ਦਿਲ ਦੇ ਬਾਗੀਂ ਸੈਰ ਕਰਦਿਆਂ, ਐਸੇ ਪਲ ਨੇ ਅਕਸਰ ਆਉਂਦੇ।
ਬਿਰਖ ਬਰੂਟੇ ਸ਼ਾਇਰੀ ਲਿਖਦੇ, ਪੱਤੇ ਤਰਜ਼ਾਂ ਆਪ ਬਣਾਉਂਦੇ।

ਪੱਛੋਂ ਤੇ ਪੁਰਵੱਈਆ ਭਾਵੇਂ, ਵਗਦੀਆਂ ਤੇਜ਼ ਤਰਾਰ ਹਵਾਵਾਂ,
ਰੂਹ ਵਿੱਚ ਸਾਜ਼ ਨਿਰੰਤਰ ਵੱਜਦੇ, ਧੜਕਣ ਨੂੰ ਵੀ ਝੂੰਮਣ ਲਾਉਂਦੇ।

ਧਰਤੀ ਤੋਂ ਲੈ ਅੰਬਰ ਤੀਕਰ ਜੋ ਕੁਝ ਖੁੱਲ੍ਹੀ ਅੱਖ ਨੂੰ ਦਿਸਿਆ,
ਸਭ ਕੁਝ ਝੋਲ਼ੀ ਪੈ ਜਾਣਾ ਸੀ, ਜੇਕਰ ਆਪਾਂ ਨਜ਼ਰ ਮਿਲਾਉਂਦੇ।

ਵਰ੍ਹਦੇ ਮੀਂਹ ਦਾ ਨਿਰਮਲ ਪਾਣੀ ਤੁਪਕਾ ਤੁਪਕਾ ਕਿਣ ਮਿਣ ਕਣੀਆਂ,
ਨਾਚ ਨਚੱਈਆ ਤੱਕ ਲੈਣਾ ਸੀ
ਘੁਰਨਿਆਂ ਵਿੱਚੋਂ ਬਾਹਰ ਜੇ ਆਉਂਦੇ।

ਗੂੜ੍ਹ ਸਲੇਟੀ ,ਅੰਬਰ ਚੜ੍ਹੀਆਂ ਵੇਖਦਿਆ ਘਨਘੋਰ ਘਟਾਵਾਂ,
ਜੰਤ ਪਰਿੰਦੇ ਕਰਨ ਕਲੋਲਾਂ, ਮੁੜ ਮੁੜ ਚੁੰਝਾਂ ਕੋਲ਼ ਲਿਆਉਂਦੇ।

ਜੰਗਲ ਨੂੰ ਜਦ ਵੀ ਅੱਗ ਲੱਗੀ,ਵੇਖ ਲਿਆ,ਪਰ ਅਣਡਿੱਠ ਕੀਤਾ,
ਮਨ ਤੇ ਅਜਬ ਨਮੋਸ਼ੀ ਵਾਲੇ,ਇਹ ਪਲ ਫੇਰ ਕਦੇ ਨਾ ਆਉਂਦੇ।

ਕੱਚੀ ਮਿੱਟੀ ਵਾਲੇ ਘਰ ਨੂੰ,ਮੈਂ ਦਿਲ ‘ਚੋਂ ਅੱਜ ਤੀਕ ਨਾ ਢਾਹਿਆ,
ਭੁੱਲ ਜਾਂਦੋ ਜੇ ਮਿੱਟੀ ਗੁੰਨ੍ਹਣਾ,ਕੰਧਾਂ ਤੇ ਕਿੰਜ ਮੋਰ ਬਣਾਉਂਦੇ।

Leave a comment

Facebook
YouTube
YouTube
Set Youtube Channel ID
Pinterest
Pinterest
fb-share-icon
Telegram