Skip to content Skip to footer

ਜੋ ਲੋਕ ਜਮੀਨ-ਜਾਇਦਾਦ ਨਾਲ ਜੁੜੇ ਹਨ ਖਾਸਕਰ ਜੱਟਾਂ-ਜਮੀਂਦਾਰਾਂ ਨੂੰ ਜਮਾਂਬੰਦੀ, ਗਿਰਦਾਵਰੀ, ਇੰਤਕਾਲ ਜਹੇ ਸ਼ਬਦ ਅਕਸਰ ਸੁਨਣ ਨੂੰ ਮਿਲਦੇ ਹਨ | ਪਰ ਜਿਆਦਾਤਰ ਲੋਕ ਇਹਨਾਂ ਦੇ ਅਸਲ ਮਤਲਬ ਤੋਂ ਅਣਜਾਣ ਹੁੰਦੇ ਹਨ ਤੇ ਇਹਨਾਂ ਨੂੰ ਪੜ੍ਨਾ ਤੇ ਸਮਝਣਾ ਤਾਂ ਆਮ ਪੜੇ-ਲਿਖਿਆਂ ਦੇ ਵੀ ਵੱਸ ਤੋਂ ਬਾਹਰ ਦੀ ਗਲ ਹੈ | ਜਿਸ ਕਰਕੇ ਅਕਸਰ ਜੱਟਾਂ ਨੂੰ ਸਰਕਾਰੇ-ਦਰਬਾਰੇ ਪਰੇਸ਼ਾਨੀ ਹੁੰਦੀ ਏ ਤੇ ਕਈ ਵਾਰੀ ਅਪਣੀ ਜਮੀਨ-ਜਾਇਦਾਦ ਦੀ ਮਾਲਕੀ-ਕਾਬਜ਼ੀ ਦਾ ਪਤਾ ਨਹੀਂ ਹੁੰਦਾ |

ਇਸ ਤਰ੍ਹਾਂ ਦੀ ਅਣਜਾਣਤਾ ਧੋਖਾਧੜੀ ਦਾ ਕਾਰਨ ਵੀ ਬਣ ਦੀ ਹੈ ਤੇ ਪਟਵਾਰੀਆਂ ਜਾਂ ਹੋਰ ਮਹਿਕਮਿਆਂ ਵਿੱਚ ਲੁੱਟ, ਰਿਸ਼ਵਤਖੋਰੀ ਦਾ ਕਾਰਨ ਵੀ ਬਣ ਦੀ ਹੈ | ਜੇ ਆਮ ਲੋਕਾਂ ਨੂੰ ਇਹ ਮੂਲ ਜਾਣਕਾਰੀ ਹੋਵੇ ਤਾਂ ਉਹ ਆਪਣੀ ਜਮੀਨ-ਜਾਇਦਾਦ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਖੁਦ ਬਖੁਦ ਹੱਲ ਕਰ ਸਕਦੇ ਹਨ | ਇਸ ਨਾਲ ਕਈ ਤਰ੍ਹਾਂ ਘਰੇਲੂ ਵਿਵਾਦ ਜਿਵੇਂ ਜਮੀਨੀ ਵੰਡ, ਕਬਜ਼ਾ, ਰਿਕਾਰਡ ਦੀ ਅਣਜਾਣਤਾ, ਕਾਸ਼ਤ ਵਗੈਰਾ ਦੇ ਬੇਲੋੜੇ ਮਸਲਿਆਂ ਤੋਂ ਬਚਿਆ ਜਾ ਸਕਦਾ ਹੈ | ਅੱਜ ਅਸੀਂ ਉੱਨਤ ਖੇਤੀ ਰਾਹੀਂ ਤੁਹਾਨੂੰ ਇਹਨਾਂ ਬਾਰੇ ਮੁਢਲੀ ਜਾਣਕਾਰੀ ਦੇਵਾਂਗੇ|

