ੴ ਸਤਿਗੁਰ ਪ੍ਰਸ਼ਾਦਿ
ਵਾਹਿਗੁਰੂ ਜੀ ਦੀ ਕਿਰਪਾ ਨਾਲ ਪਹਿਲੀ ਕਿਤਾਬ ਦੀ ਸੁਰੂਆਤ 🙏
ਬਾਰਵੀਂ ਜਮਾਤ ਚੋਂ ਪਹਿਲੇ ਨੰਬਰ ਤੇ ਆਉਣ ਕਰਕੇ ਅੱਜ ਜੀਤੀ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ । ਸਕੂਲ ਤੋਂ ਸਿੱਧਾ ਘਰ ਆਕੇ ਆਪਣੀ ਮੰਮੀ ਨੂੰ ਰਿਜਲਟ ਬਾਰੇ ਦੱਸਿਆ ।
ਬੇਅੰਤ ਕੌਰ ( ਜੀਤੀ ਦੀ ਮੰਮੀ ) – ਪੁੱਤ , ਮਾਣ ਆ ਤੇਰੇ ਤੇ ਮੈਨੂੰ , ਨਾਲੇ ਲੋਕਾਂ ਦੇ ਮੂੰਹ ਬੰਦ ਕਰਵਾ ਤੇ ਜੋ ਮੈਨੂੰ ਗੱਲ ਗੱਲ ਤੇ ਕਹਿੰਦੇ ਸੀ ਕੁੜੀ ਨੂੰ ਐਵੇ ਪੜ੍ਹਾਈ ਜਾਣੇ ਓ, ਕੋਈ ਕੰਮ ਸਿਖਾ ਕੇ , ਇਸਦਾ ਵਿਆਹ ਕਰੋ …
ਜੀਤੀ – ਚਲ ਛੱਡ ਮੰਮੀ ਲੋਕਾਂ ਦਾ ਕੀ ਆ…ਏ ਦੱਸ ਡੈਡੀ ਕਿੱਥੇ ਆ ਦਿਸਦੇ ਨਹੀਂ ….
ਬੇਅੰਤ ਕੌਰ – ਪੁੱਤ , ਖੇਤ ਮੋਟਰਾਂ ਵਾਲ਼ੀ ਲਾਈਟ ਆਈ ਆ । ਉਹ ਛੱਡ ਕੇ ਆਉਂਦੇ ਹੋਣਗੇ, ਨਾਲੇ ਤੂੰ ਚਾਹ ਪੀ ਲਾ .. ਫਿਰ ਗੁਰਦੁਆਰੇ ਵੀ ਜਾਣਾ ਦੇਗ ਕਰਵਾਕੇ ਆਵਾਂਗੇ |
ਤੇ ਜਦੋ ਸੁਖਦੇਵ ( ਜੀਤੀ ਦਾ ਬਾਪ ) ਘਰ ਆਇਆ ਤੇ ਜੀਤੀ ਨੇ ਆਪਣਾ ਰਿਜ਼ਲਟ ਦੱਸਿਆ ।
ਤਾ ਹੁਣ ਸੁਖਦੇਵ ਨੂੰ ਆਪਣੇ ਆਪ ਤੇ ਮਾਣ ਜਾ ਮਹਿਸੂਸ ਹੋਣ ਲੱਗਾ , ਜੋ ਜੀਤੀ ਦੇ ਜਨਮ ਹੋਣ ਤੇ ਉਦਾਸ ਰਹਿੰਦਾ ਸੀ ….ਕਿਉਕਿ ਜੀਤੀ ਦੇ ਜਨਮ ਤੋਂ ਪਹਿਲਾਂ ਇੱਕ ਮੁੰਡਾ ਕਿਸੇ ਬਿਮਾਰੀ ਤੋ ਨਾ ਠੀਕ ਹੋਣ ਕਰਕੇ ਮਰ ਗਿਆ ਸੀ ।
ਜੀਤੀ ਹੁਣ ਸੁਖਦੇਵ ਦੀ ਇਕਲੌਤੀ ਕੁੜੀ ਸੀ |
ਜੀਤੀ ਦਾ ਸੁਪਨਾ ਸੀ ਅੱਗੇ ਕੋਈ ਵੱਡੀ ਪੜਾਈ ਕਰਕੇ ਕੁਝ ਬਣਾ ..
