ ਲੈ ਆਵਾਂਗਾ ਤੈਨੂੰ ਤੂੰ ਮੈਂਨੂੰ ਫੋਨ ਕਰ ਦੇਵੀਂ… 

ਮੈਂ ਤਿਆਰ ਹੋਕੇ ਨਵੇਂ ਘਰ ਚਲੇ ਗਈ… ਅੱਜ ਮੇਰਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਸੀ ਮੈਂ ਆਤਮਾ ਨਾਲ ਹੀ ਗੱਲ ਕਰਨੀ ਚਾਹੁੰਦੀ ਸੀ… ਮੈਂ ਉਸ ਨੂੰ ਬੁਲਾਇਆ ਤੇ ਅੱਗੇ ਦੀ ਆਪਬੀਤੀ ਸੁਣਾਉਣ ਨੂੰ ਕਿਹਾ… 

ਆਤਮਾ : ਮੇਰਾ ਦੂਸਰਾ ਜਨਮ ਵੀ ਇਕ ਔਰਤ ਦਾ ਸੀ… 

ਪਰ ਪਹਿਲਾਂ ਤੋਂ ਸੁਭਾਅ ਵਿੱਚ ਕੁਝ ਫ਼ਰਕ ਸੀ… ਸਿੱਧੀ ਸਾਦੀ ਕੁੜੀ ਸੀ… ਪੇਕੇ ਪਰਿਵਾਰ ਨਾਲ ਵੀ ਵਧੀਆ ਸੀ ਤੇ ਸੋਹਰੇ ਘਰ ਵੀ… ਬਸ ਇੱਕੋ ਕਮੀ ਸੀ ਕਿ ਵਿਆਹ ਤੋਂ ਬਾਅਦ ਰੱਬ ਨੇ ਪੁੱਤ ਦੀ ਦਾਤ ਨਹੀਂ ਸੀ ਦਿੱਤੀ … ਸਿਰਫ ਕੁੜੀਆਂ ਹੀ ਪੱਲੇ ਪਾ ਦਿਤੀਆਂ ਸੀ ਚਾਰ ਚਾਰ ਧੀਆਂ ਤੋ ਵਾਦ ਵੀ ਪੁੱਤ ਨਹੀਂ ਸੀ ਮਿਲ ਰਿਹਾ… ਸੱਸ ਵਹਿਮਾਂ ਭਰਮਾਂ ਵਿੱਚ ਯਕੀਨ ਕਰਦੀ ਸੀ… ਇਸ ਲਈ ਜਦੋਂ ਵੀ ਉਮੀਦ ਤੋਂ ਹੁੰਦੀ ਤੇ ਕਿਸੇ ਨਾ ਕਿਸੇ ਬਾਬੇ ਸਾਧ ਤੋਂ ਪੁੱਛਿਆ ਲੈ ਕੇ ਪਤਾ ਕਰਦੀ ਕਿ ਮੁੰਡਾ ਕਿ ਕੁੜੀ… ਪਤਾ ਨਹੀਂ ਕਿੰਨੀ ਵਾਰ ਦਾਈਆਂ ਤੋਂ ਗਰਭਪਾਤ ਕਰਵਾਇਆ…. ਪਰ ਪੁੱਤ ਨਹੀਂ ਝੋਲੀ ਵਿੱਚ ਪਿਆ… ਸਗੋਂ ਧੀਆਂ ਚਾਰ ਤੋਂ ਛੇ ਹੋ ਗਾਈਆਂ…ਫਿਕਰਾਂ ਵਿੱਚ ਇਹ ਵਾਲੇ ਜਨਮ ਨੂੰ ਵੀ ਹਾਰ ਗਈ ਪਰ ਧੀਆਂ ਦੇ ਕਤਲ ਦਾ ਭਾਰ ਸਿਰ ਪੈ ਗਿਆ… 

ਫਿਰ ਤੀਜੇ ਜਨਮ ਵਿੱਚ ਵੀ ਕੁੜੀ ਹੀ ਬਣ ਕੇ ਪੈਦਾ ਹੋਈ… ਰੱਬ ਵੀ ਲੱਗਦਾ ਮੌਕਾ ਦੇ ਰਿਹਾ ਸੀ ਕਿ ਸ਼ਾਇਦ ਪਿਛਲੇ ਜਨਮਾਂ ਦੇ ਕੀਤੇ ਬੁਰੇ ਕਰਮ ਸੁਧਰ ਜਾਣ ਮੇਰੇ ਪਰ ਮੈਂ ਪਤਾ ਨਹੀਂ ਕਿਉਂ ਹਰ ਵਾਰ ਕੁਝ ਨਾ ਕੁਝ ਗ਼ਲਤ ਕਰੀ ਜਾ ਰਹੀ ਸੀ…. 

