Skip to content Skip to footer

“ਅੱਜ ਦੀ ਜਿ਼ੰਦਗੀ, ਜਿਊਣ ਦੀ ਭਾਲ ਵਿਚ ਸੰਘਰਸ਼ ਨਾਲ ਭਰੀ ਹਕੀਕਤ ਹੈ।” ਇਸ ਸਾਲ ਦੇ ਵੱਕਾਰੀ ਬੁਕਰ ਪੁਰਸਕਾਰ ਦਾ ਜੇਤੂ 46 ਸਾਲਾ ਆਇਰਿਸ਼ ਲੇਖਕ ਪਾਲ ਲਿੰਚ ਜਦੋਂ ਇਹ ਕਹਿੰਦਾ ਹੈ ਤਾਂ ਸਾਹਿਤ ਦੀ ਗੂੰਜਦੀ ਦੁਨੀਆ ਵਿਚ ਜਿ਼ੰਦਗੀ ਦੇ ਸੰਘਰਸ਼ ਨੂੰ ਬਿਆਨ ਕਰਨ ਵਾਲੇ ਸੰਸਾਰ ਸਾਹਿਤ ਵਿਚ ਵਿਦਰੋਹ ਦੀਆਂ ਆਵਾਜ਼ਾਂ ਹੋਰ ਬੁਲੰਦ ਹੋ ਜਾਂਦੀਆਂ ਹਨ। ਇਹ ਪਾਲ ਲਿੰਚ ਦੀ ਸਿਰਜਣਾਤਮਕਤਾ ਦੀ ਪਛਾਣ ਹੈ ਅਤੇ ਉਹ ਇਸ ਬਾਰੇ ਕਹਿੰਦਾ ਹੈ: “ਮੈਂ ਹੁਣ ਆਧੁਨਿਕ ਅਰਾਜਕਤਾ ਨੂੰ ਦੇਖਣ ਦੀ ਕੋਸਿ਼ਸ਼ ਕਰ ਰਿਹਾ ਹਾਂ। ਮੈਂ ਪੱਛਮੀ ਲੋਕਤੰਤਰ ’ਚ ਅਸ਼ਾਂਤੀ ਦੇਖਣ ਦੀ ਕੋਸਿ਼ਸ਼ ਕੀਤੀ। ਸੀਰੀਆ ਦੀ ਸਮੱਸਿਆ ਸ਼ਰਨਾਰਥੀ ਸੰਕਟ ਦੇ ਪੈਮਾਨੇ ਦਾ ਮਾਪਦੰਡ ਅਤੇ ਪੱਛਮੀ ਮੁਲਕਾਂ ਦੀ ਉਦਾਸੀਨਤਾ ਦੀ ਨਿਸ਼ਾਨੀ ਹੈ।”