ਜੀਤੀ ਦਾ ਬਾਪ ਅੱਠ ਕ਼ ਕਿੱਲੇ ਪੈਲ਼ੀ ਕਰਦਾ ਸੀ, ਜੋ ਜਮੀਨ ਉਸਦੀ ਖੁਦ ਦੀ ਸੀ ਤੇ ਆਪਣੀ ਧੀ ਜੀਤੀ ਨੂੰ ਉਹ ਪੜਾਈ ਤੋਂ ਬਾਂਝਾ ਨਹੀਂ ਰਹਿਣ ਦੇਣ ਚਾਹੁੰਦਾ ਸੀ ….
ਸਮਾਂ ਬੀਤਦਾ ਗਿਆ ….
ਜੀਤੀ ਨੇ ਸ਼ਹਿਰ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ, ਜੋ ਘਰ ਤੋਂ ਵੀਹ ਕ਼ ਕਿੱਲੋਮੀਟਰ ਦੂਰ ਸੀ ।
ਜੀਤੀ ਦਾ ਅੱਜ ਯੂਨੀਵਰਸਿਟੀ ਵਿੱਚ ਪਹਿਲਾਂ ਦਿਨ ਸੀ | ਪਿੰਡ ਤੋਂ ਬੱਸ ਚੜਕੇ ਉਹ ਸਿੱਧਾ ਯੂਨੀਵਰਸਿਟੀ ਦੇ ਗੇਟ ਅੱਗੇ ਉੱਤਰੀ । ਮਨ ਹੀ ਮਨ ਉਹ ਬਹੁਤ ਖੁਸ਼ ਸੀ ਤੇ ਡਰੀ ਹੋਈ ਵੀ ਸੀ, ਪਹਿਲੇ ਦਿਨ ਕਰਕੇ …..
ਜੀਤੀ ਨੇ ਜਿਵੇ ਸੋਚਿਆ ਸੀ ,ਉਸਦਾ ਪਹਿਲਾ ਦਿਨ ਉਸਤੋਂ ਵੀ ਵਧੀਆ ਲੰਘ ਗਿਆ….
ਜੀਤੀ ਦੀ ਕਲਾਸ ਵਿੱਚ ਉਸਦੀਆ ਜੋ ਕੁੜੀਆਂ ਦੋਸਤ ਬਣੀਆਂ , ਉਹ ਵੱਡੇ ਘਰਾਂ ਦੀਆਂ ਹੋਣ ਕਰਕੇ ਜੀਤੀ ਦੇ ਰਹਿਣ ਸਹਿਣ ਵਿੱਚ ਬਹੁਤ ਤਬਦੀਲੀ ਆ ਗਈ ।
ਪਹਿਲੇ ਨੰਬਰ ਤੇ ਆਉਣ ਵਾਲੀ ਜੀਤੀ ਅੱਜ ਕੱਲ ਪੜ੍ਹਾਈ ਛੱਡਕੇ ਆਪਣੀਆ ਸਹੇਲੀਆਂ ਨਾਲ ਗੱਪਾ ਮਾਰਨੀਆਂ, ਕਦੇ ਕਦੇ ਪਾਰਕ ਵਿੱਚ ਵੇਹਲੇ ਬੈਠ ਕੇ ਘਰ ਚਲੇ ਜਾਣਾ ,
ਇਹ ਸਭ ਕੁਝ ਜੀਤੀ ਲਈ ਆਮ ਹੋ ਗਿਆ |
ਐਵੇ ਕਰਦੇ ਕਰਦੇ ਇੱਕ ਸਾਲ ਲੰਘ ਗਿਆ …
