ਸਭ ਕੁੱਝ ਵਿੱਚੋਂ ਰਹਿ ਜਾਏਗਾ ਬਸ ਇਹੋ ਬਚਿਆ
ਉਹਨਾਂ ਹੈ ਜ਼ਿੰਦਗੀ ਜੀਵੀ ਤੇ ਆਪਣਾ ਪਾਸਾ ਸੁੱਟਿਆ
ਬਹੁਤ ਕੁੱਝ ਖੇਡ ਵਿੱਚ ਜਾਏਗਾ ਜਿੱਤਿਆ
ਪਰ ਦਾਅ ‘ਤੇ ਲੱਗਿਆ ਸੋਨਾ ਤਾਂ ਹੈ ਹਾਰਿਆ ਜਾ ਚੁੱਕਿਆ।”
ਉਹ ਦਰਦ ਨਾਲ਼ ਲੰਗੜਾਉਂਦੇ ਹੋਏ ਕੰਢਿਓਂ ਉੱਤਰੇ ਤੇ ਅੱਗੇ ਤੁਰ ਰਿਹਾ ਬੰਦਾ ਰੁੱਖੜੇ ਪੱਥਰਾਂ ਵਿੱਚ ਇੱਕ ਵਾਰ ਲੜਖੜਾ ਗਿਆ। ਉਹ ਥੱਕੇ ਹੋਏ ਤੇ ਕਮਜ਼ੋਰ ਸਨ ਅਤੇ ਉਨ੍ਹਾਂ ਦੇ ਚਿਹਰਿਆਂ ਉੱਤੇ ਸਬਰ ਦਾ ਉਹ ਭਾਵ ਸੀ ਜੋ ਲੰਮੇ ਸਮੇਂ ਤੱਕ ਔਕੜਾਂ ਦਾ ਸਾਹਮਣਾ ਕਰਨ ਨਾਲ਼ ਆ ਜਾਂਦਾ ਹੈ। ਉਨ੍ਹਾਂ ਦੇ ਮੋਢਿਆਂ ਉੱਤੇ ਭਾਰੀ ਪਿੱਠੂ ਅਤੇ ਲਪੇਟੇ ਹੋਏ ਕੰਬਲ਼ ਲੱਦੇ ਹੋਏ ਸਨ। ਉਨ੍ਹਾਂ ਦੇ ਮੱਥੇ ਉੱਤੋਂ ਲੰਘਦਾ ਪਿੱਠੂ ਦਾ ਚੌੜਾ ਪਟਾ ਉਹਨਾਂ ਨੂੰ ਸਹਾਰਾ ਦੇ ਰਿਹਾ ਸੀ। ਦੋਵਾਂ ਕੋਲ਼ ਇੱਕ-ਇੱਕ ਰਾਇਫਲ ਸੀ। ਉਹ ਝੁਕੇ ਹੋਏ ਚੱਲ ਰਹੇ ਸਨ; ਮੋਢੇ ਅੱਗੇ ਨੂੰ ਨਿੱਕਲ਼ੇ ਅਤੇ ਸਿਰ ਹੋਰ ਵੀ ਅੱਗੇ ਵਧਿਆ ਹੋਇਆ, ਅੱਖਾਂ ਜ਼ਮੀਨ ਉੱਤੇ ਗੱਡੀਆਂ ਹੋਈਆਂ।
“ਕਾਸ਼ ਸਾਡੇ ਕੋਲ਼ ਉਨ੍ਹਾਂ ਵਿੱਚੋਂ ਬੱਸ ਦੋ ਹੀ ਕਾਰਤੂਸ ਹੁੰਦੇ ਜੋ ਸਾਡੇ ਉਸ ਭੰਡਾਰ ਵਿੱਚ ਪਏ ਹੋਏ ਹਨ,” ਦੂਜੇ ਬੰਦੇ ਨੇ ਕਿਹਾ।
ਉਸਦੀ ਅਵਾਜ਼ ਬਿਲਕੁਲ ਭਾਵਹੀਣ ਅਤੇ ਨੀਰਸ ਸੀ। ਉਸਦੀ ਗੱਲ ਵਿੱਚ ਕੋਈ ਉਤਸ਼ਾਹ ਨਹੀਂ ਸੀ ਅਤੇ ਚੱਟਾਨਾਂ ਉੱਪਰੋਂ ਵਗਦੇ ਫੇਨਿਲ ਦੁਧੀਆ ਵਹਿਣ ਵਿੱਚ ਲੰਗੜਾਉਂਦਿਆਂ ਤੁਰਦੇ ਹੋਏ ਪਹਿਲੇ ਜਣੇ ਨੇ ਕੋਈ ਜਵਾਬ ਨਾ ਦਿੱਤਾ।
ਦੂਜਾ ਜਣਾ ਉਸਦੇ ਪਿੱਛੇ-ਪਿੱਛੇ ਚੱਲਦਾ ਰਿਹਾ। ਉਨ੍ਹਾਂ ਨੇ ਆਪਣੇ ਬੂਟ ਲਾਹੇ ਨਹੀਂ ਸਨ, ਭਾਵੇਂ ਪਾਣੀ ਬਰਫ ਜਿਹਾ ਠੰਡਾ ਸੀ, ਇੰਨਾ ਠੰਡਾ ਕਿ ਉਨ੍ਹਾਂ ਦੇ ਗਿੱਟੇ ਦੁਖਣ ਲੱਗੇ ਅਤੇ ਉਨ੍ਹਾਂ ਦੇ ਪੈਰ ਸੁੰਨ ਹੋ ਗਏ। ਕਿਤੇ-ਕਿਤੇ ਪਾਣੀ ਉਨ੍ਹਾਂ ਦੇ ਗੋਡਿਆਂ ਨਾਲ਼ ਟਕਰਾਉਂਦਾ ਸੀ ਅਤੇ ਦੋਵਾਂ ਨੂੰ ਲੜਖੜਾਉਂਦੇ ਹੋਏ ਆਪਣੇ ਪੈਰ ਠੀਕ ਤਰ੍ਹਾਂ ਟਿਕਾਉਂਣੇ ਪੈਂਦੇ ਸਨ।
ਪਿੱਛੇ ਚੱਲ ਰਿਹਾ ਬੰਦ ਇੱਕ ਮੁਲਾਇਮ ਪੱਥਰ ‘ਤੇ ਤਿਲਕ ਕੇ ਲਗਭਗ ਡਿੱਗ ਪਿਆ; ਉਸਨੇ ਪੂਰਾ ਜ਼ੋਰ ਲਾ ਕੇ ਆਪਣੇ-ਆਪ ਨੂੰ ਸੰਭਾਲ਼ਿਆ, ਪਰ ਉਸਦੇ ਮੂੰਹੋਂ ਦਰਦ ਦੀ ਤੇਜ਼ ਚੀਖ ਨਿੱਕਲ਼ ਪਈ। ਉਸਨੂੰ ਚੱਕਰ ਜਿਹਾ ਆ ਗਿਆ ਅਤੇ ਘੁੰਮਦੇ ਹੋਏ ਉਸਨੇ ਆਪਣਾ ਖਾਲੀ ਹੱਥ ਅੱਗੇ ਵਧਾਇਆ – ਜਿਵੇਂ ਹਵਾ ਨੂੰ ਥੰਮਣਾ ਚਾਹ ਰਿਹਾ ਹੋਵੇ। ਸੰਭਲਣ ਮਗਰੋਂ ਉਸਨੇ ਅੱਗੇ ਕਦਮ ਵਧਾਇਆ, ਪਰ ਇੱਕ ਵਾਰ ਫਿਰ ਲੜਖੜਾ ਕੇ ਲਗਭਗ ਡਿੱਗ ਪਿਆ। ਫਿਰ ਉਹ ਅਡੋਲ ਖੜਾ ਹੋ ਕੇ ਅੱਗੇ ਵਾਲ਼ੇ ਨੂੰ ਦੇਖਣ ਲੱਗਾ, ਜਿਸਨੇ ਇੱਕ ਵਾਰ ਵੀ ਸਿਰ ਨਹੀਂ ਘੁੰਮਾਇਆ ਸੀ।
ਆਦਮੀ ਪੂਰੇ ਇੱਕ ਮਿੰਟ ਤੱਕ ਚੁੱਪਚਾਪ ਖੜਾ ਰਿਹਾ, ਜਿਵੇਂ ਦੁਚਿੱਤੀ ਵਿੱਚ ਹੋਵੇ। ਫਿਰ ਉਸਨੇ ਪੁਕਾਰਿਆ।
“ਸੁਣੀਂ, ਬਿਲ, ਮੇਰੇ ਗਿੱਟੇ ਵਿੱਚ ਮੋਚ ਆ ਗਈ ਹੈ।”
ਬਿਲ ਦੁਧੀਆ ਪਾਣੀ ਵਿੱਚੋਂ ਹੋ ਕੇ ਲੜਖੜਾਉਂਦਾ ਹੋਇਆ ਵਧਦਾ ਗਿਆ। ਉਸਨੇ ਮੁੜ ਕੇ ਨਾ ਵੇਖਿਆ। ਪਹਿਲਾ ਆਦਮੀ ਉਸਨੂੰ ਜਾਂਦੇ ਹੋਏ ਵੇਖਦਾ ਰਿਹਾ। ਭਾਵੇਂ ਉਸਦਾ ਚਿਹਰਾ ਹੁਣ ਵੀ ਪਹਿਲਾਂ ਦੀ ਤਰ੍ਹਾਂ ਭਾਵਹੀਣ ਸੀ, ਪਰ ਉਸਦੀਆਂ ਅੱਖਾਂ ਜਖ਼ਮੀ ਮਿਰਗ ਜਿਹੀਆਂ ਹੋ ਗਈਆਂ ਸਨ।
ਦੂਜਾ ਆਦਮੀ ਲੰਗੜਾਉਂਦਿਆਂ ਦੂਜੇ ਕਿਨਾਰੇ ਦੇ ਤਟ ਉੱਤੇ ਚੜ੍ਹਿਆ ਅਤੇ ਪਿੱਛੇ ਵੇਖੇ ਬਿਨਾਂ ਸਿੱਧਾ ਚੱਲਦਾ ਗਿਆ। ਵਹਿਣ ਵਿੱਚ ਖੜਾ ਆਦਮੀ ਉਸਨੂੰ ਵੇਖ ਰਿਹਾ ਸੀ। ਉਸਦੇ ਬੁੱਲ੍ਹ ਹਲਕੇ ਜਿਹੇ ਕੰਬੇ, ਜਿਸ ਨਾਲ਼ ਉਸਦੇ ਢਕੇ ਹੋਏ ਭੂਰੇ ਵਾਲ਼ਾਂ ਦੇ ਗੁੱਛੇ ਵਿੱਚ ਹਲਚਲ ਸਾਫ਼ ਵਿਖਾਈ ਦਿੱਤੀ। ਉਸਨੇ ਮੁੱਛਾਂ ਉੱਤੇ ਜੀਭ ਫੇਰੀ।
“ਬਿਲ!” ਉਸਨੇ ਫਿਰ ‘ਵਾਜ਼ ਮਾਰੀ। ਇਹ ਇੱਕ ਮੁਸੀਬਤ ‘ਚ ਫਾਥੇ ਮਨੁੱਖ ਦੀ ਮਦਦ ਲਈ ਗੁਹਾਰ ਸੀ, ਪਰ ਬਿਲ ਦੀ ਗਰਦਨ ਨਾਂ ਘੁੰਮੀ। ਆਦਮੀ ਉਸਨੂੰ ਜਾਂਦਿਆਂ ਵੇਖਦਾ ਰਿਹਾ। ਉਹ ਭਿਆਨਕ ਢੰਗ ਨਾਲ਼ ਲੰਗੜਾਉਂਦਾ ਤੇ ਅੱਗੇ ਵੱਲ ਨੂੰ ਝੁਕਿਆ ਹੋਇਆ ਨੀਵੀਂ ਪਹਾੜੀ ਦੇ ਹਲਕੇ ਉਭਾਰ ਉੱਤੇ ਤੁਰਿਆ ਜਾ ਰਿਹਾ ਸੀ। ਉਹ ਉਸਨੂੰ ਜਾਂਦੇ ਹੋਏ ਵੇਖਦਾ ਰਿਹਾ, ਜਦੋਂ ਤੱਕ ਕਿ ਉਹ ਉਭਾਰ ਦੇ ਦੂਜੇ ਪਾਸੇ ਪੁੱਜ ਕੇ ਅੱਖੋਂ ਓਝਲ਼ ਨਹੀਂ ਹੋ ਗਿਆ। ਫਿਰ ਉਸਨੇ ਨਜ਼ਰ ਘੁਮਾਈ ਅਤੇ ਹੌਲ਼ੀ-ਹੌਲ਼ੀ ਆਪਣੇ ਚਾਰੇ ਪਾਸੇ ਦੀ ਉਸ ਦੁਨੀਆ ਨੂੰ ਵੇਖਿਆ ਜਿਸ ਵਿੱਚ ਬਿਲ ਉਸਨੂੰ ਇਕੱਲਾ ਛੱਡ ਗਿਆ ਸੀ।
ਦੁਮੇਲ਼ ਕੋਲ਼ ਸੂਰਜ ਦਾ ਸੁਲ਼ਗਦਾ ਗੋਲ਼ਾ ਧੁੰਦ ਅਤੇ ਭਾਫ ਵਿੱਚੋਂ ਧੁੰਦਲਾ ਜਿਹਾ ਵਿਖਾਈ ਦੇ ਰਿਹਾ ਸੀ। ਆਦਮੀ ਨੇ ਇੱਕ ਲੱਤ ਉੱਤੇ ਭਾਰ ਦੇਕੇ ਖਲ੍ਹੋਂਦਿਆਂ ਜੇਬ ‘ਚੋਂ ਘੜੀ ਕੱਢੀ। ਚਾਰ ਵੱਜ ਰਹੇ ਸਨ, ਬੇਸ਼ੱਕ ਜੁਲਾਈ ਦਾ ਆਖ਼ਰੀ ਜਾਂ ਅਗਸਤ ਦਾ ਪਹਿਲਾ ਦਿਨ ਸੀ — ਉਸਨੂੰ ਮਿਤੀ ਸਹੀ-ਸਹੀ ਨਹੀਂ ਪਤਾ ਸੀ — ਇਸ ਤੋਂ ਉਸਨੇ ਅੰਦਾਜ਼ਾ ਲਾਇਆ ਕਿ ਸੂਰਜ ਲਗਭਗ ਉੱਤਰ-ਪੱਛਮ ਵਿੱਚ ਸੀ। ਉਸਨੇ ਦੱਖਣ ਵੱਲ ਵੇਖਿਆ। ਉਸਨੂੰ ਪਤਾ ਸੀ ਕਿ ਉਨ੍ਹਾਂ ਧੁੰਦਲ਼ੀਆਂ ਪਹਾੜੀਆਂ ਦੇ ਪਾਰ ਕਿਤੇ ਗ੍ਰੇਟ ਬੀਅਰ ਝੀਲ਼ ਹੈ। ਉਸਨੂੰ ਇਹ ਵੀ ਪਤਾ ਸੀ ਕਿ ਉਸ ਦਿਸ਼ਾ ਵਿੱਚ ਕਨੇਡੀਅਨ ਬੈਰਨ ਦੇ ਉਜਾੜ ਵਿਸਥਾਰ ਨੂੰ ਵਿਚਾਲ਼ਿਓਂ ਚੀਰਦਾ ਆਰਕਟਿਕ ਸਾਗਰ ਲੰਘਦਾ ਹੈ। ਜਿਸ ਵਹਿਣ ਵਿੱਚ ਉਹ ਖੜਾ ਸੀ, ਉਹ ਕਾਪਰਮਾਇਨ ਨਦੀ ਵਿੱਚ ਜਾਕੇ ਮਿਲ਼ਦਾ ਸੀ, ਜੋ ਉੱਤਰ ਵੱਲ ਰੁੜ੍ਹਕੇ ਕੋਰੋਨੇਸ਼ਨ ਖਾੜੀ ਅਤੇ ਆਰਕਟਿਕ ਸਾਗਰ ਵਿੱਚ ਡਿੱਗਦੀ ਸੀ। ਉਹ ਕਦੇ ਉੱਥੇ ਨਹੀਂ ਸੀ ਗਿਆ, ਪਰ ਉਸਨੇ ਇੱਕ ਵਾਰ ਹਡਸਨ ਬੇ ਕੰਪਨੀ ਦੇ ਚਾਰਟ ਉੱਤੇ ਇਸਨੂੰ ਵੇਖਿਆ ਸੀ।
ਇੱਕ ਵਾਰ ਫਿਰ ਉਸਨੇ ਆਪਣੇ ਆਲ਼ੇ-ਦੁਆਲ਼ੇ ਨਜ਼ਰ ਫੇਰੀ। ਇਹ ਕੋਈ ਉਤਸ਼ਾਹਜਨਕ ਦ੍ਰਿਸ਼ ਨਹੀਂ ਸੀ। ਹਰ ਪਾਸੇ ਦੁਮੇਲ਼ ਧੁੰਦਲ਼ਾ ਜਿਹਾ ਸੀ। ਸਭ ਪਹਾੜੀਆਂ ਨੀਵੀਆਂ ਸਨ। ਕਿਤੇ ਕੋਈ ਦਰੱਖ਼ਤ ਨਹੀਂ ਸੀ, ਨਾ ਕੋਈ ਝਾੜੀ, ਨਾ ਘਾਹ, ਕੁੱਝ ਨਹੀਂ, ਬਸ ਇੱਕ ਜ਼ਬਰਦਸਤ ਅਤੇ ਭਿਆਨਕ ਸੁੰਨ੍ਹਾਪਣ ਜੋ ਉਸਦੀਆਂ ਅੱਖਾਂ ਵਿੱਚ ਡਰ ਭਰਦਾ ਜਾ ਰਿਹਾ ਸੀ।
“ਬਿਲ!” ਉਹ ਬੁੜਬੁੜਾਇਆ, ਪਹਿਲਾਂ ਇੱਕ ਵਾਰ, ਫਿਰ ਦੁਬਾਰਾ, “ਬਿਲ!”
ਉਹ ਦੁਧੀਆ ਪਾਣੀ ਵਿੱਚ ਇੰਝ ਡਰਿਆ ਖੜਾ ਸੀ ਜਿਵੇਂ ਦ੍ਰਿਸ਼ ਦੀ ਵਿਸ਼ਾਲਤਾ ਉਸਨੂੰ ਅਥਾਹ ਤਾਕਤ ਨਾਲ਼ ਦਬਾ ਰਹੀ ਹੋਵੇ, ਆਪਣੀ ਭਿਆਨਕਤਾ ਨਾਲ਼ ਉਸਨੂੰ ਬੁਰੀ ਤਰ੍ਹਾਂ ਕੁਚਲ ਰਹੀ ਹੋਵੇ। ਉਹ ਠਾਰੇ ਦੇ ਦੌਰੇ ਵਾਂਗ ਕੰਬਣ ਲੱਗਾ ਅਤੇ ਛਪਾਕ ਦੀ ਅਵਾਜ਼ ਨਾਲ਼ ਬੰਦੂਕ ਉਸਦੇ ਹੱਥੋਂ ਡਿੱਗ ਪਈ। ਇਸ ਤੋਂ ਉਹ ਚੌਂਕ ਗਿਆ। ਉਸਨੇ ਆਪਣੇ ਦਿਲੋਂ ਡਰ ਦੂਰ ਕੀਤਾ ਅਤੇ ਆਪਣੇ-ਆਪ ਨੂੰ ਸੰਭਾਲ਼ ਕੇ ਪਾਣੀ ਵਿੱਚ ਲੱਭਦਿਆਂ ਹਥਿਆਰ ਬਾਹਰ ਕੱਢ ਲਿਆ। ਉਸਨੇ ਆਪਣਾ ਪਿੱਠੂ ਖੱਬੇ ਪਾਸੇ ਮੋਢੇ ਉੱਤੇ ਹੋਰ ਉੱਪਰ ਚੜ੍ਹਾ ਲਿਆ ਤਾਂ ਜੋ ਜਖ਼ਮੀ ਗਿੱਟੇ ਉੱਤੇ ਉਸਦਾ ਭਾਰ ਕੁੱਝ ਘਟ ਸਕੇ। ਫਿਰ ਉਹ ਹੌਲ਼ੀ-ਹੌਲ਼ੀ ਤੇ ਸਾਵਧਾਨੀ ਨਾਲ਼ ਕਿਨਾਰੇ ਵੱਲ਼ ਤੁਰ ਪਿਆ। ਹਰ ਕਦਮ ‘ਤੇ ਦਰਦ ਦੀ ਲਹਿਰ ਉਸਦੇ ਪੈਰਾਂ ਤੋਂ ਹੁੰਦਿਆਂ ਪੂਰੇ ਸਰੀਰ ਵਿੱਚ ਦੌੜ ਜਾਂਦੀ ਸੀ।
ਉਹ ਰੁਕਿਆ ਨਾ। ਪਾਗਲ਼ਪਨ ਦੀ ਹੱਦ ਤੱਕ ਪਹੁੰਚੀ ਬਦਹਵਾਸੀ ਨਾਲ਼ ਦਰਦ ‘ਤੇ ਧਿਆਨ ਦਿੱਤੇ ਬਿਨਾਂ, ਉਹ ਹੜਬੜਾਉਂਦਾ ਹੋਇਆ ਉਸ ਪਹਾੜੀ ਉੱਤੇ ਚੜ੍ਹ ਗਿਆ ਜਿਸਦੇ ਦੂਜੇ ਪਾਸੇ ਉਸਦਾ ਸਾਥੀ ਗੁੰਮ ਹੋ ਗਿਆ ਸੀ। ਉਹ ਲੰਗੜਾਉਂਦਾ ਅਤੇ ਲੱਤਾਂ ਘੜੀਸਦਾ ਆਪਣੇ ਸਾਥੀ ਨਾਲ਼ੋਂ ਵੀ ਜ਼ਿਆਦਾ ਭੱਦਾ ਅਤੇ ਹਾਸੋਹੀਣਾ ਲੱਗ ਰਿਹਾ ਸੀ। ਉੱਤੇ ਪੁੱਜ ਕੇ ਉਸਨੇ ਇੱਕ ਜੀਵਨ ਤੋਂ ਸੱਖਣੀ, ਉਜਾੜ ਘਾਟੀ ਵੇਖੀ। ਉਸਨੇ ਇੱਕ ਵਾਰ ਫਿਰ ਆਪਣੇ ਡਰ ਉੱਤੇ ਕਾਬੂ ਪਾਇਆ, ਪਿੱਠੂ ਨੂੰ ਖੱਬੇ ਪਾਸੇ ਮੋਢੇ ‘ਤੇ ਹੋਰ ਉੱਪਰ ਚੜ੍ਹਾਇਆ ਅਤੇ ਇੱਕ ਪਾਸੇ ਨੂੰ ਝੁਕਿਆ ਢਲ਼ਾਣ ਤੋਂ ਹੇਠਾਂ ਉੱਤਰਨ ਲੱਗਾ।
ਘਾਟੀ ਦਾ ਤਲ ਬਿਲਕੁਲ ਗਿੱਲਾ ਸੀ। ਸੰਘਣੀ, ਮੋਟੀ ਕਾਈ ਪਾਣੀ ਨੂੰ ਸਪੰਜ ਵਾਂਗ ਸਤ੍ਹਾ ਦੇ ਕਰੀਬ ਰੱਖਦੀ ਸੀ। ਹਰ ਕਦਮ ‘ਤੇ ਉਸਦੇ ਪੈਰਾਂ ਹੇਠੋਂ ਪਾਣੀ ਛਲਕ ਨਿੱਕਲ਼ਦਾ ਸੀ ਅਤੇ ਹਰ ਵਾਰ ਜਦੋਂ ਉਹ ਪੈਰ ਚੁੱਕਦਾ ਸੀ ਤਾਂ ਕਾਈ ਨਾਲ਼ ‘ਸਕਕ’ ਦੀ ਅਵਾਜ਼ ਹੁੰਦੀ ਸੀ। ਉਹ ਕਾਈ ਦੇ ਸਮੁੰਦਰ ਵਿੱਚ ਛੋਟੇ-ਛੋਟੇ ਟਾਪੂਆਂ ਵਾਂਗ ਉੱਭਰੀਆਂ ਚੱਟਾਨਾਂ ਉੱਤੇ ਪੈਰ ਰੱਖਦਿਆਂ ਪਹਿਲੇ ਆਦਮੀ ਦੇ ਪੈਰਾਂ ਦੇ ਨਿਸ਼ਾਨਾਂ ਉੱਤੇ ਚੱਲ ਰਿਹਾ ਸੀ।
ਉਹ ਇਕੱਲਾ ਸੀ, ਪਰ ਗਵਾਚਾ ਨਹੀਂ ਸੀ। ਉਸਨੂੰ ਪਤਾ ਸੀ ਕਿ ਹੋਰ ਅੱਗੇ ਉਹ ਇੱਕ ਅਜਿਹੀ ਜਗ੍ਹਾ ਪਹੁੰਚੇਗਾ ਜਿੱਥੇ ਛੋਟੇ-ਛੋਟੇ ਸੁੱਕੇ ਫਰ ਰੁੱਖਾਂ ਨਾਲ਼ ਘਿਰੀ ਇੱਕ ਛੋਟੀ ਜਿਹੀ ਝੀਲ਼ ‘ਤੀਤਵਿਨ ਨਿਚੀਲੀ’ ਸੀ, ਉਸ ਇਲਾਕੇ ਦੀ ਜ਼ੁਬਾਨ ਵਿੱਚ ਜਿਸਦਾ ਮਤਲਬ ਸੀ “ਨਿੱਕੀਆਂ ਸੋਟੀਆਂ ਦੀ ਧਰਤੀ।” ਉਸ ਝੀਲ ਵਿੱਚ ਇੱਕ ਛੋਟੀ ਜਿਹੀ ਨਦੀ ਰੁੜ੍ਹਕੇ ਆਉਂਦੀ ਸੀ, ਜਿਸਦਾ ਪਾਣੀ ਦੁਧੀਆ ਨਹੀਂ ਸੀ। ਉਸ ਨਦੀ ਦੇ ਕੰਡੇ ਉੱਚਾ ਘਾਹ ਸੀ — ਇਹ ਉਸਨੂੰ ਚੰਗੀ ਤਰ੍ਹਾਂ ਯਾਦ ਸੀ — ਪਰ ਦਰੱਖ਼ਤ ਨਹੀਂ ਸਨ। ਉਹ ਇਸ ਨਦੀ ਦੇ ਨਾਲ਼-ਨਾਲ਼ ਉੱਥੇ ਤੱਕ ਜਾਵੇਗਾ ਜਿੱਥੇ ਇਹ ਖੜੀ ਚੱਟਾਨ ਤੱਕ ਪੁੱਜ ਕੇ ਖਤਮ ਹੋ ਜਾਂਦੀ ਹੈ। ਉਹ ਇਸ ਚੱਟਾਨ ਨੂੰ ਪਾਰ ਕਰੇਗਾ ਅਤੇ ਪੱਛਮ ਵੱਲ ਰੁੜ੍ਹਨ ਵਾਲ਼ੀ ਦੂਜੀ ਨਦੀ ਦੇ ਨਾਲ਼-ਨਾਲ਼ ਉੱਥੇ ਤੱਕ ਜਾਵੇਗਾ ਜਿੱਥੇ ਇਹ ਡੀਜ਼ ਨਦੀ ਵਿੱਚ ਡਿੱਗਦੀ ਹੈ। ਉੱਥੇ ਉਸਨੂੰ ਕਈ ਚੱਟਾਨਾਂ ਨਾਲ਼ ਢਕੀ ਇੱਕ ਮੂਧੀ ਕਿਸ਼ਤੀ ਹੇਠਾਂ ਲੁਕਿਆ ਆਪਣਾ ਗੁਪਤ ਭੰਡਾਰ ਮਿਲ਼ੇਗਾ। ਇਸ ਭੰਡਾਰ ਵਿੱਚ ਹਨ ਉਸਦੀ ਖਾਲੀ ਬੰਦੂਕ ਲਈ ਗੋਲ਼ੀਆਂ, ਮੱਛੀ ਫੜਨ ਦੇ ਕੰਡੇ ਅਤੇ ਡੋਰੀ ਅਤੇ ਛੋਟਾ ਜਿਹਾ ਜਾਲ਼ – ਕੁੱਲ ਮਿਲ਼ਾ ਕੇ ਖਾਣਾ ਇਕੱਠਾ ਕਰਨ ਜੋਗਾ ਸਾਜੋ-ਸਾਮਾਨ। ਨਾਲ਼ ਹੀ, ਉਸਨੂੰ ਥੋੜ੍ਹਾ ਜਿਹਾ ਆਟਾ, ਲੂਣ ਲੱਗੇ ਸੂਰ ਦੇ ਮਾਸ ਦਾ ਇੱਕ ਟੁਕੜਾ ਅਤੇ ਕੁੱਝ ਗਿਰੀਆਂ ਵੀ ਮਿਲ਼ ਜਾਣਗੀਆਂ।