ਪਾਲ ਲਿੰਚ ਬੁਕਰ ਸਾਹਿਤ ਪੁਰਸਕਾਰ ਜਿੱਤਣ ਵਾਲਾ ਪੰਜਵਾਂ ਆਇਰਿਸ਼ ਲੇਖਕ ਹੈ। ਉਸ ਤੋਂ ਪਹਿਲਾਂ ਆਇਰਿਸ ਮਰਡੌਕ, ਜੌਹਨ ਬੈਨਵਿਲ, ਰੋਡੀ ਡੋਇਲ ਅਤੇ ਐਨੀ ਐਨਰਾਇਟ ਨੂੰ ਇਹ ਪੁਰਸਕਾਰ ਮਿਲ ਚੁੱਕਾ ਹੈ। ਪਾਲ ਲਿੰਚ ਨੂੰ ਇਹ ਪੁਰਸਕਾਰ ‘ਪ੍ਰੌਫਟ ਸੌਂਗ’ ਲਈ ਮਿਲਿਆ ਹੈ, ਇਹ ਨਾਵਲ ਇੰਨੀ ਤਾਕਤਵਰ ਹੈ ਕਿ ਇਸ ਅੰਦਰ ਜੜੇ ਸ਼ਬਦਾਂ ਦਾ ਅਹਿਸਾਸ ਇਸ ਨੂੰ ਪੜ੍ਹ ਕੇ ਹੀ ਹੋ ਸਕਦਾ ਹੈ। ਪਾਲ ਲਿੰਚ ਦਾ ਕਹਿਣਾ ਹੈ: “ਜਦੋਂ ਮੈਂ ਇਹ ਨਾਵਲ ਲਿਖਣਾ ਸ਼ੁਰੂ ਕੀਤਾ ਸੀ, ਉਦੋਂ ਮੇਰੇ ਪੁੱਤਰ ਦਾ ਜਨਮ ਹੋਇਆ ਸੀ, ਤੇ ਹੁਣ ਮੇਰਾ ਪੁੱਤਰ ਤੁਰਨ ਲੱਗਾ ਹੈ। ਇਹ ਇਸ ਦੇ ਲਿਖਣ ਦਾ ਸਫ਼ਰ ਹੈ, ਤੁਸੀਂ ਇਸ ਦੇ ਲਿਖਣ ਦੇ ਸਮੇਂ ਨੂੰ ਮਾਪ ਸਕਦੇ ਹੋ। ਸਮਝੋ, ਦੁਨੀਆ ਵਿਚ ਅਜਿਹੇ ਲੇਖਕਾਂ ਦੀ ਜਿਸ ਤਰ੍ਹਾਂ ਦੀ ਲੋੜ ਹੈ, ਉਨ੍ਹਾਂ ਨੂੰ ਮਾਨਤਾ ਦੇ ਕੇ ਇਹ ਦੌੜ ਸਥਾਪਿਤ ਲੇਖਕਾਂ ਦੇ ਬਰਾਬਰ ਲੈ ਜਾਂਦੀ ਹੈ। ਇੱਥੇ ਲੇਖਕ ਸਰਬ-ਪੱਖੀ ਰਚਨਾਵਾਂ ਦਾ ਸੰਸਾਰ ਲੇਖਕ ਬਣ ਜਾਂਦਾ ਹੈ।” ਸਾਹਿਤ ਦੀ ਇਹ ਪਛਾਣ ਅੱਗੇ ਜਾ ਕੇ ਉਸ ਦੀ ਭਾਸ਼ਾ, ਸਮਾਂ ਅਤੇ ਜਿ਼ੰਦਗੀ ਦੀ ਹਕੀਕਤ ਨਾਲ ਹਮੇਸ਼ਾ ਜਿ਼ੰਦਾ ਰਹੇਗੀ। ਪਾਲ ਲਿੰਚ ਦੇ ਨਾਲ ਨਾਲ ਉਸ ਦਾ ਸਾਹਿਤ ਵੀ ਜਿਊਂਦਾ ਰਹੇਗਾ।

ਪਾਲ ਲਿੰਚ ਦੀ ਕਹਾਣੀ, ਸ਼ੈਲੀ ਅਤੇ ਇਸ ਦੇ ਪਰਸਪਰ ਪ੍ਰਭਾਵੀ ਪਹਿਲੂਆਂ ਬਾਰੇ ਗੌਰ ਕਰਦਿਆਂ ਇਹ ਦੇਖਿਆ ਜਾ ਸਕਦਾ ਹੈ ਕਿ ਸਾਰੀਆਂ ਰਚਨਾਵਾਂ ਵਿਚ ਕਾਵਿਕ ਲੈਅ ਨਜ਼ਰ ਆਉਂਦੀ ਹੈ; ਚੁੱਪ ਦੀ ਸ਼ਾਂਤੀ ਵਿਚੋਂ ਜੀਵਨ ਦੀ ਜਾਗ੍ਰਿਤੀ ਉਸ ਦੀ ਸਾਹਿਤਕ ਰਚਨਾ ਦਾ ਹਿੱਸਾ ਹੈ। ਇਹ ਕ੍ਰਿਸ਼ਮਾ ਉਸ ਦੀ ਅਨੋਖੀ ਰਚਨਾਤਮਕਤਾ ਦੀ ਪਹਿਲੀ ਪਛਾਣ ਹੈ ਅਤੇ ਲਿੰਚ ਦੀ ਸ਼ੈਲੀ ਪਾਠਕ ਦੇ ਸਿਰ ਚੜ੍ਹ ਬੋਲਦੀ ਹੈ।