ਮੈਂ ਸਮਾਂ ਵੇਖਿਆ ਤੇ ਆਤਮਾ ਨੂੰ ਵਿੱਚ ਹੀ ਟੋਕ ਕੇ ਅਮਨ ਨੂੰ ਫੋਨ ਕੀਤਾ ਕਿ ਉਹ ਕਦੋਂ ਆ ਰਹੇ ਨੇ… ਅਮਨ ਨੇ ਕਿਹਾ ਕਿ ਉਸਦਾ ਕੰਮ ਅਜੇ ਬਾਕੀ ਹੈ ਤੇ ਉਹ ਪੰਜ ਕੁ ਵਜ਼ੇ ਤੱਕ ਆ ਜਾਏਗਾ… 

ਪੰਜ ਵੱਜਣ ਵਿੱਚ ਅਜੇ ਇੱਕ ਘੰਟਾ ਬਾਕੀ ਸੀ ਮੈਂ ਉਸ ਨੂੰ ਉਸਦੀ ਆਪ ਬੀਤੀ ਅੱਗੇ ਸੁਣਾਉਣ ਲਈ ਕਿਹਾ…. 

ਆਤਮਾ : ਅਗਲਾ ਜਨਮ ਵਿੱਚ ਵੀ ਔਰਤ ਬਣੀ ਪਹਿਲਾਂ ਪਹਿਲਾਂ ਸਭ ਠੀਕ ਸੀ… ਵਿਆਹ ਤੋਂ ਬਾਅਦ ਪਰਿਵਾਰ ਨਾਲ ਵੀ ਠੀਕ ਰਿਹਾ ਪਰ ਹੌਲੀ-ਹੌਲੀ ਕੁਝ ਬਦਲਾਵ ਆਉਣ ਲੱਗਾ…ਖੁਦ ਇੱਕ ਔਰਤ ਹੁੰਦੇ ਹੋਏ ਹੁੰਦੇ ਹੋਏ ਪਰਿਵਾਰ ਦੇ ਜੀਆਂ ਨਾਲ ਬੁਰਾ ਵਿਵਹਾਰ ਕੀਤਾ… ਖੁਦ ਦੀ ਨੂੰਹ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ…ਆਪਣੀ ਖੁਦਗਰਜ਼ੀ.. ਆਕੜ… ਲਾਲਚ… ਈਰਖਾ ਕਰਕੇ ਆਪਣੇ ਹੀ ਪੁੱਤ ਦਾ ਘਰ ਬਰਬਾਦ ਕਰ ਦਿੱਤਾ… ਆਪਣੀ ਨੂੰਹ ਨੂੰ ਉਸਦੇ ਪੇਕੇ ਪਰਿਵਾਰ ਵਾਰੇ ਬੁਰਾ ਬੋਲਿਆ… ਦਾਜ ਦਹੇਜ਼ ਲਈ ਤੰਗ ਕੀਤਾ…

ਉਸਨੂੰ ਉਸਦੇ ਹੀ ਘਰ ਵਿੱਚ ਨੌਕਰਾਣੀ ਦੀ ਤਰਾਂ ਵਰਤਾਵ ਕੀਤਾ…ਅਖੀਰ ਲਾਲਚ ਦੀ ਅੰਨੀ ਹੋ ਕੇ ਮੈਂ ਉਸ ਨੂੰ ਰਸੋਈ ਵਿੱਚ ਕੰਮ ਕਰਦੀ ਨੂੰ ਅੱਗ ਲਗਾ ਦਿੱਤੀ ਤਾਂ ਜੋ ਪੁੱਤ ਦਾ ਦੂਜਾ ਵਿਆਹ ਕਰਵਾ ਕੇ ਕੋਈ ਅਮੀਰ ਘਰ ਦੀ ਨੂੰਹ ਲੈ ਆਂਵਾਂ… 

ਐਨੇ ਜਨਮ ਬੁਰੇ ਕਰਮ ਕੀਤੇ… ਰੱਬ ਨੇ ਪਤਾ ਨਹੀਂ ਕਿਉ ਰਹਿਮ ਕੀਤਾ ਤੇ ਅਗਲੀ ਵਾਰ ਆਦਮੀ ਦੇ ਰੂਪ ਵਿੱਚ ਭੇਜ ਦਿੱਤਾ.. 

