ਗੋਦੀ
ਅੱਜ ਗਲੀਆਂ ਚ ਵੰਡਦਾ,
ਫਿਰਦਾ ਸੁਨੇਹੇ ਖੁਸ਼ੀਆਂ ਦੇ ।
ਖੌਰੇ ਕਿਹੜੇ ਵੇਲੇ ਮੁੱਕਣਾ,
ਇੰਤਜ਼ਾਰ ਉਹਦੇ ਆਉਣ ਦਾ ।
ਕਿੰਨੇ ਕੁ ਦਰਦ
ਛੁਪਾਈ ਬੈਠਾ ਹੋਣਾ ,
ਉਹ ਛੋਟੀ ਜਿਹੀ ਜਿੰਦ ਚ’
ਮੁੱਦਤਾਂ ਬਾਅਦ ਬਾਹਰ ਆਇਆ,
ਅੱਜ ਉਹਦੀ ਚੁੱਪ ਦਾ ਬਿਆਨ
ਭੋਲੇ ਚਿਹਰੇ ਦੀ ਤੜਫ ਨੂੰ ਦੇਖ ਕੇ,
ਦਿਲ ਭਰ ਭਰ ਰੋਇਆ,
ਉਹਦੇ ਇਸ ਸਬਰ ਨੂੰ ਵੇਖ ਕੇ ।
ਕਦੇ ਕਾਵਾਂ ਨੂੰ ਉਡਾਰੇ,
ਕਦੇ ਦੀਵਿਆਂ ਨੂੰ ਬਾਲੇ ।
ਬਸ ਵਹਿੰਦਾ ਹੀ ਜਾਵੇ,
ਝੱਖੜਾਂ ਦੇ ਸਹਾਰੇ ।
ਸੁਨੇਹਾ ਕੋਈ ਲਿਆਵੇ,
ਤਾਂ ਉਹਦੇ ਪੈਰ ਚੁੰਮ ਜਾਵੇ ।
ਝੂਠੀ ਜਿਹੀ ਆਸ ਨੂੰ,
ਦਿਲ ਚ ਜਗਾ ਕੇ ।
ਸਦੀਆਂ ਦਾ ਲੰਬਾ,
ਬਸ ਇੰਤਜ਼ਾਰ ਕਰੀ ਜਾਵੇ ।
ਅੰਬਰਾਂ ਚ ਵਸਦਾ ,
ਰੱਬ ਵੀ ਸੋਚੀ ਪਈ ਜਾਵੇ।
ਕਿ ਕਾਸ਼ ਉਹ ਧਰਤੀ ਤੇ ਆਵੇ,
ਤੇ ਉਹਨੂੰ ਗੱਲ ਨਾਲ ਲਾਵੇ ।
ਕਿਤੇ ਸਦੀਆਂ ਦਾ ਉਹਦਾ
ਅੱਜ ਇੰਤਜ਼ਾਰ ,
ਮੁੱਕ ਹੀ ਨਾ ਜਾਵੇ ।
ਸਾਂਝਰਾਂ ਦੇ ਵੇਲੇ,
ਅੱਜ ਉਠਿਆ ਸੀ ਉਹ ਉੱਡ ਕੇ ।
ਗੀਤ ਬਸ ਗਾਈ ਜਾਵੇ,
ਉਡੀਕ ਚ ਚਾਈਂ ਚਾਈਂ ।
ਪਰ ਸ਼ਾਮ ਵੀ ਢੱਲ ਗਈ,
ਕੋਈ ਸੁਨੇਹਾ ਨਹੀਂ ਸੀ ਆਇਆ ।
ਬੂਹੇ ਵਲ ਵੇਖ ਕੇ,
ਉਹ ਮੁੜ ਵਾਪਿਸ ਆ ਜਾਵੇ ।
ਗੀਤ ਕੋਈ ਗਾਈ ਜਾਵੇ ,
ਆਸ ਵਿਚ ਚਾਈ ਚਾਈ।
ਕਿ ਕਿਤੇ ਘਰ ਕੋਈ ਅੱਜ ,
ਮੇਹਮਾਨ ਹੀ ਆ ਜਾਵੇ ।
ਸ਼ਾਮ ਵੀ ਰੋਏ ,
ਉਹਨੂੰ ਕਲਾਵੇਂ ਚ ਲੈ ਕੇ ।
ਕਹਿੰਦੀ ਘਰ ਨਹੀਂ ਜਾਣਾ ,
ਅੱਜ ਦਿਲ ਟੁੱਟ ਹੀ ਨਾ ਜਾਵੇ ।
ਮਾਸੂਮ ਦੇ ਚਿਹਰੇ ਤੋਂ,
ਕਿਤੇ ਨੂਰ ਉੱਤਰ ਹੀ ਨਾ ਜਾਵੇ ।
ਚੰਨ ਦੀ ਸਾਵੇਂ ਵੀ,
ਉਹ ਭੱਜਿਆ ਸੀ ਫਿਰਦਾ ।
ਗੋਦੀ ਕੋਈ ਲੱਭਦਾ ਸੀ,
ਉਹ ਤੜਫਿਆ ਜਿਹਾ ਸੀ ਫਿਰਦਾ ।
ਅੱਜ ਗਲੀਆਂ ਚ ਵੰਡਦਾ,
ਫਿਰਦਾ ਸੁਨੇਹੇ ਖੁਸ਼ੀਆਂ ਦੇ ।
ਖੌਰੇ ਕਿਹੜੇ ਵੇਲੇ ਮੁੱਕਣਾ,
ਇੰਤਜ਼ਾਰ ਉਹਦੇ ਆਉਣ ਦਾ ।
ਲੇਖਕ: ਇੰਦਰ