ਜਮੀਨੀ ਰਿਕਾਰਡ ਚ’ ਜਮਾਂਬੰਦੀ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ | ਇਸ ਨੂੰ ਆਮ ਬੋਲ-ਚਾਲ ਦੀ ਭਾਸ਼ਾ ਚ’ ਫਰਦ ਵੀ ਕਿਹਾ ਜਾਂਦਾ ਹੈ | ਇਹ ਪ੍ਰਮਾਣਤ ਤੇ ਪੱਕਾ ਰਿਕਾਰਡ ਹੁੰਦਾ ਹੈ ਜੋ ਸਬੂਤ ਜਾਂ ਦਾਅਵੇ ਦੇ ਤੌਰ ਤੇ ਕੰਮ/ਪੇਸ਼ ਕੀਤਾ ਜਾਂਦਾ ਹੈ | ਇਸ ਚ’ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ, ਬਿਨਾਂ ਕਿਸੇ ਵਾਜ਼ਬ ਤਰੀਕੇ ਦੇ |

ਪਹਿਲਾਂ ਜਮਾਂਬੰਦੀ ਪਟਵਾਰੀ ਦਿੰਦੇ ਸੀ ਪਰ ਅੱਜ-ਕੱਲ ਲਗਭਗ ਸਾਰੇ ਪੰਜਾਬ ਦਾ ਰਿਕਾਰਡ ਹੀ ਇੰਟਰਨੈੱਟ ਤੇ ਮੌਜੂਦ ਹੈ ਜੋ ਕਿ ਕਿਕਿਤੋਂ ਵੀ ਤੇ ਕਦੇ ਵੀ ਚੈੱਕ ਕੀਤਾ ਜਾ ਸਕਦਾ ਹੈ | ਤਸਦੀਕਸ਼ੁਦਾ ਪੜਤ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ ਤੋਂ ਪ੍ਰਾਪਤ  ਕਿਤੀ ਜਾ ਸਕਦੀ ਹੈ ਜੋ ਇਕ ਮਹੀਨੇ ਲਈ ਵਰਤੋ ਯੋਗ ਹੁੰਦੀ ਹੈ |

ਜਮਾਂਬੰਦੀ/ਫਰਦ ਚ’ ਅੱਜ-ਕੱਲ 8 ਖਾਨੇ(ਕਾਲਮ) ਹੁੰਦੇ ਹਨ, ਪੁਰਾਣੇ ਸਮੇਂ ਚ’ ਇਸ ਤੋਂ ਜਿਆਦਾ ਖਾਨੇ ਹੁੰਦੇ ਸਨ ਪਰ ਹੁਣ ਉਨ੍ਹਾਂ ਦੀ ਸਾਰਥਕਤਾ ਨਹੀਂ ਰਹੀ ਉਂਝ ਜਰੂਰਤ ਜਾਂ ਜਾਣਕਾਰੀ ਲਈ ਪਟਵਾਰੀ ਕੋਲ ਹੱਥ ਲਿਖਤ ਰਿਕਾਰਡ ਵੇਖਿਆ ਜਾ ਸਕਦਾ ਹੈ | ਜਮਾਂਬੰਦੀ ਦੇ ਵੱਖ-ਵੱਖ ਖਾਨੇ ਜਮੀਨੀ ਰਿਕਾਰਡ ਸਬੰਧੀ ਵੱਖ-ਵੱਖ ਤੇ ਪੂਰਣ ਜਾਣਕਾਰੀ ਦਿੰਦੇ ਹਨ ਅਗਰ ਕੋਈ ਖਾਨਾ ਅਧੂਰਾ ਜਾਂ ਸਪਸ਼ਟ ਨਾ ਹੋਵੇ ਤਾਂ ਉਹ ਜਮਾਂਬੰਦੀ ਅਧੂਰੀ ਜਾਂ ਪ੍ਰਮਾਣਤ ਨਹੀਂ ਮੰਨੀ ਜਾਂਦੀ |