ਜੀਤੀ ਆਪਣੇ ਸੁਪਨਿਆਂ ਨੂੰ ਭੁੱਲ ਕੇ ਹੋਰ ਹੀ ਦੁਨੀਆ ਚ ਜਾ ਬੈਠੀ । ਜੀਤੀ ਦੇ ਕਲਾਸ ਵਿੱਚ ਉਸਦੇ ਨਾਲ ਲੱਗਦੇ ਪਿੰਡ ਦਾ ਮੁੰਡਾ ਗੁਰਦੀਪ , ਜਿਸਨੂੰ ਸਭ ਗੈਰੀ ਕਹਿੰਦੇ ਸੀ , ਜੋ ਜੀਤੀ ਨੂੰ ਕਾਫੀ ਟਾਈਮ ਤੋਂ ਪਸੰਦ ਕਰਦਾ ਸੀ । ਆਪਣੀਆਂ ਸਹੇਲੀਆਂ ਦੇ ਕਹਿਣ ਤੇ ਜੀਤੀ ਨੇ ਗੈਰੀ ਨੂੰ ਸਿਰਫ ਆਪਣਾ ਦੋਸਤ ਬਣਾ ਲਿਆ ।
ਪਤਾ ਨਹੀਂ ਕਿਵੇਂ ਪਹਿਲੇ ਨੰਬਰ ਤੇ ਆਉਣ ਵਾਲੀ ਜੀਤੀ ਕਿਤਾਬਾਂ ਨੂੰ ਛੱਡਕੇ , ਹੁਣ ਇਸ਼ਕ ਦੀਆ ਪੀਂਘਾਂ ਝੂਟਣ ਲੱਗੀ ਅਤੇ ਆਪਣੇ ਸੁਪਨੇ ਕਿਸੇ ਟੁੱਟੇ ਲੋਹੇ ਵਾਂਗ ਖੂੰਜੇ ਲਾ ਦਿੱਤੇ |
ਇੱਕ ਦਿਨ ਗੈਰੀ ਨੇ ਜੀਤੀ ਨੂੰ ਕਿਹਾ, ਕਿ ਜੀਤੀ ਮੈਂ ਅੱਜ ਰਾਤ ਨੂੰ ਤੈਨੂੰ ਤੇਰੇ ਘਰ ਮਿਲਣ ਆਵਾਂਗਾ ….
ਜੀਤੀ – ਪਰ ਇਹ ਕਿਵੇਂ , ਘਰੇ ਕਿਸੇ ਨੂੰ ਪਤਾ ਲੱਗ ਜਾਣਾ ਨਾਲੇ ਦਿਨੇ ਇਕੱਠੇ ਤਾ ਰਹਿਣੇ ਆ ਆਪਾ ਯਰ……
ਗੈਰੀ – ਪਰ ਮੇਰੇ ਤੋਂ ਤੇਰੇ ਬਿਨਾ ਇੱਕ ਪਲ ਵੀ ਰਹਿ ਨਹੀਂ ਹੁੰਦਾ , ਆ ਫੜ ਨੀਂਦ ਦੀਆ ਗੋਲੀਆਂ …
ਜੀਤੀ – ਹੈ , ਨੀਂਦ ਦੀਆ ਗੋਲੀਆਂ …..
ਗੈਰੀ – ਹਾਂ , ਸਾਮ ਨੂੰ ਦੁੱਧ ਜਾ ਸਬਜ਼ੀ ਵਿੱਚ ਪਾ ਦੇਈ , ਕਿਸੇ ਦੀ ਸੁਭਾ ਤੱਕ ਅੱਖ ਨਹੀਂ ਖੁੱਲਣੀ ….
ਜੀਤੀ ਨੇ ਨਾਹ ਨੁੱਕਰ ਕਰਦੀ ਨੇ ਗੋਲੀਆਂ ਫੜ ਲਈਆਂ ਤੇ ਓਵੇਂ ਹੀ ਕੀਤਾ , ਜਿਵੇ ਗੈਰੀ ਨੇ ਦੱਸਿਆ ਸੀ ।
ਟਾਈਮ ਲੰਘਦਾ ਗਿਆ …..