‘ਪ੍ਰੌਫਟ ਸੌਂਗ’ ਪਰਿਵਾਰ ਦੇ ਉਸ ਹਿੱਸੇ ਦੀ ਕਹਾਣੀ ਹੈ ਜਿੱਥੇ ਸੰਘਰਸ਼ ਹੀ ਸੰਘਰਸ਼ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਊਣ ਦੀ ਜਿ਼ੱਦ ਦੇ ਵਿਚਕਾਰ ਜੀਵਨ ਦੇ ਰਾਹ ਦੀ ਖੋਜ ਹੈ। ਜਿਊਣ ਅਤੇ ਸਾਹ ਲੈਣ ਲਈ ਕੁਝ ਹਵਾ ਬਚੀ ਰਹਿਣੀ ਚਾਹੀਦੀ ਹੈ। ਇਹ ਨਾਵਲ ਉਥਲ ਪੁਥਲ ਵਾਲੀ ਦੁਨੀਆ ਵਿਚ ਰਹਿ ਰਹੇ ਅਜਿਹੇ ਪਰਿਵਾਰ ਦੀ ਕਹਾਣੀ ਦੱਸਦਾ ਹੈ ਜਿੱਥੇ ਵਿਚ ਉਹ ਬਚਣ ਲਈ ਤਰਸਦੇ ਹਨ। ਇਹੀ ਇਸ ਦਾ ਮੂਲ ਸੰਕਲਪ ਹੈ ਅਤੇ ਇਸੇ ਲਈ ਪਾਲ ਲਿੰਚ ਵਾਰ ਵਾਰ ਕਹਿੰਦਾ ਹੈ, “ਸਮਾਂ ਬਦਲ ਗਿਆ ਹੈ, ਮੇਰਾ ਸ਼ਹਿਰ ਡਬਲਿਨ ਵੀ ਬਦਲ ਗਿਆ ਹੈ ਅਤੇ ਮੈਂ ਇਸ ਨੂੰ ਬਦਲਦਾ ਦੇਖ ਰਿਹਾ ਹਾਂ। ਸਿਆਸੀ ਕਾਰਨਾਂ ਕਰ ਕੇ ਮੈਨੂੰ ਇਹ ਨਾਵਲ ਚਿੱਤਰਕਾਰ ਵਾਂਗ ਲਿਖਣਾ ਪਿਆ। ਅੱਜ ਮਨੁੱਖ ਦਾ ਮਨ ਕੱਟੜਤਾ ਦੇ ਦਾਗਾਂ ਦੇ ਨਾਲ ਨਾਲ ਭਿਆਨਕ ਤੇ ਡਰਾਉਣੀ ਭਾਵਨਾ ਨਾਲ ਜੀਣ ਦੀ ਇੱਛਾ ਨਾਲ ਭਰਿਆ ਹੋਇਆ ਹੈ।

ਇਹ ਤੱਤ ਪਾਲ ਲਿੰਚ ਦੇ ਹੋਰ ਨਾਵਲਾਂ ਵਿਚ ਵੀ ਹੈ। ਇਨ੍ਹਾਂ ਵਿਚ 2013 ਵਿਚ ਪ੍ਰਕਾਸਿ਼ਤ ਸੁੰਦਰ ਰੂਪ ਵਿਚ ਲਿਖਿਆ ਉਸ ਦਾ ਨਾਵਲ ‘ਰੈੱਡ ਸਕਾਈ ਇਨ ਮੌਰਨਿੰਗ’ ਸ਼ਾਮਲ ਹੈ। ‘ਦਿ ਬਲੈਕ ਸਨੋਅ’ (2014), ‘ਗਰੇਸ’ (2017) ਅਤੇ ‘ਬਿਯੌਂਡ ਦਿ ਸੀਅ’ (2019) ਵਰਗੇ ਨਾਵਲਾਂ ਨਾਲ ਉਸ ਨੇ ਆਪਣੀ ਪ੍ਰਸਿੱਧੀ ਪੂਰੀ ਦੁਨੀਆ ਭਰ ਵਿਚ ਫੈਲਾਈ। ਨਾਵਲ ‘ਪ੍ਰੌਫਟ ਸੌਂਗ’ ਇਸੇ ਸਾਲ ਕੁਝ ਸਮਾਂ ਪਹਿਲਾਂ ਹੀ ਪ੍ਰਕਾਸਿ਼ਤ ਅਤੇ ਪਾਠਕਾਂ ਤੱਕ ਪਹੁੰਚਿਆ ਹੈ। ਇਸ ਨੇ ਆਉਂਦਿਆਂ ਸਾਰ ਸਮੁੱਚੇ ਸਾਹਿਤ ਜਗਤ ਦੀਆਂ ਧਾਰਨਾਵਾਂ ਬਦਲ ਦਿੱਤੀਆਂ।

