Skip to content Skip to footer

ਪੱਛਮੀ ਮੁਲਕਾਂ ਦੀ ਚਮਕ-ਦਮਕ ਵਾਲੀ ਜੀਵਨ ਜਾਚ‌ ਦੇਖ ਕੇ ਅਸੀਂ ਸੁਭਾਵਿਕ ਹੀ ਮੋਹੇ‌ ਜਾਂਦੇ ਹਾਂ। ਭਾਵੇਂ ਲੰਮੇ ਅਰਸੇ ਤੋਂ ਪੰਜਾਬੀ (ਭਾਰਤੀ) ਵਿਦੇਸ਼ਾਂ ਵਿੱਚ ਵਸ ਰਹੇ ਹਨ। ਉਨ੍ਹਾਂ ਦੀਆਂ ਪਰਿਵਾਰਕ, ਸਮਾਜਿਕ ਜਾਂ ਰਾਜਨੀਤਕ ਸਮੱਸਿਆਵਾਂ ਬਾਰੇ ਅਕਸਰ ਪੜਿ੍ਹਆ-ਸੁਣਿਆ ਵੀ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਅਜਿਹੀਆਂ ਔਕੜਾਂ ਵੀ ਉਨ੍ਹਾਂ ਨੂੰ ਝੱਲਣੀਆਂ ਪੈਂਦੀਆਂ ਹਨ ਜਿਨ੍ਹਾਂ ਬਾਰੇ ਘੱਟ‌ ਹੀ ਗੱਲ ਕੀਤੀ ਗਈ ਹੈ। ਪੰਜਾਬੀਆਂ ਦੇ ਦੂਜੀ-ਤੀਜੀ ਪੀੜ੍ਹੀ ਦੇ ਉੱਧਰ ਜੰਮੇ-ਪਲੇ ਬੱਚਿਆਂ ਨੂੰ ਕਰੀਬ ਦੋ-ਢਾਈ ਸਾਲ ਦੀ ਉਮਰ ਵਿੱਚ ਸਕੂਲ ਜਾਂ ਨਰਸਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਨਿੱਕੇ-ਨਿੱਕੇ ਬੱਚੇ ਆਪਸ ਵਿੱਚ ਘਿਓ ਸ਼ੱਕਰ ਵਾਂਗ ਰਲਕੇ ਰਹਿੰਦੇ ਹਨ। ਜਿਉਂ ਹੀ ਬੁੱਧੀ ਤੀਖਣ ਹੁੰਦੀ ਹੈ ਉਹ ਪੰਜਾਬੀ ਖ਼ਾਸ ਕਰ ਸਿੱਖ ਸਰਦਾਰ ਬੱਚਿਆਂ ਦੇ ਸਿਰ ਉੱਤੇ ਕੀਤਾ ਕੇਸਾਂ ਦਾ ਜੂੜਾ ਤੇ ਬਾਂਹ ਵਿੱਚ‌ ਲੋਹੇ ਦਾ ਕੜਾ ਪਾਇਆ ਦੇਖ‌ ਕੇ ਸਵਾਲ-ਜਵਾਬ ਕਰਦੇ‌ ਹਨ। ਕਈ‌ ਵਾਰ ਮਜ਼ਾਕ ਵੀ ਉਡਾਉਂਦੇ ਹਨ, ਪਰ ਛੋਟੀ‌ ਉਮਰ ਵਿੱਚ ਬੱਚੇ ਝੱਟ ਭੁੱਲ-ਭੁਲਾ ਜਾਂਦੇ ਹਨ।