ਜੀਤੀ ਵੱਲੋ ਦਿੱਤੀਆਂ ਗੋਲੀਆਂ ਦੀ ਡੋਜ ਵੀ ਦਿਨੋ ਦਿਨ ਵੱਧਦੀ ਗਈ….
ਇੱਕ ਦਿਨ ਜੀਤੀ ਦਾ ਬਾਪ ਸੁਖਦੇਵ ਖੇਤ ਪਾਣੀ ਲਾਉਂਦਾ ਬੇਹੋਸ਼ ਹੋ ਗਿਆ , ਪਿੰਡ ਦੇ ਕੁਝ ਬੰਦੇ ਸੁਖਦੇਵ ਨੂੰ ਹਸਪਤਾਲ ਲੈ ਗਏ । ਡਾਕਟਰ ਨੇ ਇਲਾਜ ਤੋਂ ਬਾਅਦ ਦੱਸਿਆ, ਕਿ ਸੁਖਦੇਵ ਦਾ ਜ਼ਿਆਦਾ ਨਸ਼ਾ ਖਾਣ ਕਰਕੇ ਸਾਹ ਫੁੱਲ ਗਿਆ ਅਤੇ ਦਿਲ ਦੀ ਧੜਕਣ ਤੇਜ ਹੋਣ ਕਰਕੇ ਦੌਰਾ ਪੈ ਗਿਆ ।
ਪਰ ਪਿੰਡ ਦੇ ਬੰਦਿਆਂ ਨੇ ਕਿਹਾ, ਕਿ ਡਾਕਟਰ ਸਾਹਿਬ ਤੁਸੀ ਇਹ ਕੀ ਕਹਿ ਰਹੇ ਓ … ਖਾਣ ਦੀ ਗੱਲ ਤਾ ਦੂਰ, ਏਨੇ ਤਾ ਨਸ਼ਾ ਦੇਖਿਆ ਤੱਕ ਨਹੀਂ ਹੋਣਾ …
ਅਸਲ ਵਿੱਚ ਇਹ ਜੀਤੀ ਵੱਲੋ ਦਿੱਤੀਆਂ ਨੀਂਦ ਦੀਆ ਗੋਲੀਆਂ ਦੀ ਡੋਜ ਵਧਣ ਕਰਕੇ , ਸੁਖਦੇਵ ਦਾ ਇਹ ਹਾਲ ਹੋਇਆ ਸੀ ਤੇ ਜੀਤੀ ਨੇ ਵੀ ਇਸ ਗੱਲ ਨੂੰ ਅਣਗੋਲਿਆਂ ਕਰ ਦਿੱਤਾ ।
ਕੁਝ ਦਿਨਾਂ ਬਾਅਦ ਡਾਕਟਰ ਵੱਲੋ ਦਿੱਤੀ ਦਵਾਈ ਨਾਲ ਸੁਖਦੇਵ ਪਹਿਲਾ ਨਾਲੋਂ ਕੁਝ ਕ਼ ਹੱਦ ਤੱਕ ਠੀਕ ਹੋ ਗਿਆ…
ਮਹੀਨੇ ਕੁ ਬਾਅਦ ਜੀਤੀ ਦੀ ਮਾਂ ( ਬੇਅੰਤ ਕੌਰ ) ਦੇ ਸਰੀਰ ਵਿੱਚ ਇਨਫੈਕਸ਼ਨ ਹੋ ਗਈ, ਜੋ ਦਿਨੋ ਦਿਨ ਵਧਦੀ ਜਾ ਰਹੀ ਸੀ | ਸੁਖਦੇਵ ਨੇ ਬੇਅੰਤ ਦੇ ਇਲਾਜ ਲਈ ਥੋੜੀ ਥੋੜੀ ਕਰਕੇ ਸਾਰੀ ਜਮੀਨ ਵੇਚ ਦਿੱਤੀ |
ਦੂਜੇ ਪਾਸੇ ਜੀਤੀ ਨੇ ਇਹਨਾਂ ਗੱਲਾਂ ਨੂੰ ਆਮ ਹੀ ਸਮਝਕੇ ,
ਗੈਰੀ ਨਾਲ ਘਰਦਿਆਂ ਦੀ ਮਰਜੀ ਤੋਂ ਬਿਨਾ ਵਿਆਹ ਕਰਵਾ ਲਿਆ |