ਬਿਲ ਉੱਥੇ ਉਸਦਾ ਇੰਤਜ਼ਾਰ ਕਰ ਰਿਹਾ ਹੋਵੇਗਾ ਅਤੇ ਉਹ ਦੋਵੇਂ ਬੇੜੀ ਵਿੱਚ ਇਕੱਠੇ ਡੀਜ਼ ਦੀ ਧਾਰਾ ਨਾਲ਼ ਦੱਖਣ ਵੱਲ ਗਰੇਟ ਬੀਅਰ ਝੀਲ ਤੱਕ ਨਿੱਕਲ਼ ਜਾਣਗੇ। ਫਿਰ ਉਹ ਵਿਸ਼ਾਲ ਝੀਲ ਤੋਂ ਪਾਰ, ਦੱਖਣ ਵੱਲ ਚਲਦੇ ਜਾਣਗੇ, ਜਦੋਂ ਤੱਕ ਕਿ ਉਹ ਮੈਕੇਂਜੀ ਨਹੀਂ ਪਹੁੰਚਦੇ। ਪਾਲ਼ਾ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਉਹ ਦੱਖਣ ਵੱਲ ਹੋਰ ਅੱਗੇ ਵਧਦੇ ਜਾਣਗੇ। ਨਦੀਆਂ-ਵਹਿਣ ਸਭ ਜੰਮ ਜਾਣਗੇ ਤੇ ਦਿਨ ਠੰਡੇ ਅਤੇ ਖੁਸ਼ਕ ਹੁੰਦੇ ਜਾਣਗੇ, ਪਰ ਉਹ ਆਰਕਟਿਕ ਦੀ ਠੰਡ ਦੀ ਮਾਰ ਤੋਂ ਦੂਰ, ਹਡਸਨ ਬੇ ਕੰਪਨੀ ਦੀ ਕਿਸੇ ਗਰਮ ਚੌਂਕੀ ਉੱਤੇ ਪਹੁੰਚ ਜਾਣਗੇ, ਜਿੱਥੇ ਦਰੱਖ਼ਤ ਉੱਚੇ ਅਤੇ ਸੰਘਣੇ ਹੋਣਗੇ ਅਤੇ ਖਾਣ ਨੂੰ ਭਰਪੂਰ ਹੋਵੇਗਾ।
ਅੱਗੇ ਵਧਦੇ ਹੋਏ ਉਹ ਆਦਮੀ ਇਹੀ ਸਭ ਸੋਚ ਰਿਹਾ ਸੀ। ਪਰ ਉਹ ਆਪਣੇ ਸਰੀਰ ਨਾਲ਼ ਜਿੰਨਾ ਜ਼ੋਰ ਲਗਾ ਰਿਹਾ ਸੀ, ਓਨਾ ਹੀ ਜ਼ੋਰ ਉਸਦਾ ਦਿਮਾਗ਼ ਵੀ ਲਾ ਰਿਹਾ ਸੀ – ਇਹ ਸੋਚਣ ਵਿੱਚ ਕਿ ਬਿਲ ਉਸ ਨਾਲ਼ ਗੱਦਾਰੀ ਨਹੀਂ ਕਰ ਗਿਆ ਸੀ, ਕਿ ਬਿਲ ਉਸ ਭੰਡਾਰ ਕੋਲ਼ ਉਸਦੀ ਉਡੀਕ ਜਰੂਰ ਕਰੇਗਾ। ਉਸਨੂੰ ਅਜਿਹਾ ਸੋਚਣਾ ਹੀ ਪੈਣਾ ਸੀ, ਨਹੀਂ ਤਾਂ ਕੋਸ਼ਿਸ਼ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਅਤੇ ਉਹ ਉੱਥੇ ਹੀ ਪਿਆ-ਪਿਆ ਮਰ ਜਾਂਦਾ। ਜਦੋਂ ਸੂਰਜ ਦਾ ਧੁੰਦਲ਼ਾ ਗੋਲ਼ਾ ਉੱਤਰ-ਪੱਛਮ ਵਿੱਚ ਹੌਲ਼ੀ-ਹੌਲ਼ੀ ਡੁੱਬ ਰਿਹਾ ਸੀ ਤਦ ਤੱਕ ਉਹ ਆਉਣ ਵਾਲ਼ੀ ਠੰਡ ਤੋਂ ਪਹਿਲਾਂ ਆਪਣੇ ਅਤੇ ਬਿਲ ਦੇ ਦੱਖਣ ਵੱਲ ਰਵਾਨਾ ਹੋਣ ਦਾ ਪੂਰਾ ਰਾਹ, ਇੱਕ-ਇੱਕ ਇੰਚ, ਕਈ ਵਾਰ ਮਨ ਵਿੱਚ ਤੈਅ ਕਰ ਚੁੱਕਿਆ ਸੀ। ਉਹ ਆਪਣੇ ਗੁਪਤ ਭੰਡਾਰ ਦਾ ਖਾਣਾ ਅਤੇ ਹਡਸਨ ਬੇ ਕੰਪਨੀ ਦੀ ਚੌਂਕੀ ਦਾ ਖਾਣਾ ਕਈ ਵਾਰ ਹੜੱਪ ਕਰ ਚੁੱਕਿਆ ਸੀ। ਪਿਛਲੇ ਦੋ ਦਿਨ ਤੋਂ ਉਸਨੇ ਕੁੱਝ ਨਹੀਂ ਖਾਧਾ ਸੀ। ਉਸਤੋਂ ਪਹਿਲਾਂ ਵੀ ਕਾਫ਼ੀ ਸਮੇਂ ਤੋਂ ਉਸਨੂੰ ਰੱਜਕੇ ਖਾਣ ਨੂੰ ਨਹੀਂ ਮਿਲ਼ਿਆ ਸੀ। ਕਦੇ-ਕਦਾਈਂ ਉਹ ਰੁਕ ਕੇ ਬੇਰੰਗ ਮਸਕੇਗ ਬੇਰੀਆਂ ਚੁੱਕ ਕੇ ਮੂੰਹ ਵਿੱਚ ਰੱਖਦਾ ਅਤੇ ਉਨ੍ਹਾਂ ਨੂੰ ਚੱਬ ਕੇ ਨਿਗਲ਼ ਲੈਂਦਾ ਸੀ। ਮਸਕੇਗ ਬੇਰੀ ਦੇ ਰਸੀਲੇ ਗੁੱਦੇ ਅੰਦਰ ਇੱਕ ਛੋਟਾ ਜਿਹਾ ਬੀਜ ਹੁੰਦਾ ਹੈ। ਮੂੰਹ ਵਿੱਚ ਰੱਖਦਿਆਂ ਹੀ ਗੁੱਦਾ ਪਾਣੀ ਬਣ ਜਾਂਦਾ ਹੈ ਅਤੇ ਬੀਜ ਚੱਬਣ ਉੱਤੇ ਤਿੱਖਾ ਲਗਦਾ ਹੈ। ਉਹ ਆਦਮੀ ਜਾਣਦਾ ਸੀ ਕਿ ਬੇਰੀਆਂ ਵਿੱਚ ਜ਼ਰਾ ਵੀ ਪੋਸ਼ਣ ਨਹੀਂ ਹੈ, ਪਰ ਉਹ ਉਸ ਉਮੀਦ ਨਾਲ਼ ਉਨ੍ਹਾਂ ਨੂੰ ਚਬਾਈ ਜਾ ਰਿਹਾ ਸੀ ਜੋ ਗਿਆਨ ਤੋਂ ਵੱਡੀ ਹੁੰਦੀ ਹੈ ਅਤੇ ਤਜ਼ਰਬੇ ਨੂੰ ਝੁਠਲਾਉਂਦੀ ਹੈ।
ਨੌਂ ਵਜੇ ਉਸਦੀ ਇੱਕ ਬਾਹਰ ਨਿੱਕਲ਼ੀ ਹੋਈ ਚੱਟਾਨ ਨਾਲ਼ ਠੁੱਡ ਲੱਗੀ ਅਤੇ ਥਕਾਣ ਤੇ ਕਮਜ਼ੋਰੀ ਨਾਲ਼ ਲੜਖੜਾ ਕੇ ਉਹ ਡਿੱਗ ਪਿਆ। ਕੁੱਝ ਦੇਰ ਤੱਕ ਉਹ ਬਿਨਾਂ ਹਿੱਲੇ-ਡੁੱਲ੍ਹੇ ਖੱਬੇ ਪਾਸੇ ਭਾਰ ਪਿਆ ਰਿਹਾ। ਫਿਰ ਉਹ ਪਿੱਠੂ ਦੇ ਕਮਰਕੱਸਿਆ ਵਿੱਚੋਂ ਖਿਸਕ ਕੇ ਨਿੱਕਲ਼ ਆਇਆ ਤੇ ਕਿਸੇ ਤਰ੍ਹਾਂ ਘਿਸਰ ਕੇ ਬੈਠਣ ਦੀ ਮੁਦਰਾ ਵਿੱਚ ਆ ਗਿਆ। ਹਾਲੇ ਹਨ੍ਹੇਰਾ ਨਹੀਂ ਹੋਇਆ ਸੀ ਤੇ ਢਲ਼ਦੀ ਰਾਤ ਦੇ ਘੁਸਮੁਸੇ ਵਿੱਚ ਉਹ ਚੱਟਾਨਾਂ ਵਿੱਚ ਸੁੱਕੀ ਕਾਈ ਟਟੋਲਣ ਲੱਗਾ। ਜਦੋਂ ਇੱਕ ਢੇਰ ਕੁ ਜਿੰਨੀ ਇਕੱਠੀ ਹੋਈ ਤਾਂ ਉਸਨੇ ਅੱਗ ਬਾਲ਼ੀ — ਸੁਲ਼ਗਦੀ, ਧੂੰਆਂ ਦਿੰਦੀ ਅੱਗ — ਅਤੇ ਟੀਨ ਦੇ ਇੱਕ ਬਰਤਨ ਵਿੱਚ ਪਾਣੀ ਉੱਬਲ਼ਣਾ ਰੱਖ ਦਿੱਤਾ।
ਉਸਨੇ ਆਪਣਾ ਪਿੱਠੂ ਲਾਹਿਆ ਤੇ ਸਭ ਤੋਂ ਪਹਿਲਾਂ ਮਾਚਿਸ ਦੀਆਂ ਤੀਲੀਆਂ ਗਿਣੀਆਂ ਜੋ ਕੁੱਲ ਸਤਾਹਟ ਸਨ। ਉਸਨੇ ਪੱਕਾ ਕਰਨ ਲਈ ਉਨ੍ਹਾਂ ਨੂੰ ਤਿੰਨ ਵਾਰ ਗਿਣਿਆ। ਫਿਰ ਉਸਨੇ ਉਨ੍ਹਾਂ ਦੇ ਕਈ ਹਿੱਸੇ ਕੀਤੇ ਅਤੇ ਉਨ੍ਹਾਂ ਨੂੰ ਮੋਮੀ ਕਾਗਜ਼ ਵਿੱਚ ਲਪੇਟ ਲਿਆ। ਇੱਕ ਪੁੜੀ ਉਸਨੇ ਤੰਬਾਕੂ ਦੀ ਖਾਲੀ ਥੈਲੀ ਵਿੱਚ ਰੱਖੀ, ਇੱਕ ਆਪਣੇ ਮੁੜੇ-ਤੁੜੇ ਟੋਪ ਅੰਦਰਲੇ ਫੀਤੇ ਵਿੱਚ ਫਸਾਈ ਅਤੇ ਤੀਜੀ ਨੂੰ ਕਮੀਜ਼ ਅੰਦਰ ਪਾ ਲਿਆ। ਇਹ ਕਰ ਚੁੱਕਣ ਮਗਰੋਂ ਉਹ ਇੱਕਦਮ ਘਬਰਾ ਗਿਆ ਤੇ ਉਸਨੇ ਸਭ ਨੂੰ ਖੋਲ੍ਹ ਕੇ ਦੁਬਾਰਾ ਗਿਣਿਆ। ਉਹ ਹੁਣ ਵੀ ਸਤਾਹਟ ਸਨ।
ਉਸਨੇ ਅੱਗ ਦੇ ਕੋਲ਼ ਬੈਠ ਕੇ ਆਪਣੇ ਗਿੱਲੇ ਬੂਟ ਅਤੇ ਜੁਰਾਬਾਂ ਸੁਕਾਈਆਂ। ਹਿਰਨ ਦੀ ਖੱਲ ਵਾਲ਼ੇ ਬੂਟ ਗਿੱਲੇ ਹੋਕੇ ਫੁੱਲ ਗਏ ਸਨ ਤੇ ਤਾਰ-ਤਾਰ ਹੋ ਰਹੇ ਸਨ। ਮੋਟੀਆਂ ਊਨੀ ਜੁਰਾਬਾਂ ਥਾਂ-ਥਾਂ ਤੋਂ ਘਸ ਗਈਆਂ ਸਨ ਅਤੇ ਉਸਦੇ ਜਖ਼ਮੀ ਪੈਰਾਂ ਵਿੱਚੋਂ ਖੂਨ ਵਗ ਰਿਹਾ ਸੀ। ਉਸਦਾ ਗਿੱਟਾ ਦਰਦ ਨਾਲ਼ ਥਰਥਰਾ ਰਿਹਾ ਸੀ। ਉਸਨੇ ਗੌਰ ਨਾਲ਼ ਉਸਦਾ ਮੁਆਇਨਾ ਕੀਤਾ। ਉਹ ਸੁੱਜ ਕੇ ਉਸਦੇ ਗੋਡੇ ਬਰਾਬਰ ਹੋ ਗਿਆ ਸੀ। ਉਸਨੇ ਆਪਣੇ ਦੋ ਕੰਬਲ਼ਾਂ ਵਿੱਚੋਂ ਇੱਕ ਨਾਲ਼ੋਂ ਇੱਕ ਲੰਬੀ ਪੱਟੀ ਫਾੜੀ ਅਤੇ ਗਿੱਟੇ ਨੂੰ ਕਸ ਕੇ ਬੰਨ੍ਹ ਦਿੱਤਾ। ਉਸਨੇ ਕੁੱਝ ਹੋਰ ਪੱਟੀਆਂ ਚੀਰੀਆਂ ਤੇ ਉਨ੍ਹਾਂ ਨੂੰ ਆਪਣੇ ਪੈਰਾਂ ਉੱਤੇ ਲਪੇਟ ਲਿਆ ਤਾਂ ਕਿ ਉਹ ਬੂਟ-ਜੁਰਾਬਾਂ, ਦੋਵਾਂ ਦਾ ਕੰਮ ਕਰਨ। ਫਿਰ ਉਸਨੇ ਭਾਫ਼ ਛੱਡਦਾ ਉੱਬਲ਼ਿਆ ਪਾਣੀ ਪੀਤਾ, ਘੜੀ ਵਿੱਚ ਚਾਬੀ ਦਿੱਤੀ ਅਤੇ ਕੰਬਲ ਵਿੱਚ ਵੜ ਗਿਆ।
ਉਹ ਮੁਰਦੇ ਵਾਂਗ ਸੁੱਤਾ। ਅੱਧੀ ਰਾਤ ਦੇ ਕਰੀਬ ਕੁੱਝ ਚਿਰ ਲਈ ਹਨ੍ਹੇਰਾ ਛਾਇਆ ਅਤੇ ਖਿੰਡ ਗਿਆ। ਉੱਤਰ-ਪੂਰਬ ਵਿੱਚ ਸੂਰਜ ਉੱਗਿਆ — ਜਾਂ ਇੰਝ ਕਹਿ ਲਓ ਕਿ ਉਸ ਪਾਸਿਓਂ ਪਹੁ ਫੁੱਟੀ ਕਿਉਂਕਿ ਸੂਰਜ ਤਾਂ ਭੂਰੇ ਬੱਦਲ਼ਾਂ ਨਾਲ਼ ਢਕਿਆ ਹੋਇਆ ਸੀ।
ਛੇ ਵਜੇ ਉਹ ਜਾਗਿਆ, ਪਰ ਚੁੱਪਚਾਪ ਪਿੱਠ ਪਰਨੇ ਲੇਟਿਆ ਰਿਹਾ। ਭੂਰੇ ਅਸਮਾਨ ਨੂੰ ਨਿਹਾਰਦਿਆਂ ਉਸਨੂੰ ਭੁੱਖ ਮਹਿਸੂਸ ਹੋਈ। ਕੂਹਣੀ ਦੇ ਭਾਰ ਪਾਸਾ ਬਦਲਦਿਆਂ ਜ਼ੋਰ ਨਾਲ਼ ਗੁਰਾਉਣ ਦੀ ਅਵਾਜ਼ ਨਾਲ਼ ਉਹ ਚੌਂਕਿਆ ਤੇ ਵੇਖਿਆ ਕਿ ਇੱਕ ਨਰ ਬਾਰਾਂਸਿੰਗਾ ਡੂੰਘੀ ਦਿਲਚਸਪੀ ਨਾਲ਼ ਉਸਨੂੰ ਵੇਖ ਰਿਹਾ ਹੈ। ਜਾਨਵਰ ਉਸ ਤੋਂ ਪੰਜਾਹ ਫੁੱਟ ਤੋਂ ਜ਼ਿਆਦਾ ਦੂਰੀ ‘ਤੇ ਨਹੀਂ ਸੀ, ਆਦਮੀ ਦੇ ਮਨ ਵਿੱਚ ਝੱਟਪੱਟ ਹੀ ਅੱਗ ਉੱਤੇ ਭੁੰਨਦੇ ਹਿਰਨ ਦੇ ਮਾਸ ਦਾ ਦ੍ਰਿਸ਼ ਅਤੇ ਸਵਾਦ ਦੌੜ ਗਿਆ। ਇੱਕਦਮ ਉਸਨੇ ਖਾਲੀ ਬੰਦੂਕ ਚੁੱਕੀ, ਘੋੜਾ ਚੜ੍ਹਾਇਆ ਅਤੇ ਟ੍ਰਿਗਰ ਦੱਬਾ ਦਿੱਤਾ। ਜਾਨਵਰ ਫੁੰਕਾਰਿਆ ਤੇ ਪੱਥਰਾਂ ਉੱਤੋਂ ਟਾਪਾਂ ਦੀ ਤੇਜ਼ ਅਵਾਜ਼ ਨਾਲ਼ ਉੱਛਲ਼ ਕੇ ਭੱਜਿਆ।
ਆਦਮੀ ਨੇ ਗਾਲ਼ ਕੱਢ ਕੇ ਖਾਲੀ ਬੰਦੂਕ ਦੂਰ ਸੁੱਟ ਦਿੱਤੀ। ਖੜੇ ਹੋਣ ਦੀ ਕੋਸ਼ਿਸ਼ ਕਰਦਿਆਂ ਉਹ ਜ਼ੋਰ ਨਾਲ਼ ਕਰਾਹਿਆ। ਇਹ ਕੰਮ ਔਖਾ ਸੀ ਤੇ ਬੜੀ ਹੌਲ਼ੀ ਹੋ ਰਿਹਾ ਸੀ। ਉਸਦੇ ਜੋੜ ਜੰਗਾਲੇ ਕਬਜ਼ਿਆਂ ਵਾਂਗ ਹੋ ਗਏ ਸਨ। ਹਰ ਹਰਕਤ ‘ਤੇ ਉਸਦਾ ਜੋੜ-ਜੋੜ ਕੜਕੜ ਕਰ ਉੱਠਦਾ ਸੀ ਤੇ ਪੂਰਾ ਜ਼ੋਰ ਲਾ ਕੇ ਹੀ ਉਹ ਹੱਥ-ਪੈਰ ਮੋੜ ਜਾਂ ਖੋਲ੍ਹ ਰਿਹਾ ਸੀ। ਆਖ਼ਰ, ਜਦੋਂ ਉਹ ਆਪਣੇ ਪੈਰਾਂ ‘ਤੇ ਖੜਾ ਹੋ ਗਿਆ, ਉਸਤੋਂ ਬਾਅਦ ਵੀ ਮਨੁੱਖ ਵਾਂਗ ਸਿੱਧਾ ਖੜਾ ਹੋਣ ਵਿੱਚ ਉਸਨੂੰ ਇੱਕ ਮਿੰਟ ਹੋਰ ਲੱਗ ਗਿਆ।
ਉਹ ਇੱਕ ਛੋਟੇ ਜਿਹੇ ਟਿੱਲੇ ਉੱਤੇ ਚੜ੍ਹ ਗਿਆ ਅਤੇ ਚਾਰੇ ਪਾਸੇ ਵੇਖਿਆ। ਨਾ ਕਿਤੇ ਕੋਈ ਦਰੱਖ਼ਤ ਸੀ, ਨਾ ਝਾੜੀ, ਬਸ ਕਾਈ ਦਾ ਮਟਮੈਲ਼ਾ ਸਮੁੰਦਰ ਸੀ ਜਿਸ ਵਿੱਚ ਕਿਤੇ-ਕਿਤੇ ਮਟਮੈਲ਼ੀਆਂ ਚੱਟਾਨਾਂ, ਮਟਮੈਲ਼ੇ ਜਲਕੁੰਡ ਅਤੇ ਮਟਮੈਲ਼ੀਆਂ ਜਲ-ਧਾਰਾਵਾਂ ਕੁੱਝ ਵੰਨ-ਸੁਵੰਨਤਾ ਪੈਦਾ ਕਰ ਰਹੀਆਂ ਸਨ। ਅਸਮਾਨ ਵੀ ਮਟਮੈਲ਼ਾ ਸੀ। ਸੂਰਜ ਜਾਂ ਧੁੱਪ ਦਾ ਨਾਮੋ-ਨਿਸ਼ਾਨ ਨਹੀਂ ਸੀ। ਉਸਨੂੰ ਉੱਤਰ ਦਿਸ਼ਾ ਦੀ ਕੋਈ ਜਾਣਕਾਰੀ ਨਹੀਂ ਸੀ ਤੇ ਉਹ ਭੁੱਲ ਚੁੱਕਿਆ ਸੀ ਕਿ ਪਿਛਲੀ ਰਾਤ ਕਿਸ ਰਸਤਿਓਂ ਇੱਥੇ ਅੱਪੜਿਆ ਸੀ। ਪਰ ਉਸਨੂੰ ਇਹ ਭਰੋਸਾ ਸੀ ਕਿ ਉਹ ਭਟਕਿਆ ਨਹੀਂ ਸੀ। ਜਲਦੀ ਹੀ ਉਹ ਨਿੱਕੀਆਂ ਸੋਟੀਆਂ ਦੀ ਧਰਤੀ ਤੱਕ ਪੁੱਜ ਜਾਵੇਗਾ। ਉਸਨੂੰ ਲੱਗਿਆ ਕਿ ਉਹ ਥਾਂ ਕਿਤੇ ਖੱਬੇ ਪਾਸੇ ਵੱਲ ਸੀ, ਜ਼ਿਆਦਾ ਦੂਰ ਨਹੀਂ — ਸ਼ਾਇਦ ਉਸ ਨੀਵੀਂ ਪਹਾੜੀ ਤੋਂ ਪਾਰ ਹੀ।
