ਐਬਟਸਫੋਰਡ: ਬੀਤੇ ਦਿਨ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਵਿਖੇ ਲੇਖਕ ਬੀਰ ਸਿੰਘ ਕੈਨੇਡੀਅਨ ਦੀ ਬਹੁ-ਚਰਚਿਤ ਪੁਸਤਕ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਨੂੰ ਲੋਕ-ਅਰਪਣ ਕਰਨ ਦੀ ਰਸਮ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਸ਼ਾਇਰ ਮੋਹਨ ਗਿੱਲ, ਕੋਚ ਦਲਜੀਤ ਸਿੰਘ ਗਰੇਵਾਲ, ਬੀਰ ਸਿੰਘ ਕੈਨੇਡੀਅਨ, ਗੁਰਪਿਆਰ ਸਿੰਘ ਰੋਮਾਣਾ ਆਦਿ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ।
ਪੁਸਤਕ ਬਾਰੇ ਰੌਸ਼ਨੀ ਪਾਉਂਦਿਆਂ ਲੇਖਕ ਬੀਰ ਸਿੰਘ ਕੈਨੇਡੀਅਨ ਨੇ ਦੱਸਿਆ ਕਿ ਇਹ ਰਚਨਾ ਗੁਰਬਾਣੀ ਦੇ ਅਗੰਮੀ ਗਿਆਨ-ਸਾਗਰ ਵਿੱਚੋਂ ਰੂਹਾਨੀਅਤ ਦੇ ਰਤਨ ਅਤੇ ਵਿਚਾਰ-ਮਾਣਿਕ ਚੁਣ ਕੇ ਸੰਜੋਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਹ ਪੁਸਤਕ ਜਗਿਆਸੂਆਂ ਦੇ ਹਿਰਦਿਆਂ ਵਿੱਚੋਂ ਭਰਮਾਂ ਅਤੇ ਸ਼ੰਕਿਆਂ ਦਾ ਅੰਧਕਾਰ ਮਿਟਾ ਕੇ ਆਤਮਿਕ ਗਿਆਨ ਦਾ ਪ੍ਰਕਾਸ਼ ਫੈਲਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਇਸ ਪੁਸਤਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ (ਪੰਨਿਆਂ) ਦੀ ਮਰਿਆਦਾ ਨੂੰ ਮੁੱਖ ਰੱਖਦਿਆਂ, ਇਸ ਵਿੱਚ 1430 ਸਵਾਲ ਅਤੇ ਉਨ੍ਹਾਂ ਦੇ ਵਿਸਥਾਰਪੂਰਵਕ ਜਵਾਬ ਦਰਜ ਕੀਤੇ ਗਏ ਹਨ, ਜੋ ਪਾਠਕਾਂ ਲਈ ਗੁਰਬਾਣੀ ਨੂੰ ਸਮਝਣਾ ਸਰਲ ਬਣਾਉਂਦੇ ਹਨ।
ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬੀਰ ਸਿੰਘ ਕੈਨੇਡੀਅਨ ਨੇ ਬੇਹੱਦ ਮਿਹਨਤ, ਸਿਦਕ ਅਤੇ ਗੁਰਮਤਿ ਨਿਭਾਅ ਨਾਲ ਗੁਰਬਾਣੀ ਨੂੰ ‘ਸਵਾਲ-ਜਵਾਬ’ ਦੀ ਸਾਰਥਿਕ ਵਿਧਾ ਵਿੱਚ ਪੇਸ਼ ਕਰਕੇ ਸ਼ਰਧਾਲੂਆਂ ਲਈ ਇੱਕ ਕੀਮਤੀ ਸਾਧਨ ਉਪਲੱਬਧ ਕਰਵਾਇਆ ਹੈ। ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਅਜੋਕੇ ਭੌਤਿਕਤਾ ਅਤੇ ਆਪੋ-ਧਾਪੀ ਭਰੇ ਸਮੇਂ ਵਿੱਚ, ਜਿੱਥੇ ਮਨੁੱਖ ਇਨਸਾਨੀਅਤ ਤੋਂ ਦੂਰ ਹੁੰਦਾ ਜਾ ਰਿਹਾ ਹੈ, ਇਹ ਪੁਸਤਕ ਗੁਰਬਾਣੀ ਦੇ ਮਾਨਵਤਾਵਾਦੀ, ਨੈਤਿਕ ਅਤੇ ਆਤਮਿਕ ਸੰਦੇਸ਼ ਨੂੰ ਬੜੀ ਸੁਖਾਲੀ ਅਤੇ ਪ੍ਰਭਾਵਸ਼ਾਲੀ ਸ਼ੈਲੀ ਵਿੱਚ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਅੰਤ ਵਿੱਚ ਹਾਜ਼ਰ ਸ਼ਖ਼ਸੀਅਤਾਂ ਨੇ ਬੀਰ ਸਿੰਘ ਕੈਨੇਡੀਅਨ ਨੂੰ ਵਧਾਈ ਦਿੱਤੀ ਅਤੇ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਨੂੰ ਸਿੱਖ ਜਗਤ ਲਈ ਇਤਿਹਾਸਕ ਅਤੇ ਦੂਰਗਾਮੀ ਮਹੱਤਵ ਦੀ ਦੇਣ ਕਰਾਰ ਦਿੱਤਾ।