ਜਦੋ ਜੀਤੀ ਦੇ ਬਾਪ ਨੂੰ ਇਹ ਗੱਲ ਪਤਾ ਲੱਗੀ, ਤਾ ਉਸਦਾ ਉਸੇ ਟਾਈਮ ਮਰਨ ਨੂੰ ਦਿਲ ਕੀਤਾ, ਪਰ ਬੇਅੰਤ ਕੌਰ ਨੂੰ ਹਸਪਤਾਲ ਵਿੱਚ ਪਈ ਨੂੰ ਦੇਖਕੇ ਉਹ ਬੇਬੱਸ ਸੀ …
ਬੇਅੰਤ ਕੌਰ ਨੂੰ ਅਜੇ ਕਿਸੇ ਵੀ ਗੱਲ ਦਾ ਪਤਾ ਨਹੀਂ ਸੀ , ਉਹ ਜੀਤੀ ਨੂੰ ਯਾਦ ਕਰਦੀ ਤਾ ਸੁਖਦੇਵ ਕਹਿ ਦਿੰਦਾ, ਕਿ ਆਪਣੀ ਜੀਤੀ ਵੱਡੇ ਸ਼ਹਿਰ ਗਈ ਆ ਪੜ੍ਹਾਈ ਕਰਨ …
ਬੇਅੰਤ ਦੀ ਵਿਗੜਦੀ ਹਾਲਤ ਦੇਖਕੇ ਸੁਖਦੇਵ ਜੀਤੀ ਨੂੰ ਲੱਭਣ ਲਈ ਜਦੋਂ ਥਾਣੇ ਚ ਗਿਆ ਤਾ ਉਥੇ ਜੀਤੀ ਵੱਲੋ ਇੱਕ ਰਿਪੋਰਟ ਦਿੱਤੀ ਹੋਈ ਸੀ , ਜਿਸ ਵਿੱਚ ਜੀਤੀ ਵੱਲੋਂ ਇਹ ਲਿਖਿਆ ਸੀ, ਕਿ ” ਮੈਨੂੰ ਮੇਰੇ ਮਾਂ ਬਾਪ ਤੋਂ ਖਤਰਾ ਅਤੇ ਜੇ ਮੈਨੂੰ ਕੁਝ ਹੋ ਗਿਆ , ਮੇਰੀ ਮੌਤ ਦੇ ਜੁੰਮੇਵਾਰ ਇਹੀ ਹੋਣਗੇ “
ਇਸ ਗੱਲ ਨੇ ਸੁਖਦੇਵ ਨੂੰ ਇੱਕ ਹੋਰ ਧੱਕਾ ਲਾ ਦਿੱਤਾ , ਉਹ ਥਾਣੇ ਤੋਂ ਰੋਂਦਾ ਰੋਂਦਾ ਹਸਪਤਾਲ ਆਪਣੀ ਪਤਨੀ ( ਬੇਅੰਤ ਕੌਰ ) ਕੋਲ ਆ ਗਿਆ |
ਦੂਜੇ ਪਾਸੇ ਜੀਤੀ ਗੈਰੀ ਨਾਲ ਖੁਸ਼ੀ ਖੁਸ਼ੀ ਜ਼ਿੰਦਗੀ ਜੀਣ ਲੱਗੀ । ਗੈਰੀ ਵੀ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਲੱਗ ਗਿਆ ਅਤੇ ਘਰ ਦਾ ਖਰਚਾ ਕੱਢ ਲੈਂਦਾ ।
ਟਾਈਮ ਲੰਘਦਾ ਗਿਆ …
ਜੀਤੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਜਿਸਦਾ ਨਾਮ ਸਾਹਿਲ ਰੱਖਿਆ ਗਿਆ |
ਹੌਲੀ ਹੌਲੀ ਜੀਤੀ ਅਤੇ ਗੈਰੀ ਦੀ ਨਿੱਕੀ ਨਿੱਕੀ ਗੱਲ ਤੇ ਲੜਾਈ ਹੋਣ ਲੱਗ ਗਈ ਅਤੇ ਇਹ ਲੜਾਈ ਨੇ ਤਲਾਕ ਦਾ ਰੂਪ ਲੈ ਲਿਆ , ਪਰ ਫਿਰ ਸਮਝੌਤਾ ਹੋ ਗਿਆ….