ਉਹ ਪਰਤ ਕੇ ਆਪਣਾ ਪਿੱਠੂ ਯਾਤਰਾ ਲਈ ਤਿਆਰ ਕਰਨ ਲੱਗਾ। ਉਸਨੇ ਮਾਚਿਸ ਦੀਆਂ ਤਿੰਨਾਂ ਪੁੜੀਆਂ ਨੂੰ ਟੋਹ ਕੇ ਵੇਖਿਆ, ਬੇਸ਼ੱਕ ਉਸਨੇ ਉਹਨਾਂ ਨੂੰ ਦੁਬਾਰਾ ਨਹੀਂ ਗਿਣਿਆ। ਪਰ ਉਹ ਬਾਰ੍ਹਾਂਸਿੰਗੇ ਦੇ ਚਮੜੇ ਦੀ ਇੱਕ ਮੋਟੀ ਜਿਹੀ ਥੈਲੀ ਨੂੰ ਲੈ ਕੇ ਕੁੱਝ ਦੇਰ ਦੁਚਿੱਤੀ ਵਿੱਚ ਰਿਹਾ। ਉਹ ਜ਼ਿਆਦਾ ਵੱਡੀ ਨਹੀਂ ਸੀ। ਉਹ ਆਪਣੀਆਂ ਦੋਵਾਂ ਹਥੇਲ਼ੀਆਂ ਨਾਲ਼ ਉਸਨੂੰ ਢਕ ਸਕਦਾ ਸੀ। ਪਰ ਉਸਦਾ ਭਾਰ ਪੰਦਰਾਂ ਪੌਂਡ ਸੀ — ਬਾਕੀ ਦੇ ਸਾਰੇ ਬੋਝ ਬਰਾਬਰ — ਤੇ ਇਸ ਗੱਲ ਤੋਂ ਉਸਨੂੰ ਫਿਕਰ ਹੋ ਰਹੀ ਸੀ। ਅਖ਼ੀਰ ਉਸਨੇ ਥੈਲੀ ਇੱਕ ਪਾਸੇ ਰੱਖ ਦਿੱਤੀ ਅਤੇ ਕੰਬਲ਼ਾਂ ਨੂੰ ਲਪੇਟਣ ਲੱਗਾ। ਉਹ ਰੁਕਿਆ ਅਤੇ ਬਾਰ੍ਹਾਂਸਿੰਗੇ ਦੇ ਚਮੜੇ ਦੀ ਮੋਟੀ ਜਿਹੀ ਥੈਲੀ ਉੱਤੇ ਨਜ਼ਰ ਫੇਰੀ। ਫਿਰ ਉਸਨੇ ਆਪਣੇ ਆਲ਼ੇ-ਦੁਆਲ਼ੇ ਇੱਕ ਘੋਖਵੀਂ ਨਜ਼ਰ ਮਾਰਦਿਆਂ ਉਸਨੂੰ ਚੱਕ ਲਿਆ, ਜਿਵੇਂ ਇਹ ਉਜਾੜ ਇਸ ਨੂੰ ਉਸ ਤੋਂ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਜਦੋਂ ਉਹ ਲੜਖੜਾਉਂਦੇ ਕਦਮਾਂ ਨਾਲ਼ ਸਫ਼ਰ ਜਾਰੀ ਰੱਖਣ ਲਈ ਉੱਠਿਆ, ਤਾਂ ਇਹ ਉਸਦੇ ਪਿੱਠੂ ਵਿੱਚ ਸ਼ਾਮਲ ਸੀ।
ਉਹ ਖੱਬੇ ਵੱਲ ਚੱਲਦਾ ਰਿਹਾ, ਬਸ ਕਦੇ-ਕਦਾਈਂ ਮਸਕੇਗ ਬੇਰੀਆਂ ਖਾਣ ਲਈ ਰੁਕ ਜਾਂਦਾ। ਉਸਦਾ ਗਿੱਟਾ ਆਕੜ ਗਿਆ ਸੀ ਅਤੇ ਉਹ ਪਹਿਲਾਂ ਨਾਲ਼ੋਂ ਜ਼ਿਆਦਾ ਲੰਗੜਾ ਰਿਹਾ ਸੀ, ਪਰ ਉਸਦਾ ਦਰਦ ਢਿੱਡ ਦੇ ਦਰਦ ਅੱਗੇ ਕੁੱਝ ਨਹੀਂ ਸੀ। ਭੁੱਖ ਨਾਲ਼ ਆਂਦਰਾਂ ਕੁਰਬੁਲਾ ਰਹੀਆਂ ਸਨ। ਉਨ੍ਹਾਂ ਦੀ ਕੁਰਬੁਲਾਹਟ ਇੰਨੀ ਵਧ ਗਈ ਕਿ ਉਸਦੇ ਲਈ ਨਿੱਕੀਆਂ ਸੋਟੀਆਂ ਦੀ ਧਰਤੀ ਤੱਕ ਪਹੁੰਚਣ ਦੇ ਰਾਹ ‘ਤੇ ਧਿਆਨ ਟਿਕਾਈ ਰੱਖਣਾ ਔਖਾ ਹੋ ਗਿਆ। ਮਸਕੇਗ ਬੇਰੀਆਂ ਨਾਲ਼ ਆਂਦਰਾਂ ਦੀ ਜਲਣ ਘੱਟ ਨਹੀਂ ਸੀ ਰਹੀ, ਪਰ ਉਨ੍ਹਾਂ ਦੇ ਕੌੜੇ ਰਸ ਨਾਲ਼ ਉਸਦੀ ਜੀਭ ਅਤੇ ਤਾਲੂ ‘ਤੇ ਛਾਲੇ ਪੈ ਗਏ ਸਨ।
ਉਹ ਇੱਕ ਘਾਟੀ ਵਿੱਚ ਅੱਪੜਿਆ ਜਿੱਥੇ ਪਹਾੜੀ ਤਿੱਤਰਾਂ ਦਾ ਇੱਕ ਝੁੰਡ ਖੰਭ ਫੜਫੜਾਉਂਦਾ ਹੋਇਆ ਚੱਟਾਨਾਂ ਤੇ ਮਸਕੇਗ ਦੇ ਬੂਟਿਆਂ ਤੋਂ ਅਚਾਨਕ ਉੱਡਿਆ। ਉਹ ਕੈਰ-ਕੈਰ-ਕੈਰ ਦੀ ਅਵਾਜ਼ ਕੱਢ ਰਹੇ ਸਨ। ਉਸਨੇ ਉਨ੍ਹਾਂ ਉੱਤੇ ਪੱਥਰ ਸੁੱਟੇ ਪਰ ਕੋਈ ਨਿਸ਼ਾਨਾ ਠਿਕਾਣੇ ‘ਤੇ ਨਹੀਂ ਵੱਜਿਆ। ਉਸਨੇ ਆਪਣਾ ਪਿੱਠੂ ਜ਼ਮੀਨ ਉੱਤੇ ਰੱਖ ਦਿੱਤਾ ਅਤੇ ਚਿੜੀ ਪਿੱਛੇ ਲੱਗੀ ਬਿੱਲੀ ਵਾਂਗ ਉਹਨਾਂ ਮਗਰ ਲੱਗ ਗਿਆ। ਨੁਕੀਲੇ ਪੱਥਰਾਂ ਨਾਲ਼ ਉਸਦਾ ਪਜਾਮਾ ਫਟ ਗਿਆ ਅਤੇ ਉਸਦੇ ਗੋਡਿਆਂ ਤੋਂ ਲਹੂ ਵਹਿਣ ਲੱਗਿਆ, ਪਰ ਇਸਦੀ ਪੀੜ ਨੂੰ ਭੁੱਖ ਦੀ ਪੀੜ ਨੇ ਦਬਾ ਦਿੱਤਾ। ਗਿੱਲੀ ਕਾਈ ਉੱਤੇ ਰੀਂਗਦਿਆਂ ਉਸਦੇ ਕੱਪੜੇ ਤਾਰ-ਤਾਰ ਹੋ ਗਏ ਅਤੇ ਸਰੀਰ ਠੰਡਾ ਹੋਣ ਲੱਗਿਆ; ਪਰ ਭੁੱਖ ਦੀ ਤੜਫ ਇੰਨੀ ਤੀਬਰ ਸੀ ਕਿ ਉਹ ਇਸਨੂੰ ਅਣਗੌਲ਼ਿਆਂ ਵੀ ਨਹੀਂ ਕਰ ਸਕਦਾ ਸੀ। ਹਰ ਵਾਰ ਪਹਾੜੀ ਤਿੱਤਰ ਉਸਦੇ ਸਾਹਮਣੇ ਖੰਭ ਫੜਫੜਾਉਂਦੇ ਹੋਏ ਉੱਡ ਜਾਂਦੇ। ਉਨ੍ਹਾਂ ਦੀ ਕੈਰ-ਕੈਰ-ਕੈਰ ਨਾਲ਼ ਉਸਨੂੰ ਖਿੱਝ ਚੜਨ ਲੱਗੀ ਅਤੇ ਉਹ ਗਾਲ਼ਾਂ ਕੱਢਦੇ ਹੋਏ ਉਨ੍ਹਾਂ ਦੀ ਅਵਾਜ਼ ਵਿੱਚ ਉਨ੍ਹਾਂ ਉੱਤੇ ਚੀਕਣ ਲੱਗਾ।
ਇੱਕ ਵਾਰ ਉਹ ਰੀਂਗ ਕੇ ਉਹਨਾਂ ਵਿੱਚੋਂ ਇੱਕ ਕੋਲ਼ ਪਹੁੰਚ ਗਿਆ ਜੋ ਸ਼ਾਇਦ ਸੁੱਤਾ ਹੋਇਆ ਸੀ। ਆਦਮੀ ਨੇ ਵੀ ਉਸਨੂੰ ਉਦੋਂ ਤੱਕ ਨਹੀਂ ਵੇਖਿਆ ਜਦੋਂ ਤੱਕ ਉਹ ਚੱਟਾਨ ਦੇ ਖੱਡੇ ਓਹਲਿਓਂ ਇੱਕਦਮ ਉਸਦੇ ਚਿਹਰੇ ਦੇ ਸਾਹਮਣੇ ਨਹੀਂ ਆ ਗਿਆ। ਉਸਨੇ ਹਾਬੜ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਹੱਥ ਵਿੱਚ ਪੂੰਛ ਦੇ ਤਿੰਨ ਖੰਭ ਹੀ ਆਏ। ਉਸਨੂੰ ਉੱਡਦਾ ਵੇਖ ਉਹ ਨਫ਼ਰਤ ਨਾਲ਼ ਭਰ ਗਿਆ, ਜਿਵੇਂ ਪੰਛੀ ਨੇ ਉਸ ਖਿਲਾਫ਼ ਕੋਈ ਜੁਰਮ ਕਰ ਦਿੱਤਾ ਹੋਵੇ। ਫਿਰ ਉਹ ਪਰਤ ਆਇਆ ਅਤੇ ਪਿੱਠੂ ਮੋਢੇ ਉੱਤੇ ਲੱਦ ਲਿਆ।
ਜਿਵੇਂ-ਜਿਵੇਂ ਦਿਨ ਗੁਜ਼ਰਦਾ ਗਿਆ ਉਹ ਅਜਿਹੀਆਂ ਵਾਦੀਆਂ ਵਿੱਚੋਂ ਗੁਜ਼ਰਿਆ ਜਿੱਥੇ ਪਸ਼ੂ-ਪੰਛੀ ਹੋਰ ਵੀ ਜ਼ਿਆਦਾ ਸਨ। ਮਿਰਗਾਂ ਦਾ ਇੱਕ ਝੁੰਡ ਕੁੱਝ ਦੂਰੀ ਤੋਂ ਗੁਜ਼ਰਿਆ। ਉਸ ਵਿੱਚ ਵੀਹ ਕੁ ਜਾਨਵਰ ਸਨ ਅਤੇ ਬਿਲਕੁਲ ਬੰਦੂਕ ਦੀ ਮਾਰ ਵਿੱਚ ਸਨ। ਉਸਨੇ ਆਪਣੇ ਅੰਦਰ ਉਨ੍ਹਾਂ ਦੇ ਪਿੱਛੇ ਦੌੜਨ ਇੱਕ ਅਮੋੜ ਇੱਛਾ ਮਹਿਸੂਸ ਕੀਤੀ। ਉਸਨੂੰ ਲੱਗ ਰਿਹਾ ਸੀ ਕਿ ਉਹ ਭੱਜ ਕੇ ਉਨ੍ਹਾਂ ਨੂੰ ਫੜ ਸਕਦਾ ਹੈ। ਫਿਰ ਇੱਕ ਕਾਲ਼ੀ ਲੂੰਬੜੀ ਉਸਨੂੰ ਆਪਣੇ ਵੱਲ ਆਉਂਦੀ ਵਿਖਾਈ ਦਿੱਤੀ ਜਿਸਦੇ ਮੂੰਹ ਵਿੱਚ ਇੱਕ ਪਹਾੜੀ ਤਿੱਤਰ ਸੀ। ਆਦਮੀ ਚੀਕਿਆ, ਇਹ ਇੱਕ ਡਰਾਉਣੀ ਚੀਕ ਸੀ, ਪਰ ਡਰਕੇ ਭੱਜੀ ਲੂੰਬੜੀ ਨੇ ਪਹਾੜੀ ਤਿੱਤਰ ਨੂੰ ਨਾ ਛੱਡਿਆ।
ਦੁਪਹਿਰ ਬਾਅਦ ਉਹ ਇੱਕ ਨਦੀ ਦੇ ਵਹਾਅ ਦੇ ਨਾਲ਼-ਨਾਲ਼ ਚੱਲਣ ਲੱਗਾ, ਜੋ ਆਲ਼ੇ-ਦੁਆਲ਼ੇ ਉੱਗੇ ਸਰਕੜੇ ਦੇ ਝੁੰਡ ਵਿੱਚੋਂ ਹੋ ਕੇ ਵਗ ਰਹੀ ਸੀ। ਚੂਨੇ ਕਾਰਨ ਇਸਦਾ ਪਾਣੀ ਦੂਧੀਆ ਸੀ। ਉਸਨੇ ਸਰਕੜੇ ਨੂੰ ਜੜ੍ਹਾਂ ਕੋਲ਼ੋਂ ਮਜ਼ਬੂਤੀ ਨਾਲ਼ ਫੜਕੇ ਖਿੱਚਿਆ ਅਤੇ ਇੱਕ ਛੋਟੇ ਪਿਆਜ਼ ਵਰਗੀ ਗੰਢ ਕੱਢੀ। ਉਹ ਨਰਮ ਸੀ ਅਤੇ ਉਸ ਵਿੱਚ ਦੰਦ ਖੁਭੋਂਦਿਆਂ ਹੀ ਪੈਦਾ ਹੋਈ ਕੱਚਚਚ ਦੀ ਅਵਾਜ਼ ਸੁਆਦਲੇ ਭੋਜਨ ਦੀ ਸ਼ਾਹਦੀ ਭਰ ਰਹੀ ਸੀ। ਪਰ ਇਸਦੇ ਰੇਸ਼ੇ ਸਖਤ ਸਨ। ਉਸ ਵਿੱਚ ਬੇਰੀਆਂ ਵਾਂਗ ਬਸ ਪਾਣੀ ਨਾਲ਼ ਭਰੇ ਬੇਰਾਂ ਵਰਗੇਂ ਰੇਸ਼ੇ ਸਨ ਜਿਨ੍ਹਾਂ ਵਿੱਚ ਕੋਈ ਪੋਸ਼ਕ ਤੱਤ ਨਹੀਂ ਸੀ। ਉਸਨੇ ਆਪਣਾ ਪਿੱਠੂ ਪਟਕ ਦਿੱਤਾ ਅਤੇ ਗੋਡਿਆਂ ਪਰਨੇ ਸਰਕੜੇ ਦੇ ਝੁੰਡ ਵਿੱਚ ਵੜਕੇ ਚਰਨ ਵਾਲੇ ਜਾਨਵਰ ਵਾਂਗ ਗੰਢੀਆਂ ਕੱਢ-ਕੱਢ ਕੇ ਚੱਬਣ ਲਗਾ।
ਉਹ ਬਹੁਤ ਥੱਕਿਆ ਹੋਇਆ ਸੀ ਤੇ ਆਰਾਮ ਕਰਨ ਦੀ ਇੱਛਾ ਅਕਸਰ ਉਸਦੇ ਮਨ ਵਿੱਚ ਆਉਂਦੀ ਸੀ। ਉਹ ਕਿਤੇ ਵੀ ਲੇਟ ਕੇ ਸੌਂ ਜਾਣਾ ਚਾਹੁੰਦਾ ਸੀ, ਪਰ ਉਹ ਲਗਾਤਾਰ ਤੁਰਦਾ ਜਾ ਰਿਹਾ ਸੀ। ਹੁਣ ਉਸਨੂੰ ਨਿੱਕੀਆਂ ਸੋਟੀਆਂ ਦੀ ਭੂਮੀ ਤੱਕ ਪਹੁੰਚਣ ਦੀ ਇੱਛਾ ਨਹੀਂ ਸਗੋਂ ਢਿੱਡ ਵਿੱਚ ਬਲ਼ਦੀ ਅੱਗ ਤੋਰ ਰਹੀ ਸੀ। ਉਹ ਪਾਣੀ ਦੇ ਛੋਟੇ ਚਲ਼੍ਹਿਆਂ ਵਿੱਚ ਡੱਡੂ ਲੱਭਦਾ ਤੇ ਗੰਡੋਇਆਂ ਦੀ ਭਾਲ਼ ਵਿੱਚ ਨਹੁੰਆਂ ਨਾਲ਼ ਮਿੱਟੀ ਪੁੱਟਦਾ, ਬੇਸ਼ੱਕ ਉਹ ਜਾਣਦਾ ਸੀ ਕਿ ਇੱਥੇ ਦੂਰ ਉੱਤਰ ਵਿੱਚ ਨਾ ਤਾਂ ਡੱਡੂ ਹੁੰਦੇ ਹਨ ਤੇ ਨਾ ਹੀ ਗੰਡੋਏ।
ਉਹ ਹਰ ਪਾਣੀ ਦੇ ਚਲ੍ਹੇ ਵਿੱਚ ਝੁਕ ਕੇ ਝਾਕਦਾ ਸੀ ਅਤੇ ਆਖਰ ਜਦੋਂ ਲੰਮੀ ਸ਼ਾਮ ਢਲ਼ਣੀ ਸ਼ੁਰੂ ਹੋ ਗਈ ਤਾਂ ਉਸਨੂੰ ਇੰਝ ਹੀ ਇੱਕ ਕੁੰਡ ਵਿੱਚ ਇੱਕ ਇਕੱਲੀ ਛੋਟੀ ਜਿਹੀ ਮੱਛੀ ਵਿਖਾਈ ਦਿੱਤੀ। ਉਹ ਉਸਨੂੰ ਫੜਨ ਲਈ ਝਪਟਿਆ ਤੇ ਮੋਢੇ ਤੱਕ ਉਸਦਾ ਹੱਥ ਪਾਣੀ ਵਿੱਚ ਡੁੱਬ ਗਿਆ ਤੇ ਮੱਛੀ ਫੜੀ ਵੀ ਨਹੀਂ ਗਈ। ਉਸਨੇ ਦੋਵਾਂ ਹੱਥਾਂ ਨਾਲ਼ ਫੜਨ ਦੀ ਕੋਸ਼ਿਸ਼ ਕੀਤੀ ਜਿਸ ਨਾਲ਼ ਤਲ ਦੀ ਦੂਧੀਆ ਮਿੱਟੀ ਹਿੱਲ ਗਈ। ਉਤੇਜਨਾ ਵਿੱਚ ਉਹ ਪਾਣੀ ਵਿੱਚ ਡਿੱਗ ਪਿਆ ਅਤੇ ਲੱਕ ਤੱਕ ਭਿੱਜ ਗਿਆ। ਹੁਣ ਪਾਣੀ ਇੰਨਾ ਗੰਧਲ਼ਾ ਹੋ ਗਿਆ ਸੀ ਕਿ ਉਹ ਮੱਛੀ ਨੂੰ ਵੇਖ ਨਹੀਂ ਸਕਦਾ ਸੀ ਅਤੇ ਉਸਨੂੰ ਪਾਣੀ ਦੇ ਠਹਿਰ ਜਾਣ ਅਤੇ ਮਿੱਟੀ ਹੇਠਾਂ ਬੈਠ ਜਾਣ ਤੱਕ ਉਡੀਕਣਾ ਪਿਆ।
ਕੋਸ਼ਿਸ਼ ਫਿਰ ਸ਼ੁਰੂ ਹੋਈ ਅਤੇ ਇੱਕ ਵਾਰ ਫਿਰ ਪਾਣੀ ਗੰਧਲ਼ਾ ਹੋ ਗਿਆ। ਪਰ ਉਹ ਉਡੀਕ ਨਹੀਂ ਸਕਦਾ ਸੀ। ਉਸਨੇ ਟੀਨ ਦੀ ਬਾਲਟੀ ਕੱਢੀ ਅਤੇ ਚਲ੍ਹੇ ਨੂੰ ਖਾਲੀ ਕਰਨ ਲੱਗਾ। ਸ਼ੁਰੂ ਵਿੱਚ ਉਹ ਪਾਗਲਾਂ ਦੀ ਤਰ੍ਹਾਂ ਪਾਣੀ ਸੁੱਟਣ ਲੱਗਾ ਜਿਸ ਨਾਲ ਉਹ ਖੁਦ ਵੀ ਭਿੱਜ ਰਿਹਾ ਸੀ ਅਤੇ ਪਾਣੀ ਇੰਨਾ ਨੇੜੇ ਡਿੱਗ ਰਿਹਾ ਸੀ ਕਿ ਰੁੜ੍ਹਕੇ ਵਾਪਸ ਆ ਜਾਂਦਾ ਸੀ। ਫਿਰ ਉਹ ਜ਼ਿਆਦਾ ਸਾਵਧਾਨੀ ਨਾਲ਼ ਕੰਮ ਕਰਨ ਲੱਗਾ। ਉਹ ਸ਼ਾਂਤ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਜਦਕਿ ਉਸਦਾ ਦਿਲ ਜ਼ੋਰ ਨਾਲ਼ ਧੜਕ ਰਿਹਾ ਸੀ ਅਤੇ ਉਸਦੇ ਹੱਥ ਕੰਬ ਰਹੇ ਸਨ। ਅੱਧੇ ਘੰਟੇ ਬਾਅਦ ਕੁੰਡ ਤਕਰੀਬਨ ਸੁੱਕ ਚੁੱਕਿਆ ਸੀ। ਉਸ ਵਿੱਚ ਇੱਕ ਕੱਪ ਵੀ ਪਾਣੀ ਨਹੀਂ ਸੀ। ਪਰ ਮੱਛੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਉਸਨੂੰ ਪੱਥਰਾਂ ਵਿੱਚ ਇੱਕ ਤਰੇੜ ਵਿਖਾਈ ਦਿੱਤੀ ਜਿਸ ਵਿੱਚੋਂ ਹੋਕੇ ਉਹ ਨਾਲ਼ ਦੇ ਇੱਕ ਵੱਡੇ ਕੁੰਡ ਵਿੱਚ ਭੱਜ ਗਈ ਸੀ ਜਿਸਨੂੰ ਉਹ ਸਾਰਾ ਦਿਨ ਅਤੇ ਸਾਰੀ ਰਾਤ ਕੰਮ ਕਰਕੇ ਵੀ ਖਾਲੀ ਨਹੀਂ ਕਰ ਸਕਦਾ ਸੀ। ਜੇ ਉਸਨੂੰ ਤਰੇੜ ਦਾ ਪਤਾ ਹੁੰਦਾ ਤਾਂ ਉਹ ਸ਼ੁਰੂ ਵਿੱਚ ਹੀ ਇੱਕ ਪੱਥਰ ਨਾਲ਼ ਉਸਨੂੰ ਬੰਦ ਕਰ ਸਕਦਾ ਸੀ ਅਤੇ ਫਿਰ ਮੱਛੀ ਉਸਦੀ ਹੋ ਚੁੱਕੀ ਹੁੰਦੀ।
ਇਹ ਸੋਚਦੇ ਹੋਏ ਉਹ ਮਸੋਸ ਕੇ ਭਿੱਜੀ ਜ਼ਮੀਨ ਉੱਤੇ ਧੜਾਕ ਕਰਕੇ ਬੈਠ ਗਿਆ। ਪਹਿਲਾਂ ਤਾਂ ਉਹ ਆਪਣੇ-ਆਪ ਵਿੱਚ ਹੌਲ਼ੀ-ਹੌਲ਼ੀ ਘੁਸਰ-ਮੁਸਰ ਕਰਦਾ ਰਿਹਾ, ਫਿਰ ਉਹ ਚਾਰੇ ਪਾਸੇ ਫੈਲੇ ਬੇਰਹਿਮ ਵੀਰਾਨੇ ਵਿੱਚ ਉੱਚੀ ਅਵਾਜ਼ ਵਿੱਚ ਰੋ ਪਿਆ ਅਤੇ ਕਾਫੀ ਦੇਰ ਤੱਕ ਉਸਦਾ ਸਰੀਰ ਸਿਸਕੀਆਂ ਅਤੇ ਹਿਚਕੀਆਂ ਨਾਲ਼ ਕੰਬਦਾ ਰਿਹਾ।
ਉਸਨੇ ਅੱਗ ਬਾਲ਼ੀ ਅਤੇ ਗਰਮ ਪਾਣੀ ਪੀ-ਪੀ ਆਪਣੇ ਅੰਦਰ ਗਰਮੀ ਪੈਦਾ ਕੀਤੀ ਤੇ ਪਿਛਲੀ ਰਾਤ ਵਾਂਗ ਇੱਕ ਚੱਟਾਨ ਉੱਤੇ ਲੇਟ ਗਿਆ। ਸੌਣ ਤੋਂ ਪਹਿਲਾਂ ਉਸਨੇ ਆਪਣੀ ਮਾਚਿਸ ਦੀਆਂ ਤੀਲੀਆਂ ਨੂੰ ਟੋਹ ਕੇ ਵੇਖਿਆ ਅਤੇ ਘੜੀ ਵਿੱਚ ਚਾਬੀ ਦਿੱਤੀ। ਕੰਬਲ ਭਿੱਜ ਕੇ ਗੱਚ ਹੋ ਗਏ ਸਨ। ਉਸਦਾ ਗਿੱਟਾ ਦਰਦ ਨਾਲ਼ ਟਸ-ਟਸ ਕਰ ਰਿਹਾ ਸੀ। ਪਰ ਉਸਨੂੰ ਸਿਰਫ ਭੁੱਖ ਦਾ ਅਹਿਸਾਸ ਹੋ ਰਿਹਾ ਸੀ ਅਤੇ ਆਪਣੀ ਬੇਆਰਮ ਨੀਂਦ ਦੌਰਾਨ ਉਹ ਦਾਅਵਤਾਂ ਅਤੇ ਭੋਜਾਂ ਤੇ ਵੰਨ-ਸੁਵੰਨੇ ਢੰਗ ਨਾਲ਼ ਸਜੀਆਂ ਖਾਣ ਦੀਆਂ ਚੀਜ਼ਾਂ ਦੇ ਸੁਪਨੇ ਵੇਖਦਾ ਰਿਹਾ।