ਚੌਥੀ-ਪੰਜਵੀਂ ਜਮਾਤ ਤੱਕ ਉਸ ਦੇ ਸਿਰ ’ਤੇ ਬੰਨ੍ਹੇ ਪਟਕੇ ਕੇਸਕੀ ਜਾਂ ਬਾਂਹ‌ ਵਿੱਚ ਪਾਏ ਕੜੇ ਵੱਲ ਜਮਾਤੀ ਮੁੰਡੇ-ਕੁੜੀਆਂ ਤਿਰਛੀ‌ ਨਜ਼ਰ ਨਾਲ ਦੇਖਦੇ ਤੇ ਪੁੱਠੇ-ਸਿੱਧੇ ਸਵਾਲ ਵੀ ਕਰਦੇ ਹਨ। ਮੁੰਡੇ ਇਸ ਦੀ ਬਹੁਤੀ ਪਰਵਾਹ ਨਹੀਂ ਕਰਦੇ, ਪਰ ਕੁੜੀਆਂ ਵੱਧ ਸੰਵੇਦਨਸ਼ੀਲ ਹੋਣ ਕਾਰਨ ਇਸ ਗੱਲ ਨੂੰ ਮਨ ’ਤੇ ਲਾ ਲੈਂਦੀਆਂ ਹਨ। ਜਿਉਂ ਹੀ ਇਹ ਬਚਪਨ ਤੇ ਅੱਲੜ੍ਹ ਉਮਰ ਵਿਚਕਾਰਲੀ ਦਹਿਲੀਜ਼ ’ਤੇ ਪੈਰ ਧਰਦੇ ਹਨ ਤਾਂ ਇੱਕ ਬਹੁਤ ਵੱਡੀ ਔਕੜ ਸਾਡੇ ਪੰਜਾਬੀ ਬੱਚਿਆਂ ਖ਼ਾਸ ਕਰ ਕੁੜੀਆਂ ਨੂੰ ਆਉਂਦੀ ਹੈ। ਇਹ ਹੈ ਸਾਡੇ ਬੱਚਿਆਂ ਦਾ ਆਪਣੀ ਸੱਭਿਅਤਾ ਤੇ ਪਿਛੋਕੜ ਦੇ ਮੂਲ ਨਾਲ ਜੁੜੇ ਹੋਣਾ। ਇਸ ਸਬੰਧੀ ਮੈਂ ਕਾਫ਼ੀ ਖੋਜ‌ ਕੀਤੀ ਤੇ ਜਾਣਿਆ ਕਿ ਜਿਹੜੀ ਉੱਥੇ ਦੀ ਜੰਮੀ ਪਲੀ ਪੀੜ੍ਹੀ, ਅੱਜ ਪੰਝਤਾਲੀ-ਪੰਜਾਹ ਸਾਲ ਦੀ ਉਮਰ ਨੂੰ ਢੁੱਕ ਚੁੱਕੀ ਹੈ, ਉਸ ਨੇ ਵੀ ਇਹ ਸੰਤਾਪ ਝੱਲਿਆ, ਉਨ੍ਹਾਂ ਦੇ ਬੱਚਿਆਂ ਨੇ ਵੀ ਤੇ ਹੁਣ‌ ਨਵੀਂ ਪੁੰਗਰਦੀ‌ਪਨੀਰੀ ਵੀ ਇਸ ਵਿੱਚੋਂ ਗੁਜ਼ਰ ਰਹੀ ਹੈ। ਨੌਰਵੇ ’ਚ ਜਨਮੇ ਸਾਡੇ ਦੋਹਤੇ‌ ਨੂੰ ਵੀ ਥੋੜ੍ਹੀ ਬਹੁਤੀ ਦਿੱਕਤ ਆਈ। ਉਸ ਨੇ ਕੋਈ ਗੱਲ ਦਿਲ ’ਤੇ ਨਹੀਂ ਲਾਈ।