ਆਦਮੀ ਦੇ ਰੂਪ ਵਿੱਚ ਵੀ… ਬੁਰੇ ਕੰਮ ਕਰਨ ਤੋਂ ਨਾ ਰੁਕਿਆ ਗਿਆ… ਨਸ਼ਾ ਮਾਂ ਪਿਉ ਨਾਲ ਮਾਰ ਕੁਟਾਈ… ਪਤਨੀ ਬੱਚਿਆਂ ਨਾਲ ਬੁਰਾ ਵਿਵਹਾਰ… ਬੇਗਾਨੀਆਂ ਧੀਆਂ ਦੀ ਇੱਜ਼ਤ ਬਰਬਾਦ ਕੀਤੀ… ਬੱਸ ਇਨੇ ਬੁਰੇ ਕਰਮਾਂ ਦੀ ਸਜ਼ਾ ਐਹੋ ਮਿਲੀ ਮੈਨੂੰ ਕਿ ਅੱਜ ਪਤਾ ਨਹੀਂ ਕਿੰਨੀਆਂ ਹੀ ਸਦੀਆਂ ਤੋਂ ਏਸ ਸੁਰਾਹੀ ਵਿਚ ਕੈਦ ਆਂ… 

ਆਤਮਾਂ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਦੁਖੀ ਹੋਈ… ਅੱਜ ਤੱਕ ਸਿਰਫ਼ ਖ਼ਬਰਾਂ ਸੁਣ ਕੇ ਹੀ ਬੜਾ ਦੁਖੀ ਹੁੰਦੀ ਸੀ ਕਿ ਦੁਨੀਆ ਤੇ ਕੀ ਹੋ ਰਿਹਾ ਹੈ… ਪਰ ਅੱਜ ਇਕ ਮੁਜ਼ਰਿਮ ਖੁਦ ਮੇਰੇ ਸਾਹਮਣੇ ਸੀ… ਜਿਸ ਨੂੰ ਏਡੀ ਵੱਡੀ ਸਜ਼ਾ ਮਿਲ ਚੁੱਕੀ ਸੀ… 

ਉਹ ਅਮਨ ਦੀ ਕਾਲ ਆ ਗਈ… 

ਮੈਂ ਆਤਮਾਂ ਨੂੰ ਜਾਣ ਲਈ ਕਿਹਾ ਤੇ ਬਾਕੀ ਦੇ ਸਵਾਲਾਂ ਦੇ ਜਵਾਬ ਕੱਲ ਤੇ ਛੱਡ ਦਿੱਤੇ… 

ਮੈਂ ਘਰ ਆਕੇ ਵੀ ਖਿਆਲਾਂ ਵਿੱਚ ਉੱਥੇ ਹੀ ਘੁੰਮਦੀ ਰਹੀ… 

ਸਕੂਨ ਨਹੀਂ ਮਿਲ ਰਿਹਾ ਸੀ.. 

ਮਨ ਵਿੱਚ ਸਵਾਲਾਂ ਦੀ ਉਥਲ ਪੁਥਲ ਹੋ ਰਹੀ ਸੀ… 

ਪਰ ਮੁਸ਼ਕਿਲ ਇਹ ਸੀ ਕਿ ਮੈਂ ਸਿਰਫ਼ ਦੋ ਹੀ ਸਵਾਲ ਪੁੱਛ ਸਕਦੀ ਸੀ… 

ਅਮਨ :ਅੱਜ ਤਾਂ ਦਿਲ ਕਰਦਾ ਸੀ ਦਫਤਰ ਘਰ ਹੀ ਖੋਲ ਲਵਾ ਸਦਾ ਲਈ.. ਘਰ ਵਿਚ ਰਹਿ ਕੇ ਕੰਮ ਕਰਨ ਦਾ ਮਜ਼ਾ ਹੀ ਹੋਰ ਆ… ਇੱਕ ਤੂੰ ਨਹੀਂ ਸੀ ਘਰ ਤੰਗ ਕਰਨ ਲਈ ਹੋਰ ਵੀ ਵਧੀਆ ਲੱਗਾ…. ਹਾ ਹਾ ਹਾ ਹਾ ਹਾ 

ਅਮਨ ਹੱਸਣ ਲੱਗੇ ਤੇ ਮੈਂ ਨਾਰਾਜ਼ ਹੋ ਗਈ… 

ਮੈਂ ਕਿਹਾ… ਅੱਛਾ ਠੀਕ ਆ ਜੇ ਤੁਹਾਨੂੰ ਘਰ ਇਕੱਲੇ ਰਹਿਣਾ ਪਸੰਦ ਆ ਤਾਂ ਮੈ ਨਵੇਂ ਘਰ ਚਲੀ ਜਾਂਦੀ ਆ ਤੁਸੀਂ ਰਹੋ ਇਕੱਲੇ.. 

ਅਮਨ : ਉਹ ਨਹੀਂ ਸਰਦਾਰਨੀ ਜੀ… ਮੈਂ ਮਜ਼ਾਕ ਕਰਦਾ ਸੀ ਤੇਰੇ ਬਿਨਾਂ ਮੈ ਅਧੂਰਾ ਆ… ਘਰ ਰੌਣਕ ਨਹੀਂ ਤੇਰੇ ਬਿਨਾਂ.. ਨਵੇਂ ਘਰ ਆਪਾਂ ਇਕੱਠੇ ਜਾਵਾਂਗੇ… ਤੂੰ ਤਿਆਰੀ ਰੱਖ… ਬਸ.. 