ਜਮਾਂਬੰਦੀ ਦੇ 8 ਖਾਨਿਆਂ ਦਾ ਵੇਰਵਾ ਇਸ ਤਰ੍ਹਾਂ ਹੈ :- 

  1. ਖੇਵਟ ਨੰ./ ਮਾਲ/ ਪੱਤੀ, ਨੰਬਰਦਾਰ :- ਇਥੇ ਜਮੀਨੀ ਖਾਤਾ ਦਰਜ ਹੁੰਦਾ ਹੈ
  2.  ਖਤੌਨੀ ਨੰ./ ਲਗਾਨ :- ਇਥੇ ਪੈਲੀ ਦੀ ਖਤੌਨੀ ਵੰਡ ਹੁੰਦੀ ਹੈ
  3. ਮਾਲਕ ਦਾ ਨਾਂ ਅਤੇ ਵੇਰਵਾ
  4. ਕਾਸ਼ਤਕਾਰ ਦਾ ਨਾਂ ਅਤੇ ਵੇਰਵਾ
  5.  ਸਿੰਚਾਈ ਦੇ ਸਾਧਣ
  6. ਮੁਰੱਬਾ ਅਤੇ ਖਸਰਾ ਨੰ. :- ਇਹਨਾਂ ਨੂੰ ਪੈਲੀ ਦੇ ਨੰਬਰ ਵੀ ਕਿਹਾ ਜਾਂਦਾ ਹੈ
  7. ਰਕਬਾ ਅਤੇ ਭੌਂ ਦੀ ਕਿਸਮ :- ਇਥੇ ਖਸਰਾ ਨੰਬਰ ਦਾ ਕੁੱਲ ਜੋੜ ਹੁੰਦਾ ਹੈ
  8. ਵਿਸ਼ੇਸ਼ ਕਥਨ :- ਇਸ ਖਾਨੇ ਚ’ ਇੰਤਕਾਲ/ਰਿਪੋਰਟ ਵਗੈਰਾ ਦਰਜ ਕਰਦੇ ਹਨ|

ਜਮਾਂਬੰਦੀ ਪੜ੍ਹਨਾ ਅਸਾਨ ਹੈ ਬਸ ਥੋੜ੍ਹੀ ਜਾਣਕਾਰੀ ਤੇ ਅਭਿਆਸ ਦੀ ਲੋੜ ਹੁੰਦੀ ਹੈ | ਇਹ ਜਮੀਨ-ਜਾਇਦਾਦ ਸਬੰਧੀ ਮਹਤੱਵਪੂਰਨ ਤੇ ਭਰੋਸੇ ਦਾ ਦਸਤਾਵੇਜ਼ ਹੈ ਜੋ ਹਰ ਚਾਰ ਸਾਲ ਦੇ ਵਕਫੇ ਤੋ ਸੋਧਿਆ ਜਾਂਦਾ ਹੈ|ਜਮਾਂਬੰਦੀ ਕਿਵੇਂ ਪੜੀ ਜਾਂਦੀ ਹੈ | ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਅਸੀਂ ਉੱਨਤ ਖੇਤੀ ਦੀ ਅਗਲੀ ਪੋਸਟ ਵਿੱਚ ਦੇਵਾਂਗੇ|

 ਗਿਰਦਾਵਰੀ :- ਜਮਾਂਬੰਦੀ ਤੋਂ ਬਾਦ ਫ਼ਸਲ/ਜਮੀਨ ਨਾਲ ਸਬੰਧਿਤ ਗਿਰਦਾਵਰੀ ਰਜਿਸਟਰ ਦੀ ਬੜੀ ਮਹੱਤਾ ਹੈ | ਇਸ ਨੂੰ ਖ਼ਸਰਾ ਗਿਰਦਾਵਰੀ ਜਾਂ ਫ਼ਸਲ ਮੁਆਇਨਾ ਕਿਤਾਬ ਕਿਹਾ ਜਾਂਦਾ ਹੈ, ਪਰ ਆਮ ਤੌਰ ਤੇ ਗਿਰਦਾਵਰੀ ਜਾਂ ਜੱਟ ਭਾਸ਼ਾ ਚ’ “ਗਰਦੌਰੀ” ਹੀ ਬੋਲਿਆ ਜਾਂਦਾ ਹੈ | ਇਹ ਮੂਲ ਤੌਰ ਤੇ ਫ਼ਸਲ ਦੇ ਰਿਕਾਰਡ ਲਈ ਹੁੰਦਾ ਮਸਲਨ ਜਮੀਨ ਦਾ ਕਾਸ਼ਤਕਾਰ ਕੌਣ ਹੈ ਤੇ ਕਿਹੜੀ ਫ਼ਸਲ ਬੀਜੀ/ਵਾਹੀ ਜਾ ਰਹੀ ਹੈ |