ਅਜਿਹੇ ਮਸਲਿਆਂ ਵਿੱਚ ਜੋ ਸਮੱਸਿਆ ਇਸ ਮੁਕਾਮ ’ਤੇ ਆ ਕੇ ਕੁੜੀਆਂ ਨੂੰ ਆਉਂਦੀ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਅਸੀਂ ਪਹਿਲਾਂ ਤਾਂ ਇਸ ਨੂੰ ਨਸਲੀ ਵਿਤਕਰਾ ਹੀ ਸਮਝਦੇ ਰਹੇ, ਪਰ ਬਹੁਤ ਗਹਿਰਾਈ ਤੱਕ ਜਾ ਕੇ ਦੇਖਿਆ ਤਾਂ ਇਸ ਵਿੱਚ ਹੋਰ ਕਾਰਨ ਵੀ ਲੱਭਿਆ। ਉਹ ਸਾਡਾ ਮੁੱਢਮੂਲ ਹੈ। ਜਿਨ੍ਹਾਂ ਪਰਿਵਾਰਾਂ ਵਿੱਚ ਬੱਚਿਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ ਨੈਤਿਕ ਕਦਰਾਂ-ਕੀਮਤਾਂ ਵੀ ਸਿਖਾਈਆਂ ਜਾਂਦੀਆਂ ਹਨ ਜਾਂ ਉਹ ਖ਼ੁਦ ਸੁਭਾਵਿਕ ਹੀ ਗ੍ਰਹਿਣ ਕਰ ਲੈਂਦੇ ਹਨ ਉਨ੍ਹਾਂ ਬੱਚਿਆਂ ਨੂੰ ‘ਗੋਰੇ ਕਲਚਰ’ ਵਿੱਚ ਰਹਿਣ ਲਈ ਮੁਸ਼ਕਿਲ ਪੇਸ਼ ਆਉਂਦੀ ਹੈ। ਸਾਡੀ ਗਿਆਰਾਂ ਸਾਲਾਂ ਦੀ ਦੋਹਤੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ। ਦੋ ਸਾਲਾਂ ਤੋਂ ਉਹ ਮਾਨਸਿਕ ਤੌਰ ’ਤੇ ਉੱਖੜੀ-ਉੱਖੜੀ ਰਹੀ। ਉਹ ਘਰ ਆ ਕੇ ਆਪਣੀ‌ਮਾਂ ਨੂੰ ਦੱਸਦੀ ਵੀ ਰਹੀ ਕਿ ਇੱਕ-ਦੋ ਨੂੰ ਛੱਡ ਕੇ ਬਾਕੀ ਜਮਾਤਣਾਂ ਉਸ ਨਾਲ ਬਹੁਤ ਰੁੱਖਾ ਵਤੀਰਾ ਰੱਖਦੀਆਂ ਹਨ। ਸਾਡੀ ਧੀ ਨੇ‌ਉਸ ਨੂੰ ਪਰਵਾਹ ਨਾ ਕਰਨ ਬਾਰੇ ਕਹਿਣਾ, ਪਰ ਬੱਚੀ‌ ਘਰ ਆ ਕੇ ਵੀ‌ਉਦਾਸ ਤੇ ਚੁੱਪ ਰਹਿਣ ਲੱਗੀ। ਪੁੱਛਣ ਤੋਂ ਉਸ ਨੇ ਦੱਸਿਆ ਕਿ ਨਾਲ ਦੀਆਂ ਕੁੜੀਆਂ ਖੇਡਣ ਵੇਲੇ ਵੀ ਉਸ ਨੂੰ‌ਨਾਲ ਨਹੀਂ ਖਿਡਾਉਂਦੀਆਂ ਤੇ ਜੇ ਕਿਸੇ‌ਦਾ ਜਨਮਦਿਨ ਹੁੰਦਾ ਹੈ ਤਾਂ ਇੱਕ-ਦੋ ਨੂੰ ਛੱਡ ਕੇ ਉਸ ਨੂੰ ਅਜਿਹੇ ਮੌਕੇ ਵੀ ਨਹੀਂ ਬੁਲਾਉਂਦੀਆਂ ਜਦਕਿ ਉਹ ਆਪ ਸਭ ਨੂੰ ਬੁਲਾਉਂਦੀ ਹੈ, ਪਰ ਆਉਂਦੀ ਕੋਈ ਨਹੀਂ।