ਮੈਂ ਵੀ ਖੁਸ਼ ਹੋ ਗਈ ਤੇ ਸ਼ਾਮ ਦਾ ਖਾਣਾ ਖਾਣ ਲੱਗੇ.. 

ਕੱਲ ਕੰਮ ਵੀ ਕਾਫੀ ਕਰਨਾ ਸੀ ਤੇ ਆਤਮਾ ਤੋਂ ਸਵਾਲ ਦੇ ਜਵਾਬ ਵੀ ਚਾਹੀਦੇ ਸੀ… ਸੋਚ ਰਹੀ ਸੀ ਅਗਲਾ ਸਵਾਲ ਕੀ ਪੁੱਛਾਂ ਤੇ ਕੱਲ ਪੰਜ ਦਿਨ ਵੀ ਤਾਂ ਪੂਰੇ ਹੋਣੇ ਆ ਪਤਾ ਨਹੀਂ ਉਹ ਫਿਰ ਮਿਲੇਗੀ ਕਿ ਨਹੀਂ… 

ਅਗਲੇ ਦਿਨ ਰੋਜ਼ ਦੀ ਤਰਾਂ ਘਰ ਦਾ ਕੰਮ ਮੁਕਾ ਕੇ ਮੈਂ ਨਵੇਂ ਘਰ ਚਲੇ ਗਈ.. ਪਰ ਅੱਜ ਮੈਂ ਕੋਈ ਕੰਮ ਨਹੀਂ ਕੀਤਾ ਤੇ ਜਲਦੀ ਆਤਮਾਂ ਨੂੰ ਬੁਲਾ ਕੇ ਉਸ ਨਾਲ ਗੱਲ ਕਰਨ ਲੱਗੀ… 