ਉਹ ਜਾਗਿਆ ਤਾਂ ਪਾਲ਼ਾ ਉਸਦੀਆਂ ਹੱਡੀਆਂ ਵਿੱਚ ਸਮਾ ਚੁੱਕਾ ਸੀ ਅਤੇ ਉਹ ਬਿਮਾਰ ਮਹਿਸੂਸ ਕਰ ਰਿਹਾ ਸੀ। ਸੂਰਜ ਦਾ ਕੋਈ ਥਹੁ-ਪਤਾ ਨਹੀਂ ਸੀ। ਧਰਤੀ ਤੇ ਅਸਮਾਨ ਦਾ ਮਟਮੈਲਾ ਰੰਗ ਹੋਰ ਡੂੰਘਾ ਤੇ ਗਾੜਾ ਹੋ ਗਿਆ ਸੀ। ਠੰਡੀ, ਖੁਸ਼ਕ ਹਵਾ ਵਗ ਰਹੀ ਸੀ ਅਤੇ ਪਹਾੜੀਆਂ ਦੀਆਂ ਚੋਟੀਆਂ ਮੌਸਮ ਦੀ ਪਹਿਲੀ ਬਰਫ ਨਾਲ਼ ਸਫੇਦ ਦਿਸਣ ਲੱਗੀਆਂ ਸਨ। ਜਿੰਨੀਂ ਦੇਰ ਵਿੱਚ ਉਸਨੇ ਅੱਗ ਜਲ਼ਾਈ ਤੇ ਪਾਣੀ ਉਬਾਲ਼ਿਆ, ਓਨੇ ਵਿੱਚ ਹੀ ਉਸਦੇ ਆਲ਼ੇ-ਦੁਆਲ਼ੇ ਦੀ ਹਵਾ ਗਾੜੀ ਤੇ ਸਫੇਦ ਹੋਣ ਲੱਗੀ। ਇਹ ਮੀਂਹ ਭਿੱਜੀ ਬਰਫ ਸੀ ਅਤੇ ਬਰਫ ਦੇ ਇਹ ਫਾਹੇ ਵੱਡੇ ਤੇ ਗਿੱਲੇ ਸਨ। ਸ਼ੁਰੂ ਵਿੱਚ ਉਹ ਧਰਤੀ ਨੂੰ ਛੂੰਹਦਿਆਂ ਹੀ ਪਿਘਲ਼ ਜਾਂਦੇ ਸਨ, ਪਰ ਫਿਰ ਉਨ੍ਹਾਂ ਦੀ ਨਫਰੀ ਵੱਧਦੀ ਗਈ। ਉਨ੍ਹਾਂ ਨੇ ਜ਼ਮੀਨ ਨੂੰ ਢਕ ਲਿਆ, ਅੱਗ ਬੁਝਾ ਦਿੱਤੀ ਅਤੇ ਸੁੱਕੀ ਕਾਈ ਦਾ ਉਸਦਾ ਬਾਲਣ ਬਰਬਾਦ ਕਰ ਦਿੱਤਾ।
ਇਹ ਉਸਦੇ ਲਈ ਸੰਕੇਤ ਸੀ ਕਿ ਆਪਣਾ ਪਿੱਠੂ ਲੱਦੇ ਅਤੇ ਡਿੱਗਦਾ-ਢਹਿੰਦਾ ਅੱਗੇ ਤੁਰ ਪਵੇ। ਜਾਣਾ ਕਿੱਥੇ ਹੈ ਇਹ ਹੁਣ ਉਸਨੂੰ ਪਤਾ ਨਹੀਂ ਸੀ। ਹੁਣ ਉਸਨੂੰ ਨਾ ਤਾਂ ਨਿੱਕੀਆਂ ਸੋਟੀਆਂ ਦੀ ਧਰਤੀ ਦੀ ਫਿਕਰ ਸੀ, ਨਾ ਬਿਲ ਦੀ ਤੇ ਨਾ ਹੀ ਡੀਜ਼ ਨਦੀ ਕੰਢੇ ਮੂਧੀ ਕਿਸ਼ਤੀ ਹੇਠਾਂ ਲੁਕੇ ਭੰਡਾਰ ਦੀ। ਉਸ ਉੱਤੇ ਬੱਸ ਇੱਕ ਵਿਚਾਰ ਹਾਵੀ ਸੀ, “ਕੁੱਝ ਖਾਣਾ ਹੈ।” ਉਹ ਭੁੱੱਖ ਨਾਲ਼ ਪਾਗਲ਼ ਹੋ ਰਿਹਾ ਸੀ। ਉਸਨੂੰ ਇਸ ਗੱਲ ਦਾ ਜ਼ਰਾ ਵੀ ਧਿਆਨ ਨਹੀਂ ਸੀ ਕਿ ਉਹ ਕਿੱਧਰ ਜਾ ਰਿਹਾ ਸੀ। ਬੱਸ ਉਹ ਰਾਹ ਵਾਦੀਆਂ ਦੇ ਤਲ ਦੇ ਨਾਲ਼-ਨਾਲ਼ ਲੰਘਦਾ ਹੋਣਾ ਚਾਹੀਦਾ ਸੀ ਤਾਂਕਿ ਉਹ ਭਿੱਜੀ ਬਰਫ ਵਿੱਚੋਂ ਭਾਲ਼ ਕੇ ਮਸਕੇਗ ਬੇਰੀਆਂ ਅਤੇ ਗੰਢਾਂ ਵਾਲ਼ਾ ਘਾਹ ਖਿੱਚ ਕੇ ਕੱਢ ਸਕੇ। ਪਰ ਇਹ ਸਭ ਬਿਲਕੁਲ ਬੇਸੁਆਦ ਸਨ ਅਤੇ ਉਨ੍ਹਾਂ ਤੋਂ ਤਸੱਲੀ ਨਹੀਂ ਮਿਲ਼ਦੀ ਸੀ। ਉਸਨੂੰ ਇੱਕ ਕਾਈ ਮਿਲ਼ੀ ਜਿਸਦਾ ਸਵਾਦ ਖੱਟਾ ਜਿਹਾ ਸੀ ਅਤੇ ਉਹ ਜਿੰਨੀਆਂ ਵੀ ਲੱਭ ਸਕਿਆ, ਸਭ ਖਾ ਗਿਆ। ਭਾਵੇਂ ਇਹ ਜ਼ਿਆਦਾ ਨਹੀਂ ਸਨ ਕਿਉਂਕਿ ਉਸਦੀਆਂ ਲਟਾਂ ਕਈ ਇੰਚ ਬਰਫ ਹੇਠਾਂ ਲੁਕ ਗਈਆਂ ਸਨ।
ਉਸ ਰਾਤ ਉਸਨੂੰ ਅੱਗ ਅਤੇ ਗਰਮ ਪਾਣੀ ਤੋਂ ਬਿਨਾਂ ਹੀ ਕੰਮ ਚਲਾਉਣਾ ਪਿਆ ਤੇ ਉਹ ਭਿੱਜੇ ਕੰਬਲਾਂ ਵਿੱਚ ਲਿਪਟਿਆ ਭੁੱਖ ਦੇ ਸੁਪਨੇ ਵੇਖਦਾ ਹੋਇਆ ਸੌਂ ਗਿਆ। ਬਰਫ ਠੰਢੇ ਮੀਂਹ ਵਿੱਚ ਬਦਲ ਗਈ। ਉਹ ਕਈ ਵਾਰ ਜਾਗਿਆ ਅਤੇ ਆਪਣੇ ਚਿਹਰੇ ਉੱਤੇ ਇਸਨੂੰ ਮਹਿਸੂਸ ਕੀਤਾ। ਦਿਨ ਨਿੱਕਲ਼ਿਆ ਇੱਕ ਹੋਰ ਬਿਨਾਂ ਸੂਰਜ ਵਾਲ਼ਾ ਮਟਮੈਲ਼ਾ ਦਿਨ। ਮੀਂਹ ਬੰਦ ਹੋ ਗਿਆ ਸੀ। ਉਸਦੀ ਭੁੱਖ ਹੁਣ ਤੇਜ਼ ਨਹੀਂ ਸੀ ਰਹਿ ਗਈ। ਜਿੱਥੋਂ ਤੱਕ ਖਾਣ ਦੀ ਲਾਲਸਾ ਦਾ ਸਵਾਲ ਸੀ, ਉਸਦੀਆਂ ਇੰਦਰੀਆਂ ਮਰ ਚੁੱਕੀਆਂ ਸਨ। ਉਸਨੂੰ ਆਪਣੇ ਢਿੱਡ ਵਿੱਚ ਇੱਕ ਮੱਧਮ, ਭਾਰਾ ਜਿਹਾ ਦਰਦ ਮਹਿਸੂਸ ਹੋ ਰਿਹਾ ਸੀ, ਪਰ ਇਸ ਤੋਂ ਜ਼ਿਆਦਾ ਪ੍ਰੇਸ਼ਾਨੀ ਨਹੀਂ ਸੀ ਹੋ ਰਹੀ। ਹੁਣ ਉਹ ਪਹਿਲਾਂ ਨਾਲ਼ੋਂ ਜ਼ਿਆਦਾ ਤਾਰਕਿਕ ਢੰਗ ਨਾਲ਼ ਸੋਚ ਸਕਦਾ ਸੀ ਅਤੇ ਇੱਕ ਵਾਰ ਫਿਰ ਉਸਦਾ ਧਿਆਨ ਨਿੱਕੀਆਂ ਸੋਟੀਆਂ ਦੀ ਭੂਮੀ ਅਤੇ ਡੀਜ਼ ਨਦੀ ਨੇੜਲੇ ਗੁਪਤ ਭੰਡਾਰ ਉੱਤੇ ਸੀ।
ਉਸਨੇ ਇੱਕ ਕੰਬਲ ਦੇ ਬਚੇ ਹੋਏ ਹਿੱਸੇ ਨਾਲ਼ੋਂ ਹੋਰ ਪੱਟੀਆਂ ਫਾੜੀਆਂ ਤੇ ਆਪਣੇ ਲਹੂ-ਲੁਹਾਣ ਪੈਰਾਂ ਉੱਤੇ ਲਪੇਟ ਲਈਆਂ। ਉਸਨੇ ਜਖ਼ਮੀ ਗਿੱਟੇ ਨੂੰ ਵੀ ਦੁਬਾਰਾ ਕੱਸਿਆ ਅਤੇ ਸਫਰ ਲਈ ਤਿਆਰ ਹੋ ਗਿਆ। ਪਿੱਠੂ ਕੋਲ ਆਕੇ ਉਹ ਦੇਰ ਤੱਕ ਬਾਰਾਂਸਿੰਗੇ ਦੇ ਚਮੜੇ ਦੀ ਮੋਟੀ ਥੈਲੀ ਨੂੰ ਵੇਖਦਾ ਰਿਹਾ ਪਰ ਆਖ਼ਰ ਉਸਨੂੰ ਨਾਲ ਲੈ ਲਿਆ।
ਮੀਂਹ ਨਾਲ਼ ਬਰਫ ਪਿਘਲ਼ ਗਈ ਸੀ ਅਤੇ ਸਿਰਫ ਪਹਾੜੀਆਂ ਦੀਆਂ ਸਿਖਰਾਂ ਉੱਤੇ ਹੀ ਸਫੇਦੀ ਦਿਸ ਰਹੀ ਸੀ। ਸੂਰਜ ਨਿੱਕਲ਼ ਆਇਆ ਅਤੇ ਉਸਨੂੰ ਦਿਸ਼ਾਵਾਂ ਦਾ ਪਤਾ ਲੱਗ ਗਿਆ, ਪਰ ਉਹ ਇਹ ਵੀ ਜਾਣ ਗਿਆ ਕਿ ਉਹ ਭਟਕ ਗਿਆ ਹੈ। ਸ਼ਾਇਦ, ਪਿਛਲੇ ਦੋ ਦਿਨਾਂ ਵਿੱਚ ਉਹ ਭਟਕਦਾ ਹੋਇਆ ਕੁੱਝ ਵਧੇਰੇ ਹੀ ਖੱਬੇ ਵੱਲ ਚਲਾ ਗਿਆ ਸੀ। ਹੁਣ ਉਹ ਨੱਕ ਦੀ ਸੇਧ ਵਿੱਚ ਸੱਜੇ ਪਾਸੇ ਚੱਲ ਪਿਆ ਤਾਂ ਜੋ ਇਸ ਵਿਚਲਣ ਦੀ ਭਰਪਾਈ ਹੋ ਸਕੇ।
ਭਾਵੇਂ ਭੁੱਖ ਹੁਣ ਉਸ ਤਰ੍ਹਾਂ ਚੁਭ ਨਹੀਂ ਰਹੀ ਸੀ ਪਰ ਉਹ ਬਹੁਤ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ। ਉਸਨੂੰ ਅਕਸਰ ਅਰਾਮ ਕਰਨ ਲਈ ਰੁਕਣਾ ਪੈਂਦਾ ਸੀ ਅਤੇ ਰੁਕਦਿਆਂ ਹੀ ਉਹ ਮਸਕੇਗ ਬੇਰੀਆਂ ਅਤੇ ਘਾਹ ਦੀਆਂ ਗੰਢਾਂ ਉੱਤੇ ਟੁੱਟ ਪੈਂਦਾ ਸੀ। ਉਸਦੀ ਜੀਭ ਸੁੱਕੀ ਅਤੇ ਵਧੀ ਹੋਈ ਮਹਿਸੂਸ ਹੋ ਰਹੀ ਸੀ, ਜਿਵੇਂ ਉਸ ਉੱਤੇ ਲੂੰ ਉੱਗ ਆਏ ਹੋਣ ਤੇ ਉਸਦਾ ਮੂੰਹ ਕੁੜੱਤਣ ਨਾਲ਼ ਭਰਿਆ ਪਿਆ ਸੀ। ਉਸਦਾ ਦਿਲ ਵੀ ਉਸਨੂੰ ਕਾਫ਼ੀ ਤੰਗ ਕਰ ਰਿਹਾ ਸੀ। ਜਿਵੇਂ ਹੀ ਉਹ ਕੁੱਝ ਮਿੰਟ ਤੱਕ ਚਲਦਾ ਸੀ ਉਹ ਜ਼ੋਰ ਨਾਲ਼ ਧੜਕਣ ਲਗਦਾ ਤੇ ਫਿਰ ਇਸ ਤਰ੍ਹਾਂ ਉੱਛਲ਼ਕੇ ਉਸਦੇ ਮੂੰਹ ਨੂੰ ਆ ਜਾਂਦਾ ਕਿ ਉਸਨੂੰ ਘੁਟਣ ਜਿਹੀ ਹੋਣ ਲੱਗਦੀ ਅਤੇ ਉਸਦਾ ਸਿਰ ਚਕਰਾਉਣ ਲਗਦਾ ਸੀ। ਦੁਪਹਿਰ ਸਮੇਂ ਉਸਨੂੰ ਪਾਣੀ ਨਾਲ਼ ਭਰੇ ਇੱਕ ਟੋਏ ਵਿੱਚ ਦੋ ਨਿੱਕੀਆਂ ਮੱਛੀਆਂ ਵਿਖਾਈ ਦਿੱਤੀਆਂ। ਉਸਨੂੰ ਖਾਲੀ ਕਰਨਾ ਤਾਂ ਅਸੰਭਵ ਸੀ ਪਰ ਹੁਣ ਉਹ ਪਹਿਲਾਂ ਨਾਲ਼ੋਂ ਜ਼ਿਆਦਾ ਸ਼ਾਂਤ ਸੀ ਅਤੇ ਆਪਣੀ ਟੀਨ ਦੀ ਬਾਲਟੀ ਵਿੱਚ ਉਨ੍ਹਾਂ ਨੂੰ ਫੜਨ ਵਿੱਚ ਕਾਮਯਾਬ ਰਿਹਾ। ਉਹ ਉਸਦੀ ਛੋਟੀ ਉਂਗਲ਼ੀ ਤੋਂ ਵੱਡੀਆਂ ਨਹੀਂ ਸਨ ਪਰ ਉਹ ਜ਼ਿਆਦਾ ਭੁੱਖਾ ਨਹੀਂ ਸੀ। ਉਸਦੇ ਢਿੱਡ ਦਾ ਹਲਕਾ ਦਰਦ ਹੋਰ ਵੀ ਹਲਕਾ ਅਤੇ ਮੰਦ ਪੈਂਦਾ ਜਾ ਰਿਹਾ ਸੀ। ਅਜਿਹਾ ਲੱਗਦਾ ਸੀ ਜਿਵੇਂ ਉਸਦਾ ਢਿੱਡ ਊਂਘ ਰਿਹਾ ਹੋਵੇ। ਉਹ ਦੋਵਾਂ ਮੱਛੀਆਂ ਕੱਚੀਆਂ ਹੀ ਖਾ ਗਿਆ। ਉਹ ਬੜੇ ਧਿਆਨ ਨਾਲ਼ ਹੌਲੀ-ਹੌਲੀ ਚਬਾ ਰਿਹਾ ਸੀ ਕਿਉਂਕਿ ਇਸ ਸਮੇਂ ਖਾਣਾ ਉਸਦੇ ਲਈ ਇੱਕ ਖਾਲਸ ਬੌਧਿਕ ਕਿਰਿਆ ਸੀ। ਉਸਨੂੰ ਖਾਣ ਦੀ ਕੋਈ ਇੱਛਾ ਨਹੀਂ ਸੀ ਪਰ ਉਹ ਜਾਣਦਾ ਸੀ ਕਿ ਜਿਉਂਦਾ ਰਹਿਣ ਲਈ ਉਸਨੂੰ ਖਾਣਾ ਪਵੇਗਾ।
ਸ਼ਾਮ ਨੂੰ ਉਸਨੇ ਤਿੰਨ ਹੋਰ ਮੱਛੀਆਂ ਫੜੀਆਂ, ਦੋ ਨੂੰ ਖਾ ਲਿਆ ਅਤੇ ਤੀਜੀ ਨੂੰ ਨਾਸ਼ਤੇ ਲਈ ਰੱਖ ਲਿਆ। ਧੁੱਪ ਨਾਲ਼ ਕਾਈ ਕਿਤੇ-ਕਿਤੇ ਸੁੱਕ ਗਈ ਸੀ ਅਤੇ ਉਸਨੂੰ ਇੱਕ ਵਾਰ ਫਿਰ ਗਰਮ ਪਾਣੀ ਮਿਲ਼ ਗਿਆ। ਉਸ ਦਿਨ ਉਹ ਦਸ ਮੀਲ ਤੋਂ ਜ਼ਿਆਦਾ ਨਹੀਂ ਤੈਅ ਕਰ ਸਕਿਆ ਅਤੇ ਅਗਲੇ ਦਿਨ ਉਹ ਪੰਜ ਮੀਲ ਹੀ ਚੱਲ ਸਕਿਆ। ਉਹ ਉਦੋਂ ਤੱਕ ਚੱਲ ਸਕਦਾ ਸੀ ਜਦੋਂ ਤੱਕ ਉਸਦਾ ਕਲੇਜਾ ਮੂੰਹ ਨੂੰ ਨਹੀਂ ਸੀ ਆਉਣ ਲੱਗਦਾ। ਪਰ ਉਸਦਾ ਢਿੱਡ ਹੁਣ ਉਸਨੂੰ ਜ਼ਰਾ ਵੀ ਪ੍ਰੇਸ਼ਾਨ ਨਹੀਂ ਕਰ ਰਿਹਾ ਸੀ। ਉਹ ਸੌਂ ਚੁੱਕਿਆ ਸੀ। ਹੁਣ ਉਹ ਇੱਕ ਨਵੇਂ ਇਲਾਕੇ ਵਿੱਚ ਪਹੁੰਚ ਗਿਆ ਸੀ ਜਿੱਥੇ ਮਿਰਗ ਜ਼ਿਆਦਾ ਸਨ ਅਤੇ ਨਾਲ ਹੀ ਬਘਿਆੜ ਵੀ। ਅਕਸਰ ਉਨ੍ਹਾਂ ਦਾ ਹਵਾਂਕਣਾ ਸੁੰਨਸਾਨ ਵਿੱਚ ਤੈਰਦਾ ਹੋਇਆ ਉਸ ਤੱਕ ਪੁੱਜਦਾ ਸੀ ਅਤੇ ਇੱਕ ਵਾਰ ਉਸਨੇ ਆਪਣੇ ਰਾਹ ਵਿੱਚ ਤਿੰਨ ਬਘਿਆੜ ਵੇਖੇ ਸਨ ਜੋ ਉਸਨੂੰ ਵੇਖਦੇ ਹੀ ਉੱਥੋਂ ਖਿਸਕ ਗਏ।
ਇੱਕ ਹੋਰ ਰਾਤ ਬੀਤੀ, ਸਵੇਰੇ ਉਸਦਾ ਦਿਮਾਗ਼ ਪਹਿਲਾਂ ਨਾਲ਼ ਜ਼ਿਆਦਾ ਸਾਫ਼ ਸੀ। ਉਸਨੇ ਬਾਰ੍ਹਾਂਸਿੰਗੇ ਦੇ ਚਮੜੇ ਦੀ ਮੋਟੀ ਥੈਲੀ ਦਾ ਚਮੜੇ ਦਾ ਫ਼ੀਤਾ ਖੋਲ੍ਹ ਦਿੱਤਾ। ਥੈਲੀ ਵਿੱਚੋਂ ਸੋਨੇ ਦੇ ਮੋਟੇ-ਮੋਟੇ ਕਣਾਂ ਅਤੇ ਡਲ਼ਿਆਂ ਦੀ ਪੀਲ਼ੀ ਧਾਰ ਜ਼ਮੀਨ ਉੱਤੇ ਖਿੰਡ ਗਈ। ਉਸ ਨੇ ਸੋਨੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ, ਅੱਧੇ ਨੂੰ ਕੰਬਲ ਦੇ ਇੱਕ ਟੁਕੜੇ ਵਿੱਚ ਲਪੇਟ ਕੇ ਇੱਕ ਅਲੱਗ ਜਿਹੀ ਦਿਸ ਰਹੀ ਚੱਟਾਨ ਦੇ ਹੇਠਾਂ ਲੁਕਾਇਆ ਅਤੇ ਬਾਕੀ ਅੱਧੇ ਨੂੰ ਪਿੱਠੂ ਵਿੱਚ ਰੱਖ ਲਿਆ। ਬਚੇ ਹੋਏ ਇੱਕ ਕੰਬਲ ਨਾਲ਼ੋਂ ਵੀ ਪੱਟੀਆਂ ਪਾੜ ਕੇ ਉਸ ਨੇ ਪੈਰਾਂ ਉੱਤੇ ਲਪੇਟ ਲਈਆਂ। ਉਹ ਹੁਣ ਵੀ ਆਪਣੀ ਬੰਦੂਕ ਨਾਲ਼ ਲਿਜਾ ਰਿਹਾ ਸੀ ਕਿਉਂਕਿ ਡੀਜ਼ ਨਦੀ ਦੇ ਕੰਢੇ ਦੇ ਭੰਡਾਰ ਵਿੱਚ ਕਾਰਤੂਸ ਵੀ ਰੱਖੇ ਹੋਏ ਸਨ। ਇਹ ਦਿਨ ਧੁੰਦ ਭਰਿਆ ਸੀ ਅਤੇ ਇੱਕ ਵਾਰ ਫਿਰ ਉਸਦੀ ਭੁੱਖ ਜਾਗ ਪਈ। ਉਹ ਬੇਹੱਦ ਕਮਜ਼ੋਰ ਸੀ ਅਤੇ ਉਸਦਾ ਸਿਰ ਇਸ ਤਰ੍ਹਾਂ ਚਕਰਾ ਰਿਹਾ ਸੀ ਕਿ ਕਦੇ-ਕਦੇ ਉਸਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਜਾਂਦਾ ਸੀ। ਹੁਣ ਉਹ ਅਕਸਰ ਹੀ ਠੋਕਰ ਖਾ ਕੇ ਡਿੱਗ ਪੈਂਦਾ ਸੀ ਅਤੇ ਇੱਕ ਵਾਰ ਉਹ ਸਿੱਧਾ ਪਹਾੜੀ ਤਿੱਤਰ ਦੇ ਇੱਕ ਆਲ੍ਹਣੇ ਉੱਤੇ ਡਿੱਗ ਪਿਆ। ਉਸ ਵਿੱਚ ਚਾਰ ਬੱਚੇ ਸਨ, ਸ਼ਾਇਦ ਇੱਕ ਦਿਨ ਪਹਿਲਾਂ ਹੀ ਜੰਮੇ ਹੋਏ। ਉਹ ਉਨ੍ਹਾਂ ਨੂੰ ਜਿਉਂਦੇ ਹੀ ਚਬਾ ਗਿਆ। ਉਨ੍ਹਾਂ ਦੀ ਮਾਂ ਜ਼ੋਰ ਨਾਲ਼ ਚੀਕਦੀ ਅਤੇ ਖੰਭ ਫੜਫੜਾਉਂਦੀ ਹੋਈ ਉਸਦੇ ਚਾਰੇ ਪਾਸੇ ਨੱਚ ਰਹੀ ਸੀ। ਉਸਨੇ ਆਪਣੀ ਬੰਦੂਕ ਦੇ ਬੱਟ ਨਾਲ਼ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਨਿੱਕਲ਼ੀ। ਉਸਨੇ ਉਸ ਉੱਤੇ ਪੱਥਰ ਸੁੱਟੇ ਅਤੇ ਤੁੱਕੇ ਨਾਲ਼ ਇੱਕ ਪੱਥਰ ਉਸਦੇ ਵੱਜਿਆ ਜਿਸ ਨਾਲ ਉਸਦਾ ਇੱਕ ਖੰਭ ਟੁੱਟ ਗਿਆ। ਫਿਰ ਉਹ ਉੱਠੀ ਤੇ ਖੰਭ ਘਸੀਟਦੇ ਹੋਏ ਉੱਥੋਂ ਭੱਜੀ। ਆਦਮੀ ਉਸਦੇ ਪਿੱਛੇ ਸੀ।
