ਸਵੇਰ ਦੀ ਪਹਿਲੀ ਕਿਰਣ
ਸੂਰਜ ਨੇ ਝਾਤ ਮਾਰੀ
ਬੱਦਲਾਂ ਦੇ ਪਰਦੇ ਹਟਾਕੇ
ਫਿਰ ਖਿੜਕੀਆਂ ਦੇ ਪਿੱਛੇ ਲੁਕ ਗਿਆ
ਇੱਕ ਚਿੱਟੀ ਚਾਦਰ ਔਡ਼ ਕੇ
ਹੋ ਗਿਆ ਧੁੰਧਲਾ ਹਨੇਰਾ
ਧੁੰਧਲਾ ਹਨੇਰਾ ਕੁਝ ਕਹਿ ਰਿਹਾ ਹੈ
ਸੁਣੋ ਧਿਆਨ ਨਾਲ
ਮੈਂ ਸਦੀਵੀ ਹਾਂ
ਹਰ ਜਗ੍ਹਾ ਹਰ ਵੇਲੇ
ਰੋਸ਼ਨੀ ਅਸਥਾਈ ਹੈ
ਅਸਲ ਵਿੱਚ “ਨਹੀਂ” ਹੀ
ਹਮੇਸ਼ਾ ਲਈ ਰਹਿਣ ਵਾਲਾ ਏ
ਇਹ ਉੱਗਦਾ ਨਹੀਂ ਹੈ
ਛੁਪਦਾ ਵੀ ਨਹੀਂ
ਹੁੰਦਾ ਵੀ ਨਹੀਂ
ਤੇ ਨਹੀਂ ਵੀ ਨਹੀਂ ਹੁੰਦਾ
ਬੱਸ ਧੁੰਧਲਾ ਪੈ ਜਾਂਦਾ ਏ
ਰੋਸ਼ਨੀ ਦੇ ਪ੍ਰਭਾਵ ਹੇਠ
ਰੋਸ਼ਨੀ ਦੀ ਕੀਮਤ ਹੈ
ਹਨੇਰਾ ਮੁਫ਼ਤ ਹੈ
ਰੋਸ਼ਨੀ ਲਿਆਉਣੀ ਪੈਂਦੀ ਹੈ
ਮਨਾ ਬੁਝਾ ਕੇ
ਹਨੇਰਾ ਬਿਨਾ ਬੁਲਾਏ
ਬੱਸ ਇੱਥੇ ਹੈ
ਸਾਡੀ ਉਡੀਕ ਵਿਚ
ਕਦੇ ਵੀ ਕਿਤੇ ਨਹੀਂ ਜਾਂਦਾ
ਬੱਸ ਲੁੱਕ ਜਾਂਦਾ ਏ
ਰੋਸ਼ਨੀ ਦੀ ਚਕਾਚੌਂਧ ਵਿੱਚ
ਹਨੇਰਾ ਪਰ ਖਤਮ ਨਹੀਂ ਹੁੰਦਾ
ਕਦੇ ਅੱਖਾਂ ਨੂੰ ਚੁੱਭਦਾ ਨਹੀਂ
ਜਿਵੇਂ ਕਿ ਰੋਸ਼ਨੀ
ਰੋਸ਼ਨੀ ਕਰਦੀ ਏ ਭਾਰੀ
ਹਨੇਰਾ ਆਰਾਮ ਦਿੰਦਾ ਹੈ
ਅਤੇ ਉਹ ਦਿਖਾ ਸਕਦਾ ਏ
ਜੋ ਕਿ ਸਦੀਵੀ ਹੈ
ਬਿਨਾਂ ਕਿਸੇ ਜਤਨ ਦੇ।
…………..ਰਜਿੰਦਰ