ਜੀਤੀ ਨੂੰ ਆਪਣੇ ਮਾਂ ਬਾਪ ਨਾਲ ਕੀਤੇ ਦਾ ਪਛਤਾਵਾਂ ਹੋਣ ਲੱਗਾ , ਉਹ ਆਪਣੇ ਮਾਂ ਬਾਪ ਨੂੰ ਮਿਲਣਾ ਚਾਹੁੰਦੀ ਸੀ ਪਰ ਗੈਰੀ ਦੀ ਲੜਾਈ ਦੇ ਡਰ ਤੋਂ ਉਹ ਚੁੱਪ ਹੋ ਜਾਂਦੀ |
ਕੁਝ ਦਿਨਾਂ ਬਾਅਦ ਗੈਰੀ ਦੇ ਕੰਮ ਤੇ ਜਾਣ ਤੋਂ ਬਾਅਦ ਜੀਤੀ ਆਪਣੇ ਮੁੰਡੇ ਨੂੰ ਲੈਕੇ ਆਪਣੇ ਪਿੰਡ ਚਲੀ ਆਈ | ਉਥੇ ਓਹਨਾ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ | ਜੀਤੀ ਦੀਆ ਨਜ਼ਰਾਂ ਆਪਣੇ ਮਾਂ ਬਾਪ ਨੂੰ ਲੱਭ ਰਹੀਆਂ ਸੀ ।
ਜਦੋ ਜੀਤੀ ਨੇ ਪਿੰਡ ਵਿੱਚ ਪਤਾ ਕੀਤਾ, ਪਹਿਲਾ ਤਾ ਜੀਤੀ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ , ਫਿਰ ਇੱਕ ਬਜ਼ੁਰਗ ਔਰਤ ਜੋ ਜੀਤੀ ਦੀ ਘਰਾਂ ਵਿੱਚੋ ਚਾਚੀ ਲੱਗਦੀ ਸੀ । ਉਸਨੇ ਦੱਸਿਆ, ਕਿ ਪੁੱਤ ਤੇਰੇ ਜਾਣ ਤੋਂ ਬਾਅਦ ਤੇਰੀ ਮਾਂ ਤੇਰੀ ਉਡੀਕ ਕਰਦੀ ਹੀ ਮਰ ਗਈ , ਪਰ ਤੂੰ ਨਹੀਂ ਆਈ…
ਜੀਤੀ ਨੇ ਭਾਰੀ ਜਹੀ ਆਵਾਜ਼ ਵਿੱਚ ਪੁੱਛਿਆ – ਤੇ ਚਾਚੀ ਮੇਰਾ ਬਾਪੂ …….
ਉਸਦੀ ਚਾਚੀ ਨੇ ਕਿਹਾ, – ਤੇਰੀ ਮਾਂ ਦੇ ਗੁਜਰਨ ਤੋਂ ਬਾਅਦ ਤੇਰੇ ਬਾਪੂ ਦੇ ਦਿਮਾਗ਼ ਤੇ ਲੋਡ ਪੈ ਗਿਆ ਉਹ ਕਿਸੇ ਪਾਗ਼ਲ ਵਾਂਗ ਬਣ ਗਿਆ , ਸ਼ੜਕਾਂ ਤੇ ਸਾਰਾ ਸਾਰਾ ਦਿਨ ਤੁਰਿਆ ਫਿਰਦਾ ਕਦੇ ਤੇਰਾ ਨਾਮ ਲੈਕੇ ਹੱਸਣ ਲੱਗ ਜਾਂਦਾ , ਕਦੇ ਰੋਣ …
ਕਹਿੰਦੇ ਨੇ ,ਇੱਕ ਮਹੀਨਾ ਹੋ ਗਿਆ ਉਹ ਕਿਤੇ ਨਹੀਂ ਵੇਖਿਆ, ਕੋਈ ਕਹਿੰਦਾ ਨਹਿਰ ਵਿੱਚ ਡੁੱਬ ਗਿਆ , ਕੋਈ ਕਹਿੰਦਾ ਰੇਲ ਗੱਡੀ ਥੱਲੇ ਆ ਗਿਆ ….