: ਇਸ ਤੋਂ ਕਬਜ਼ਾ ਧਾਰਕ ਦੀ ਤਸ਼ਦੀਕ ਹੁੰਦੀ ਹੈ | ਗਿਰਦਾਵਰੀ ਦੀ ਮਾਲਕੀ ਹੱਕ ਲਈ ਪਰਮਾਣਕਤਾ ਜਮਾਂਬੰਦੀ ਜਿੰਨੀ ਨਹੀਂ ਹੁੰਦੀ ਇਹ ਖਸਰਾ ਨੰਬਰ ਅਨੁਸਾਰ ਕਬਜ਼ਾ/ਫ਼ਸਲ ਦਾ ਰਿਕਾਰਡ ਹੈ | ਗਿਰਦਾਵਰੀ ਰਜਿਸਟਰ ਪੰਨੇ ਤੇ 20 ਖਾਨੇ (ਕਾਲਮ) ਹੁੰਦੇ ਹਨ ਪਰ ਸ਼ੁਰੂ ਵਾਲੇ 8 ਖਾਨਿਆਂ ਤੋਂ ਬਾਦ ਸਾਵੇ ਖਾਨੇ ਹੀ ਦੁਬਾਰਾ ਆਉਂਦੇ ਹਨ | ਜਿਨਾਂ ਦਾ ਵੇਰਵਾ ਨਿਮਨ ਹੈ:-

  1.  ਖ਼ਸਰਾ ਨੰ. :- ਇਸ ਚ’ ਜਮੀਨ ਦੇ ਖ਼ਸਰਾ ਨੰਬਰ ਦਰਜ ਹੁੰਦਾ |
  2.  ਮਾਲਕ ਦਾ ਨਾਂ ਜਮਾਂਬੰਦੀ ਨੰਬਰ ਸਮੇਤ (ਸੰਖੇਪ ਚ ਲਿਖਿਆ ਜਾਵੇ
  3. ਕਾਸ਼ਤਕਾਰ ਦਾ ਨਾਂ ਅਤੇ ਲਗਾਨ ਦੀ ਦਰ(ਖਤੌਨੀ ਨੰਬਰ ਸਮੇਤ ਸੰਖੇਪ ਚ ਲਿਖਿਆ ਜਾਵੇ
  4. ਰਕਬਾ :- ਇਥੇ ਜਮੀਨ ਦੀ ਮਿਣਤੀ ਹੁੰਦੀ ਏ
  5. ਪਿਛਲੀ ਜਮਾਂਬੰਦੀ ਅਨੁਸਾਰ ਭੋਂ ਦੀ ਸ਼ਰੇਣੀ ਵੰਡ :- ਜਮੀਨ ਦੀ ਕਿਸਮ ਵਗੈਰਾ ਲਈ
  6. ਸਉਣੀ ਦੀ ਫ਼ਸਲ ਅਤੇ ਫ਼ਲਦਾਰ ਦਰਖਤਾਂ ਦੀ ਗਿਣਤੀ :- ਇਹ ਖਾਨਾ ਹਰ ਛਿਮਾਹੀ ਵੇਰਵੇ ਲਈ
  7. ਹਾੜੀ ਦੀ ਫ਼ਸਲ ਅਤੇ ਫ਼ਲਦਾਰ ਦਰਖਤਾਂ ਦੀ ਗਿਣਤੀ :- ਇਹ ਦੂਸਰੀ ਛਿਮਾਹੀ ਦੇ ਵੇਰਵੇ ਲਈ
  8. ਇੰਤਕਾਲ ਹਕੀਅਤ ਕਬਜਾ ਕਾਸ਼ਤ ਅਤੇ ਲਗਾਨ ਦੀਆਂ ਤਬਦੀਲੀਆਂ :- ਅਗਰ ਗਿਰਦਾਵਰੀ ਸਬੰਧੀ ਕੋਈ ਤਬਦੀਲੀ ਹੋਵੇ ਤਾਂ ਇੱਥੇ ਦਰਜ ਹੁੰਦਾ
  • ਇਸ ਤੋਂ ਬਾਦ ਸਉਣੀ-ਹਾੜੀ ਦੇ ਖਾਨੇ ਵਾਰ-ਵਾਰ ਦੁਬਾਰਾ ਦਰਜ ਹੁੰਦੇ ਹਨ