ਮੈਂ ਉਸ ਤੋਂ ਦੂਜਾ ਸਵਾਲ ਕੀਤਾ….ਮੈਨੂੰ ਇਹ ਦੱਸੋ ਤੁਹਾਨੂੰ ਇਹ ਸੁਰਾਹੀ ਵਿੱਚ ਕਿਸਨੇ ਕੈਦ ਕੀਤਾ…

ਆਤਮਾ : ਮੈਨੂੰ ਸੁਰਾਹੀ ਵਿੱਚ ਕੈਦ ਉਸੇ ਕੁਦਰਤ ਨੇ ਕੀਤਾ ਜਿਸ ਨੇ ਮੈਨੂੰ ਇਨੇ ਜਨਮ ਮੌਕਾ ਦਿੱਤਾ ਆਪਣੇ ਆਪ ਨੂੰ ਸੁਧਾਰਨ ਦਾ… ਉਸਨੇ ਮੈਨੂੰ ਇਨਸਾਨ ਬਣਾ ਕੇ ਧਰਤੀ ਤੇ ਭੇਜਿਆ ਹਰ ਵਾਰ… ਹਰ ਵਾਰ ਇਕ ਨਵੇਂ ਧਰਮ ਵਿੱਚ ਜਨਮ ਦਿੱਤਾ ਮੈਂਨੂੰ… ਪਰ ਜੋ ਇਨਸਾਨ ਇਨਸਾਨ ਹੀ ਨਹੀਂ ਬਣ ਸਕਦਾ ਉਸਤੇ ਧਰਮ ਜਾ ਲਈ ਲਿੰਗ ਦਾ ਕੋਈ ਅਸਰ ਨਹੀਂ ਹੁੰਦਾ… ਉਹ ਸਭ ਨੂੰ ਹੀ ਇਨਸਾਨ ਬਣਾ ਕੇ ਦੁਨੀਆ ਤੇ ਭੇਜਦਾ ਹੈ… ਪਰ ਇਨਸਾਨ ਦੁਨੀਆ ਤੇ ਆਕੇ ਬਨਾਉਣ ਵਾਲੇ ਨੂੰ ਵੀ ਭੁੱਲ ਜਾਂਦਾ ਹੈ ਤੇ ਜਨਮ ਦੇਣ ਵਾਲੇ ਮਾਂ ਪਿਉ ਨੂੰ ਵੀ…ਹੰਕਾਰ.. ਈਰਖਾ… ਧੋਖਾ.. ਫਰੇਬ.. ਲਾਲਚ… ਕਾਮ.. ਕ੍ਰੋਧ ਵੱਸ ਪੈ ਕੇ ਬੁਰੇ ਕਰਮ ਕਰਦਾ ਹੈ ਤੇ ਸਜ਼ਾ ਪਾਉਂਦਾ ਹੈ… ਉਸ ਹਰ ਇੱਕ ਇਨਸਾਨ ਨੂੰ ਸਜ਼ਾ ਮਿਲਦੀ ਹੈ… ਜੋ ਕੁਦਰਤ ਦੇ ਬਣਾਏ ਕਾਨੂੰਨ ਨੂੰ ਤੋੜ ਕੇ ਖੁਦ ਦੀ ਮਰਜੀ ਕਰਦਾ ਹੈ… ਕੁਦਰਤ ਨੂੰ ਭੁੱਲ ਕੇ ਖੁਦ ਨੂੰ ਰੱਬ ਬਣਾ ਲਿਆ ਅੱਜ ਕੱਲ ਇਨਸਾਨਾਂ ਨੇ.. ਇਨਸਾਨੀਅਤ ਦੇ ਨਾਮ ਤੇ ਧਰਮ.. ਰਾਜਨੀਤੀ… ਤੇ ਪਤਾ ਨਹੀਂ ਕਿੰਨੇ ਕੁ ਘਰ ਬਰਬਾਦ ਹੋ ਚੁੱਕੇ ਨੇ… ਮੈਂ ਵੀ ਆਪਣੇ ਕੀਤੇ ਬੁਰੇ ਕਰਮਾਂ ਦੀ ਸਜ਼ਾ ਭੁਗਤ ਰਹੀ ਆ… ਏਦਾਂ ਹੀ ਉਹ ਹਰ ਇਨਸਾਨ ਸਜ਼ਾ ਪਾਉਂਦਾ ਹੈ ਪਰ ਸਜ਼ਾ ਹਰ ਇੱਕ ਦੀ ਇੱਕੋ ਜਹੀ ਨਹੀਂ.. ਪਰ ਕੀਤਾ ਭੁਗਤਣਾ ਜ਼ਰੂਰ ਪੈਂਦਾ ਹੈ.. ਚੰਗੇ ਕਰਮਾਂ ਦੇ ਚੰਗੇ… ਤੇ ਬੁਰੇ ਕਰਮਾਂ ਦੇ ਬੁਰੇ ਨਤੀਜੇ ਮਿਲਦੇ ਨੇ… ਇਹ ਜ਼ਰੂਰੀ ਨਹੀਂ ਲੇਖੇ ਜੋਗੇ ਦਾ ਹਿਸਾਬ … ਮਰਨ ਤੋਂ ਬਾਅਦ ਹੀ ਮਿਲਦਾ ਹੈ… ਉਹ ਕੁਦਰਤ ਆਪਣੇ ਆਪ ਤੋਂ ਹੈ ਕੁਝ ਵੀ ਕਰ ਸਕਦੀ ਹੈ… ਸਜ਼ਾ ਕੀਤੇ ਦਾ ਫਲ ਜਿਉਂਦੇ ਜੀਅ ਵੀ ਦੇ ਸਕਦੀ ਹੈ.. ਮਰਨ ਤੋਂ ਵਾਦ ਵੀ.. ਏਹ ਉਹਦੀ ਮੌਜ਼… ਇਨਸਾਨ… ਮੰਤਰੀ… ਅਮੀਰ ਗਰੀਬ.. ਧਰਮ ਦੇ ਪੁਜਾਰੀ ਕੋਈ ਉਸਦਾ ਖਾਸ ਪਿਆਰਾ ਨਹੀਂ… 

ਉਸਨੂੰ ਸਿਰਫ ਇਨਸਾਨ ਪਸੰਦ ਨੇ ਜਿਵੇਂ ਦੇ ਉਹ ਬਣਾ ਕੇ ਭੇਜਦਾ ਹੈ… ਨਾ ਕਿ ਉਵੇਂ ਦੇ ਇਨਸਾਨ ਜੋ ਧਰਤੀ ਤੇ ਆਕੇ ਆਪਣੀ ਮਰਜ਼ੀ ਕਰਦੇ ਨੇ ਇਨਸਾਨੀਅਤ ਨੂੰ ਭੁੱਲ ਕੇ… ਪਰ ਅੰਤ ਬੁਰੇ ਦਾ ਬੁਰਾ… ਤੇ ਭਲੇ ਦਾ ਭਲਾ ਹੀ ਹੋਵੇਗਾ… ਮੈਂ ਮੇਰੀ ਆਪ ਬੀਤੀ ਤੁਹਾਨੂੰ ਦੱਸ ਰਹੀ ਹਾਂ ਜੋ ਅੱਜ ਤੱਕ ਮੇਰੇ ਤੋਂ ਕਿਸੇ ਨੇ ਨਹੀਂ ਪੁੱਛੀ… 