ਪਰਿਵਾਰ ਨੇ ਸਕੂਲ ਜਾ‌ਕੇ ਅਧਿਆਪਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ‘‘ਬੱਚੀ ਉਮਰ ਦੇ ਹਿਸਾਬ ਨਾਲ ਬਹੁਤ ਬੁੱਧੀਮਾਨ ਹੈ, ਇਸ ਲਈ ਉਸ ਨੂੰ ਲਾਇਬ੍ਰੇਰੀ ਇੰਚਾਰਜ, ਕਲਾਸ ਦੀ‌ਮੁਖੀ ਤੇ ਹੋਰ ਕਈ ਪਾਸੇ ਜ਼ਿੰਮੇਵਾਰ ਬਣਾਇਆ ਗਿਆ ਹੈ।‌ਆਪਣਾ ਸਿਲੇਬਸ ਤਾਂ ਇਸ ਨੇ‌ ਦਿਨਾਂ ਵਿੱਚ ਹੀ ਪੂਰਾ ਕਰ ਲਿਆ ਤੇ ਅਸੀਂ ਇਸ ਨੂੰ ਅਗਲੀ ਜਮਾਤ ਵਿੱਚ ਭੇਜਿਆ ਤਾਂ ਉਹ‌ਵੀ ਇਸ ਨੇ‌ ਨਿਪਟਾ ਲਿਆ ਹੈ।’’ ਅਧਿਆਪਕ ਬੱਚੀ ਤੋਂ ਬਹੁਤ ਪ੍ਰਭਾਵਿਤ ਹਨ, ਪਰ ਜੋ ਸਮੱਸਿਆ ਉਸ ਨੂੰ ਮਾਨਸਿਕ ਪੀੜਾ ਦੇ ਰਹੀ ਹੈ ਉਸ ਦਾ ਜਦੋਂ ਹੋਰ ਕੋਈ ਹੱਲ ਨਜ਼ਰ ਨਹੀਂ ਆਇਆ ਤਾਂ ਸਕੂਲ ਵਾਲਿਆਂ ਨੇ ਬੱਚੀ ਨੂੰ ਰੁਝੇਵੇਂ ਵਿੱਚ ਰੱਖਣ ਦਾ ਸੋਚਿਆ। ਨਿੱਕੀ ਉਮਰੇ ਉਹ ਵਿਸ਼ਵ ਪੱਧਰ ਦੇ ਇੱਕ ਮੈਗਜ਼ੀਨ ਦੀ ਸਭ ਤੋਂ ਛੋਟੀ ਤੇ ਪਹਿਲੀ ਪੰਜਾਬਣ ਸੰਪਾਦਕਾ ਹੋਣ ਦਾ ਮਾਣ ਵੀ ਪ੍ਰਾਪਤ ਕਰ ਚੁੱਕੀ ਹੈ, ਪਰ ਅਫ਼ਸੋਸ ਕਿ ਸਕੂਲ ਵਿੱਚ ਇਕੱਲ ਦਾ ਸੰਤਾਪ ਹੰਢਾਉਂਦੀ ਸਾਡੀ ਬੱਚੀ ਨੂੰ ਇਸ ਮੁਕਾਮ ਉੱਤੇ ਪੁੱਜਣ ਦੀ ਉਹ ਖੁਸ਼ੀ ਨਹੀਂ ਹੋਈ‌ਜੋ ਹੋਣੀ ਚਾਹੀਦੀ ਸੀ। ਅਦਾਰਾ ਮੈਗਜ਼ੀਨ ‘ਡੌਨਲਡ ਡੱਕ’, ਟੀਵੀ ਚੈਨਲਾਂ ਤੇ ਅਖ਼ਬਾਰਾਂ ਵਾਲਿਆਂ ਨੇ ਸਕੂਲ ਵਿੱਚ ਆ ਕੇ ਇਸ ਨੰਨ੍ਹੀ ਸੰਪਾਦਕਾ ਦਾ ਮਾਣ-ਸਨਮਾਨ‌ਕੀਤਾ, ਪਰ ਉਹਦੇ ਚਿਹਰੇ ’ਤੇ ਖੇੜਾ‌ ਨਾ ਆਇਆ।

ਅਖ਼ੀਰ ਅਸੀਂ ਉਸ ਨੂੰ ਸਕੂਲ ਭੇਜਣੋ ਨਾਂਹ ਕਰ ਦਿੱਤੀ। ਦੂਜੇ ਪਾਸੇ ਸਕੂਲ ਨੇ ਉਸ ਦੀ ਬੁੱਧੀਮਾਨੀ ਨੂੰ ਦੇਖਦੇ ਹੋਏ ਉਸ ਨੂੰ ਕਿਸੇ ਹੋਰ ਸਕੂਲ ਭੇਜਣ ਤੋਂ ਇਨਕਾਰ ਕਰ ਦਿੱਤਾ। ਲੰਮੀ ਵਿਚਾਰ ਚਰਚਾ ਤੋਂ ਸਿੱਟਾ ਇਹ ਨਿਕਲਿਆ ਕਿ ਬੱਚਿਆਂ ਦਾ ਕੋਈ ਆਪਸੀ ਵੈਰ-ਵਿਰੋਧ ਨਹੀਂ ਹੈ ਸਿਰਫ਼ ਵਿਚਾਰਾਂ ਤੇ ਸੱਭਿਆਚਾਰ ਦਾ ਫ਼ਰਕ ਜਾਂ ਟਕਰਾਅ ਹੈ। ਪੰਜਾਬੀ-ਭਾਰਤੀ ਵਿਰਸਾ,ਰੰਗ-ਰੂਪ, ਕੱਦ-ਬੁੱਤ‌ਤੇ ਵਰਤਾਰਾ ਸਾਡੇ ਵਿੱਚ ਜੱਦੀ ਪੁਸ਼ਤੀ ਗੁਣ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ‌ਹਨ। ਸਾਡੀ‌ ਬੱਚੀ ਦੇ ਇਹ ਗੁਣ ਹੀ ਜਮਾਤਣਾਂ ਨਾਲ ਪਏ ਪਾੜੇ ਦਾ ਕਾਰਨ ਬਣ ਗਏ। ਭਾਵੇਂ ਹੋਰ ਮੁਲਕਾਂ ਤੋਂ ਆਏ ਵਿਦਿਆਰਥੀ ਵੀ ਇਸ ਸਕੂਲ ਵਿੱਚ ਪੜ੍ਹਦੇ ਹਨ, ਪਰ ਉਹ ਸਿਰਫ਼ ਰੰਗ ਨਸਲ ਦਾ ਫ਼ਰਕ ਹੈ ‘ਗੁਣਾਂ’ ਦਾ ਨਹੀਂ। ਸਾਡੀ ਬੱਚੀ ਉਸ‌‌ਸਮੇਂ ਬਹੁਤ ਮਾਨਸਿਕ ਪੀੜਾ ’ਚੋਂ‌ ਗੁਜ਼ਰੀ ਜਦੋਂ ਉਸ ਦੀ ਇੱਕੋ ਇੱਕ ਸਹੇਲੀ ਵੀ ਉਸ ਦਾ‌ਸਾਥ‌ ਛੱਡ ਗਈ। ਹੁਣ ਸਾਡੀ ਬੱਚੀ ਦੀ ਹਾਲਤ ਟਹਿਣੀਓਂ ਟੁੱਟੇ ਫੁੱਲ ਵਰਗੀ ਹੋ ਗਈ।