ਇੰਤਕਾਲ :- ਇੰਤਕਾਲ ਅਸਲ ਵਿਚ ਰਜਿਸਟਰ ਇੰਤਕਾਲ ਹੁੰਦਾ ਏ ਜਿਸ ਨੂੰ ਆਮ ਲੋਕ ਉਸ ਵਿਚ ਦਰਜ ਹੋਣ ਵਾਲੇ ਵੱਖ-ਵੱਖ ਇੰਤਕਾਲਾਤ ਕਰਕੇ ਸਿਰਫ ਇੰਤਕਾਲ ਹੀ ਬੋਲਦੇ ਹਨ | ਇੰਤਕਾਲ ਸ਼ਬਦ ਦਾ ਅਸਲ ਅਰਥ ਹੁੰਦੈ ‘ਤਰਮੀਮ’ ਜਾਂ ‘ਬਦਲਾਵ ਕਰਨਾ’ | ਮਤਲਬ ਅਗਰ ਮਾਲ ਰਿਕਾਰਡ ਚ’ ਕੋਈ ਤਬਦੀਲੀ ਕਰਨੀ ਹੋਵੇ ਤਾਂ ਉਹਦੇ ਲਈ ਇੰਤਕਾਲ ਦਰਜ ਕਰਨਾ ਪੈਂਦਾ ਹੈ |
ਇਥੇ ਦਰਜ ਕਰਨ ਤੋਂ ਬਾਦ ਹੀ ਉਹ ਰਿਕਾਰਡ ਜਮਾਂਬੰਦੀ ਚ’ ਦਰਜ ਕੀਤਾ ਜਾ ਸਕਦਾ ਏ, ਭਾਵ ਜਮਾਂਬੰਦੀ ਚ’ ਸੋਧ ਜਾਂ ਕੋਈ ਤਬਦੀਲੀ ਕਰਨ ਲਈ ਇੰਤਕਾਲ ਜਰੂਰੀ ਏ | ਇੰਤਕਾਲ ਰਜਿਸਟਰ ਦੇ 15 ਖਾਨੇ ਹੁੰਦੇ ਹਨ | 15 ਖਾਨਿਆਂ ਨੂੰ ਵੀ ਅੱਗੇ ਦੋ ਭਾਗਾਂ ਚ ਵੰਡਿਆ ਹੁੰਦਾ ਏ,7 ਖੱਬੇ ਪਾਸੇ ਤੇ 8 ਸੱਜੇ ਪਾਸੇ | ਖੱਬੇ ਪਾਸੇ ਉਹ ਰਿਕਾਰਡ ਪੁਰਾਣਾ ਰਿਕਾਰਡ ਹੁੰਦਾ ਜਿਸ ਨੂੰ ਬਦਲਣ ਦੀ ਲੋੜ ਹੈ ਤੇ ਸੱਜੇ ਪਾਸੇ ਉਹ ਰਿਕਾਰਡ ਹੁੰਦਾ ਜੋ ਨਵਾਂ ਦਰਜ (ਕਾਇਮ) ਕਰਨਾ ਏ | ਇੰਤਕਾਲ ਰਜਿਸਟਰ ਦੇ ਖਾਨਿਆਂ ਦਾ ਵੇਰਵਾ ਇਸ ਤਰਾਂ ਹੈ :-

  1.  ਇੰਤਕਾਲ ਨੰਬਰ
  2.  ਪੁਰਾਣੀ ਜਮਾਂਬੰਦੀ ਵਿਚ ਖਾਤੇ ਦਾ ਨੰਬਰ
  3. ਤਰਫ ਜਾਂ ਖੂਹ ਦਾ ਨਾਂ
  4. ਮਾਲਕ ਦਾ ਨਾਂ ਵੇਰਵੇ ਸਮੇਤ
  5. ਕਾਸ਼ਤਕਾਰ ਦਾ ਨਾਂ ਵੇਰਵੇ ਸਮੇਤ
  6. ਨੰਬਰ ਖਸਰਾ, ਰਕਬਾ, ਕਿਸਮ ਜਮੀਨ
  7. ਮਾਮਲਾ

ਇਸ ਤੋਂ ਬਾਦ ਸੱਜਾ ਪਾਸਾ ਸ਼ੁਰੂ ਹੁੰਦਾ:

  1. ਨਵੀਂ ਜਮਾਂਬੰਦੀ ਵਿਚ ਖਾਤੇ ਦਾ ਨੰਬਰ
  2.  ਮਾਲਕ ਦਾ ਨਾਂ ਵੇਰਵੇ ਸਮੇਤ
  3. ਕਾਸ਼ਤਕਾਰ ਦਾ ਨਾਂ ਵੇਰਵੇ ਸਮੇਤ
  4. ਨੰਬਰ ਖਸਰਾ, ਰਕਬਾ, ਕਿਸਮ ਜਮੀਨ
  5. ਮਾਮਲਾ
  6. ਕਿਸਮ ਅਤੇ ਮਿਤੀ ਇੰਤਕਾਲ ਸਮੇਤ ਜਰ ਬੈ ਜਾਂ ਜਰ ਰਹਿਣ
  7. ਇੰਤਕਾਲ ਫੀਸ
  8. ਰਿਪੋਰਟ ਅਤੇ ਹੁਕਮ

ਇੰਤਕਾਲ ਹਲਕਾ ਪਟਵਾਰੀ ਦਰਜ ਕਰਦਾ ਹੈ ਤੇ ਅੱਗੇ ਨਾਇਬ ਤਹਿਸੀਲਦਾਰ, ਤਹਿਸੀਲਦਾਰ ਜਾਂ ਐੱਸ. ਡੀ. ਐੱਮ. ਮੰਨਜੂਰ ਜਾਂ ਨਾ-ਮੰਨਜੂਰ ਕਰਦਾ ਹੈ |

ਸਟਰ ਰੋਜਨਾਮਚਾ :- ਹਾਲਾਂਕਿ ਰਜਿਸਟਰ ਰੋਜਨਾਮਚਾ ਦਾ ਆਮ ਲੋਕਾਂ ਨਾਲ ਕੋਈ ਖਾਸ ਤਾਅਲੁਕ ਨਹੀਂ ਹੁੰਦਾ ਫਿਰ ਵੀ ਪਟਵਾਰੀ ਲਈ ਇਸ ਦੀ ਕਾਫੀ ਮਹੱਤਵਤਾ ਹੈ | ਨਾਮ ਮੁਤਾਬਿਕ ਹੀ ਰਜਿਸਟਰ ਰੋਜਨਾਮਚਾ ਚ’ ਪਟਵਾਰੀ ਰੋਜਾਨਾ ਦੀਆਂ ਛੋਟੀਆਂ-ਵੱਡੀਆਂ ਰਿਪੋਟਾਂ ਲਿਖਦਾ ਹੈ ਜੋ ਸਰਕਾਰੀ ਜਾਂ ਗੈਰ-ਸਰਕਾਰੀ ਹੋ ਸਕਦੀਆਂ ਨੇ |

ਲੇਖਕ -ਰਾਜਰੁਪਿੰਦਰ ਸਿੰਘ ਬਰਾੜ (ਐਡਵੋਕੇਟ)

Source: unnatkheti.in

1 Comment

  • P.P.Singh
    Posted December 18, 2023 at 10:38 am

    ਅਸਲ ‘ਚ ਇਹ ਲਫਜ਼ ਇੰਤਕਾਲ ਨਹੀਂ ਮੁੰਨਤੱਕਿਲ ਹੁੰਦਾ ਹੈ ਜੋ ਬੋਲਣ ਦੇ ਵਿਗਾੜ ਨਾਲ ਵਿਗੜਦੇ ਵਿਗੜਦੇ ਇੰਤਕਾਲ ਬਣ ਗਿਆ। ਇੰਤਕਾਲ ਦਾ ਮਤਲਬ ਤਾਂ ਮਰ ਜਾਣਾ ,ਦੇਹਾਂਤ ਹੋ ਜਾਣਾ ਹੁੰਦਾ ਹੈ ਜਿਵੇਂ ਫਲਾਣੇ ਦਾ ਇੰਤਕਾਲ ਹੋ ਗਿਆ ਜਾਂ ਫਲਾਣਾ ਇੰਤਕਾਲ ਕਰ ਗਿਆ। ਮੁੰਨਤੱਕਿਲ ਦਾ ਮਤਲਬ ਹੁੰਦਾ ਹੈ Transfer , ਤਬਦੀਲੀ । ਜਦੋਂ ਜ਼ਮੀਨ ਟਰਾਂਸਫਰ ਹੋ ਜਾਂਦੀ ਹੈ ਤਾਂ ਮਤਲਬ ਹੋਇਆ ਕਿ ਮੁੰਨਤੱਕਿਲ ਹੋ ਗਈ ਹੈ।

Leave a comment

0.0/5

Facebook
YouTube
YouTube
Pinterest
Pinterest
fb-share-icon
Telegram