ਕਿਹਾ ਜਾਂਦਾ ਹੈ ਕਿ ਜਦੋਂ ਕੋਈ ਨਾਵਲਕਾਰ ਆਪਣੇ ਪਾਤਰਾਂ ਨਾਲ ਸੰਵਾਦ ਰਚਾਉਂਦਾ ਹੈ, ਆਪ ਸਾਹਮਣੇ ਆਉਂਦਾ ਹੈ; ਪਾਲ ਲਿੰਚ ਕਹਿੰਦਾ ਹੈ: ਮੈਂ ਆਪਣੇ ਪਾਤਰਾਂ ਨਾਲ ਆਪਣੇ ਆਪ ਤੁਰਦਾ ਹਾਂ। ਅਸਲ ਵਿਚ ਮੇਰੇ ਪਾਤਰ ਹੀ ਮੇਰੀ ਪਛਾਣ ਹਨ।” ‘ਪ੍ਰੌਫਟ ਸੌਂਗ’ ਪੜ੍ਹਦਿਆਂ ਅਹਿਸਾਸ ਹੋਇਆ ਕਿ ਪਾਲ ਲਿੰਚ ਨੂੰ ਪੜਂ੍ਹਾਂ ਅਸਲ ਵਿਚ ਉਨ੍ਹਾਂ ਯਾਦਾਂ ਦੀ ਵਾਪਸੀ ਹੈ ਜੋ ਵਰਤਮਾਨ ਨਾਲ ਟਕਰਾਉਂਦੀਆਂ ਹਨ। ਮੈਂ ਪਾਲ ਲਿੰਚ ਨੂੰ ਪਿਛਲੇ ਇੱਕ ਦਹਾਕੇ ਤੋਂ ਜਾਣਦਾ ਹਾਂ ਅਤੇ ਉਸ ਦੇ ਸਾਰੇ ਪੰਜੇ ਨਾਵਲ ਪੜ੍ਹਦਿਆਂ ਮਹਿਸੂਸ ਕੀਤਾ ਹੈ ਕਿ ਜਦੋਂ ਵੀ ਮੈਂ ਉਸ ਦੀ ਅਦਭੁਤ ਕਾਵਿਕ ਵਾਲੀ ਸ਼ੈਲੀ ਵਿਚੋਂ ਲੰਘਦਾ ਹਾਂ, ਉਸ ਦੀ ਭਾਸ਼ਾ ਦੇ ਨਵੇਂ ਪ੍ਰਤੀਬਿੰਬ ਉੱਭਰਦੇ ਹਨ। ਉਸ ਦੀ ਨਵੀਂ ਸ਼ੈਲੀ ਦੇ ਨਾਲ ਨਾਲ ਭਾਸ਼ਾ ਦਾ ਨਵਾਂ ਰੂਪ ਅਦਭੁਤ ਸੰਜੋਗ ਅਤੇ ਸ਼ਾਨਦਾਰ ਪ੍ਰਯੋਗ ਹੈ। ਭਾਸ਼ਾ ਕਿਵੇਂ ਬਦਲਦੀ ਹੈ ਅਤੇ ਇਸ ਦਾ ਨਵਾਂ ਰੂਪ ਕੀ ਹੈ, ਇਹ ਲਿੰਚ ਦੀ ਨਵੀਂ ਸ਼ੈਲੀ ਵਿਚ ਦੇਖਿਆ ਜਾ ਸਕਦਾ ਹੈ।

ਪਾਲ ਲਿੰਚ ਦੇ ਨਾਵਲਾਂ ਦਾ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ ਪਰ ਉਹ ਆਪਣੀ ਇੱਕ ਮੁਲਾਕਾਤ ਵਿਚ ਕਹਿੰਦਾ ਹੈ: ਕਠੋਰ ਯਥਾਰਥਵਾਦ ਨਾਲ ਜੁੜੀ ਕਾਵਿ-ਭਾਸ਼ਾ ਆਪਣੀ ਸਮਰੱਥਾ ਵਧਾ ਸਕਦੀ ਹੈ ਅਤੇ ਮਨੁੱਖੀ ਸਥਿਤੀ ਵਿਚ ਨਵੀਂ ਸੂਝ ਪੈਦਾ ਕਰ ਸਕਦੀ ਹੈ। ਉਸ ਦੀ ਪ੍ਰਸ਼ੰਸਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।” ਪਾਲ ਲਿੰਚ ਨੂੰ ਕਈ ਪੁਰਸਕਾਰਾਂ ਜਿਵੇਂ ਵਿਦੇਸ਼ੀ ਬੁੱਕ ਅਵਾਰਡ, ਆਇਰਲੈਂਡ ਦਾ ਸਭ ਤੋਂ ਵੱਡਾ ਸਾਹਿਤਕ ਸਟਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ ਸੰਪਰਕ: 94787-30156
*ਲੇਖਕ ਹਿੰਦੀ ਤੇ ਪੰਜਾਬੀ ਦੇ ਲੇਖਕ ਅਤੇ ਮੀਡੀਆ ਮਾਹਿਰ ਹਨ।

Leave a comment

Facebook
YouTube
YouTube
Pinterest
Pinterest
fb-share-icon
Telegram