ਪਹਾੜੀ ਤਿੱਤਰ ਦੇ ਬੱਚਿਆਂ ਨਾਲ਼ ਉਸਦੀ ਭੁੱਖ ਹੋਰ ਭੜਕ ਉੱਠੀ ਸੀ। ਉਹ ਜਖ਼ਮੀ ਗਿੱਟੇ ਉੱਤੇ ਟੱਪਦਾ ਤੇ ਘਿਸੜਦਾ ਹੋਇਆ ਪੰਛੀ ਦੇ ਪਿੱਛੇ ਲੱਗਾ ਸੀ। ਕਦੇ ਉਹ ਗਲ਼ਾ ਪਾੜਕੇ ਚੀਖਦਾ ਹੋਇਆ ਉਸ ਉੱਤੇ ਪੱਥਰ ਸੁੱਟਦਾ ਸੀ, ਤਾਂ ਕਦੇ ਚੁੱਪਚਾਪ ਸਬਰ ਨਾਲ ਡਿੱਗਦਾ-ਢਹਿੰਦਾ ਪਿੱਛਾ ਕਰਦਾ ਸੀ। ਕਈ ਵਾਰ ਉਸਨੂੰ ਕੁੱਝ ਸੁੱਝਦਾ ਨਹੀਂ ਸੀ, ਤਦ ਉਹ ਰੁਕ ਕੇ ਆਪਣੀ ਅੱਖਾਂ ਅਤੇ ਮੱਥੇ ਨੂੰ ਮਲ਼ਦਾ ਰਹਿੰਦਾ ਸੀ।
ਪਿੱਛਾ ਕਰਦੇ ਹੋਏ ਉਹ ਵਾਦੀ ਵਿੱਚ ਦਲਦਲੀ ਜ਼ਮੀਨ ਉੱਤੇ ਚਲਾ ਗਿਆ ਅਤੇ ਉਸਨੂੰ ਭਿੱਜੀ ਕਾਈ ਉੱਤੇ ਕਦਮਾਂ ਦੇ ਨਿਸ਼ਾਨ ਵਿਖਾਈ ਦਿੱਤੇ। ਇਹ ਤਾਂ ਸਾਫ਼ ਸੀ ਕਿ ਉਹ ਉਸਦੇ ਨਹੀਂ ਸਨ। ਜਰੂਰ ਹੀ ਉਹ ਬਿਲ ਦੇ ਹੋਣਗੇ। ਪਰ ਉਹ ਰੁਕ ਨਹੀਂ ਸਕਦਾ ਸੀ, ਕਿਉਂਕਿ ਪਹਾੜੀ ਤਿੱਤਰ ਭੱਜੀ ਜਾ ਰਹੀ ਸੀ। ਪਹਿਲਾਂ ਉਹ ਉਸਨੂੰ ਫੜੇਗਾ ਤੇ ਫਿਰ ਪਰਤ ਕੇ ਜਾਂਚ ਕਰੇਗਾ।
ਉਸਨੇ ਪਹਾੜੀ ਤਿੱਤਰ ਨੂੰ ਥਕਾ ਦਿੱਤਾ, ਪਰ ਉਹ ਖੁਦ ਵੀ ਬਹੁਤ ਥੱਕ ਗਿਆ। ਉਹ ਹਫਦੀ ਹੋਈ ਲਿਟੀ ਪਈ ਸੀ ਤੇ ਦਸ ਕਦਮ ਉੱਤੇ ਉਹ ਵੀ ਹਫਦਾ ਹੋਇਆ ਲਿਟਿਆ ਪਿਆ ਸੀ। ਉਸ ਵਿੱਚ ਇੰਨੀ ਵੀ ਤਾਕਤ ਨਹੀਂ ਸੀ ਕਿ ਰੀਂਗ ਕੇ ਪੰਛੀ ਕੋਲ ਚਲਿਆ ਜਾਵੇ। ਜਦੋਂ ਤੱਕ ਉਹ ਸੰਭਲ਼ਿਆ, ਉਦੋਂ ਤੱਕ ਪਹਾੜੀ ਤਿੱਤਰ ਵੀ ਸੰਭਲ਼ ਗਈ ਅਤੇ ਖੰਭ ਫੜਫੜਾਉਂਦੇ ਹੋਏ ਉਸਦੇ ਭੁੱਖੇ ਹੱਥ ਦੀ ਮਾਰ ‘ਚੋਂ ਨਿੱਕਲ਼ ਗਈ। ਸ਼ਿਕਾਰ ਫਿਰ ਸ਼ੁਰੂ ਹੋ ਗਿਆ। ਰਾਤ ਢਲ਼ ਆਈ ਤੇ ਉਹ ਬਚਕੇ ਭੱਜ ਗਈ। ਆਦਮੀ ਕਮਜ਼ੋਰੀ ਨਾਲ਼ ਲੜਖੜਾ ਗਿਆ ਤੇ ਪਿੱਠ ਉੱਤੇ ਪਿੱਠੂ ਸਮੇਤ ਮੂੰਹ ਪਰਨੇ ਡਿੱਗ ਪਿਆ। ਉਸਦੀ ਗੱਲ੍ਹ ਝਰੀਟੀ ਗਈ। ਕਾਫ਼ੀ ਦੇਰ ਤੱਕ ਉਹ ਇੰਝ ਹੀ ਪਿਆ ਰਿਹਾ ਤੇ ਫਿਰ ਪਾਸਾ ਪਰਤਿਆ, ਘੜੀ ਵਿੱਚ ਚਾਬੀ ਦਿੱਤੀ ਅਤੇ ਸਵੇਰੇ ਤੱਕ ਉਥੇ ਹੀ ਲਿਟਿਆ ਰਿਹਾ।
ਅਗਲੇ ਦਿਨ ਵੀ ਧੁੰਦ ਘਿਰ ਆਈ ਸੀ। ਉਸਦੇ ਆਖਰੀ ਕੰਬਲ ਦਾ ਅੱਧਾ ਹਿੱਸਾ ਪੈਰਾਂ ਦੀਆਂ ਪੱਟੀਆਂ ਦੀ ਭੇਂਟ ਚੜ੍ਹ ਚੁੱਕਾ ਸੀ। ਉਹ ਬਿਲ ਦੇ ਕਦਮਾਂ ਦੇ ਨਿਸ਼ਾਨ ਲੱਭਣ ਵਿੱਚ ਨਾਕਾਮ ਰਿਹਾ। ਇਸ ਨਾਲ਼ ਕੋਈ ਫਰਕ ਨਹੀਂ ਸੀ ਪੈਂਦਾ। ਉਸਦੀ ਭੁੱਖ ਉਸਨੂੰ ਇਸ ਤਰ੍ਹਾਂ ਨਚਾ ਰਹੀ ਸੀ ਕਿ ਉਹ ਸੋਚਣ ਲੱਗਾ ਕਿ ਸ਼ਾਇਦ ਬਿਲ ਵੀ ਰਸਤਾ ਭਟਕ ਗਿਆ ਸੀ। ਦੁਪਹਿਰ ਤੱਕ ਉਸਦੀ ਪਿੱਠ ਦਾ ਬੋਝ ਅਸਹਿ ਹੋ ਗਿਆ। ਇੱਕ ਵਾਰ ਫਿਰ ਉਸਨੇ ਸੋਨੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ, ਪਰ ਇਸ ਵਾਰ ਅੱਧਾ ਹਿੱਸਾ ਉਂਝ ਹੀ ਜ਼ਮੀਨ ਉੱਤੇ ਡੇਗ ਦਿੱਤਾ। ਦੁਪਹਿਰ ਬਾਅਦ ਉਸਨੇ ਬਾਕੀ ਨੂੰ ਵੀ ਸੁੱਟ ਦਿੱਤਾ ਅਤੇ ਹੁਣ ਉਸ ਕੋਲ਼ ਸਿਰਫ ਅੱਧਾ ਕੰਬਲ, ਟੀਨ ਦੀ ਬਾਲਟੀ ਅਤੇ ਰਾਇਫਲ ਰਹਿ ਗਈ ਸੀ।
ਇੱਕ ਮਤੀਭਰਮ ਉਸਨੂੰ ਵਿਆਕੁਲ ਕਰਨ ਲੱਗਾ। ਉਸਨੂੰ ਇਹ ਜਾਪਣ ਲੱਗਾ ਕਿ ਉਸ ਕੋਲ਼ ਇੱਕ ਕਾਰਤੂਸ ਬਚਿਆ ਹੋਇਆ ਹੈ। ਉਸਨੂੰ ਲੱਗਾ ਕਿ ਉਹ ਰਾਇਫਲ ਦੇ ਚੈਂਬਰ ਵਿੱਚ ਪਿਆ ਸੀ ਪਰ ਉਸਦਾ ਧਿਆਨ ਇਸ ਵੱਲ ਨਹੀਂ ਗਿਆ। ਦੂਜੇ ਪਾਸੇ, ਉਹ ਜਾਣਦਾ ਸੀ ਕਿ ਚੈਂਬਰ ਖਾਲੀ ਹੈ। ਪਰ ਮਤੀਭਰਮ ਬਣਿਆ ਰਿਹਾ। ਉਹ ਘੰਟਾ ਭਰ ਇਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਫਿਰ ਉਸਨੇ ਰਾਇਫਲ ਖੋਲ੍ਹ ਦਿੱਤੀ ਅਤੇ ਚੈਂਬਰ ਖਾਲੀ ਵੇਖਿਆ। ਉਹ ਇੰਨਾ ਨਿਰਾਸ਼ ਹੋਇਆ ਜਿਵੇਂ ਉਸਨੂੰ ਸੱਚੀਓਂ ਉੱਥੇ ਕਾਰਤੂਸ ਹੋਣ ਦੀ ਉਮੀਦ ਹੋਵੇ।
ਉਹ ਭਾਰੇ ਕਦਮਾਂ ਨਾਲ਼ ਅੱਧੇ ਘੰਟੇ ਤੱਕ ਹੋਰ ਚਲਦਾ ਰਿਹਾ ਤੇ ਉਹ ਮਤੀਭਰਮ ਦੁਬਾਰਾ ਉਸ ਉੱਤੇ ਹਾਵੀ ਹੋ ਗਿਆ। ਉਹ ਫਿਰ ਉਸਨੂੰ ਦਿਮਾਗ਼ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨ ਲੱਗਾ ਅਤੇ ਆਖ਼ਰ ਉਸਨੇ ਦਿਮਾਗ਼ ਨੂੰ ਰਾਹਤ ਦੇਣ ਲਈ ਰਾਇਫਲ ਖੋਲ੍ਹ ਲਈ। ਕਈ ਵਾਰ ਉਸਦਾ ਦਿਮਾਗ਼ ਕਿਤੇ ਬਹੁਤ ਦੂਰ ਚਲਾ ਜਾਂਦਾ ਤੇ ਉਸਦਾ ਸਰੀਰ ਬਸ ਆਪਣੇ-ਆਪ ਹੀ ਤੁਰਦਾ ਰਹਿੰਦਾ ਅਤੇ ਅਜੀਬੋ-ਗ਼ਰੀਬ ਸਨਕ ਭਰੇ ਖਿਆਲ ਕੀੜੀਆਂ ਵਾਂਗ ਉਸਦੇ ਦਿਮਾਗ਼ ਵਿੱਚ ਕੁਲਬੁਲ਼ਾਉਂਦੇ ਰਹਿੰਦੇ ਸਨ। ਪਰ ਹਕੀਕਤ ਤੋਂ ਪਰ੍ਹਾਂ ਦੀਆਂ ਇਹ ਯਾਤਰਾਵਾਂ ਸੰਖੇਪ ਹੁੰਦੀਆਂ ਸਨ ਕਿਉਂਕਿ ਭੁੱਖ ਦੀਆਂ ਤਰਾਟਾਂ ਉਸਨੂੰ ਵਾਪਸ ਖਿੱਚ ਲਿਆਉਂਦੀਆਂ ਸਨ। ਇੱਕ ਵਾਰ ਜਦੋਂ ਉਹ ਅਜਿਹੀ ਹੀ ਇੱਕ ਯਾਤਰਾ ਕਰ ਰਿਹਾ ਸੀ ਤਾਂ ਇੱਕ ਦ੍ਰਿਸ਼ ਨੇ ਉਸਨੂੰ ਯਥਾਰਥ ਵਿੱਚ ਧੱਕਾ ਦਿੱਤਾ ਤੇ ਉਹ ਗਸ਼ ਖਾਂਦਾ-ਖਾਂਦਾ ਬਚਿਆ। ਉਹ ਨਸ਼ੇ ਵਿੱਚ ਧੁੱਤ ਵਿਅਕਤੀ ਵਾਂਗ ਅੱਗੇ-ਪਿੱਛੇ ਝੂਲਦਾ ਹੋਇਆ ਡਿੱਗਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਦੇ ਸਾਹਮਣੇ ਇੱਕ ਘੋੜਾ ਖੜਾ ਸੀ। ਘੋੜਾ! ਉਸਨੂੰ ਆਪਣੀ ਅੱਖਾਂ ਉੱਤੇ ਭਰੋਸਾ ਨਹੀਂ ਹੋਇਆ। ਉਨ੍ਹਾਂ ਵਿੱਚ ਸੰਘਣੀ ਧੁੰਦ ਸੀ ਜਿਸ ਵਿੱਚ ਕਦੇ-ਕਦੇ ਰੌਸ਼ਨੀ ਚੁੰਧਿਆ ਰਹੀ ਸੀ। ਉਸਨੇ ਆਪਣੀ ਅੱਖਾਂ ਜ਼ੋਰ ਨਾਲ਼ ਰਗੜੀਆਂ ਤੇ ਵੇਖਿਆ ਕਿ ਘੋੜਾ ਨਹੀਂ, ਉਹ ਇੱਕ ਵੱਡਾ ਸਾਰਾ ਭੂਰਾ ਭਾਲੂ ਹੈ। ਜਾਨਵਰ ਉਸਨੂੰ ਲੜਾਕੂ ਜਗਿਆਸਾ ਨਾਲ਼ ਵੇਖ ਰਿਹਾ ਸੀ।
ਆਦਮੀ ਨੇ ਆਪਣੀ ਬੰਦੂਕ ਅੱਧ ਤੱਕ ਚੁੱਕੀ, ਉਦੋਂ ਉਸਦਾ ਧਿਆਨ ਗਿਆ ਕਿ ਉਹ ਖਾਲੀ ਹੈ। ਉਸਨੇ ਬੰਦੂਕ ਹੇਠਾਂ ਕਰ ਲਈ ਤੇ ਲੱਕ ਉੱਤੇ ਬੱਝੀ ਮਿਆਨ ਵਿੱਚੋਂ ਸ਼ਿਕਾਰੀ ਚਾਕੂ ਕੱਢਿਆ। ਉਸਦੇ ਸਾਹਮਣੇ ਮਾਸ ਅਤੇ ਜ਼ਿੰਦਗੀ ਸੀ। ਉਸਨੇ ਚਾਕੂ ਦੀ ਧਾਰ ਉੱਤੇ ਅੰਗੂਠਾ ਫੇਰਿਆ, ਉਹ ਤੇਜ਼ ਸੀ, ਨੋਕ ਵੀ ਤੇਜ਼ ਸੀ। ਉਹ ਭਾਲੂ ਉੱਤੇ ਝਪਟ ਕੇ ਉਸਨੂੰ ਮਾਰ ਦੇਵੇਗਾ। ਪਰ ਉਸਦਾ ਦਿਲ ਧਕ-ਧਕ-ਧਕ ਕਰਕੇ ਚਿਤਾਵਨੀ ਦਿੰਦਾ ਹੋਇਆ ਜ਼ੋਰ ਨਾਲ਼ ਉੱਛਲਣ ਲੱਗਾ। ਉਸਦੇ ਮੱਥੇ ਨੂੰ ਜਿਵੇਂ ਲੋਹੇ ਦੇ ਕਮਰਕੱਸੇ ਨੇ ਜਕੜ ਲਿਆ ਅਤੇ ਦਿਮਾਗ਼ ਚਕਰਾਉਣ ਲੱਗਾ।
ਉਸਦੀ ਬਦਹਵਾਸੀ ਭਰੀ ਹਿੰਮਤ ਨੂੰ ਡਰ ਦੇ ਉਬਾਲ਼ ਨੇ ਬੇਦਖ਼ਲ ਕਰ ਦਿੱਤਾ। ਜੇਕਰ ਉਸ ਜਾਨਵਰ ਨੇ ਹਮਲਾ ਕਰ ਦਿੱਤਾ ਤਾਂ ਕੀ ਹੋਵੇਗਾ? ਉਹ ਜਿੰਨਾ ਹੋ ਸਕਦਾ ਸੀ, ਤਣਕੇ ਖੜਾ ਹੋ ਗਿਆ, ਚਾਕੂ ਨੂੰ ਕਸਕੇ ਫੜ ਲਿਆ ਤੇ ਭਾਲੂ ਨੂੰ ਘੂਰਨ ਲੱਗਾ। ਭਾਲੂ ਹੌਲ਼ੀ-ਹੌਲ਼ੀ ਦੋ ਕਦਮ ਅੱਗੇ ਵਧਿਆ, ਪਿਛਲੀਆਂ ਲੱਤਾਂ ਉੱਤੇ ਖੜਾ ਹੋ ਗਿਆ ਅਤੇ ਹੌਲ਼ੀ ਜਿਹੇ ਗਰਜਿਆ। ਜੇਕਰ ਸਾਹਮਣੇ ਵਾਲ਼ਾ ਭੱਜੇਗਾ ਤਾਂ ਉਹ ਉਸਦਾ ਪਿੱਛਾ ਕਰੇਗਾ, ਪਰ ਆਦਮੀ ਭੱਜਿਆ ਨਾ। ਹੁਣ ਉਹ ਡਰ ਕਾਰਨ ਉਪਜੀ ਹਿੰਮਤ ਨਾਲ਼ ਕੰਮ ਕਰ ਰਿਹਾ ਸੀ। ਮਨੁੱਖੀ ਜ਼ਿੰਦਗੀ ਦੀਆਂ ਡੂੰਘਾਣਾਂ ਵਿੱਚ ਲੁਕੇ ਹਰ ਡਰ ਨੂੰ ਅਵਾਜ਼ ਦਿੰਦਾ ਹੋਇਆ ਉਹ ਵੀ ਵਹਿਸ਼ੀਆਂ ਵਾਂਗ ਭਿਆਨਕ ਅਵਾਜ਼ ਵਿੱਚ ਗਰਜ਼ਿਆ।
ਭਾਲੂ ਡਰਾਉਣੇ ਢੰਗ ਨਾਲ਼ ਗਰਜਦਾ ਹੋਇਆ ਇੱਕ ਪਾਸੇ ਹਟ ਗਿਆ। ਉਹ ਖੁਦ ਇਸ ਰਹੱਸਮਈ ਪ੍ਰਾਣੀ ਤੋਂ ਡਰਿਆ ਹੋਇਆ ਸੀ ਜੋ ਸਿੱਧਾ ਖੜਾ ਸੀ ਤੇ ਡਰ ਨਹੀਂ ਰਿਹਾ ਸੀ। ਪਰ ਆਦਮੀ ਹਿੱਲਿਆ ਨਾ। ਉਹ ਮੂਰਤ ਦੀ ਤਰ੍ਹਾਂ ਖੜਾ ਰਿਹਾ ਜਦੋਂ ਤੱਕ ਕਿ ਖ਼ਤਰਾ ਟਲ਼ ਨਾ ਗਿਆ। ਫਿਰ ਉਹ ਬੁਰੀ ਤਰ੍ਹਾਂ ਕੰਬਣ ਲੱਗਾ ਅਤੇ ਗਿੱਲੀ ਕਾਈ ਉੱਤੇ ਬੈਠ ਗਿਆ।
ਉਸਨੇ ਆਪਣੇ ਆਪ ਨੂੰ ਸੰਭਾਲ਼ਿਆ ਤੇ ਤੁਰ ਪਿਆ। ਹੁਣ ਇੱਕ ਨਵਾਂ ਡਰ ਉਸ ਉੱਤੇ ਹਾਵੀ ਹੋ ਰਿਹਾ ਸੀ। ਇਹ ਚੁੱਪਚਾਪ ਭੁੱਖ ਨਾਲ਼ ਮਰ ਜਾਣ ਦਾ ਡਰ ਨਹੀਂ ਸਗੋਂ ਇਹ ਡਰ ਸੀ ਕਿ ਜੀਣ ਦੀ ਹਰ ਕੋਸ਼ਿਸ਼ ਭੁੱਖ ਅੱਗੇ ਨਾਕਾਮ ਹੋਣ ਤੋਂ ਪਹਿਲਾਂ ਹੀ ਕਿਤੇ ਉਸਨੂੰ ਹਿੰਸਕ ਢੰਗ ਨਾਲ਼ ਖਤਮ ਨਾ ਕਰ ਦੇਵੇ। ਉੱਥੇ ਬਘਿਆੜ ਵੀ ਸਨ। ਉਜਾੜ ਵਿੱਚ ਸੁਣਾਈ ਦਿੰਦੀਆਂ ਉਨ੍ਹਾਂ ਦੀਆਂ ਚੀਕਾਂ ਨਾਲ਼ ਹਵਾ ਇੱਕ ਅਜਿਹੇ ਡਰਾਉਣੇ ਕਫਨ ਵਰਗੀ ਲੱਗਣ ਲਗਦੀ ਸੀ ਕਿ ਕਈ ਵਾਰ ਉਹ ਚਾਣਚੱਕ ਹੀ ਦੋਵਾਂ ਹੱਥਾਂ ਨਾਲ਼ ਉਸਨੂੰ ਪਿੱਛੇ ਧੱਕਣ ਲਗਦਾ ਸੀ।
ਕਦੇ-ਕਦੇ ਦੋ-ਤਿੰਨ ਦੀ ਟੋਲੀ ਵਿੱਚ ਬਘਿਆੜ ਉਸਨੂੰ ਰਾਹ ਵਿੱਚ ਮਿਲ਼ਦੇ ਸਨ। ਪਰ ਉਹ ਉਸਤੋਂ ਦੂਰ ਹੀ ਰਹਿੰਦੇ ਸਨ। ਇੱਕ ਤਾਂ ਉਹ ਗਿਣਤੀ ਵਿੱਚ ਥੋੜੇ ਹੁੰਦੇ ਸਨ, ਦੂਜਾ ਉਹ ਰੇਂਡੀਅਰ ਦੀ ਭਾਲ਼ ਵਿੱਚ ਸਨ ਜੋ ਲੜਦੇ ਨਹੀਂ ਸਨ, ਜਦੋਂ ਕਿ ਸਿੱਧਾ ਤੁਰਨ ਵਾਲ਼ਾ ਇਹ ਅਜੀਬ ਜਾਨਵਰ ਵੱਢ ਅਤੇ ਝਰੀਟ ਸਕਦਾ ਸੀ।
ਦੁਪਹਿਰ ਤੋਂ ਬਾਅਦ ਉਸਨੂੰ ਖਿੰਡੀਆਂ ਹੋਈਆਂ ਹੱਡੀਆਂ ਵਿਖਾਈ ਦਿੱਤੀਆਂ। ਇਹ ਬਘਿਆੜਾਂ ਦਾ ਕੰਮ ਸੀ। ਇਹ ਮਲਬਾ ਅੱਧਾ ਘੰਟਾ ਪਹਿਲਾਂ ਤੱਕ ਨੱਚਦਾ-ਟੱਪਦਾ, ਜਿਉਂਦਾ-ਜਾਗਦਾ ਰੇਂਡੀਅਰ ਦਾ ਬੱਚਾ ਸੀ। ਉਸਨੇ ਹੱਡੀਆਂ ਨੂੰ ਗੌਰ ਨਾਲ਼ ਵੇਖਿਆ। ਉਹ ਚੱਟਕੇ ਸਾਫ਼ ਕੀਤੀਆਂ ਜਾ ਚੁੱਕੀਆਂ ਸਨ। ਹਾਲੇ ਉਹ ਸੁੱਕੀਆਂ ਨਹੀਂ ਸਨ ਅਤੇ ਗੁਲਾਬੀ ਜਿਹੀਆਂ ਦਿਸ ਰਹੀਆਂ ਸਨ। ਉਨ੍ਹਾਂ ਦੀ ਕੋਸ਼ਿਕਾਵਾਂ ਹਾਲੇ ਜਿਉਂਦੀਆਂ ਸਨ। ਕੀ ਪਤਾ, ਦਿਨ ਖਤਮ ਹੋਣ ਤੋਂ ਪਹਿਲਾਂ ਉਸਦਾ ਵੀ ਇਹੀ ਹਾਲ ਹੋ ਜਾਵੇ! ਜ਼ਿੰਦਗੀ ਅਜਿਹੀ ਹੀ ਹੈ, ਪਿਆਰੇ! ਕੋਈ ਭਰੋਸਾ ਨਹੀਂ! ਦਰਦ ਤਾਂ ਜ਼ਿੰਦਗੀ ਹੀ ਦਿੰਦੀ ਹੈ। ਮੌਤ ਵਿੱਚ ਕੋਈ ਤਕਲੀਫ ਨਹੀਂ ਹੁੰਦੀ। ਮਰਨਾ ਇੰਝ ਹੀ ਹੈ ਜਿਵੇਂ ਸੌਂ ਜਾਣਾ। ਇਸਦਾ ਮਤਲਬ ਹੈ ਵਿਰਾਮ, ਪੂਰਾ ਅਰਾਮ। ਫਿਰ ਉਹ ਮਰਨਾ ਕਿਉਂ ਨਹੀਂ ਚਾਹੁੰਦਾ ਸੀ?