ਸਕੂਲ ਦੇ ਸਟਾਫ਼ ਵੱਲੋਂ ਬੱਚੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਦਫ਼ਤਰ ਬੈਠੇ ਵੀ ਉਹ ਕੈਮਰੇ ਵਿੱਚੋਂ ਬੱਚੀ ਦਾ‌ ਧਿਆਨ ਰੱਖਦੇ ਹਨ, ਪਰ ਉਹ ਨਾ ਸਾਡੀ‌ਬੱਚੀ ਦੀ ਮਾਨਸਿਕਤਾ ਬਦਲਣ ਵਿੱਚ ਕਾਮਯਾਬ ਹੋ ਰਹੇ ਹਨ ਨਾ ਦੂਜੀਆਂ ਕੁੜੀਆਂ ਦੀ। ਉੱਧਰ ਪੈਦਾ ਹੋਈ ਜਿਸ ਨਵੀਂ ਪੀੜ੍ਹੀ ਦੇ ਬੱਚੇ ਨੇ ਇਹ ‘ਗੋਰਾ ਕਲਚਰ’ ਅਪਣਾ‌ ਲਿਆ ਉਨ੍ਹਾਂ ਨੂੰ ਇਹ ਮੁਸ਼ਕਿਲ ਨਹੀਂ ਆਈ, ਪਰ ਜਿਹੜੇ ਬੱਚੇ ਆਪਣੀਆਂ ਜੜ੍ਹਾਂ ਨਾਲ ਜੁੜੇ ਹਨ, ਉਹ ਅਜਿਹੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਮਾਪੇ ਦੋਵੇਂ ਸਥਿਤੀਆਂ ਵਿੱਚ ਦੁਖੀ ਹਨ। ਉਹ ਆਪਣੇ ਬੱਚਿਆਂ ਵੱਲੋਂ ਪੂਰੀ ਤਰ੍ਹਾਂ ਅਪਣਾਏ ‘ਗੋਰਾ ਕਲਚਰ’ ਤੋਂ ਵੀ ਖੁਸ਼ ਨਹੀਂ ਹਨ ਅਤੇ ਜੇਕਰ ਬੱਚੇ ਇਸ ਤੋਂ ਦੂਰ ਰਹਿੰਦੇ ਹੋਏ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ ਤਾਂ ਬੱਚਿਆਂ ਨੂੰ ਇਸ ਕਾਰਨ ਆਉਂਦੀਆਂ ਪਰੇਸ਼ਾਨੀਆਂ ਦੇਖ ਕੇ ਵੀ ਮਾਪੇ ਦੁਖੀ ਹਨ ਜਿਵੇਂ ਕਿ ਸਾਡੇ ਧੀ-ਜਵਾਈ ਹਨ।