ਅੱਜ ਤੁਹਾਨੂੰ ਦੱਸੀ ਹੈ ਤੁਸੀਂ ਦੁਨੀਆ ਨੂੰ ਦੱਸਣਾ… ਤਾਂ ਜੋ ਹਰ ਕੋਈ ਇਨਸਾਨ ਬਣੇ… ਇਨਸਾਨੀਅਤ ਨੂੰ ਧਰਮ ਬਣਾ ਕੇ ਹੋਰ ਇਨਸਾਨਾਂ ਤੇ ਆਪਣੇ ਦੁਨਿਆਵੀ ਧਰਮ ਨੂੰ ਵੀ ਸਮਝੇ ਤੇ ਸਭ ਨੂੰ ਸਹੀ ਸਿੱਖਿਆ ਦੇ ਸਹੀ ਰਸਤਾ ਵਿਖਾਵੇ… ਤਾਂ ਜੋ ਇਹ ਦੁਨੀਆ ਤੇ ਕੋਈ ਬੁਰਾ ਕਰਮ ਨਾ ਹੋਵੇ… 

ਆਤਮਾ ਚੁੱਪ ਕਰ ਗਈ… ਅੱਜ ਪੰਜਵਾਂ ਦਿਨ ਸੀ.. ਮੈਨੂੰ ਨਹੀਂ ਪਤਾ ਕਿ ਉਹ ਕੱਲ ਤੋਂ ਮੇਰੇ ਬਲਾਉਣ ਤੇ ਆਵੇਗੀ ਜਾ ਨਹੀਂ… 

ਮੈਂ ਉਸ ਤੋਂ ਤੀਸਰਾ ਤੇ ਆਖਰੀ ਸਵਾਲ ਕੀਤਾ… 

ਮੈਨੂੰ ਇਹ ਦੱਸੋ ਕਿ ਜਿਸਨੇ ਤੁਹਾਨੂੰ ਇਹ ਸਜ਼ਾ ਦਿੱਤੀ ਹੈ… ਉਸ ਨੇ ਇਸ ਤੋਂ ਛੁਟਕਾਰੇ ਦਾ ਵੀ ਕੋਈ ਹੱਲ ਦੱਸਿਆ ਹੋਵੇਗਾ… ਕਿਵੇਂ ਤੁਸੀਂ ਇਸ ਕੈਦ ਤੋ ਆਜ਼ਾਦ ਹੋ ਸਕਦੇ ਹੋ…. 

ਆਤਮਾ :ਹਾਂ ਮੈਂ ਆਜ਼ਾਦ ਹੋ ਜਾਵਾਂਗੀ ਅੱਜ ਇਸ ਕੈਦ ਤੋਂ.. ਜਦੋਂ ਸਜ਼ਾ ਮਿਲੀ ਸੀ ਨਾਲ ਹੀ ਅਜ਼ਾਦੀ ਦਾ ਵੀ ਤਹਿ ਸੀ… ਜਦੋਂ ਕਿਸੇ ਭਲੇ ਇਨਸਾਨ ਦੇ ਹੱਥ ਇਹ ਸੁਰਾਹੀ ਆਏਗੀ… ਉਹ ਮੇਰੀ ਤਾਕਤ ਨੂੰ ਸਮਝਦੇ ਹੋਏ ਵੀ ਮੇਰੇ ਤੋਂ ਕੰਮ ਨਹੀਂ ਕਰਵਾਏਗਾ… ਉਸ ਦਿਨ ਪੰਜ ਦਿਨ ਪੂਰੇ ਹੋਣ ਤੋਂ ਬਾਅਦ ਮੈਂ ਸਜ਼ਾ ਤੋਂ ਆਜ਼ਾਦ ਹੋ ਜਾਵਾਂਗੀ ਸਦਾ ਲਈ ਆਜ਼ਾਦ… ਅੱਜ ਤੁਹਾਡੀ ਇਨਸਾਨੀਅਤ ਕਰਕੇ ਮੈਂ ਆਜ਼ਾਦ ਹੋ ਜਾਵਾਂਗੀ… ਅੱਜ ਤੱਕ ਬਹੁਤ ਲੋਕ ਮਿਲੇ ਪਰ ਸਭ ਮਤਲਵੀ ਖੁਦਗਰਜ਼… ਪਰ ਤੁਸੀਂ ਪਹਿਲੇ ਇਨਸਾਨ ਹੋ ਆਪਣਾ ਲਾਲਚ.. ਮਤਲਬ ਛੱਡ ਕੇ… ਕੋਈ ਹੁਕਮ ਨਹੀਂ ਕੀਤਾ.. ਤੁਹਾਡੇ ਕਰਕੇ ਮੈਂ ਅੱਜ ਆਜ਼ਾਦ ਹੋ ਜਾਵਾਂਗੀ ਤੇ ਕਿਸੇ ਜਨਮ ਵਿੱਚ ਪੈ ਜਾਵਾਂਗੀ ਮੇਰੀ ਸਜ਼ਾ ਅੱਜ ਪੂਰੀ ਹੋ ਗਈ… ਤੁਹਾਡੀ ਸ਼ੁਕਰਗੁਜ਼ਾਰ ਹਾਂ ਮੇਰੇ ਤੇ ਤੁਸੀਂ ਬਹੁਤ ਵੱਡਾ ਅਹਿਸਾਨ ਕੀਤਾ.. ਇੱਕ ਹੋਰ ਅਹਿਸਾਨ ਕਰਨਾ ਮੇਰੀ ਆਪ ਬੀਤੀ ਦੁਨੀਆ ਨੂੰ ਵੀ ਸੁਣਾਉਣਾ ਤਾਂ ਜੋ ਕੋਈ ਬੁਰਾ ਕਰਮ ਨਾ ਕਰੇ…