ਜੀਤੀ ਦੀਆ ਅੱਖਾਂ ਚੋ ਤਪਕ ਤਪਕ ਪਾਣੀ ਡਿੱਗ ਰਿਹਾ ਸੀ , ਪਰ ਹੁਣ ਪਛਤਾਵੇ ਦੇ ਬਿਨਾ ਕੁਝ ਵੀ ਨਹੀਂ ਬਚਿਆ ਸੀ ।
ਜੀਤੀ ਆਪਣੇ ਮੁੰਡੇ ਨੂੰ ਚੁੱਕਕੇ ਵਾਪਸ ਸ਼ਹਿਰ ਵਾਲੀ ਬੱਸ ਚੜ੍ਹ ਗਈ । ਜੀਤੀ ਨੂੰ ਘਰ ਜਾਂਦੇ ਜਾਂਦੇ ਸ਼ਾਮ ਹੋ ਗਈ । ਗੈਰੀ ਵੀ ਕੰਮ ਤੋਂ ਜਲਦੀ ਆ ਗਿਆ ਸੀ । ਜੀਤੀ ਜਦੋ ਘਰ ਪੁੱਜੀ , ਤਾ ਗੈਰੀ ਨੂੰ ਦੇਖਕੇ ਸਹਿਮ ਗਈ ਅਤੇ ਗੈਰੀ ਗੁੱਸੇ ਵਿੱਚ ਸੀ, ਕਿਉਂਕਿ ਜੀਤੀ ਓਹਨੂੰ ਬਿਨਾ ਦੱਸੇ ਗਈ ਸੀ ।
ਜੀਤੀ ਦੇ ਬੋਲਣ ਤੋਂ ਪਹਿਲਾਂ ਹੀ ਗੈਰੀ ਬੋਲ ਪਿਆ ,
” ਕਿਹੜੇ ਖਸਮ ਨੂੰ ਮਿਲਣ ਗਈ ਸੀ “
ਜੀਤੀ ਚੁੱਪ ਸੀ ਕਿਉਂਕਿ ਉਸਨੂੰ ਮਨ ਚ ਆਪਣੇ ਮਾਂ ਬਾਪ ਨਾਲ ਕੀਤੇ ਦਾ ਦੁੱਖ ਸੀ । ਅੰਦਰੋਂ ਉਹ ਬਿਲਕੁਲ ਟੁੱਟ ਚੁੱਕੀ ਸੀ , ਬਸ ਇੱਕ ਬੁੱਤ ਬਣਕੇ ਗੈਰੀ ਅੱਗੇ ਖੜੀ ਸੀ ।
ਗੈਰੀ ਨੇ ਜੀਤੀ ਨੂੰ ਬੁਰਾ ਭਲਾ ਕਹਿਣ ਤੋਂ ਬਾਅਦ ਬਹੁਤ ਕੁੱਟਿਆ ….
ਅਗਲੇ ਦਿਨ ਹੀ ਗੈਰੀ ਨੇ ਤਲਾਕ ਦੇ ਪੇਪਰ ਤਿਆਰ ਕਰਕੇ ਥਾਣੇ ਵਿੱਚ ਇਹ ਰਿਪੋਰਟ ਦੇ ਦਿੱਤੀ ਕਿ ” ਮੇਰੇ ਮੁੰਡੇ ਨੂੰ ਇਸਦੀ ਮਾਂ (ਜੀਤੀ ) ਤੋਂ ਖਤਰਾ ”
ਜੀਤੀ ਨਾ ਚਾਉਂਦੇ ਹੋਏ ਵੀ ਕੁਝ ਨਹੀਂ ਕਰ ਸਕਦੀ ਸੀ, ਉਸਨੇ ਬਹੁਤ ਤਰਲੇ ਮਿਨਤਾਂ ਕੀਤੀਆਂ ਕਿ ਮੈਨੂੰ ਮੇਰੇ ਮੁੰਡੇ ਨਾਲ ਰਹਿਣ ਦੋ ……….