ਪਰ ਉਹ ਜ਼ਿਆਦਾ ਦੇਰ ਤੱਕ ਨੈਤਿਕ ਸਵਾਲਾਂ ਵਿੱਚ ਨਾ ਉਲ਼ਝਿਆ। ਉਹ ਕਾਈ ਵਿੱਚ ਗੋਡਿਆਂ ਭਾਰ ਬੈਠਾ ਸੀ ਤੇ ਇੱਕ ਹੱਡੀ ਨੂੰ ਮੂੰਹ ਵਿੱਚ ਲਈ ਜੀਵਨ ਦੇ ਉਨ੍ਹਾਂ ਰੇਸ਼ਿਆਂ ਨੂੰ ਚੂਸ ਰਿਹਾ ਸੀ ਜਿਨ੍ਹਾਂ ਕਾਰਨ ਉਨ੍ਹਾਂ ਵਿੱਚ ਗੁਲਾਬੀ ਰੰਗਤ ਸੀ। ਉਸਨੂੰ ਕੁੱਝ ਮਿੱਠਾ, ਮਾਸ ਵਰਗਾ ਸਵਾਦ ਆਇਆ – ਹਲਕਾ ਜਿਹਾ, ਬਸ ਇੱਕ ਯਾਦ ਵਰਗਾ ਤੇ ਉਹ ਪਾਗਲ ਹੋ ਉੱਠਿਆ। ਉਸਨੇ ਜਬਾੜਿਆਂ ਨਾਲ਼ ਜ਼ੋਰ ਨਾਲ਼ ਚੱਬਣ ਦੀ ਕੋਸ਼ਿਸ਼ ਕੀਤੀ। ਕਦੇ ਹੱਡੀ ਟੁੱਟਦੀ, ਕਦੇ ਉਸਦਾ ਦੰਦ। ਫਿਰ ਉਸਨੇ ਹੱਡੀਆਂ ਨੂੰ ਪੱਥਰਾਂ ਨਾਲ਼ ਕੁਚਲਿਆ, ਕੁੱਟ-ਕੁੱਟਕੇ ਉਨ੍ਹਾਂ ਦਾ ਮਲੀਦਾ ਜਿਹਾ ਬਣਾਇਆ ਤੇ ਨਿਗਲ਼ ਗਿਆ। ਹੜਬੜਾਹਟ ‘ਚ ਉਸਨੇ ਆਪਣੀਆਂ ਉਂਗਲ਼ਾਂ ਵੀ ਕੁਚਲ ਲਈਆਂ। ਬਸ ਇੱਕ ਪਲ ਲਈ ਉਸਦਾ ਧਿਆਨ ਇਸ ਵੱਲ ਗਿਆ ਕਿ ਪੱਥਰ ਹੇਠਾਂ ਆਉਣ ‘ਤੇ ਵੀ ਉਸਦੀਆਂ ਉਂਗਲ਼ੀਆਂ ਵਿੱਚ ਦਰਦ ਨਹੀਂ ਹੋਇਆ।
ਬਰਫ ਅਤੇ ਮੀਂਹ ਦੇ ਭਿਆਨਕ ਦਿਨ ਆ ਗਏ ਸਨ। ਉਸਨੂੰ ਪਤਾ ਨਹੀਂ ਸੀ ਲਗਦਾ ਕਿ ਕਦੋਂ ਉਹ ਰੁਕਦਾ ਸੀ ਤੇ ਕਦੋਂ ਚੱਲ ਪੈਂਦਾ ਸੀ। ਉਹ ਰਾਤ ਵਿੱਚ ਵੀ ਓਨਾ ਹੀ ਸਫਰ ਕਰਦਾ ਸੀ, ਜਿੰਨਾ ਦਿਨ ਵਿੱਚ। ਉਹ ਜਿੱਥੇ ਵੀ ਡਿਗ ਪੈਂਦਾ, ਉੱਥੇ ਹੀ ਠਉਂਕਾ ਲਾ ਲੈਂਦਾ ਸੀ ਅਤੇ ਜਦੋਂ ਵੀ ਉਸਦੇ ਅੰਦਰ ਮਰ ਰਹੇ ਜੀਵਨ ਦੀ ਲੋਅ ਫੜਫੜਾਉਂਦੀ ਹੋਈ ਬਲ਼ ਉੱਠਦੀ, ਉਹ ਰੀਂਗਣਾ ਸ਼ੁਰੂ ਕਰ ਦਿੰਦਾ ਸੀ। ਉਹ ਮਨੁੱਖ ਦੇ ਤੌਰ ‘ਤੇ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਇਹ ਤਾਂ ਉਸਦੇ ਅੰਦਰ ਦਾ ਜੀਵਨ ਸੀ, ਜੋ ਮਰਨ ਲਈ ਤਿਆਰ ਨਹੀਂ ਸੀ ਅਤੇ ਉਸਨੂੰ ਤੋਰੀ ਲਈ ਜਾ ਰਿਹਾ ਸੀ। ਉਸਨੂੰ ਕੋਈ ਪੀੜ ਨਹੀਂ ਹੋ ਰਹੀ ਸੀ। ਉਸਦੇ ਤੰਤੂ ਨਿੱਸਲ਼ ਤੇ ਸੁੰਨ ਹੋ ਗਏ ਸਨ ਤੇ ਉਸਦਾ ਦਿਮਾਗ਼ ਅਜੀਬੋ-ਗਰੀਬ ਦ੍ਰਿਸ਼ਾਂ ਤੇ ਲਜੀਜ਼ ਸੁਪਨਿਆਂ ਨਾਲ਼ ਭਰਿਆ ਹੋਇਆ ਸੀ।
ਉਹ ਰੇਂਡੀਅਰ ਦੀਆਂ ਹੱਡੀਆਂ ਦਾ ਬਚਿਆ ਹੋਇਆ ਹਿੱਸਾ ਆਪਣੇ ਨਾਲ਼ ਲੈ ਆਇਆ ਸੀ ਤੇ ਕਦੇ-ਕਦਾਈਂ ਉਨ੍ਹਾਂ ਨੂੰ ਚੱਬਦਾ ਤੇ ਚੂਸਦਾ ਰਹਿੰਦਾ ਸੀ। ਹੁਣ ਉਹ ਪਹਾੜੀਆਂ ਜਾਂ ਖੜੀਆਂ ਚੱਟਾਨਾਂ ਨੂੰ ਪਾਰ ਨਹੀਂ ਕਰ ਰਿਹਾ ਸੀ ਸਗੋਂ ਆਪ-ਮੁਹਾਰੇ ਇੱਕ ਚੌੜੇ ਵਹਾਅ ਦੇ ਨਾਲ਼-ਨਾਲ਼ ਚੱਲ ਰਿਹਾ ਸੀ ਜੋ ਇੱਕ ਮੋਕਲੀ ਤੇ ਪੇਤਲੀ ਵਾਦੀ ਵਿੱਚੋਂ ਵਗ ਰਿਹਾ ਸੀ। ਉਸਨੂੰ ਨਾ ਇਹ ਵਹਾਅ ਦਿਸ ਰਿਹਾ ਸੀ ਤੇ ਨਾ ਹੀ ਵਾਦੀ। ਉਹ ਅਨੋਖੇ ਮਤੀਭਰਮ ਤੋਂ ਬਿਨਾਂ ਕੁੱਝ ਨਹੀਂ ਵੇਖ ਰਿਹਾ ਸੀ। ਉਸਦੀ ਆਤਮਾ ਤੇ ਸਰੀਰ ਨਾਲ਼ੋ-ਨਾਲ਼ ਚੱਲ ਜਾਂ ਰੀਂਗ ਰਹੇ ਸਨ, ਭਾਵੇਂ ਉਹ ਇੱਕ-ਦੂਜੇ ਤੋਂ ਵੱਖ ਵੀ ਸਨ। ਉਨ੍ਹਾਂ ਨੂੰ ਜੋੜਨ ਵਾਲ਼ੀ ਤੰਦ ਬਹੁਤ ਬਰੀਕ ਰਹਿ ਗਈ ਸੀ।
ਉਹ ਉੱਠਿਆ ਤਾਂ ਉਸਦਾ ਦਿਮਾਗ਼ ਠਿਕਾਣੇ ਸੀ। ਉਹ ਇੱਕ ਪੱਧਰੀ ਚੱਟਾਨ ਉੱਤੇ ਲਿਟਿਆ ਹੋਇਆ ਸੀ। ਸੂਰਜ ਗਰਮ ਅਤੇ ਚਮਕਦਾਰ ਕਿਰਨਾਂ ਬਿਖੇਰ ਰਿਹਾ ਸੀ। ਦੂਰੋਂ ਉਸਨੂੰ ਰੇਂਡੀਅਰ ਦੇ ਬੱਚਿਆਂ ਦੇ ਬੋਲਣ ਦੀ ਅਵਾਜ਼ ਸੁਣ ਰਹੀ ਸੀ। ਉਸਨੂੰ ਮੀਂਹ, ਤੇਜ਼ ਹਵਾ ਅਤੇ ਬਰਫ ਦੀ ਧੁੰਦਲ਼ੀ ਜਿਹੀ ਯਾਦ ਸੀ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਉਹ ਦੋ ਦਿਨਾਂ ਤੱਕ ਤੂਫਾਨ ਦੇ ਥਪੇੜੇ ਝੱਲਦਾ ਰਿਹਾ ਹੈ ਜਾਂ ਦੋ ਹਫਤਿਆਂ ਤੱਕ।
ਕੁੱਝ ਦੇਰ ਤੱਕ ਉਹ ਬਿਨਾਂ ਹਿੱਲੇ-ਡੁੱਲੇ ਪਿਆ ਰਿਹਾ। ਨਿੱਘੀ ਧੁੱਪ ਉਸਦੇ ਬੇਹਾਲ ਸਰੀਰ ਨੂੰ ਗਰਮਾਹਟ ਨਾਲ਼ ਭਰ ਰਹੀ ਸੀ। ਉਸਨੇ ਸੋਚਿਆ, ਅੱਜ ਦਿਨ ਵਧੀਆ ਹੈ। ਸ਼ਾਇਦ ਉਹ ਪਤਾ ਕਰ ਸਕੇਗਾ ਕਿ ਉਹ ਕਿੱਥੇ ਹੈ। ਬੜੀ ਤਕਲੀਫ ਨਾਲ਼ ਉਸਨੇ ਕਰਵਟ ਬਦਲੀ। ਹੇਠਾਂ ਇੱਕ ਚੌੜੀ ਨਦੀ ਮੱਠੀ ਗਤੀ ਨਾਲ਼ ਵਗ ਰਹੀ ਸੀ। ਉਹ ਬਿਲਕੁਲ ਅਣਜਾਣ ਸੀ ਜਿਸ ਕਰਕੇ ਉਹ ਉਲ਼ਝਨ ਵਿੱਚ ਪੈ ਗਿਆ। ਉਸਨੇ ਹੌਲ਼ੀ-ਹੌਲ਼ੀ ਇਸਦੇ ਵਹਾਅ ਦੇ ਨਾਲ਼-ਨਾਲ਼ ਨਜ਼ਰ ਫੇਰੀ। ਦੂਰ ਤੱਕ ਨੀਵੀਆਂ ਅਤੇ ਉਜਾੜ ਪਹਾੜੀਆਂ ਸਨ। ਅਜਿਹੀ ਨੀਵੀਆਂ ਅਤੇ ਉਜਾੜ ਪਹਾੜੀਆਂ ਉਸਦੇ ਰਸਤੇ ਵਿੱਚ ਹੁਣ ਤੱਕ ਨਹੀਂ ਆਈਆਂ ਸਨ। ਹੌਲ਼ੀ-ਹੌਲ਼ੀ, ਕੋਸ਼ਿਸ਼ ਕਰਕੇ, ਬਿਨਾਂ ਉਤੇਜਿਤ ਹੋਏ ਉਸਨੇ ਆਪਣੀ ਨਿਗ੍ਹਾ ਨੂੰ ਇਸ ਅਨੋਖੇ ਵਹਾਅ ਦੇ ਨਾਲ਼-ਨਾਲ਼ ਰੁੱਖ ਤੱਕ ਜਾਣ ਦਿੱਤਾ ਅਤੇ ਵੇਖਿਆ ਕਿ ਉਹ ਇੱਕ ਚਮਕਦਾਰ, ਝਿਲਮਿਲਾਉਂਦੇ ਸਾਗਰ ਵਿੱਚ ਮਿਲ਼ ਰਹੀ ਹੈ। ਉਹ ਹੁਣ ਵੀ ਉਤੇਜਿਤ ਨਾ ਹੋਇਆ। ਉਸਨੇ ਸੋਚਿਆ, ਇਹ ਇੱਕ ਅਜੀਬ ਸੁਪਨਾ ਹੈ, ਨਜ਼ਰਾਂ ਦਾ ਧੋਖਾ ਹੈ। ਸਿਰਫ ਉਸਦੇ ਵਿਆਕੁਲ ਦਿਮਾਗ਼ ਦਾ ਭਰਮ ਹੈ। ਚਮਕਦੇ ਸਮੁੰਦਰ ਵਿੱਚ ਲੰਗਰ ਸੁੱਟੇ ਇੱਕ ਜਹਾਜ਼ ਨੂੰ ਵੇਖਕੇ ਉਸਦਾ ਖਿਆਲ ਹੋਰ ਪੱਕਾ ਹੋ ਗਿਆ। ਉਸਨੇ ਕੁੱਝ ਚਿਰ ਲਈ ਅੱਖਾਂ ਬੰਦ ਕਰ ਲਈਆਂ ਤੇ ਫਿਰ ਖੋਲ੍ਹੀਆਂ। ਅਜੀਬ ਗੱਲ ਸੀ! ਉਹ ਭਰਮ ਹੁਣ ਵੀ ਨਜ਼ਰਾਂ ਸਾਹਮਣੇ ਸੀ। ਨਹੀਂ, ਇਸ ਵਿੱਚ ਕੁੱਝ ਅਜੀਬ ਨਹੀਂ ਸੀ। ਉਹ ਜਾਣਦਾ ਸੀ ਕਿ ਉਜਾੜ ਇਲਾਕਿਆਂ ਦੇ ਐਨ ਵਿਚਕਾਰ ਕੋਈ ਸਮੁੰਦਰ ਜਾਂ ਜਹਾਜ਼ ਨਹੀਂ ਹੋ ਸਕਦਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਸਨੂੰ ਪਤਾ ਸੀ ਕਿ ਖਾਲੀ ਰਾਇਫਲ ਦੇ ਚੈਂਬਰ ਵਿੱਚ ਕੋਈ ਕਾਰਤੂਸ ਨਹੀਂ ਸੀ।
ਉਸਨੇ ਆਪਣੇ ਪਿੱਛੇ ਇੱਕ ਅਵਾਜ਼ ਸੁਣੀ – ਦੱਬੀ-ਦੱਬੀ ਜਿਹੀ ਖੰਘ ਜਾਂ ਛਿੱਕ ਦੀ ਅਵਾਜ਼। ਬੇਹੱਦ ਕਮਜ਼ੋਰੀ ਅਤੇ ਅਕੜੇਵੇਂ ਕਾਰਨ ਉਹ ਬਹੁਤ ਹੌਲ਼ੀ-ਹੌਲ਼ੀ ਦੂਜੇ ਪਾਸੇ ਮੁੜਿਆ। ਉਸਨੂੰ ਆਪਣੇ ਕਰੀਬ ਕੁੱਝ ਵਿਖਾਈ ਨਾ ਦਿੱਤਾ, ਪਰ ਉਹ ਸਬਰ ਨਾਲ਼ ਉਡੀਕਦਾ ਰਿਹਾ। ਖੰਘ ਅਤੇ ਸਾਹਾਂ ਦੀ ਅਵਾਜ਼ ਫੇਰ ਆਈ ਤੇ ਉਸਨੇ ਕਰੀਬ ਵੀਹ ਫੀਟ ਦੂਰ, ਦੋ ਨੁਕੀਲੇ ਪੱਥਰਾਂ ਵਿੱਚ ਇੱਕ ਬਘਿਆੜ ਦਾ ਸਿਰ ਵੇਖਿਆ। ਉਸਦੇ ਨੁਕੀਲੇ ਕੰਨ ਉਸ ਤਰ੍ਹਾਂ ਨਹੀਂ ਖੜੇ ਸਨ ਜਿਵੇਂ ਉਸਨੇ ਦੂਜੇ ਬਘਿਆੜਾਂ ਦੇ ਵੇਖੇ ਸਨ ਅਤੇ ਉਸਦੀਆਂ ਅੱਖਾਂ ਧੁੰਦਲ਼ੀਆਂ ਤੇ ਸੁਰਖ ਲਾਲ ਸਨ ਅਤੇ ਸਿਰ ਉਦਾਸੀ ਨਾਲ਼ ਢਲ਼ਕਿਆ ਜਿਹਾ ਹੋਇਆ ਸੀ। ਜਾਨਵਰ ਵਾਰ-ਵਾਰ ਧੁੱਪੇ ਅੱਖਾਂ ਮੀਚ ਰਿਹਾ ਸੀ। ਉਹ ਬਿਮਾਰ ਲੱਗ ਰਿਹਾ ਸੀ। ਆਦਮੀ ਨੂੰ ਆਪਣੇ ਵੱਲ ਵੇਖਦਾ ਵੇਖਕੇ ਉਹ ਇੱਕ ਵਾਰ ਖੰਘਿਆ ਤੇ ਉਸਦੀਆਂ ਨਾਸਾਂ ‘ਚੋਂ ਸਾਹਾਂ ਦੀ ਅਵਾਜ਼ ਆਈ।
ਉਸਨੇ ਸੋਚਿਆ ਕਿ ਘੱਟੋ-ਘੱਟ ਇਹ ਤਾਂ ਅਸਲੀ ਹੈ ਤੇ ਫਿਰ ਦੂਜੇ ਪਾਸੇ ਮੁੜਿਆ ਤਾਂ ਕਿ ਉਸ ਸੰਸਾਰ ਦੀ ਸੱਚਾਈ ਵੇਖ ਸਕੇ ਜਿਸਨੂੰ ਉਸ ਛਲਾਵੇ ਨੇ ਢਕ ਦਿੱਤਾ ਸੀ। ਪਰ ਦੂਰੀ ਉੱਤੇ ਸਮੁੰਦਰ ਹੁਣ ਵੀ ਝਿਲਮਿਲਾ ਰਿਹਾ ਸੀ ਅਤੇ ਜਹਾਜ਼ ਸਾਫ਼ ਪਛਾਣਿਆ ਜਾ ਸਕਦਾ ਸੀ। ਕੀ ਵਾਕਈ ਇਹ ਸੱਚ ਸੀ? ਉਹ ਅੱਖਾਂ ਬੰਦ ਕਰੀ ਦੇਰ ਤੱਕ ਸੋਚਦਾ ਰਿਹਾ ਤੇ ਫਿਰ ਅਚਾਨਕ ਉਸਨੂੰ ਸਮਝ ਆ ਗਿਆ। ਉਹ ਉੱਤਰ-ਪੂਰਬ ਵੱਲ ਚੱਲਦਾ ਰਿਹਾ ਸੀ, ਡੀਜ਼ ਨਦੀ ਨਾਲ਼ ਦੂਰ ਕਾਪਰਮਾਇਨ ਵਾਦੀ ਵਿੱਚ। ਇਹ ਚੌੜੀ ਤੇ ਮੱਠੀ ਨਦੀ ਕਾਪਰਮਾਇਨ ਸੀ। ਉਹ ਝਿਲਮਿਲਾਉਂਦਾ ਸਮੁੰਦਰ ਆਰਕਟਿਕ ਸਾਗਰ ਸੀ। ਉਹ ਜਹਾਜ਼ ਵੇਲ੍ਹ ਦੇ ਸ਼ਿਕਾਰੀਆਂ ਦਾ ਸੀ ਜੋ ਮੈਕੇਂਜੀ ਦੇ ਮੁਹਾਣੇ ਨਾਲ਼ ਪੂਰਬ ਵਿੱਚ ਕਾਫੀ ਅੱਗੇ ਚਲਾ ਆਇਆ ਸੀ ਤੇ ਕੋਰੋਨੇਸ਼ਨ ਖਾੜੀ ਵਿੱਚ ਲੰਗਰ ਸੁੱਟੀ ਖੜਾ ਸੀ। ਉਸਨੂੰ ਬਹੁਤ ਪਹਿਲਾਂ ਵੇਖਿਆ ਹੋਇਆ ਹਡਸਨ ਬੇ ਕੰਪਨੀ ਦਾ ਚਾਰਟ ਯਾਦ ਆਇਆ ਤੇ ਹੁਣ ਉਸਨੂੰ ਸਭ ਸਾਫ਼-ਸਾਫ਼ ਸਮਝ ਆਉਣ ਲੱਗਾ।
ਉਹ ਉੱਠ ਬੈਠਿਆ ਅਤੇ ਫੌਰੀ ਮਾਮਲਿਆਂ ਉੱਤੇ ਧਿਆਨ ਦਿੱਤਾ। ਕੰਬਲ਼ਾਂ ਦੀਆਂ ਪੱਟੀਆਂ ਪੂਰੀ ਤਰ੍ਹਾਂ ਘਸ ਚੁੱਕੀਆਂ ਸਨ ਤੇ ਉਸਦੇ ਪੈਰ ਮਾਸ ਦੇ ਲੋਥੜੇ ਭਰ ਰਹਿ ਗਏ ਸਨ। ਉਸਦਾ ਆਖਰੀ ਕੰਬਲ਼ ਵੀ ਜਾ ਚੁੱਕਿਆ ਸੀ। ਰਾਇਫਲ ਅਤੇ ਚਾਕੂ ਵੀ ਗਾਇਬ ਸਨ। ਉਸਦਾ ਟੋਪ ਕਿਤੇ ਡਿੱਗ ਪਿਆ ਸੀ ਜਿਸਦੇ ਅੰਦਰਲੇ ਫੀਤੇ ਵਿੱਚ ਮਾਚਿਸ ਦੀ ਤੀਲੀਆਂ ਸਨ, ਪਰ ਉਸਦੀ ਕਮੀਜ਼ ਅੰਦਰ ਅਤੇ ਤੰਬਾਕੂ ਦੀ ਥੈਲੀ ਵਿੱਚ ਮੋਮੀ ਕਾਗਜ਼ ਵਿੱਚ ਲਿਪਟੀਆਂ ਤੀਲੀਆਂ ਸੁਰੱਖਿਅਤ ਸਨ। ਉਸਨੇ ਘੜੀ ਉੱਤੇ ਨਜ਼ਰ ਫੇਰੀ। ਉਸ ਵਿੱਚ ਗਿਆਰਾਂ ਵੱਜੇ ਸਨ ਤੇ ਉਹ ਹੁਣ ਵੀ ਚੱਲ ਰਹੀ ਸੀ। ਸਾਫ਼ ਹੈ, ਉਹ ਇਸ ਵਿੱਚ ਚਾਬੀ ਭਰਦਾ ਰਿਹਾ ਸੀ।
ਉਹ ਸ਼ਾਂਤ ਸੀ ਉਸਦਾ ਦਿਮਾਗ਼ ਪੂਰੀ ਤਰ੍ਹਾਂ ਕਾਬੂ ਵਿੱਚ ਸੀ। ਉਹ ਬੇਹੱਦ ਕਮਜ਼ੋਰ ਹੋ ਗਿਆ ਸੀ ਪਰ ਉਸਨੂੰ ਦਰਦ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ। ਉਹ ਭੁੱਖਾ ਵੀ ਨਹੀਂ ਸੀ। ਖਾਣ ਦਾ ਖਿਆਲ ਹੁਣ ਉਸਨੂੰ ਚੰਗਾ ਵੀ ਨਹੀਂ ਲਗਦਾ ਸੀ ਤੇ ਉਹ ਜੋ ਕੁੱਝ ਵੀ ਕਰਦਾ ਸੀ ਬਸ ਦਿਮਾਗ਼ ਦੇ ਨਿਰਦੇਸ਼ ਉੱਤੇ ਹੀ ਕਰਦਾ ਸੀ। ਉਸਨੇ ਆਪਣੀ ਪਤਲੂਨ ਗੋਡਿਆਂ ਤੱਕ ਪਾੜ ਲਈ ਤੇ ਉਸਨੂੰ ਪੈਰਾਂ ਉੱਤੇ ਲਪੇਟ ਲਿਆ। ਟੀਨ ਦੀ ਬਾਲਟੀ ਕਿਸੇ ਤਰ੍ਹਾਂ ਹੁਣ ਵੀ ਉਸ ਕੋਲ਼ ਬਚੀ ਰਹਿ ਗਈ ਸੀ। ਜਹਾਜ਼ ਤੱਕ ਦਾ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਥੋੜ੍ਹਾ ਗਰਮ ਪਾਣੀ ਪੀਵੇਗਾ। ਉਹ ਜਾਣਦਾ ਸੀ ਕਿ ਇਹ ਇੱਕ ਭਿਆਨਕ ਸਫਰ ਹੋਵੇਗਾ।