ਇਨ੍ਹਾ ਬੋਲ ਆਤਮਾ ਚੁੱਪ ਕਰ ਗਈ ਤੇ ਇਕ ਦਮ ਗ਼ਾਇਬ ਹੋ ਗਈ…

ਮੈਨੂੰ ਹੋਰ ਗੱਲ ਕਰਨ ਦਾ ਮੌਕਾ ਵੀ ਨਹੀਂ ਮਿਲਿਆ… ਪਰ ਮੇਰੇ ਮਨ ਵਿਚ ਬਹੁਤ ਸਕੂਨ ਸੀ.. ਮੇਰੇ ਕਰਕੇ ਅੱਜ ਕਿਸੇ ਦਾ ਭਲਾ ਹੋਇਆ… ਤੇ ਉਹ ਸਾਰੇ ਸਵਾਲ ਜੋ ਮੇਰੇ ਮਨ ਵਿਚ ਚਲਦੇ ਰਹਿੰਦੇ ਸੀ ਉਹ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਗਏ ਸੀ..

ਇਨੇ ਨੂੰ ਅਮਨ ਵੀ ਆ ਗਏ ਮੇਰੇ ਚਿਹਰੇ ਤੇ ਅਜੀਬ ਖੁਸ਼ੀ ਵੇਖ ਕੇ ਉਹ ਵੀ ਖੁਸ਼ ਹੋਏ.. 

ਅਮਨ : ਕੀ ਗੱਲ ਅੱਜ ਬੜੀ ਖੁਸ਼ ਆ ਸਰਦਾਰਨੀ ਜੀ.. 

ਮੈ : ਅੱਜ ਮੈ ਖੁਸ਼ ਆ ਤੇ ਸੋਚ ਰਹੀ ਆ ਕਿ ਵਜਾਹ ਤੁਹਾਨੂੰ ਦੱਸਾਂ ਕਿ ਨਾ ਕਿਉ ਕਿ ਤੁਸੀਂ ਮੇਰੀ ਇਸ ਗੱਲ ਦਾ ਯਕੀਨ ਤਾਂ ਕਰਨਾ ਨਹੀਂ.. ਫੇਰ ਦੱਸ ਕੇ ਕੀ ਫਾਇਦਾ… 

ਅਮਨ : ਨਹੀਂ ਮੈ ਕਰਦਾ ਯਕੀਨ ਤੇਰੇ ਤੇ ਪਰ ਭੂਤ ਆਤਮਾ ਤੇ ਨਹੀਂ… ਤੂੰ ਤਾਂ ਅਜੇ ਜਿਉਂਦੀ ਆ ਭੂਤ ਨਹੀਂ ਬਣੀ ਤੇਰੇ ਤੇ ਕਰ ਸਕਦਾ ਯਕੀਨ 

ਏਨਾ ਬੋਲ ਅਮਨ ਹੱਸ ਪਏ ਤੇ ਮੈਂ ਚਿੜ ਗਈ… 

ਮੈਂਨੂੰ ਗੁੱਸਾ ਹੋਈ ਵੇਖ ਉਹ ਸੱਚੀ ਹੋਰ ਵੀ ਖੁਸ਼ ਹੋ ਗਏ 

ਮੈਂ : ਅੱਜ ਮੇਰੀ ਉਸ ਆਤਮਾ ਨਾਲ ਆਖਰੀ ਮੁਲਾਕਾਤ ਹੋਈ ਉਹ ਚਲੀ ਗਈ ਸਦਾ ਲਈ ਹੁਣ ਕਦੇ ਵਾਪਿਸ ਨਹੀਂ ਆਏਗੀ.. ਉਹ ਆਜ਼ਾਦ ਹੋ ਗਈ ਅੱਜ ਕੈਦ ਤੋ 

ਅਮਨ : ਚਲ ਸ਼ੁਕਰ ਐ ਰੱਬ ਦਾ ਨਹੀਂ ਤੇ ਜੇ ਦਵਾਰਾ ਦਿਸ ਪਈ ਤੇ ਤੈਨੂੰ ਸੱਚੀ ਕਿਸੇ ਚੰਗੇ ਡਾਕਟਰ ਕੋਲ ਲੈ ਕੇ ਜਾਣਾ ਪੈਣਾ ਸੀ ਮੈਂਨੂੰ.. 