ਪਰਵਾਸ ਦਾ ਇਹ ਬਹੁਤ ਗੰਭੀਰ ਮਸਲਾ ਹੈ ਜਿਹੜਾ ਸੰਵੇਦਨਸ਼ੀਲ ਮਾਨਸਿਕਤਾ ਵਾਲੇ ਮਾਪਿਆਂ ਤੇ ਬੱਚਿਆਂ ਨੂੰ ਮਾਨਸਿਕ ਰੋਗੀ ਬਣਾ ਸਕਦਾ ਹੈ। ਫ਼ਿਕਰ ਵਾਲੀ ਗੱਲ ਹੈ ਕਿ ਸਾਡੀ ਬੱਚੀ ਕਈ ਵਾਰ‌ਇਸ ਵਿਤਕਰੇ ਕਾਰਨ ਪੂਰੀ ਰਾਤ ਨਹੀਂ ਸੌਂਦੀ। ਅਸੀਂ ਤਾਂ ਸਾਰਾ ਪਰਿਵਾਰ ਇਸ ਮਸਲੇ ਨੂੰ ਹੱਲ ਕਰਨ ਲਈ ਯਤਨਸ਼ੀਲ ਰਹਿੰਦੇ ਹਾਂ, ਪਰ ਜਿਨ੍ਹਾਂ ਮਾਪਿਆਂ ਕੋਲ ਨਾ ਐਨਾ ਸਮਾਂ ਹੈ ਤੇ ਨਾ ਡੂੰਘੀ ਸੋਚ ਉਨ੍ਹਾਂ ਬੱਚਿਆਂ ਦਾ ਭਵਿੱਖ ਕੀ ਹੋਵੇਗਾ? ਯਕੀਨਨ ਬੱਚੇ ਮਾਨਸਿਕ ਰੋਗੀ ਹੋ‌ਜਾਣਗੇ। ਹੋਰ ਮਸਲੇ ਸਰਕਾਰਾਂ ਨਜਿੱੱਠ ਸਕਦੀਆਂ ਹਨ, ਪਰ ਇਹ ਮਸਲਾ ਤਾਂ ਬੱਚਿਆਂ ਤੇ ਮਾਪਿਆਂ ਨੂੰ ਅਧਿਆਪਕਾਂ ਦੇ‌ ਸਹਿਯੋਗ ਤੇ ਆਪਣੀ ਸਿਆਣਪ ਨਾਲ ਹੀ ਨਜਿੱਠਣਾ ਪਵੇਗਾ।

ਸਕੂਲੋਂ ਆਉਂਦੇ ਬੱਚੀ ਦੇ ਹੰਝੂਆਂ ਭਰੀ ਆਵਾਜ਼ ਵਾਲੇ ਫੋਨ ਤੇ ਛੋਟੀ ਉਮਰੇ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰਨ ਦੇ ਬਾਵਜੂਦ ਉਸ ਦਾ ਓਦਰਿਆ ਜਿਹਾ ਚਿਹਰਾ ਮੈਨੂੰ ਕਦੇ ਨਹੀਂ ਭੁੱਲਦਾ। ਜਦੋਂ ਉਹ ਛੁੱਟੀ ਤੋਂ ਬਾਅਦ ਘਰ ਆਉਂਦੀ ਹੈ ਤਾਂ ਨੌਕਰੀ ’ਤੇ ਗਈ ਮਾਂ ਨੂੰ ਆਉਣ ਸਾਰ‌ਆਪਣੇ ਨਾਲ ਹੋਈ ਬੀਤੀ ਦੱਸਣ ਲਈ ਫੋਨ ਕਰਦੀ ਹੈ ਤਾਂ ਮੈਨੂੰ ‌ਜਾਪਦਾ ਹੈ ਜਿਵੇਂ ਉਹ ਕਹਿੰਦੀ ਹੋਵੇ :

ਮਾਏ ਨੀਂ ਮੈਂ ਕੀਹਨੂੰ ਆਖਾਂ

ਦਰਦ ਵਿਛੋੜੇ ਦਾ ਹਾਲ…

ਮੈਨੂੰ ਜਾਪਦਾ ਹੈ ਇਹ ਦਰਦ ਅਸਲ ਵਿੱਚ ਆਪਣੇ ਮੂਲ ਦੇ‌ ਵਿਛੋੜੇ ਕਾਰਨ ਸਾਡੇ ਪੱਲੇ ਪਏ ਹਨ।

ਪਰਮਜੀਤ ਕੌਰ ਸਰਹਿੰਦ   ਸੰਪਰਕ: 98728-98599

1 Comment

  • Hakam Khahra
    Posted February 20, 2024 at 8:49 am

    Keep away children from religions.

Leave a Reply to Hakam Khahra Cancel reply

Facebook
YouTube
YouTube
Pinterest
Pinterest
fb-share-icon
Telegram