ਉਸਦੀਆਂ ਹਰਕਤਾਂ ਬਹੁਤ ਹੌਲ਼ੀ ਸਨ। ਉਹ ਮਿਰਗੀ ਦੇ ਦੌਰੇ ਦੀ ਤਰ੍ਹਾਂ ਕੰਬਣ ਲੱਗਾ। ਜਦੋਂ ਉਸਨੇ ਸੁੱਕੀ ਕਾਈ ਇਕੱਠੀ ਕਰਨੀ ਸ਼ੁਰੂ ਕੀਤੀ ਤਾਂ ਉਸਨੇ ਵੇਖਿਆ ਕਿ ਉਸ ਕੋਲ਼ੋਂ ਆਪਣੇ ਪੈਰਾਂ ‘ਤੇ ਖੜਾ ਨਹੀਂ ਹੋਇਆ ਜਾ ਰਿਹਾ ਹੈ। ਇੱਕ ਵਾਰ ਉਹ ਬਿਮਾਰ ਬਘਿਆੜ ਤੱਕ ਰੀਂਗ ਕੇ ਗਿਆ। ਜਾਨਵਰ ਘਿਸੜ ਕੇ ਉਸਦੇ ਰਾਹ ਵਿੱਚੋਂ ਪਰ੍ਹਾਂ ਹਟ ਗਿਆ। ਉਸਨੇ ਆਪਣੇ ਜਬਾੜਿਆਂ ਉੱਤੇ ਮੁਸ਼ਕਲ ਨਾਲ਼ ਜੀਭ ਫੇਰੀ। ਆਦਮੀ ਨੇ ਵੇਖਿਆ ਕਿ ਜੀਭ ਉੱਤੇ ਸਿਹਤਮੰਦ ਲਾਲੀ ਨਹੀਂ ਸੀ। ਉਹ ਪਿਲੱਤਣ ਵਾਲ਼ੇ ਭੂਰੇ ਰੰਗ ਦੀ ਸੀ ਤੇ ਉਸ ਉੱਤੇ ਅੱਧ-ਸੁੱਕੀ ਬਲਗਮ ਦੀ ਪਰਤ ਚੜ੍ਹੀ ਹੋਈ ਸੀ।
ਕਰੀਬ ਇੱਕ ਲਿਟਰ ਗਰਮ ਪਾਣੀ ਪੀਣ ਤੋਂ ਬਾਅਦ ਆਦਮੀ ਨੇ ਵੇਖਿਆ ਕਿ ਉਹ ਖੜਾ ਹੋ ਸਕਦਾ ਹੈ ਅਤੇ ਉਸੇ ਤਰ੍ਹਾਂ ਚੱਲ ਵੀ ਸਕਦਾ ਹੈ, ਜਿਵੇਂ ਕਿਸੇ ਮਰਦੇ ਆਦਮੀ ਤੋਂ ਚੱਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਹਰ ਇੱਕ-ਅੱਧੇ ਮਿੰਟ ਮਗਰੋਂ ਉਸਨੂੰ ਅਰਾਮ ਕਰਨ ਲਈ ਰੁਕਣਾ ਪੈਂਦਾ ਸੀ। ਉਸਦੇ ਕਦਮ ਕਮਜ਼ੋਰ ਅਤੇ ਡਾਵਾਂਡੋਲ ਸਨ, ਉਵੇਂ ਹੀ ਜਿਵੇਂ ਉਸਦਾ ਪਿੱਛਾ ਕਰ ਰਹੇ ਬਘਿਆੜ ਦੇ ਕਦਮ ਕਮਜ਼ੋਰ ਅਤੇ ਡਾਵਾਂਡੋਲ ਸਨ। ਉਸ ਰਾਤ, ਜਦੋਂ ਝਿਲਮਿਲਾਉਂਦੇ ਸਮੁੰਦਰ ਨੂੰ ਹਨੇਰ੍ਹੇ ਨੇ ਢਕ ਲਿਆ ਤਾਂ ਉਸਨੇ ਹਿਸਾਬ ਲਗਾਇਆ ਕਿ ਦਿਨ ਭਰ ਵਿੱਚ ਉਸਦੀ ਦੂਰੀ ਬਸ ਚਾਰ ਮੀਲ ਹੀ ਘੱਟ ਹੋਈ ਹੈ।
ਸਾਰੀ ਰਾਤ ਉਹ ਬਿਮਾਰ ਬਘਿਆੜ ਦੀ ਖੰਘ ਅਤੇ ਕਦੇ-ਕਦਾਈਂ ਰੇਂਡੀਅਰ ਦੇ ਬੱਚਿਆਂ ਦਾ ਮਮਿਆਉਣਾ ਸੁਣਦਾ ਰਿਹਾ। ਉਸਦੇ ਚਾਰੇ ਪਾਸੇ ਜੀਵਨ ਸੀ, ਪਰ ਉਹ ਤਾਕਤ ਨਾਲ਼ ਭਰਪੂਰ ਜੀਵਨ ਸੀ, ਪੂਰੀ ਤਰ੍ਹਾਂ ਜੀਵੰਤ ਤੇ ਸਰਗਰਮ, ਜਦੋਂ ਕਿ ਉਹ ਜਾਣਦਾ ਸੀ ਕਿ ਬਿਮਾਰ ਬਘਿਆੜ ਬਿਮਾਰ ਆਦਮੀ ਪਿੱਛੇ ਇਸ ਉਮੀਦ ਵਿੱਚ ਲੱਗਾ ਹੋਇਆ ਸੀ ਕਿ ਆਦਮੀ ਪਹਿਲਾਂ ਮਰੇਗਾ। ਸਵੇਰੇ, ਅੱਖਾਂ ਖੋਲ੍ਹਣ ‘ਤੇ ਉਸਨੇ ਬਘਿਆੜ ਨੂੰ ਆਪਣੇ ਵੱਲ ਲਲਚਾਈਆਂ, ਭੁੱਖੀਆਂ ਨਜ਼ਰਾਂ ਨਾਲ਼ ਘੂਰਦੇ ਵੇਖਿਆ। ਉਹ ਇੱਕ ਭਟਕੇ ਹੋਏ ਵਿਚਾਰੇ ਜਿਹੇ ਕੁੱਤੇ ਦੀ ਤਰ੍ਹਾਂ ਆਪਣੀ ਪੂੰਛ ਟੰਗਾਂ ਵਿੱਚ ਲਈ ਸਹਿਮਿਆ ਖੜਾ ਸੀ। ਸਵੇਰ ਦੀ ਠੰਡੀ ਹਵਾ ਵਿੱਚ ਉਹ ਕੰਬ ਰਿਹਾ ਸੀ ਤੇ ਜਦੋਂ ਬੈਠੀ ਜਿਹੀ ਫੁਸਫੁਸਾਹਟ ਦੀ ਅਵਾਜ਼ ਵਿੱਚ ਆਦਮੀ ਨੇ ਉਸਨੂੰ ਕੁੱਝ ਕਿਹਾ ਤਾਂ ਉਸਨੇ ਮਾਯੂਸੀ ਨਾਲ਼ ਦੰਦੀਆਂ ਜਿਹੀਆਂ ਕੱਢੀਆਂ।
ਖੁੱਲ੍ਹੀ ਧੁੱਪ ਸੀ ਤੇ ਸਾਰੀ ਸਵੇਰੇ ਉਹ ਆਦਮੀ ਡਿਗਦਾ-ਢਹਿੰਦਾ ਝਿਲਮਿਲਾਉਂਦੇ ਸਮੁੰਦਰ ਵਿੱਚ ਖੜੇ ਜਹਾਜ਼ ਵੱਲ ਤੁਰਦਾ ਰਿਹਾ। ਮੌਸਮ ਪੂਰਾ ਖੁਸ਼ਗਵਾਰ ਸੀ। ਇਹ ‘ਇੰਡੀਅਨ ਸਮਰ’ (ਧੁਰਵੀ ਪ੍ਰਦੇਸ਼ ਦਾ ਥੋੜੇ ਹੀ ਦਿਨ ਚੱਲਣ ਵਾਲ਼ਾ ਗਰਮੀਆਂ ਦਾ ਮੌਸਮ –ਅਨੁ:) ਸੀ। ਇਹ ਇੱਕ ਹਫਤੇ ਤੱਕ ਰਹਿ ਸਕਦਾ ਸੀ ਜਾਂ ਫਿਰ ਹੋ ਸਕਦਾ ਸੀ ਕਿ ਕੱਲ, ਜਾਂ ਉਸਤੋਂ ਅਗਲੇ ਦਿਨ ਇਹ ਖਤਮ ਹੋ ਜਾਵੇ।
ਦੁਪਹਿਰ ਵੇਲ਼ੇ ਆਦਮੀ ਨੂੰ ਕਿਸੇ ਹੋਰ ਦੇ ਕਦਮਾਂ ਦੇ ਨਿਸ਼ਾਨ ਵਿਖਾਈ ਦਿੱਤੇ। ਇਹ ਕਿਸੇ ਮਨੁੱਖ ਦੇ ਸਨ ਜੋ ਤੁਰਕੇ ਨਹੀਂ ਸਗੋਂ ਗੋਡਿਆਂ ਭਾਰ ਰੀਂਗ ਕੇ ਗਿਆ ਸੀ। ਉਸਨੇ ਸੋਚਿਆ ਕਿ ਇਹ ਬਿਲ ਦੇ ਕਦਮਾਂ ਦੇ ਨਿਸ਼ਾਨ ਹੋ ਸਕਦੇ ਹਨ, ਪਰ ਉਸਨੂੰ ਇਸ ਵਿੱਚ ਕੋਈ ਦਿਲਚਸਪੀ ਨਾ ਮਹਿਸੂਸ ਹੋਈ। ਉਸਨੂੰ ਕੋਈ ਬੇਸਬਰੀ ਨਾ ਹੋਈ। ਅਸਲ ਵਿੱਚ ਉਸ ਵਿੱਚ ਭਾਵਨਾ ਤੇ ਸੰਵੇਦਨਾ ਮਰ ਚੁੱਕੀ ਸੀ। ਉਸਨੂੰ ਹੁਣ ਪੀੜ ਨਹੀਂ ਮਹਿਸੂਸ ਹੁੰਦੀ ਸੀ। ਉਸਦਾ ਢਿੱਡ ਅਤੇ ਤੰਤੂ ਸੌਂ ਚੁੱਕੇ ਸਨ। ਪਰ ਉਸ ਅੰਦਰ ਬਾਕੀ ਬਚਿਆ ਜੀਵਨ ਉਸਨੂੰ ਹੱਕੀ ਜਾ ਰਿਹਾ ਸੀ। ਉਹ ਥੱਕ ਚੁੱਕਿਆ ਸੀ ਪਰ ਉਸ ਅੰਦਰ ਜੀਵਨ ਮਰਨ ਨੂੰ ਰਾਜੀ ਨਹੀਂ ਸੀ। ਉਹ ਮਰਨ ਲਈ ਤਿਆਰ ਨਹੀਂ ਸੀ, ਇਸ ਲਈ ਉਹ ਹੁਣ ਵੀ ਮਸਕੇਗ ਬੇਰੀਆਂ ਤੇ ਛੋਟੀਆਂ ਮੱਛੀਆਂ ਖਾਂਦਾ ਸੀ, ਗਰਮ ਪਾਣੀ ਪੀਂਦਾ ਸੀ ਤੇ ਬਿਮਾਰ ਬਘਿਆੜ ‘ਤੇ ਚੌਕਸ ਨਜ਼ਰ ਰੱਖਦਾ ਸੀ।
ਉਹ ਰੀਂਗ ਕੇ ਚੱਲਣ ਵਾਲ਼ੇ ਦੂਜੇ ਆਦਮੀ ਦੀ ਲਕੀਰ ਪਿੱਛੇ ਚੱਲਦਾ ਰਿਹਾ ਤੇ ਜਲਦੀ ਹੀ ਉੱਥੇ ਅੱਪੜਿਆ ਜਿੱਥੇ ਇਹ ਖਤਮ ਹੋ ਗਈ ਸੀ। ਇੱਥੇ ਕੁੱਝ ਚਿਰ ਪਹਿਲਾਂ ਚੱਬੀਆਂ ਗਈਆਂ ਹੱਡੀਆਂ ਦਾ ਇੱਕ ਢੇਰ ਸੀ, ਜਿਸਦੇ ਆਲ਼ੇ-ਦੁਆਲ਼ੇ ਦੀ ਗਿੱਲੀ ਕਾਈ ਉੱਤੇ ਕਈ ਬਘਿਆੜਾਂ ਦੇ ਪੰਜਿਆਂ ਦੇ ਨਿਸ਼ਾਨ ਸਨ। ਉਸਨੇ ਬਾਰਾਂਸਿੰਗੇ ਦੇ ਚਮੜੇ ਦੀ ਇੱਕ ਮੋਟੀ ਥੈਲੀ ਵੇਖੀ, ਬਿਲਕੁਲ ਆਪਣੀ ਥੈਲੀ ਵਰਗੀ। ਨੁਕੀਲੇ ਦੰਦਾਂ ਨੇ ਉਸਨੂੰ ਪਾੜ ਦਿੱਤਾ ਸੀ। ਉਸਨੇ ਥੈਲੀ ਨੂੰ ਚੁੱਕਿਆ, ਬੇਸ਼ੱਕ ਉਸਦਾ ਭਾਰ ਉਸਦੀਆਂ ਕਮਜ਼ੋਰ ਉਂਗਲ਼ਾਂ ਲਈ ਬਹੁਤ ਜ਼ਿਆਦਾ ਸੀ। ਤਾਂ ਬਿਲ ਇਸਨੂੰ ਅਖੀਰ ਤੱਕ ਲੈ ਆਇਆ ਸੀ। ਹਾ! ਹਾ! ਹੁਣ ਉਹ ਬਿਲ ਉੱਤੇ ਹੱਸ ਸਕਦਾ ਸੀ। ਆਖ਼ਰ ਜਿੱਤ ਉਸਦੀ ਹੋਈ। ਉਹ ਜਿਉਂਦਾ ਰਹੇਗਾ ਤੇ ਝਿਲਮਿਲਾਉਂਦੇ ਸਮੁੰਦਰ ਵਿੱਚ ਖੜੇ ਜਹਾਜ਼ ਤੱਕ ਇਸਨੂੰ ਲੈ ਜਾਵੇਗਾ। ਉਸਦਾ ਹਾਸੇ ਦੀ ਅਵਾਜ਼ ਭਿਆਨਕ ਤੇ ਕਾਂ ਦੀ ਕੈਂ-ਕੈਂ ਵਰਗੀ ਘੱਗੀ ਜਿਹੀ ਸੀ ਅਤੇ ਬਿਮਾਰ ਬਘਿਆੜ ਵੀ ਉਸ ਨਾਲ਼ ਕਰੁਣਾਮਈ ਅਵਾਜ਼ ਵਿੱਚ ਹਵਾਂਕਣ ਲੱਗਾ। ਆਦਮੀ ਅਚਾਨਕ ਰੁਕ ਗਿਆ। ਭਲਾ ਉਹ ਬਿਲ ‘ਤੇ ਕਿਵੇਂ ਹੱਸ ਸਕਦਾ ਸੀ, ਜੇ ਇਹ ਬਿਲ ਸੀ; ਜੇ ਇਹ ਗੁਲਾਬੀ ਸਫੇਦ, ਸਫਾਚੱਟ ਹੱਡੀਆਂ ਦਾ ਢੇਰ ਬਿਲ ਸੀ?
ਉਸਨੇ ਮੂੰਹ ਘੁਮਾ ਲਿਆ। ਠੀਕ ਹੈ, ਬਿਲ ਉਸਨੂੰ ਮੁਸੀਬਤ ਵਿੱਚ ਇਕੱਲਾ ਛੱਡ ਗਿਆ ਸੀ ਪਰ ਉਹ ਇਸ ਸੋਨੇ ਨੂੰ ਨਹੀਂ ਲਵੇਗਾ, ਨਾ ਹੀ ਬਿਲ ਦੀਆਂ ਹੱਡੀਆਂ ਚੂਸੇਗਾ। ਬੇਸ਼ੱਕ, ਜੇ ਉਸਦੀ ਥਾਂ ਬਿਲ ਹੁੰਦਾ ਤਾਂ ਜਰੂਰ ਅਜਿਹਾ ਕਰਦਾ, ਤੁਰਦਿਆਂ-ਤੁਰਦਿਆਂ ਇਹ ਖਿਆਲ ਉਸਦੇ ਮਨ ਆਇਆ। ਉਹ ਇੱਕ ਟੋਏ ਵਿੱਚ ਭਰੇ ਸਾਫ਼ ਪਾਣੀ ਕੋਲ਼ ਅੱਪੜਿਆ। ਮੱਛੀਆਂ ਦੀ ਤਲਾਸ਼ ਵਿੱਚ ਝੁਕਦਿਆਂ ਹੀ ਉਸਨੇ ਇੱਕਦਮ ਸਿਰ ਪਿੱਛੇ ਹਟਾਇਆ, ਜਿਵੇਂ ਡੰਗ ਵੱਜਿਆ ਹੋਵੇ। ਉਸਨੇ ਪਾਣੀ ਵਿੱਚ ਆਪਣਾ ਪਰਛਾਵਾਂ ਵੇਖ ਲਿਆ ਸੀ। ਉਹ ਚਿਹਰਾ ਇੰਨਾ ਭਿਆਨਕ ਸੀ ਕਿ ਮਰੀ ਹੋਈ ਸੰਵੇਦਨਾ ਵੀ ਕੁੱਝ ਪਲ ਲਈ ਚੌਂਕ ਕੇ ਜਾਗ ਪਈ। ਟੋਏ ਵਿਚਲੇ ਪਾਣੀ ਵਿੱਚ ਤਿੰਨ ਮੱਛੀਆਂ ਸਨ। ਉਸਨੂੰ ਖਾਲੀ ਕਰਨਾ ਅਸੰਭਵ ਸੀ ਅਤੇ ਬਾਲਟੀ ਨਾਲ਼ ਉਨ੍ਹਾਂ ਨੂੰ ਫੜਨ ਦੇ ਕਈ ਨਕਾਮ ਹੰਭਲ਼ਿਆਂ ਤੋਂ ਬਾਅਦ ਉਸਨੇ ਹਾਰ ਮੰਨ ਲਈ। ਉਸਨੂੰ ਡਰ ਸੀ ਕਿ ਕਮਜ਼ੋਰੀ ਕਾਰਨ ਉਹ ਕਿਤੇ ਟੋਏ ਵਿੱਚ ਡਿੱਗ ਕੇ ਡੁੱਬ ਨਾ ਜਾਵੇ। ਇਸ ਡਰ ਨਾਲ਼ ਉਸ ਵਿੱਚ ਨਦੀ ਦੇ ਕੰਢੇ ਪਈਆਂ ਅਨੇਕਾਂ ਲੱਕੜੀ ਦੀਆਂ ਗੇਲੀਆਂ ਵਿੱਚੋਂ ਕਿਸੇ ਉੱਤੇ ਸਵਾਰ ਹੋਕੇ ਜਾਣ ਦੀ ਵੀ ਹਿੰਮਤ ਨਹੀਂ ਪੈ ਰਹੀ ਸੀ।
ਉਸ ਦਿਨ ਉਸਨੇ ਆਪਣੇ ਤੇ ਜਹਾਜ਼ ਵਿਚਲੀ ਦੂਰੀ ਤਿੰਨ ਮੀਲ ਹੋਰ ਘੱਟ ਕੀਤੀ ਅਤੇ ਅਗਲੇ ਦਿਨ ਦੋ ਮੀਲ – ਕਿਉਂਕਿ ਹੁਣ ਉਹ ਬਿਲ ਦੀ ਤਰ੍ਹਾਂ ਰੀਂਗ ਰਿਹਾ ਸੀ। ਪੰਜਵਾਂ ਦਿਨ ਖਤਮ ਹੋਇਆ ਤਾਂ ਜਹਾਜ਼ ਹੁਣ ਵੀ ਸੱਤ ਮੀਲ ਦੂਰ ਸੀ ਤੇ ਉਹ ਪੂਰੇ ਦਿਨ ਵਿੱਚ ਇੱਕ ਮੀਲ ਤੈਅ ਕਰਨ ਜੋਗਾ ਵੀ ਨਹੀਂ ਰਹਿ ਗਿਆ ਸੀ। ਪਰ ‘ਇੰਡੀਅਨ ਸਮਰ’ ਹੁਣ ਵੀ ਜਾਰੀ ਸੀ ਤੇ ਉਹ ਰੀਂਗਦਾ, ਫਿਰ ਗਸ਼ ਖਾਂਦਾ, ਫਿਰ ਰੀਂਗਦਾ, ਫਿਰ ਰਿੜ੍ਹਦਾ ਹੋਇਆ ਅੱਗੇ ਵਧਦਾ ਰਿਹਾ ਅਤੇ ਬਿਮਾਰ ਬਘਿਆੜ ਖੰਘਦਾ ਤੇ ਛਿੱਕਦਾ ਉਸ ਪਿੱਛੇ ਲੱਗਾ ਰਿਹਾ। ਉਸਦੇ ਗੋਡੇ ਵੀ ਪੈਰਾਂ ਵਾਂਗੂ ਮਾਸ ਦੇ ਲੋਥੜੇ ਬਣ ਗਏ ਸਨ। ਭਾਵੇਂ ਉਸਨੇ ਕਮੀਜ਼ ਪਾੜਕੇ ਉਨ੍ਹਾਂ ਉੱਤੇ ਲਪੇਟ ਲਈ ਸੀ, ਪਰ ਰੀਂਗਦਾ ਹੋਇਆ ਉਹ ਪੱਥਰਾਂ ਅਤੇ ਕਾਈ ਉੱਤੇ ਲਾਲ ਲਕੀਰ ਛੱਡਦਾ ਜਾ ਰਿਹਾ ਸੀ। ਇੱਕ ਵਾਰ, ਉਸਨੇ ਪਿੱਛੇ ਨਜ਼ਰ ਘੁਮਾਈ ਤਾਂ ਵੇਖਿਆ ਕਿ ਬਘਿਆੜ ਉਸਦੇ ਖੂਨ ਦੀ ਲਕੀਰ ਨੂੰ ਚੱਟ ਰਿਹਾ ਹੈ ਤੇ ਉਸਨੂੰ ਇੱਕਦਮ ਆਪਣਾ ਅੰਤ ਆਪਣੀਆਂ ਅੱਖਾਂ ਸਾਹਮਣੇ ਦਿਸ ਪਿਆ। ਇਸਤੋਂ ਬਚਣ ਦਾ ਇੱਕ ਹੀ ਤਰੀਕਾ ਸੀ ਕਿ ਉਹ ਆਪਣੇ ਆਪ ਬਘਿਆੜ ਨੂੰ ਖਤਮ ਕਰ ਦੇਵੇ। ਫਿਰ ਜੀਵਨ ਦਾ ਇੱਕ ਭਿਆਨਕ ਦੁਖਾਂਤ ਸ਼ੁਰੂ ਹੋਇਆ – ਇੱਕ ਰੀਂਗਦਾ ਹੋਇਆ ਬਿਮਾਰ ਮਨੁੱਖ, ਇੱਕ ਲੰਗੜਾਉਂਦਾ ਹੋਇਆ ਬਿਮਾਰ ਬਘਿਆੜ, ਆਪਣੇ ਮਰਦੇ ਸਰੀਰ ਨੂੰ ਸੁੰਨ੍ਹਸਾਨ ਤੋਂ ਪਾਰ ਘਸੀੜ ਕੇ ਲਿਜਾਂਦੇ ਦੋ ਪ੍ਰਾਣੀ, ਜੋ ਇੱਕ-ਦੂਜੇ ਦੀ ਜਾਨ ਦੇ ਪਿਆਸੇ ਸਨ।
ਜੇ ਉਹ ਕੋਈ ਤਕੜਾ ਬਘਿਆੜ ਹੁੰਦਾ ਤਾਂ ਸ਼ਾਇਦ ਉਸ ਆਦਮੀ ਨੂੰ ਜ਼ਿਆਦਾ ਫਰਕ ਨਾ ਪੈਂਦਾ ਪਰ ਉਸ ਘ੍ਰਿਣਤ ਤੇ ਲਗਭਗ ਮੋਈ ਚੀਜ਼ ਦੇ ਢਿੱਡ ਵਿੱਚ ਸਮਾ ਜਾਣ ਦਾ ਵਿਚਾਰ ਉਸ ਲਈ ਅਸਹਿ ਸੀ। ਉਸਦਾ ਮਨ ਫਿਰ ਭਟਕਣ ਤੇ ਅਨੋਖੇ ਮਤੀਭਰਮ ਵਿੱਚ ਗੁਆਚਣ ਲੱਗਾ ਸੀ, ਜਦਕਿ ਅਜਿਹੇ ਦੌਰ ਲਗਾਤਾਰ ਛੋਟੇ ਹੁੰਦੇ ਜਾ ਰਹੇ ਸਨ ਜਦੋਂ ਉਹ ਸਾਫ਼-ਸਾਫ਼ ਸੋਚ ਸਕਦਾ ਸੀ।
ਇੱਕ ਵਾਰ ਉਸਦੀ ਬੇਹੋਸ਼ੀ ਕੰਨ ਕੋਲ ਸਿਸਕੀ ਦੀ ਅਵਾਜ਼ ਨਾਲ਼ ਟੁੱਟੀ। ਬਘਿਆੜ ਟਪੂਸੀ ਮਾਰ ਕੇ ਪਿੱਛੇ ਹਟਿਆ ਤੇ ਕਮਜ਼ੋਰੀ ਕਾਰਨ ਲੜਖੜਾਕੇ ਡਿੱਗ ਪਿਆ। ਇਹ ਦ੍ਰਿਸ਼ ਮਜ਼ਾਕੀਆ ਸੀ, ਪਰ ਉਸਨੂੰ ਮਜ਼ਾ ਨਹੀਂ ਆਇਆ। ਉਸਨੂੰ ਡਰ ਵੀ ਨਹੀਂ ਲੱਗਾ। ਉਹ ਇਸ ਸਭ ਤੋਂ ਪਰ੍ਹੇ ਜਾ ਚੁੱਕਿਆ ਸੀ। ਪਰ ਕੁੱਝ ਦੇਰ ਲਈ ਉਸਦਾ ਦਿਮਾਗ਼ ਸਾਫ਼ ਹੋ ਗਿਆ ਤੇ ਉਹ ਪਿਆ-ਪਿਆ ਸੋਚਣ ਲੱਗਾ। ਜਹਾਜ਼ ਹੁਣ ਚਾਰ ਮੀਲ ਤੋਂ ਜ਼ਿਆਦਾ ਦੂਰ ਨਹੀਂ ਸੀ। ਅੱਖਾਂ ਰਗੜਕੇ ਧੁੰਦਲ਼ਕਾ ਛਾਂਟ ਦੇਣ ਮਗਰੋਂ ਉਹ ਉਸਨੂੰ ਸਾਫ਼ ਵੇਖ ਸਕਦਾ ਸੀ ਤੇ ਝਿਲਮਿਲਾਉਂਦੇ ਸਮੁੰਦਰ ਦੇ ਪਾਣੀ ‘ਤੇ ਚੱਲਦੀ ਇੱਕ ਛੋਟੀ ਕਿਸ਼ਤੀ ਦੀ ਸਫੇਦ ਬਾਦਵਾਨ ਵੀ ਉਸਨੂੰ ਦਿਸ ਰਹੀ ਸੀ। ਪਰ ਉਹ ਚਾਰ ਮੀਲ ਤੱਕ ਕਦੇ ਰੀਂਗ ਨਹੀਂ ਸਕੇਗਾ। ਉਹ ਇਹ ਗੱਲ ਜਾਣਦਾ ਸੀ ਕਿ ਉਹ ਅੱਧਾ ਮੀਲ ਵੀ ਨਹੀਂ ਰੀਂਗ ਸਕਦਾ ਸੀ। ਪਰ ਫਿਰ ਵੀ ਉਹ ਜੀਣਾ ਚਾਹੁੰਦਾ ਸੀ। ਇਹ ਠੀਕ ਨਹੀਂ ਸੀ ਕਿ ਇੰਨਾ ਸਭ ਕੁੱਝ ਸਹਿਣ ਤੋਂ ਬਾਅਦ ਉਹ ਮਰ ਜਾਵੇ। ਕਿਸਮਤ ਉਸਤੋਂ ਬਹੁਤ ਜ਼ਿਆਦਾ ਉਮੀਦ ਕਰ ਰਹੀ ਸੀ ਅਤੇ ਮਰਦਿਆਂ ਵੀ ਉਸਨੇ ਮਰਨ ਤੋਂ ਇਨਕਾਰ ਕਰ ਦਿੱਤਾ। ਸ਼ਾਇਦ ਇਹ ਨਿਰਾ ਪਾਗਲਪਣ ਸੀ, ਪਰ ਮੌਤ ਦੇ ਪੰਜੇ ਵਿੱਚ ਜਕੜਿਆਂ ਵੀ ਉਹ ਮੌਤ ਨਾਲ਼ ਖਹਿ ਪਿਆ ਅਤੇ ਮਰਨੋਂ ਆਕੀ ਹੋ ਗਿਆ।