ਮੈਂ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਪਰ 

ਮੈਂ ਸੋਚ ਲਿਆ ਸੀ ਤੁਸੀਂ ਮੇਰੀ ਏਸ ਗੱਲ ਤੇ ਯਕੀਨ ਕਰੋ ਨਾ ਕਰੋ ਮੈ ਇਹ ਸਭ ਕਦੇ ਨਾ ਕਦੇ ਕਿਸੇ ਕਿਤਾਬ ਦਾ ਹਿੱਸਾ ਜ਼ਰੂਰ ਬਣਾਵਾਂਗੀ… ਤਾਂ ਜੋ ਹੋਰ ਵੀ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਸੁਧਾਰਨ… ਤੇ ਦੂਜਿਆਂ ਦੀ ਵੀ…

ਬਸ ਉਸ ਤੋਂ ਬਾਅਦ ਮੈਂ ਕੰਮ ਤੇ ਧਿਆਨ ਦਿੱਤਾ ਤੇ ਖੁਸ਼ੀ ਖੁਸ਼ੀ ਆਪਣੇ ਨਵੇਂ ਘਰ ਦੀ ਤਿਆਰੀ ਕਰਨ ਲੱਗੀ… 

                                   .. ਗੁਰਪ੍ਰੀਤ ਕੌਰ

ਏਹ ਮੇਰੀ ਲਿਖੀ ਪਹਿਲੀ ਕਹਾਣੀ ਹੈ ਜੇ ਕੋਈ ਕਮੀ ਮਹਿਸੂਸ ਹੋਵੇ ਤੇ ਮਾਫ਼ ਕਰਨਾ ਬਹੁਤ ਜਿਆਦਾ ਪੜ੍ਹੀ ਲਿਖੀ ਨਹੀਂ ਮੈ ਬਸ ਮਨ ਦੇ ਵਿਚਾਰ ਹੀ ਲਿਖਣ ਦੀ ਕੋਸ਼ਿਸ ਕਰਦੀ ਆ ਤੇ ਕੁਝ ਨਾ ਕੁਝ ਚੰਗਾ ਲਿਖਣ ਦੀ ਕੋਸ਼ਿਸ ਕਰਦੀ ਆ ਤੁਸੀਂ ਸਾਰੇ ਸਾਥ ਦਿਉ ਤੇ ਹੋਰ ਵੀ ਚੰਗਾ ਲਿਖਣ ਦੀ ਹਿਮੰਤ ਬਣੀ ਰਹੇਗੀ ਕਿਤੇ ਕੋਈ ਅੱਖਰ ਵਿਚ ਗਲਤੀ ਹੋ ਗਈ ਹੋਵੇ ਤੇ ਮਾਫ਼ ਕਰਨਾ ਬਹੁਤ ਕੋਸ਼ਿਸ ਕਰਦੀ ਆ ਕਿ ਸਾਰਾ ਸਹੀ ਲਿਖਿਆ ਜਾਵੇ ਫੇਰ ਵੀ ਜੇ ਕੋਈ ਸ਼ਬਦ ਗ਼ਲਤ ਲਿਖਿਆ ਜਾਂਦਾ ਤੇ ਮਾਫ਼ ਕਰਨਾ…. ਏਸ ਕਹਾਣੀ ਵਿੱਚ ਕੁੱਝ ਸਮਾਜਿਕ ਬੁਰਾਈਆਂ ਵਾਰੇ ਗੱਲ ਕੀਤੀ ਆ ਕਿਸੇ ਨੂੰ ਵਹਿਮ ਭਰਮ ਵਿਚ ਪਾਉਣ ਦੀ ਕੋਸ਼ਿਸ ਨਹੀਂ ।

ਏਹ ਇਕ ਕਲਪਨਾ ਹੈ….

ਬਾਕੀ ਅਪਣੇ ਵਿਚਾਰ ਜ਼ਰੂਰ ਭੇਜਿਆ ਕਰੋ Email: gurk3090@gmail.com 

ਧੰਨਵਾਦ…. ਗੁਰਪ੍ਰੀਤ ਕੌਰ

3 Comments

  • Gurpreet
    Posted December 15, 2024 at 5:16 am

    For more stories plz contact me on gurihanda605@gmail.com

  • charnjit sidhu
    Posted December 5, 2023 at 7:41 am

    very nice story with a very good message.we got this life for some purpose not to waste
    in this manukha janam wih he asi us pamatma nu mil sakade ha

  • jass
    Posted November 13, 2023 at 5:08 pm
    4.0/5

    nice story ma’am

Leave a comment

0.0/5

Facebook
YouTube
YouTube
Set Youtube Channel ID
Pinterest
Pinterest
fb-share-icon
Telegram