ਪਰ ਗੈਰੀ ਨੇ ਇੱਕ ਨਾ ਸੁਣੀ ਅਤੇ ਆਪਣੇ ਮੁੰਡੇ ਨੂੰ ਨਾਲ ਲੈਕੇ ਜੀਤੀ ਦੀਆ ਨਜ਼ਰਾਂ ਤੋਂ ਦੂਰ ਹੋ ਗਿਆ …
ਜੀਤੀ ਨੇ ਆਪਣਾ ਸਭ ਕੁਝ ਗਵਾਂ ਲਿਆ ਸੀ ।
ਜੀਤੀ ਦੀ ਦਿਮਾਗ਼ੀ ਹਾਲਤ ਬਿਲਕੁਲ ਵਿਗੜ ਗਈ ਸੀ । ਉਸਨੂੰ ਖਾਣ ਪੀਣ ਦੀ ਬੁੱਧ ਨਾ ਰਹੀ , ਉਸਦਾ ਵਿਵਹਾਰ ਇੱਕ ਪਾਗ਼ਲ ਵਾਂਗ ਬਣ ਗਿਆ ਤੇ ਹੱਥ ਚ ਖਾਲੀ ਗੋਲੀਆ ਦੇ ਪੱਤੇ ਚੁੱਕ ਕੇ ਇਹੀ ਕਹਿੰਦੀ ਤੁਰੀ ਫਿਰਦੀ ਆ, ” ਨੀਂਦ ਦੀਆ ਗੋਲੀਆਂ”……” ਨੀਂਦ ਦੀਆ ਗੋਲੀਆਂ “…..
✍️ ਪਵਨ ਮਾਨ (ਜੋਗੇਵਾਲਾ)
______________●●●●●●●●_____________
ਇਸ ਕਹਾਣੀ ਨੂੰ ਪੜ੍ਹਨ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ 🙏🙏
ਨੋਟ :- ਇਸ ਕਹਾਣੀ ਦੇ ਸਬੰਧ ਵਿੱਚ ਤੁਸੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਓ ਜੀ । ਇਸ ਕਹਾਣੀ ਵਿੱਚ ਥੋਨੂੰ ਕੁਝ ਵੀ ਸਿੱਖਣ ਨੂੰ ਮਿਲਿਆ ਤਾ ਸਾਨੂੰ ਜਰੂਰ ਦੱਸਣਾ ਜੀ। ਤੁਸੀ ਸਾਡੇ ਨਾਲ ਵੱਟਸਆਪ ( Whatsapp ) ਜਾਂ ਇੰਸਟਾਗ੍ਰਾਮ ( Instagram ) ਤੇ ਵੀ ਜੁਡ਼ ਸਕਦੇ ਓ ਅਤੇ ਸਾਨੂੰ ਮੈਸਜ ਕਰ ਸਕਦੇ ਓ ਅਤੇ ਕਾਲ ਵੀ ਕਰ ਸਕਦੇ ਓ ਜੀ ।
ਵਟਸਐਪ ਨੰਬਰ (Whtsapp no.) 8872332036
ਇੰਸਟਾਗ੍ਰਾਮ ( Instagram ) – Pawanmaan_official
ਜੇਕਰ ਤੁਸੀ ਇਹ ਕਹਾਣੀ ਪੀ ਡੀ ਐਫ ( PDF ) ਦੇ ਰੂਪ ਵਿੱਚ ਪੜ ਰਹੇ ਸੀ ਤਾਂ ਅੱਗੇ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰਿਓ ਜੀ 🙏🙏🙏
●●●●●●●●●●●●●●●●●●●●●●●●●●●●
1 Comment
rashpal singh dhaliwal
bahut sohni khahani aaa ji