ਉਸਨੇ ਅੱਖਾਂ ਬੰਦ ਕਰ ਲਈਆਂ ਅਤੇ ਪੂਰੀ ਸਾਵਧਾਨੀ ਨਾਲ਼ ਧਿਆਨ ਕੇਂਦਰਤ ਕਰ ਲਿਆ। ਉਸਨੇ ਮਨ ਕਰੜਾ ਕਰ ਲਿਆ ਤੇ ਉਸ ਦਮਘੋਟੂ ਨਿੱਸਲ਼ਤਾ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ, ਜੋ ਉਸਦੇ ਪੂਰੇ ਸਰੀਰ ਵਿੱਚ ਲਹਿਰ ਵਾਂਗ ਉੱਠ ਰਹੀ ਸੀ। ਇਹ ਕਾਤਲ ਨਿੱਸਲ਼ਤਾ ਸਮੁੰਦਰ ਵਰਗੀ ਹੀ ਸੀ, ਜੋ ਹੌਲੀ-ਹੌਲੀ ਉਸਦੀ ਚੇਤਨਾ ਨੂੰ ਡੁਬੋ ਦੇਣਾ ਚਾਹੁੰਦੀ ਸੀ। ਕਦੇ-ਕਦੇ ਉਹ ਲਗਭਗ ਡੁੱਬ ਹੀ ਜਾਂਦਾ ਸੀ; ਪਰ ਇਸ ਡੋਬੂ ਸਾਗਰ ਵਿੱਚ ਹੱਥ-ਪੈਰ ਮਾਰਦੇ ਹੋਏ ਅਚਾਨਕ ਆਤਮਾ ਦੀ ਕਿਸੇ ਅਜੀਬ ਜਾਦੂਗਿਰੀ ਦੀ ਬਦੌਲਤ ਇੱਛਾ-ਸ਼ਕਤੀ ਦਾ ਕੋਈ ਤਿਣਕਾ ਉਸਦੇ ਹੱਥ ਲੱਗ ਜਾਂਦਾ ਸੀ ਤੇ ਉਹ ਵਧੇਰੇ ਜ਼ੋਰ ਨਾਲ਼ ਇਸ ਵਿੱਚੋਂ ਨਿੱਕਲਣ ਦੀ ਕੋਸ਼ਿਸ਼ ਕਰਨ ਲਗਦਾ ਸੀ।
ਉਹ ਬਿਨਾਂ ਹਿੱਲੇ-ਡੁੱਲੇ ਸ਼ਾਂਤ ਲਿਟਿਆ ਰਿਹਾ। ਉਹ ਬਿਮਾਰ ਬਘਿਆੜ ਦੇ ਸਾਹਾਂ ਦੀ ਅਵਾਜ਼ ਨੂੰ ਨੇੜੇ ਆਉਂਦਾ ਸੁਣ ਸਕਦਾ ਸੀ। ਉਹ ਨੇੜੇ ਆਇਆ, ਹੋਰ ਨੇੜੇ, ਇੰਨਾ ਹੌਲ਼ੀ-ਹੌਲ਼ੀ ਕਿ ਉਸਨੂੰ ਲੱਗਾ ਸਮਾਂ ਬੀਤ ਹੀ ਨਹੀਂ ਰਿਹਾ ਹੈ।
ਆਦਮੀ ਨੇ ਕੋਈ ਹਰਕਤ ਨਾ ਕੀਤੀ। ਬਘਿਆੜ ਦੇ ਸਾਹ ਹੁਣ ਉਸਦੇ ਕੰਨ ਉੱਤੇ ਸਨ। ਖੁਰਦਰੀ, ਸੁੱਕੀ ਜੀਭ ਨੇ ਰੇਗਮਾਰ ਵਾਂਗ ਉਸਦੀ ਗੱਲ੍ਹ ਨੂੰ ਰਗੜਿਆ। ਉਸਦੇ ਹੱਥ ਗੋਲ਼ੀ ਵਾਂਗ ਝਪਟੇ, ਘੱਟੋ-ਘੱਟ ਉਸਨੇ ਚਾਹਿਆ ਕਿ ਉਹ ਗੋਲ਼ੀ ਵਾਂਗ ਝਪਟਣ। ਉਸਦੀਆਂ ਉਂਗਲ਼ਾਂ ਨੁਕੀਲੇ ਪੰਜਿਆਂ ਵਾਂਗ ਮੁੜੀਆਂ ਹੋਈਆਂ ਸਨ, ਪਰ ਉਹ ਸਿਰਫ ਹਵਾ ਨੂੰ ਹੀ ਫੜ ਸਕੀਆਂ। ਫੁਰਤੀ ਤੇ ਸਟੀਕਤਾ ਲਈ ਤਾਕਤ ਚਾਹੀਦੀ ਹੈ, ਪਰ ਆਦਮੀ ਵਿੱਚ ਇੰਨੀ ਤਾਕਤ ਨਹੀਂ ਸੀ।
ਬਘਿਆੜ ਵਿੱਚ ਗਜ਼ਬ ਦਾ ਸਬਰ ਸੀ। ਆਦਮੀ ਦਾ ਸਬਰ ਵੀ ਘੱਟ ਨਹੀਂ ਸੀ। ਅੱਧੇ ਦਿਨ ਤੱਕ ਉਹ ਬੇਹਰਕਤ ਪਿਆ ਰਿਹਾ, ਬੇਹੋਸ਼ੀ ਨਾਲ਼ ਲੜਦਿਆਂ ਤੇ ਉਸ ਚੀਜ਼ ਦਾ ਇੰਤਜ਼ਾਰ ਕਰਦਿਆਂ ਜੋ ਉਸਦਾ ਸ਼ਿਕਾਰ ਕਰਨਾ ਚਾਹੁੰਦੀ ਸੀ ਅਤੇ ਉਹ ਖੁਦ ਜਿਸਦਾ ਸ਼ਿਕਾਰ ਕਰਨਾ ਚਾਹੁੰਦਾ ਸੀ। ਕਦੇ-ਕਦੇ ਉਹ ਸ਼ਾਂਤ ਸਮੁੰਦਰ ਉਸ ਉੱਤੇ ਹਾਵੀ ਹੋ ਜਾਂਦਾ ਅਤੇ ਉਹ ਲੰਬੇ ਸੁਪਨਿਆਂ ਵਿੱਚ ਡੁੱਬ ਜਾਂਦਾ, ਪਰ ਇਸ ਸਭ ਵਿੱਚ ਉਹ ਉਸ ਸ਼ੂਕਦੇ ਸਾਹ ਅਤੇ ਖੁਰਦਰੀ ਜੀਭ ਦੀ ਛੋਹ ਦੀ ਉਡੀਕ ਕਰਦਾ ਰਿਹਾ।
ਉਸਨੇ ਸਾਹ ਦੀ ਅਵਾਜ਼ ਨਾ ਸੁਣੀ ਪਰ ਹੱਥ ਉੱਤੇ ਜੀਭ ਦੀ ਛੋਹ ਨਾਲ਼ ਉਹ ਇੱਕ ਸੁਪਨੇ ਵਿੱਚੋਂ ਹੌਲ਼ੀ-ਹੌਲ਼ੀ ਜਾਗਿਆ। ਉਹ ਉਡੀਕਦਾ ਰਿਹਾ। ਬਘਿਆੜ ਨੇ ਉਸਦੇ ਹੱਥ ਉੱਤੇ ਹੌਲ਼ੀ ਜਿਹੇ ਦੰਦ ਗੱਡੇ ਤੇ ਦਬਾਅ ਵਧਾਉਣ ਲੱਗਾ। ਬਘਿਆੜ ਉਸ ਭੋਜਨ ਵਿੱਚ ਦੰਦ ਖੁਭੋਣ ਲਈ ਆਪਣੀ ਸਾਰੀ ਤਾਕਤ ਲਾ ਰਿਹਾ ਸੀ, ਜਿਸ ਲਈ ਉਸਨੇ ਇੰਨੀ ਲੰਮੀ ਉਡੀਕ ਕੀਤੀ ਸੀ। ਪਰ ਆਦਮੀ ਕਾਫੀ ਉਡੀਕ ਚੁੱਕਿਆ ਸੀ ਤੇ ਉਸਨੇ ਬਘਿਆੜ ਦੇ ਮੂੰਹ ਵਿੱਚ ਆਏ ਹੋਏ ਆਪਣੇ ਜਖ਼ਮੀ ਹੱਥ ਨਾਲ਼ ਹੌਲ਼ੀ-ਹੌਲ਼ੀ ਉਸਦਾ ਜਬਾੜਾ ਫੜ ਲਿਆ। ਬਘਿਆੜ ਛੁਡਾਉਣ ਦੀ ਕਮਜ਼ੋਰ ਕੋਸ਼ਿਸ਼ ਕਰ ਰਿਹਾ ਸੀ ਤੇ ਆਦਮੀ ਦੀ ਪਕੜ ਵੀ ਕਮਜ਼ੋਰ ਸੀ। ਫਿਰ ਉਸਦੇ ਦੂਜੇ ਹੱਥ ਨੇ ਵੀ ਆਕੇ ਜਬਾੜੇ ਨੂੰ ਫੜ ਲਿਆ। ਪੰਜ ਮਿੰਟ ਬਾਅਦ ਆਦਮੀ ਦੇ ਸਰੀਰ ਦਾ ਪੂਰਾ ਭਾਰ ਬਘਿਆੜ ਉੱਤੇ ਸੀ। ਹੱਥਾਂ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਬਘਿਆੜ ਦਾ ਗਲ਼ਾ ਘੁੱਟ ਸਕਣ, ਪਰ ਆਦਮੀ ਦਾ ਚਿਹਰਾ ਬਘਿਆੜ ਦੀ ਗਰਦਨ ਕੋਲ਼ ਸੀ ਤੇ ਉਸਦਾ ਮੂੰਹ ਵਾਲ਼ਾਂ ਨਾਲ਼ ਭਰਿਆ ਸੀ। ਅੱਧੇ ਘੰਟੇ ਬਾਅਦ ਆਦਮੀ ਨੂੰ ਆਪਣੇ ਗਲ਼ੇ ਅੰਦਰ ਇੱਕ ਗਰਮ ਧਾਰ ਦਾ ਅਹਿਸਾਸ ਹੋਇਆ। ਇਹ ਸੁਆਦਲ਼ੀ ਨਹੀਂ ਸੀ। ਇਹ ਇੰਝ ਸੀ ਜਿਵੇਂ ਉਸਦੇ ਢਿੱਡ ਵਿੱਚ ਜਬਰੀ ਪਿਘਲ਼ਿਆ ਸੀਸਾ ਧੱਕਿਆ ਜਾ ਰਿਹਾ ਹੋਵੇ ਅਤੇ ਸਿਰਫ ਉਸਦੀ ਇੱਛਾ-ਸ਼ਕਤੀ ਹੀ ਸੀ ਜੋ ਇਸਨੂੰ ਧੱਕ ਰਹੀ ਸੀ। ਇਸ ਮਗਰੋਂ ਆਦਮੀ ਰਿੜ੍ਹਕੇ ਪਿੱਠ ਪਰਨੇ ਲਿਟਿਆ ਤੇ ਸੌਂ ਗਿਆ।
+++
ਵੇਲ੍ਹ ਦਾ ਸ਼ਿਕਾਰ ਕਰਨ ਵਾਲ਼ੇ ਜਹਾਜ਼ ‘ਬੈੱਡਫੋਰਡ’ ਉੱਤੇ ਇੱਕ ਵਿਗਿਆਨਕ ਮੁਹਿੰਮ ਵਾਲ਼ੇ ਦਲ ਦੇ ਕੁੱਝ ਮੈਂਬਰ ਵੀ ਸਨ। ਜਹਾਜ਼ ਦੀ ਡੈੱਕ ਤੋਂ ਉਨ੍ਹਾਂ ਨੇ ਤਟ ਉੱਤੇ ਇੱਕ ਅਜੀਬ ਜਿਹੀ ਚੀਜ਼ ਵੇਖੀ। ਉਹ ਰੇਤਲੇ ਤਟ ਨੂੰ ਪਾਰ ਕਰਦੀ ਹੋਈ ਪਾਣੀ ਵੱਲ ਆ ਰਹੀ ਸੀ। ਉਹਨਾਂ ਲਈ ਇਸਦਾ ਵਰਗੀਕਰਨ ਕਰਨਾ ਔਖਾ ਸਾਬਤ ਹੋ ਰਿਹਾ ਸੀ ਅਤੇ ਵਿਗਿਆਨੀ ਹੋਣ ਕਾਰਨ ਉਹ ਉਸਨੂੰ ਦੇਖਣ ਲਈ ਜਹਾਜ਼ ਨਾਲ਼ ਲੱਗੀ ਵੇਲ੍ਹ ਕਿਸ਼ਤੀ ਵਿੱਚ ਸਵਾਰ ਹੋਕੇ ਤਟ ਉੱਤੇ ਗਏ। ਉਨ੍ਹਾਂ ਨੇ ਇੱਕ ਅਜਿਹੀ ਚੀਜ਼ ਵੇਖੀ ਜੋ ਜਿਉਂਦੀ ਸੀ, ਪਰ ਜਿਸਨੂੰ ਮਨੁੱਖ ਕਹਿਣਾ ਮੁਸ਼ਕਲ ਸੀ। ਉਹ ਨਜ਼ਰ-ਵਿਹੂਣੀ ਵੀ ਸੀ ਤੇ ਚੇਤਨਾ-ਵਿਹੂਣੀ ਵੀ। ਉਹ ਕਿਸੇ ਵਿਸ਼ਾਲ ਕੀੜੇ ਵਾਂਗ ਜ਼ਮੀਨ ‘ਤੇ ਰੀਂਗਦੀ ਹੋਈ ਚੱਲ ਰਹੀ ਸੀ। ਉਸਦੀਆਂ ਜ਼ਿਆਦਾਤਰ ਕੋਸ਼ਿਸ਼ਾਂ ਅਸਫਲ ਸਨ, ਪਰ ਉਹ ਲਗਾਤਾਰ ਲੁੜਕਦੀ, ਰਿੜਦੀ ਅੱਗੇ ਵਧ ਰਹੀ ਸੀ, ਭਾਵੇਂ ਸ਼ਾਇਦ ਕੁੱਝ ਫੁੱਟ ਪ੍ਰਤੀ ਘੰਟੇ ਦੀ ਰਫਤਾਰ ਨਾਲ਼ ਹੀ।
+++
ਇਸਤੋਂ ਤਿੰਨ ਹਫਤੇ ਬਾਅਦ ਉਹ ਆਦਮੀ ਬੈੱਡਫੋਰਡ ਦੇ ਇੱਕ ਕੈਬਿਨ ਵਿੱਚ ਲਿਟਿਆ ਹੋਇਆ ਸੀ। ਉਸਦੀਆਂ ਸੁੱਕੀਆਂ ਗੱਲ੍ਹਾਂ ਉੱਤੇ ਅੱਥਰੂ ਢਲ਼ਕ ਰਹੇ ਸਨ ਤੇ ਉਹ ਦੱਸ ਰਿਹਾ ਸੀ ਕਿ ਉਹ ਕੌਣ ਹੈ ਅਤੇ ਉਸ ਨਾਲ਼ ਕੀ ਬੀਤੀ ਹੈ। ਉਹ ਆਪਣੀ ਮਾਂ, ਧੁੱਪੀਲੇ ਦੱਖਣੀ ਕੈਲੀਫੋਰਨਿਆ, ਸੰਤਰੇ ਦੇ ਬਗੀਚਿਆਂ ਅਤੇ ਫੁੱਲਾਂ ਨਾਲ਼ ਘਿਰੇ ਇੱਕ ਘਰ ਬਾਰੇ ਵੀ ਝੱਲੀਆਂ ਜਿਹੀਆਂ ਗੱਲਾਂ ਕਰ ਰਿਹਾ ਸੀ।
ਇਸਤੋਂ ਕੁੱਝ ਦਿਨ ਬਾਅਦ ਉਹ ਵਿਗਿਆਨੀਆਂ ਅਤੇ ਜਹਾਜ਼ ਦੇ ਅਫਸਰਾਂ ਨਾਲ਼ ਖਾਣ ਦੇ ਮੇਜ਼ ‘ਤੇ ਬੈਠਾ ਸੀ। ਇੰਨਾ ਸਾਰਾ ਖਾਣਾ ਵੇਖਕੇ ਉਸਦੀ ਅੱਖਾਂ ਅੱਡੀਆਂ ਜਾ ਰਹੀਆਂ ਸਨ ਅਤੇ ਇਸਨੂੰ ਹੋਰਾਂ ਦੇ ਮੂੰਹ ਵਿੱਚ ਜਾਂਦਾ ਵੇਖਕੇ ਉਹ ਬੇਚੈਨ ਹੋ ਰਿਹਾ ਸੀ। ਹਰ ਬੁਰਕੀ ਦੇ ਮੂੰਹ ਵਿੱਚ ਜਾਂਦਿਆਂ ਹੀ ਉਸਦੀ ਅੱਖਾਂ ਵਿੱਚ ਡੂੰਘੇ ਪਛਤਾਵੇ ਦਾ ਭਾਵ ਆ ਜਾਂਦਾ ਸੀ। ਉਸਦਾ ਦਿਮਾਗ਼ ਇੱਕਦਮ ਦਰੁਸਤ ਸੀ, ਫਿਰ ਵੀ ਖਾਣ ਦੇ ਸਮੇਂ ਉਹ ਉਨ੍ਹਾਂ ਲੋਕਾਂ ਨੂੰ ਨਫਰਤ ਕਰਦਾ ਸੀ। ਉਸਨੂੰ ਇਹ ਡਰ ਸਤਾਉਂਦਾ ਰਹਿੰਦਾ ਸੀ ਕਿ ਇਹ ਖਾਣਾ ਖਤਮ ਹੋ ਜਾਵੇਗਾ। ਉਹ ਖਾਣੇ ਦੇ ਭੰਡਾਰ ਬਾਰੇ ਕੈਬਿਨ ਵਾਲ਼ੇ ਕਾਮੇ ਅਤੇ ਰਸੋਈਏ ਤੋਂ ਲੈ ਕੇ ਜਹਾਜ਼ ਦੇ ਕੈਪਟਨ ਤੱਕ ਕੋਲ਼ੋਂ ਪੁੱਛਦਾ ਰਹਿੰਦਾ ਸੀ। ਉਹ ਅਣਗਿਣਤ ਵਾਰ ਉਸਨੂੰ ਯਕੀਨ ਦਿਵਾ ਚੁੱਕੇ ਸਨ, ਪਰ ਉਹ ਉਨ੍ਹਾਂ ਉੱਤੇ ਭਰੋਸਾ ਨਹੀਂ ਕਰਦਾ ਸੀ ਅਤੇ ਆਪਣੇ ਆਪ ਆਪਣੀਆਂ ਅੱਖਾਂ ਨਾਲ਼ ਵੇਖਣ ਲਈ ਭੰਡਾਰਖਾਨੇ ਵਿੱਚ ਚੁੱਪਚਾਪ ਜਾਕੇ ਛਾਣਬੀਣ ਕਰਦਾ ਰਹਿੰਦਾ ਸੀ।
ਲੋਕਾਂ ਨੇ ਵੇਖਿਆ ਕਿ ਉਹ ਆਦਮੀ ਮੋਟਾ ਹੋ ਰਿਹਾ ਸੀ। ਹਰ ਲੰਘਦੇ ਦਿਨ ਨਾਲ਼ ਉਸਦਾ ਮੋਟਾਪਾ ਵਧਦਾ ਜਾ ਰਿਹਾ ਸੀ। ਵਿਗਿਆਨੀ ਹੈਰਾਨੀ ਨਾਲ਼ ਸਿਰ ਹਿਲਾਉਂਦੇ ਤੇ ਤਰ੍ਹਾਂ-ਤਰ੍ਹਾਂ ਦੇ ਸਿਧਾਂਤ ਪੇਸ਼ ਕਰਦੇ ਸਨ। ਉਨ੍ਹਾਂ ਨੇ ਉਸਦਾ ਖਾਣਾ ਘੱਟ ਕਰ ਦਿੱਤਾ, ਫਿਰ ਵੀ ਉਸਦਾ ਢਿੱਡ ਨਿੱਕਲ਼ਦਾ ਹੀ ਗਿਆ।
ਜਹਾਜ਼ੀ ਇਹ ਸਭ ਵੇਖਕੇ ਹੱਸਦੇ ਸਨ। ਉਹ ਇਸਦਾ ਭੇਤ ਜਾਣਦੇ ਸਨ। ਜਦੋਂ ਵਿਗਿਆਨੀਆਂ ਨੇ ਆਦਮੀ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਉਹ ਵੀ ਜਾਣ ਗਏ। ਉਨ੍ਹਾਂ ਵੇਖਿਆ ਕਿ ਨਾਸ਼ਤੇ ਤੋਂ ਬਾਅਦ ਉਹ ਆਪਣੀ ਬੇਢੰਗੀ ਚਾਲ ਨਾਲ਼ ਕਿਸੇ ਜਹਾਜ਼ੀ ਕੋਲ਼ ਜਾਂਦਾ ਸੀ ਅਤੇ ਮੰਗਤੇ ਵਾਂਗ ਉਸਦੇ ਸਾਹਮਣੇ ਹੱਥ ਫੈਲਾ ਦਿੰਦਾ ਸੀ। ਜਹਾਜ਼ੀ ਹੱਸਦੇ ਹੋਏ ਉਸਨੂੰ ਬਿਸਕੁਟ ਦਾ ਇੱਕ ਟੁਕੜਾ ਫੜਾ ਦਿੰਦੇ ਸਨ। ਉਹ ਲਾਲਚੀ ਨਜ਼ਰ ਨਾਲ਼ ਉਸਨੂੰ ਵੇਖਦਾ ਸੀ, ਜਿਵੇਂ ਕੋਈ ਕੰਜੂਸ ਸੋਨੇ ਨੂੰ ਵੇਖਦਾ ਹੈ ਤੇ ਫਿਰ ਉਸਨੂੰ ਆਪਣੀ ਕਮੀਜ਼ ਅੰਦਰ ਪਾ ਲੈਂਦਾ ਸੀ। ਦੂਜੇ ਜਹਾਜ਼ੀ ਵੀ ਹੱਸਦੇ ਹੋਏ ਅਜਿਹਾ ਕਰਦੇ ਸਨ।
ਵਿਗਿਆਨੀ ਸਮਝਦਾਰ ਸਨ। ਉਨ੍ਹਾਂ ਉਸਨੂੰ ਇਕੱਲਾ ਛੱਡ ਦਿੱਤਾ। ਪਰ ਉਹਨਾਂ ਨੇ ਚੋਰੀਓਂ ਉਸਦਾ ਬਿਸਤਰਾ ਵੇਖਿਆ। ਉਸਦੇ ਕਿਨਾਰੇ-ਕਿਨਾਰੇ ਜਹਾਜ਼ੀ ਬਿਸਕੁਟਾਂ ਦੀਆਂ ਢੇਰੀਆਂ ਸਨ। ਉਸਦੇ ਗੱਦੇ ਵਿੱਚ ਵੀ ਬਿਸਕੁਟ ਭਰੇ ਹੋਏ ਸਨ – ਹਰ ਕੋਨਾ ਬਿਸਕੁਟਾਂ ਨਾਲ਼ ਭਰਿਆ ਹੋਇਆ ਸੀ। ਫਿਰ ਵੀ ਉਸਦਾ ਦਿਮਾਗ਼ ਠੀਕ ਸੀ। ਉਹ ਕਿਸੇ ਹੋਰ ਸੰਭਾਵੀ ਸੰਕਟ ਤੋਂ ਬਚਣ ਦਾ ਉਪਰਾਲਾ ਕਰ ਰਿਹਾ ਸੀ- ਬੱਸ ਏਡੀ ਕੁ ਗੱਲ ਸੀ। ਵਿਗਿਆਨੀਆਂ ਨੇ ਕਿਹਾ ਕਿ ਉਹ ਜਲਦੀ ਹੀ ਇਸਤੋਂ ਉੱਭਰ ਜਾਵੇਗਾ ਅਤੇ ਸਾਂਨਫ੍ਰਾਂਸਿਸਕੋ ਦੀ ਖਾੜੀ ਵਿੱਚ ਬੈੱਡਫੋਰਡ ਦੇ ਲੰਗਰ ਸੁੱਟਣ ਤੋਂ ਪਹਿਲਾਂ ਉਹ ਇਸਤੋਂ ਉੱਭਰ ਗਿਆ।
2 Comments
AVTAR SINGH
I LOVE ALL BOOKS .
Kulwant singh
I like this book